ਪਿੰਜਰਾ
ਗੈਬਰੀਅਲ ਗਾਰਸੀਆ ਮਾਰਖੇਜ਼ ਗੈਬਰੀਅਲ ਗਾਰਸੀਆ ਮਾਰਖੇਜ਼ ਕੋਲੰਬੀਆ ਦਾ ਨਾਵਲਕਾਰ, ਕਹਾਣੀਕਾਰ, ਪੱਤਰਕਾਰ ਤੇ ਪਟਕਥਾ ਲੇਖਕ ਸੀ। ਉਸ ਦੀਆਂ ਲਿਖੀਆਂ ਕਹਾਣੀਆਂ ਮਨੁੱਖੀ ਮਨ ਅਤੇ ਵਿਹਾਰ ਦੀਆਂ ਡੂੰਘੀਆਂ ਪਰਤਾਂ ਨੂੰ ਫਰੋਲਦੀਆਂ ਹਨ। ਗਾਰਸੀਆ ਦੀ ਹਥਲੀ ਕਹਾਣੀ ਨੂੰ ਪੰਜਾਬੀ ਰੂਪ ਜੰਗ ਬਹਾਦੁਰ ਗੋਇਲ (98551-23499) ਨੇ ਦਿੱਤਾ ਹੈ। ਪਿੰਜਰਾ ਬਣ...
ਗੈਬਰੀਅਲ ਗਾਰਸੀਆ ਮਾਰਖੇਜ਼ ਕੋਲੰਬੀਆ ਦਾ ਨਾਵਲਕਾਰ, ਕਹਾਣੀਕਾਰ, ਪੱਤਰਕਾਰ ਤੇ ਪਟਕਥਾ ਲੇਖਕ ਸੀ। ਉਸ ਦੀਆਂ ਲਿਖੀਆਂ ਕਹਾਣੀਆਂ ਮਨੁੱਖੀ ਮਨ ਅਤੇ ਵਿਹਾਰ ਦੀਆਂ ਡੂੰਘੀਆਂ ਪਰਤਾਂ ਨੂੰ ਫਰੋਲਦੀਆਂ ਹਨ। ਗਾਰਸੀਆ ਦੀ ਹਥਲੀ ਕਹਾਣੀ ਨੂੰ ਪੰਜਾਬੀ ਰੂਪ ਜੰਗ ਬਹਾਦੁਰ ਗੋਇਲ (98551-23499) ਨੇ ਦਿੱਤਾ ਹੈ।
ਪਿੰਜਰਾ ਬਣ ਕੇ ਤਿਆਰ ਸੀ। ਬਾਲਥਜ਼ਾਰ ਨੇ ਆਦਤਵੱਸ ਉਸ ਨੂੰ ਛੱਜੇ ’ਤੇ ਟੰਗ ਦਿੱਤਾ। ਅਜੇ ਉਹ ਦੁਪਹਿਰ ਦਾ ਖਾਣਾ ਖਾ ਕੇ ਹਟਿਆ ਹੀ ਸੀ ਕਿ ਸਭ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਦੁਨੀਆ ਦਾ ਸਭ ਤੋਂ ਖ਼ੂਬਸੂਰਤ ਪਿੰਜਰਾ ਹੈ। ਏਨੀ ਵੱਡੀ ਗਿਣਤੀ ਵਿੱਚ ਲੋਕ ਇਸ ਪਿੰਜਰੇ ਨੂੰ ਵੇਖਣ ਆਏ ਕਿ ਉਸ ਦੇ ਘਰ ਦੇ ਬਾਹਰ ਕਾਫ਼ੀ ਭੀੜ ਜਮ੍ਹਾਂ ਹੋ ਗਈ। ਬਾਲਥਜ਼ਾਰ ਨੇ ਪਿੰਜਰਾ ਉਤਾਰ ਕੇ ਆਪਣੀ ਵਰਕਸ਼ਾਪ ਦਾ ਬੂਹਾ ਬੰਦ ਕਰ ਦਿੱਤਾ।
‘‘ਸ਼ੇਵ ਕਰ ਲਵੋ, ਸਾਧਾਂ ਵਾਲੀ ਸ਼ਕਲ ਹੋਈ ਹੈ,’’ ਉਸ ਦੀ ਪਤਨੀ ਉਰਸੁਲਾ ਨੇ ਕਿਹਾ।
‘‘ਭਲਾ ਲੰਚ ਤੋਂ ਬਾਅਦ ਸ਼ੇਵ ਕਰਨ ਦੀ ਕੀ ਤੁਕ ਹੈ,’’ ਬਾਲਥਜ਼ਾਰ ਨੇ ਕਿਹਾ।
ਪਿਛਲੇ ਦੋ ਹਫ਼ਤਿਆਂ ਤੋਂ ਉਸ ਨੇ ਸ਼ੇਵ ਨਹੀਂ ਸੀ ਕੀਤੀ। ਉਸ ਦੇ ਚਿਹਰੇ ਦੇ ਛੋਟੇ-ਛੋਟੇ ਤਿੱਖੇ ਤੇ ਸਖ਼ਤ ਵਾਲ ਖੱਚਰ ਦੇ ਵਾਲਾਂ ਵਾਂਗ ਵਿਖਾਈ ਦੇ ਰਹੇ ਸੀ, ਪਰ ਇਹ ਭੁਲੇਖਾ ਪੈਦਾ ਕਰਨ ਵਾਲਾ ਹਾਵ-ਭਾਵ ਸੀ। ਫਰਵਰੀ ’ਚ ਉਹ ਤੀਹ ਵਰ੍ਹਿਆਂ ਦਾ ਹੋਇਆ ਸੀ। ਉਸ ਦੀ ਕੋਈ ਸੰਤਾਨ ਨਹੀਂ ਸੀ। ਜ਼ਿੰਦਗੀ ਨੇ ਉਸ ਨੂੰ ਸਾਵਧਾਨ ਰਹਿਣ ਲਈ ਤਾਂ ਕਈ ਕਾਰਨ ਦਿੱਤੇ ਸਨ, ਪਰ ਹੈਰਾਨ ਹੋਣ ਲਈ ਇੱਕ ਵੀ ਨਹੀਂ। ਉਹ ਤਾਂ ਇਹ ਵੀ ਨਹੀਂ ਸੀ ਜਾਣਦਾ ਕਿ ਜੋ ਪਿੰਜਰਾ ਉਹ ਹੁਣੇ ਬਣਾ ਕੇ ਹਟਿਆ ਹੈ, ਉਹ ਦੁਨੀਆ ਦਾ ਸਭ ਤੋਂ ਸੋਹਣਾ ਪਿੰਜਰਾ ਹੈ। ਬਚਪਨ ਤੋਂ ਹੀ ਉਹ ਪਿੰਜਰੇ ਬਣਾਉਣ ਵਿੱਚ ਨਿਪੁੰਨ ਸੀ। ਇਸ ਲਈ ਇਹ ਪਿੰਜਰਾ ਬਣਾਉਣ ਵਿੱਚ ਉਸ ਨੂੰ ਕੋਈ ਵਾਧੂ ਮਿਹਨਤ ਨਹੀਂ ਕਰਨੀ ਪਈ।
ਉਰਸੁਲਾ ਨੇ ਕਿਹਾ, ‘‘ਹੁਣ ਕੁਝ ਦੇਰ ਆਰਾਮ ਕਰ ਲਵੋ। ਇਸ ਵਧੀ ਹੋਈ ਦਾੜ੍ਹੀ ਨਾਲ ਤੁਸੀਂ ਕਿਤੇ ਜਾ ਵੀ ਨਹੀਂ ਸਕਦੇ।’’ ਜਦੋਂ ਉਹ ਆਰਾਮ ਕਰ ਰਿਹਾ ਸੀ ਤਾਂ ਪਤਾ ਨਹੀਂ ਕਿੰਨੀ ਵਾਰ ਗੁਆਂਢੀਆਂ ਨੂੰ ਪਿੰਜਰਾ ਵਿਖਾਉਣ ਲਈ ਉਸ ਨੂੰ ਉੱਠਣਾ ਪਿਆ। ਉਦੋਂ ਤੱਕ ਉਰਸੁਲਾ ਨੇ ਉਸ ਵੱਲ ਕੋਈ ਗ਼ੌਰ ਨਹੀਂ ਸੀ ਕੀਤੀ। ਉਹ ਤਾਂ ਇਸ ਗੱਲੋਂ ਖ਼ਫ਼ਾ ਸੀ ਕਿ ਉਸ ਦਾ ਪਤੀ ਤਰਖਾਣੀ ਦੇ ਹੋਰ ਸਾਰੇ ਕੰਮ ਛੱਡ ਕੇ ਸਿਰਫ਼ ਇਹ ਪਿੰਜਰਾ ਬਣਾਉਣ ਵਿੱਚ ਹੀ ਇਸ ਕਦਰ ਖੁੱਭਿਆ ਰਿਹਾ ਕਿ ਨਾ ਉਸ ਨੂੰ ਖਾਣ ਦੀ ਸੁਰਤ ਰਹੀ ਅਤੇ ਨਾ ਸੌਣ ਦੀ। ਮੰਜੇ ’ਤੇ ਪਿਆ-ਪਿਆ ਵੀ ਉਹ ਇੱਧਰ-ਉੱਧਰ ਉਸਲਵੱਟੇ ਮਾਰਦਾ ਤੇ ਬੁੜਬੁੜਾਉਂਦਾ। ਸ਼ੇਵ ਕਰਨ ਦੀ ਉਸ ਨੂੰ ਕਿੱਥੇ ਹੋਸ਼ ਸੀ, ਪਰ ਉਰਸੁਲਾ ਨੇ ਜਦੋਂ ਪਿੰਜਰਾ ਵੇਖਿਆ ਤਾਂ ਉਸ ਦਾ ਸਾਰਾ ਗੁੱਸਾ ਜਾਂਦਾ ਰਿਹਾ। ਬਾਲਥਜ਼ਾਰ ਜਦੋਂ ਝਪਕੀ ਲੈ ਕੇ ਉੱਠਿਆ ਤਾਂ ਉਦੋਂ ਤੱਕ ਉਰਸੁਲਾ ਨੇ ਉਸ ਦੀ ਪੈਂਟ ਕਮੀਜ਼ ਪ੍ਰੈੱਸ ਕਰ ਕੇ ਕੁਰਸੀ ’ਤੇ ਰੱਖ ਦਿੱਤੀ ਸੀ। ਉਸ ਨੇ ਪਿੰਜਰਾ ਚੁੱਕ ਕੇ ਖਾਣੇ ਦੇ ਮੇਜ਼ ’ਤੇ ਰੱਖ ਦਿੱਤਾ। ਉਹ ਚੁੱਪਚਾਪ ਖੜ੍ਹੀ ਪਿੰਜਰੇ ਨੂੰ ਤੱਕਦੀ ਰਹੀ।
‘‘ਕਿਸ ਮੁੱਲ ਵੇਚੋਗੇ?’’ ਉਸ ਨੇ ਪੁੱਛਿਆ ‘‘ਪਤਾ ਨਹੀਂ,’’ ਬਾਲਥਜ਼ਾਰ ਨੇ ਕਿਹਾ, ‘‘ਮੈਂ ਤਾਂ ਤੀਹ ਪਿਸੋਸ ਮੰਗਾਂਗਾ, ਵੀਹ ਤਾਂ ਮਿਲ ਹੀ ਜਾਣਗੇ।’’
ਉਰਸੁਲਾ ਨੇ ਕਿਹਾ, ‘‘ਪੰਜਾਹ ਮੰਗੋ। ਪਿਛਲੇ ਪੰਦਰਾਂ ਦਿਨਾਂ ਵਿੱਚ ਤੁਸੀਂ ਚੱਜ ਨਾਲ ਸੁੱਤੇ ਵੀ ਨਹੀਂ। ਹਰ ਵੇਲੇ ਤੁਹਾਡੇ ਸਿਰ ’ਤੇ ਇਸ ਪਿੰਜਰੇ ਦਾ ਭੂਤ ਸਵਾਰ ਰਿਹਾ ... ਤੇ ਇਹ ਹੈ ਵੀ ਕਿੰਨਾ ਵੱਡਾ। ਮੈਂ ਤਾਂ ਆਪਣੀ ਜ਼ਿੰਦਗੀ ’ਚ ਅਜਿਹਾ ਸ਼ਾਨਦਾਰ ਪਿੰਜਰਾ ਕਦੇ ਨਹੀਂ ਵੇਖਿਆ।’’
ਬਾਲਥਜ਼ਾਰ ਸ਼ੇਵ ਕਰਨ ਲੱਗਾ। ਉਸ ਨੇ ਪੁੱਛਿਆ, ‘‘ਤੈਨੂੰ ਯਕੀਨ ਹੈ ਕਿ ਉਹ ਇਸ ਨੂੰ ਪੰਜਾਹ ਪਿਸੋਸ ਵਿੱਚ ਖ਼ਰੀਦ ਲੈਣਗੇ?’’ ‘‘ਡਾਨ ਸ਼ੇਪ ਮੋਂਟਿਆਲ ਵਾਸਤੇ ਇਹ ਰਕਮ ਕੁਝ ਵੀ ਨਹੀਂ। ਪਿੰਜਰਾ ਤਾਂ ਇਸ ਤੋਂ ਕਿਤੇ ਵੱਧ ਕੀਮਤੀ ਹੈ। ਤੁਹਾਨੂੰ ਸੱਠ ਪਿਸੋਸ ਮੰਗਣੇ ਚਾਹੀਦੇ ਹਨ।’’ ਉਰਸੁਲਾ ਨੇ ਕਿਹਾ। ਘਰ ’ਚ ਦਮਘੋਟੂ ਹਨੇਰਾ ਪੱਸਰਿਆ ਹੋਇਆ ਸੀ। ਅਪਰੈਲ ਦਾ ਮਹੀਨਾ ਸੀ ਤੇ ਸਖ਼ਤ ਗਰਮੀ ਸੀ। ਬੀਂਡਿਆਂ ਦੀ ਟੈਂ-ਟੈਂ ਬਰਦਾਸ਼ਤ ਤੋਂ ਬਾਹਰ ਸੀ। ਕੱਪੜੇ ਬਦਲਣ ਤੋਂ ਬਾਅਦ ਬਾਲਥਜ਼ਾਰ ਨੇ ਵਿਹੜੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਜੋ ਠੰਢੀ ਹਵਾ ਅੰਦਰ ਆ ਸਕੇ। ਵੇਖਦਿਆਂ ਹੀ ਕੁਝ ਬੱਚੇ ਡਾਈਨਿੰਗ ਰੂਮ ’ਚ ਦਾਖ਼ਲ ਹੋਏ।
ਖ਼ਬਰ ਫੈਲ ਚੁੱਕੀ ਸੀ। ਬਜ਼ੁਰਗ ਡਾ. ਓਕਟੇਵੀਓ ਗਿਰਾਲਡੋ, ਜੋ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸੀ ਪਰ ਆਪਣੇ ਕਿੱਤੇ ਤੋਂ ਬੁਰੀ ਤਰ੍ਹਾਂ ਅੱਕਿਆ ਹੋਇਆ ਸੀ, ਆਪਣੇ ਘਰ ਵਿੱਚ ਆਪਣੀ ਅਪਾਹਜ ਪਤਨੀ ਨਾਲ ਖਾਣਾ ਖਾਂਦਿਆਂ ਬਾਲਥਜ਼ਾਰ ਦੇ ਬਣਾਏ ਪਿੰਜਰੇ ਬਾਰੇ ਸੋਚਣ ਲੱਗਾ। ਗਰਮੀਆਂ ਵਿੱਚ ਉਹ ਡਾਈਨਿੰਗ ਟੇਬਲ ਨੂੰ ਅੰਦਰਲੇ ਵਰਾਂਡੇ ਵਿੱਚ ਟਿਕਾ ਦਿੰਦੇ ਸਨ। ਉੱਥੇ ਫੁੱਲਾਂ ਵਾਲੇ ਗਮਲੇ ਤੇ ਪਿੰਜਰੇ ਵੀ ਪਏ ਸਨ। ਪਿੰਜਰਿਆਂ ਵਿੱਚ ਭਾਂਤ-ਭਾਂਤ ਦੀਆਂ ਰੰਗ-ਬਿਰੰਗੀਆਂ ਚਿੜੀਆਂ ਉਸ ਦੀ ਪਤਨੀ ਨੂੰ ਬਹੁਤ ਚੰਗੀਆਂ ਲੱਗਦੀਆਂ ਸਨ। ਉਸ ਨੂੰ ਬਿੱਲੀਆਂ ਤੋਂ ਨਫ਼ਰਤ ਸੀ ਕਿਉਂਕਿ ਉਹ ਚਿੜੀਆਂ ਨੂੰ ਖਾ ਜਾਂਦੀਆਂ ਸਨ। ਉਸ ਬਾਰੇ ਸੋਚਦਿਆਂ ਡਾ. ਗਿਰਾਲਡੋ ਦੁਪਹਿਰ ਨੂੰ ਇੱਕ ਮਰੀਜ਼ ਵੇਖਣ ਗਏ ਤਾਂ ਵਾਪਸੀ ’ਤੇ ਉਹ ਪਿੰਜਰਾ ਵੇਖਣ ਲਈ ਬਾਲਥਜ਼ਾਰ ਦੇ ਘਰ ਜਾ ਪਹੁੰਚੇ। ਡਾਈਨਿੰਗ ਰੂਮ ’ਚ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਸੀ। ਨੁਮਾਇਸ਼ ਲਈ ਪਿੰਜਰਾ ਮੇਜ਼ ’ਤੇ ਰੱਖਿਆ ਹੋਇਆ ਸੀ। ਗੁੰਬਦ ਆਕਾਰ ਦੇ ਬਣੇ ਪਿੰਜਰੇ ਦੇ ਤਿੰਨ ਤਲ ਸਨ- ਪੰਛੀਆਂ ਦੇ ਖਾਣ-ਪੀਣ, ਕੁੱਦਣ-ਟੱਪਣ ਲਈ ਖੁੱਲ੍ਹੀ ਥਾਂ ਸੀ ਤੇ ਵਿਸ਼ੇਸ਼ ਤੌਰ ’ਤੇ ਝੂਲੇ ਵੀ ਟੰਗੇ ਹੋਏ ਸਨ। ਇਹ ਕਿਸੇ ਵੱਡ-ਆਕਾਰੀ ਬਰਫ਼ ਦੇ ਕਾਰਖਾਨੇ ਦਾ ਲਘੂ ਰੂਪ ਜਾਪਦਾ ਸੀ। ਡਾਕਟਰ ਪਿੰਜਰੇ ’ਤੇ ਬਿਨਾਂ ਹੱਥ ਲਾਇਆਂ ਹੀ ਬੜੇ ਗ਼ੌਰ ਨਾਲ ਮੁਆਇਨਾ ਕਰਦਾ ਰਿਹਾ। ਉਸ ਨੇ ਮਹਿਸੂਸ ਕੀਤਾ ਕਿ ਲੋਕਾਂ ਤੋਂ ਉਸ ਨੇ ਪਿੰਜਰੇ ਦੀ ਜਿੰਨੀ ਤਾਰੀਫ਼ ਸੁਣੀ ਸੀ, ਇਹ ਤਾਂ ਉਸ ਤੋਂ ਵੀ ਕਿਤੇ ਵੱਧ ਖ਼ੂਬਸੂਰਤ ਤੇ ਅਦਭੁੱਤ ਸੀ। ਉਸ ਨੇ ਸੋਚਿਆ ਕਿ ਸੱਚਮੁੱਚ ਇਹ ਉਸ ਦੀ ਪਤਨੀ ਲਈ ਇੱਕ ਨਾਯਾਬ ਸੌਗਾਤ ਹੋਵੇਗੀ। ਲੋਕਾਂ ਦੀ ਭੀੜ ’ਚੋਂ ਬਾਲਥਜ਼ਾਰ ਨੂੰ ਲੱਭ ਕੇ ਡਾਕਟਰ ਨੇ ਉਸ ਦੇ ਮੋਢੇ ’ਤੇ ਹੱਥ ਰੱਖ ਕੇ ਬੜੀ ਮੋਹ-ਭਿੱਜੀ ਆਵਾਜ਼ ’ਚ ਕਿਹਾ, ‘‘ਤੇਰਾ ਇਹ ਪਿੰਜਰਾ ਤਾਂ ਇੱਕ ਅਜੂਬਾ ਹੈ। ਤੂੰ ਤਾਂ ਬਹੁਤ ਹੀ ਕਾਬਿਲ ਤੇ ਅਸਾਧਾਰਨ ਕਿਸਮ ਦਾ ਆਰਕੀਟੈਕਟ ਬਣ ਸਕਦਾ ਸੀ।’’ ਬਾਲਥਜ਼ਾਰ ਸ਼ਰਮਾਇਆ ਤੇ ਉਸ ਨੇ ਆਖਿਆ, ‘‘ਸ਼ੁਕਰੀਆ।’’ ਡਾਕਟਰ ਨੇ ਕਿਹਾ, ‘‘ਇਹ ਗੱਲ ਸੱਚੀ ਹੈ।’’ ਉਹ ਬਹੁਤ ਹੀ ਕੋਮਲ, ਗੁਦਗੁਦਾ ਗੋਲ-ਮਟੋਲ ਸੀ, ਕਿਸੇ ਅਜਿਹੀ ਔਰਤ ਵਰਗਾ ਜੋ ਆਪਣੀ ਜਵਾਨੀ ਵਿੱਚ ਬੇਹੱਦ ਖ਼ੂਬਸੂਰਤ ਰਹੀ ਹੋਵੇ। ‘‘ਕਿੰਨਾ ਸੋਹਣਾ ਹੈ ਇਹ ਪਿੰਜਰਾ। ਇਸ ’ਚ ਤਾਂ ਪੰਛੀ ਰੱਖਣ ਦੀ ਵੀ ਲੋੜ ਨਹੀਂ।’’ ਪਿੰਜਰੇ ਨੂੰ ਦਰਸ਼ਕਾਂ ਸਾਹਮਣੇ ਕਰ ਕੇ ਉਸ ਨੇ ਇੰਝ ਕਿਹਾ ਜਿਵੇਂ ਉਹ ਪਿੰਜਰੇ ਦੀ ਨਿਲਾਮੀ ਕਰ ਰਿਹਾ ਹੋਵੇ। ਇਸ ਨੂੰ ਤਾਂ ਬਸ ਇੱਕ ਦਰੱਖ਼ਤ ’ਤੇ ਟੰਗ ਦੇਣਾ ਹੀ ਕਾਫ਼ੀ ਹੈ, ਇਹ ਖ਼ੁਦ-ਬ-ਖ਼ੁਦ ਗਾਉਣ ਲੱਗ ਪਵੇਗਾ।’’ ਕਹਿ ਕੇ ਡਾਕਟਰ ਨੇ ਪਿੰਜਰਾ ਮੇਜ਼ ’ਤੇ ਟਿਕਾ ਦਿੱਤਾ ਤੇ ਬੋਲਿਆ, ‘‘ਠੀਕ ਹੈ, ਇਹ ਮੈਂ ਖਰੀਦ ਲੈਂਦਾ ਹਾਂ।’’ ‘‘ਇਹ ਤਾਂ ਪਹਿਲਾਂ ਹੀ ਵਿਕ ਚੁੱਕਾ ਹੈ।’’ ਉਰਸੁਲਾ ਨੇ ਕਿਹਾ।
‘‘ਇਹ ਮੈਂ ਡਾਨ ਸ਼ੇਪ ਮੋਂਟਿਆਲ ਦੇ ਬੇਟੇ ਲਈ ਬਣਾਇਆ ਹੈ। ਉਸ ਦੀ ਹੀ ਫਰਮਾਇਸ਼ ’ਤੇ,’’ ਬਾਲਥਜ਼ਾਰ ਨੇ ਕਿਹਾ। ‘‘ਕੀ ਉਸ ਨੇ ਪਿੰਜਰੇ ਦਾ ਡਿਜ਼ਾਈਨ ਤੁਹਾਨੂੰ ਦਿੱਤਾ ਸੀ,’’ ਡਾਕਟਰ ਨੇ ਪੁੱਛਿਆ। ਬਾਲਥਜ਼ਾਰ ਨੇ ਕਿਹਾ, ‘‘ਨਹੀਂ। ਉਸ ਨੇ ਮੈਨੂੰ ਇੱਕ ਵੱਡਾ ਸਾਰਾ ਪਿੰਜਰਾ ਬਣਾਉਣ ਲਈ ਕਿਹਾ ਸੀ, ਜਿਸ ਵਿੱਚ ਘੁੱਗੀਆਂ ਦਾ ਜੋੜਾ ਆਰਾਮ ਨਾਲ ਰਹਿ ਸਕੇ।’’ ਡਾਕਟਰ ਨੇ ਪਿੰਜਰਾ ਗਹੁ ਨਾਲ ਵੇਖਿਆ ਤੇ ਕਿਹਾ, ‘‘ਪਰ ਇਹ ਘੁੱਗੀਆਂ ਲਈ ਤਾਂ ਨਹੀਂ।’’ ‘‘ਕਿਉਂ ਨਹੀਂ, ਇਹ ਹੈ ਉਨ੍ਹਾਂ ਲਈ।’’ ਬਾਲਥਜ਼ਾਰ ਨੇ ਮੇਜ਼ ਵੱਲ ਜਾਂਦਿਆਂ ਕਿਹਾ, ‘‘ਡਾਕਟਰ ਸਾਬ੍ਹ, ਹਰ ਹਿੱਸੇ ਦੀ ਬੜੀ ਮੁਸਤੈਦੀ ਨਾਲ ਮਿਣਤੀ ਕਰ ਕੇ ਬਣਾਇਆ ਹੈ। ਫੇਰ ਉਸ ਨੇ ਗੁੰਬਦ ’ਤੇ ਟੰਗੀਆਂ ਘੰਟੀਆਂ ਖੜਕਾਈਆਂ ਤਾਂ ਸਾਰਾ ਕਮਰਾ ਮਿੱਠੀਆਂ ਆਵਾਜ਼ਾਂ ਨਾਲ ਭਰ ਗਿਆ। ‘‘ਬੜੀਆਂ ਮਜ਼ਬੂਤ ਤੇ ਪਾਏਦਾਰ ਤਾਰਾਂ ਵਰਤੀਆਂ ਹਨ ਤੇ ਅੰਦਰਲੇ-ਬਾਹਰਲੇ ਸਭ ਜੋੜ ਬੜੇ ਮਜ਼ਬੂਤ ਹਨ।’’ ਬਾਲਥਜ਼ਾਰ ਨੇ ਕਿਹਾ।
