ਦਮ ਤੋੜਦੇ ਰਿਸ਼ਤੇ...!
ਮੈਨੂੰ ਜਦੋਂ ਵੀ ਸਮਾਂ ਮਿਲਦਾ ਹੈ, ਮੈਂ ਆਪਣੇ ਸ਼ਹਿਰ ਦੇ ਬਿਰਧ ਆਸ਼ਰਮ ਵਿੱਚ ਜ਼ਰੂਰ ਜਾਂਦਾ ਹਾਂ। ਉੱਥੇ ਬਜ਼ੁਰਗਾਂ ਕੋਲੋਂ ਉਨ੍ਹਾਂ ਦੇ ਘਰ ਦੇ ਹਾਲਾਤ ਜਾਣਦਾ ਹਾਂ। ਹਰ ਵਾਰ ਨਵੀਂ ਕਹਾਣੀ ਸੁਣਨ ਨੂੰ ਮਿਲਦੀ ਹੈ, ਪਰ ਇਸ ਵਾਰ ਬਿਰਧ ਆਸ਼ਰਮ ਵਿੱਚ...
ਮੈਨੂੰ ਜਦੋਂ ਵੀ ਸਮਾਂ ਮਿਲਦਾ ਹੈ, ਮੈਂ ਆਪਣੇ ਸ਼ਹਿਰ ਦੇ ਬਿਰਧ ਆਸ਼ਰਮ ਵਿੱਚ ਜ਼ਰੂਰ ਜਾਂਦਾ ਹਾਂ। ਉੱਥੇ ਬਜ਼ੁਰਗਾਂ ਕੋਲੋਂ ਉਨ੍ਹਾਂ ਦੇ ਘਰ ਦੇ ਹਾਲਾਤ ਜਾਣਦਾ ਹਾਂ। ਹਰ ਵਾਰ ਨਵੀਂ ਕਹਾਣੀ ਸੁਣਨ ਨੂੰ ਮਿਲਦੀ ਹੈ, ਪਰ ਇਸ ਵਾਰ ਬਿਰਧ ਆਸ਼ਰਮ ਵਿੱਚ ਆਏ ਸਾਫ਼ ਸੁਥਰੀ ਸਫ਼ੈਦ ਦਾੜ੍ਹੀ ਵਾਲੇ ਪੜ੍ਹੇ-ਲਿਖੇ ਬਜ਼ੁਰਗ ਨੇ ਆਪਣੇ ਜੀਵਨ ਦੀ ਦੁੱਖ ਭਰੀ ਦਾਸਤਾਨ ਸੁਣਾ ਕੇ ਮੇਰੇ ਰੌਂਗਟੇ ਖੜ੍ਹੇ ਕਰ ਦਿੱਤੇ।
ਉਸ ਨੇ ਆਪਣੀ ਕਹਾਣੀ ਸੁਣਾਈ: ਮੈਂ ਉਦੋਂ ਭਰ ਜਵਾਨੀ ਵਿੱਚ ਸੀ, ਜਦੋਂ ਮੇਰੇ ਪੱਗਵੱਟ ਭਰਾ ਮਿੱਤਰਮਾਨ ਸਿੰਘ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਉਹ ਮਾਪਿਆਂ ਦਾ ’ਕੱਲਾ-’ਕੱਲਾ ਪੁੱਤ ਸੀ, ਬਜ਼ੁਰਗ ਮਾਂ-ਪਿਓ ਦਾ ਵਿਰਲਾਪ ਦੇਖਿਆ ਨਹੀਂ ਸੀ ਜਾਂਦਾ। ਉਧਰ, ਸੁਰਜੀਤ ਕੌਰ ਦੇ ਕੁੱਛੜ ਸਾਲ-ਸਾਲ ਦੇ ਫ਼ਰਕ ਨਾਲ ਹੋਈਆਂ ਤਿੰਨ ਧੀਆਂ ਘਰ ਦੀ ਵਲਗਣ ਅੰਦਰ ਹੋਰ ਚਿੰਤਾ ਪੈਦਾ ਕਰ ਰਹੀਆਂ ਸਨ। ਘਰ ਵਿੱਚ ਰੋਟੀ-ਰੋਜ਼ੀ ਦਾ ਕੋਈ ਸਾਧਨ ਨਹੀਂ ਸੀ ਦਿਸ ਰਿਹਾ। ਦੁੱਖ ਜੀਵਨ ਦਾ ਰਾਹ ਰੋਕੀ ਖੜ੍ਹੇ ਸਨ। ਕੋਈ ਬਾਂਹ ਫੜਨ ਵਾਲਾ ਨਜ਼ਰ ਨਹੀਂ ਸੀ ਆਉਂਦਾ। ਰਿਸ਼ਤੇਦਾਰ ਕੁਝ ਦਿਨ ਰਹਿਣ ਤੋਂ ਬਾਅਦ ਆਪੋ-ਆਪਣੇ ਘਰੀਂ ਜਾ ਚੁੱਕੇ ਸਨ। ਜੇਕਰ ਘਰ ਵਿੱਚ ਕੋਈ ਲਗਾਤਾਰ ਪਹਿਰਾ ਦੇ ਰਿਹਾ ਸੀ, ਉਹ ਸਨ ਮੁਸੀਬਤਾਂ, ਦੁੱਖ ਅਤੇ ਸਹਿਮ।
ਮੈਂ ਉਦੋਂ ਪੀ ਏ ਪੀ ਵਿੱਚ ਨੌਕਰੀ ਕਰਦਾ ਸੀ। ਉਦੋਂ ਤਤਕਾਲੀ ਸਰਕਾਰ ਨੇ ਪੀ ਏ ਪੀ ਦੀਆਂ ਕੁਝ ਬਟਾਲੀਅਨਾਂ ਤੋੜ ਕੇ ਬੀ ਐੱਸ ਐੱਫ ਦੀਆਂ ਬਟਾਲੀਅਨਾਂ ਬਣਾਈਆਂ ਸਨ। ਮੇਰਾ ਨਾਮ ਵੀ ਬੀ ਐੱਸ ਐੱਫ ਦੀ ਇੱਕ ਬਟਾਲੀਅਨ ਵਿੱਚ ਆ ਗਿਆ। ਫਿਰ ਮੈਂ ਵੀ ਨਵੀਂ ਤਾਇਨਾਤੀ ’ਤੇ ਚਲਾ ਗਿਆ। ਖ਼ੈਰ, ਚਿੱਠੀ ਪੱਤਰ ਰਾਹੀਂ ਸੁਰਜੀਤ ਕੌਰ, ਕੁੜੀਆਂ ਅਤੇ ਮਿੱਤਰਮਾਨ ਸਿੰਘ ਦੇ ਮਾਪਿਆਂ ਦਾ ਹਾਲ ਪੁੱਛਦੇ ਰਹਿਣਾ ਮੇਰਾ ਜਿਵੇਂ ਧਰਮ ਹੀ ਬਣ ਗਿਆ ਸੀ। ਮੈਂ ਇੱਕ ਮਹੀਨੇ ਦੀ ਛੁੱਟੀ ਆਇਆ ਤਾਂ ਮੇਰੇ ਮਾਪਿਆਂ ਨੇ ਵਿਆਹ ਦੀ ਗੱਲ ਤੋਰੀ, ਪਰ ਮੈਂ ਬਿਨਾਂ ਕੋਈ ਕਾਰਨ ਦੱਸੇ ਨਾਂਹ ਕਰ ਦਿੱਤੀ। ਮੇਰੇ ਮਨ ਵਿੱਚ ਕੀ ਸੀ, ਇਹ ਮੈਂ ਜਾਂ ਮੇਰਾ ਪਰਮਾਤਮਾ ਹੀ ਜਾਣਦਾ ਸੀ। ਫਿਰ, ਇੱਕ ਦਿਨ ਮਿੱਤਰਮਾਨ ਸਿੰਘ ਨੂੰ ਯਾਦ ਕਰ ਕੇ ਬਹੁਤ ਭਾਵੁਕ ਹੋਇਆ ਤੇ ਉਸ ਦੇ ਘਰ ਚਲਾ ਗਿਆ। ਸੁਰਜੀਤ ਕੌਰ ਨੂੰ ਬੇਬੇ-ਬਾਪੂ ਕੋਲ ਬੁਲਾ ਕੇ ਕਿਹਾ, ‘‘ਬਾਪੂ ਜੀ, ਮੈਂ ਮਿੱਤਰਮਾਨ ਦਾ ਪੱਗ ਵੱਟ ਭਰਾ ਹਾਂ। ਤੁਸੀਂ ਸ਼ਾਇਦ ਇਸ ਕਰ ਕੇ ਝਿਜਕ ਰਹੇ ਹੋਵੋਗੇ, ਪਰ ਜੇਕਰ ਮੈਂ ਉਸ ਦਾ ਸਕਾ ਭਰਾ ਹੁੰਦਾ ਤਾਂ ਤੁਸੀਂ ਸੁਰਜੀਤ ਕੌਰ ਨੂੰ ਬਿਨਾਂ ਕਿਸੇ ਨਾਲ ਸਲਾਹ ਕੀਤਿਆਂ ਮੇਰੇ ਵੱਲ ਬਿਠਾ ਦੇਣਾ ਸੀ। ਮੈਂ ਆਪਣਾ ਧਰਮ ਅਤੇ ਫ਼ਰਜ਼ ਸਮਝ ਕੇ ਸੁਰਜੀਤ ਕੌਰ ਨੂੰ ਤਿੰਨਾਂ ਧੀਆਂ ਸਮੇਤ ਅਪਣਾਉਣਾ ਚਾਹੁੰਦਾ ਹਾਂ।’’ ਇਹ ਅਪਣੱਤ ਦੇਖ ਕੇ ਬੇਬੇ ਬਾਪੂ ਅਤੇ ਸੁਰਜੀਤ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਮੈਂ ਉਨ੍ਹਾਂ ਨੂੰ ਸੰਭਾਲਦੇ ਹੋਏ ਤਿੰਨਾਂ ਧੀਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਅਤੇ ਪਿਤਾ ਦਾ ਪਿਆਰ ਦੇਣ ਦੀ ਕੋਸ਼ਿਸ਼ ਕੀਤੀ। ਬੇਬੇ ਬਾਪੂ ਨੇ ਸੁਰਜੀਤ ਕੌਰ ਦੇ ਮਾਪਿਆਂ ਨੂੰ ਵੀ ਇਸ ਪੇਸ਼ਕਸ਼ ਬਾਰੇ ਦੱਸ ਕੇ ਰਜ਼ਾਮੰਦ ਕਰ ਲਿਆ। ਮੈਂ ਵਿਰੋਧ ਦੇ ਬਾਵਜੂਦ ਆਪਣੇ ਮਾਤਾ ਪਿਤਾ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਨਾ ਲਿਆ। ਫਿਰ ਨੇੜਲੇ ਪਿੰਡ ਦੇ ਗੁਰੂਘਰ ਵਿੱਚ ਮੈਂ ਤੇ ਸੁਰਜੀਤ ਕੌਰ ਇੱਕ-ਦੂਜੇ ਦੇ ਹੋ ਗਏ।
ਮੈਂ ਛੁੱਟੀ ਕੱਟ ਕੇ ਵਾਪਸ ਚਲਾ ਗਿਆ। ਅਗਲੀ ਛੁੱਟੀ ਜਲਦੀ ਹੀ ਆ ਗਿਆ। ਘਰ ਵਿੱਚ ਰਹਿੰਦੇ ਕੁਝ ਜ਼ਰੂਰੀ ਕੰਮ ਕੀਤੇ। ਮਿੱਤਰਮਾਨ ਸਿੰਘ ਦੀ ਕੰਪਨੀ (ਜਿਸ ਵਿੱਚ ਉਹ ਨੌਕਰੀ ਕਰਦਾ ਸੀ) ਵੱਲ ਰਹਿੰਦੀ ਕੁਝ ਰਕਮ ਕਢਵਾਈ, ਜੋ ਬੇਬੇ ਬਾਪੂ ਦੇ ਨਾਮ ਜਮ੍ਹਾਂ ਕਰਵਾ ਦਿੱਤੀ। ਵੱਡੀ ਅਤੇ ਉਸ ਤੋਂ ਛੋਟੀ ਬੇਟੀ ਨੂੰ ਨੇੜਲੇ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ। ਹੁਣ ਘਰ ਵਿੱਚ ਕੁਝ ਸਾਵਾਂਪਣ ਮਹਿਸੂਸ ਹੁੰਦਾ ਸੀ। ਬੇਬੇ ਬਾਪੂ ਮੇਰੇ ਵਿੱਚੋਂ ਮਿੱਤਰਮਾਨ ਸਿੰਘ ਨੂੰ ਦੇਖ ਰਹੇ ਸਨ। ਉਹ ਮੈਨੂੰ ਆਪਣੇ ਬੁਢਾਪੇ ਦੀ ਡੰਗੋਰੀ ਸਮਝ ਰਹੇ ਸਨ। ਮੈਂ ਉਸ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਗਿਆ। ਸੁਰਜੀਤ ਕੌਰ ਨੇ ਵੀ ਮੈਨੂੰ ਦਿਲ ਤੋਂ ਆਪਣਾ ਮੰਨ ਲਿਆ ਸੀ। ਵਕਤ ਆਪਣੀ ਤੋਰ ਤੁਰਦਾ ਗਿਆ। ਸਾਡੇ ਵਿਆਹ ਤੋਂ ਅਗਲੇ ਸਾਲ ਸਾਡੇ ਘਰ ਗੁਰਪ੍ਰੀਤ ਨੇ ਜਨਮ ਲਿਆ। ਗੁਰਪ੍ਰੀਤ ਦੇ ਘਰ ਆਉਣ ਨਾਲ ਜਿਵੇਂ ਇਸ ਘਰ ਵਿੱਚ ਰੁੱਸੀਆਂ ਬਹਾਰਾਂ ਪਰਤ ਆਈਆਂ ਹੋਣ। ਬੇਬੇ ਬਾਪੂ ਜਿਊਣ ਜੋਗੇ ਹੋ ਗਏ ਸਨ। ਸੁਰਜੀਤ ਕੌਰ ਦੇ ਡੂੰਘੇ ਫੱਟ ਭਰਨ ਲੱਗੇ। ਮੈਂ ਛੁੱਟੀ ਆ ਕੇ ਗੁਰਪ੍ਰੀਤ ਦੇ ਪੂਰੇ ਚਾਅ ਮਲ੍ਹਾਰ ਕੀਤੇ, ਪਰ ਘਰ ਵਿੱਚ ਆਈਆਂ ਖ਼ੁਸ਼ੀਆਂ ਨੂੰ ਸ਼ਾਇਦ ਕਿਸੇ ਦੀ ਨਜ਼ਰ ਲੱਗ ਗਈ। ਮੇਰੀ ਇਸੇ ਛੁੱਟੀ ਦੌਰਾਨ ਬੇਬੇ-ਬਾਪੂ ਅੱਗੜ-ਪਿੱਛੜ ਸਾਨੂੰ ਛੱਡ ਕੇ ਰੁਖ਼ਸਤ ਹੋ ਗਏ, ਜਿਵੇਂ ਉਹ ਸਿਰਫ਼ ਪੋਤਰੇ ਦੀ ਖ਼ੁਸ਼ੀ ਦੇਖਣ ਲਈ ਰੁਕੇ ਹੋਣ। ਇਸ ਦਾ ਸਾਨੂੰ ਬਹੁਤ ਗਹਿਰਾ ਸਦਮਾ ਲੱਗਾ। ਸਮਾਂ ਫਿਰ ਆਪਣੀ ਤੋਰ ਤੁਰਦਾ ਗਿਆ। ਬੱਚੀਆਂ ਜਵਾਨ ਹੋ ਗਈਆਂ। ਤਿੰਨਾਂ ਬੱਚੀਆਂ ਨੇ ਚੰਗੀ ਪੜ੍ਹਾਈ ਕਰ ਲਈ ਸੀ।
ਉਨ੍ਹਾਂ ਦੀ ਯੋਗਤਾ ਅਨੁਸਾਰ ਉਨ੍ਹਾਂ ਲਈ ਵਰ ਲੱਭ ਕੇ ਵਿਆਹ ਕਰ ਦਿੱਤੇ ਗਏ। ਉਹ ਆਪਣੇ ਘਰ ਖ਼ੁਸ਼ੀ-ਖ਼ੁਸ਼ੀ ਵੱਸ ਰਹੀਆਂ ਸਨ ਕਿ ਇੱਕ ਦਿਨ ਸਭ ਤੋਂ ਛੋਟੇ ਜਵਾਈ ਦੀ ਹਾਦਸੇ ਵਿੱਚ ਮੌਤ ਹੋ ਗਈ। ਧੀ ਜਵਾਨੀ ਵਿੱਚ ਵਿਧਵਾ ਹੋ ਗਈ। ਉਸ ਦੇ ਦੋ ਬੱਚੇ ਸਨ, ਜੋ ਬੇਸਹਾਰਾ ਹੋਏ ਦੇਖੇ ਨਹੀਂ ਸਨ ਜਾ ਰਹੇ। ਜਵਾਈ ਸਰਕਾਰੀ ਨੌਕਰੀ ਕਰਦਾ ਹੋਣ ਕਰ ਕੇ ਉਸ ਦੀ ਨੌਕਰੀ ਤਰਸ ਦੇ ਆਧਾਰ ’ਤੇ ਧੀ ਨੂੰ ਮਿਲ ਗਈ, ਜਿਸ ਕਰ ਕੇ ਘਰ ਦਾ ਗੁਜ਼ਾਰਾ ਚੱਲਣ ਲੱਗ ਪਿਆ। ਮੈਂ ਉਸ ਨੂੰ ਬਹੁਤ ਵਾਰ ਕਿਹਾ ਕਿ ਉਹ ਦੂਜਾ ਵਿਆਹ ਕਰਵਾ ਲਏ, ਪਰ ਉਸ ਨੇ ਮੈਨੂੰ ਬੱਚਿਆਂ ਦੇ ਰੁਲਣ ਦਾ ਕਹਿ ਕੇ ਮਨ੍ਹਾਂ ਕਰ ਦਿੱਤਾ। ਉਧਰ ਗੁਰਪ੍ਰੀਤ ਵੀ ਜਵਾਨ ਹੋ ਗਿਆ ਸੀ। ਉਸ ਦਾ ਵਿਆਹ ਅਸੀਂ ਸਰਕਾਰੀ ਅਧਿਆਪਕਾ ਨਾਲ ਕੀਤਾ ਕਿਉਂਕਿ ਗੁਰਪ੍ਰੀਤ ਵੀ ਅਧਿਆਪਕ ਲੱਗਾ ਹੋਇਆ ਸੀ। ਜ਼ਿੰਦਗੀ ਚੰਗੀ ਗੁਜ਼ਰ ਰਹੀ ਸੀ ਕਿ ਇੱਕ ਦਿਨ ਫਿਰ ਗ਼ਮਾਂ ਨੇ ਆਣ ਘੇਰਿਆ। ਮੇਰੀ ਨੂੰਹ ਦੀ ਹਾਦਸੇ ’ਚ ਮੌਤ ਹੋ ਗਈ। ਉਸ ਦੇ ਰੋਂਦੇ ਕੁਰਲਾਉਂਦੇ ਦੋਵੇਂ ਬੱਚਿਆਂ ਨੂੰ ਦੇਖ ਘਰ ਦੀਆਂ ਕੰਧਾਂ ਵੀ ਵਿਲਕ ਪਈਆਂ ਸਨ, ਪਰ ਮੈਂ ਤਾਂ ਅਜਿਹੇ ਦੁੱਖ ਆਪਣੀ ਜਵਾਨੀ ਵੇਲੇ ਤੋਂ ਹੀ ਦੇਖਦਾ ਆ ਰਿਹਾ ਸੀ। ਅਖ਼ੀਰ ਉਸ ਦਾ ਭਾਣਾ ਮੰਨ ਕੇ ਬਹਿ ਗਏ। ਇਸ ਅਸਹਿ ਸਦਮੇ ਨੂੰ ਸੁਰਜੀਤ ਕੌਰ ਨਾ ਸਹਾਰ ਸਕੀ ਤੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਹ ਮੇਰੇ ਸਿਰ ’ਤੇ ਦੁੱਖਾਂ ਦੀ ਪੰਡ ਹੋਰ ਭਾਰੀ ਕਰ ਕੇ ਖ਼ੁਦ ਸੁਰਖਰੂ ਹੋ ਗਈ।
ਉਧਰ, ਮੇਰੀ ਨੌਕਰੀ ਦੌਰਾਨ ਕੁਝ ਅਜਿਹਾ ਵਾਪਰਿਆ ਕਿ ਮੈਂ ਬੇਕਸੂਰ ਹੁੰਦਾ ਵੀ ਦੋਸ਼ੀ ਪਾਇਆ ਗਿਆ। ਮੈਨੂੰ ਮਹਿਕਮੇ ਨੇ ਡਿਸਮਿਸ ਕਰ ਦਿੱਤਾ। ਮੈਂ ਜ਼ਿੰਦਗੀ ਦੀ ਅਗਲੀ ਪ੍ਰੀਖਿਆ ਦੇਣ ਲਈ ਜੀਵਨ ਦੇ ਅਗਲੇ ਪੜਾਅ ਵੱਲ ਤੁਰ ਪਿਆ। ਹੁਣ ਆਪਣੇ ਪੁੱਤਰ ਦਾ ਦੁੱਖ ਘੱਟ ਕਰਨ ਲਈ ਉਸ ਦਾ ਦੂਜਾ ਵਿਆਹ ਕਰ ਦਿੱਤਾ। ਕੁਝ ਸਮੇਂ ਬਾਅਦ ਗੁਰਪ੍ਰੀਤ ਦੀ ਵਹੁਟੀ ਮੇਰੇ ਤੋਂ ਔਖੀ ਰਹਿਣ ਲੱਗੀ। ਮੈਂ ਬੇਵੱਸ ਅਤੇ ਲਾਚਾਰ ਹੋਇਆ ਵਾਰੋ-ਵਾਰੀ ਆਪਣੀਆਂ ਧੀਆਂ ਕੋਲ ਰਹਿਣ ਲੱਗਾ, ਪਰ ਧੀਆਂ ਕੋਲ ਰਹਿੰਦਿਆਂ ਵੀ ਮੈਨੂੰ ਸ਼ਰਮ ਮਹਿਸੂਸ ਹੁੰਦੀ ਕਿਉਂਕਿ ਅਸਲ ਵਿੱਚ ਧੀਆਂ ਵੀ ਤਾਂ ਮੇਰੇ ਦੋਸਤ ਦੀਆਂ ਹੀ ਸਨ। ਇਹ ਉਨ੍ਹਾਂ ਦੇ ਘਰ ਵਾਲੇ ਚੰਗੀ ਤਰ੍ਹਾਂ ਜਾਣਦੇ ਸਨ, ਜਿਸ ਕਰ ਕੇ ਉਹ ਮੈਨੂੰ ਬਹੁਤਾ ਸਤਿਕਾਰ ਨਹੀਂ ਸਨ ਦਿੰਦੇ ਸਨ। ਫਿਰ ਮੈਂ ਇਹ ਸਮਝ ਕੇ ਘਰ ਰਹਿਣ ਲੱਗਾ ਕਿ ਸ਼ਾਇਦ ਨੂੰਹ ਦੇ ਸੁਭਾਅ ਵਿੱਚ ਕੋਈ ਤਬਦੀਲੀ ਆ ਗਈ ਹੋਵੇਗੀ, ਪਰ ਇਹ ਮੇਰੀ ਗ਼ਲਤਫਹਿਮੀ ਸੀ। ਅਖ਼ੀਰ ਮੈਂ ਗੁਰਪ੍ਰੀਤ ਨੂੰ ਕਿਹਾ ਕਿ ਉਹ ਮੈਨੂੰ ਉੱਪਰ ਵਾਲੇ ਕਮਰੇ ਵਿੱਚ ਸ਼ਿਫਟ ਕਰ ਦੇਵੇ, ਮੈਂ ਆਪਣਾ ਖਾਣਾ ਆਪ ਹੀ ਤਿਆਰ ਕਰ ਲਿਆ ਕਰਾਂਗਾ। ਉਹ ਮੰਨ ਗਿਆ, ਪਰ ਇੰਝ ਵੀ ਕੁਝ ਦੇਰ ਹੀ ਚੱਲਿਆ। ਗੁਰਪ੍ਰੀਤ ਦੀ ਪਤਨੀ ਨੂੰ ਇਹ ਵੀ ਮਨਜ਼ੂਰ ਨਾ ਹੋਇਆ। ਉਹ ਉਸ ਉੱਤੇ ਜ਼ੋਰ ਪਾਉਣ ਲੱਗ ਪਈ ਕਿ ਇਸ ਨੂੰ ਘਰ ਤੋਂ ਬਾਹਰ ਕੀਤਾ ਜਾਵੇ। ਗੁਰਪ੍ਰੀਤ ਨੇ ਆਪਣੀ ਪਤਨੀ ਦੇ ਦਬਾਅ ਹੇਠ ਆ ਕੇ ਕਿਹਾ, ‘‘ਤੁਸੀਂ ਆਪਣੀਆਂ ਧੀਆਂ ਕੋਲ ਜਾਂ ਕਿਤੇ ਹੋਰ ਚਲੇ ਜਾਓ ਕਿਉਂਕਿ ਮੇਰੇ ਘਰ ਵਿੱਚ ਤੁਹਾਡੇ ਕਰ ਕੇ ਲੜਾਈ ਪੈ ਰਹੀ ਹੈ।’’ ਮੈਂ ਇਹ ਗੱਲ ਆਪਣੀ ਛੋਟੀ ਧੀ ਹਰਪ੍ਰੀਤ ਨੂੰ ਟੈਲੀਫੋਨ ਰਾਹੀਂ ਦੱਸੀ, ਜੋ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਸੀ। ਉਹ ਤੁਰੰਤ ਆਪਣੇ ਪੁੱਤਰ ਨੂੰ ਨਾਲ ਲੈ ਕੇ ਘਰ ਆਈ ਤੇ ਮੈਨੂੰ ਆਪਣੇ ਨਾਲ ਲੈ ਗਈ। ਹੁਣ ਧੀ ਦਾ ਪਰਿਵਾਰ ਵੀ ਵੱਡਾ ਹੋ ਚੁੱਕਾ ਸੀ।
ਉਸ ਦਾ ਪੁੱਤਰ ਅਤੇ ਉਸ ਦੀ ਧੀ ਜਿਸ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਸੀ, ਵੀ ਦੋ ਧੀਆਂ ਸਮੇਤ ਉਸ ਕੋਲ ਕਿਰਾਏ ਦੇ ਘਰ ਵਿੱਚ ਹੀ ਰਹਿ ਰਹੀ ਸੀ। ਮੈਂ ਉੱਥੇ ਰਹਿ ਕੇ ਬਹੁਤ ਘੁਟਣ ਮਹਿਸੂਸ ਕਰ ਰਿਹਾ ਸੀ। ਇੱਕ ਦਿਨ ਆਤਮ-ਚਿੰਤਨ ਕਰਨ ਤੋਂ ਬਾਅਦ ਆਪਣੀ ਧੀ ਹਰਪ੍ਰੀਤ ਨੂੰ ਕੋਲ ਬੁਲਾਇਆ ਤੇ ਉਸ ਨੂੰ ਕਿਹਾ, ‘‘ਮੇਰੀਏ ਧੀਏ ਮੈਂ ਤੇਰੇ ’ਤੇ ਬਹੁਤੀ ਦੇਰ ਬੋਝ ਨਹੀਂ ਬਣਨਾ ਚਾਹੁੰਦਾ। ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਤੂੰ ਨਾਂਹ ਨਾ ਕਰੀਂ। ਮੈਂ ਹੁਣ ਬਾਕੀ ਬਚੀ ਜ਼ਿੰਦਗੀ ਬਿਰਧ ਆਸ਼ਰਮ ਵਿੱਚ ਗੁਜ਼ਾਰਨਾ ਚਾਹੁੰਦਾ ਹਾਂ।
ਮੈਨੂੰ ਉੱਥੇ ਛੱਡ ਆ।’’ ਉਸ ਨੇ ਮੈਨੂੰ ਇੰਜ ਕਰਨ ਤੋਂ ਬਹੁਤ ਵਰਜਿਆ, ਪਰ ਮੈਂ ਉਸ ਨੂੰ ਵਾਸਤਾ ਦੇ ਕੇ ਮਨਾ ਲਿਆ। ਉਸ ਨੇ ਇਸ ਬਦਲੇ ਮੇਰੇ ਅੱਗੇ ਇੱਕ ਸ਼ਰਤ ਰੱਖੀ, ‘‘ਪਿਤਾ ਜੀ, ਮੈਂ ਤੁਹਾਨੂੰ ਆਪ ਬਿਰਧ ਆਸ਼ਰਮ ਵਿੱਚ ਛੱਡ ਕੇ ਨਹੀਂ ਆ ਸਕਦੀ। ਇਸ ਲਈ ਮੈਂ ਗੁਰਪ੍ਰੀਤ ਨੂੰ ਬੁਲਾ ਲੈਂਦੀ ਹਾਂ।’’ ਉਸ ਨੇ ਗੁਰਪ੍ਰੀਤ ਨੂੰ ਫੋਨ ’ਤੇ ਸਾਰੀ ਗੱਲ ਦੱਸੀ। ਉਹ ਖ਼ੁਸ਼ੀ-ਖ਼ੁਸ਼ੀ ਆਇਆ ਤੇ ਮੈਨੂੰ ਗੱਡੀ ਵਿੱਚ ਬਿਠਾ ਕੇ ਬਿਨਾਂ ਕੁਝ ਬੋਲੇ ਬਿਰਧ ਆਸ਼ਰਮ ਵਿੱਚ ਛੱਡ ਗਿਆ। ਮੈਂ ਦੂਰ ਤੱਕ ਜਾਂਦੇ ਗੁਰਪ੍ਰੀਤ ਨੂੰ ਦੇਖਦਾ ਰਿਹਾ, ਪਰ ਉਸ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਾ ਦੇਖਿਆ।ਮੈਂ ਜ਼ਿੰਦਗੀ ਦੀ ਆਖ਼ਰੀ ਸ਼ਾਮ ਹੁਣ ਆਪਣੇ ਇਸ ਪਰਿਵਾਰ ਨਾਲ ਗੁਜ਼ਾਰ ਰਿਹਾ ਹਾਂ। ਮੈਨੂੰ ਕਦੇ-ਕਦੇ ਛੋਟੀ ਧੀ ਹਰਪ੍ਰੀਤ ਅਤੇ ਉਸ ਦਾ ਪੁੱਤਰ ਮਿਲਣ ਲਈ ਆ ਜਾਂਦੇ ਹਨ, ਜਿਸ ਆਸਰੇ ਮੈਂ ਸਾਹਾਂ ਦਾ ਗੱਡਾ ਕੁਝ ਹੋਰ ਅਗਾਂਹ ਰੇੜ੍ਹ ਲੈਂਦਾ ਹਾਂ ਪਰ ਅਫ਼ਸੋਸ, ਮੇਰਾ ਅਸਲੀ ਪੁੱਤਰ ਮੈਨੂੰ ਆਸ਼ਰਮ ਵਿੱਚ ਕਦੇ ਮਿਲਣ ਨਹੀਂ ਆਇਆ ਜਿਸ ਦੀ ਹੁਣ ਮੈਨੂੰ ਉਡੀਕ ਵੀ ਨਹੀਂ ਰਹੀ।
ਆਪਣੀ ਦਾਸਤਾਨ ਸੁਣਾਉਂਦਾ ਉਹ ਬਜ਼ੁਰਗ ਮੇਰੇ ਹੱਥਾਂ ਵਿੱਚੋਂ ਆਪਣੇ ਕੰਬਦੇ ਹੱਥ ਛੁਡਾ ਕੇ ਸਿੱਲੀਆਂ ਅੱਖਾਂ ਨਾਲ ਬਿਰਧ ਆਸ਼ਰਮ ਵਿਚਲੇ ਆਪਣੇ ਕਮਰੇ ਵੱਲ ਹੋ ਤੁਰਿਆ। ਮੈਂ ਤੁਰੇ ਜਾਂਦੇ ਉਸ ਬਜ਼ੁਰਗ ਵਿੱਚੋਂ ਆਪਣੇ ਆਪ ਨੂੰ ਦੇਖਦਾ ਹੋਇਆ ਸੋਚ ਰਿਹਾ ਸਾਂ ਕਿ ਇਹ ਕਿਸੇ ਇੱਕ ਬਾਪ ਦਾ ਦੁਖਾਂਤ ਨਹੀਂ ਹੈ ਸਗੋਂ ਵਰਤਮਾਨ ਸਮੇਂ ਦੀ ਹਕੀਕਤ ਹੈ। ਸ਼ਾਮ ਢਲ ਚੁੱਕੀ ਸੀ। ਮੈਂ ਉਦਾਸ ਮਨ ਨਾਲ ਸੋਚਾਂ ਦੇ ਗਹਿਰੇ ਸਮੁੰਦਰ ਵਿੱਚ ਗੋਤੇ ਖਾਂਦਿਆਂ ਖ਼ੁਦ ਨੂੰ ‘ਹਕੀਕਤ ਦੇ ਰੂ-ਬ-ਰੂ’ ਹੋ ਕੇ ਆਇਆ ਮਹਿਸੂਸ ਕਰ ਰਿਹਾ ਸੀ।
ਸੰਪਰਕ: 99888-11681
