DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਿਸਮਤ ਨਾਲ ਹੱਲ ਹੋਇਆ ‘ਅੰਨ੍ਹਾ ਕੇਸ’

ਕਈ ਸਾਲ ਪਹਿਲਾਂ ਜਦੋਂ ਮੈਂ ਇੱਕ ਸਬ-ਡਿਵੀਜ਼ਨ ਵਿੱਚ ਨਵਾਂ-ਨਵਾਂ ਤਾਇਨਾਤ ਹੋਇਆ ਤਾਂ ਮੇਰੀ ਇੱਕ ਆਦਤ ਸੀ ਕਿ ਮੈਂ ਆਪਣੇ ਅਧੀਨ ਆਉਂਦੇ ਥਾਣਿਆਂ ਵਿਚਲੀਆਂ ਪੀ ਓ (ਅਦਾਲਤ ਵੱਲੋਂ ਘੋਸ਼ਿਤ ਭਗੌੜੇ) ਅਤੇ ‘ਅਨਟਰੇਸਡ’ (ਸੁਰਾਗ-ਹੀਣ) ਕੇਸਾਂ ਦੀਆਂ ਫਾਈਲਾਂ ਮੰਗਵਾ ਕੇ ਬਾਰੀਕੀ ਨਾਲ ਪੜ੍ਹਦਾ...

  • fb
  • twitter
  • whatsapp
  • whatsapp
Advertisement

ਕਈ ਸਾਲ ਪਹਿਲਾਂ ਜਦੋਂ ਮੈਂ ਇੱਕ ਸਬ-ਡਿਵੀਜ਼ਨ ਵਿੱਚ ਨਵਾਂ-ਨਵਾਂ ਤਾਇਨਾਤ ਹੋਇਆ ਤਾਂ ਮੇਰੀ ਇੱਕ ਆਦਤ ਸੀ ਕਿ ਮੈਂ ਆਪਣੇ ਅਧੀਨ ਆਉਂਦੇ ਥਾਣਿਆਂ ਵਿਚਲੀਆਂ ਪੀ ਓ (ਅਦਾਲਤ ਵੱਲੋਂ ਘੋਸ਼ਿਤ ਭਗੌੜੇ) ਅਤੇ ‘ਅਨਟਰੇਸਡ’ (ਸੁਰਾਗ-ਹੀਣ) ਕੇਸਾਂ ਦੀਆਂ ਫਾਈਲਾਂ ਮੰਗਵਾ ਕੇ ਬਾਰੀਕੀ ਨਾਲ ਪੜ੍ਹਦਾ ਸੀ। ਇਸ ਅਭਿਆਸ ਸਦਕਾ ਮੈਂ ਕਈ ਅਜਿਹੇ ਭਗੌੜੇ ਫੜੇ ਅਤੇ ਅਣਸੁਲਝੇ ਕੇਸ ਹੱਲ ਕੀਤੇ ਜੋ ਸਿਰਫ਼ ਪੁਲੀਸ ਦੀ ਅਣਗਹਿਲੀ ਜਾਂ ਬਦਨੀਤੀ ਕਾਰਨ ਠੰਢੇ ਬਸਤੇ ਵਿੱਚ ਪਏ ਸਨ। ਇੱਕ ਭਗੌੜਾ ਤਾਂ ਅਜਿਹਾ ਵੀ ਨਿਕਲਿਆ ਜੋ ਮੇਰੇ ਦਫ਼ਤਰ ਤੋਂ ਮਹਿਜ਼ ਤਿੰਨ ਗਲੀਆਂ ਦੂਰ ਆਪਣੇ ਘਰ ਆਰਾਮ ਨਾਲ ਰਹਿ ਰਿਹਾ ਸੀ।

ਇਸੇ ਦੌਰਾਨ ਇੱਕ ਬੇਹੱਦ ਦਿਲਚਸਪ ‘ਅਨਟਰੇਸਡ’ ਕੇਸ ਮੇਰੇ ਹੱਥ ਲੱਗਿਆ। ਇਹ ਕਹਾਣੀ ਇੱਕ ਪਿੰਡ ਦੇ ਮਹਿਜ਼ ਦੋ ਜੀਆਂ ਵਾਲੇ ਪਰਿਵਾਰ ਦੀ ਸੀ। ਕਿਸ਼ਨ ਰਾਮ ਦਾ ਵਿਆਹ ਕਰੀਬ 3-4 ਸਾਲ ਪਹਿਲਾਂ ਰਾਜੀ (ਦੋਵੇਂ ਕਾਲਪਨਿਕ ਨਾਮ) ਨਾਲ ਹੋਇਆ ਸੀ। ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ ਪਰ ਰਾਜੀ ਦੀ ਤੀਬਰ ਇੱਛਾ ਸੀ ਕਿ ਉਹ ਮਾਂ ਬਣੇ। ਸਾਡੇ ਪੁਰਸ਼-ਪ੍ਰਧਾਨ ਸਮਾਜ ਵਿੱਚ ਅਕਸਰ ਔਲਾਦ ਨਾ ਹੋਣ ਦਾ ਦੋਸ਼ ਔਰਤ ਸਿਰ ਮੜ੍ਹ ਕੇ ਉਸ ਨੂੰ ਦੁਰਕਾਰਿਆ ਜਾਂਦਾ ਹੈ। ਰਾਜੀ ਨੇ ਜਦੋਂ ਡਾਕਟਰੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਉਹ ਬਿਲਕੁਲ ਤੰਦਰੁਸਤ ਹੈ। ਜਦੋਂ ਇਹ ਗੱਲ ਕਿਸ਼ਨ ਨੂੰ ਪਤਾ ਲੱਗੀ ਤਾਂ ਉਸ ਨੇ ਵੀ ਗੁਪਤ ਤੌਰ ’ਤੇ ਆਪਣੇ ਟੈਸਟ ਕਰਵਾਏ। ਰਿਪੋਰਟ ਤੋਂ ਸਾਫ਼ ਹੋ ਗਿਆ ਕਿ ਸ਼ੁਕਰਾਣੂਆਂ ਦੀ ਕਮੀ ਕਾਰਨ ਉਹ ਕਦੇ ਬਾਪ ਨਹੀਂ ਸੀ ਬਣ ਸਕਦਾ। ਕਿਸ਼ਨ ਪਰਚੂਨ ਦੀ ਦੁਕਾਨ ਚਲਾਉਂਦਾ ਸੀ ਅਤੇ ਉਸ ਨੇ ਕੰਮ ਲਈ ਸ਼ੰਕਰ ਨਾਂ ਦਾ ਇੱਕ ਨੌਕਰ ਰੱਖਿਆ ਹੋਇਆ ਸੀ। ਔਲਾਦ ਦੀ ਅਥਾਹ ਚਾਹਤ ਕਾਰਨ ਰਾਜੀ, ਸ਼ੰਕਰ ਵੱਲ ਖਿੱਚੀ ਗਈ ਅਤੇ ਗਰਭਵਤੀ ਹੋ ਗਈ। ਜਦੋਂ ਉਸ ਨੇ ਇਹ ਗੱਲ ਕਿਸ਼ਨ ਨੂੰ ਦੱਸੀ ਤਾਂ ਉਸ ਦੇ ਤਨ-ਬਦਨ ਨੂੰ ਅੱਗ ਲੱਗ ਗਈ। ਉਸ ਨੇ ਆਪਣੀ ਮੈਡੀਕਲ ਰਿਪੋਰਟ ਰਾਜੀ ਦੇ ਮੂੰਹ ’ਤੇ ਮਾਰਦਿਆਂ ਸੱਚ ਉਗਲਵਾਉਣ ਲਈ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਆਖ਼ਰ ਰਾਜੀ ਨੇ ਭੇਤ ਖੋਲ੍ਹ ਦਿੱਤਾ। ਗੁੱਸੇ ਵਿੱਚ ਅੰਨ੍ਹੇ ਹੋਏ ਕਿਸ਼ਨ ਨੇ ਕਿਸੇ ਝੋਲਾ-ਛਾਪ ਡਾਕਟਰ ਤੋਂ ਰਾਜੀ ਦਾ ਗਰਭਪਾਤ ਕਰਵਾ ਦਿੱਤਾ ਅਤੇ ਸ਼ੰਕਰ ਨੂੰ ਵੀ ਕੁੱਟ-ਮਾਰ ਕੇ ਭਜਾ ਦਿੱਤਾ।