‘‘ਇਸ ਪਿੰਜਰੇ ਵਿੱਚ ਤਾਂ ਤੋਤਾ ਵੀ ਮੌਜ ਨਾਲ ਰਹਿ ਸਕਦਾ ਹੈ।’’ ਇੱਕ ਬੱਚੇ ਨੇ ਕਿਹਾ। ‘‘ਬਿਲਕੁਲ,’’ ਬਾਲਥਜ਼ਾਰ ਬੋਲਿਆ।
ਡਾਕਟਰ ਨੇ ਸਿਰ ਹਿਲਾਇਆ ਤੇ ਆਖਿਆ, ‘‘ਠੀਕ ਹੈ, ਉਸ ਨੇ ਨਾ ਤੈਨੂੰ ਕੋਈ ਡਿਜ਼ਾਈਨ ਦਿੱਤਾ ਤੇ ਨਾ ਹੀ ਖ਼ਾਸ ਕਿਸਮ ਦੇ ਪਿੰਜਰੇ ਲਈ ਆਰਡਰ ਹੀ ਦਿੱਤਾ। ਕੀ ਮੇਰੀ ਇਹ ਗੱਲ ਦਰੁਸਤ ਹੈ?’’ ‘‘ਦਰੁਸਤ ਹੈ,’’ ਬਾਲਥਜ਼ਾਰ ਨੇ ਕਿਹਾ। ‘‘ਫੇਰ ਤਾਂ ਕੋਈ ਅੜਿੱਕਾ ਨਹੀਂ। ਇਸ ਗੱਲ ਦਾ ਤਾਂ ਕੋਈ ਸਬੂਤ ਨਹੀਂ ਕਿ ਉਸ ਨੇ ਇਹੋ ਪਿੰਜਰਾ ਬਣਾਉਣ ਲਈ ਹੀ ਕਿਹਾ ਸੀ।’’ ‘‘ਪਰ ਮੈਂ ਇਹ ਪਿੰਜਰਾ ਉਸ ਲਈ ਹੀ ਬਣਾਇਆ ਹੈ।’’ ਬਾਲਥਜ਼ਾਰ ਦੇ ਮੂੰਹੋਂ ਇਹ ਸੁਣ ਕੇ ਡਾਕਟਰ ਬੇਚੈਨ ਹੋ ਗਿਆ। ਆਪਣੇ ਪਤੀ ਵੱਲ ਵੇਖ ਕੇ ਉਰਸੁਲਾ ਨੇ ਕਿਹਾ, ‘‘ਤੁਸੀਂ ਹੋਰ ਬਣਾ ਦੇਣਾ।’’ ਫੇਰ ਉਸ ਨੇ ਡਾਕਟਰ ਨੂੰ ਮੁਖ਼ਾਤਿਬ ਹੋ ਕੇ ਕਿਹਾ, ‘‘ਤਹਾਨੂੰ ਬਹੁਤ ਕਾਹਲੀ ਤਾਂ ਨਹੀਂ?’’ ‘‘ਅੱਜ ਦੁਪਹਿਰੇ ਹੀ ਮੈਂ ਆਪਣੀ ਪਤਨੀ ਨਾਲ ਵਾਅਦਾ ਕੀਤਾ ਸੀ।’’ ਡਾਕਟਰ ਨੇ ਭਰੇ ਮਨ ਨਾਲ ਕਿਹਾ। ‘‘ਮੈਨੂੰ ਬੇਹੱਦ ਅਫ਼ਸੋਸ ਹੈ ਡਾਕਟਰ ਸਾਬ੍ਹ! ਪਰ ਮੇਰੀ ਮਜਬੂਰੀ ਸਮਝੋ, ਮੈਂ ਤੁਹਾਨੂੰ ਇਹ ਪਿੰਜਰਾ ਕਿਵੇਂ ਦੇ ਸਕਦਾ ਹਾਂ, ਇਹ ਤਾਂ ਪਹਿਲਾਂ ਹੀ ਵਿਕ ਚੁੱਕਾ ਹੈ।’’ ਡਾਕਟਰ ਨੇ ਮੋਢੇ ਝਟਕਾਏ, ਰੁਮਾਲ ਨਾਲ ਗਰਦਨ ਦਾ ਪਸੀਨਾ ਪੂੰਝਿਆ ਤੇ ਉਹ ਪਿੰਜਰੇ ਵੱਲ ਇੰਝ ਤੱਕਣ ਲੱਗਾ ਰਿਹਾ ਜਿਵੇਂ ਕੋਈ ਬੰਦਰਗਾਹ ’ਤੇ ਦੂਰ ਜਾਂਦੇ ਜਹਾਜ਼ ਨੂੰ ਵੇਖ ਰਿਹਾ ਹੋਵੇ।
‘‘ਉਹ ਤੈਨੂੰ ਇਸ ਦੀ ਕਿੰਨੀ ਕੀਮਤ ਅਦਾ ਕਰ ਰਹੇ ਹਨ।’’ ਡਾਕਟਰ ਨੇ ਪੁੱਛਿਆ। ਬਾਲਥਜ਼ਾਰ ਨੇ ਉਰਸੁਲਾ ਵੱਲ ਵੇਖਿਆ ਤੇ ਕਿਹਾ, ‘‘ਸੱਠ ਪਿਸੋਸ।’’
ਡਾਕਟਰ ਬੜੀ ਤਾਂਘ ਨਾਲ ਪਿੰਜਰੇ ਨੂੰ ਦੇਖਦਾ ਰਿਹਾ। ‘ਇਹ ਖ਼ੂਬਸੂਰਤ ਹੈ, ਸੱਚਮੁੱਚ ਖ਼ੂਬਸੂਰਤ।’ ਉਸ ਨੇ ਮਨ ਹੀ ਮਨ ਵਿੱਚ ਕਿਹਾ ਤੇ ਲੰਮਾ ਸਾਹ ਭਰ ਕੇ ਰੁਮਾਲ ਨਾਲ ਮੂੰਹ ’ਤੇ ਹਵਾ ਕਰਦਾ ਹੋਇਆ ਦਰਵਾਜ਼ੇ ਵੱਲ ਜਾਣ ਲੱਗਾ। ਇਸ ਸਾਰੀ ਘਟਨਾ ਦੀ ਯਾਦ ਉਸ ਦੀ ਯਾਦ ਸਿਮਰਤੀ ’ਚੋਂ ਸਦਾ ਲਈ ਓਝਲ ਹੋ ਗਈ। ‘‘ਮੋਂਟਿਆਲ ਬਹੁਤ ਅਮੀਰ ਹੈ,’’ ਉਸ ਨੇ ਕਿਹਾ।
ਅਸਲ ਵਿੱਚ ਮੋਂਟਿਆਲ ਓਨਾ ਅਮੀਰ ਨਹੀਂ ਸੀ, ਜਿੰਨਾ ਵਿਖਾਵਾ ਕਰਦਾ ਸੀ, ਪਰ ਇੱਥੋਂ ਤੱਕ ਪਹੁੰਚਣ ਲਈ ਉਸ ਨੇ ਬੜਾ ਲੰਮਾ ਪੈਂਡਾ ਤੈਅ ਕੀਤਾ ਸੀ। ਕੁਝ ਬਲਾਕ ਛੱਡ ਕੇ ਉਸ ਦਾ ਘਰ ਸੀ, ਜਿਸ ਵਿੱਚ ਬੇਸ਼ੁਮਾਰ ਚੀਜ਼ਾਂ ਦਾ ਭੰਡਾਰ ਸੀ। ਇਸ ਪਿੰਜਰੇ ਦੀਆਂ ਖ਼ੂਬੀਆਂ ਬਾਰੇ ਉਸ ਨੂੰ ਕੋਈ ਪਰਵਾਹ ਨਹੀਂ ਸੀ। ਮੌਤ ਤੋਂ ਭੈਅ-ਭੀਤ ਉਸ ਦੀ ਪਤਨੀ ਲੰਚ ਤੋਂ ਬਾਅਦ ਆਪਣੇ ਕਮਰੇ ਦੀਆਂ ਬੂਹੇ ਬਾਰੀਆਂ ਬੰਦ ਕਰ ਕੇ ਹਨੇਰੇ ’ਚ ਅੱਖਾਂ ਟੱਡੀ ਪਈ ਸੀ ਤੇ ਉਸ ਦਾ ਪਤੀ ਮੋਂਟਿਆਲ ਗੂੜ੍ਹੀ ਨੀਂਦ ਸੁੱਤਾ ਪਿਆ ਸੀ। ਅਚਾਨਕ ਸ਼ੋਰ ਸੁਣ ਕੇ ਉਹ ਬਹੁਤ ਹੈਰਾਨ ਹੋਈ। ਉਹ ਬੈਠਕ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਝਾਕੀ ਤਾਂ ਉਸ ਨੇ ਦੇਖਿਆ ਕਿ ਉਸ ਦੇ ਘਰ ਅੱਗੇ ਲੋਕਾਂ ਦੀ ਕਾਫ਼ੀ ਭੀੜ ਜਮ੍ਹਾਂ ਸੀ। ਭੀੜ ਦੇ ਐਨ ਵਿਚਕਾਰ ਸਾਫ਼ ਸੁਥਰੇ ਲਿਬਾਸ ’ਚ ਸਜਿਆ ਬਾਲਥਜ਼ਾਰ ਆਪਣੇ ਹੱਥ ’ਚ ਪਿੰਜਰਾ ਚੁੱਕੀ ਖਲੋਤਾ ਸੀ। ਉਸ ਦੇ ਚਿਹਰੇ ’ਤੇ ਸਾਊਪੁਣੇ ਦੇ ਹਾਵ-ਭਾਵ ਸਨ, ਜੋ ਹਰ ਗ਼ਰੀਬ ਦੇ ਚਿਹਰੇ ’ਤੇ ਹੁੰਦੇ ਹਨ ਜਦੋਂ ਵੀ ਉਹ ਕਿਸੇ ਅਮੀਰ ਆਦਮੀ ਦੇ ਘਰ ਜਾਂਦਾ ਹੈ। ਮੋਂਟਿਆਲ ਦੀ ਪਤਨੀ ਨੇ ਬੜੇ ਖੁਸ਼ਨੁਮਾ ਲਹਿਜੇ ਵਿੱਚ ਕਿਹਾ, ‘‘ਵਾਹ! ਕਿੰਨਾ ਸੋਹਣਾ ਹੈ ਇਹ ਪਿੰਜਰਾ! ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਵਿੱਚ ਅਜਿਹਾ ਪਿੰਜਰਾ ਨਹੀਂ ਵੇਖਿਆ।’’ ਫਿਰ ਦਰਵਾਜ਼ੇ ਅੱਗੇ ਜਮ੍ਹਾਂ ਹੋਈ ਭੀੜ ਤੋਂ ਖਿਝ ਕੇ ਉਸ ਨੇ ਕਿਹਾ, ‘‘ਬਾਲਥਜ਼ਾਰ! ਤੂੰ ਅੰਦਰ ਆ ਜਾ। ਮੈਂ ਨਹੀਂ ਚਾਹੁੰਦੀ ਕਿ ਸਾਡੇ ਘਰ ਅੱਗੇ ਕੋਈ ਤਮਾਸ਼ਾ ਹੋਵੇ।’’ ਬਾਲਥਜ਼ਾਰ ਲਈ ਇਹ ਘਰ ਕੋਈ ਓਪਰਾ ਨਹੀਂ ਸੀ। ਆਪਣੇ ਹੁਨਰ ਅਤੇ ਇਮਾਨਦਾਰੀ ਕਾਰਨ ਇਹ ਤਰਖਾਣੀ ਦੇ ਛੋਟੇ-ਮੋਟੇ ਕੰਮਾਂ ਲਈ ਅਕਸਰ ਮੋਂਟਿਆਲ ਦੇ ਘਰ ਆਉਂਦਾ ਰਿਹਾ ਸੀ। ਅਮੀਰ ਆਦਮੀਆਂ ਸਾਹਮਣੇ ਉਹ ਸਹਿਜ ਮਹਿਸੂਸ ਨਹੀਂ ਸੀ ਕਰਦਾ। ਉਨ੍ਹਾਂ ਦੀਆਂ ਬੇਢੱਬੀਆਂ ਤੇ ਝਗੜਾਲੂ ਜਿਹੀਆਂ ਔਰਤਾਂ ਦਾ ਖ਼ਿਆਲ ਆਉਂਦਿਆਂ ਹੀ ਉਸ ਨੂੰ ਘ੍ਰਿਣਾ ਆਉਣ ਲੱਗਦੀ। ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੁੰਦਿਆਂ ਉਸ ਦੇ ਪੈਰ ਬੜੀ ਮੁਸ਼ਕਿਲ ਨਾਲ ਅਗਾਂਹ ਵਧਦੇ।
‘‘ਕੀ ਪੇਪੇ ਘਰੇ ਹੀ ਹੈ?’’ ਕਹਿ ਕੇ ਉਸ ਨੇ ਪਿੰਜਰਾ ਡਾਈਨਿੰਗ ਟੇਬਲ ’ਤੇ ਰੱਖ ਦਿੱਤਾ। ‘‘ਉਹ ਸਕੂਲ ਗਿਆ ਹੋਇਆ ਹੈ। ਆਉਣ ਵਾਲਾ ਹੀ ਹੋਵੇਗਾ।’’ ਮੋਂਟਿਆਲ ਦੀ ਪਤਨੀ ਨੇ ਕਿਹਾ। ‘‘ਤੇ ਮਿਸਟਰ ਮੋਂਟਿਆਲ?’’ ਦਰਅਸਲ, ਅਜੇ ਮੋਂਟਿਆਲ ਚੰਗੀ ਤਰ੍ਹਾਂ ਨਹਾਤਾ ਨਹੀਂ ਸੀ। ਉਸ ਨੇ ਜਲਦੀ-ਜਲਦੀ ਪਿੰਡਾ ਪੂੰਝਿਆ ਤਾਂ ਜੋ ਉਹ ਬਾਹਰ ਆ ਕੇ ਜਾਣ ਸਕੇ ਕਿ ਆਖ਼ਰ ਮਾਜਰਾ ਕੀ ਹੈ? ਉਹ ਬੜੇ ਸ਼ੱਕੀ ਸੁਭਾਅ ਦਾ ਬੰਦਾ ਸੀ। ਉਹ ਤਾਂ ਰਾਤ ਨੂੰ ਬਿਜਲੀ ਦਾ ਪੱਖਾ ਬੰਦ ਕਰਕੇ ਸੌਂਦਾ ਸੀ ਤਾਂ ਜੋ ਸੁੱਤਿਆਂ ਹੋਇਆਂ ਵੀ ਉਹ ਆਪਣੇ ਘਰ ਵਿੱਚ ਕਿਸੇ ਕਿਸਮ ਦੇ ਖੜਕੇ ਨੂੰ ਸੁਣ ਸਕੇ। ਉਸ ਨੇ ਉੱਚੀ ਆਵਾਜ਼ ਵਿੱਚ ਪੁੱਛਿਆ, ‘‘ਏਡੀਲੇਡ, ਕੀ ਹੋ ਰਿਹਾ ਹੈ?’’ ‘‘ਆ ਕੇ ਵੇਖੋ ਜ਼ਰਾ, ਕਿੰਨੀ ਸ਼ਾਨਦਾਰ ਸ਼ੈਅ ਹੈ ਇਹ!’’ ਉਸ ਦੀ ਪਤਨੀ ਨੇ ਜੋਸ਼ ਨਾਲ ਕਿਹਾ। ਆਪਣੀ ਗਰਦਨ ਦੁਆਲੇ ਤੌਲੀਆ ਲਪੇਟ ਕੇ ਉਹ ਬੈੱਡਰੂਮ ਦੀ ਖਿੜਕੀ ਰਾਹੀਂ ਝਾਕ ਕੇ ਬੋਲਿਆ, ‘‘ਕੀ ਹੈ?’’ ‘‘ਪੇਪੇ ਦਾ ਪਿੰਜਰਾ ਹੈ’’, ਬਾਲਥਜ਼ਾਰ ਨੇ ਕਿਹਾ।
ਤੀਵੀਂ ਹੈਰਾਨ ਹੋ ਕੇ ਬਾਲਥਜ਼ਾਰ ਵੱਲ ਵੇਖ ਕੇ ਬੋਲੀ, ‘‘ਪੇਪੇ ਦਾ?’’
