ਮਨਦੀਪ ਰਿੰਪੀ
ਕੱਪੜੇ ਅੱਧੇ ਕੁ ਪਸੀਨੇ ਨਾਲ ਅਤੇ ਅੱਧੇ ਕੁ ਗਾਰੇ ਨਾਲ ਨੁੱਚੜਦੇ ਹੋਏ। ਪੈਰਾਂ ਤੋਂ ਨੰਗੀ। ਫਟੀਆਂ ਬਿਆਈਆਂ ਵਿੱਚ ਧਸੀ ਹੋਈ ਮਿੱਟੀ। ਮੱਥੇ ’ਤੇ ਪਸੀਨੇ ਦੀਆਂ ਚਮਕਦੀਆਂ ਬੂੰਦਾਂ, ਪਰ ਬੁੱਲ੍ਹਾਂ ’ਤੇ ਉਹੀ ਮੁਸਕਾਨ। ਅੱਖਾਂ ’ਚ ਵੀ ਉਹੀ ਚਮਕ ਤੇ ਚਿਹਰੇ ’ਤੇ ਉਹੀ ਨੂਰ ਜਿਹੜਾ ਮੈਂ ਤਿੰਨ ਸਾਲ ਪਹਿਲਾਂ ਵੇਖਿਆ ਸੀ। ਉਹਨੂੰ ਦੂਰੋਂ ਵੇਖ ਮੇਰਾ ਪੈਰ ਕਦੋਂ ਆਪਮੁਹਾਰੇ ਬਰੇਕ ’ਤੇ ਰੱਖਿਆ ਗਿਆ ਅਤੇ ਗੱਡੀ ਰੁਕ ਗਈ… ਮੈਂ ਖ਼ੁਦ ਵੀ ਸਮਝ ਨਹੀਂ ਸਕੀ। ਮੈਂ ਤਾਂ ਪਹਿਲਾਂ ਹੀ ਦਫ਼ਤਰ ਲਈ ਲੇਟ ਹੋ ਰਹੀ ਸਾਂ ਪਰ ਫੇਰ ਵੀ ਮੈਂ ਰੁਕ ਗਈ।
ਮੈਨੂੰ ਵੇਖ ਉਹ ਆਪ ਹੀ ਚਾਅ ਨਾਲ ਭੱਜੀ ਭੱਜੀ ਮੇਰੇ ਕੋਲ ਆਈ ਅਤੇ ਆਪਣੇ ਲਬਿੜੇ ਹੱਥਾਂ ਤੋਂ ਝਿਜਕਦੀ ਹੋਈ ਮੇਰੀ ਗੱਡੀ ਕੋਲੋਂ ਥੋੜ੍ਹੀ ਵਿੱਥ ਬਣਾ ਕੇ ਖਲੋ ਗਈ। ਮੈਂ ਸਰਸਰੀ ਹਾਲ ਚਾਲ ਪੁੱਛਦਿਆਂ ਪੁੱਛਿਆ, ‘‘ਕਿਵੇਂ ਹੋ? ਅੱਜਕੱਲ੍ਹ ਕੀ ਕਰ ਰਹੇ ਹੋ? ਤਾਂ ਉਹ ਸੜਕ ਦੇ ਨਾਲ ਲੱਗਦੇ ਖੇਤ ਵੱਲ ਇਸ਼ਾਰਾ ਕਰਦੀ ਹੋਈ ਆਖਣ ਲੱਗੀ, ‘‘ਵਧੀਆ ਜੀ …ਅੱਜਕੱਲ੍ਹ ਛੁੱਟੀਆਂ ਨੇ… ਕਾਲਜ ਬੰਦ ਨੇ… ਇਸ ਲਈ ਉਹ ਵੇਖੋ ਝੋਨਾ ਲਾ ਰਹੀ ਹਾਂ …ਅਹੁ ਵੇਖੋ ਮੇਰੇ ਮੰਮੀ-ਪਾਪਾ, ਛੋਟੀ ਭੈਣ ਅਤੇ ਭਰਾ।’’
ਮੈਂ ਉਹਦੇ ਚਿਹਰੇ ਨੂੰ ਬਹੁਤ ਗੌਰ ਨਾਲ ਵੇਖ ਰਹੀ ਸਾਂ ਕਿ ਕੀ ਇਹ ਉਹੀ ਸ਼ਰਨਦੀਪ ਹੈ ਜਾਂ ਕੋਈ ਹੋਰ? ਮੈਂ ਤਾਂ ਪਿਛਲੇ ਦੋ ਤਿੰਨ ਸਾਲਾਂ ਤੋਂ ਇਹੋ ਸਮਝ ਰਹੀ ਸਾਂ ਕਿ ਸ਼ਰਨਦੀਪ ਹੁਣ ਤੱਕ ਕਿਸੇ ਸਰਕਾਰੀ ਮਹਿਕਮੇ ’ਚ ਮਿਲੀ ਕੁਰਸੀ ’ਤੇ ਬੈਠੀ ਆਪਣੀ ਕੀਤੀ ਹੋਈ ਮਿਹਨਤ ਦੇ ਰੰਗਾਂ ਵਿੱਚ ਰੰਗੀ ਹੋਵੇਗੀ …ਪਰ ਇਹ ਕੀ? ਉਹਦੀ ਮਿਹਨਤ ਨੂੰ ਫ਼ਲ ਕਿਉਂ ਨਹੀਂ ਲੱਗਿਆ ਜਦੋਂਕਿ ਮਿਹਨਤ ਤਾਂ ਕਦੇ ਅਜਾਈਂ ਨਹੀਂ ਜਾਂਦੀ ਪਰ ਸ਼ਰਨਦੀਪ ਦੀ ਮਿਹਨਤ ਵਿੱਚ ਅਜਿਹੀ ਕਿਹੜੀ ਮਿਲਾਵਟ ਸੀ? ਜਿਹੜੀ ਅੱਜ ਮੈਨੂੰ ਇੰਜ ਲੱਗ ਰਿਹਾ ਜਿਵੇਂ ਅਜਾਈਂ ਜਾ ਰਹੀ ਹੈ। ਮੈਂ ਝਿਜਕਦੇ ਝਿਜਕਦੇ ਸ਼ਰਨਦੀਪ ਨੂੰ ਪੁੱਛਿਆ, ‘‘ਤੇਰੀ ਨੌਕਰੀ ਦਾ ਕੀ ਬਣਿਆ? ਉਦੋਂ ਮੰਤਰੀ ਜੀ ਨੇ ਬੁਲਾਇਆ ਸੀ ਤੈਨੂੰ ਕਿ ਸਾਰੇ ਦਸਤਾਵੇਜ਼ਾਂ ਸਮੇਤ ਮੰਗਲਵਾਰ ਨੂੰ ਦਫ਼ਤਰ ਪਹੁੰਚੋ… ਗਈ ਨ੍ਹੀਂ ਤੂੰ?’’
