ਵਿਦਿਆਰਥੀ ਲਹਿਰ ਦੇ ਸਾਥੀ ਚੰਦ ਫਤਿਹਪੁਰੀ
ਕਾਮਰੇਡ ਚੰਦ ਫਤਿਹਪੁਰੀ ਦੇ ਤੁਰ ਜਾਣ ਦੀ ਦੁਖਦਾਈ ਖ਼ਬਰ ਮੈਨੂੰ 20 ਸਤੰਬਰ ਦੀ ਰਾਤ ਨੂੰ 9:34 ਵਜੇ ‘‘ਪੰਜਾਬੀ ਟ੍ਰਿਊਬਿਨ’’ ਦੇ ਸਾਬਕਾ ਸੰਪਾਦਕ ਅਤੇ ਉੱਘੇ ਲੇਖਕ ਡਾ. ਸਵਰਾਜਵੀਰ ਵੱਲੋਂ ਮੇਰੇ ਦੁਆਰਾ ਬਣਾਏ ਗਏ ਵਟਸਐਪ ਗਰੁੱਪ ‘ਲਾਈਫਲੌਂਗ ਇਮੋਸ਼ਨਜ਼’ ਵਿੱਚ ਮੈਸੇਜ ਪਾ ਕੇ...
ਕਾਮਰੇਡ ਚੰਦ ਫਤਿਹਪੁਰੀ ਦੇ ਤੁਰ ਜਾਣ ਦੀ ਦੁਖਦਾਈ ਖ਼ਬਰ ਮੈਨੂੰ 20 ਸਤੰਬਰ ਦੀ ਰਾਤ ਨੂੰ 9:34 ਵਜੇ ‘‘ਪੰਜਾਬੀ ਟ੍ਰਿਊਬਿਨ’’ ਦੇ ਸਾਬਕਾ ਸੰਪਾਦਕ ਅਤੇ ਉੱਘੇ ਲੇਖਕ ਡਾ. ਸਵਰਾਜਵੀਰ ਵੱਲੋਂ ਮੇਰੇ ਦੁਆਰਾ ਬਣਾਏ ਗਏ ਵਟਸਐਪ ਗਰੁੱਪ ‘ਲਾਈਫਲੌਂਗ ਇਮੋਸ਼ਨਜ਼’ ਵਿੱਚ ਮੈਸੇਜ ਪਾ ਕੇ ਦਿੱਤੀ ਗਈ। ਇਸ ਖ਼ਬਰ ਨੂੰ ਪੜ੍ਹ ਕੇ ਬਹੁਤ ਸਾਰੇ ਸਾਥੀਆਂ, ਜਿਨ੍ਹਾਂ ਵਿੱਚ ਡਾ. ਸਰਬਜੀਤ ਕੰਗਣੀਵਾਲ, ਕਮਲਜੀਤ ਸੰਗੋਵਾਲ, ਸ਼ਬਦੀਸ਼, ਨਾਰਾਇਣ ਦੱਤ, ਬਲਜੀਤ ਬੁੱਟਰ, ਗੁਰਉਪਦੇਸ਼ ਭੁੱਲਰ, ਪਰਵੀਨ ਕੌਸ਼ਲ, ਪਰਵਿੰਦਰ ਸਿੰਘ, ਕੁਲਵੰਤ ਕੋਟਲੀ, ਕੁਲਵੰਤ ਸਿੰਘ ਗਿੱਲ, ਵਿਜੇ ਅਗਨੀਹੋਤਰੀ, ਗਰੀਬ ਦਾਸ ਬੀਟਨ, ਹਰਪ੍ਰੀਤ ਸਿੰਘ ਸਮੇਤ ਹੋਰ ਸੱਜਣ ਵੀ ਸ਼ਾਮਲ ਹਨ, ਨੇ ਤੁਰੰਤ ਦੁੱਖ ਅਤੇ ਅਫ਼ਸੋਸ ਦੇ ਸੰਦੇਸ਼ ਲਿਖਣੇ ਅਤੇ ਭੇਜਣੇ ਸ਼ੁਰੂ ਕਰ ਦਿੱਤੇ। ਪਰ ਮੈਨੂੰ ਪਤਾ ਨਹੀਂ ਕਿਉਂ ਇਸ ਖ਼ਬਰ ’ਤੇ ਸ਼ੱਕ ਜਿਹਾ ਪੈ ਰਿਹਾ ਸੀ ਅਤੇ ਇਹ ਮੈਨੂੰ ਠੀਕ ਨਹੀਂ ਸੀ ਜਾਪਦੀ।