‘‘ਹਾਂ ਪੇਪੇ ਦਾ!’’ ਬਾਲਥਜ਼ਾਰ ਨੇ ਪੁਸ਼ਟੀ ਕੀਤੀ। ਫੇਰ ਉਸ ਨੇ ਮੋਂਟਿਆਲ ਨੂੰ ਮੁਖ਼ਾਤਿਬ ਹੋ ਕੇ ਕਿਹਾ, ‘‘ਪੇਪੇ ਨੇ ਮੈਨੂੰ ਇਹ ਪਿੰਜਰਾ ਬਣਾਉਣ ਲਈ ਆਰਡਰ ਦਿੱਤਾ ਸੀ।’’ ਉਸ ਪਲ ਕੁਝ ਨਹੀਂ ਵਾਪਰਿਆ, ਪਰ ਬਾਲਥਜ਼ਾਰ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਬਾਥਰੂਮ ਦਾ ਦਰਵਾਜ਼ਾ ਖੁੱਲ੍ਹਣ ਵੇਲੇ ਕਿਸੇ ਨੇ ਉਸ ਵੱਲ ਖੋਲ੍ਹਿਆ ਹੋਵੇ। ਭਾਰੀ ਭਰਕਮ ਸਰੀਰ ਦਾ ਮੋਂਟਿਆਲ ਉਸ ਦੇ ਸਾਹਮਣੇ ਪ੍ਰਗਟ ਹੋ ਗਿਆ। ‘‘ਪੇਪੇ!’’ ਉਹ ਗੁੱਸੇ ਵਿੱਚ ਚੀਖਿਆ। ‘‘ਉਹ ਅਜੇ ਸਕੂਲੋਂ ਨਹੀਂ ਆਇਆ,’’ ਉਸ ਦੀ ਪਤਨੀ ਨੇ ਕੰਬਦੀ ਆਵਾਜ਼ ’ਚ ਕਿਹਾ। ਠੀਕ ਉਸ ਸਮੇਂ ਪੇਪੇ ਘਰ ਦੇ ਦਰਵਾਜ਼ੇ ’ਤੇ ਦਿਖਾਈ ਦਿੱਤਾ। ਉਹ ਬਾਰ੍ਹਾਂ ਸਾਲ ਦਾ ਸੀ। ਉਸ ਦੇ ਵਾਲ ਆਪਣੀ ਮਾਂ ਵਰਗੇ ਹੀ ਘੁੰਗਰਾਲੇ ਸਨ ਤੇ ਉਸ ਵਾਂਗ ਹੀ ਉਹ ਨਿਮਾਣਾ ਜਾਪਦਾ ਸੀ।
ਮੋਂਟਿਆਲ ਨੇ ਸਖ਼ਤੀ ਨਾਲ ਕਿਹਾ, ‘‘ਇੱਥੇ ਆ। ਕੀ ਤੂੰ ਇਹ ਬਣਾਉਣ ਲਈ ਆਰਡਰ ਦਿੱਤਾ ਸੀ?’’ ਬੱਚਾ ਸਿਰ ਝੁਕਾਈ ਖੜ੍ਹਾ ਸੀ। ਮੋਂਟਿਆਲ ਨੇ ਉਸ ਦੇ ਵਾਲ ਖਿੱਚ ਕੇ ਉਸ ਦਾ ਮੂੰਹ ਉਤਾਂਹ ਕੀਤਾ ਤੇ ਫਿਰ ਕਿਹਾ, ‘‘ਮੇਰੀ ਗੱਲ ਦਾ ਜਵਾਬ ਦੇ।’’ ਬੱਚਾ ਬਿਨਾਂ ਕੁਝ ਬੋਲਿਆਂ ਆਪਣੇ ਬੁੱਲ੍ਹ ਚਿੱਥਣ ਲੱਗਾ।
‘‘ਮੋਂਟਿਆਲ!’’ ਉਸ ਦੀ ਪਤਨੀ ਬੁੜਬੁੜਾਈ। ਮੋਂਟਿਆਲ ਨੇ ਬੱਚੇ ਨੂੰ ਛੱਡ ਦਿੱਤਾ, ਫੇਰ ਉਹ ਗੁੱਸੇ ’ਚ ਬਾਲਥਜ਼ਾਰ ਵੱਲ ਵੇਖਣ ਲੱਗਾ। ‘‘ਬਾਲਥਜ਼ਾਰ, ਮੈਨੂੰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਤੈਨੂੰ ਇਹ ਬਣਾਉਣ ਤੋਂ ਪਹਿਲਾਂ ਮੈਨੂੰ ਪੁੱਛਣਾ ਚਾਹੀਦਾ ਸੀ। ਇਸ ਛੋਟੇ ਜਿਹੇ ਬੱਚੇ ਦੇ ਕਹਿਣ ’ਤੇ ਤੂੰ ਕਿਵੇਂ ਕੋਈ ਚੀਜ਼ ਬਣਾ ਸਕਦੈਂ?’’ ਬੋਲਦਿਆਂ-ਬੋਲਦਿਆਂ ਉਸ ਨੇ ਆਪਣੇ ਆਪ ਨੂੰ ਸਾਵਾਂ ਕਰਕੇ ਮੇਜ਼ ਤੋਂ ਪਿੰਜਰਾ ਚੁੱਕ ਕੇ ਬਾਲਥਜ਼ਾਰ ਦੇ ਸਪੁਰਦ ਕਰਦਿਆਂ ਕਿਹਾ, ‘‘ਹੁਣੇ ਹੀ ਇਸ ਨੂੰ ਲੈ ਕੇ ਚਲੇ ਜਾਵੋ ਤੇ ਜਿਸ ਨੂੰ ਚਾਹੋ ਉਸ ਨੂੰ ਵੇਚ ਦੇਵੋ। ਮੈਂ ਇਸ ਬਾਰੇ ਕੋਈ ਬਹਿਸ ਨਹੀਂ ਕਰਨਾ ਚਾਹੁੰਦਾ। ਡਾਕਟਰ ਨੇ ਮੈਨੂੰ ਗੁੱਸਾ ਕਰਨ ਤੋਂ ਵਰਜਿਆ ਹੈ।’’ ਬੱਚਾ ਇਸ ਦੌਰਾਨ ਬਿਲਕੁਲ ਅਡੋਲ ਖੜ੍ਹਾ ਰਿਹਾ। ਹੱਥ ’ਚ ਪਿੰਜਰਾ ਫੜੀ ਬਾਲਥਜ਼ਾਰ ਨੇ ਉਸ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਤੱਕਿਆ। ਬੱਚਾ ਇਕਦਮ ਕੁੱਤੇ ਵਾਂਗ ਤਿੱਖੀ ਆਵਾਜ਼ ਵਿੱਚ ਗਰਜਿਆ ਤੇ ਚੰਘਿਆੜ ਮਾਰ ਕੇ ਫਰਸ਼ ’ਤੇ ਲਿਟ ਗਿਆ। ਹੱਕਾ-ਬੱਕਾ ਹੋਇਆ ਮੋਂਟਿਆਲ ਬੱਚੇ ਵੱਲ ਵੇਖਣ ਲੱਗਾ ਤੇ ਉਸ ਦੀ ਮਾਂ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਲੱਗੀ। ‘‘ਜਾਣਦੀ ਹੈਂ ਜੇ ਇਸ ਨੂੰ ਚੁੱਕਿਆ। ਮਾਰਨ ਦੇ ਇਸ ਨੂੰ ਟੱਕਰਾਂ ਫਰਸ਼ ਨਾਲ ਤੇ ਫੇਰ ਦੇਵੀਂ ਇਸ ਨੂੰ ਧਨੇਸੜੀ ਤਾਂ ਜੋ ਇਹ ਦਿਲ ਭਰ ਕੇ ਆਪਣਾ ਗੁੱਸਾ ਕੱਢ ਸਕੇ।’’ ਮੋਂਟਿਆਲ ਨੇ ਦੰਦ ਪੀਸ ਕੇ ਕਿਹਾ। ਬੱਚਾ ਬਿਨਾਂ ਕੋਈ ਹੰਝੂ ਕੇਰੇ ਚੀਖ ਰਿਹਾ ਸੀ ਤੇ ਉਸ ਦੀ ਮਾਂ ਨੇ ਉਸ ਨੂੰ ਕੂਹਣੀ ਤੋਂ ਫੜਿਆ ਹੋਇਆ ਸੀ। ਬਾਲਥਜ਼ਾਰ ਨੇ ਬੱਚੇ ਨੂੰ ਐਨੀ ਕਰੁਣਾ ਭਰੀ ਨਜ਼ਰ ਨਾਲ ਵੇਖਿਆ ਜਿਵੇਂ ਉਹ ਦਰਦ ’ਚ ਤੜਫ਼ਦੇ ਕਿਸੇ ਜੀਵ ਨੂੰ ਵੇਖ ਰਿਹਾ ਹੋਵੇ। ਲਗਪਗ ਚਾਰ ਵੱਜ ਚੁੱਕੇ ਸਨ। ਉਸ ਸਮੇਂ ਉਸ ਦੇ ਆਪਣੇ ਘਰ ਵਿੱਚ ਉਰਸੁਲਾ ਪਿਆਜ਼ ਛਿਲਦਿਆਂ ਕੋਈ ਲੋਕਗੀਤ ਗੁਣਗੁਣਾ ਰਹੀ ਸੀ। ਬਾਲਥਜ਼ਾਰ ਹੱਥ ’ਚ ਪਿੰਜਰਾ ਫੜ ਕੇ ਮੁਸਕਰਾਉਂਦਿਆਂ ਬੱਚੇ ਕੋਲ ਗਿਆ ਤੇ ਪਿਆਰ ਨਾਲ ਪੁਕਾਰ ਕੇ ਕਿਹਾ, ‘‘ਪੇਪੇ!’’ ਬੱਚਾ ਇਕਦਮ ਉੱਛਲ ਕੇ ਖੜ੍ਹਾ ਹੋ ਗਿਆ ਤੇ ਉਸ ਨੇ ਪਿੰਜਰੇ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਪਿੰਜਰਾ ਵੀ ਓਨਾ ਹੀ ਵੱਡਾ ਸੀ, ਜਿੰਨਾ ਉਹ ਆਪ ਸੀ। ਉਹ ਪਿੰਜਰੇ ਦੀ ਜਾਲੀ ਰਾਹੀਂ ਬਾਲਥਜ਼ਾਰ ਨੂੰ ਵੇਖਦਾ ਰਿਹਾ। ਉਸ ਨੂੰ ਕਹਿਣ ਲਈ ਕੁਝ ਵੀ ਸੁੱਝ ਨਹੀਂ ਸੀ ਰਿਹਾ। ਉਸ ਦੀਆਂ ਅੱਖਾਂ ’ਚੋਂ ਸਿਰਫ਼ ਇੱਕ ਹੰਝੂ ਡਿੱਗਾ।
ਮੋਂਟਿਆਲ ਨੇ ਨਰਮੀ ਨਾਲ ਕਿਹਾ, ‘‘ਬਾਲਥਜ਼ਾਰ! ਮੈਂ ਤੈਨੂੰ ਕਹਿ ਚੁੱਕਾ ਹਾਂ ਇਸ ਨੂੰ ਆਪਣੇ ਨਾਲ ਲੈ ਜਾਵੋ।’’ ‘‘ਬੇਟੇ, ਪਿੰਜਰਾ ਬਾਲਥਜ਼ਾਰ ਨੂੰ ਵਾਪਸ ਕਰ ਦੇਵੋ।’’ ਮਾਂ ਨੇ ਸਖ਼ਤ ਲਹਿਜੇ ਵਿੱਚ ਕਿਹਾ। ‘‘ਨਹੀਂ, ਪੇਪੇ ਤੂੰ ਆਪਣੇ ਕੋਲ ਹੀ ਰੱਖ।’’ ਫੇਰ ਉਸ ਨੇ ਮੋਂਟਿਆਲ ਨੂੰ ਮਿੰਨਤ ਕਰਕੇ ਕਿਹਾ, ‘‘ਮੈਂ ਇਹ ਪਿੰਜਰਾ ਪੇਪੇ ਲਈ ਹੀ ਤਾਂ ਬਣਾਇਆ ਹੈ।’’ ਬਾਰਥਜ਼ਾਰ ਜਾਣ ਲੱਗਾ ਤਾਂ ਉਸ ਦਾ ਰਾਹ ਰੋਕ ਕੇ ਮੋਂਟਿਆਲ ਬੋਲਿਆ, ‘‘ਇਹ ਖਟਾਰਾ ਆਪਣੇ ਘਰ ਹੀ ਲੈ ਜਾਵੋ। ਮੈਂ ਬੇਸਿਰ ਪੈਰ ਦੀਆਂ ਗੱਲਾਂ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਤਾਂ ਇੱਕ ਸੈਂਟ ਦੇਣ ਲਈ ਵੀ ਤਿਆਰ ਨਹੀਂ।’’
‘‘ਕੋਈ ਗੱਲ ਨਹੀਂ।’’ ਬਾਲਥਜ਼ਾਰ ਨੇ ਕਿਹਾ, ‘‘ਮੈਂ ਤਾਂ ਇਹ ਪਿੰਜਰਾ ਪੇਪੇ ਨੂੰ ਸੌਗਾਤ ਦੇਣ ਵਜੋਂ ਵਿਸ਼ੇਸ਼ ਤੌਰ ’ਤੇ ਬਣਾਇਆ ਹੈ, ਮੈਂ ਇਸ ਦੀ ਕੋਈ ਕੀਮਤ ਉਗਰਾਹੁਣਾ ਨਹੀਂ ਚਾਹੁੰਦਾ।’’ ਜਦੋਂ ਬਾਲਥਜ਼ਾਰ ਦਰਵਾਜ਼ੇ ਅੱਗੇ ਲੱਗੀ ਭੀੜ ’ਚੋਂ ਰਸਤਾ ਬਣਾਉਂਦਾ ਹੋਇਆ ਬਾਹਰ ਜਾਣ ਲੱਗਾ ਤਾਂ ਕਮਰੇ ਦੇ ਐਨ ਵਿਚਕਾਰ ਖਲੋਤਾ ਮੋਂਟਿਆਲ ਚੀਖ਼-ਚੀਖ਼ ਕੇ ਕਹਿ ਰਿਹਾ ਸੀ, ‘‘ਮੈਂ ਇਹ ਬਰਦਾਸ਼ਤ ਹੀ ਨਹੀਂ ਕਰ ਸਕਦਾ ਕਿ ਕੋਈ ਮਾਮੂਲੀ ਜਿਹਾ ਘਰ ਦਾ ਮੈਂਬਰ ਚੀਜ਼ਾਂ ਦਾ ਆਰਡਰ ਦੇਣ ਲੱਗ ਪਵੇ।’’
‘ਬਿਲੀਅਰਡ ਸੈਲੂਨ’ ਵਿੱਚ ਪੈਰ ਧਰਦਿਆਂ ਹੀ ਉੱਥੇ ਹਾਜ਼ਰ ਲੋਕਾਂ ਨੇ ਉਸ ਦਾ ਭਰਵਾਂ ਸਵਾਗਤ ਕੀਤਾ। ਉਸ ਪਲ ਤੱਕ ਉਸ ਨੂੰ ਸਿਰਫ਼ ਇਹ ਅਹਿਸਾਸ ਸੀ ਕਿ ਉਸ ਨੇ ਇੱਕ ਚੰਗਾ ਪਿੰਜਰਾ ਬਣਾਇਆ ਜਿਸ ਨੂੰ ਉਸ ਨੇ ਮੋਂਟਿਆਲ ਦੇ ਬੇਟੇ ਨੂੰ ਸੌਗਾਤ ਵਜੋਂ ਭੇਟ ਕਰਨਾ ਉਚਿਤ ਸਮਝਿਆ ਤਾਂ ਜੋ ਉਹ ਰੋਣਾ ਬੰਦ ਕਰ ਦੇਵੇ। ਉਹ ਇਸ ਨੂੰ ਬਹੁਤ ਸਾਧਾਰਨ ਜਿਹੀ ਗੱਲ ਮੰਨਦਾ ਸੀ। ਉੱਥੇ ਪਹੁੰਚ ਕੇ ਉਸ ਨੂੰ ਅਹਿਸਾਸ ਹੋਇਆ ਕਿ ਲੋਕਾਂ ਲਈ ਇਹ ਗੱਲ ਕਿੰਨੀ ਅਹਿਮ ਸੀ। ਉਹ ਸਾਰੇ ਹੀ ਖ਼ੁਸ਼ੀ ਵਿੱਚ ਝੂਮ ਰਹੇ ਸਨ।
