DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਲੈਕ ਹੋਲ: ਨਵੀਂ ਖੋਜ ਖੋਲ੍ਹੇਗੀ ਬ੍ਰਹਿਮੰਡ ਦੇ ਰਾਜ਼

ਬਲੈਕ ਹੋਲ (ਕਾਲੇ ਛੇਕ) ਪੁਲਾੜ ਵਿੱਚ ਮਿਲਣ ਵਾਲੀ ਸਭ ਤੋਂ ਅਨੋਖੀ ਅਤੇ ਅਸਚਰਜ ਵਸਤ ਹੈ। ਇਨ੍ਹਾਂ ਬੇਹੱਦ ਸੰਘਣੀਆਂ ਆਕਾਸ਼ੀ ਵਸਤਾਂ ਵਿੱਚ ਬੇਹਿਸਾਬ ਗੁਰੂਤਾ-ਆਕਰਸ਼ਣ ਭਾਵ ਖਿੱਚ ਹੁੰਦੀ ਹੈ ਜਿਸ ਕਾਰਨ ਇਹ ਆਪਣੇ ਨੇੜੇ ਆਉਂਦੀ ਹਰੇਕ ਵਸਤੂ ਨੂੰ ਆਪਣੇ ਅੰਦਰ ਖਿੱਚ ਲੈਂਦੇ...

  • fb
  • twitter
  • whatsapp
  • whatsapp
Advertisement

ਬਲੈਕ ਹੋਲ (ਕਾਲੇ ਛੇਕ) ਪੁਲਾੜ ਵਿੱਚ ਮਿਲਣ ਵਾਲੀ ਸਭ ਤੋਂ ਅਨੋਖੀ ਅਤੇ ਅਸਚਰਜ ਵਸਤ ਹੈ। ਇਨ੍ਹਾਂ ਬੇਹੱਦ ਸੰਘਣੀਆਂ ਆਕਾਸ਼ੀ ਵਸਤਾਂ ਵਿੱਚ ਬੇਹਿਸਾਬ ਗੁਰੂਤਾ-ਆਕਰਸ਼ਣ ਭਾਵ ਖਿੱਚ ਹੁੰਦੀ ਹੈ ਜਿਸ ਕਾਰਨ ਇਹ ਆਪਣੇ ਨੇੜੇ ਆਉਂਦੀ ਹਰੇਕ ਵਸਤੂ ਨੂੰ ਆਪਣੇ ਅੰਦਰ ਖਿੱਚ ਲੈਂਦੇ ਹਨ। ਇਸ ਖਿੱਚ ਕਾਰਨ ਹੀ ਬਲੈਕ ਹੋਲਜ਼ ’ਚ ਦਾਖ਼ਲ ਹੋਈ ਕੋਈ ਵੀ ਚੀਜ਼ ਮੁੜ ਕੇ ਬਾਹਰ ਨਹੀਂ ਨਿਕਲ ਸਕਦੀ। ਇੱਥੋਂ ਤੱਕ ਕਿ ਪ੍ਰਕਾਸ਼ ਦੀਆਂ ਕਿਰਨਾਂ ਵੀ ਕਾਲੇ ਛੇਕਾਂ ਵਿੱਚੋਂ ਬਾਹਰ ਨਹੀਂ ਨਿਕਲ ਸਕਦੀਆਂ ਹਨ ਅਤੇ ਸਿੱਟੇ ਵਜੋਂ ਇਨ੍ਹਾਂ ਦੀ ਹੋਂਦ ਵਾਲੀ ਥਾਂ ਪੂਰੀ ਤਰ੍ਹਾਂ ਕਾਲੀ ਹੀ ਨਜ਼ਰ ਆਉਂਦੀ ਹੈ, ਜਿਸ ਕਾਰਨ ਇਨ੍ਹਾਂ ਦਾ ਨਾਂ ਕਾਲੇ ਛੇਕ (Black hole) ਰੱਖਿਆ ਗਿਆ ਹੈ। ਇਨ੍ਹਾਂ ਦੀ ਸ਼ੁਰੂਆਤੀ ਖੋਜ ਬਾਰੇ ਸਭ ਤੋਂ ਪਹਿਲਾਂ ਸਾਲ 1915 ਵਿੱਚ ਮਹਾਨ ਵਿਗਿਆਨੀ ਐਲਬਰਟ ਆਈਨਸਟਾਈਨ (Albert Einstein) ਨੇ ਆਪਣੇ ਜਨਰਲ ਥਿਊਰੀ ਆਫ ਰਿਲੇਟੀਵਿਟੀ (General Theory of Relativity) ਦੇ ਸਿਧਾਂਤ ਵਿੱਚ ਜ਼ਿਕਰ ਕੀਤਾ ਸੀ। ਉਸ ਨੇ ਸੁਝਾਅ ਦਿੱਤਾ ਸੀ ਕਿ ਸਾਡੇ ਬ੍ਰਹਿਮੰਡ ਵਿੱਚ ਕੁਝ ਅਦਭੁਤ ਤੇ ਬੇਹਿਸਾਬ ਭਾਰੀਆਂ ਵਸਤਾਂ ਮੌਜੂਦ ਹਨ। ਇਨ੍ਹਾਂ ਵਸਤਾਂ ਦਾ ਜ਼ਿਕਰ ਕਰਦਿਆਂ ਉਸ ਦਾ ਇਸ਼ਾਰਾ ਕਾਲੇ ਛੇਕਾਂ ਦੀ ਮੌਜੂਦਗੀ ਵੱਲ ਸੀ। ਉਸ ਦਾ ਅਨੁਮਾਨ ਸੀ ਕਿ ਉਕਤ ਵਸਤਾਂ ਵੱਡ ਆਕਾਰੀ ਤਾਰਿਆਂ ਦੇ ਖ਼ਤਮ ਹੋਣ ਕਾਰਨ ਕੁਦਰਤੀ ਤੌਰ ’ਤੇ ਪੈਦਾ ਹੁੰਦੀਆਂ ਹਨ। ਜ਼ਿਕਰਯੋਗ ਹੈ ਕਿ ਸਾਲ 1967 ਵਿੱਚ ਅਮਰੀਕੀ ਪੁਲਾੜ ਵਿਗਿਆਨੀ ਜੋਹਨ ਵ੍ਹੀਲਰ ਨੇ ਸਭ ਤੋਂ ਪਹਿਲਾਂ ਉਕਤ ਵਸਤਾਂ ਨੂੰ ਬਲੈਕ ਹੋਲ ਦਾ ਨਾਂਅ ਦਿੱਤਾ ਸੀ। ਦਹਾਕਿਆਂ ਤੱਕ ਤਾਂ ਇਨ੍ਹਾਂ ਦਾ ਜ਼ਿਕਰ ਸਿਧਾਂਤਕ ਤੌਰ ’ਤੇ ਹੀ ਹੁੰਦਾ ਰਿਹਾ ਸੀ ਪਰ ਵਿਹਾਰਕ ਤੌਰ ’ਤੇ ਇਨ੍ਹਾਂ ਦਾ ਪਤਾ ਨਹੀਂ ਸੀ ਲੱਗ ਸਕਿਆ। ਅਨੇਕਾਂ ਸਾਲਾਂ ਦੀਆਂ ਖੋਜਾਂ ਤੋਂ ਬਾਅਦ ਅਖ਼ੀਰ 1965 ਵਿੱਚ ਪਹਿਲੀ ਵਾਰ ‘ਸਿਗਨਸ ਐਕਸ-1’ ਨਾਮੀ ਕਾਲੇ ਛੇਕ ਦਾ ਪਤਾ ਲੱਗਿਆ ਸੀ। ਇਸ ਦੇ ਅੰਦਰ ਇੱਕ ਪਾਸੇ ਵੱਡ ਆਕਾਰੀ ਕਾਲਾ ਛੇਕ ਹੈ ਅਤੇ ਦੂਜੇ ਪਾਸੇ ਬੇਹੱਦ ਗਰਮ ਨੀਲੇ ਰੰਗ ਦਾ ਵੱਡ ਆਕਾਰੀ ਤਾਰਾ ਹੈ। ਇਹ ਤਾਰਾ ਸੂਰਜ ਨਾਲੋਂ ਤਿੰਨ ਲੱਖ ਗੁਣਾ ਚਮਕਦਾਰ ਹੈ।