ਇਸ ਕਰਕੇ ਮੈਂ ਆਪਣੇ ਵੱਲੋਂ ਕੋਈ ਸ਼ੋਕ ਸੰਦੇਸ਼ ਨਾ ਪਾਇਆ। ਦਸ ਕੁ ਵਜੇ ਮੈਂ ਗੂਗਲ (ਇੰਟਰਨੈੱਟ) ਤੋਂ ਚੈੱਕ ਕੀਤਾ ਕਿ ਕੀ ‘ਨਵਾਂ ਜ਼ਮਾਨਾ’ ਦੇ ਸੰਪਾਦਕ ਕਾਮਰੇਡ ਚੰਦ ਫਤਿਹਪੁਰੀ ਦੀ ਮੌਤ ਹੋ ਗਈ ਹੈ ਤਾਂ ਇੰਟਰਨੈੱਟ ਵਾਲਿਆਂ ਨੇ ਵੀ ਇਹੋ ਕਿਹਾ ਕਿ ਇਹ ਖ਼ਬਰ ਝੂਠੀ ਹੈ। ਕਾਮਰੇਡ ਫਤਿਹਪੁਰੀ ਬਿਲਕੁਲ ਜ਼ਿੰਦਾ ਹਨ ਅਤੇ ਆਪਣੀ ਡਿਊਟੀ ਨਿਭਾ ਰਹੇ ਹਨ। ਮੈਨੂੰ ਪਤਾ ਸੀ ਕਿ 11 ਕੁ ਵਜੇ ‘ਨਵਾਂ ਜ਼ਮਾਨਾ’ ਅਤੇ ‘ਦੇਸ਼ ਸੇਵਕ’ ਦੋਵੇਂ ਪੇਪਰ ਇੰਟਰਨੈੱਟ ’ਤੇ ਆ ਜਾਣੇ ਹਨ ਇਸ ਲਈ ਉੱਥੋਂ ਚੈੱਕ ਕਰਾਂਗਾ। 20 ਸਤੰਬਰ ਦੀ ਰਾਤ 11 ਵਜੇ ਮੈਂ 21 ਸਤੰਬਰ ਦੇ ‘ਨਵਾਂ ਜ਼ਮਾਨਾ’ ਤੇ ‘ਦੇਸ਼ ਸੇਵਕ’ ਅਖ਼ਬਾਰ ਨੈੱਟ ਤੋਂ ਚੈੱਕ ਕੀਤੇ ਤਾਂ ਉਨ੍ਹਾਂ ਵਿੱਚ ਵੀ ਕਾਮਰੇਡ ਫਤਿਹਪੁਰੀ ਦੇ ਵਿਛੋੜੇ ਦੀ ਕੋਈ ਖ਼ਬਰ ਜਾਂ ਸੂਚਨਾ ਨਹੀਂ ਸੀ। ਮੈਨੂੰ ਪੂਰਾ ਯਕੀਨ ਹੋ ਗਿਆ ਕਿ ਸੱਚਮੁੱਚ ਹੀ ਇਹ ਖ਼ਬਰ ਝੂਠੀ ਤੇ ਅਫ਼ਵਾਹ ਹੈ ਅਤੇ ਫਿਰ ਮੈਂ ਆਰਾਮ ਨਾਲ ਸੌਂ ਗਿਆ। 21 ਸਤੰਬਰ ਨੂੰ ਸਵੇਰੇ 7 ਵਜੇ ਗੂਗਲ ਤੋਂ ਮੁੜ ਚੈੱਕ ਕੀਤਾ ਤਾਂ ਉੱਥੋਂ ਜਾਣਕਾਰੀ ਮਿਲ ਗਈ ਕਿ ਕਾਮਰੇਡ ਫਤਿਹਪੁਰੀ ਸੱਚਮੁੱਚ ਰਾਤ ਅੱਠ ਵਜੇ ਸਦੀਵੀ ਵਿਛੋੜਾ ਦੇ ਗਏ ਹਨ। ਫਿਰ ਮੈਨੂੰ ਯਕੀਨ ਆਇਆ ਕਿ ਸਾਥੀ ਚੰਦ ਫਤਿਹਪੁਰੀ ਸੱਚਮੁੱਚ ਹੀ ਇਸ ਸੰਸਾਰ ਤੋਂ ਤੁਰ ਗਏ ਹਨ।