ਮੇਰੀ ਗੱਲ ਸੁਣ ਕੇ ਉਹਦੇ ਚਿਹਰੇ ’ਤੇ ਅਜੀਬ ਜਿਹੀਆਂ ਲਕੀਰਾਂ ਤਣ ਗਈਆਂ, ਮੱਥੇ ’ਤੇ ਵੱਟ ਪੈ ਗਏ। ਫਿਰ ਉਹ ਉੱਖੜੇ ਜਿਹੇ ਮਨ ਨਾਲ ਆਖਣ ਲੱਗੀ, ‘‘ਇੱਕ ਵਾਰ ਨਹੀਂ ਭੈਣ ਜੀ …ਪਤਾ ਨਹੀਂ ਕਿੰਨੇ ਵਾਰ! ਹੁਣ ਤਾਂ ਗਿਣਤੀਆਂ ਮਿਣਤੀਆਂ ਕਰਨੀਆਂ ਵੀ ਛੱਡ ਦਿੱਤੀਆਂ… ਨਾਲੇ ਉਦੋਂ ਜਦੋਂ ਮੰਤਰੀ ਜੀ ਪਿੰਡ ਆਏ ਸਨ ਵੋਟਾਂ ਸਨ ਅਤੇ ਵੋਟਾਂ ਕਾਰਨ ਉਨ੍ਹਾਂ ਦਾ ਸਾਡੇ ਨਾਲ ਵਾਹ ਵਾਸਤਾ ਪੈਂਦਾ ਰਹਿੰਦਾ ਸੀ ਤਾਂ ਕਰਕੇ ਉਨ੍ਹਾਂ ਨੇ ਸਾਨੂੰ ਬੁਲਾਇਆ ਸੀ ਦਫ਼ਤਰ… ਪਰ ਛੇਤੀ ਹੀ ਵੋਟਾਂ ਦਾ ਝੰਜਟ ਮੁੱਕ ਗਿਆ ਤੇ ਉਹ ਮੁੜ ਮੰਤਰੀ ਬਣ ਗਏ… ਫਿਰ ਉਸ ਤੋਂ ਬਾਅਦ ਕਿੰਨੇ ਚੱਕਰ ਕੱਟੇ ਮੈਂ ਦਫ਼ਤਰਾਂ ਦੇ… ਪਰ ਮੰਤਰੀ ਜੀ ਨੂੰ ਹੋਰ ਵੀ ਕੰਮ ਬਥੇਰੇ …ਸਾਡੀ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ… ਉਂਜ ਵੀ ਅਸੀਂ ਇੱਕ ਦੋ ਵਾਰ ਪਿੰਡੋਂ ਗੱਡੀ ਕਰਵਾ ਕੇ ਗਏ… ਸਾਡੇ ਨਾਲ ਪਿੰਡ ਦੇ ਸਰਪੰਚ, ਪੰਚ ਤੇ ਇੱਕ ਦੋ ਹੋਰ ਮੋਹਤਬਰ ਬੰਦੇ ਹੋਰ ਹੁੰਦੇ… ਮੇਰਾ ਪਿਓ ਹਰ ਵਾਰ ਛੇ ਸੱਤ ਹਜ਼ਾਰ ਥੱਲੇ ਦਰੜਿਆ ਜਾਂਦਾ… ਦਿਹਾੜੀਦਾਰ ਬੰਦੇ ਲਈ ਇਹ ਰਕਮ ਬਹੁਤ ਜ਼ਿਆਦਾ… ਨਾਲੇ ਕੌਣ ਕਿਸੇ ਲਈ ਵਿਹਲਾ ਤੀਏ ਦਿਨ? ਜਦੋਂ ਗੱਲ ਬਣਦੀ ਨਾ ਦਿਸੀ ਤਾਂ ਅਸੀਂ ਪਿਉ ਧੀ ਦੋਵੇਂ ਹੀ ਬੱਸ ’ਤੇ ਜਾਣ ਲੱਗੇ… ਸਵੇਰ ਤੋਂ ਸ਼ਾਮ ਖੱਜਲ ਹੁੰਦੇ ਅਤੇ ਦਿਹਾੜੀ ਭੰਨ ਘਰ ਮੁੜ ਆਉਂਦੇ… ਪਰ ਹੁਣ ਜੀਅ ਨਹੀਂ ਕਰਦਾ ਹੋਰ ਧੱਕੇ ਖਾਣ ਨੂੰ।’’
ਉਸ ਦੀਆਂ ਸੱਚੀਆਂ ਸੁੱਚੀਆਂ ਗੱਲਾਂ ਸੁਣ ਮੇਰੇ ਮਨ ਵਿੱਚ ਅਜੀਬ ਜਿਹੀ ਖਲਬਲੀ ਮੱਚ ਗਈ ਤੇ ਅਨੇਕਾਂ ਸੁਆਲ ਮੇਰੀਆਂ ਅੱਖਾਂ ਮੂਹਰੇ ਉੱਘੜ ਉੱਘੜ ਕੇ ਸਾਹਮਣੇ ਆ ਖੜ੍ਹੇ। ਮੇਰੇ ਮੂੰਹੋਂ ਫੇਰ ਨਿਕਲਿਆ, ‘‘ਤੈਨੂੰ ਕੋਈ ਹੋਰ ਸਹੂਲਤ ਨਹੀਂ ਮਿਲੀ? ਅੱਗੇ ਪੜ੍ਹਾਈ ਜਾਰੀ ਰੱਖਣ ਲਈ ਕੋਈ ਵਜ਼ੀਫ਼ਾ ਵਗੈਰਾ?’’ ਮੇਰੇ ਇਸ ਸੁਆਲ ’ਤੇ ਉਹ ਬੁਝੀ-ਬੁਝੀ ਜਿਹੀ ਆਖਣ ਲੱਗੀ, ‘‘ਸਾਡੇ ਵਰਗਿਆਂ ਨੂੰ ਕੀ ਸਹੂਲਤ ਮਿਲਣੀ? ਸਾਡਾ ਸਾਰਾ ਪਰਿਵਾਰ ਲੱਗਿਆ ਹੋਇਆ ਖੇਤ ਠੇਕੇ ’ਤੇ ਲੈ ਕੇ ਝੋਨਾ ਲਾਉਣ… ਢਾਈ ਤਿੰਨ ਸੌ ਰੁਪਏ ਦਿਹਾੜੀ ਇੱਕ ਬੰਦੇ ਨੂੰ ਪੈ ਰਹੀ ਹੈ… ਇਹ ਪੈਸੇ ਮੇਰੀ ਫੀਸ ਲਈ ਨੇ… ਹੋਰ ਦਿਹਾੜੀਆਂ ਲਾ ਕੇ ਘਰ ਦਾ ਖਰਚਾ ਪਾਣੀ ਤੁਰਦਾ ਹੋ ਜਾਊ।’’ ਉਸ ਦੀਆਂ ਗੱਲਾਂ ਸੁਣ ਮੇਰੀਆਂ ਅੱਖਾਂ ਭਰ ਆਈਆਂ। ਇੰਨੇ ਨੂੰ ਉਹਦੇ ਪਿਉ ਨੇ ਉਸ ਨੂੰ ਆਵਾਜ਼ ਮਾਰੀ ਤੇ ਉਹ ‘‘ਚੰਗਾ… ਭੈਣ ਜੀ’’ ਆਖ ਖੇਤ ਵਿੱਚ ਜਾ ਵੜੀ ਤੇ ਝੋਨੇ ਦੀ ਗੁੱਛੀ ਚੁੱਕ ਆਪਣੇ ਪਿਓ ਦੇ ਕਦਮਾਂ ਨਾਲ ਕਦਮ ਮਿਲਾਉਂਦੀ ਹੋਈ ਕਾਹਲ਼ੀ ਕਾਹਲ਼ੀ ਝੋਨਾ ਲਾਉਣ ਲੱਗੀ।
ਜਦੋਂ ਮੈਂ ਗੱਡੀ ਸਟਾਰਟ ਕੀਤੀ, ਗੱਡੀ ਦੀ ਰਫ਼ਤਾਰ ਦੇ ਨਾਲ ਨਾਲ ਮੇਰੀਆਂ ਸੋਚਾਂ ਵਿੱਚ ਸ਼ਰਨਦੀਪ ਦੀ ਜ਼ਿੰਦਗੀ ਦੇ ਅਤੀਤ ਦੇ ਵਰਕੇ ਆਪਣੇ ਆਪ ਉੱਥਲ ਪੁੱਥਲ ਹੋਣ ਲੱਗੇ। ਸ਼ਰਨਦੀਪ ਨੂੰ ਸਾਰੇ ਚੈਂਪੀਅਨ ਆਖਦੇ ਸਨ। ਆਖਣਾ ਹੀ ਸੀ ਉਹ ਚੈਂਪੀਅਨ ਜੋ ਸੀ ਜਿਹਨੇ ਆਪਣੀ ਪ੍ਰਤਿਭਾ ਨਾਲ ਸਾਰੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਜਦੋਂ ਮੈਂ ਉਸ ਵੱਲ ਵੇਖਦੀ ਤਾਂ ਮੈਨੂੰ ਬਹੁਤ ਹੈਰਾਨੀ ਹੁੰਦੀ ਕਿ ਇੱਕ ਪੱਛੜੇ ਜਿਹੇ ਪਿੰਡ ਅਤੇ ਗ਼ਰੀਬ ਪਰਿਵਾਰ ਦੀ ਧੀ ਚੈਂਪੀਅਨ ਹੈ। ਮੈਂ ਨਾਲ ਦੇ ਪਿੰਡ ਵਿੱਚ ਇੱਕ ਸਿਲਾਈ ਕਢਾਈ ਸੈਂਟਰ ਦੀ ਇੰਸਪੈਕਸ਼ਨ ਕਰਨ ਆਈ ਸਾਂ ਜਦੋਂ ਸ਼ਰਨਦੀਪ ਪਹਿਲੀ ਵਾਰ ਮੈਨੂੰ ਉਸ ਸੈਂਟਰ ਵਿੱਚ ਮਿਲੀ ਆਪਣੀ ਇੱਕ ਸਹੇਲੀ ਨਾਲ। ਮੈਨੂੰ ਉਹਦੀ ਸਹੇਲੀ ਭੁਪਿੰਦਰ ਨੇ ਮਿਲਾਇਆ ਸੀ ਉਸ ਨਾਲ। ਭੁਪਿੰਦਰ ਉੱਥੇ ਸਿਲਾਈ ਕਢਾਈ ਸਿੱਖਦੀ ਸੀ। ਸ਼ਰਨਦੀਪ ਟਰੈਕ ਸੂਟ ਪਾਈ, ਹੱਥ ਵਿੱਚ ਇੱਕ ਟਰਾਫੀ ਅਤੇ ਸਰਟੀਫਿਕੇਟ ਫੜੀ ਖੜ੍ਹੀ ਸੀ। ਮੈਂ ਉਤਸੁਕਤਾ ਨਾਲ ਭੁਪਿੰਦਰ ਨੂੰ ਪੁੱਛਿਆ, ‘‘ਇਹ ਕੁੜੀ?’’ ਭੁਪਿੰਦਰ ਨੇ ਮੈਨੂੰ ਸ਼ਰਨਦੀਪ ਬਾਰੇ ਦੱਸਿਆ ਕਿ ਇਹ ਜੂਡੋ ਕਰਾਟੇ ਦੀ ਖਿਡਾਰਨ ਹੈ। ਅੱਜ ਵੀ ਕਿਸੇ ਟੂਰਨਾਮੈਂਟ ਵਿੱਚ ਜਿੱਤ ਕੇ ਆਈ ਹੈ। ਬਹੁਤ ਵਧੀਆ ਖੇਡਦੀ ਹੈ। ਮੈਂ ਉਸ ਨੂੰ ਵੇਖ ਬਹੁਤ ਪ੍ਰਭਾਵਿਤ ਹੋਈ ਤੇ ਸੋਚਣ ਲੱਗੀ ਕਿ ਜੇਕਰ ਸਾਡੇ ਕੁੜੀਆਂ ਸ਼ਰਨਦੀਪ ਵਾਂਗੂੰ ਹੋਣਹਾਰ ਹੋਣ ਤਾਂ ਕਿੰਨੇ ਵਧੀਆ ਸਮਾਜ ਦੀ ਸਿਰਜਣਾ ਹੋਵੇ। ਸ਼ਰਨਦੀਪ ਤਾਂ ਚਲੀ ਗਈ, ਪਰ ਉਹਦੇ ਜਾਣ ਮਗਰੋਂ ਵੀ ਦੋ-ਚਾਰ ਦਿਨ ਤਾਂ ਮੇਰੀ ਸੋਚਾਂ ਦੀ ਸੂਈ ਉਹਦੇ ਆਲੇ-ਦੁਆਲੇ ਹੀ ਅਟਕੀ ਰਹੀ। ਫੇਰ ਮੈਂ ਆਪਣੇ ਹੋਰ ਕੰਮਾਂ ਦੇ ਰੁਝੇਵਿਆਂ ’ਚ ਭੁੱਲ-ਭੁਲਾ ਗਈ।
ਮੁੜ ਇੱਕ ਦਿਨ ਸ਼ਰਨਦੀਪ ਮੈਨੂੰ ਰਾਹ ਜਾਂਦੀ ਟੱਕਰ ਗਈ। ਅੱਜ ਉਹਦੀ ਦਿੱਖ ਉਸ ਦਿਨ ਨਾਲੋਂ ਬਿਲਕੁਲ ਵੱਖਰੀ ਹੀ ਸੀ। ਉਹ ਘਸਮੈਲੇ ਜਿਹੇ ਕੱਪੜਿਆਂ ਵਿੱਚ ਸਿਰ ’ਤੇ ਕੱਖਾਂ ਦੀ ਪੰਡ ਚੁੱਕੀ ਆਪਣੀ ਮਾਂ ਦੀਆਂ ਪੈੜਾਂ ਨੱਪਦੀ ਹੋਈ ਸਾਹੋ-ਸਾਹ ਹੋਈ ਪਈ ਸੀ। ਸ਼ਰਨਦੀਪ ਨੂੰ ਵੇਖ ਮੈਂ ਗੱਡੀ ਰੋਕ ਦੋਵਾਂ ਮਾਵਾਂ ਧੀਆਂ ਦਾ ਹਾਲ ਚਾਲ ਪੁੱਛ ਸੈਲਫ਼ ਮਾਰੀ। ਉਸ ਦਿਨ ਵੀ ਸ਼ਰਨਦੀਪ ਦਾ ਇਹ ਵੱਖਰਾ ਰੂਪ ਸਾਰਾ ਦਿਨ ਮੇਰੇ ਦਿਲੋ ਦਿਮਾਗ਼ ’ਤੇ ਭਾਰੂ ਹੋਇਆ ਰਿਹਾ ਕਿ ਉਹ ਕਰਾਟੇ ਚੈਂਪੀਅਨ ਵੀ ਹੈ ਅਤੇ ਆਪਣੀ ਮਾਂ ਨਾਲ ਘਰ ਤੇ ਡੰਗਰ ਪਸ਼ੂਆਂ ਲਈ ਫ਼ਿਕਰਮੰਦ ਵੀ।
ਉਸ ਦੀ ਸਹੇਲੀ ਭੁਪਿੰਦਰ ਨੇ ਮੈਨੂੰ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ। ਬਾਰ੍ਹਵੀਂ ਤੱਕ ਜਮਾਤ ਵਿੱਚ ਪਹਿਲੇ ਨੰਬਰ ’ਤੇ ਆਉਂਦੀ ਰਹੀ ਤੇ ਹੁਣ ਬੀ.ਏ. ਵਿਚ ਦਾਖ਼ਲਾ ਲੈ ਲਿਆ ਹੈ। ਮੇਰੇ ਮਨ ਵਿੱਚ ਸ਼ਰਨਦੀਪ ਦੀ ਜ਼ਿੰਦਗੀ ਬਾਰੇ ਹੋਰ ਜਾਣਨ ਦੀ ਜਗਿਆਸਾ ਉੱਸਲਵੱਟੇ ਲੈਣ ਲੱਗੀ।
ਇੱਕ ਦਿਨ ਤਪਦੀ ਦੁਪਹਿਰ ’ਚ ਆਪਣੇ ਨਿੱਤ ਦੇ ਰੁਝੇਵਿਆਂ ’ਚੋਂ ਵਿਹਲ ਕੱਢ ਕੇ ਮੈਂ ਭੁਪਿੰਦਰ ਨਾਲ ਸ਼ਰਨਦੀਪ ਦੇ ਪਿੰਡ ਜਾ ਪਹੁੰਚੀ। ਭੁਪਿੰਦਰ ਇੱਕ ਕੱਚੇ ਜਿਹੇ ਘਰ ਅੱਗੇ ਗੱਡੀ ਰੁਕਵਾ ਇਸ਼ਾਰਾ ਕਰ ਕੇ ਆਖਣ ਲੱਗੀ, ‘‘ਮੈਡਮ ਜੀ! ਉਹ ਸਾਹਮਣੇ ਵਾਲਾ ਘਰ ਹੈ ਸ਼ਰਨਦੀਪ ਦਾ।’’ ਅਸੀਂ ਗੱਡੀ ’ਚੋਂ ਉਤਰ ਉਹਦੇ ਘਰ ਦਾ ਬੂਹਾ ਜਾ ਖੜਕਾਇਆ ਤਾਂ ਅੰਦਰੋਂ ਨੰਗੇ ਪੈਰੀਂ ਇੱਕ ਅੱਧਖੜ ਉਮਰ ਦੇ ਵਿਅਕਤੀ ਨੇ ਆਣ ਬੂਹਾ ਖੋਲ੍ਹਿਆ। ਉਹਦੇ ਸਿਰ ’ਤੇ ਧੌਲੇ ਉਹਦੀ ਉਮਰ ਤੋਂ ਪਹਿਲਾਂ ਬੁਢਾਪੇ ਨੂੰ ਜੱਫ਼ੀ ਪਾਉਣ ਦੀ ਮੂੰਹੋਂ ਬੋਲਦੀ ਤਸਵੀਰ ਪ੍ਰਤੀਤ ਹੋ ਰਹੇ ਸਨ। ਭੁਪਿੰਦਰ ਨੇ ਉਸ ਵਿਅਕਤੀ ਨਾਲ ਮੇਰੀ ਜਾਣ ਪਛਾਣ ਕਰਵਾਉਣ ਤੋਂ ਬਾਅਦ ਜਦੋਂ ਸ਼ਰਨਦੀਪ ਬਾਰੇ ਪੁੱਛਿਆ ਤਾਂ ਉਹਨੇ ਖਿੜੇ ਮੱਥੇ ਅੰਦਰ ਆਉਣ ਲਈ ਕਿਹਾ ਅਤੇ ਛੋਟੇ ਜਿਹੇ ਵਿਹੜੇ ਵਿੱਚ ਡਹੇ ਹੋਏ ਦੋ ਵਾਣ ਦੇ ਮੰਜਿਆਂ ’ਚੋਂ ਇੱਕ ’ਤੇ ਸਾਨੂੰ ਬੈਠਣ ਲਈ ਇਸ਼ਾਰਾ ਕਰਦਾ ਹੋਇਆ ਦੂਸਰੇ ’ਤੇ ਆਪ ਬੈਠ ਗਿਆ। ਮੈਂ ਉਸ ਵਿਅਕਤੀ ਦੇ ਚਿਹਰੇ ਨੂੰ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗੀ ਜਿਹਦੀ ਧੌਲੀ ਦਾੜ੍ਹੀ ਦੇ ਵਾਲ ਬੀੜੀਆਂ ਪੀਣ ਕਾਰਨ ਧੁਆਂਖੇ ਗਏ ਸਨ, ਅੱਖਾਂ ਮੋਤੀਆ ਹੋਣ ਦੀ ਗਵਾਹੀ ਦੇ ਰਹੀਆਂ ਸਨ। ਮਾੜਕੂ ਜਿਹੇ ਸਰੀਰ ਦਾ ਮਾਲਕ ਉਹ ਮੰਜੇ ’ਤੇ ਬੈਠਾ ਬੈਠਾ ਆਪਣੀ ਘਰਵਾਲੀ ਨੂੰ ਆਵਾਜ਼ਾਂ ਮਾਰਨ ਲੱਗਿਆ ਕਿ ਬਾਹਰ ਆਓ ਸ਼ਹਿਰੋਂ ਸਮਾਜ ਭਲਾਈ ਦਫ਼ਤਰੋਂ ਮੈਡਮ ਜੀ ਆਏ ਹਨ। ਸ਼ਰਨਦੀਪ ਉਸ ਦਿਨ ਘਰ ਨਹੀਂ ਸੀ। ਉਹਦੀ ਘਰਵਾਲੀ ਬਾਹਰ ਆਈ ਤੇ ਸਾਨੂੰ ਹੱਥ ਜੋੜ ‘ਸਤਿ ਸ੍ਰੀ ਅਕਾਲ’ ਬੁਲਾ ਮੁੜ ਚੁੱਲ੍ਹੇ ਵੱਲ ਚਲੀ ਗਈ ਚਾਹ ਧਰਨ ਲਈ। ਭਾਵੇਂ ਮੈਂ ਬਹੁਤ ਨਾਂਹ ਨੁੱਕਰ ਕੀਤੀ ਕਿ ਚਾਹ ਦੀ ਲੋੜ ਨਹੀਂ, ਪਰ ਉਹਦੀ ਚਾਹ ਪਿਲਾਉਣ ਲਈ ਮੋਹ ਭਰੀ ਧੱਕੇਸ਼ਾਹੀ ਵੇਖ ਮੈਂ ਖ਼ੁਸ਼ੀ ਖ਼ੁਸ਼ੀ ਚਾਹ ਪੀਣ ਲਈ ਤਿਆਰ ਹੋ ਗਈ। ਜਦੋਂ ਮੈਂ ਸ਼ਰਨਦੀਪ ਬਾਰੇ ਪੁੱਛਿਆ ਕਿ ਕਿੱਥੇ ਹੈ? ਨਜ਼ਰ ਨਹੀਂ ਆ ਰਹੀ …ਤਾਂ ਉਹਦਾ ਪਿਓ ਹਉਕਾ ਜਿਹਾ ਲੈ ਕੇ ਆਖਣ ਲੱਗਿਆ, ‘‘ਮੈਡਮ ਜੀ! ਕੀ ਦੱਸੀਏ? ਕਹਿੰਦੇ ਨੇ ਮਾੜੇ ਦੀ ਮਾੜੀ ਕਿਸਮਤ … ਸ਼ਰਨਦੀਪ ਮੇਰੀ ਜੇਠੀ ਧੀ। ਜਦੋਂ ਹੋਈ ਘਰ ’ਚ ਚੁੱਪੀ ਜਿਹੀ ਛਾ ਗਈ… ਮੇਰੀ ਬੀਬੀ ਤਾਂ ਮੱਥੇ ’ਤੇ ਘੁੱਟੀਆਂ ਪਾ ਬਹਿ ਗਈ ਧੀ ਦਾ ਨਾਂ ਸੁਣ ਕੇ… ਪਰ ਮੈਂ ਉਹਨੂੰ ਸਮਝਾਇਆ… ਬੇਬੇ! ਧੀਆਂ ਪੁੱਤਾਂ ’ਚ ਕੋਈ ਫ਼ਰਕ ਨਹੀਂ ਅੱਜਕੱਲ੍ਹ … ਮੈਂ ਆਪਣੀ ਧੀ ਨੂੰ ਪੜ੍ਹਾ ਲਿਖਾ ਕੇ ਵੱਡੀ ਅਫ਼ਸਰ ਬਣਾਊਂ… ਮੇਰੀਆਂ ਗੱਲਾਂ ਸੁਣ ਕੇ ਸਾਰੇ ਹੱਸਣ ਲੱਗ ਪਏ… ਪਰ ਮੈਂ ਸੋਚ ਲਿਆ ਜਿਹੜੇ ਸੁਫ਼ਨੇ ਮੇਰੇ ਪੂਰੇ ਨਹੀਂ ਹੋਏ ਕਦੇ ਉਹ ਮੈਂ ਧੀ ਦੀਆਂ ਅੱਖਾਂ ’ਚ ਵੇਖਣੇ ਤੇ ਪੂਰੇ ਵੀ ਕਰਨੇ ਨੇ। ਮੈਨੂੰ ਰੱਬ ਨੇ ਧੀ ਵੀ ਬਹੁਤ ਲਾਇਕ ਦਿੱਤੀ। ਪਿੰਡ ’ਚ ਕੋਈ ਧੀ ਨਹੀਂ ਜਿਹੜੀ ਮੇਰੀ ਧੀ ਦਾ ਮੁਕਾਬਲਾ ਕਰ ਲਏ। ਕੋਈ ਸਹੁੰ ਨ੍ਹੀਂ ਖਾ ਸਕਦਾ ਮੇਰੀ ਧੀ ਦੀ।’’ ਮੈਂ ਉਹਦੀਆਂ ਗੱਲਾਂ ਬਹੁਤ ਧਿਆਨ ਨਾਲ ਸੁਣ ਰਹੀ ਸਾਂ।
ਮੈਂ ਬੈਠੀ ਬੈਠੀ ਸੋਚ ਰਹੀ ਸਾਂ ਕਿ ਭਾਵੇਂ ਗ਼ਰੀਬੀ ਨੇ ਝੰਬਿਆ ਪਿਆ ਹੈ, ਪਰ ਫਿਰ ਵੀ ਕਿੰਨਾ ਦਲੇਰ ਜਿਹਨੇ ਆਪਣੀ ਜੰਮਦੀ ਧੀ ਦੇ ਸੁਪਨਿਆਂ ਨੂੰ ਪੂਰਨ ਦੇ ਆਪਣੇ ਆਪ ਨਾਲ ਕੀਤੇ ਵਾਅਦੇ ਨੂੰ ਹੁਣ ਤੱਕ ਨਿਭਾਇਆ। ਫਿਰ ਉਹ ਅੱਗੇ ਆਖਣ ਲੱਗਿਆ, ‘‘ਪੰਜਵੀਂ ਤੱਕ ਪਿੰਡ ਦੇ ਸਰਕਾਰੀ ਸਕੂਲ ’ਚ ਆਪਣੀ ਧੀ ਪੜ੍ਹਾਈ। ਮਾਸਟਰ ਮਾਸਟਰਨੀਆਂ ਬਹੁਤ ਸਿਫ਼ਤਾਂ ਕਰਦੇ ਮੇਰੀ ਧੀ ਦੀਆਂ। ਫਿਰ ਛੇਵੀਂ ’ਚ ਨਾਲ ਦੇ ਪਿੰਡ ਦੇ ਵੱਡੇ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾ ਦਿੱਤੀ। ਉੱਥੇ ਇੱਕ ਭੈਣ ਜੀ ਆਉਂਦੀ ਸੀ ਚੰਡੀਗੜ੍ਹੋਂ। ਉੱਥੇ ਹੀ ਰਹਿੰਦੀ ਸੀ ਪਿੰਡ ’ਚ ਕਮਰਾ ਲੈ ਕੇ ’ਕੱਲੀਓ। ਉਹ ਕੁੜੀਆਂ ਨੂੰ ਸ਼ਾਮ ਵੇਲੇ ਕਰਾਟੇ ਸਿਖਾਉਂਦੀ। ਮੇਰੀ ਧੀ ਵੀ ਉਹਦੇ ਕੋਲ ਸ਼ਾਮ ਨੂੰ ਕਰਾਟੇ ਸਿੱਖਣ ਜਾਣ ਲੱਗੀ। ਮੇਰੀ ਧੀ ਦੀ ਚੁਸਤੀ ਫ਼ੁਰਤੀ ਦੇਖ ਉਹ ਹੈਰਾਨ ਰਹਿ ਗਈ ਤੇ ਮੈਨੂੰ ਸਕੂਲ ਸੱਦ ਕੇ ਕਹਿਣ ਲੱਗੀ ਕਿ ਤੁਹਾਡੀ ਧੀ ਤਾਂ ਇੱਕ ਦਿਨ ਤੁਹਾਡਾ ਹੀ ਨਹੀਂ ਸਾਡੇ ਸਕੂਲ ਦਾ ਵੀ ਨਾਂ ਰੋਸ਼ਨ ਕਰੂ। ਮੈਂ ਇਹਨੂੰ ਕੋਚਿੰਗ ਦੇਣੀ। ਫੇਰ ਦੇਖਿਓ ਇਹ ਕਿੱਥੇ ਤੋਂ ਕਿੱਥੇ ਜਾਂਦੀ? ਬਸ, ਭੈਣ ਜੀ! ਫੇਰ ਕੀ ਸੀ? ਉਹੀ ਗੱਲ ਹੋਈ ਮੇਰੀ ਧੀ ਸਕੂਲੋਂ ਆ ਆਪਣੀ ਮਾਂ ਨਾਲ ਪੱਠੇ ਲਿਆਉਂਦੀ ਡੰਗਰਾਂ ਲਈ। ਫਿਰ ਸ਼ਾਮ ਨੂੰ ਪੁੱਜ ਜਾਂਦੀ ਭੈਣ ਜੀ ਕੋਲ ਸਕੂਲ ਦੇ ਗਰਾਊਂਡ ’ਚ। ਬਹੁਤ ਮਿਹਨਤ ਕੀਤੀ ਮੇਰੀ ਧੀ ਨੇ ਤੇ ਉਸ ਭੈਣ ਜੀ ਦਾ ਦੇਣ ਤਾਂ ਮੈਂ ਕਦੇ ਨਹੀਂ ਚੁਕਾ ਸਕਦਾ ਜਿਹਨੇ ਮੇਰੀ ਧੀ ਨੂੰ ਪਛਾਣਿਆ। ਜਿੱਥੇ ਕਦੇ ਖੇਡਾਂ ਹੁੰਦੀਆਂ ਭੈਣ ਜੀ ਲੈ ਜਾਂਦੀ ਆਪਣੇ ਨਾਲ ਤੇ ਇਹ ਮੈਡਲ ਜਿੱਤ ਕੇ ਹੀ ਮੁੜਦੀ। ਸਾਰੇ ਪਿੰਡ ਦੇ ਬਥੇਰਾ ਚਾਅ ਕਰਦੇ। ਚਾਅ ਤਾਂ ਆਪੇ ਕਰਨਾ ਸਭ ਨੇ ਜਦ ਅਖ਼ਬਾਰਾਂ ’ਚ ਮੇਰੀ ਧੀ ਦੇ ਨਾਂ ਨਾਲ ਪਿੰਡ ਦਾ ਨਾਂ ਜੁੜਦੈ। ਵਧਾਈਆਂ ਦੇਣ ਵਾਲਿਆਂ ਨਾਲ ਸਾਡੇ ਵਿਹੜਾ ਭਰ ਜਾਂਦੈ। ਉਹ ਲੋਕ ਮੇਰੇ ਘਰ ਢੁੱਕਦੇ… ਮੇਰੀ ਧੀ ਦੀਆਂ ਸਿਫ਼ਤਾਂ ਕਰਦੇ ਨਾ ਥੱਕਦੇ ਜਿਹੜੇ ਕਦੇ ਨੱਕ ਬੁੱਲ੍ਹ ਵੱਟ ਕੋਲੋਂ ਲੰਘਦੇ ਸਨ। ਮੇਰੀ ਬੇਬੇ ਵੀ ਹੁਣ ਤਾਂ ਆਪਣੀ ਪੋਤੀ ਨੂੰ ਵੇਖ ਲੱਖ ਲੱਖ ਅਸੀਸਾਂ ਦਿੰਦੀ। ਭੈਣ ਜੀ! ਦਸਵੀਂ ਤੱਕ ਪਤਾ ਨਹੀਂ ਕਿੰਨੇ ਟੂਰਨਾਮੈਂਟ ਖੇਡੇ ਮੇਰੀ ਧੀ ਨੇ। ਘਰ ’ਚ ਟਰਾਫੀਆਂ ਮੈਡਲ ਰੱਖਣ ਦੀ ਵੀ ਹੁਣ ਤਾਂ ਥਾਂ ਨਹੀਂ। ਭਰੇ ਪਏ ਟਰੰਕ ਵੇਖ ਲਓ। ਮੈਂ ਤੇ ਮੇਰੀ ਘਰਵਾਲੀ ਦੀ ਆਸ ਬੱਝ ਗਈ ਆਪਣੀ ਬੱਚੀ ਨੂੰ ਲੈ ਕੇ ਕਿ ਇਹਨੇ ਸਾਡੀ ਕੁਲ ਤਾਰ ਦੇਣੀ। ਅਸੀਂ ਦੋਵੇਂ ਮਾਲਕ ਤੀਵੀਂ ਦਿਹਾੜੀਆਂ ਕਰ ਪੈਸੇ ਆਪਣੀ ਧੀ ’ਤੇ ਲਾਉਂਦੇ। ਪਰ ਪਤਾ ਨਹੀਂ ਸਕੂਲ ਸਟਾਫ਼ ਨਾਲ ਭੈਣ ਜੀ ਦੀ ਕੀ ਅਣਬਣ ਹੋ ਗਈ ਕਿ ਭੈਣ ਜੀ ਦੀ ਬਦਲੀ ਕਿਧਰੇ ਦੂਰ ਦੀ ਹੋ ਗਈ। ਭੈਣ ਜੀ ਤਾਂ ਆਪੇ ਲੈ ਜਾਂਦੀ ਸੀ ਹਰੇਕ ਥਾਂ ਮੇਰੀ ਧੀ ਨੂੰ, ਪਰ ਉਹਦੇ ਜਾਣ ਤੋਂ ਬਾਅਦ ਅਧਿਆਪਕਾਂ ਨੇ ਹੱਥ ਪੱਲਾ ਨਾ ਫੜਾਇਆ। ਫੇਰ ਮੈਂ ਆਪੇ ਚਲਿਆ ਗਿਆ ਅੰਮ੍ਰਿਤਸਰ ਟੂਰਨਾਮੈਂਟ ’ਚ ਆਪਣੀ ਧੀ ਨੂੰ ਲੈ ਕੇ। ਤੁਸੀਂ ਤਾਂ ਜਾਣਦੇ ਹੀ ਹੋ ਮੈਡਮ ਜੀ ਮੈਂ ਦਿਹਾੜੀਦਾਰ ਬੰਦਾ। ਦਿਹਾੜੀ ਵੀ ਫੁੱਟ ਗਈ ਉੱਦਣ ਤੇ ਉਂਜ ਵੀ ਪੰਜ ਛੇ ਸੌ ਰੁਪਏ ਖਰਚ ਆਇਆ। ਜਦੋਂ ਸਕੂਲ ਅਧਿਆਪਕਾਂ ਨੂੰ ਪਤਾ ਲੱਗਿਆ ਕਿ ਮੇਰੀ ਧੀ ਅੰਮ੍ਰਿਤਸਰ ਟੂਰਨਾਮੈਂਟ ਵਿੱਚ ਆਪੇ ਜਾ ਕੇ ਟਰਾਫ਼ੀ ਜਿੱਤ ਲਿਆਈ ਉਨ੍ਹਾਂ ਮੇਰੀ ਧੀ ਨੂੰ ਹੱਲਾਸ਼ੇਰੀ ਦੇਣ ਦੀ ਥਾਂ ਤੰਗ ਕਰਨਾ ਸ਼ੁਰੂ ਕਰ ਦਿੱਤਾ। ਗੱਲ ਗੱਲ ’ਤੇ ਆਖਣ ਲੱਗੇ, ‘ਤੂੰ ਬਹੁਤੀ ਚੈਂਪੀਅਨ ਬਣੀ ਫਿਰਦੀ ਐਂ… ਇੱਥੇ ਵੇਖ ਲਈਂ ਬੱਠਲ ਈ ਕੰਮ ਆਉਣੈ ਤੇਰੇ ਵਰਗੀਆਂ ਦੇ… ਜਿਹਦੇ ਸਿਰ ’ਤੇ ਛਾਲਾਂ ਮਾਰਦੀ ਸੀ ਉਹਨੇ ਤਾਂ ਹੁਣ ਮੁੜ ਕੇ ਨਹੀਂ ਆਉਣਾ।’ ਪਰ ਮੇਰੀ ਧੀ ਨੇ ਹੌਸਲਾ ਨਾ ਹਾਰਿਆ। ਅਧਿਆਪਕਾਂ ਦੀਆਂ ਖਰੀਆਂ ਖੋਟੀਆਂ ਸੁਣਦੀ ਰਹੀ ਚੁੱਪਚਾਪ। ਅਧਿਆਪਕਾਂ ਦੇ ਮੂੰਹੋਂ ‘ਚੈਂਪੀਅਨ’ ਸੁਣ ਸਾਰੇ ਜੁਆਕ ਮੇਰੀ ਧੀ ਨੂੰ ‘ਚੈਂਪੀਅਨ, ਚੈਂਪੀਅਨ’ ਆਖਦੇ ਅਤੇ ਮੇਰੀ ਧੀ ਹੱਸਦੀ ਹੋਈ ਆਖਦੀ, ‘ਅਧਿਆਪਕ ਕਿਹੜਾ ਝੂਠ ਬੋਲਦੇ? ਮੈਂ ਚੈਂਪੀਅਨ ਹੀ ਹਾਂ ਤੇ ਹਮੇਸ਼ਾ ਰਹਾਂਗੀ ਵੀ।’ ਮੇਰੀ ਧੀ ਨੇ ਆਪਣੇ ਸੁਪਨੇ ਸੱਚ ਕਰ ਵਿਖਾਏ ਜਦੋਂ ਮਲੇਸ਼ੀਆ ਖੇਡਣ ਲਈ ਚੁਣੀ ਗਈ ਅਤੇ ਜਿੱਤ ਕੇ ਪਰਤੀ ਚਾਂਦੀ ਦਾ ਮੈਡਲ। ਅਖ਼ਬਾਰਾਂ ਵਾਲੇ, ਟੀ.ਵੀ ਵਾਲੇ ਸਾਰਿਆਂ ਦਾ ਮੇਲਾ ਲੱਗ ਗਿਆ ਮੇਰੇ ਘਰ… ਪੈਰ ਰੱਖਣ ਦੀ ਥਾਂ ਨਹੀਂ ਸੀ ਜਿੱਦਣ ਮੇਰੀ ਧੀ ਘਰ ਪਰਤੀ। ਫੁੱਲਾਂ ਦੇ ਹਾਰਾਂ ਨਾਲ ਗਰਦਨ ਲਿਫ਼ੀ ਪਈ ਸੀ। ਸਾਨੂੰ ਵੀ ਕੁਝ ਹੌਸਲਾ ਹੋਇਆ ਕਿ ਬੱਸ ਹੁਣ ਸਭ ਠੀਕ ਹੋ ਜਾਊ। ਸਾਡੇ ਵੀ ਦਿਨ ਫਿਰ ਗਏ ਸਮਝੋ। ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪਾਰਟੀਆਂ ਦੇ ਬੰਦਿਆਂ ਨੇ ਵਾਅਦੇ ਕੀਤੇ ਕਿ ਇਹਨੂੰ ਨੌਕਰੀ ਦਿਵਾ ਕੇ ਹੀ ਸਾਹ ਲਵਾਂਗੇ। ਮੇਰੀ ਧੀ ਨੇ ਔਖਿਆਂ ਸੌਖਿਆਂ ਪੀ.ਪੀ.ਐੱਡ ਵੀ ਕਰ ਲਈ। ਛੁੱਟੀ ਵਾਲੇ ਦਿਨ ਦਿਹਾੜੀ ਕਰਦੀ ਸਾਡੇ ਨਾਲ। ਪਰ ਵੇਖ ਲਓ! ਭਾਗਾਂ ਦਾ ਖੱਟਿਆ ਈ ਖਾਂਦੈ ਬੰਦਾ।’’ ਜਦੋਂ ਮੈਂ ਉਹਦੀਆਂ ਗੱਲਾਂ ਸੁਣ ਰਹੀ ਸਾਂ ਤਾਂ ਮੇਰਾ ਦਿਲ ਉਹਦੇ, ਉਹਦੀ ਧੀ ਤੇ ਪਰਿਵਾਰ ਦੇ ਸਿਰੜ ਅਤੇ ਹਿੰਮਤ ਅੱਗੇ ਝੁਕ ਰਿਹਾ ਸੀ। ਗੱਲਾਂਬਾਤਾਂ ਕਰ ਚਾਹ ਦਾ ਘੁੱਟ ਭਰ ਅਸੀਂ ਵਾਪਸ ਆ ਗਈਆਂ। ਅਸੀਂ ਸਾਰੇ ਰਾਹ ਉਸ ਸਿਰੜੀ ਕੁੜੀ ਬਾਰੇ ਹੀ ਗੱਲਾਂ ਕਰਦੀਆਂ ਰਹੀਆਂ।
ਮਹੀਨੇ ਕੁ ਬਾਅਦ ਨਾਲ ਲੱਗਦੇ ਪਿੰਡ ਦੇ ਇਕ ਪ੍ਰੋਗਰਾਮ ’ਚ ਪੁੱਜਣ ਦਾ ਸੱਦਾ ਮਿਲਿਆ। ਖੇਡ ਮੰਤਰੀ ਜੀ ਆ ਰਹੇ ਸਨ। ਪਿੰਡ ਦੇ ਮੋਹਤਬਰ ਬੰਦਿਆਂ ਨੇ ਇਸ ਹੋਣਹਾਰ ਧੀ ਨਾਲ ਮੰਤਰੀ ਜੀ ਨੂੰ ਮਿਲਾਇਆ। ਮੰਤਰੀ ਜੀ ਨੇ ਇਸ ਧੀ ਨੂੰ ਇਸ ਦੀਆਂ ਪ੍ਰਾਪਤੀਆਂ ਵੇਖ ਥਾਪੜਾ ਦਿੱਤਾ ਅਤੇ ਆਪਣੇ ਦਫ਼ਤਰ ਵਿਚ ਆਉਣ ਲਈ ਆਖਿਆ। ਮੈਂ ਖ਼ੁਸ਼ ਸਾਂ ਕਿ ਹੁਣ ਇਸ ਪਰਿਵਾਰ ਦੀ ਗ਼ਰੀਬੀ ਕੱਟੀ ਜਾਵੇਗੀ, ਇਨ੍ਹਾਂ ਦੇ ਵੀ ਦਿਨ ਫਿਰਨਗੇ। ਮੈਨੂੰ ਫਖ਼ਰ ਮਹਿਸੂਸ ਹੋ ਰਿਹਾ ਸੀ ਕਿ ਇਸ ਧੀ ਦੇ ਮੂੰਹ ’ਚੋਂ ਨਿਕਲੇ ਬੋਲ ਉਹਨੂੰ ਖੇਡਾਂ ’ਚ ਹੀ ਨਹੀਂ, ਅਸਲ ਜ਼ਿੰਦਗੀ ’ਚ ਵੀ ਚੈਂਪੀਅਨ ਸਾਬਿਤ ਕਰਨਗੇ। ਮੁੜ ਮੈਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ’ਚ ਰੁੱਝ ਗਈ ਅਤੇ ਅੱਜ ਤਿੰਨ ਸਾਲਾਂ ਬਾਅਦ ਸ਼ਰਨਦੀਪ ਨੂੰ ਵੇਖ ਸੋਚਾਂ ਵਿਚ ਪੈ ਗਈ।
ਘਰ ਆ ਕੇ ਵੀ ਸ਼ਰਨਦੀਪ ਦਾ ਚਿਹਰਾ ਮੁੜ ਮੁੜ ਮੇਰੀਆਂ ਅੱਖਾਂ ਮੂਹਰੇ ਘੁੰਮਦਾ ਰਿਹਾ। ਮੇਰੇ ਮਨ ਅੰਦਰ ਇੱਕੋ ਸਵਾਲ ਉੱਭਰ ਰਿਹਾ ਸੀ ਕਿ ਆਖ਼ਰ ਉਸ ਮਿਹਨਤੀ ਧੀ ਨੂੰ ਨੌਕਰੀ ਕਿਉਂ ਨਹੀਂ ਮਿਲ ਸਕੀ? ਮੈਂ ਆਪਣੇ ਮਨ ਅੰਦਰ ਦਸਤਕ ਦੇ ਰਹੇ ਇਸ ਸੁਆਲ ਦਾ ਉੱਤਰ ਲੱਭਣ ਲਈ ਉਹਦੇ ਘਰ ਦਾ ਬੂਹਾ ਖੜਕਾਏ ਬਗੈਰ ਨਾ ਰਹਿ ਸਕੀ। ਉਹਨੇ ਮੈਨੂੰ ਦੱਸਿਆ, ‘‘ਜਦੋਂ ਅਸੀਂ ਮੰਤਰੀ ਜੀ ਨੂੰ ਮਿਲਣ ਲਈ ਗਏ, ਉਡੀਕ ਕਮਰੇ ਵਿੱਚ ਬੈਠਿਆਂ ਆਪਣੀ ਵਾਰੀ ਦੀ ਉਡੀਕ ਕਰਦਿਆਂ ਕਰਦਿਆਂ ਸਾਨੂੰ ਸਵੇਰ ਤੋਂ ਸ਼ਾਮ ਹੋ ਗਈ। ਜਦੋਂ ਅਸੀਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਾਂ ਸਾਥੋਂ ਬਾਅਦ ਇੱਕ ਹੋਰ ਖਿਡਾਰੀ ਕੁੜੀ ਤੇ ਇੱਕ ਮੁੰਡਾ ਵੀ ਆਏ, ਪਰ ਉਨ੍ਹਾਂ ਦੇ ਪਹਿਰਾਵੇ ਤੇ ਸਾਡੇ ਪਹਿਰਾਵੇ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ… ਕਿੱਥੇ ਅਸੀਂ ਦਿਹਾੜੀਦਾਰ ਬੰਦੇ… ਦਿਹਾੜੀ ਦੇ ਸਿਰ ਦਿਨ ਕਟੀ ਕਰਨ ਵਾਲੇ… ਕਿੱਥੇ ਉਹ ਹਾਈ ਫਾਈ ਅਮੀਰ ਘਰ ਦੇ ਬੱਚੇ… ਉਨ੍ਹਾਂ ਦੇ ਮਾਪਿਆਂ ਨੇ ਪਤਾ ਨ੍ਹੀਂ ਕਲਰਕ ਨਾਲ ਕੀ ਗਿੱਟ-ਮਿੱਟ ਕੀਤੀ… ਉਨ੍ਹਾਂ ਦਾ ਨੰਬਰ ਸਾਡੇ ਤੋਂ ਪਹਿਲਾਂ ਲੱਗ ਗਿਆ ਅਤੇ ਉਨ੍ਹਾਂ ਦੀ ਫਾਈਲ ਵੀ ਮਿੰਟਾਂ ਵਿੱਚ ਮੰਤਰੀ ਜੀ ਕੋਲ ਪਹੁੰਚ ਗਈ ਜਿਵੇਂ ਪਹਿਲਾਂ ਹੀ ਤਿਆਰ ਕਰ ਕੇ ਰੱਖੀ ਹੋਵੇ। ਮੰਤਰੀ ਜੀ ਦੇ ਦਸਤਖ਼ਤ ਹੋਣ ਲੱਗਿਆਂ ਵੀ ਦੇਰ ਨਾ ਲੱਗੀ। ਉਹ ਬਹੁਤ ਖ਼ੁਸ਼ੀ ਖ਼ੁਸ਼ੀ ਦਫ਼ਤਰੋਂ ਗਏ। ਦੂਜੇ ਪਾਸੇ ਅਸੀਂ ਸਵੇਰ ਦੇ ਭੁੱਖਣ ਭਾਣੇ ਬੈਠੇ ਰਹੇ ਤੇ ਸਾਡਾ ਧਿਆਨ ਮੁੜ ਮੁੜ ਦਫ਼ਤਰ ਦੀ ਕੰਧ ’ਤੇ ਲੱਗੀ ਘੜੀ ਵੱਲ ਜਾ ਰਿਹਾ ਸੀ ਜਿਹਦੀਆਂ ਸੂਈਆਂ ਬਿਨਾਂ ਰੁਕੇ ਆਪਣੀ ਰਫ਼ਤਾਰ ਨਾਲ ਟੁਰੀਆਂ ਜਾ ਰਹੀਆਂ ਸਨ। ਸਾਨੂੰ ਇਹ ਵੀ ਫ਼ਿਕਰ ਸਤਾ ਰਿਹਾ ਸੀ ਕਿ ਕਿਧਰੇ ਆਖ਼ਰੀ ਬੱਸ ਨਾ ਲੰਘ ਜਾਏ ਸਾਡੇ ਪਿੰਡ ਦੀ। ਫਿਰ ਕਿਵੇਂ ਜਾਵਾਂਗੇ? ਮੇਰੇ ਪਿਉ ਤੋਂ ਜਦ ਸਬਰ ਨਾ ਹੁੰਦਾ ਉਹ ਉੱਥੇ ਬੈਠੇ ਬਾਊ ਜੀ ਕੋਲ ਹੱਥ ਜੋੜ ਖੜ੍ਹ ਜਾਂਦਾ ਅਤੇ ਹਾੜ੍ਹੇ ਜਿਹੇ ਨਾਲ ਪੁੱਛਦਾ, ‘ਬਾਬੂ ਜੀ! ਹੋਰ ਕਿੰਨੀ ਦੇਰ ਲੱਗਣੀ? ਅਸੀਂ ਘਰ ਮੁੜਨਾ… ਅਸੀ ਤੜਕੇ ਦੇ ਭੁੱਖਣ ਭਾਣੇ ਘਰੋਂ ਤੁਰੇ ਹੋਏ ਹਾਂ।’ ਅੱਗੋਂ ਗੰਜਾ ਜਿਹਾ ਬਾਬੂ ਐਨਕ ਠੀਕ ਕਰਦਾ ਹੋਇਆ ਰੁੱਖਾ ਜਿਹਾ ਜਵਾਬ ਦਿੰਦਿਆਂ ਸਾਨੂੰ ਕਿੰਨੀਆਂ ਹੀ ਗੱਲਾਂ ਸੁਣਾ ਦਿੰਦਾ, ‘ਭਾਈ! ਮੰਤਰੀ ਜੀ ਨੂੰ ਸੌ ਕੰਮ… ਤੁਹਾਡੇ ਇਕੱਲੇ ਲਈ ਤਾਂ ਬੈਠੇ ਨਹੀਂ… ਜਦ ਤੁਹਾਨੂੰ ਅੰਦਰ ਬੁਲਾਉਣਗੇ ਤਾਂ ਭੇਜ ਦਿਆਂਗਾ… ਹੁਣ ਚੁੱਪ ਚਾਪ ਬੈਠ ਜਾਓ… ਨਾ ਆਪਣਾ ਦਿਮਾਗ਼ ਖਰਾਬ ਕਰੋ ਨਾ ਸਾਡਾ… ਜੇ ਤੁਸੀਂ ਤੜਕੇ ਦੇ ਘਰੋਂ ਤੁਰੇ ਹੋਏ ਓ ਤਾਂ ਸਾਡਾ ਕੀ ਕਸੂਰ? ਮੈਂ ਕਿਹੜਾ ਤੁਹਾਨੂੰ ਚਿੱਠੀ ਦੇ ਕੇ ਸੱਦਿਆ ਸੀ… ਤੁਸੀਂ ਆਪਣੀ ਗਰਜ਼ ਨੂੰ ਬੈਠੇ ਹੋਏ ਓ।’ ਮੇਰਾ ਬਾਪੂ ਵਿਚਾਰਾ ਛੋਟਾ ਜਿਹਾ ਮੂੰਹ ਲੈ ਕੇ ਫਿਰ ਬੈਠ ਜਾਇਆ ਕਰੇ। ਉਸ ਗੰਜੇ ਕਲਰਕ ਦੀਆਂ ਘੂਰਦੀਆਂ ਅੱਖਾਂ ਵੇਖ ਮੈਨੂੰ ਅੰਦਰੋਂ ਅੰਦਰੀ ਗੁੱਸਾ ਚੜ੍ਹਦਾ, ਪਰ ਮੈਂ ਗੁੱਸੇ ਨੂੰ ਲੰਘਾਰ ਜਾਂਦੀ ਚੁੱਪਚਾਪ। ਪਰ ਆਖ਼ਰ ਕਦੋਂ ਤਕ ਚਲਦਾ ਇਹ ਸਿਲਸਿਲਾ। ਬਰਦਾਸ਼ਤ ਦੀ ਵੀ ਹੱਦ ਹੁੰਦੀ ਹੈ। ਸਵੇਰ ਤੋਂ ਸ਼ਾਮ ਤੱਕ ਸਾਨੂੰ ਬਿਠਾ ਕੇ ਆਖ ਦਿੰਦੇ, ‘ਅੱਜ ਤੁਹਾਡਾ ਕੰਮ ਨਹੀਂ ਹੋ ਸਕਦਾ… ਮੰਤਰੀ ਜੀ ਨੂੰ ਹੁਣ ਜ਼ਰੂਰੀ ਮੀਟਿੰਗ ’ਤੇ ਜਾਣਾ ਪਿਆ… ਤੁਸੀਂ ਅਗਲੇ ਮੰਗਲਵਾਰ ਆ ਜਾਇਓ…’ ਕਦੇ ਆਖਦੇ ਵੀਰਵਾਰ ਆ ਜਾਇਓ। ਦਫ਼ਤਰ ਦੇ ਗੇੜੇ ਮਾਰ ਮਾਰ ਸਾਡੀਆਂ ਜੁੱਤੀਆਂ ਘਸ ਗਈਆਂ। ਉਹ ਦਿਨ ਨਾ ਆਇਆ ਜਿਸ ਦਿਨ ਮੰਤਰੀ ਜੀ ਕੋਲ ਸਾਡੇ ਲਈ ਵੀ ਵਕਤ ਹੋਵੇ।’’
ਫੇਰ ਉਹ ਆਖਣ ਲੱਗੀ, ‘‘ਮੈਨੂੰ ਯਾਦ ਹੈ ਇੱਕ ਵਾਰ ਸਰਦੀਆਂ ਦੇ ਦਿਨਾਂ ਵਿੱਚ ਬਾਪੂ ਨੂੰ ਤੇਜ਼ ਤਾਪ ਚੜ੍ਹਨ ਕਾਰਨ ਮੈਂ ਜਾਣ ਤੋਂ ਨਾਂਹ ਨੁੱਕਰ ਕਰਨ ਲੱਗੀ ਤਾਂ ਵੀ ਬਾਪੂ ਨਾ ਮੰਨਿਆ। ਆਖਣ ਲੱਗਿਆ, ‘ਝੱਲੀਏ! ਇੱਕ ਵਾਰ ਵੇਲਾ ਹੱਥੋਂ ਖੁੰਝ ਜਾਏ ਤਾਂ ਮੁੜ ਨਹੀਂ ਆਉਂਦਾ …ਇਸ ਵਾਰ ਤਾਂ ਬਾਬੂ ਕਹਿੰਦਾ ਸੀ ਕੰਮ ਹੋਇਆ ਈ ਸਮਝੋ …ਨਾਲੇ ਉਹ ਕਹਿੰਦਾ ਸੀ ਕੰਮ ਤਾਂ ਪੂਰਾ ਈ ਐ… ਮੰਤਰੀ ਜੀ ਦੀ ਮੋਹਰ ਲੱਗਣੀ ਹਸਤਾਖਰਾਂ ਵਾਲੀ… ਉਹ ਉਨ੍ਹਾਂ ਸਾਡੇ ਨਾਲ ਮਿਲਣ ਤੋਂ ਬਾਅਦ ਲਗਾਉਣੀ… ਤਾਪ ਵੀ ਗ਼ਰੀਬਾਂ ਨੂੰ ਪਰਖਦਾ ਰਹਿੰਦੈ… ਪਤਾ ਇਹਨੂੰ ਵੀ ਕਿ ਅਸੀਂ ਕਿਹੜਾ ਇਹਤੋਂ ਡਰਦੇ ਆਂ… ਇਹ ਤਾਂ ਅਮੀਰਾਂ ਦੇ ਚੋਚਲੇ ਨੇ ਬਈ ਥੋੜ੍ਹਾ ਜਿਹਾ ਤਾਪ ਹੋਇਆ ਮੱਲ ਕੇ ਬਹਿ ਜਾਓ ਡਾਕਟਰ ਦਾ ਬੂਹਾ… ਉਨ੍ਹਾਂ ਕੋਲ ਹੈਗੇ ਵਾਧੂ ਪੈਸੇ… ਸਾਡੇ ਵਰਗਿਆਂ ਦਾ ਬੁਖਾਰ ਤਾਂ ਦੋ ਤਿੰਨ ਦਿਨ ਚੜ੍ਹ ਕੇ ਆਪੇ ਬੇਸ਼ਰਮਾਂ ਵਾਂਗੂੰ ਲਹਿ ਜਾਂਦੈ… ਜਦ ਕੋਈ ਖਾਤਰਦਾਰੀ ਨਹੀਂ ਹੁੰਦੀ… ਉਹਨੀ ਪੈਰੀਂ ਪਿੱਛੇ ਮੁੜ ਜਾਂਦੈ।’ ਮੈਂ ਤੇ ਬਾਪੂ ਫੇਰ ਜਾ ਬੈਠੇ ਬਾਬੂ ਦੇ ਸਾਹਮਣੇ। ਇਸ ਵਾਰ ਆਪਣੇ ਪਿਓ ਦਾ ਮੁਰਝਾਇਆ ਚਿਹਰਾ ਵੇਖ ਮੇਰੇ ਕਾਲਜੇ ਦਾ ਰੁੱਗ ਭਰ ਆਇਆ। ਮੈਂ ਬਾਬੂ ਕੋਲ ਜਾ ਖੜ੍ਹੀ ਅਤੇ ਬੜੀ ਹਲੀਮੀ ਨਾਲ ਆਖਿਆ, ‘ਸਰ ਜੀ! ਮੇਰੇ ਪਾਪਾ ਦੀ ਸਿਹਤ ਅੱਜ ਠੀਕ ਨਹੀਂ… ਤੁਸੀਂ ਵੇਖ ਲਓ… ਜੇ ਕੰਮ ਛੇਤੀ ਬਣ ਸਕਦਾ!’ ਬਾਬੂ ਮੈਨੂੰ ਸਿਰ ਤੋਂ ਪੈਰਾਂ ਤੱਕ ਬਹੁਤ ਭੈੜੀਆਂ ਨਜ਼ਰਾਂ ਨਾਲ ਵੇਖ ਆਖਣ ਲੱਗਿਆ, ‘ਜੇ ਐਨੀ ਓ ਕਾਹਲ਼ੀ ਏ ਤਾਂ ਬਾਪੂ ਨੂੰ ਨਾਲ ਕਾਹਨੂੰ ਲੈ ਕੇ ਆਉਣਾ ਸੀ? ’ਕੱਲੀ ਆ ਜਾਂਦੀ।’ ਉਸ ਦੀ ਇਹ ਦੂਹਰੇ ਅਰਥਾਂ ਵਾਲੀ ਗੱਲ ਮੈਥੋਂ ਸਹਾਰ ਨਾ ਹੋਈ ਅਤੇ ਮੈਂ ਵੀ ਟੁੱਟ ਕੇ ਪੈ ਗਈ, ‘ਤੁਸੀਂ ਕਿੰਨੇ ਦਿਨਾਂ ਤੋਂ ਸਾਨੂੰ ਪਰੇਸ਼ਾਨ ਕੀਤਾ ਹੋਇਆ! ਸਾਥੋਂ ਬਾਅਦ ਆਏ ਲੋਕਾਂ ਦੇ ਕੰਮ ਬਣ ਗਏ ਅਤੇ ਸਾਨੂੰ ਛੇ ਮਹੀਨੇ ਹੋਗੇ ਚੱਕਰ ਕੱਟਦਿਆਂ ਨੂੰ… ਸਾਨੂੰ ਤੁਸੀਂ ਕਿਉਂ ਨਹੀਂ ਮਿਲਾ ਦਿੰਦੇ ਮੰਤਰੀ ਜੀ ਨਾਲ? ਉੱਪਰੋਂ ਘਟੀਆ ਗੱਲਾਂ ਤੁਹਾਨੂੰ ਏਸ ਉਮਰੇ ਜੱਚਦੀਆਂ? ਸ਼ਰਮ ਨ੍ਹੀਂ ਆਉਂਦੀ ਮੈਂ ਤੁਹਾਡੀ ਧੀਆਂ ਵਰਗੀ।’ ਮੇਰੀਆਂ ਤੱਤੀਆਂ ਤੱਤੀਆਂ ਸੁਣ ਉਹ ਹੋਰ ਖਿਝ ਗਿਆ ਤੇ ਮੇਰੀ ਫਾਈਲ ਚੁੱਕਦਾ ਹੋਇਆ ਆਖਣ ਲੱਗਿਆ, ‘ਸਮਝਦਾਰ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ… ਜੇ ਤੇਰਾ ਕੰਮ ਬਣਨਾ ਹੁੰਦਾ ਤਾਂ ਅਸੀਂ ਜ਼ਰੂਰੀ ਛੇ ਮਹੀਨੇ ਚੱਕਰ ਕਟਾਉਣੇ ਸਨ? ਤੁਹਾਡੇ ਵਰਗਿਆਂ ਦੇ ਕੰਮ ਨਹੀਂ ਹੁੰਦੇ ਇੱਥੇ… ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਸਨ ਉਹ ਜੁਆਇਨ ਵੀ ਕਰ ਗਏ… ਆਹ ਚੁੱਕੋ ਆਪਣੀ ਫਾਈਲ… ਮੁੜ ਕੇ ਆਪਣੀ ਸ਼ਕਲ ਨਾ ਵਿਖਾਇਓ… ਛੇ ਮਹੀਨਿਆਂ ਤੋਂ ਜਾਨ ਖਾਧੀ ਪਈ… ਆਪਣੇ ਕੱਪੜੇ ਵੇਖੇ ਨੇ? ਮੈਲੇ ਕੁਚੈਲੇ ਕੱਪੜੇ ਪਾ ਕੇ ਸਜ ਕੇ ਬੈਠ ਜਾਂਦੇ ਮੇਰੇ ਸਾਹਮਣੇ ਹਰ ਹਫ਼ਤੇ।’ ਉਹਦੇ ਮੂੰਹ ’ਚੋਂ ਥੁੱਕ ਦੇ ਛਿੱਟੇ ਹਵਾ ’ਚ ਰਲ਼ਦੇ ਵੇਖ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਪਰ ਮੈਂ ਆਪਣੇ ਪਿਓ ਦੇ ਮੂੰਹ ਨੂੰ ਚੁੱਪ ਕਰ ਗਈ ਅਤੇ ਦੋ ਕੁ ਮਿੰਟ ਸੁੰਨ ਜਿਹੀ ਉੱਥੇ ਹੀ ਖੜ੍ਹੀ ਰਹੀ। ਐਨੇ ਨੂੰ ਬਾਬੂ ਦੇ ਫ਼ੋਨ ਦੀ ਬੈੱਲ ਵੱਜੀ ਅਤੇ ਉਹ ਫ਼ੋਨ ’ਤੇ ਗੱਲਾਂ ਕਰਨ ’ਚ ਰੁੱਝ ਗਿਆ। ਮੈਨੂੰ ਪਿਛਲੇ ਛੇ ਮਹੀਨਿਆਂ ਦਾ ਕਿਰਾਇਆ ਅਤੇ ਬੱਸਾਂ ’ਚ ਖਾਧੇ ਧੱਕੇ ਰੜਕਣ ਲੱਗੇ। ਮੇਰਾ ਬਾਪੂ ਕਦੇ ਆਪਣੀਆਂ ਦਿਹਾੜੀਆਂ ਭੰਨ ਕੇ ਅਤੇ ਕਦੇ ਗੁਆਂਢੀਆਂ ਤੋਂ ਉਧਾਰ ਲੈ ਕੇ ਆਉਂਦਾ ਹੁੰਦਾ ਸੀ ਮੇਰੇ ਨਾਲ ਦਫ਼ਤਰ। ਪਰ…?’’ ਆਖਦੇ ਹੋਏ ਉਹਦੀਆਂ ਅੱਖਾਂ ਛਲਕ ਪਈਆਂ ਤੇ ਫੇਰ ਆਪ ਹੀ ਆਖਣ ਲੱਗੀ, ‘‘ਮੈਡਮ ਜੀ, ਪਰ ਮੈਂ ਵੀ ਸੋਚ ਲਿਆ ਕਿ ਜੇ ਐਦਾਂ ਨੌਕਰੀ ਨਹੀਂ ਮਿਲੀ ਤਾਂ ਕੋਈ ਗੱਲ ਨਹੀਂ। ਹੋਰ ਕੰਪੀਟੀਸ਼ਨ ਬਥੇਰੇ ਪਰ ਨੌਕਰੀ ਤਾਂ ਮੈਂ ਹਾਸਲ ਕਰ ਕੇ ਹੀ ਰਹਾਂਗੀ।’’ ਸ਼ਰਨਦੀਪ ਦੀਆਂ ਗੱਲਾਂ ਸੁਣ ਮੈਂ ਸੋਚਣ ਲੱਗੀ ਕਿ ਇਹ ਕੁੜੀ ਖੇਡਾਂ ਵਿੱਚ ਹੀ ਚੈਂਪੀਅਨ ਨਹੀਂ, ਇਹ ਧੀ ਤਾਂ ਸਮੱਸਿਆਵਾਂ ਅਤੇ ਮਜਬੂਰੀਆਂ ਨੂੰ ਦਰੜਦੀ ਹੋਈ ਜ਼ਿੰਦਗੀ ਦੀ ਵੀ ਚੈਂਪੀਅਨ ਬਣ ਗਈ ਜਿਹੜੀ ਅੱਜ ਝੋਨਾ ਲਾ ਕੇ ਵੀ ਆਪਣੇ ਸੁਪਨੇ ਸਾਕਾਰ ਕਰਨ ਦਾ ਜਿਗਰਾ ਰੱਖਦੀ ਹੈ।
ਸੰਪਰਕ: 98143-85918