Advertisement

ਇਸ ਤੋਂ ਬਾਅਦ ਰਾਜੀ ’ਤੇ ਜ਼ੁਲਮਾਂ ਦਾ ਦੌਰ ਸ਼ੁਰੂ ਹੋ ਗਿਆ ਪਰ ਉਹ ਫਿਰ ਵੀ ਲੁਕ-ਛਿਪ ਕੇ ਸ਼ੰਕਰ ਨੂੰ ਮਿਲਦੀ ਰਹੀ। ਇਸੇ ਦੌਰਾਨ ਇੱਕ ਦਿਨ ਅਚਾਨਕ ਕਿਸ਼ਨ ਗਾਇਬ ਹੋ ਗਿਆ। ਕਿਸ਼ਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਮਾਪੇ ਪਹਿਲਾਂ ਹੀ ਰੱਬ ਨੂੰ ਪਿਆਰੇ ਹੋਏ ਗਏ ਸਨ, ਇਸ ਕਾਰਨ ਰਿਸ਼ਤੇਦਾਰਾਂ ਨੇ ਵੀ ਕਿਸ਼ਨ ਦੀ ਗੁੰਮਸ਼ੁਦਗੀ ਨੂੰ ਗੰਭੀਰਤਾ ਨਾਲ ਨਾ ਲਿਆ। ਰਾਜੀ ਨੇ ਥਾਣੇ ਵਿੱਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਅਜੇ ਇਸ ਗੱਲ ਨੂੰ ਅੱਠ ਦਿਨ ਹੀ ਹੋਏ ਸਨ ਕਿ ਰਾਜੀ ਵੀ ਰਹੱਸਮਈ ਹਾਲਾਤ ਵਿੱਚ ਗਾਇਬ ਹੋ ਗਈ। ਹੁਣ ਰਾਜੀ ਦੇ ਪੇਕੇ ਪਰਿਵਾਰ ਨੇ ਥਾਣੇ ਸ਼ਿਕਾਇਤ ਕੀਤੀ ਪਰ ਪੁਲੀਸ ਦੀ ਢਿੱਲੀ ਕਾਰਵਾਈ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਥਾਣੇ ਦਾ ਘਿਰਾਓ ਕਰ ਦਿੱਤਾ। ਜਨਤਕ ਦਬਾਅ ਅੱਗੇ ਝੁਕਦਿਆਂ ਪੁਲੀਸ ਨੂੰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਗਵਾ ਅਤੇ ਕਤਲ ਦਾ ਮੁਕੱਦਮਾ ਦਰਜ ਕਰਨਾ ਪਿਆ। ਪਤਾ ਨਹੀਂ ਉਸ ਸਮੇਂ ਦੇ ਅਫ਼ਸਰਾਂ ਨੇ ਕੀ ਤਫ਼ਤੀਸ਼ ਕੀਤੀ ਪਰ ਮੇਰੀ ਪੋਸਟਿੰਗ ਹੋਣ ਤੱਕ (ਕਰੀਬ 7 ਮਹੀਨਿਆਂ ਬਾਅਦ) ਇਹ ਕੇਸ ‘ਅਨਟਰੇਸਡ’ ਯਾਨੀ ‘ਅੰਨ੍ਹਾ ਕੇਸ’ ਬਣ ਚੁੱਕਾ ਸੀ। ਮੈਂ ਇਸ ਦੋਹਰੇ ਕਤਲ ਕਾਂਡ ਦੀ ਫਾਈਲ ਦੁਬਾਰਾ ਖੋਲ੍ਹ ਕੇ ਜਾਂਚ ਸ਼ੁਰੂ ਕੀਤੀ ਤਾਂ ਇੱਕ ਮੁਖ਼ਬਰ ਨੇ ਇਸ਼ਾਰਾ ਕੀਤਾ ਕਿ ਇਸ ਰਹੱਸਮਈ ਕਹਾਣੀ ਦੇ ਪਿੱਛੇ ਸ਼ੰਕਰ ਦਾ ਹੱਥ ਹੋ ਸਕਦਾ ਹੈ।

Advertisement

ਮੁਖ਼ਬਰਾਂ ਤੋਂ ਸੂਹ ਲੈ ਕੇ ਜਦੋਂ ਸ਼ੰਕਰ ਦੇ ਪੱਕੇ ਟਿਕਾਣੇ ਬਾਰੇ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ ਉਹ ਸ੍ਰੀ ਗੰਗਾਨਗਰ (ਰਾਜਸਥਾਨ) ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ। ਮੈਂ ਬਿਨਾਂ ਦੇਰੀ ਕੀਤੇ ਐੱਸ ਐੱਚ ਓ ਨੂੰ ਨਾਲ ਲਿਆ ਅਤੇ ਰਾਤੋ-ਰਾਤ ਉੱਥੇ ਛਾਪਾ ਮਾਰ ਦਿੱਤਾ। ਪਰ ਕਿਸਮਤ ਖ਼ਰਾਬ ਸੀ ਤੇ ਹੱਥ ਨਿਰਾਸ਼ਾ ਹੀ ਲੱਗੀ। ਅਸਫ਼ਲ ਰੇਡ ਤੋਂ ਬਾਅਦ ਜਦੋਂ ਅਸੀਂ ਵਾਪਸ ਪਰਤੇ ਤਾਂ ਸਵੇਰ ਦੇ 6-7 ਵੱਜ ਚੁੱਕੇ ਸਨ। ਥਕਾਵਟ ਨਾਲ ਚੂਰ ਮੇਰਾ ਇੱਕ ਗੰਨਮੈਨ ਦਫ਼ਤਰ ਦੇ ਨੇੜੇ ਹੀ ਇੱਕ ਢਾਬੇ ’ਤੇ ਚਾਹ ਪੀਣ ਚਲਾ ਗਿਆ। ਉੱਥੇ ਉਸ ਦਾ ਵਾਕਫ਼ ਇੱਕ ਟੈਕਸੀ ਡਰਾਈਵਰ ਵੀ ਬੈਠਾ ਸੀ। ਗੰਨਮੈਨ ਦੇ ਚਿਹਰੇ ’ਤੇ ਖ਼ਿਝ ਅਤੇ ਪ੍ਰੇਸ਼ਾਨੀ ਵੇਖ ਕੇ ਡਰਾਈਵਰ ਨੇ ਸਹਿਜੇ ਹੀ ਕਾਰਨ ਪੁੱਛ ਲਿਆ। ਗੰਨਮੈਨ ਨੇ ਹਉਕਾ ਭਰਦਿਆਂ ਕਿਹਾ “ਯਾਰ ਡਿਪਟੀ ਸਾਹਿਬ ਨੇ ਰਾਜੀ ਤੇ ਕਿਸ਼ਨ ਦੇ ਕਾਤਲਾਂ ਨੂੰ ਲੱਭਣ ਲਈ ਸਾਡੀ ਜਾਨ ਸੂਲੀ ’ਤੇ ਟੰਗੀ ਹੋਈ ਹੈ, ਕਦੇ ਇੱਧਰ ਭੱਜੋ, ਕਦੇ ਉੱਧਰ!” ਇਹ ਸੁਣ ਕੇ ਟੈਕਸੀ ਡਰਾਈਵਰ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ, ਉਹ ਹੈਰਾਨ ਹੋ ਕੇ ਬੋਲਿਆ, “ਕਾਤਲ? ਉਹ ਭਰਾਵਾ, ਰਾਜੀ ਤਾਂ ਜਿਊਂਦੀ-ਜਾਗਦੀ ਐ! ਕੁਝ ਮਹੀਨੇ ਪਹਿਲਾਂ ਉਸ ਨੂੰ ਤੇ ਸ਼ੰਕਰ ਨੂੰ ਮੈਂ ਖ਼ੁਦ ਆਪਣੀ ਟੈਕਸੀ ’ਚ ਦਿੱਲੀ ਛੱਡ ਕੇ ਆਇਆ ਸਾਂ।” ਇਹ ਸੁਣਦਿਆਂ ਹੀ ਗੰਨਮੈਨ ਦੇ ਚਾਅ ਦਾ ਕੋਈ ਟਿਕਾਣਾ ਨਾ ਰਿਹਾ। ਉਹ ਚਾਹ ਵਿੱਚੇ ਛੱਡ ਕੇ ਡਰਾਈਵਰ ਨੂੰ ਬਾਹੋਂ ਫੜ ਕੇ ਸਿੱਧਾ ਮੇਰੀ ਰਿਹਾਇਸ਼ ’ਤੇ ਲੈ ਆਇਆ, ਜੋ ਦਫ਼ਤਰ ਦੇ ਬਿਲਕੁਲ ਨਾਲ ਹੀ ਸੀ। ਉਹ ਖ਼ੁਸ਼ੀ ਵਿੱਚ ਲਗਪਗ ਚੀਕਦਿਆਂ ਬੋਲਿਆ “ਲਓ ਜਨਾਬ! ਲੱਭ ਗਈ ਰਾਜੀ ਤੇ ਨਾਲੇ ਸ਼ੰਕਰ!”

