ਉੱਜਲ ਭਵਿੱਖ

ਉੱਜਲ ਭਵਿੱਖ

ਸਵੈਂ ਪ੍ਰਕਾਸ਼

ਹਿੰਦੀ ਕਹਾਣੀ

ਗੱਡੀ ਨੇ ਪਲੇਟਫਾਰਮ ਛੱਡਿਆ ਤਾਂ ਅਲਸਾਉਂਦੇੇ ਹੋਏ ਸਪੈਕਟਰਾ ਇੰਜਨੀਅਰਿੰਗ ਗਰੁੱਪ ਦੇ ਮੁਖੀ, ਪ੍ਰਬੰਧ ਨਿਰਦੇਸ਼ਕ ਤੇ ਮਾਲਕ ਮਿੱਤਲ ਸਾਹਬ ਨੇ ਅਲਵਿਦਾ ਆਖਣ ਵਾਲਿਆਂ ਦੇ ਜੁਆਬ ਵਿੱਚ ਹੱਥ ਹਿਲਾਇਆ ਅਤੇ ਫਿਰ ਜੁੱਤੇ ਉਤਾਰ ਕੇ ਲੱਤਾਂ ਪਸਾਰ ਲਈਆਂ। ਚਲੋ! ਹੁੁਣ ਆਪਾਂ ਅਤੇ ਇਹ ਸਫ਼ਰ। ਨਾਲ ਵਾਲੀ ਖਾਲੀ ਬਰਥ ’ਤੇ ਨਜ਼ਰ ਮਾਰੀ। ਡੱਬੇ ਦੇ ਤਿੰਨੋਂ ਬਰਥ ਖਾਲੀ ਸਨ ਤੇ ਖਾਲੀ ਹੀ ਰਹਿਣ ਵਾਲੇ ਸਨ। ਇਹਦੇ ਨਾਲੋਂ ਤਾਂ ਕੋਈ ਹੁੰਦਾ! ਪਰ ਕੀ ਪਤਾ ਕੌਣ ਹੁੰਦਾ? ਕੋਈ ਬੋਰ ਕਰਨ ਵਾਲਾ ਹੁੰਦਾ ਤਾਂ? ਨਹੀਂ, ਇਸ ਤਰ੍ਹਾਂ ਹੀ ਠੀਕ ਹੈ।

ਅਜੇ ਡੱਬੇ ਦਾ ਦਰਵਾਜ਼ਾ ਬੰਦ ਕਰਨ ਦੀ ਸੋਚ ਹੀ ਰਹੇ ਸਨ ਕਿ ਇੱਕ ਲੜਕਾ ਦੌੜਦਾ ਹੋਇਆ ਆਉਂਦਾ ਦਿਖਾਈ ਦਿੱਤਾ। ਉਹ ਪਲੇਟਫਾਰਮ ਦੇ ਐਨ ਸਿਰੇ ’ਤੇ ਪਹੁੰਚ ਚੁੱਕਾ ਸੀ ਕਿ ਰਫ਼ਤਾਰ ਫੜ ਚੁੱਕੀ ਗੱਡੀ ਵਿੱਚ ਛਾਲ ਮਾਰ ਕੇ ਚੜ੍ਹ ਗਿਆ -  ਤੇ ਸਿੱਧਾ ਮਿੱਤਲ ਸਾਹਬ ਦੇ ਡੱਬੇ ਵਿੱਚ ਘੁਸ ਕੇੇ ਦਰਵਾਜ਼ਾ ਬੰਦ ਕਰਨ ਲੱਗਾ।

‘‘ਕੀ ਗੱਲ ਐ ਬਈ? ਕੀ ਗੱਲ ਐ? ਕੀ ਚਾਹੀਦਾ ਹੈ?’’ ਮਿੱਤਲ ਸਾਹਬ ਉੱਖੜ ਗਏ।

ਲੜਕੇ ਨੇ ਹੱਥ ਜੋੜੇ, ਸਾਹ ਨੂੰ ਟਿਕਾਣੇ ਸਿਰ ਕਰਦਿਆਂ ਬੋਲਿਆ, ‘‘ਘਬਰਾਓ ਨਾ, ਚੋਰ ਡਾਕੂ ਨਹੀਂ ਹਾਂ। ਪਲੀਜ਼! ਦੋ ਮਿੰਟ ਦਾ ਮੌਕਾ ਦਿਓ।’’

ਦੋ ਮਿੰਟ ਤੱਕ ਕੁਝ ਨਹੀਂ ਹੋਇਆ ਤਾਂ ਮਿੱਤਲ ਸਾਹਬ ਦਾ ਆਤਮ-ਵਿਸ਼ਵਾਸ਼ ਪਰਤਣ ਲੱਗਾ। ਬੋਲੇ, ‘‘ਕੌਣ ਹੈਂ? ਕੀ ਚਾਹੀਦਾ ਹੈ?’’

ਲੜਕੇ ਨੇ ਕਮੀਜ਼ ਦੀ ਬਾਂਹ ਨਾਲ ਪਸੀਨਾ ਪੂੰਝਿਆ, ਥੁੱਕ ਅੰਦਰ ਲੰਘਾਇਆ ਤੇ ਹੱਥ ਜੋੜ ਕੇ ਬੋਲਿਆ, ‘‘ਨੌਕਰੀ ਚਾਹੀਦੀ ਹੈ।’’

ਪਲ ਭਰ ਲਈ ਤਾਂ ਮਿੱਤਲ ਸਾਹਬ ਨੂੰ ਵਿਸ਼ਵਾਸ ਨਾ ਹੋਇਆ ਕਿ ਉਨ੍ਹਾਂ ਠੀਕ ਸੁਣਿਆ ਹੈ। ਬੋਲੇ, ‘‘ਹੈਂ?’’

‘‘ਨੌਕਰੀ’’, ਲੜਕੇ ਨੇ ਦੁਹਰਾਇਆ।

ਮਿੱਤਲ ਸਾਹਬ ਇਕਦਮ ਰਿਲੈਕਸ ਹੋ ਗਏ ਸਗੋਂ ਉਨ੍ਹਾਂ ਨੂੰ ਮਜ਼ਾ ਆਉਣ ਲੱਗਾ। ਉਹ ਮੁਸਕਰਾਏ। ਮੁਸਕਰਾਹਟ ਅਚਾਨਕ ਠਹਾਕੇ ਵਿੱਚ ਬਦਲ ਗਈ। ਬੋਲੇ, ‘‘ਓ! ਕੀ ਨਾਟਕੀ ਸਥਿਤੀ ਬਣ ਗਈ ਹੈ? ਵਾਹ! ਰੀਅਲੀ ਡ੍ਰਾਮੈਟਿਕ! ਥੀਏਟਰੀਕਲ ਰਾਦਰ! ਜ਼ਿੰਦਗੀ ਵਿੱਚ ਕਦੇ ਕਿਸੇ ਨੇ ਮੇਰੇ ਕੋਲੋਂ ਚਲਦੀ ਟਰੇਨ ਵਿੱਚ ਇਸ ਤਰ੍ਹਾਂ ਦੌੜ ਕੇ ਨੌਕਰੀ ਨਹੀਂ ਮੰਗੀ। ਹਾਂ! ਹਵਾਈ ਜਹਾਜ਼ ਵਿੱਚ ਇੱਕ ਵਾਰ ਇੱਕ ਆਦਮੀ ਨੇ ਜ਼ਰੂਰ ਨੌਕਰੀ ਮੰਗੀ ਸੀ। ਪਰ ਆਪਣੇ ਲਈ ਨਹੀਂ, ਆਪਣੇ ਨਾਲਾਇਕ ਭਤੀਜੇ ਲਈ। ਨਾਲਾਇਕ ਲੋਕ ਮੈਨੂੰ ਬਹੁਤ ਚੰਗੇ ਲਗਦੇ ਨੇ, ਸੋ ਮੈਂ ਉਹਨੂੰ ਰੱਖ ਲਿਆ। ਅੱਜ ਉਹ ਮੇਰੀ ਇੱਕ ਫਰਮ ਦਾ ਚੀਫ ਮੈਨੇਜਰ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਇਹ ਕਿੱਸਾ ਮੈਂ ਇੱਕ ਇੰਟਰਵਿਊ ਵਿੱਚ ਸਾਂਝਾ ਕੀਤਾ ਸੀ। ਤੂੰ ਜ਼ਰੂਰ ਹੀ ਉਹ ਇੰਟਰਵਿਊ ਪੜ੍ਹੀ ਹੋਵੇਗੀ। ਇਸੇ ਲਈ ਤੂੰ ਵੀ ਨੌਕਰੀ ਮੰਗਣ ਦਾ ਇਹੀ ਤਰੀਕਾ ਅਜ਼ਮਾਇਆ ਹੈ। ਐਮ ਆਈ ਰਾਈਟ? ਪਰ ਜ਼ਰਾ ਸੋਚ, ਕਿੰਨਾ ਖ਼ਤਰਨਾਕ ਹੈ ਇਹ ਤਰੀਕਾ? ਮੰਨ ਲੈ ਜੇ ਘਬਰਾਹਟ ਵਿੱਚ ਗੱਡੀ ਚੜ੍ਹਦਿਆਂ ਡਿੱਗ ਜਾਂਦਾ! ਜਾਂ ਮੈਂ ਜੇ ਹੁਣੇ ਕੰਡਕਟਰ ਨੂੰ ਬੁਲਾ ਕੇ ਕਹਿ ਦਿਆਂ ਕਿ... ਫਸਟ ਦਾ ਟਿਕਟ ਤਾਂ ਕੀ ਹੋਊ ਤੇਰੇ ਕੋਲ?’’

ਲੜਕਾ ਖੱਬੇ ਸੱਜੇ ਝਾਕਣ ਲੱਗਾ।

‘‘ਤੂੰ ਦਫ਼ਤਰ ਕਿਉਂ ਨਹੀਂ ਅਇਆ?’’

‘‘ਆਇਆ ਸੀ ਪਰ ਉਨ੍ਹਾਂ ਨੇ ਤੁਹਾਨੂੰ ਮਿਲਣ ਨਹੀਂ ਦਿੱਤਾ।’’

‘‘ਤਾਂ ਘਰ ਆ ਜਾਂਦਾ।’’

‘‘ਵੜਣ ਨਹੀਂ ਦਿੱਤਾ।’’

‘‘ਕਲੱਬ?’’

‘‘ਕੱਪੜੇ ਨਹੀਂ ਸਨ।’’

‘‘ਪਾਰਕਿੰਗ?’’

‘‘ਤੁਹਾਡੇ ਸੁਰੱਖਿਆ ਕਰਮਚਾਰੀ ਸਾਰੇ ਬੇਰੁਜ਼ਗਾਰਾਂ ਨੂੰ ਅਤਿਵਾਦੀ ਸਮਝਦੇ ਹਨ।’’

‘‘ਹਾਂ ਇਹ ਗੱਲ ਤਾਂ ਹੈ। ਤੂੰ ਟੈਲੀਫੋਨ...?’’

‘‘ਤੁਹਾਡਾ ਪੀ.ਏ. ਗੱਲ ਨਹੀਂ ਕਰਾਉਂਦਾ।’’

‘‘ਫਿਰ ਤਾਂ ਇਹੀ ਤਰੀਕਾ ਬਚਿਆ। ਖ਼ੈਰ! ਚਲੋ ਬੈਠੋ।’’

ਲੜਕਾ ਜ਼ਮੀਨ ’ਤੇ ਬੈਠਣ ਲੱਗਾ।

‘‘ਨਹੀਂ ਨਹੀਂ ਸਾਹਮਣੇ ਬੈਠੋ।’’

ਲੜਕਾ ਸਾਹਮਣੇ ਵਾਲੀ ਬਰਥ ’ਤੇ ਟਿਕ ਗਿਆ।

ਇਸ ਤਰ੍ਹਾਂ ਕਿ ਇਹ ਵੀ ਨਾ ਲੱਗੇ ਕਿ ਇਕਦਮ ਬੈਠ ਹੀ ਗਿਆ ਹੈ ਅਤੇ ਇਹ ਵੀ ਨਹੀਂ ਕਿ ਉਹਨੇ ਮਿੱਤਲ ਸਾਹਬ ਦੀ ਹੁਕਮ-ਅਦੂਲੀ ਕੀਤੀ ਹੈ।

ਮਿੱਤਲ ਸਾਹਬ ਨੇ ਸੁਰਾਹੀ ਵਿੱਚੋਂ ਪਾਣੀ ਕੱਢਿਆ। ਪੀਂਦੇ-ਪੀਂਦੇ ਫਿਰ ਲੜਕੇ ਵੱਲ ਵਧਾ ਦਿੱਤਾ, ‘‘ਲਉ ਪਾਣੀ ਪੀਓ।’’

‘‘ਜੀ ਬੱਸ ਠੀਕ ਹੈ। ਮੈਂ ਪੀ ਕੇ ਹੀ ਚੱਲਿਆ ਸੀ।’’

‘‘ਪੀਓ ਪੀਓ। ਕੋਈ ਗੱਲ ਨਹੀਂ। ਜੂਠਾ ਹੋ ਜਾਏਗਾ ਤਾਂ ਹੋਰ ਕੱਪ ਹੈ। ਕਹਿ ਰਿਹਾ ਹਾਂ ਨਾ ਕਿ ਪੀਓ। ਕਦੋਂ ਦਾ ਥੁੱਕ ਨਿਗਲੀ ਜਾ ਰਿਹਾ ਹੈਂ।’’

