ਚੱਕਰਵਿਊਹ
ਵਿਆਹ ਹੁੰਦੇ ਹੀ ਮਾਂ ਨੇ ਪੁੱਤ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਸੀ, ‘ਜਾਂ ਜਦੇ ਜਾਂ ਕਦੇ’ ਤੇ ਵਿਆਹ ਤੋਂ ਪੂਰੇ ਸਵਾ ਨੌਂ ਮਹੀਨਿਆਂ ਬਾਅਦ ਘਰੇ ਦੇਵੀ ਆ ਗਈ। ਪਿਤਾ ਨੂੰ ਖ਼ੁਸ਼ੀ ਸੀ ਕਿ ਉਸ ਦੇ ਘਰ ਪਹਿਲੀ ਧੀ ਆਈ...
ਵਿਆਹ ਹੁੰਦੇ ਹੀ ਮਾਂ ਨੇ ਪੁੱਤ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਸੀ, ‘ਜਾਂ ਜਦੇ ਜਾਂ ਕਦੇ’ ਤੇ ਵਿਆਹ ਤੋਂ ਪੂਰੇ ਸਵਾ ਨੌਂ ਮਹੀਨਿਆਂ ਬਾਅਦ ਘਰੇ ਦੇਵੀ ਆ ਗਈ। ਪਿਤਾ ਨੂੰ ਖ਼ੁਸ਼ੀ ਸੀ ਕਿ ਉਸ ਦੇ ਘਰ ਪਹਿਲੀ ਧੀ ਆਈ ਹੈ। ਧੀ ਰਾਣੀ ਦੇ ਆਉਣ ਤੋਂ ਪਹਿਲਾਂ ਹੀ ਉਸ ਨੂੰ ਬਾਜ਼ਾਰਾਂ ਵਿੱਚ ਟੰਗੀਆਂ ਨਿੱਕੀਆਂ ਨਿੱਕੀਆਂ ਫਰਾਕਾਂ ਤੇ ਗੁਲਾਬੀ ਰੰਗ ਦੀਆਂ ਪੁਸ਼ਾਕਾਂ ਪਸੰਦ ਆਉਣ ਲੱਗ ਪਈਆਂ ਸਨ। ਹਰ ਪਿਤਾ ਵਾਂਗ ਉਸ ਨੂੰ ਵੀ ਮੁੰਡੇ ਦੀ ਆਸ ਤਾਂ ਸੀ, ਪਰ ਧੀ ਹੋਣ ’ਤੇ ਵੀ ਉਸ ਦੀ ਖ਼ੁਸ਼ੀ ਮੱਧਮ ਨਹੀਂ ਸੀ ਹੋਈ। ਉਸ ਆਪਣੀ ਧੀ ਦਾ ਨਾਂ ਖ਼ੁਸ਼ੀ ਰੱਖਿਆ।
ਖ਼ੁਸ਼ੀ ਹਾਲੇ ਛੋਟੀਆਂ-ਛੋਟੀਆਂ ਪੁਲਾਘਾਂ ਪੁੱਟਣ ਲੱਗੀ ਸੀ ਕਿ ਨਿੱਕੇ ਵੀਰ ਨੇ ਵੀ ਘਰ ਵਿੱਚ ਪੈਰ ਪਾ ਲਏ। ਮੁੰਡੇ ਦਾ ਨਾਂ ਵੰਸ਼ ਰੱਖਿਆ ਗਿਆ। ਉਸ ਦੀ ਸਰਦਾਰਨੀ ਦੂਜੀ ਵਾਰ ਵੀ ਧੀ ਦੀ ਉਡੀਕ ਕਰ ਰਹੀ ਸੀ ਪਰ ਪੁੱਤ ਦੇ ਆਉਣ ਨਾਲ ਵੀ ਉਸ ਨੂੰ ਓਨਾ ਹੀ ਚਾਅ ਚੜ੍ਹਿਆ।
ਪਤੀ-ਪਤਨੀ ਨੇ ਬੱਚਿਆਂ ਨੂੰ ਆਪਣੇ ਵਿੱਤ ਤੋਂ ਬਾਹਰ ਜਾ ਕੇ ਪੜ੍ਹਾਇਆ। ਉੱਚ ਵਿਦਿਆ ਦਿਵਾਉਣ ਲਈ ਕਰਜ਼ਾ ਚੁੱਕਿਆ। ਦੋਵਾਂ ਦੀਆਂ ਤਨਖ਼ਾਹਾਂ ਅਤੇ ਜ਼ਮੀਨ ਦੇ ਠੇਕੇ ਨਾਲ ਪੂਰਾ ਨਹੀਂ ਸੀ ਪੈ ਰਿਹਾ। ਬੱਚਿਆਂ ਨੂੰ ਟਿਊਸ਼ਨ ਦਿਵਾਉਣ ਲਈ ਇੱਕ ਤੋਂ ਦੋ ਘਰ ਕਰਨੇ ਪਏ। ਪਤਨੀ ਬੱਚਿਆਂ ਨੂੰ ਲੈ ਕੇ ਚੰਡੀਗੜ੍ਹ ਆ ਗਈ। ਦੇਰ ਸਵੇਰ ਦੀਆਂ ਮਹਿੰਗੀਆਂ ਟਿਊਸ਼ਨਾਂ ਤੇ ਊਬਰਾਂ ਦੇ ਭਾੜੇ। ਉੱਪਰੋਂ ਕਿਰਾਏ ਤੇ ਰਸੋਈ ਦਾ ਖ਼ਰਚ ਵੱਖਰਾ। ਬੱਚਿਆਂ ਦੀ ਪੜ੍ਹਾਈ ਪੂਰੀ ਹੋਣ ਤੱਕ ਪੈਸਾ ਨਾ ਮੁੜਿਆ। ਇਸ ਕਰਕੇ ਕਰਜ਼ੇ ਦੇ ਵਿਆਜ ’ਤੇ ਵਿਆਜ ਭਰਨਾ ਪਿਆ। ਇਸ ਜ਼ਿੰਮੇਵਾਰੀ ਨੇ ਇੱਕ ਵਾਰ ਤਾਂ ਉਸ ਦਾ ਲੱਕ ਭੰਨ੍ਹ ਦਿੱਤਾ। ਹਾਲਾਤ ਹਾਲੇ ਵੀ ਸੁਧਰ ਨਹੀਂ ਸੀ ਰਹੇ। ਬੱਚਿਆਂ ਦੀ ਖ਼ਾਤਰ ਉਸ ਨੇ ਕਰਜ਼ਾ ਚੁੱਕਿਆ ਸੀ। ਇਹ ਨਹੀਂ ਕਿ ਉਹ ਕਰਜ਼ਾ ਮੋੜਨਾ ਨਹੀਂ ਸੀ ਚਾਹੁੰਦਾ, ਬਸ ਬੱਚਿਆਂ ਦੇ ਨੌਕਰੀ ਲੱਗਣ ਤੋਂ ਬਾਅਦ ਵੀ ਘਰ ਵਿੱਚ ਬਰਕਤ ਨਹੀਂ ਸੀ ਪਈ।
ਬੇਟੀ ਦੰਦਾਂ ਦੀ ਡਾਕਟਰ ਬਣੀ। ਪੁੱਤ ਸਰਕਾਰੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ। ਧੀ ਦੇ ਬੀ ਡੀ ਐੱਸ ਤੋਂ ਬਾਅਦ ਐੱਮ ਡੀ ਐੱਸ ਕਰਦਿਆਂ ਹੀ ਵਿਆਹ ਕਰ ਕੇ ਉਸ ਨੂੰ ਵਿਦੇਸ਼ ਤੋਰ ਦਿੱਤਾ। ਹੁਣ ਉਹ ਇੱਕ ਬੱਚੀ ਦੀ ਮਾਂ ਹੈ। ਉਸ ਦੀ ਪਤਨੀ ਜਿਹੜੀ ਆਪਣੇ ਘਰ ਦੋ ਧੀਆਂ ਮੰਗਦੀ ਸੀ, ਹੁਣ ਉਹ ਆਪਣੀ ਧੀ ਦੇ ਘਰ ਪੁੱਤ ਲਈ ਅਰਦਾਸਾਂ ਕਰਦੀ ਹੈ। ਕਹਿੰਦੀ ਹੈ ਕਿ ਧੀਆਂ ਦਾ ਸਹੁਰਿਆਂ ਦੇ ਘਰ ਮੁੱਲ ਵੰਸ਼ ’ਚ ਅੱਗੇ ਵਾਧਾ ਕਰਕੇ ਹੀ ਪੈਂਦਾ ਹੈ। ਖ਼ਬਰੇ ਉਸ ਨੂੰ ਧੀ ਦੇ ਸਹੁਰਿਆਂ ਵੱਲੋਂ ਕੋਈ ਅਜਿਹੀ ਸੂਹ ਲੱਗੀ ਹੋਵੇ। ਵੰਸ਼ ਦੀ ਪਤਨੀ ਉਸੇ ਸ਼ਹਿਰ ਦੇ ਹਸਪਤਾਲ ਵਿੱਚ ਐਡਮਿਨਿਸਟਰੇਟਰ ਹੈ।