ਡਰਾਈਵਰ ਨੇ ਦੱਸਿਆ ਕਿ ਲਗਪਗ 6-7 ਮਹੀਨੇ ਪਹਿਲਾਂ ਇਹ ਦੋਵੇਂ ਉਸ ਦੀ ਗੱਡੀ ਰਾਹੀਂ ਦਿੱਲੀ ਗਏ ਸਨ ਅਤੇ ਉੱਥੋਂ ਦੇ ਇੱਕ ਖ਼ਾਸ ਇਲਾਕੇ ਵਿੱਚ ਉੱਤਰੇ ਸਨ। ਅਹਿਮ ਗੱਲ ਇਹ ਸੀ ਕਿ ਡਰਾਈਵਰ ਕੋਲ ਸ਼ੰਕਰ ਦਾ ਮੋਬਾਈਲ ਨੰਬਰ ਵੀ ਮੌਜੂਦ ਸੀ। ਜਦੋਂ ਮੈਂ ਪੁੱਛਿਆ ਕਿ ਨੰਬਰ ਕਿੱਥੋਂ ਆਇਆ ਤਾਂ ਉਸ ਨੇ ਦੱਸਿਆ ਕਿ ਉਹ ਅਕਸਰ ਸਵਾਰੀਆਂ ਨਾਲ ਨੰਬਰ ਸਾਂਝਾ ਕਰ ਲੈਂਦਾ ਹੈ ਤਾਂ ਜੋ ਭਵਿੱਖ ਵਿੱਚ ਵੀ ਫੇਰਾ ਮਿਲ ਸਕੇ। ਮੈਂ ਡਰਾਈਵਰ ਨੂੰ ਬੇਹੱਦ ਹੁਸ਼ਿਆਰੀ ਨਾਲ ਉਸ ਨੰਬਰ ’ਤੇ ਫ਼ੋਨ ਕਰਨ ਲਈ ਕਿਹਾ ਤਾਂ ਜੋ ਮੁਲਜ਼ਮਾਂ ਨੂੰ ਭਿਣਕ ਨਾ ਪਵੇ। ਘੰਟੀ ਵਜਦਿਆਂ ਹੀ ਸ਼ੰਕਰ ਨੇ ਫ਼ੋਨ ਚੁੱਕ ਲਿਆ ਅਤੇ ਡਰਾਈਵਰ ਦਾ ਨੰਬਰ ਪਛਾਣ ਕੇ ਦੁਆ-ਸਲਾਮ ਕੀਤੀ। ਡਰਾਈਵਰ ਨੇ ਚਲਾਕੀ ਵਰਤਦਿਆਂ ਜਵਾਬ ਦਿੱਤਾ, “ਸੌਰੀ ਭਰਾ, ਫ਼ੋਨ ਗਲਤੀ ਨਾਲ ਲੱਗ ਗਿਆ, ਮੈਂ ਕਿਸੇ ਹੋਰ ਨੂੰ ਲਾਉਣਾ ਸੀ” ਅਤੇ ਫ਼ੋਨ ਕੱਟ ਦਿੱਤਾ। ਇਸ ਕਾਲ ਨੇ ਉਨ੍ਹਾਂ ਦੀ ਮੌਜੂਦਾ ਲੋਕੇਸ਼ਨ ਤਸਦੀਕ ਕਰ ਦਿੱਤੀ ਅਤੇ ਹੁਣ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਕੋਈ ਔਖਾ ਕੰਮ ਨਹੀਂ ਸੀ।