‘‘ਤਾਂ ਫੇਰ ਪੰਜਾਹ ਪਿਸੋਸ ਤਾਂ ਮਿਲ ਹੀ ਗਏ ਹੋਣਗੇ ਉਨ੍ਹਾਂ ਤੋਂ।’’ ਕਿਸੇ ਨੇ ਕਿਹਾ। ‘‘ਸੱਠ।’’ ਬਾਲਥਜ਼ਾਰ ਨੇ ਹੁੱਬ ਕੇ ਕਿਹਾ, ‘‘ਸਾਨੂੰ ਸ਼ੁਕਰ ਕਰਨਾ ਚਾਹੀਦੈ ਰੱਬ ਦਾ।’’ ਕਿਸੇ ਨੇ ਕਿਹਾ, ‘‘ਤੂੰ ਭਰਾਵਾ ਅਜਿਹਾ ਪਹਿਲਾ ਸ਼ਖ਼ਸ ਹੈਂ ਜਿਸ ਨੇ ਡਾਨ ਮੋਂਟਿਆਲ ਦੀ ਜੇਬ ’ਚੋਂ ਏਨੀ ਮੋਟੀ ਰਕਮ ਕਢਵਾਈ ਹੈ। ਸਾਨੂੰ ਜਸ਼ਨ ਮਨਾਉਣਾ ਚਾਹੀਦਾ ਹੈ।’’ ਮੌਜ-ਮਸਤੀ ਦਾ ਦੌਰ ਸ਼ੁਰੂ ਹੋ ਗਿਆ ਤੇ ਬਾਲਥਜ਼ਾਰ ਨੇ ਸਭ ਦੇ ਗਿਲਾਸ ਬੀਅਰ ਨਾਲ ਭਰ ਦਿੱਤੇ। ਉਸ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸ਼ਰਾਬ ਨੂੰ ਹੱਥ ਲਾਇਆ ਸੀ। ਰਾਤ ਢਲਣ ਤੱਕ ਉਹ ਨਸ਼ੇ ਵਿੱਚ ਧੁੱਤ ਹੋ ਚੁੱਕਾ ਸੀ। ਸ਼ੇਖ ਚਿੱਲੀ ਵਾਂਗ ਹਵਾਈ ਕਿਲ੍ਹੇ ਬਣਾਉਂਦਿਆਂ ਉਹ ਕਹਿਣ ਲੱਗਾ, ‘‘ਜੇ ਮੈਂ ਇੱਕ ਮਿਲੀਅਨ ਪਿੰਜਰੇ ਬਣਾ ਕੇ ਸੱਠ ਪਿਸੋਸ ਦੇ ਭਾਅ ਵੇਚਾਂ ਤਾਂ ਮੈਂ ਸੱਠ ਮਿਲੀਅਨ ਪਿਸੋਸ ਦਾ ਮਾਲਕ ਬਣ ਸਕਦਾ ਹਾਂ।’’ ਉਹ ਨਸ਼ੇ ਦੀ ਲੋਰ ਵਿੱਚ ਬੋਲ ਰਿਹਾ ਸੀ, ‘‘ਅਮੀਰ ਲੋਕਾਂ ਦੇ ਬੀਜ ਨਾਸ਼ ਹੋਣ ਤੱਕ ਬਹੁਤ ਸਾਰੀਆਂ ਚੀਜ਼ਾਂ ਬਣਾਉਣੀਆਂ ਪੈਣਗੀਆਂ। ਉਹ ਸਭ ਬਿਮਾਰ ਲੋਕ ਹਨ ਤੇ ਮੌਤ ਦੇ ਕੰਢੇ ਖਲੋਤੇ ਹੋਏ ਹਨ। ਉਹ ਏਨੇ ਸੁੰਗੜ ਚੁੱਕੇ ਹਨ ਕਿ ਉਨ੍ਹਾਂ ਵਿੱਚ ਗੁੱਸਾ ਕਰਨ ਦੀ ਤਾਕਤ ਵੀ ਨਹੀਂ ਬਚੀ।’’ ਦੋ ਘੰਟਿਆਂ ਤੱਕ ਉਸ ਦੇ ਖਰਚੇ ’ਤੇ ਗਾਣਿਆਂ ਦੇ ਵੰਨ-ਸੁਵੰਨੇ ਰਿਕਾਰਡ ਵੱਜਦੇ ਰਹੇ। ਬਾਲਥਜ਼ਾਰ ਦੀ ਖ਼ੁਸ਼ੀ, ਖੁਸ਼ਹਾਲੀ ਤੇ ਸਿਹਤਮੰਦੀ ਦੇ ਨਾਮ ’ਤੇ ਜਾਮ ਛਲਕਦੇ ਰਹੇ ਤੇ ਫਿਰ ਹੌਲੀ-ਹੌਲੀ ਲੋਕ ਉੱਥੋਂ ਖਿਸਕਦੇ ਰਹੇ। ਉਰਸੁਲਾ ਅੱਠ ਵਜੇ ਤੱਕ ਉਸ ਦੀ ਉਡੀਕ ਕਰਦੀ ਰਹੀ। ਉਸ ਨੇ ਤਸ਼ਤਰੀ ਵਿੱਚ ਤਲੇ ਮੀਟ ਤੇ ਪਿਆਜ਼ ਦੀਆਂ ਨਿੱਕੀਆਂ ਨਿੱਕੀਆਂ ਫਾਂਕਾਂ ਸਜਾਈਆਂ ਸਨ। ਕਿਸੇ ਨੇ ਉਸ ਨੂੰ ਦੱਸਿਆ ਕਿ ਉਸ ਦਾ ਪਤੀ ਖ਼ੁਸ਼ੀ ’ਚ ਡੁੱਬਿਆ ‘ਬਿਲੀਅਰਡ ਸੈਲੂਨ’ ਵਿੱਚ ਬੀਅਰ ਦੀ ਦਾਅਵਤ ਦੇ ਰਿਹਾ ਹੈ। ਉਰਸੁਲਾ ਨੂੰ ਉਸ ਬੰਦੇ ਦੀ ਗੱਲ ’ਤੇ ਯਕੀਨ ਨਹੀਂ ਆਇਆ ਕਿਉਂਕਿ ਉਸ ਨੇ ਬਾਲਥਜ਼ਾਰ ਨੂੰ ਕਦੇ ਵੀ ਨਸ਼ੇ ਵਿੱਚ ਨਹੀਂ ਸੀ ਵੇਖਿਆ। ਅੱਧੀ ਰਾਤ ਵੇਲੇ ਜਦੋਂ ਉਰਸੁਲਾ ਸੌਣ ਲੱਗੀ ਤਾਂ ਉਸ ਸਮੇਂ ਬਾਲਥਜ਼ਾਰ ਰੌਸ਼ਨੀ ਨਾਲ ਜਗਮਗਾਉਂਦੇ ਕਮਰੇ ਵਿੱਚ ਸੀ, ਜਿੱਥੇ ਮੇਜ਼ਾਂ ਦੇ ਇਰਦ-ਗਿਰਦ ਚਾਰ-ਚਾਰ ਕੁਰਸੀਆਂ ਸਨ ਤੇ ਬਾਹਰ ਡਾਂਸਿੰਗ ਫਲੋਰ ਸੀ। ਉਸ ਦਾ ਚਿਹਰਾ ਲਾਲ ਸੁਰਖ਼ ਸੀ। ਉਸ ਲਈ ਇੱਕ ਪੈਰ ਪੁੱਟਣਾ ਵੀ ਔਖਾ ਸੀ। ਉਸ ਨੇ ਐਨਾ ਪੈਸਾ ਖਰਚ ਕਰ ਦਿੱਤਾ ਸੀ ਕਿ ਉਸ ਨੂੰ ਆਪਣੀ ਘੜੀ ਗਿਰਵੀ ਰੱਖਣੀ ਪਈ। ਅਗਲੇ ਹੀ ਪਲ ਉਹ ਗਲੀ ਵਿੱਚ ਲੜਖੜਾ ਕੇ ਡਿੱਗ ਪਿਆ। ਉਸ ਨੂੰ ਲੱਗਿਆ ਜਿਵੇਂ ਕੋਈ ਉਸ ਦੇ ਬੂਟ ਉਤਾਰ ਰਿਹਾ ਹੋਵੇ, ਪਰ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਹਸੀਨ ਸੁਪਨੇ ਨੂੰ ਭੰਗ ਨਹੀਂ ਸੀ ਕਰਨਾ ਚਾਹੁੰਦਾ। ਸਵੇਰੇ ਪੰਜ ਵਜੇ ਪ੍ਰਾਰਥਨਾ ਲਈ ਗਿਰਜੇ ਜਾਂਦੀ ਇੱਕ ਔਰਤ ਨੇ ਇਹ ਸੋਚ ਕੇ ਉਸ ਵੱਲ ਵੇਖਣ ਦੀ ਹਿੰਮਤ ਨਹੀਂ ਕੀਤੀ ਕਿ ਉਹ ਤਾਂ ਮਰਿਆ ਪਿਆ ਹੈ!

