ਬਿੱਲੀਆਂ ਵਾਲੀ ਤਾਈ
ਪਿੰਡਾਂ ਦੀ ਇੱਕ ਅਲੱਗ ਹੀ ਦੁਨੀਆ ਹੁੰਦੀ ਹੈ। ਇੱਥੇ ਲੋਕ ਸਿਰਫ਼ ਨਾਵਾਂ ਨਾਲ ਨਹੀਂ ਸਗੋਂ ਸਬੰਧਾਂ, ਥਾਵਾਂ ਅਤੇ ਯਾਦਾਂ ਨਾਲ ਜਾਣੇ ਜਾਂਦੇ ਹਨ। ਖ਼ਾਸਕਰ ਔਰਤਾਂ ਦੀ ਪਛਾਣ ਅਕਸਰ ਆਪਣੇ ਪੇਕੇ ਪਿੰਡ ਦੇ ਨਾਂ ਨਾਲ ਜੁੜ ਜਾਂਦੀ ਹੈ। ਵਿਆਹ ਮਗਰੋਂ ਉਹਦਾ...
ਪਿੰਡਾਂ ਦੀ ਇੱਕ ਅਲੱਗ ਹੀ ਦੁਨੀਆ ਹੁੰਦੀ ਹੈ। ਇੱਥੇ ਲੋਕ ਸਿਰਫ਼ ਨਾਵਾਂ ਨਾਲ ਨਹੀਂ ਸਗੋਂ ਸਬੰਧਾਂ, ਥਾਵਾਂ ਅਤੇ ਯਾਦਾਂ ਨਾਲ ਜਾਣੇ ਜਾਂਦੇ ਹਨ। ਖ਼ਾਸਕਰ ਔਰਤਾਂ ਦੀ ਪਛਾਣ ਅਕਸਰ ਆਪਣੇ ਪੇਕੇ ਪਿੰਡ ਦੇ ਨਾਂ ਨਾਲ ਜੁੜ ਜਾਂਦੀ ਹੈ। ਵਿਆਹ ਮਗਰੋਂ ਉਹਦਾ ਆਪਣਾ ਨਾਮ ਹੌਲੀ-ਹੌਲੀ ਪਿੱਛੇ ਰਹਿ ਜਾਂਦਾ ਹੈ ਅਤੇ ਉਹ ‘ਫ਼ਲਾਨੇ ਪਿੰਡ ਵਾਲੀ’ ਬਣ ਜਾਂਦੀ ਹੈ। ਇਹ ਰਿਵਾਜ ਕਈ ਵਾਰ ਪਿਆਰ ਦਾ ਲਹਿਜਾ ਲੱਗਦਾ ਹੈ, ਪਰ ਕਈ ਵਾਰ ਸੋਚਣ ਲਈ ਮਜਬੂਰ ਕਰਦਾ ਹੈ ਕਿ ਕੀ ਵਿਆਹ ਮਗਰੋਂ ਔਰਤ ਦੀ ਅਸਲ ਪਛਾਣ ਧੁੰਦਲੀ ਹੋ ਜਾਂਦੀ ਹੈ?
ਮੇਰੇ ਘਰ ਵਿੱਚ ਵੀ ਇਹੀ ਰਿਵਾਜ ਸੀ। ਮੇਰੀ ਵੱਡੀ ਤਾਈ ਦਾ ਨਾਂ ਚੰਦ ਕੌਰ ਸੀ ਪਰ ਪਿੰਡ ਵਿੱਚ ਉਹਦਾ ਨਾਂ ਘੱਟ ਹੀ ਸੁਣਨ ਨੂੰ ਮਿਲਦਾ ਸੀ। ਸਭ ਉਸ ਨੂੰ ‘ਦੁੱਗਾਂ ਵਾਲੀ’ ਕਹਿੰਦੇ ਸਨ, ਕਿਉਂਕਿ ਉਹਦਾ ਪੇਕਾ ਪਿੰਡ ਦੁੱਗਾਂ ਸੀ। ਇਸੇ ਤਰ੍ਹਾਂ ਮੇਰੀ ਚਾਚੀ ਬਲਦੇਵ ਕੌਰ ਨੂੰ ਸਾਰਾ ਪਿੰਡ ‘ਪੇਧਨੀ ਆਲੀ’ ਕਹਿੰਦਾ ਸੀ। ਇਹ ਸਾਰੇ ਨਾਂ ਇੱਕ ਅਲੱਗ ਹੀ ਭਾਸ਼ਾ ਬਣ ਜਾਂਦੇ ਸਨ- ਸਬੰਧਾਂ ਦੀ ਭਾਸ਼ਾ, ਜਿੱਥੇ ਅਸਲ ਨਾਵਾਂ ਨਾਲੋਂ ਥਾਵਾਂ ਤੇ ਯਾਦਾਂ ਦੇ ਨਿਸ਼ਾਨ ਵੱਧ ਮਹੱਤਵ ਰੱਖਦੇ ਸਨ।
ਪਰ ਮੇਰੀ ਛੋਟੀ ਤਾਈ ਮਹਿੰਦਰ ਕੌਰ ਉਰਫ਼ ਮਿੰਦਰੋ ਸੀ, ਉਹਦੀ ਪਛਾਣ ਸਭ ਤੋਂ ਵੱਖਰੀ ਸੀ। ਪਿੰਡ ਲਈ ਉਹ ‘ਸਲੇਮਪੁਰ ਆਲੀ’ ਸੀ, ਪਰ ਸਾਡੇ ਲਈ ਉਹ ਹਮੇਸ਼ਾਂ ‘ਬਿੱਲੀਆਂ ਵਾਲੀ ਤਾਈ’ ਰਹੀ। ਇਹ ਨਾਂ ਕੋਈ ਤਨਜ਼ ਨਹੀਂ ਸੀ, ਇਹ ਪਿਆਰ ਦਾ ਸੰਬੋਧਨ ਸੀ। ਤਾਈ ਦੇ ਵਿਹੜੇ ਵਿੱਚ ਜਾਓ ਤਾਂ ਸੱਚਮੁੱਚ ਬਿੱਲੀਆਂ ਹੀ ਬਿੱਲੀਆਂ ਦਿਸਦੀਆਂ ਸਨ। ਘਰ ਦੇ ਕੋਨੇ, ਮੰਜਿਆਂ ਹੇਠਾਂ, ਚੌਂਕੇ ਕੋਲ, ਕਦੇ ਛੱਜੇ ਉੱਤੇ- ਹਰ ਥਾਂ ਉਨ੍ਹਾਂ ਦੀ ਹਲਚਲ ਹੁੰਦੀ। ਉਹ ਘਰ ਜਿਵੇਂ ਇਨਸਾਨਾਂ ਨਾਲੋਂ ਜ਼ਿਆਦਾ ਬਿੱਲੀਆਂ ਦੀ ਮਸਤੀ ਨਾਲ ਭਰਿਆ ਰਹਿੰਦਾ ਸੀ। ਤਾਈ ਦੀਆਂ ਅੱਖਾਂ ਵਿੱਚ ਉਨ੍ਹਾਂ ਲਈ ਮਾਂ ਵਰਗਾ ਪਿਆਰ ਸੀ। ਜਿਨ੍ਹਾਂ ਦੀ ਆਪਣੀ ਔਲਾਦ ਨਹੀਂ ਹੁੰਦੀ ਉਹ ਕਈ ਵਾਰ ਪਿਆਰ ਦੇ ਹੋਰ ਰੂਪ ਲੱਭ ਲੈਂਦੇ ਹਨ। ਤਾਈ ਲਈ ਉਹ ਰੂਪ ਬਿੱਲੀਆਂ ਸਨ।
ਤਾਈ ਦੇ ਵਿਹੜੇ ਦੀ ਸਭ ਤੋਂ ਵੱਡੀ ਸ਼ਾਨ ਸੀ ਇੱਕ ਦਿਓ ਵਰਗਾ ਨਿੰਮ ਦਾ ਰੁੱਖ। ਉਹਦੀ ਉਚਾਈ ਆਸਮਾਨ ਨਾਲ ਗੱਲਾਂ ਕਰਦੀ ਜਾਪਦੀ। ਉਹਦਾ ਮੋਟਾ ਤਣਾ, ਉਸ ਨੂੰ ਜੱਫੀ ਪਾਉਣ ਲਈ ਘੱਟੋ-ਘੱਟ ਪੰਜ ਬੰਦੇ ਚਾਹੀਦੇ ਸਨ। ਪਿੰਡ ਦੇ ਬਜ਼ੁਰਗ ਕਹਿੰਦੇ ਸਨ ਕਿ ਇਹ ਨਿੰਮ ਪਿੰਡ ਬੱਝਣ ਤੋਂ ਪਹਿਲਾਂ ਦਾ ਹੈ। ਕਿੰਨੇ ਹੀ ਸਾਲਾਂ, ਕਿੰਨੀਆਂ ਹੀ ਪੀੜ੍ਹੀਆਂ ਦਾ ਗਵਾਹ। ਜਦੋਂ ਕਿਸੇ ਘਰ ਮੁੰਡਾ ਜੰਮਦਾ ਤਾਂ ਇਸ ਨਿੰਮ ਦੇ ਪੱਤੇ ਬੂਹਿਆਂ ’ਤੇ ਬੰਨ੍ਹੇ ਜਾਂਦੇ- ਸੁੱਖ, ਤੰਦਰੁਸਤੀ ਅਤੇ ਚੰਗੇ ਭਾਗਾਂ ਦੀ ਨਿਸ਼ਾਨੀ ਵਜੋਂ। ਲਗਪਗ ਸਾਰੇ ਪਿੰਡ ਦੇ ਦਰਵਾਜ਼ਿਆਂ ’ਤੇ ਇਸ ਨਿੰਮ ਦੀਆਂ ਪੱਤੀਆਂ ਦੀ ਦਸਤਕ ਹੁੰਦੀ ਰਹੀ। ਕੁਦਰਤ ਦੇ ਰੰਗ ਵੀ ਕਿੰਨੇ ਅਜੀਬ ਹਨ। ਜਿਸ ਦੇ ਵਿਹੜੇ ਵਿੱਚ ਇਹ ਨਿੰਮ ਖਲੋਤਾ ਸੀ, ਉਸ ਤਾਈ ਦੇ ਆਪਣੇ ਘਰ ਕੋਈ ਔਲਾਦ ਨਹੀਂ ਸੀ। ਨਾ ਧੀ, ਨਾ ਪੁੱਤ। ਪਰ ਉਹਦੇ ਰੁੱਖ ਦੀਆਂ ਪੱਤੀਆਂ ਪਿੰਡ ਦੇ ਤਕਰੀਬਨ ਹਰ ਘਰ ਦੇ ਦਰਵਾਜ਼ੇ ’ਤੇ ਲਹਿਰਾਉਂਦੀਆਂ ਸਨ। ਜਿਵੇਂ ਤਾਈ ਦੀ ਮਮਤਾ ਪਿੰਡ ਵਿੱਚ ਵੰਡ ਰਹੀਆਂ ਹੋਣ। ਹਰ ਵੱਡੀ ਚੀਜ਼ ਨਾਲ ਕੁਝ ਈਰਖਾਵਾਂ ਵੀ ਜੁੜ ਜਾਂਦੀਆਂ ਹਨ। ਕਈਆਂ ਨੂੰ ਉਸ ਨਿੰਮ ਨਾਲ ਚਿੜ ਸੀ- ‘ਪੱਤੇ ਖਿੰਡੇ ਰਹਿੰਦੇ ਹਨ,’ ‘ਸਫ਼ਾਈ ਖ਼ਰਾਬ ਹੁੰਦੀ ਹੈ’। ਪਰ ਉਸੇ ਨਿੰਮ ਦੀ ਠੰਢੀ ਛਾਂ ਹੇਠ ਬੈਠੋ ਤਾਂ ਮਨ ਨੂੰ ਇਕ ਅਜਿਹਾ ਸਕੂਨ ਮਿਲਦਾ ਜੋ ਕਿਸੇ ਕੰਧ ਜਾਂ ਛੱਤ ਹੇਠ ਨਹੀਂ ਮਿਲਦਾ। ਇਹ ਜੀਵਨ ਦੀ ਸੱਚਾਈ ਹੈ, ਅਸੀਂ ਕਈ ਵਾਰ ਛਾਂ ਦੇ ਸੁੱਖ ਨੂੰ ਭੁੱਲ ਕੇ ਪੱਤਿਆਂ ਦੀ ਔਖੀ ਗਿਣਤੀ ਕਰਦੇ ਰਹਿੰਦੇ ਹਾਂ।
ਅੱਜ ਸਮਾਂ ਕਾਫ਼ੀ ਬਦਲ ਚੁੱਕਾ ਹੈ। ਤਾਈ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਏ ਲਗਪਗ ਦਸ ਸਾਲ ਹੋਣ ਵਾਲੇ ਹਨ। ਮੇਰੇ ਤਾਏ ਦੀ ਮੌਤ ਤਾਂ ਉਸ ਤੋਂ ਵੀ ਪਹਿਲਾਂ ਹੋ ਗਈ ਸੀ। ਘਰ ਕੁਝ ਸਮਾਂ ਖਾਲੀ ਰਿਹਾ, ਫਿਰ ਰਿਸ਼ਤਿਆਂ ਦੀ ਲਕੀਰਾਂ ਵਿੱਚ ਰਲ ਗਿਆ। ਮੈਂ ਵੀ ਪਿੰਡ ਛੱਡ ਕੇ ਸ਼ਹਿਰ ਜਾ ਵਸਿਆ। ਜਦੋਂ ਕਦੇ ਪਿੰਡ ਦਾ ਗੇੜਾ ਲੱਗਦਾ ਹੈ ਤਾਂ ਤਾਈ ਦੇ ਪੁਰਾਣੇ ਘਰ ਅੱਗੇ ਕਦਮ ਆਪੇ ਰੁਕ ਜਾਂਦੇ ਹਨ। ਪਰ ਹੁਣ ਨਾ ਉਹ ਬਿੱਲੀਆਂ ਦਿੱਸਦੀਆਂ ਹਨ, ਨਾ ਉਹ ਬਿੱਲੀਆਂ ਵਾਲੀ ਤਾਈ। ਸਭ ਤੋਂ ਵੱਡਾ ਖਾਲੀਪਣ ਤਾਂ ਉਸ ਵੇਲੇ ਮਹਿਸੂਸ ਹੁੰਦਾ ਹੈ ਜਦੋਂ ਨਜ਼ਰ ਨਿੰਮ ਨੂੰ ਲੱਭਦੀ ਹੈ। ਉਹ ਆਕਾਸ਼ਚੁੰਬੀ ਨਿੰਮ ਹੁਣ ਕਿਤੇ ਨਹੀਂ ਦਿੱਸਦਾ। ਜਿੱਥੇ ਕਦੇ ਛਾਂ ਸੀ, ਉੱਥੇ ਹੁਣ ਖਾਲੀ ਆਸਮਾਨ ਹੈ। ਜਿਵੇਂ ਕਿਸੇ ਨੇ ਯਾਦਾਂ ਦੀ ਛਾਂ ਵੀ ਵੱਢ ਦਿੱਤੀ ਹੋਵੇ।
ਪਿੰਡਾਂ ਵਿੱਚ ਰੁੱਖ ਸਿਰਫ਼ ਰੁੱਖ ਨਹੀਂ ਹੁੰਦੇ। ਉਹ ਘਰਾਂ ਦੀ ਪਛਾਣ, ਗੱਲਾਂ-ਬਾਤਾਂ ਦੇ ਸਾਥੀ, ਬਚਪਨ ਦੀਆਂ ਖੇਡਾਂ ਦੇ ਗਵਾਹ ਹੁੰਦੇ ਹਨ। ਉਨ੍ਹਾਂ ਨਾਲ ਲੋਕਾਂ ਦੀਆਂ ਕਹਾਣੀਆਂ ਵੱਡੀਆਂ ਹੁੰਦੀਆਂ ਹਨ। ਜਦੋਂ ਰੁੱਖ ਵੱਢਿਆ ਜਾਂਦਾ ਹੈ ਤਾਂ ਲੱਕੜ ਹੀ ਨਹੀਂ, ਇੱਕ ਯੁੱਗ ਵੀ ਖ਼ਤਮ ਹੋ ਜਾਂਦਾ ਹੈ। ਤਾਈ ਦੀ ਯਾਦ ਅੱਜ ਵੀ ਉਸ ਖਾਲੀ ਵਿਹੜੇ ਵਿੱਚ ਵਸਦੀ ਜਾਪਦੀ ਹੈ। ਹਵਾ ਜਦੋਂ ਉੱਥੋਂ ਲੰਘਦੀ ਹੈ, ਤਾਂ ਲੱਗਦਾ ਹੈ ਜਿਵੇਂ ਨਿੰਮ ਦੇ ਪੱਤੇ ਅਜੇ ਵੀ ਸਰਸਰਾ ਰਹੇ ਹੋਣ, ਬਿੱਲੀਆਂ ਅਜੇ ਵੀ ਮੰਜਿਆਂ ਹੇਠ ਦੌੜ ਰਹੀਆਂ ਹੋਣ ਅਤੇ ਤਾਈ ਦੀ ਮਿੱਠੀ ਆਵਾਜ਼ ਅਜੇ ਵੀ ਕਿਸੇ ਕੋਨੇ ’ਚ ਗੂੰਜ ਰਹੀ ਹੋਵੇ। ਸਮਾਂ ਅੱਗੇ ਵਧਦਾ ਹੈ, ਪਰ ਕੁਝ ਨਿਸ਼ਾਨ ਦਿਲ ਵਿੱਚ ਸਦਾ ਲਈ ਖੁਣ ਜਾਂਦੇ ਹਨ। ‘ਬਿੱਲੀਆਂ ਵਾਲੀ ਤਾਈ’ ਅਤੇ ਉਹ ਆਕਾਸ਼ਚੁੰਬੀ ਨਿੰਮ- ਇਹ ਮੇਰੀ ਜ਼ਿੰਦਗੀ ਦੇ ਉਹ ਅਧਿਆਏ ਹਨ ਜਿਨ੍ਹਾਂ ਦੇ ਵਰਕੇ ਸਦਾ ਮੇਰੇ ਦਿਲ ਦੇ ਕੋਨੇ ’ਚ ਮਹਿਫ਼ੂਜ਼ ਰਹਿਣਗੇ।