ਲੜਕੇ ਨੇ ਪਾਣੀ ਪੀਤਾ। ਏਨੇ ਕੁ ਪਾਣੀ ਨਾਲ ਕੀ ਹੋਣਾ ਸੀ, ਪਰ ਉਸ ਨੇ ਹੋਰ ਨਹੀਂ ਮੰਗਿਆ। ਮਿੱਤਲ ਨੇ ਹੋਰ ਪੁੱਛਿਆ ਵੀ ਨਹੀਂ। ਏਨੀ ਕੁ ਇਨਸਾਨੀਅਤ ਬਹੁਤ ਸੀ। ਖ਼ੁਦ ਪੀਣ ਲੱਗੇ। ਲੜਕਾ ਕੱਪ ਹੱਥ ਵਿੱਚ ਲੈ ਕੇ ਬੈਠਾ ਰਿਹਾ। ਦੋਵੇਂ ਹੱਥਾਂ ਵਿੱਚ। ਜਿਵੇਂ ਕੱਪ ਧਾਰਣ ਕਰ ਲਿਆ ਹੋਵੇ। ਵਾਪਸ ਦਿੰਦਾ ਵੀ ਤਾਂ ਕਿਵੇਂ? ਜੂਠਾ ਕੱਪ ਮਿੱਤਲ ਸਾਹਬ ਨੂੰ ਕਿਵੇਂ ਦੇਵੇ? ਉੱਥੇ ਰੱਖੇ ਵੀ ਕਿਵੇਂ? ਬਾਹਰ ਦੇ ਪਾਣੀ ਨਾਲ ਧੋ ਕੇ ਲਿਆਉਣ ਨਾਲ ਵੀ ਗੱਲ ਨਹੀਂ ਬਣਦੀ। ਇਸ ਲਈ ਹੱਥਾਂ ਵਿੱਚ ਹੀ ਫੜੀ ਰੱਖਿਆ। ਬੱਸ ਧਾਰਨ ਕਰ ਲਿਆ।

ਮਿੱਤਲ ਸਾਹਬ ਨੇ ਇਲੈਚੀ ਕੱਢ ਕੇ ਮੂੰਹ ਵਿੱਚ ਪਾ ਲਈ। ਸੁਆਦ ਲੈਂਦੇ ਹੋਏ ਬੋਲੇ, ‘‘ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਮੈਂ ਇਸ ਟਰੇਨ ਵਿੱਚ ਸਫ਼ਰ ਕਰ ਰਿਹਾ ਹਾਂ? ਮੈਂ ਤਾਂ ਕਦੇ ਟਰੇਨ ਵਿੱਚ ਸਫ਼ਰ ਕਰਦਾ ਨਹੀਂ।’’

‘‘ਸਰ, ਆਪ ਜੀ ਨੂੰ ਕੌਣ ਨਹੀਂ ਜਾਣਦਾ?’’  ਲੜਕੇ ਨੇ ਕਿਹਾ।

ਇਸ ਜੁਆਬ ਦੀ ਕੋਈ ਤੁਕ ਨਹੀਂ ਸੀ। ਪਰ ਮਿੱਤਲ ਇਹ ਸੁਣ ਕੇ ਕੁਝ ਸੰਤੁਸ਼ਟ ਸਨ। ਲੜਕਾ ਥੋੜ੍ਹੀ ਬਹੁਤ ਗੱਲ ਕਰਨੀ ਜਾਣਦਾ ਹੈ। ਦਸ ਪੰਦਰਾਂ ਮਿੰਟ ਇਹਦੇ ਨਾਲ ਗੱਲ ਕਰਕੇ ਸਮਾਂ ਪਾਸ ਕਰਾਂਗਾ। ਫਿਰ ਕੱਪੜੇ ਬਦਲਾਂਗਾ, ਫਿਰ ਕਰਾਸ ਵਰਡ ਕੱਢਕੇ ਖੇਡਾਂਗਾ ਜੋ ਮਿਤਰੀ ਨੇ ਰਸਤੇ ਵਿੱਚ ਖੇਡਣ ਵਾਸਤੇ ਸਟੋਰ ਕਰ ਦਿੱਤੀਆਂ ਹਨ। ਜਾਂ ਕੁਝ ਸੋਚਾਂਗਾ।

‘‘ਅੱਛਾ ਤਾਂ ਤੈਨੂੰ ਨੌਕਰੀ ਚਾਹੀਦੀ ਹੈ?’’

‘‘ਜੀ’’

‘‘ਓ ਭਾਈ, ਆਰਾਮ ਨਾਲ ਬੈਠ ਜਾ।’’

‘‘ਜੀ ਬੱਸ ਠੀਕ ਹੈ।’’

‘‘ਫ਼ਿਕਰ ਨਾ ਕਰ। ਟੀਸੀ ਤੈਨੂੰ ਨਹੀਂ ਉਠਾਵੇਗਾ। ਮੈਂ ਚਾਰੇ ਬਰਥ ਰਿਜ਼ਰਵ ਕਰਵਾਏ ਹੋਏ ਨੇ। ਬੈਠ ਜਾ। ਕੰਡਕਟਰ ਪੁੱਛੇਗਾ ਤਾਂ ਕਹਿ ਦੇਵਾਂਗਾ ਕਿ ਤੂੰ ਮੇਰੇ ਨਾਲ ਹੈਂ। ਵੈਸੇ ਉਹ ਪੁੱਛੇਗਾ ਨਹੀਂ।’’

ਲੜਕਾ ਕੁਝ ਠੀਕ ਹੋ ਕੇ ਬੈਠ ਗਿਆ।

‘‘ਅੱਛਾ, ਤਾਂ ਤੈਨੂੰ ਨੌਕਰੀ ਚਾਹੀਦੀ ਹੈ? ਕਿਉਂ?’’ ਮਿੱਤਲ ਨੇ ਫਿਰ  ਪੁੱਛਿਆ ਤੇ ਲੜਕੇ ਨੂੰ ਸਿਰ ਤੋਂ ਪੈਰਾਂ ਤੱਕ ਧਿਆਨ ਨਾਲ ਦੇਖਿਆ। ਕੁਝ ਵੀ ਖ਼ਾਸ ਨਹੀਂ। ਸਿਰ ਤੋਂ ਪੈਰਾਂ ਤੱਕ ਬੇਰੁਜ਼ਗਾਰ। ਹਿੰਦੋਸਤਾਨ ਵਿੱਚ ਕਿਤੇ ਵੀ ਇਹੋ ਜਿਹੇ ਦ੍ਰਿਸ਼ ਦੇਖੇ ਜਾ ਸਕਦੇ ਹਨ। ਆਪਣੀ ਭੁੱਖ ਮਾਰਨੀ ਹੋਵੇ ਤਾਂ। ਆਪਣਾ ਮੂਡ ਔਫ ਕਰਨਾ ਹੋਵੇ ਤਾਂ। ਨਹੀਂ, ਇਸ ਵਿੱਚ ਕੁਝ ਵੀ ਖ਼ਾਸ ਨਹੀਂ।

ਮਿੱਤਲ ਨੇ ਤੀਸਰੀ ਵਾਰ ਕਿਹਾ, ‘‘ਅੱਛਾ ਤਾਂ ਨੌਕਰੀ ਚਾਹੀਦੀ ਹੈ’’ ਅਤੇ ਸੋਚਣ ਲੱਗੇ ਕਿ ਜਦੋਂ ਇਸ ਵਿੱਚ ਕੁਝ ਵੀ ਖ਼ਾਸ ਨਹੀਂ ਹੈ ਤਾਂ ਉਹ ਇਸ ਨੂੰ ਭਜਾ ਕਿਉਂ ਨਹੀਂ ਦਿੰਦੇ। ਕੀ ਉਸ ਦੀਆਂ ਅਨੁਭਵੀ ਅੱਖਾਂ ਧੋਖਾ ਖਾ ਰਹੀਆਂ ਹਨ। ਉਸ ਨੂੰ ਲੱਗਿਆ ਜਿਵੇਂ ਕੋਈ ਮੁਸ਼ਕਿਲ, ਪਰ ਦਿਲਚਸਪ ਕ੍ਰਾਸਵਰਡ ਪਜ਼ਲ ਉਸ ਦੇ ਸਾਹਮਣੇ ਹੈ। ਭਿੜ ਜਾਣ ਸੁਲਝਾਉਣ ਲਈ? ਘੜੀ ਦੇਖੀ। ਹਾਂ ਕੁਝ ਦੇਰ ਭਿੜਿਆ ਜਾ ਸਕਦਾ ਹੈ।

‘‘ਕਿੰਨਾ ਪੜ੍ਹੇ ਹੋ?’’

‘‘ਜੀ ਐਮ.ਕੌਮ, ਐਲ.ਐਲ.ਬੀ., ਆਈ.ਸੀ.ਡਬਲਯੂ.ਏ. ਇੰਟਰਮੀਡੀਏਟ, ਡਿਪਲੋਮਾ ਇਨ ਜਰਨਲਿਜ਼ਮ...।’’

‘‘ਐਹੋ ਜਿਹੀਆਂ ਬੇਤੁਕੀਆਂ ਡਿਗਰੀਆਂ ਤਾਂ ਬਹੁਤ ਲੋਕ ਚੁੱਕੀ ਫਿਰਦੇ ਹਨ। ਦੇਸ਼ ਵਿੱਚ ਏਨੀਆਂ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਹਨ ਕਿ ਜਿੱਧਰ ਵੀ ਪੱਥਰ ਸੁੱਟੋ, ਕਿਸੇ ਡਿਗਰੀਧਾਰੀ ਦੇ ਹੀ ਵੱਜੇਗਾ। ਤੇਰੇ ਵਿੱਚ ਕੀ ਖ਼ਾਸ ਹੈ?’’

‘‘ਇੱਕ ਵਾਰ ਮੌਕਾ ਦੇ ਕੇ ਦੇਖੋ, ਮੈਂ ਕਾਬਲੀਅਤ ਸਾਬਤ ਕਰ ਦਿਆਂਗਾ।’’

‘‘ਓ! ਤਾਂ ਤੂੰ ਕਾਬਲ ਹੈਂ’’ ਲੰਮੀ ਹੇਕ ਜਿਹਾ ਅੰਦਾਜ਼ ਲਾ ਕੇ ਕਿਹਾ। ਵਿਅੰਗ ਨਾਲ।

‘‘ਜੀ’’

‘‘ਪਰ ਮੈਨੂੰ ਕਾਬਲ ਨਹੀਂ, ਹੁਸ਼ਿਆਰ ਬੰਦਿਆਂ ਦੀ ਜ਼ਰੂਰਤ ਹੈ।’’

ਲੜਕਾ ਕੁਝ ਨਹੀਂ ਸਮਝਿਆ। ਬਿਟਰ-ਬਿਟਰ ਦੇਖਦਾ ਰਿਹਾ।

ਮਿੱਤਲ ਨੇ ਸਮਝਾਇਆ, ‘‘ਕਾਬਲ ਬੰਦਾ ਚੰਗਾ ਕੰਮ ਕਰ ਸਕਦਾ ਹੈ, ਪਰ ਹੁਸ਼ਿਆਰ ਬੰਦੇ ਦੇ ਮੁਕਾਬਲੇ ਵਿੱਚ ਆ ਕੇ ਬੌਂਦਲ ਜਾਂਦਾ ਹੈ ਤੇ ਹਾਰ ਜਾਂਦਾ ਹੈ। ਹੁਸ਼ਿਆਰ ਆਦਮੀ ਭਾਵੇਂ ਓਨਾ ਕਾਬਲ ਨਾ ਵੀ ਹੋਵੇ, ਪਰ ਕਾਬਲ ਬੰਦਿਆਂ ਕੋਲੋਂ ਕੰਮ ਕਢਾਉਣਾ ਜਾਣਦਾ ਹੈ। ਬੋਲੋ? ਕੀ ਕਹਿੰਦੇ ਹੋ?’’

ਲੜਕਾ ਮਿੱਤਲ ਸਾਹਬ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ।

‘‘ਤੇ ਜੀਹਨੂੰ ਤੁਸੀਂ ਕਾਬਲੀਅਤ ਸਮਝ ਰਹੇ ਹੋ, ਉਹ ਹੈ ਕੀ?’’ ਮਿੱਤਲ ਨੇ ਪੁੱਛਿਆ।

ਲੜਕੇ ਨੂੰ ਕੁਝ ਨਹੀਂ ਔੜਿਆ।

‘‘ਸ਼ਾਇਦ ਤੁਸੀਂ ਕੈਸ਼ਬੁੱਕ ਨੂੰ ਬਰਾਬਰ ਮੇਨਟੇਨ ਰੱਖ ਸਕਦੇ ਹੋ, ਲੈਜਰ ਅਪਟੂਡੇਟ ਰੱਖ ਸਕਦੇ ਹੋ, ਬੈਲੇਂਸ ਸ਼ੀਟ ਪੜ੍ਹ ਸਕਦੇ ਹੋ, ਐਸਟੀਮੇਟ ਠੀਕ ਤਰ੍ਹਾਂ ਚੈੱਕ ਕਰ ਸਕਦੇ ਹੋ, ਕੌਸਟ ਸ਼ੀਟ ਚੰਗੀ ਤਿਆਰ ਕਰ ਸਕਦੇ ਹੋ... ਪੈਸੇ-ਕੌਡੀ, ਜਮ੍ਹਾਂ-ਖਰਚ,  ਲੈਣ-ਦੇਣ  ਦਾ ਹਿਸਾਬ ਏਨਾ ਸਾਫ਼ ਰੱਖ ਸਕਦੇ ਹੋ ਕਿ ਇੱਕ ਪੈਸੇ ਦੀ ਵੀ ਗੜਬੜ ਨਾ ਹੋ ਸਕੇ।’’

‘‘ਜੀ, ਜੀ,’’ ਲੜਕਾ ਬੋਲਿਆ।

‘‘ਤੇ ਇਹਨੂੰ ਤੁਸੀਂ ਕਾਬਲੀਅਤ ਸਮਝਦੇ ਹੋ!’’