ਜਦੋਂ ਦੋਵਾਂ ਨੂੰ ਥਾਣੇ ਲਿਆਂਦਾ ਗਿਆ ਤਾਂ ਪੁਲੀਸ ਦੀ ਸਖ਼ਤੀ ਅੱਗੇ ਰਾਜੀ ਨੇ ਤੋਤੇ ਵਾਂਗ ਸਭ ਕੁਝ ਉਗਲ ਦਿੱਤਾ। ਉਸ ਨੇ ਦੱਸਿਆ ਕਿ ਪਤੀ ਦੇ ਰੋਜ਼-ਰੋਜ਼ ਦੇ ਜ਼ੁਲਮਾਂ ਤੋਂ ਤੰਗ ਆ ਕੇ ਉਸ ਨੇ ਸ਼ੰਕਰ ਨਾਲ ਮਿਲ ਕੇ ਇੱਕ ਰਾਤ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੁੱਤੇ ਪਏ ਕਿਸ਼ਨ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਲਾਸ਼ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਸੀ। ਐਨੇ ਮਹੀਨਿਆਂ ਬਾਅਦ ਬਿਨਾਂ ਕਿਸੇ ਚਸ਼ਮਦੀਦ ਗਵਾਹ ਤੇ ਲਾਸ਼ ਦੇ ਕੇਸ ਨੂੰ ਸਿਰੇ ਚਾੜ੍ਹਨਾ ਇੱਕ ਚੁਣੌਤੀ ਸੀ। ਆਖ਼ਰ ਪੁਲੀਸ ਨੇ ਬਾਰੀਕੀ ਨਾਲ ਕਾਨੂੰਨੀ ਖ਼ਾਨਾਪੂਰੀ ਮੁਕੰਮਲ ਕੀਤੀ ਅਤੇ ਇਸ ਅਣਸੁਲਝੇ ‘ਦੋਹਰੇ ਕਤਲ’ ਦੇ ਰਹੱਸ ਤੋਂ ਪਰਦਾ ਚੁੱਕਦਿਆਂ ਦੋਵਾਂ ਗੁਨਾਹਗਾਰਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾ ਦਿੱਤਾ।

* ਏ ਆਈ ਜੀ (ਰਿਟਾ)

ਸੰਪਰਕ: 95011-00062

Advertisement
×