ਉਸ ਤੋਂ ਬਾਅਦ ਮੈਂ ਸਵੇਰੇ ਅੱਠ ਕੁ ਵਜੇ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਆਪਣੇ ਵੱਲੋਂ ਕੁਝ ਲਿਖਣ ਦੀ ਥਾਂ ਕਾਮਰੇਡ ਚੰਦ ਫਤਿਹਪੁਰੀ ਦੀ ਹੀ ਇੱਕ ਵੀਡੀਓ ਸਾਂਝੀ ਕੀਤੀ, ਜਿਸ ਦਾ ਹੈਡਿੰਗ ਸੀ, “ਚੀਨ ਵੱਲੋਂ ਗ਼ਰੀਬੀ ਦਾ ਖ਼ਾਤਮਾ, ਯੂ ਐੱਨ ਨੇ ਮੋਹਰ ਲਾਈ।’’ ਬਹੁਤ ਸਾਰੇ ਸੱਜਣਾਂ ਨੇ ਇਹ ਵੀਡੀਓ ਦੇਖੀ ਅਤੇ ਇਸ ਦੀ ਸ਼ਲਾਘਾ ਕੀਤੀ।
ਕਾਮਰੇਡ ਚੰਦ ਫਤਿਹਪੁਰੀ ਨਾਲ ਮੇਰੇ ਸਬੰਧ ਵਿਦਿਆਰਥੀ ਲਹਿਰ (1970 ਵਿਆਂ) ਦੌਰਾਨ ਬਣੇ ਸਨ। ਸਾਡੀਆਂ ਪਹਿਲੀਆਂ ਮੁਲਾਕਾਤਾਂ ਕਪੂਰਥਲਾ ਜ਼ਿਲ੍ਹੇ ਦੀਆਂ ਵਿਦਿਅਕ ਸੰਸਥਾਵਾਂ, ਖ਼ਾਸ ਕਰਕੇ ਦੋ ਮਹੱਤਵਪੂਰਨ ਕਾਲਜਾਂ- ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਅਤੇ ਗੌਰਮਿੰਟ ਰਣਧੀਰ ਕਾਲਜ (ਹੁਣ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ) ਵਿੱਚ ਵੱਡੇ-ਵੱਡੇ ਵਿਦਿਆਰਥੀ ਸੰਘਰਸ਼ਾਂ, ਹੜਤਾਲਾਂ ਦੌਰਾਨ ਹੋਣੀਆਂ ਸ਼ੁਰੂ ਹੋਈਆਂ ਸਨ, ਜਿੱਥੇ ਅਸੀਂ ਦੋਵੇਂ ਜਣੇ ਵਿਦਿਆਰਥੀ ਰੈਲੀਆਂ ਨੂੰ ਸੰਬੋਧਨ ਕਰਦੇ ਸਾਂ। ਮੈਂ ਐੱਸ ਐੱਫ ਆਈ ਵੱਲੋਂ ਅਤੇ ਕਾਮਰੇਡ ਚੰਦ ਫਤਿਹਪੁਰੀ ਏ ਆਈ ਐੱਸ ਐੱਫ ਵੱਲੋਂ।
ਮੈਨੂੰ ਅੱਜ ਵੀ ਯਾਦ ਹੈ ਕਿ ਸੁਲਤਾਨਪੁਰ ਲੋਧੀ ਕਾਲਜ ਵਿੱਚ ਲਗਾਤਾਰ ਤਿੰਨ ਮਹੀਨੇ ਵਿਦਿਆਰਥੀਆਂ ਦੀ ਹੜਤਾਲ ਚੱਲੀ ਸੀ। ਉਪੰਰਤ ਕਾਮਰੇਡ ਚੰਦ ਫਤਿਹਪੁਰੀ ਸੀ ਪੀ ਆਈ ਅਤੇ ਮੈਂ ਸੀ ਪੀ ਆਈ (ਐੱਮ) ਵਿੱਚ ਸਿੱਧੇ ਤੌਰ ’ਤੇ ਸਰਗਰਮੀ ਨਾਲ ਕੰਮ ਕਰਨ ਲੱਗੇ। ਬਾਅਦ ਵਿੱਚ ਕਾਮਰੇਡ ਚੰਦ ਫਤਿਹਪੁਰੀ ਨੂੰ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਦੀ ਜ਼ਿੰਮੇਵਾਰੀ ਪਾਰਟੀ ਵੱਲੋਂ ਸੌਂਪੀ ਗਈ। ਉਨ੍ਹਾਂ ਸਮਿਆਂ ਵਿੱਚ ਪਾਰਟੀਆਂ ਅਤੇ ਕਿਸਾਨ ਸਭਾਵਾਂ ਦੇ ਸਾਂਝੇ ਸੰਘਰਸ਼ਾਂ ਦੌਰਾਨ ਵੀ ਇਹ ਸਬੰਧ ਬਣੇ ਰਹੇ। ਕਾਮਰੇਡ ਸਰਵਣ ਸਿੰਘ ਚੀਮਾ ਸਾਡੇ ਵਾਲੀ ਪੰਜਾਬ ਕਿਸਾਨ ਸਭਾ ਦੇ ਜਨਰਲ ਸਕੱਤਰ ਸਨ ਅਤੇ ਕਾਮਰੇਡ ਕੁਲਵੰਤ ਸਿੰਘ ਸੀ ਪੀ ਆਈ ਵਾਲੀ ਕਿਸਾਨ ਸਭਾ ਦੇ ਪ੍ਰਧਾਨ ਸਨ।
ਕਈ ਮੌਕਿਆਂ ’ਤੇ ਕਾਮਰੇਡ ਕੁਲਵੰਤ ਸਿੰਘ ਸਾਡੇ ਭਾਈ ਰਤਨ ਸਿੰਘ ਯਾਦਗਾਰ ਟਰੱਸਟ ਬਿਲਡਿੰਗ ਵਾਲੇ ਦਫ਼ਤਰ ਵਿੱਚ ਆ ਜਾਂਦੇ ਅਤੇ ਕਈ ਵਾਰ ਅਸੀਂ ਸੀ ਪੀ ਆਈ ਦੇ ਜ਼ਿਲ੍ਹਾ ਦਫ਼ਤਰ ਵਿੱਚ ਚਲੇ ਜਾਂਦੇ। ਉਦੋਂ ਸੀ ਪੀ ਆਈ ਦਾ ਜ਼ਿਲ੍ਹਾ ਦਫ਼ਤਰ ਜਲੰਧਰ ਦੇ ਮੁੱਖ ਡਾਕਖ਼ਾਨੇ ਦੇ ਕੋਲ ਉਸ ਵੱਡੀ ਬਿਲਡਿੰਗ ਵਿੱਚ ਹੁੰਦਾ ਸੀ, ਜਿਹੜੀ ਕਿਸੇ ਸਮੇਂ ਸੀ ਪੀ ਆਈ ਦੇ ਵੱਡੇ ਆਗੂ ਕਾਮਰੇਡ ਸਤੀਸ਼ ਲੂੰਬਾ ਦੀ ਰਿਹਾਇਸ਼ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਇਹ ਇਮਾਰਤ ਪਾਰਟੀ ਨੂੰ ਦੇ ਦਿੱਤੀ ਸੀ। ਇੱਥੇ ਅਕਸਰ ਕਾਮਰੇਡ ਫਤਿਹਪੁਰੀ ਨਾਲ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਸਨ। ਬਾਅਦ ਵਿੱਚ ਜਦੋਂ ਉਹ ‘ਨਵਾਂ ਜ਼ਮਾਨਾ’ ਵਿੱਚ ਚਲੇ ਗਏ ਤਾਂ ਉਨ੍ਹਾਂ ਨਾਲ ਅਖ਼ਬਾਰ ਵਿੱਚ ਖ਼ਬਰਾਂ ਅਤੇ ਆਰਟੀਕਲ ਛਪਵਾਉਣ ਲਈ ਗੱਲਾਂ-ਬਾਤਾਂ ਹੁੰਦੀਆਂ ਰਹਿੰਦੀਆਂ। ਇਸ ਤੋਂ ਬਾਅਦ ਸਾਂਝੀਆਂ ਮੀਟਿੰਗਾਂ ਸੀ ਪੀ ਆਈ ਦੇ ਜਲੰਧਰ ਬੱਸ ਸਟੈਂਡ ਨਾਲ ਦੇ ਦਫ਼ਤਰ ’ਚ ਹੋਣ ਲੱਗੀਆਂ। ਇਨ੍ਹਾਂ ਮੀਟਿੰਗਾਂ ਵਿੱਚ ਕਾਮਰੇਡ ਫਤਿਹਪੁਰੀ ਤਾਂ ਨਹੀਂ ਪਰ ਉਨ੍ਹਾਂ ਦੀ ਜੀਵਨ ਸਾਥੀ ਬੀਬੀ ਸੰਤੋਸ਼ ਬਰਾੜ ਲਗਾਤਾਰ ਸ਼ਾਮਲ ਹੋਣ ਲੱਗੇ। ਮੇਰੀ ਜੀਵਨ ਸਾਥੀ ਗੁਰਪਰਮਜੀਤ ਕੌਰ ਤੱਗੜ ਵੀ ਇਨ੍ਹਾਂ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਸਨ। ਇਸ ਤਰ੍ਹਾਂ ਸ਼ੁਰੂ ਤੋਂ ਵਿਚਾਰਧਾਰਕ ਮਤਭੇਦ ਹੋਣ ਦੇ ਬਾਵਜੂਦ ਸਾਡੇ ਆਪਸੀ ਸਬੰਧ ਹਮੇਸ਼ਾ ਬਣੇ ਰਹੇ।
ਕਾਮਰੇਡ ਚੰਦ ਫਤਿਹਪੁਰੀ ਦਾ ‘ਨਵਾਂ ਜ਼ਮਾਨਾ’ ਵਿੱਚ ਰੋਲ ਸਿਰਫ਼ ਸੰਪਾਦਕੀ ਜਾਂ ਹੋਰ ਲਿਖਤਾਂ ਲਿਖਣ ਤੱਕ ਹੀ ਸੀਮਤ ਨਹੀਂ ਸੀ ਬਲਕਿ ਉਨ੍ਹਾਂ ਨੇ ‘ਨਵਾਂ ਜ਼ਮਾਨਾ’ ਦੇ ਆਧੁਨਿਕੀਕਰਨ ਅਤੇ ਹਰ ਪੱਖ ਤੋਂ ਹੋਰ ਅੱਗੇ ਵਧਾਉਣ ਵਿੱਚ ਵੀ ਮਹੱਤਵਪੂਰਨ ਰੋਲ ਅਦਾ ਕੀਤਾ। ਉਨ੍ਹਾਂ ਦੀਆਂ ਸਾਰੀਆਂ ਲਿਖਤਾਂ ਅਤੇ ਸੰਪਾਦਕੀਆਂ ਬੇਹੱਦ ਪ੍ਰਭਾਵਸ਼ਾਲੀ, ਜਾਣਕਾਰੀ ਭਰਪੂਰ ਹੁੰਦੀਆਂ ਸਨ, ਜਿਨ੍ਹਾਂ ਤੋਂ ਖੱਬੀ ਧਿਰ ਦੇ ਸਮੂਹ ਪਾਠਕਾਂ ਅਤੇ ਸਮਰਥਕਾਂ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਸੀ। ਮੈਨੂੰ ਇਹ ਪ੍ਰਵਾਨ ਕਰਨ ਵਿੱਚ ਵੀ ਕੋਈ ਝਿਜਕ ਨਹੀਂ ਕਿ ਮੈਂ ਆਪਣੀਆਂ ਲਿਖਤਾਂ ਵਿੱਚ ਅਨੇਕਾਂ ਤੱਥਾਂ ਅਤੇ ਸਿੱਟਿਆਂ ਦੀ ਜਾਣਕਾਰੀ ਉਨ੍ਹਾਂ ਦੀਆਂ ਲਿਖਤਾਂ ’ਚੋਂ ਪ੍ਰਾਪਤ ਕਰਦਾ ਸੀ। ਇਨ੍ਹਾਂ ਸ਼ਬਦਾਂ ਨਾਲ ਹੀ ਆਪਣੇ ਪੁਰਾਣੇ ਸਮਿਆਂ ਦੇ ਸਾਥੀ ਕਾਮਰੇਡ ਚੰਦ ਫ਼ਤਿਹਪੁਰੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।