ਬੀਤੇ ਦਿਨੀਂ ਪ੍ਰਕਾਸ਼ਿਤ ਇੱਕ ਤਾਜ਼ਾ ਰਿਪੋਰਟ ਵਿੱਚ ਯੂਨੀਵਰਸਿਟੀ ਆਫ ਆਕਸਫੋਰਡ ਅਤੇ ਕਰਟਿਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਸਿਗਨਸ ਐਕਸ-1 ਵਿੱਚੋਂ ਨਿਕਲ ਰਹੀਆਂ ਊਰਜਾ ਦੀਆਂ ਕਿਰਨਾਂ ਦਾ ਪਤਾ ਲਾਇਆ ਹੈ। ਇਨ੍ਹਾਂ ਕਿਰਨਾਂ ਦੀ ਸ਼ਕਤੀ 10,000 ਸੂਰਜਾਂ ਦੀ ਸ਼ਕਤੀ ਦੇ ਬਰਾਬਰ ਹੋਣ ਦਾ ਅਨੁਮਾਨ ਹੈ। ਵਿਗਿਆਨੀਆਂ ਨੇ ਦੇਖਿਆ ਕਿ ਕਾਲੇ ਛੇਕ ’ਚੋਂ ਨਿਕਲਦੀਆਂ ਊਰਜਾ ਤਰੰਗਾਂ, ਜਿਨ੍ਹਾਂ ਨੂੰ ਜੈੱਟਸ ਆਖਿਆ ਜਾਂਦਾ ਹੈ, ਦੀ ਰਫ਼ਤਾਰ ਪ੍ਰਕਾਸ਼ ਦੀ ਰਫ਼ਤਾਰ ਤੋਂ ਅੱਧੀ ਦੇ ਬਰਾਬਰ ਹੈ। ਭਾਵ ਇਨ੍ਹਾਂ ਦੀ ਰਫ਼ਤਾਰ 1,50,000 ਕਿਲੋਮੀਟਰ ਪ੍ਰਤੀ ਘੰਟਾ ਹੈ ਜਦਕਿ ਪ੍ਰਕਾਸ਼ ਦੀ ਰਫ਼ਤਾਰ 3,00,000 ਕਿਲੋਮੀਟਰ ਪ੍ਰਤੀ ਘੰਟਾ ਹੈ। ਮੌਜੂਦਾ ਸਮੇਂ ਵਿਗਿਆਨੀ ਸਟੀਵ ਪ੍ਰਬੂ ਅਤੇ ਸਾਥੀਆਂ ਨੇ ਆਪਣੀ ਖੋਜ ਵਿੱਚ ਦੇਖਿਆ ਕਿ ਕੁਝ ਕਾਲੇ ਛੇਕ ਅਜਿਹੇ ਹਨ ਜੋ ਆਪਣੇ ਨੇੜੇ ਆਉਂਦੇ ਕਿਸੇ ਪਦਾਰਥ ਦਾ ਦਸ ਫ਼ੀਸਦ ਹਿੱਸਾ ਊਰਜਾ ਦੇ ਰੂਪ ਵਿੱਚ ਆਪਣੇ ਆਲੇ ਦੁਆਲੇ ਛੱਡ ਦਿੰਦੇ ਹਨ। ਸਿਗਨਸ ਐਕਸ-1 ਵਿੱਚੋਂ ਨਿਕਲ ਰਹੀਆਂ ਜੈੱਟਸ ਕਿਰਨਾਂ ਵੀ ਇਸੇ ਦਸ ਫ਼ੀਸਦ ਊਰਜਾ ਦਾ ਹਿੱਸਾ ਹਨ। ਕਾਲੇ ਛੇਕਾਂ ਦੇ ਆਲੇ ਦੁਆਲੇ ਫਿਰਦੇ ਧੂੜ ਅਤੇ ਗੈਸਾਂ ਦੇ ਬੱਦਲਾਂ ਦਾ ਸਮੁੱਚਾ ਪਦਾਰਥ ਕਾਲੇ ਛੇਕਾਂ ਵਿੱਚ ਨਹੀਂ ਡਿੱਗਦਾ, ਭਾਵ ਕੁਝ ਹਿੱਸਾ ਇਨ੍ਹਾਂ ਦੇ ਦੁਆਲੇ ਦੇ ਚੁੰਬਕੀ ਖੇਤਰ ਵਿੱਚ ਫਸ ਜਾਂਦਾ ਹੈ। ਚੁੰਬਕੀ ਖੇਤਰ ਇਸ ਪਦਾਰਥ ਨੂੰ ਪਲਾਜ਼ਮਾ ਦੇ ਰੂਪ ਵਿੱਚ ਕਾਲੇ ਛੇਕਾਂ ਦੇ ਉੱਪਰਲੇ ਅਤੇ ਹੇਠਲੇ ਧਰੁਵਾਂ ਰਾਹੀਂ ਬਾਹਰ ਸੁੱਟ ਦਿੰਦਾ ਹੈ। ਧਰੁਵਾਂ ’ਚੋਂ ਨਿਕਲਦਾ ਇਹੀ ਪਲਾਜ਼ਮਾ ਜੈੱਟਸ ਅਖਵਾਉਂਦਾ ਹੈ। ਇਹ ਪਲਾਜ਼ਮਾ ਭਾਵ ਜੈੱਟਸ ਪ੍ਰੋਟਾਨਾਂ, ਪੋਜ਼ੀਟ੍ਰਾਨਾਂ ਅਤੇ ਇਲੈਕਟ੍ਰਾਨਾਂ ਤੋਂ ਬਣੇ ਬਿਜਲਈ ਤੌਰ ’ਤੇ ਚਾਰਜਿਤ ਉੱਚ ਊਰਜਾ ਵਾਲੀਆਂ ਕਿਰਨਾਂ ਦੇ ਰੂਪ ਵਿੱਚ ਹੁੰਦਾ ਹੈ। ਇਹ ਜੈੱਟਸ ਬ੍ਰਹਿਮੰਡ ਦੀਆਂ ਸਭ ਤੋਂ ਵੱਧ ਤਾਕਤਵਰ ਚੀਜ਼ਾਂ ਵਿੱਚੋਂ ਇੱਕ ਨੇ। ਜੈੱਟਸ ਸਾਰੇ ਕਾਲੇ ਛੇਕਾਂ ਵਿੱਚ ਨਹੀਂ ਹੁੰਦੇ, ਸਗੋਂ ਉਨ੍ਹਾਂ ਕਾਲੇ ਛੇਕਾਂ ਵਿੱਚੋਂ ਹੀ ਨਿਕਲਦੇ ਹਨ ਜਿਹੜੇ ਕਾਲੇ ਛੇਕ ਸਭ ਕੁਝ ਜਜ਼ਬ ਨਹੀਂ ਕਰਦੇ ਬਲਕਿ ਥੋੜ੍ਹਾ ਜਿਹਾ ਹਿੱਸਾ ਬਾਹਰ ਵੀ ਸੁੱਟ ਦਿੰਦੇ ਹਨ। ਜਦੋਂ ਇਹ ਜੈੱਟਸ ਨੂੰ ਬਾਹਰ ਸੁੱਟਦੇ ਹਨ ਤਾਂ ਇਹ ਕਿਸੇ ਜਵਾਲਾਮੁਖੀ ਦੇ ਫਟਣ ਵਰਗਾ ਲੱਗਦਾ ਹੈ ਕਿਉਂਕਿ ਇਹ ਜਵਾਲਾਮੁਖੀ ਪੁਲਾੜ ਵਿੱਚ ਫਟਦੇ ਹਨ ਇਸ ਲਈ ਇਨ੍ਹਾਂ ਨੂੰ ‘ਕਾਸਮਿਕ ਜਵਾਲਾਮੁਖੀ’ ਆਖਦੇ ਹਨ। ਜ਼ਿਕਰਯੋਗ ਹੈ ਕਿ ਇਹ ਸਿਗਨਸ ਐਕਸ-1 ਕਾਲਾ ਛੇਕ 10 ਕਰੋੜ ਸਾਲ ਸ਼ਿਥਲ ਰਹਿਣ ਤੋਂ ਬਾਅਦ ਗਤੀਸ਼ੀਲ ਭਾਵ ਕਿਰਿਆਸ਼ੀਲ ਹੋਇਆ ਹੈ। ਬਲੈਕ ਹੋਲਜ਼ ਦੇ ਮੁੜ ਕਿਰਿਆਸ਼ੀਲ ਹੋਣ ਦਾ ਕਾਰਨ ਇਹ ਹੈ ਕਿ ਜਦੋਂ ਇਨ੍ਹਾਂ ਨੂੰ ਗੈਸਾਂ, ਧੂੜ ਅਤੇ ਤਾਰੇ ਬਾਲਣ ਦੇ ਰੂਪ ਵਿੱਚ ਮਿਲਣੇ ਸ਼ੁਰੂ ਹੋ ਜਾਂਦੇ ਹਨ ਤਾਂ ਇਹ ਕਿਰਿਆਸ਼ੀਲ ਹੋ ਕੇ ਜੈੱਟਸ ਰੂਪੀ ਊਰਜਾ ਛੱਡਣ ਲੱਗ ਜਾਂਦੇ ਹਨ। ਮੌਜੂਦਾ ਖੋਜ ਨਾਲ ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਬ੍ਰਹਿਮੰਡ ਵਿੱਚ ਤਾਰਾ ਮੰਡਲ ਕਿਵੇਂ ਬਣਦੇ ਹਨ। ਜੇਕਰ ਕਾਲੇ ਛੇਕਾਂ ਦੇ ਆਕਾਰ ਦੀ ਗੱਲ ਕਰੀਏ ਤਾਂ ਵਿਗਿਆਨੀਆਂ ਅਨੁਸਾਰ ਨਿੱਕੇ ਤੋਂ ਨਿੱਕਾ ਕਾਲਾ ਛੇਕ ਇੱਕ ਪ੍ਰਮਾਣੂ ਦੇ ਆਕਾਰ ਦਾ ਹੋ ਸਕਦਾ ਹੈ, ਜਿਸ ਦਾ ਵਜ਼ਨ ਇੱਕ ਵੱਡੇ ਪਹਾੜ ਦੇ ਭਾਰ ਦੇ ਬਰਾਬਰ ਹੋ ਸਕਦਾ ਹੈ। ਮੱਧ ਆਕਾਰ ਦੇ ਕਾਲੇ ਛੇਕ ਦਾ ਵਜ਼ਨ ਸੂਰਜ ਦੇ ਭਾਰ ਤੋਂ ਤਕਰੀਬਨ ਵੀਹ ਗੁਣਾ ਜ਼ਿਆਦਾ ਹੋ ਸਕਦਾ ਹੈ। ‘ਮਿਲਕੀ ਵੇਅ ਆਕਾਸ਼ ਗੰਗਾ’ (ਜਿਸ ਆਕਾਸ਼ ਗੰਗਾ ਵਿੱਚ ਸਾਡੀ ਧਰਤੀ ਮੌਜੂਦ ਹੈ) ਵਿੱਚ ਅਜਿਹੇ ਅਨੇਕਾਂ ਕਾਲੇ ਛੇਕ ਮੌਜੂਦ ਹਨ। ਤੀਸਰੀ ਕਿਸਮ ਦੇ ਕਾਲੇ ਛੇਕ ਵੱਡ ਆਕਾਰੀ ਹੁੰਦੇ ਹਨ ਜਿਨ੍ਹਾਂ ਦਾ ਵਜ਼ਨ ਸੂਰਜ ਦੇ ਭਾਰ ਤੋਂ ਦੱਸ ਲੱਖ ਗੁਣਾ ਜ਼ਿਆਦਾ ਹੋ ਸਕਦਾ ਹੈ। ਪੁਲਾੜ ਖੇਤਰ ਦੀ ਇੱਕ ਵੱਡੀ ਸਫ਼ਲਤਾ ਉਸ ਵੇਲੇ ਹਾਸਲ ਹੋਈ ਸੀ ਜਦੋਂ ਸਾਲ 2019 ਵਿੱਚ ‘ਈਵੈਂਟ ਹੋਰਾਈਜ਼ਨ ਟੈਲੀਸਕੋਪ’ (The Event Horizon Telescope) ਨਾਮੀ ਦੂਰਬੀਨ ਨੇ ਸਭ ਤੋਂ ਪਹਿਲਾਂ ਕਾਲੇ ਛੇਕ ਦੀ ਤਸਵੀਰ ਰਿਕਾਰਡ ਕੀਤੀ ਸੀ। ਉਕਤ ਦੂਰਬੀਨ ਦੀ ਮਦਦ ਨਾਲ ਜਦੋਂ ਵਿਗਿਆਨੀ ਪੁਲਾੜ ਵਿੱਚ ਵਾਪਰ ਰਹੀਆਂ ਦੂਜੀਆਂ ਕੁਦਰਤੀ ਘਟਨਾਵਾਂ ਦਾ ਅਧਿਐਨ ਕਰ ਰਹੇ ਸਨ ਤਾਂ ਉਨ੍ਹਾਂ ਨੇ ‘ਐੱਮ 87’ ਨਾਂਅ ਦੀ ਆਕਾਸ਼ ਗੰਗਾ ਦੇ ਕੇਂਦਰ ਵਿੱਚ ਇੱਕ ਕਾਲਾ ਛੇਕ ਦੇਖਿਆ ਸੀ। ਜ਼ਿਕਰਯੋਗ ਹੈ ਕਿ ਪੁਲਾੜ ਦੀ ਖੋਜ ਲਈ ਵਰਤੀਆਂ ਜਾਂਦੀਆਂ ਸਾਧਾਰਨ ਦੂਰਬੀਨਾਂ ਕਾਲੇ ਛੇਕਾਂ ਦਾ ਪਤਾ ਨਹੀਂ ਲਾ ਸਕਦੀਆਂ। ਹੁਣ ਤੱਕ ਵਿਗਿਆਨੀ ਕਾਲੇ ਛੇਕ ਦਾ ਪਤਾ ਲਾਉਣ ਲਈ ਇੱਕ ਸਾਧਾਰਨ ਵਿਧੀ ਦੀ ਵਰਤੋਂ ਹੀ ਕਰਦੇ ਰਹੇ ਸਨ। ਉਨ੍ਹਾਂ ਵੱਲੋਂ ਵਰਤੀ ਗਈ ਰਵਾਇਤੀ ਵਿਧੀ ਇਹ ਸੀ ਕਿ ਜਦੋਂ ਗੈਸਾਂ ਦਾ ਬੱਦਲ, ਕਾਲੇ ਛੇਕ ਦੇ ਨੇੜਿਓਂ ਲੰਘਦਾ ਸੀ ਤਾਂ ਉਹ ਬੱਦਲ ਉਕਤ ਕਾਲੇ ਛੇਕ ਵਿੱਚ ਜਜ਼ਬ ਹੋ ਜਾਂਦਾ ਸੀ ਅਤੇ ਉਹ ਐਕਸ ਕਿਰਨਾਂ ਪੁਲਾੜ ਵੱਲ ਛੱਡ ਜਾਂਦਾ ਸੀ। ਇਹ ਐਕਸ-ਕਿਰਨਾਂ ਹੀ ਕਾਲੇ ਛੇਕ ਦੇ ਹੋਣ ਦੀ ਪੁਸ਼ਟੀ ਕਰਦੀਆਂ ਸਨ। ਸਾਲ 2019 ਵਿੱਚ ਜਾਰੀ ਕੀਤੀ ਕਾਲੇ ਛੇਕ ਦੀ ਤਸਵੀਰ ਹਾਸਲ ਕਰਨ ਲਈ ਵਿਗਿਆਨੀਆਂ ਵੱਲੋਂ ਸੰਸਾਰ ਭਰ ਦੇ ਵੱਖ-ਵੱਖ ਹਿੱਸਿਆਂ ਵਿੱਚ ਦੂਰਬੀਨਾਂ ਲਾਈਆਂ ਗਈਆਂ ਸਨ। ਇਨ੍ਹਾਂ ਦੂਰਬੀਨਾਂ ਵੱਲੋਂ ਭੇਜੇ ਗਏ ਸਿਗਨਲਾਂ ਨੂੰ ਇਕੱਠਾ ਕਰਕੇ ਉਕਤ ਤਸਵੀਰ ਤਿਆਰ ਕੀਤੀ ਗਈ ਸੀ। ਵਿਗਿਆਨੀ ਹੁਣ ਤੱਕ ਇਹ ਵੀ ਪਤਾ ਲਾ ਚੁੱਕੇ ਹਨ ਕਿ ਬ੍ਰਹਿਮੰਡ ਦੀ ਹਰੇਕ ਵੱਡੀ ਅਕਾਸ਼ ਗੰਗਾ ਦੇ ਕੇਂਦਰ ਵਿੱਚ ਕਾਲੇ ਛੇਕ ਮੌਜੂਦ ਹੁੰਦੇ ਹਨ। ‘ਮਿਲਕੀ ਵੇਅ ਆਕਾਸ਼ ