ਕੁਦਰਤ ਨਾਲ ਜੋੜਦਾ ਕਾਰਲਸਬੈਡ ਦਾ ਫਲਾਵਰ ਗਾਰਡਨ
ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਲਾਸ ਏਂਜਲਸ ਅਤੇ ਸਾਂ ਡਿਆਗੋ ਵਿਚਕਾਰ ਪੈਂਦਾ ਸ਼ਹਿਰ ਕਾਰਲਸਬੈਡ ਬਹੁਤ ਹੀ ਸੁੰਦਰ ਰਨਨਕਿਊਲੱਸ ਦੇ ਵਿਸ਼ਾਲ ਖੇਤਾਂ ਅਰਥਾਤ ‘ਫਲਾਵਰ ਗਾਰਡਨ’ ਭਾਂਤ-ਭਾਂਤ ਦੇ ਫੁੱਲਾਂ ਨਾਲ ਮਹਿਕ ਰਿਹਾ ਹੈ। ਇੱਥੇ ਪੈਟੂਨੇਸੀਆ, ਸਟੀਵ ਪੀ, ਪੋਇਨਸੇਟੀਆ, ਆਰਕਿਡ, ਗੁਲਾਬੀ, ਪੀਲਾ, ਲਾਲ,...
ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਲਾਸ ਏਂਜਲਸ ਅਤੇ ਸਾਂ ਡਿਆਗੋ ਵਿਚਕਾਰ ਪੈਂਦਾ ਸ਼ਹਿਰ ਕਾਰਲਸਬੈਡ ਬਹੁਤ ਹੀ ਸੁੰਦਰ ਰਨਨਕਿਊਲੱਸ ਦੇ ਵਿਸ਼ਾਲ ਖੇਤਾਂ ਅਰਥਾਤ ‘ਫਲਾਵਰ ਗਾਰਡਨ’ ਭਾਂਤ-ਭਾਂਤ ਦੇ ਫੁੱਲਾਂ ਨਾਲ ਮਹਿਕ ਰਿਹਾ ਹੈ। ਇੱਥੇ ਪੈਟੂਨੇਸੀਆ, ਸਟੀਵ ਪੀ, ਪੋਇਨਸੇਟੀਆ, ਆਰਕਿਡ, ਗੁਲਾਬੀ, ਪੀਲਾ, ਲਾਲ, ਚਿੱਟਾ, ਜਾਮਣੀ, ਪੌਪੀ, ਲਿਲੀ ਸਮੇਤ ਹਜ਼ਾਰਾਂ ਕਿਸਮਾਂ ਦੇ ਫੁੱਲ ਖਿੜੇ ਹੋਏ ਹਨ। ਉਂਜ, ਇੱਥੇ ਸੱਤ ਕਰੋੜ ਵੱਖ-ਵੱਖ ਕਿਸਮਾਂ ਤੇ ਰੰਗਾਂ ਦੇ ਫੁੱਲ ਦੇਖਣ ਨੂੰ ਮਿਲਦੇ ਹਨ। ਕੈਲੀਫੋਰਨੀਆ ਰਾਜ ਦਾ ਹਰ ਬਾਸ਼ਿੰਦਾ ਅਤੇ ਸੈਰ ਸਪਾਟੇ ਦਾ ਸ਼ੌਕੀਨ ਵਿਅਕਤੀ ਇਸ ਬਾਗ਼ ਦਾ ਗੇੜਾ ਲਾਉਣ ਜ਼ਰੂਰ ਪਹੁੰਚਦਾ ਹੈ। ਇਹ ਫੁੱਲਾਂ ਦਾ ਬਾਗ਼ 55 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ। ਇਹ ਫੁੱਲਾਂ ਦੇ ਖੇਤ ਹਰ ਸਾਲ ਛੇ ਤੋਂ ਅੱਠ ਹਫ਼ਤਿਆਂ ਲਈ ਲੋਕਾਂ ਦੇ ਦੇਖਣ ਲਈ ਪਹਿਲੀ ਮਾਰਚ ਤੋਂ ਮਈ ਦੇ ਅੱਧ ਤੱਕ ਖੋਲ੍ਹੇ ਜਾਂਦੇ ਹਨ। ਇਹ ਬਾਗ਼ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਇੱਥੇ ਭੀੜ ਇੰਨੀ ਹੁੰਦੀ ਹੈ ਕਿ ਬਾਗ਼ ਵਿੱਚ ਦਾਖ਼ਲ ਹੋਣ ਲਈ ਅੱਧਾ ਘੰਟਾ ਇੰਤਜ਼ਾਰ ਕਰਨਾ ਪੈਂਦਾ ਹੈ। ਬਾਗ਼ ਵਿੱਚ ਲੋਕਾਂ ਦੇ ਮਨੋਰੰਜਨ ਲਈ ਹਰ ਸਹੂਲਤ ਮੌਜੂਦ ਹੈ। ਇੱਥੇ ਸਾਰਾ ਦਿਨ ਗੀਤ ਸੰਗੀਤ ਦਾ ਪ੍ਰੋਗਰਾਮ ਵੀ ਚਲਦਾ ਰਹਿੰਦਾ ਹੈ। ਦਰਸ਼ਕ ਸੰਗੀਤਕ ਧੁਨਾਂ ’ਤੇ ਮਸਤ ਹੋ ਕੇ ਸਟੇਜ ਦੇ ਥੱਲੇ ਬਣੇ ਪਲੇਟਫਾਰਮ ਉੱਤੇ ਡਾਂਸ ਕਰਦੇ ਹਨ। ਭਾਵੇਂ ਇਸ ਮਨੋਰੰਜਨ ਦੇ ਪ੍ਰੋਗਰਾਮ ਵਿੱਚ ਵੱਖ-ਵੱਖ ਸੱਭਿਆਚਾਰਾਂ ਦੇ ਬੱਚੇ, ਨੌਜਵਾਨ ਅਤੇ ਬਜ਼ੁਰਗ ਦਰਸ਼ਕ ਸ਼ਾਮਲ ਹੁੰਦੇ ਹਨ, ਪਰ ਗੀਤ ਸੰਗੀਤ ਸੱਭਿਆਚਾਰ ਦੀਆਂ ਵਲਗਣਾਂ ਦਾ ਕੈਦੀ ਨਹੀਂ ਹੁੰਦਾ। ਸਾਰੇ ਦਰਸ਼ਕ ਸੰਗੀਤਕ ਧੁਨਾਂ ਦਾ ਆਨੰਦ ਮਾਣਦੇ ਹਨ। ਫਲਾਵਰ ਗਾਰਡਨ ਵਿੱਚ ਦਾਖ਼ਲ ਹੁੰਦਿਆਂ ਹੀ ਫੁੱਲਾਂ ਦੀ ਖ਼ੁਸ਼ਬੋ ਮਨ ਨੂੰ ਮੰਤਰ ਮੁਗਧ ਕਰ ਦਿੰਦੀ ਹੈ। ਇਉਂ ਮਹਿਸੂਸ ਹੋਣ ਲੱਗਦਾ ਹੈ ਜਿਵੇਂ ਸਵਰਗ ਵਿੱਚ ਆ ਗਏ ਹੋਈਏ।
ਜਿੱਥੋਂ ਤੱਕ ਦੂਰ-ਦੂਰ ਨਜ਼ਰ ਜਾਂਦੀ ਹੈ, ਜ਼ਮੀਨ ਉੱਤੇ ਫੁੱਲਾਂ ਦੀ ਬਹੁ-ਰੰਗੀ ਚਾਦਰ ਵਿਛੀ ਹੋਈ ਦਿਸਦੀ ਹੈੈ। ਫੁੱਲਾਂ ਦੀ ਮਹਿਕ ਦੇ ਹਜ਼ਾਰਾਂ ਦੀਵਾਨੇ ਹਰ ਰੋਜ਼ ਇਸ ਫਲਾਵਰ ਗਾਰਡਨ ਦਾ ਆਨੰਦ ਮਾਣਦੇ ਹਨ, ਖ਼ਾਸਕਰ ਜਵਾਨ ਲੜਕੇ-ਲੜਕੀਆਂ ਅਤੇ ਨਵੇਂ ਵਿਆਹੇ ਜੋੜੇ ਫੁੱਲਾਂ ਦੀ ਮਹਿਕ ਦਾ ਲੁਤਫ਼ ਲੈਂਦੇ ਦਿਖਾਈ ਦਿੰਦੇ ਹਨ। ਪ੍ਰਬੰਧਕਾਂ ਨੇ ਫੁੱਲਾਂ ਦੇ ਖੇਤ ਨੂੰ ਕਈ ਬਲਾਕਾਂ ਵਿੱਚ ਵੰਡਿਆ ਹੋਇਆ ਹੈ। ਹਰ ਬਲਾਕ ਵਿੱਚ ਇੱਕ ਥਾਂ ਅਜਿਹੀ ਬਣਾਈ ਹੋਈ ਹੈ, ਜਿੱਥੇ ਜਾ ਕੇ ਲੋਕ ਆਪੋ-ਆਪਣੇ ਮੋਬਾਈਲਾਂ ਜਾਂ ਕੈਮਰਿਆਂ ਨਾਲ ਤਸਵੀਰਾਂ ਖਿੱਚ ਸਕਦੇ ਹਨ।
ਲੋਕ ਅਨੁਸ਼ਾਸਨ ਵਿੱਚ ਰਹਿੰਦਿਆਂ ਆਪੋ-ਆਪਣੀ ਵਾਰੀ ਦੀ ਉਡੀਕ ਲਈ ਕਤਾਰ ਵਿੱਚ ਖੜ੍ਹ ਜਾਂਦੇ ਹਨ। ਮਜਾਲ ਹੈ ਕਿ ਕੋਈ ਕਤਾਰ ਤੋੜ ਦੇਵੇ ਤੇ ਖੇਤਾਂ ਵਿੱਚ ਵੜ ਜਾਵੇ। ਫੁੱਲਾਂ ਦੇ ਖੇਤ ਦੇ ਬਲਾਕਾਂ ਦੇ ਆਲੇ-ਦੁਆਲੇ ਕੋਈ ਵਾੜ ਨਹੀਂ ਕੀਤੀ ਹੋਈ, ਸਿਰਫ਼ ਪਲਾਸਟਿਕ ਦੀ ਪੱਟੀ ਲਾਈ ਹੋਈ ਹੈ। ਜਿਹੜੇ ਥਾਂ ਨਿਸ਼ਚਿਤ ਹਨ, ਉੱਥੇ ਹੀ ਦਰਸ਼ਕ ਜਾ ਸਕਦੇ ਹਨ। ਫੁੱਲਾਂ ਦੇ ਇਹ ਖੇਤ ਇੰਨੇ ਵੱਡੇ ਹਨ ਕਿ ਦਰਸ਼ਕ ਪੈਦਲ ਤੁਰ ਕੇ ਇੱਕ ਦਿਨ ਵਿੱਚ ਸਾਰੇ ਦੇਖ ਨਹੀਂ ਸਕਦੇ ਅਤੇ ਨਾ ਹੀ ਸਾਰੇ ਬਲਾਕਾਂ ਵਿੱਚ ਜਾ ਸਕਦੇ ਹਨ। ਇਨ੍ਹਾਂ ਬਲਾਕਾਂ ਦੇ ਆਲੇ-ਦੁਆਲੇ ਟਰੈਕਟਰ ਲਈ ਕੱਚੇ ਰਸਤੇ ਛੱਡੇ ਹੋਏ ਹਨ। ਪ੍ਰਬੰਧਕਾਂ ਦੇ ਦਸ ਟਰੈਕਟਰ ਲਗਾਤਾਰ ਦਰਸ਼ਕਾਂ ਨੂੰ ਲਿਜਾ ਕੇ ਚੱਕਰ ਲਾਉਂਦੇ ਰਹਿੰਦੇ ਹਨ। ਇੱਕ ਟਰੈਕਟਰ ਵਿੱਚ 20 ਵਿਅਕਤੀਆਂ ਦੇ ਬੈਠਣ ਲਈ ਸੀਟਾਂ ਬਣਾਈਆਂ ਹੋਈਆਂ ਹਨ। ਟਰੈਕਟਰ ਵਿੱਚ ਜਾ ਕੇ ਬਾਗ਼ ਦੇਖਣ ਦੀ ਟਿਕਟ ਸੱਤ ਡਾਲਰ ਬਾਲਗਾਂ ਅਤੇ ਦਸ ਸਾਲ ਤੋਂ ਘੱਟ ਦੇ ਬੱਚਿਆਂ ਲਈ ਤਿੰਨ ਡਾਲਰ ਹੈ। ਟਰੈਕਟਰ ਪਹਿਲੇ ਬਲਾਕ ਵਿੱਚ ਦਰਸ਼ਕਾਂ ਨੂੰ ਛੱਡ ਦਿੰਦਾ ਹੈ ਤੇ ਉੱਥੋਂ ਪਹਿਲਾਂ ਗਏ ਦਰਸ਼ਕਾਂ ਨੂੰ ਬਿਠਾ ਕੇ ਅਗਲੇ ਬਲਾਕ ਵਿੱਚ ਲੈ ਜਾਂਦਾ ਹੈ। ਇਸੇ ਤਰ੍ਹਾਂ ਅਗਲੇ ਬਲਾਕ ਵਿੱਚ ਛੱਡ ਕੇ ਪਹਿਲਾਂ ਪਹੁੰਚੇ ਹੋਇਆਂ ਨੂੰ ਉਸ ਤੋਂ ਅਗਲੇ ਬਲਾਕ ਵਿੱਚ ਲੈ ਜਾਂਦਾ ਹੈ। ਇਸ ਪ੍ਰਕਾਰ ਇਹ ਲੜੀ ਤੁਰਦੀ ਰਹਿੰਦੀ ਹੈ, ਭਾਵ ਦਰਸ਼ਕ ਹਰ ਬਲਾਕ ਦੇ ਫੁੱਲਾਂ ਦਾ ਆਨੰਦ ਮਾਣਦੇ ਹੋਏ ਆਪਣੀਆਂ ਤਸਵੀਰਾਂ ਖਿਚਵਾਉਂਦੇ ਰਹਿੰਦੇ ਹਨ। ਇਹ ਫੁੱਲਾਂ ਦਾ ਖੇਤ ਆਪਣੇ ਆਪ ਵਿੱਚ ਇੱਕ ਸ਼ਹਿਰ ਦੀ ਤਰ੍ਹਾਂ ਲੱਗਦਾ ਹੈ ਕਿਉਂਕਿ ਇਸ ਵਿੱਚ ਹਰ ਸਹੂਲਤ ਉਪਲਬਧ ਹੈ। ਸ਼ੌਪਿੰਗ ਮਾਲਜ਼, ਮਨੋਰੰਜਨ ਪਾਰਕ, ਕੈਫੇ, ਰਿਜ਼ੌਰਟਸ ਅਤੇ ਰੈਸਟ ਰੂਮਜ਼ ਆਦਿ ਮੌਜੂਦ ਹਨ। ਪੰਜਾਬ ਦੇ ਮੇਲਿਆਂ ਵਾਂਗ ਰੌਣਕ ਹੁੰਦੀ ਹੈ, ਪਰ ਇਹ ਰੌਣਕ ਬੇਤਰਤੀਬੀ ਨਹੀਂ ਸਗੋਂ ਅਨੁਸ਼ਾਸਨ ਵਿੱਚ ਰਹਿੰਦੀ ਹੈ।
ਕਾਰਲਸਬੈਡ ਦੇ ਫੁੱਲਾਂ ਦੇ ਖੇਤਾਂ ਦੀ ਸ਼ੁਰੂਆਤ 1920ਵਿਆਂ ਵਿੱਚ ਹੋਈ ਸੀ, ਜਦੋਂ ਸਥਾਨਕ ਮਾਲਕਾਂ ਨੇ ਇਸ ਖੇਤਰ ਨੂੰ ਵੱਖ-ਵੱਖ ਕਿਸਮਾਂ ਦੇ ਫੁੱਲ ਲਗਾਉਣ ਲਈ ਵਰਤਣਾ ਸ਼ੁਰੂ ਕੀਤਾ ਸੀ। ਇਸ ਖੇਤ ਦੀ ਖ਼ਾਸ ਗੱਲ ਇਹ ਹੈ ਕਿ ਇਹ ਹਰ ਸਾਲ ਸਿਰਫ਼ ਡੇਢ ਦੋ ਮਹੀਨੇ ਵਿੱਚ ਹੀ ਲੱਖਾਂ ਦਰਸ਼ਕਾਂ ਨੂੰ ਆਕਰਸ਼ਿਤ ਕਰਦਾ ਹੈ। ਰੰਗ-ਬਿਰੰਗੇ ਬੂਟਿਆਂ ਦੀ ਸੁੰਦਰਤਾ ਦੇਖਣ ਲਈ ਲੋਕ ਇੱਥੇ ਆਉਂਦੇ ਹਨ। ਇੱਥੇ ਆ ਕੇ ਹਰ ਵਿਅਕਤੀ ਇੰਨਾ ਮਸਤ ਹੋ ਜਾਂਦਾ ਹੈ ਕਿ ਉਹ ਸਾਰਾ ਕੁਝ ਭੁੱਲ-ਭੁਲਾ ਕੇ ਸ਼ਾਂਤਚਿੱਤ ਹੋ ਜਾਂਦਾ ਹੈ। ਇੱਥੇ ਰੋਜ਼ਮਰ੍ਹਾ ਦੇ ਝੰਜਟ, ਤਕਲੀਫ਼ਾਂ, ਸਮੱਸਿਆਵਾਂ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਤੋਂ ਨਿਜਾਤ ਮਿਲਦੀ ਹੈ। ਕਾਰਲਸਬੈਡ ਦੇ ਫੁੱਲਾਂ ਦੇ ਖੇਤ ਸਾਲਾਨਾ ਰੁਝਾਨ ਵਾਲਾ ਇੱਕ ਪ੍ਰਸਿੱਧ ਸੈਲਾਨੀ ਆਕਰਸ਼ਣ ਬਣ ਚੁੱਕੇ ਹਨ। ਖਿੜੇ ਫੁੱਲਾਂ ਨੂੰ ਦੇਖ ਕੇ ਦਰਸ਼ਕਾਂ ਦੇ ਮਨ ਵੀ ਖਿੜ ਜਾਂਦੇ ਹਨ। ਇਸ ਦੇ ਖ਼ਾਸ ਆਕਰਸ਼ਣ ਵਿੱਚ ਇੱਕ ਵੱਡਾ ਵਿਸ਼ਾਲ ਖੇਤ ਹੈ, ਜਿਸ ਵਿੱਚ ਫੁੱਲਾਂ ਦੀਆਂ ਲੰਮੀਆਂ ਕਤਾਰਾਂ ਹਨ। ਇਹ ਕਿਸੇ ਪੇਂਟਿੰਗ ਵਰਗੇ ਜਾਪਦੇ ਹਨ। ਇੱਥੇ ਬੱਚਿਆਂ ਲਈ ਖ਼ਾਸ ਖੇਡਾਂ ਦੇ ਖੇਤਰ, ਕੈਫੇ ਅਤੇ ਸਥਾਨਕ ਕਲਾ ਦੇ ਪ੍ਰਦਰਸ਼ਨ ਵੀ ਹੁੰਦੇ ਹਨ। ਇਹ ਸਥਾਨ ਸਿਰਫ਼ ਸੁੰਦਰਤਾ ਹੀ ਨਹੀਂ, ਸਗੋਂ ਕਲਾ, ਪਰਿਵਾਰਕ ਯਾਤਰਾ ਅਤੇ ਕੁਦਰਤ ਨਾਲ ਜੁੜਨ ਦਾ ਸ਼ਾਨਦਾਰ ਮੌਕਾ ਦਿੰਦਾ ਹੈ। ਕੁਝ ਦਿਨ ਪਹਿਲਾਂ ਮੈਨੂੰ ਆਪਣੇ ਪਰਿਵਾਰ ਨਾਲ ਕਾਰਲਸਬੈਡ ਫਲਾਵਰ ਫੀਲਡਸ ਜਾਣ ਦਾ ਮੌਕਾ ਮਿਲਿਆ। ਇਹ ਸਥਾਨ ਆਪਣੀ ਕੁਦਰਤੀ ਸੁੰਦਰਤਾ ਅਤੇ ਰੰਗ-ਬਿਰੰਗੇ ਫੁੱਲਾਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਅਸੀਂ ਉੱਥੇ ਪੂਰਾ ਦਿਨ ਬਿਤਾਇਆ। ਇਹ ਮੇਰੇ ਜੀਵਨ ਦੇ ਸਭ ਤੋਂ ਖ਼ੂਬਸੂਰਤ ਅਨੁਭਵਾਂ ਵਿੱਚੋਂ ਇੱਕ ਬਣ ਗਿਆ। ਸਵੇਰੇ ਜਦੋਂ ਸਾਡਾ ਪਰਿਵਾਰ ਉੱਥੇ ਪਹੁੰਚਿਆ ਤਾਂ ਠੰਢੀ ਹਵਾ ਅਤੇ ਸੂਰਜ ਦੀ ਨਰਮ ਰੌਸ਼ਨੀ ਨੇ ਸਾਡਾ ਸਵਾਗਤ ਕੀਤਾ। ਜਿਉਂ ਹੀ ਅਸੀਂ ਖੇਤਾਂ ਵਿੱਚ ਦਾਖ਼ਲ ਹੋਏ, ਸਾਨੂੰ ਹਰ ਪਾਸੇ ਰੰਗਾਂ ਦਾ ਸਮੁੰਦਰ ਦਿੱਸਿਆ। ਲਾਲ, ਪੀਲੇ, ਗੁਲਾਬੀ, ਜਾਮਣੀ ਅਤੇ ਸਫ਼ੈਦ ਫੁੱਲਾਂ ਦੀਆਂ ਕਤਾਰਾਂ ਕਿਸੇ ਚਿੱਤਰਕਾਰ ਦੀ ਕਲਾਕਾਰੀ ਦਾ ਨਮੂਨਾ ਲੱਗ ਰਹੀਆਂ ਸਨ। ਅਸੀਂ ਹੌਲੀ-ਹੌਲੀ ਖੇਤਾਂ ਵਿੱਚ ਤੁਰਦਿਆਂ ਹਰ ਫੁੱਲ ਦੀ ਖ਼ੂਬਸੂਰਤੀ ਦਾ ਆਨੰਦ ਲਿਆ। ਦਰਸ਼ਕ ਫੁੱਲਾਂ ਦੁਆਲੇ ਭੌਰਿਆਂ ਦੀ ਤਰ੍ਹਾਂ ਭਟਕਦੇ ਫਿਰਦੇ ਸਨ। ਕਈ ਥਾਵਾਂ ’ਤੇ ਲੋਕ ਫੋਟੋਆਂ ਖਿੱਚ ਰਹੇ ਸਨ ਅਤੇ ਹਰ ਕੋਈ ਇਸ ਕੁਦਰਤੀ ਨਜ਼ਾਰੇ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨਾ ਚਾਹੁੰਦਾ ਸੀ। ਅਸੀਂ ਵੀ ਬਹੁਤ ਸਾਰੀਆਂ ਤਸਵੀਰਾਂ ਖਿੱਚੀਆਂ, ਜੋ ਹਮੇਸ਼ਾ ਮੈਨੂੰ ਇਸ ਦਿਨ ਦੀ ਯਾਦ ਦਿਵਾਉਣਗੀਆਂ। ਦੁਪਹਿਰ ਸਮੇਂ ਅਸੀਂ ਉੱਥੇ ਹੀ ਬੈਠ ਕੇ ਆਰਾਮ ਕੀਤਾ ਅਤੇ ਕਾਦਰ ਦੀ ਕੁਦਰਤ ਦੀ ਸ਼ਾਂਤੀ ਨੂੰ ਮਹਿਸੂਸ ਕੀਤਾ। ਦਰਸ਼ਕਾਂ ਦੇ ਬੈਠਣ ਲਈ ਬੈਂਚ ਲੱਗ ਹੋਏ ਹਨ। ਖਾਣ-ਪੀਣ ਲਈ ਹਰ ਤਰ੍ਹਾਂ ਦਾ ਪ੍ਰਬੰਧ ਹੈ। ਹਵਾ ਵਿੱਚ ਫੁੱਲਾਂ ਦੀ ਖੁਸ਼ਬੂ ਫੈਲੀ ਹੋਈ ਸੀ, ਜੋ ਮਨ ਨੂੰ ਬਹੁਤ ਸਕੂਨ ਦੇ ਰਹੀ ਸੀ। ਇਹ ਜਗ੍ਹਾ ਸ਼ਹਿਰ ਦੀ ਭੀੜ-ਭੜੱਕੇ ਦੀ ਜ਼ਿੰਦਗੀ ਤੋਂ ਕੋਹਾਂ ਦੂਰ ਸ਼ਾਂਤ ਅਤੇ ਤਾਜ਼ਗੀ ਭਰੀ ਦੁਨੀਆ ਵਰਗੀ ਲੱਗ ਰਹੀ ਸੀ।
ਸ਼ਾਮ ਵੇਲੇ ਸੂਰਜ ਢਲਣ ਲੱਗਾ ਤਾਂ ਖੇਤਾਂ ਦਾ ਨਜ਼ਾਰਾ ਹੋਰ ਵੀ ਜ਼ਿਆਦਾ ਮਨਮੋਹਕ ਹੋ ਗਿਆ। ਸੋਨੇਰੰਗੀ ਰੌਸ਼ਨੀ ਫੁੱਲਾਂ ’ਤੇ ਪੈਂਦੀ ਹੋਈ ਉਨ੍ਹਾਂ ਦੀ ਸੁੰਦਰਤਾ ਨੂੰ ਹੋਰ ਨਿਖਾਰ ਰਹੀ ਸੀ। ਫੁੱਲਾਂ ਦੇ ਖੇਤਾਂ ਵਿੱਚੋਂ ਬਾਹਰ ਆਉਣ ਨੂੰ ਦਿਲ ਨਹੀਂ ਕਰ ਰਿਹਾ ਸੀ। ਇਹ ਦਿਨ ਸਾਡੇ ਪਰਿਵਾਰ ਲਈ ਸਿਰਫ਼ ਇੱਕ ਯਾਤਰਾ ਨਹੀਂ ਸੀ, ਸਗੋਂ ਕੁਦਰਤ ਨਾਲ ਜੁੜਨ ਦਾ ਇੱਕ ਖ਼ਾਸ ਅਨੁਭਵ ਸੀ। ਕਾਰਲਸਬੈਡ ਦੇ ਫੁੱਲਾਂ ਦੇ ਖੇਤਾਂ ਨੇ ਮੇਰੇ ਦਿਲ ’ਤੇ ਡੂੰਘਾ ਅਸਰ ਛੱਡਿਆ ਹੈ। ਉਮੀਦ ਕਰਦਾ ਹਾਂ ਕਿ ਮੈਂ ਮੁੜ ਕਦੇ ਇੱਥੇ ਜ਼ਰੂਰ ਆਵਾਂਗਾ।
ਸੰਪਰਕ: 94178-13072
ਈ-ਮੇਲ: ujagarsingh48@yahoo.com