ਲੜਕਾ ਫਿਰ ਫੱਕ।

ਮਿੱਤਲ ਸਾਹਬ ਹੋਰ ਪੱਸਰ ਗਏ। ਬੋਲੇ, ‘‘ਮੰਨ ਲਓ, ਇੱਕ ਸੋਨੇ ਦਾ ਪਹਾੜ ਹੈ ਸਾਡੀ ਇਨਵੈਂਟਰੀ ਵਿੱਚ, ਉਸ ਦੀ ਕੀਮਤ ਪਤਾ ਕਰਨੀ ਹੈ। ਕਿਵੇਂ ਕਰੋਗੇ?’’

‘‘ਸਰ, ਇੱਕ ਤਰੀਕਾ ਤਾਂ ਇਹ ਹੈ ਕਿ ਬਾਜ਼ਾਰ ਦੀ ਕੀਮਤ ਨਾਲ ਪਏ ਮਾਲ ਦੀ ਮਾਤਰਾ ਨੂੰ ਗੁਣਾ ਕਰ ਦਿਓ... ਅਤੇ ਜੇ ਲਾਗਤ ਮੁੱਲ ਪਤਾ ਲਾਉਣਾ ਹੈ ਤਾਂ...।’’

‘‘ਸਿੰਪਲ ਆਂਸਰ ਹੈ ਇੱਕ ਰੁਪਿਆ।’’

‘‘ਜੀ!’’

‘‘ਸੋਨੇ ਦੇ ਇੱਕ ਪਹਾੜ ਦੀ ਕੀਮਤ ਇੱਕ ਰੁਪਇਆ।’’

‘‘ਜੀ ਜੇ ਐਜ਼ਿਊਮ ਹੀ ਕਰਨਾ ਹੈ ਤਾਂ ਸੰਭਵ ਹੈ ਕਿ ਬੁੱਕ ਵੈਲਯੂ...’’

‘‘ਮੈਂ ਕਿਹਾ ਨਾ ਕਿ ਇੱਕ ਰੁਪਿਆ,’’ ਇਸ ਵਾਰ  ਮਿੱਤਲ ਨੇ ਝਿੜਕ ਕੇ ਕਿਹਾ। ਫਿਰ ਗੱਲ ਨੂੰ ਖੋਲ੍ਹ ਕੇ ਸਮਝਾਇਆ, ‘‘ਮੇਰੀ ਅਕਾਊਂਟ ਬੋਰਡ ਮੀਟਿੰਗ ਤੋਂ ਐਨ ਪਹਿਲਾਂ ਮੇਰੇ ਹੁਕਮ ਮੁਤਾਬਿਕ ਸਾਲ ਭਰ ਦੇ  ਨਫ਼ਾ-ਨੁਕਸਾਨ, ਉਤਪਾਦਨ-ਵਿਕਰੀ, ਜਮ੍ਹਾਂ-ਖਰਚ ਦੇ ਹਿਸਾਬ ਕਿਤਾਬ ਵਿੱਚ ਗੜਬੜੀਆਂ ਪੈਦਾ ਕਰ ਸਕਦੇ ਹੋ ਜਾਂ ਨਹੀਂ। ਅਗਰ ਹਾਂ ਤਾਂ ਕਿੰਨੀ ਦੇਰ ਵਿੱਚ? ਉਹ ਵੀ ਇਸ ਤਰ੍ਹਾਂ ਕਿ ਗੜਬੜੀ ਵਿੱਚ ਕੋਈ ਗੜਬੜੀ ਨਾ ਲੱਭੇ।’’

ਲੜਕਾ ਫਿਰ ਕੋਈ ਜੁਆਬ ਨਾ ਦੇ ਸਕਿਆ।

‘‘ਅੱਛਾ ਛੱਡੋੋ, ਇਹ ਦੱਸੋ ਇਸੇ ਕਾਬਲੀਅਤ ਦੇ ਜੇ ਪੰਜ ਆਦਮੀ ਹੋਰ ਮਿਲ ਰਹੇ ਹੋਣ ਤਾਂ ਤੈਨੂੰ ਹੀ ਕਿਉਂ ਲਿਆ ਜਾਵੇ?’’

‘‘ਜੀ, ਮੈਂ ਇਮਾਨਦਾਰ ਹਾਂ। ਤੁਸੀਂ ਅੱਖਾਂ ਮੀਚ ਕੇ ਮੇਰੇ ’ਤੇ ਭਰੋਸਾ ਕਰ ਸਕਦੇ ਹੋ।’’

ਮਿੱਤਲ ਚੌਂਕ ਗਏ। ਫਿਰ ਮੂੰਹ ਬਣਾ ਕੇ ਬੋਲੇ, ‘‘ਹੁਣ ਤੱਕ ਤਾਂ ਤੁਸੀਂ ਮੈਨੂੰ ਹਸਾ ਰਹੇ ਸੀ, ਹੁਣ ਤਾਂ ਤੁਸੀਂ ਮੈਨੂੰ ਡਰਾ ਰਹੇ ਹੋ। ਮੈਂ ਏਨੇ ਸਾਲਾਂ ਵਿੱਚ ਜੋ ਐਂਪਾਇਰ ਖੜ੍ਹੀ ਕੀਤੀ ਹੈ ਉਹਨੂੰ ਇੱਕ ਇਮਾਨਦਾਰ ਆਦਮੀ ’ਤੇ ਭਰੋਸਾ ਕਰ ਕੇ ਮਿੱਟੀ ਵਿੱਚ ਮਿਲ ਜਾਣ ਦਿਆਂ? ਕੀ ਮੇਰਾ ਸਿਰ ਫਿਰ ਗਿਆ ਹੈ? ਨਹੀਂ ਸ਼ਾਇਦ ਤੁਸੀਂ ਮਜ਼ਾਕ ਕਰ ਰਹੇ ਹੋ?’’

‘‘ਕਿਉਂ ਸਰ, ਇਮਾਨਦਾਰ ਹੋਣਾ ਕੀ ਕੋਈ ਬੁਰੀ ਗੱਲ ਹੈ?’’

ਮਿੱਤਲ ਸਾਹਬ ਨੇ ਫਿਰ ਬੁਰਾ ਜਿਹਾ ਮੂੰਹ ਬਣਾਇਆ ਤੇ ਖਿੜਕੀ ਵਿੱਚੋਂ ਬਾਹਰ ਝਾਕਣ ਲੱਗੇ। ਜਿਵੇਂ ਸੋਚ ਰਹੇ ਹੋਣ ਇਹ ਕਰਾਸਵਰਡ ਪਜ਼ਲ ਤਾਂ ਬਹੁਤ ਹੀ ਬੋਰਿੰਗ ਹੈ।

ਕੁਝ ਪਲ ਏਦਾਂ ਹੀ ਬੀਤ ਗਏ। ਲੜਕਾ ਇੱਕ ਹੱਥ ਨਾਲ ਦੂਜੇ ਹੱਥ ਨੂੰ ਮਲਦਾ ਰਿਹਾ ਜਿਵੇਂ ਹੱਥ ਧੋ ਰਿਹਾ ਹੋਵੇ। ਰੇਲਗੱਡੀ ਹੁਣ ਸਹਿਜ ਤਾਲ ਵਿੱਚ ਚੱਲ ਰਹੀ ਸੀ। ਉਸ ਦੀ ਛੁੱਕ-ਛੁੱਕ ਇਕਸੁਰ ਹੋ ਗਈ ਸੀ ਤੇ ਗੱਲ ਕਰਨ ਲਈ ਉੱੱਚੀ ਬੋਲਣ ਦੀ ਲੋੜ ਨਹੀਂ ਸੀ।

‘‘ਤੁਹਾਡੇ ਕੰਸੈਪਟ ਬਹੁਤ ਪੁਰਾਣੇ ਹੋ ਚੁੱਕੇ ਹਨ। ਕੀ ਤੁਸੀਂ ਕਿਸੇ ਅਧਿਆਪਕ ਦੇ ਲੜਕੇ ਤਾਂ ਨਹੀਂ?’’’ ਕੁਝ ਦੇਰ ਬਾਅਦ ਮਿੱਤਲ ਸਾਹਬ ਨੇ ਪੁੱਛਿਆ।

ਲੜਕਾ ਕੀ ਕਹਿੰਦਾ। ਉਹ ਸੱਚੀਉਂ ਅਧਿਆਪਕ ਦਾ ਬੇਟਾ ਸੀ।

‘‘ਮੇਰੀ ਬੇਟੀ ਮਿਤਰੀ ਵੀ ਤੇਰੇ ਵਰਗੀ ਹੀ ਹੈ। ਚੌਦਾਂ ਸਾਲਾਂ ਦੀ ਹੋ ਗਈ ਹੈ ਤੇ ਹੁਣੇ ਹੀ ਆਦਰਸ਼ਵਾਦ ਦੀ ਜਕੜ ਵਿੱਚ ਹੈ। ਦੇਖਿਆ ਜਾਵੇ ਤਾਂ ਉਸੇ ਕਰਕੇ ਮੈਨੂੰ ਤੇਰੇ ਵਰਗੇ... ਕੀ ਕਹਾਂ ਤੈਨੂੰ... ਸੁਪਨਸਾਜ਼ ਨਾਲ ਮੱਥਾ ਮਾਰਨਾ ਪੈ ਰਿਹਾ ਹੈ। ਕਹਿੰਦੀ ਹੈ ਕਿ ਜਦੋਂ ਮੈਨੂੰ ਡਾਕਟਰਾਂ ਨੇ ਮਨ੍ਹਾਂ ਕੀਤਾ ਹੈ ਤਾਂ ਮੈਨੂੰ ਹਵਾਈ ਜਹਾਜ਼ ਵਿੱਚ ਸਫ਼ਰ ਨਹੀਂ ਕਰਨਾ ਚਾਹੀਦਾ। ਉਸੇ ਨੇ ਇਹ ਸਾਰਾ...,’’  ਲੰਮੇ ਚੌੜੇ ਤਾਮ-ਝਾਮ ਵੱਲ ਇਸ਼ਾਰਾ ਕਰਦਿਆਂ, ‘‘ਪ੍ਰਬੰਧ ਕੀਤਾ ਹੈ। ਸਾਰਾ ਡੱਬਾ ਮੇਰੇ ਵਾਸਤੇ ਰਿਜ਼ਰਵ ਕਰਵਾ ਦਿੱਤਾ। ਸਮਝਦੀ ਨਹੀਂ ਕਿ ਡਾਕਟਰ ਵੀ ਧੰਦਾ ਕਰ ਰਿਹਾ ਹੈ। ਹੁਣ ਦੱਸੋ?’’

ਲੜਕੇ ਨੂੰ ਸਮਝ ਨਹੀਂ ਆਇਆ ਕਿ ਕੀ ਕਹੇ।

ਮਿੱਤਲ ਸਾਹਬ ਨੇ ਫਿਰ ਲੈਚੀ ਜੇਬ ਵਿੱਚੋਂ ਕੱਢ ਕੇ ਮੂੰਹ ਵਿੱਚ ਪਾਈ ਤੇ ਜਾੜ੍ਹ ਹੇਠ ਚੱਬ ਕੇ ਬੋਲੇ,  ‘‘ਪਹਿਲਾਂ ਕਿਹਾ ਜਾਂਦਾ ਸੀ ਕਿ ਬੰਦਾ ਇਮਾਨਦਾਰੀ ਕਿਤਾਬਾਂ ਵਿੱਚੋਂ ਸਿੱਖਦਾ ਹੈ ਤੇ ਬੇਈਮਾਨੀ ਕਰਨੀ ਤਜਰਬੇ ਵਿੱਚੋਂ। ਪਰ ਹੁਣ ਤਾਂ ਏਨਾ ਟਾਈਮ ਹੀ ਨਹੀਂ ਹੈ ਕਿ ਤੁਹਾਨੂੰ ਅਨੁਭਵੀ ਬਣਾਉਣ ਲਈ ਦਸ ਸਾਲਾਂ ਤੱਕ ਬਚਕਾਨਾ ਇਮਾਨਦਾਰੀ ਭੁਗਤੀ ਜਾਵੇ। ਹੁਣ ਤਾਂ ਇੰਡਸਟਰੀ ਨੂੰ ਇਹੋ ਜਿਹੇ ਯੰਗਸਟਰ ਚਾਹੀਦੇ ਹਨ ਜੋ ਬੇਈਮਾਨੀ ਵਿੱਚ ਕੁਸ਼ਲ ਹੋਣ। ਇਸ ਨੂੰ ਕਹਿੰਦੇ ਹਨ ਪਰੈਗਮੈਟਿਕ ਯਾਨੀ ਵਿਵਹਾਰਿਕ ਹੋਣਾ। ਐਥਿਕਸ ਦੀ ਜਗਹ ਚਰਚ ਵਿੱਚ ਹੈ ਬਿਜ਼ਨਸ ਵਿੱਚ ਨਹੀਂ। ਇਸ ਲਈ ਬ੍ਰੀਡਿੰਗ ਹੀ ਅਜਿਹੀ ਹੁੰਦੀ ਹੈ ਕਿ ਚੰਗੇ ਘਰਾਣੇ ਦੇ ਬੱਚਿਆਂ ਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ ਕਿਵੇਂ ਦੂਜਿਆਂ ਤੋਂ ਕੰਮ ਲੈਣਾ ਹੈ... ਕਦੋਂ ਕੀ ਬੋਲਣਾ ਹੈ... ਕਦੋਂ ਕੀ ਨਹੀਂ ਬੋਲਣਾ... ਕਿਸ ਨੂੰ ਦਿਲ ਦੀ ਗੱਲ ਦੱਸਣੀ ਹੈ ਕਿਸ ਨੂੰ ਨਹੀਂ... ਯਾਨੀ ਤੁਹਾਡੀ ਭਾਸ਼ਾ ਵਿੱਚ ਬੇਈਮਾਨੀ ਕਿਵੇਂ ਕਰਨੀ ਹੈ, ਚੀਟਿੰਗ ਕਿਵੇਂ ਕਰਨੀ ਹੈ... ਖ਼ਾਸ ਸਕੂਲਾਂ ਵਿੱਚ ਉਨ੍ਹਾਂ ਨੂੰ ਭੇਜਿਆ ਜਾਂਦਾ ਹੈ... ਉੱਥੇ ਸਿਖਾਇਆ ਜਾਂਦਾ ਹੈ ਕਿ ਤੁਹਾਡੇ ਕੰਮ ਕੀ-ਕੀ ਹਨ ਤੇ ਦੂਜਿਆਂ ਦੇ ਕੰਮ ਕੀ ਹਨ? ਤੁਹਾਡੇ ਲਈ ਠੀਕ ਗ਼ਲਤ ਕੀ ਹੈ ਤੇ ਦੂਜਿਆਂ ਲਈ ਠੀਕ ਗ਼ਲਤ ਕੀ? ਵਗੈਰਾ। ਫਿਰ ਵੇਖੋ ਇਨ੍ਹਾਂ ਬੱਚਿਆਂ ਸਾਹਮਣੇ ਕਦੇ ਅੰਤਰ-ਆਤਮਾ ਦਾ ਸੰਕਟ ਨਹੀਂ ਆਉਂਦਾ। ਦੇ ਆਰ ਰੀਅਲੀ ਬ੍ਰਿਲੀਐਂਟ ਐਂਡ ਆਫਕੋਰਸ ਸਕਸੈੱਸਫੁੱਲ ਇਨ ਮੋਸਟ ਆਫ ਦਿ ਕੇਸਜ਼।’’

‘‘ਲੇਕਿਨ ਸਰ ਇਮਾਨਦਾਰੀ...?’’

‘‘ਕਿੱਥੇ ਐ ਇਮਾਨਦਾਰੀ ਇਸ ਦੇਸ਼ ਵਿੱਚ? ਸਿਆਸਤਦਾਨ? ਨੌਕਰਸ਼ਾਹੀ? ਨਿਆਂਪਾਲਿਕਾ? ਪੱਤਰਕਾਰ? ਕਲਾਕਾਰ? ਸਮਾਜਿਕ ਕਾਰਕੁਨ? ਸਮਾਜਿਕ ਸੰਸਥਾਵਾਂ? ਕੌਣ ਹੈ ਇਮਾਨਦਾਰ? ਕਿਸ ਨੂੰ ਜ਼ਰੂਰਤ ਹੈ ਤੁਹਾਡੀ ਇਮਾਨਦਾਰੀ ਦੀ?’’

‘‘ਲੇਕਿਨ ਸਰ ਇਹੀ ਤਾਂ ਸਭ ਕੁਝ ਨਹੀਂ ਹੈ। ਦੇਸ ਵਿੱਚ ਕਰੋੜਾਂ ਲੋਕ ਹਨ ਜੋ ਬੇਈਮਾਨ ਨਹੀਂ ਹਨ। ਖੇਤਾਂ ਵਿੱਚ ਹਲ ਵਾਹੁੰਦਾ ਕਿਸਾਨ, ਮਸ਼ੀਨਾਂ ’ਤੇ ਕੰਮ ਕਰਦਾ ਆਦਮੀ... ਪਿੰਡ ਦੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਂਦਾ ਅਧਿਆਪਕ... ਸੜਕਾਂ ’ਤੇ ਝਾੜੂ ਮਾਰਦਾ ਸਵੀਪਰ... ਰਸੋਈ ਵਿੱਚ ਰੋਟੀ ਸੇਕਦੀ ਔਰਤ... ਕੀ ਇਨ੍ਹਾਂ ਨੂੰ ਅਸੀਂ ਬੇਈਮਾਨ ਕਹਿ ਸਕਦੇ ਹਾਂ? ਅਤੇ ਕੀ ਸਾਡਾ ਦੇਸ਼ ਇਨ੍ਹਾਂ ਸਾਰਿਆਂ ਦੀ ਸਿਆਣਪ, ਇਨ੍ਹਾਂ ਸਾਰਿਆਂ ਦੇ ਯੋਗਦਾਨ ਨਾਲ ਨਹੀਂ ਬਣਦਾ? ਬੱਸ ਇਮਾਨਦਾਰੀ ਦੀ ਚਰਚਾ ਨਹੀਂ ਹੁੰਦੀ। ਅਖ਼ਬਾਰ ਦੀ ਖ਼ਬਰ ਨਹੀਂ ਬਣਦੀ। ਇੱਕ ਆਦਮੀ ਜੇਬ ਕੱਟਦਾ ਹੈ ਤਾਂ ਖ਼ਬਰ ਬਣ ਜਾਂਦਾ ਹੈ ਜੋ ਬਾਕੀ ਨੜਿੱਨਵੇਂ ਹਨ ਉਹ ਖ਼ਬਰ ਨਹੀਂ ਬਣਦੇ। ਕੀ ਧਰਤੀ ਐਵੇਂ ਹੀ ਖੜ੍ਹੀ ਹੈ? ਸਰ ਏਨੀ ਵੱਡੀ ਚੀਜ਼ ਨੂੰ ਸਾਂਭ ਕੇ ਰੱਖਣ ਲਈ ਕੁਝ ਖੰਭੇ ਤਾਂ ਹੁੰਦੇ ਹੋਣਗੇ? ਇਹ ਲੱਖਾਂ ਕਰੋੜਾਂ ਗੁੰਮਨਾਮ ਇਮਾਨਦਾਰ ਆਦਮੀ ਇਸੇ ਤਰ੍ਹਾਂ ਦੇ ਖੰਭੇ ਹੀ ਹਨ!’’

ਲੜਕੇ ਦੇ ਇਸ ਅਚਾਨਕ ਅਤੇ ਚੁਸਤ ਭਾਸ਼ਣ ਨਾਲ ਮਿੱਤਲ ਸਾਹਬ ਬੱਸ ਦੇਖਦੇ ਹੀ ਰਹਿ ਗਏ। ਪੈਂਤੜਾ ਬਦਲ ਕੇ ਬੋਲੇ, ‘‘ਦੇਖੋ ਕਿੰਨੇ ਅੱਛੇ ਵਿਚਾਰ ਨੇ ਤੁਹਾਡੇ। ਕਿੰਨੇ ਸੁਲਝੇ ਹੋਏ। ਤੁਹਾਨੂੰ ਤਾਂ ਸਿਆਸਤ  ਵਿੱਚ ਹੋਣਾ ਚਾਹੀਦਾ ਹੈ।’’

ਲੜਕੇ ਨੂੰ ਤੁਰੰਤ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਤੇ ਉਹ ਝੇਂਪ ਗਿਆ।

ਮਿੱਤਲ ਸਾਹਬ ਚੁੱਪਚਾਪ ਉਸ ਦੀ ਦੁਰਦਸ਼ਾ ਦਾ ਮਜ਼ਾ ਲੈਂਦੇ ਰਹੇ। ਫਿਰ ਬਿਸਕੁਟ ਕੱਢ ਕੇ ਖਾਣ ਲੱਗੇ। ਲੜਕੇ ਨੂੰ ਪੁੱਛਿਆ ਤੱਕ ਨਹੀਂ।

ਕੁਝ ਦੇਰ ਬਾਅਦ ਲੜਕਾ ਬੋਲਿਆ, ‘‘ਸਰ, ਮੈਨੂੰ ਮੁਆਫ਼ ਕਰਨਾ।’’

ਮਿੱਤਲ ਸਾਹਬ ਦੇ ਮੂੰਹ ਵਿੱਚ ਬਿਸਕੁਟ ਸੀ। ਖਾਂਦੇ ਖਾਂਦੇ ਰੁਕ ਗਏ। ਅੱਖਾਂ ਗੋਲ-ਗੋਲ ਹੋ ਗਈਆਂ। ਜਿਵੇਂ ਪੁੱਛ ਰਹੇ ਹੋਣ, ‘‘ਕਿਉਂ- ਕਿਉਂ?’’

ਗੱਡੀ ਹੌਲੀ ਹੋ ਗਈ। ਸ਼ਾਇਦ ਕੋਈ ਸਟੇਸ਼ਨ ਆ ਰਿਹਾ ਸੀ।

ਅਚਾਨਕ ਲੜਕਾ ਖੜ੍ਹਾ ਹੋ ਗਿਆ। ਸੰਕਲਪ ਲੈਣ ਵਰਗੇ ਅੰਦਾਜ਼ ਵਿੱਚ ਬੋਲਿਆ, ‘‘ਸਰ ਮੈਂ ਸਕਸੈੱਸਫੁੱਲ ਬਣਾਂਗਾ!’’ ਤੇ ਬਾਹਰ ਜਾਣ ਲੱਗਾ। ਮਿੱਤਲ ਸਾਹਬ ਆਵਾਜ਼ ਮਾਰ ਕੇ ਬੋਲੇ, ‘‘ਇੱਕ ਗੱਲ ਧਿਆਨ ਨਾਲ ਸੁਣੋ। ਕਿਸੇ ਵੀ ਇੰਟਰਵਿਊ ਲਈ ਜਾਓ ਤਾਂ ਸਾਰੇ ਸੁਆਲਾਂ ਦੇ ਸਹੀ ਜੁਆਬ ਕਦੇ ਨਾ ਦਿਓ। ਆਉਂਦੇ ਹੋਣ ਤਾਂ ਵੀ ਨਹੀਂ। ਨਹੀਂ ਤਾਂ ਨੌਕਰੀ ਦੇਣ ਵਾਲੇ ਨੂੰ ਤੇਰੇ ’ਤੇ ਅਹਿਸਾਨ ਕਰਨ ਦਾ ਸੁੱਖ ਕਿਵੇਂ ਮਿਲੇਗਾ? ਕੁਝ ਗੁੰਜਾਇਸ਼ ਛੱਡਣਾ ਉਸ ਵਿਚਾਰੇ ਲਈ ਵੀ। ਇਸ ਤੋਂ ਬਿਨਾ ਕੋਈ ਭਲਾਈ ਦਾ ਕੰਮ ਉਸ ਨੂੰ ਨਹੀਂ ਆਉਂਦਾ।’’

ਲੜਕਾ ਬਗੈਰ ਕੋਈ ਜੁਆਬ ਦਿੱਤੇ ਉੱਤਰ ਗਿਆ।

ਮਿੱਤਲ ਸਾਹਬ ਮੁਸਕਰਾਏ। ਉਨ੍ਹਾਂ ਨੇ ਸੋਚਿਆ ਹੁਣ ਜੇ ਇਹ ਲੜਕਾ ਮਿਲਣ ਆਇਆ- ਆ ਸਕਦਾ ਹੈ- ਤਾਂ ਉਹ ਜ਼ਰੂਰ ਉਸ ਨੂੰ ਮਿੱਤਰੀ ਨਾਲ ਮਿਲਾਉਣਗੇ। ਮਿੱਤਰੀ ਨੂੰ ਚੰਗਾ ਲੱਗੇਗਾ ਸਗੋਂ ਉਹ ਤਾਂ ਚਾਹੁਣਗੇ ਕਿ ਮਿੱਤਰੀ ਆਪਣੇ ਵਾਸਤੇ ਇਸ ਤਰ੍ਹਾਂ ਦਾ ਹੀ ਲੜਕਾ ਪਸੰਦ ਕਰੇ। ਬਜਰਵੱਟੂ! ਇਹਦਾ ਭਵਿੱਖ ਉੱਜਲ ਹੈ। ਢੰਗ ਦੀ ਟਰੇਨਿੰਗ ਮਿਲ ਗਈ ਤਾਂ ਅੱਗੇ ਚੱਲ ਕੇ ਚੰਗਾ ਬੇਈਮਾਨ ਬਣ ਸਕਦਾ ਹੈ।

ਪੰਜਾਬੀ ਰੂਪ: ਜਸਵੰਤ ਮੋਹਾਲੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All