ਵਿਆਹ ਨੂੰ ਛੇ ਸਾਲ ਬੀਤ ਗਏ ਹਨ ਪਰ ਵੰਸ਼ ਦਾ ਵੰਸ਼ ਅੱਗੇ ਵਧਦਾ ਨਹੀਂ ਦਿਸਦਾ। ਵੰਸ਼ ਦੀ ਮਾਂ ਦੀ ਇੱਛਾ ਤਾਂ ਹੈ ਪਰ ਬੱਚਿਆਂ ਨੂੰ ਲੈ ਕੇ ਝੋਰਾ ਨਹੀਂ ਕਰਦੀ, ਪਰ ਪਿਤਾ ਇਸ ਚਿੰਤਾ ਹੇਠ ਦੱਬ ਗਿਆ। ਉਹ ਪੁੱਤ ਤੇ ਨੂੰਹ ਨੂੰ ਗੱਲ-ਗੱਲ ’ਤੇ ਟੋਕਣ ਲੱਗਾ। ਇੱਕ ਸਾਲ ਹੋਰ ਲੰਘ ਗਿਆ ਤੇ ਬੱਚੇ ਦੀ ਕੋਈ ਖ਼ਬਰ ਨਾ ਮਿਲਣ ’ਤੇ ਉਹ ਫ਼ਿਕਰ ਵਿੱਚ ਉਨ੍ਹਾਂ ਨੂੰ ਸੰਤਾਂ ਜਾਂ ਡੇਰਿਆਂ ਦੀਆਂ ਚੌਕੀਆਂ ਭਰਨ ਦੀ ਸਲਾਹ ਦੇਣ ਲੱਗਾ। ਉਸ ਨੇ ਘਰ ਵਿੱਚ ਪਾਠ ਵੀ ਕਰਾਇਆ ਤੇ ਪੰਡਿਤ ਸੱਦ ਕੇ ਪੂਜਾ ਵੀ ਕਰਵਾਈ। ਕਈ ਪਾਂਧਿਆਂ ਦੇ ਦਰੀਂ ਵੀ ਜਾ ਖੜ੍ਹਿਆ ਹੈ। ਵਿਆਹ ਤੋਂ ਬਾਅਦ ਜਦੋਂ ਪਹਿਲੀ ਵਾਰ ਉਹ ਨਵੀਂ ਜੋੜੀ ਨੂੰ ਜਠੇਰਿਆਂ ’ਤੇ ਮੱਥਾ ਟਿਕਾਉਣ ਲਈ ਲੈ ਕੇ ਗਿਆ ਸੀ, ਉਦੋਂ ਹੀ ਉਸ ਨੇ ਪੋਤੇ ਦੀ ਸੁਖਣਾ ਸੁਖ ਲਈ ਸੀ।
ਪਿਤਾ ਦੇ ਬੋਲੋੜੇ ਦਬਾਅ ਕਾਰਨ ਹੁਣ ਪੁੱਤਰ ਤੇ ਨੂੰਹ ਦੋਵੇਂ ਹੀ ਪ੍ਰੇਸ਼ਾਨ ਹਨ। ਉਨ੍ਹਾਂ ਹੁਣ ਕਈ ਵਾਰ ਅੱਗੋਂ ਜਵਾਬ ਦੇਣਾ ਵੀ ਸ਼ੁਰੂ ਕਰ ਦਿੱਤਾ। ਇੱਕ ਦਿਨ ਘਰ ਵਿੱਚ ਕਲੇਸ਼ ਛਿੜ ਗਿਆ ਕਿਉਂਕਿ ਉਸ ਨੇ ਆਪਣੀ ਨੂੰਹ ਨੂੰ ਉਮਰ ਲੰਘਦੀ ਜਾਣ ਅਤੇ ਮੋਟੀ ਹੋਣ ਦਾ ਮਿਹਣਾ ਮਾਰ ਦਿੱਤਾ। ਇਹ ਗੱਲ ਪੁੱਤਰ ਤੇ ਨੂੰਹ ਦੋਵਾਂ ਨੂੰ ਹੀ ਬੇਹੱਦ ਬੁਰੀ ਲੱਗੀ। ਵੰਸ਼ ਨੇ ਪਤਨੀ ਦੇ ਸਰੀਰ ਨੂੰ ਲੈ ਕੇ ਪਿਤਾ ਵੱਲੋਂ ਕੀਤੀ ਟਿੱਪਣੀ ਦਾ ਵਿਰੋਧ ਕੀਤਾ। ਉੱਧਰ ਉਸ ਦੀ ਪਤਨੀ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਸੀ। ਘਰ ਵਿੱਚ ਕਈ ਦਿਨ ਸਾਰਿਆਂ ਦੀ ਬੋਲਚਾਲ ਬੰਦ ਰਹੀ। ਅਖੀਰ ਮਾਂ ਨੇ ਬੱਚਿਆਂ ਨੂੰ ਸਮਝਾ ਕੇ ਪਿਤਾ ਨਾਲ ਸੁਲਾਹ ਕਰਵਾਈ। ਵਿਦੇਸ਼ ਬੈਠੀ ਧੀ ਨੂੰ ਜਦੋਂ ਸਾਰੀ ਗੱਲ ਪਤਾ ਲੱਗੀ ਤਾਂ ਉਸ ਵੀ ਪਿਤਾ ਨੂੰ ਵਰਜਿਆ ਅਤੇ ਨਾਲੇ ਭਰਾ-ਭਰਜਾਈ ਨੂੰ ਵੀ ਪਿਤਾ ਦੀ ਚਿੰਤਾ ਦਾ ਵਾਸਤਾ ਪਾਇਆ।
ਵੰਸ਼ ਤੇ ਉਸ ਦੀ ਪਤਨੀ, ਦੋਵੇਂ ਹੀ ਆਧੁਨਿਕ ਜੀਵਨ ਸ਼ੈਲੀ ਪਸੰਦ ਕਰਨ ਵਾਲੇ ਹਨ। ਉਨ੍ਹਾਂ ਨੂੰ ਬੇਫ਼ਿਕਰੇ ਢੰਗ ਨਾਲ ਜਿਊਣਾ, ਖੁੱਲ੍ਹਾ ਖਾਣ-ਪੀਣ, ਬਿਨਾਂ ਰੋਕ-ਟੋਕ ਘੁੰਮਣਾ ਫਿਰਨਾ ਚੰਗਾ ਲੱਗਦਾ ਹੈ। ਹਾਲਾਂਕਿ ਉਹ ਦੋਵੇਂ ਹੀ ਮਾਤਾ-ਪਿਤਾ ਨੂੰ ਵੀ ਪੂਰਾ ਸਨਮਾਨ ਦਿੰਦੇ ਸਨ। ਉਨ੍ਹਾਂ ਦਾ ਜਨਮ ਦਿਨ ਹੋਵੇ ਜਾਂ ਵਿਆਹ ਦੀ ਵਰ੍ਹੇਗੰਢ, ਦੋਵੇਂ ਉਚੇਚੇ ਤੌਰ ’ਤੇ ਜਸ਼ਨ ਦਾ ਪ੍ਰਬੰਧ ਕਰਦੇ।
ਇਸ ਸਾਲ ਜਦੋਂ ਵੰਸ਼ ਅਤੇ ਉਸ ਦੀ ਪਤਨੀ ਨੇ ਕੈਨੇਡਾ ਫੇਰੀ ਤੋਂ ਬਾਅਦ ਆਸਟਰੇਲੀਆ ਜਾਣ ਦਾ ਮਨ ਬਣਾਇਆ ਤਾਂ ਬਾਪੂ ਨੇ ਮੁੜ ਉਹੀ ਗੱਲ ਛੇੜ ਲਈ। ਮੁੜ ਕਲੇਸ਼ ਪਿਆ, ਡਾਹਢਾ ਲੜਾਈ ਝਗੜਾ ਹੋਇਆ। ਨੂੰਹ ਦਾ ਕਹਿਣਾ ਸੀ ਕਿ ਵਿਆਹ ਕਰਵਾਉਣਾ ਹੀ ਨਹੀਂ ਚਾਹੀਦਾ, ਨਾ ਮਾਂ-ਪਿਓ ਦਾ ਦਬਾਅ ਤੇ ਨਾ ਸੱਸ-ਸਹੁਰੇ ਦੀ ਚਿੰਤਾ। ਉਸ ਲਈ ਵਿਆਹ ਤੇ ਬੱਚਾ ਪੈਦਾ ਕਰਨ ਲਈ ਦਿੱਤੀ ਜਾ ਰਹੀ ਨਸੀਹਤ ਇੱਕ ਐਸੀ ਪ੍ਰੇਸ਼ਾਨੀ ਸੀ, ਜਿਸ ਨੂੰ ਛੱਡ ਕੇ ਉਹ ਕਿਤੇ ਦੂਰ ਚਲੀ ਜਾਣਾ ਚਾਹੁੰਦੀ ਸੀ।
ਵੰਸ਼ ਨੇ ਵੀ ਗੁੱਸੇ ਵਿੱਚ ਆਪਣੇ ਪਿਤਾ ਨੂੰ ਅੱਜ ਸਾਫ਼ ਸਾਫ਼ ਕਹਿ ਦਿੱਤਾ ਕਿ ਉਹ ਦੋਵੇਂ ਬੱਚਾ ਚਾਹੁੰਦੇ ਹੀ ਨਹੀਂ ਹਨ। ਉਸ ਆਖਿਆ, ‘‘ਪਾਪਾ, ਅੱਜ ਦੇ ਜ਼ਮਾਨੇ ਵਿੱਚ ਬੱਚਾ ਪੈਦਾ ਕਰਨਾ ਕੈਪੀਟਲਿਜ਼ਮ ਹੈ। ਜੰਮਣ ਤੋਂ ਲੈ ਕੇ ਖ਼ਰਚੇ ਹੀ ਖ਼ਰਚੇ। ਸਕੂਲ ਬੈਗ ਤੋਂ ਲੈ ਕੇ ਜੀਨ ਤੱਕ ਸਾਰਾ ਕੁਝ ਬਰੈਂਡਿਡ। ਸਿਰੇ ਦੇ ਸਕੂਲ ਵਿੱਚ ਦਾਖ਼ਲਾ ਕਰਾਉਣ ਤੋਂ ਉਰ੍ਹੇ ਸਟੇਟਸ ਨਹੀਂ ਰਹਿੰਦਾ। ਹੋਰ ਤਾਂ ਹੋਰ ਪੈਨਸਿਲਾਂ ਅਤੇ ਜਿਉਮੈਟਰੀ ਬੌਕਸ ਵੀ ਬਰੈਂਡਿਡ। ਇਸ ਸਿਸਟਮ ’ਚ ਸਾਡਾ ਆਪਣਾ ਦਮ ਘੁਟ ਕੇ ਰਹਿ ਜਾਵੇਗਾ।’’ ਵੰਸ਼ ਆਪਣੇ ਪਿਤਾ ਨੂੰ ਦਲੀਲਾਂ ਦੇ ਰਿਹਾ ਸੀ, ‘‘ਤੁਸੀਂ ਖ਼ੁਦ ਸਭ ਕੁਝ ਦਾਅ ’ਤੇ ਲਾ ਕੇ ਸਾਨੂੰ ਪਾਲਿਆ, ਪੜ੍ਹਾਇਆ ਪਾਪਾ। ਤੁਸੀਂ ਹੀ ਦੇਖੋ, ਅੱਜ ਖ਼ੁਸ਼ੀ ਤੁਹਾਡੇ ਤੋਂ ਕਿੰਨੀ ਦੂਰ ਬੈਠੀ ਹੈ। ਆਪਣੇ ਗਲੀ-ਮੁਹੱਲੇ ਵਿੱਚ ਕਿਸੇ ਦਾ ਬੱਚਾ ਆਪਣੇ ਮਾਤਾ-ਪਿਤਾ ਨਾਲ ਨਹੀਂ ਹੈ। ਬੁੱਢੇ ਮਾਂ-ਪਿਓ ਇਕੱਲੇ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਜੇ ਅਸੀਂ ਵੀ ਜੰਮ ਲਏ ਤਾਂ ਕਿਹੜਾ ਉਨ੍ਹਾਂ ਸਾਡੇ ਨਾਲ ਰਹਿਣਾ ਹੈ। ਫਿਰ ਐਵੇਂ ਹੀ ਆਪਣੀ ਜ਼ਿੰਦਗੀ ਉਨ੍ਹਾਂ ਦੇ ਲੇਖੇ ਕਿਉਂ ਲਾਉਣੀ ਹੋਈ? ਅਸੀਂ ਇਸ ਚੱਕਰਵਿਊਹ ਵਿੱਚ ਨਾ ਫਸਣ ਦਾ ਫ਼ੈਸਲਾ ਲਿਆ ਹੈ। ਅਸੀਂ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜੀਵਾਂਗੇ।’’
ਘਰ ਵਿੱਚ ਚੁੱਪ ਪਸਰ ਗਈ। ਸਾਰੇ ਜਣੇ ਹੌਲੀ ਹੌਲੀ ਨੀਵੀਂ ਪਾਈ ਆਪਣੇ ਕਮਰਿਆਂ ਵੱਲ ਵਧ ਗਏ।
ਸੰਪਰਕ: 98147-34035

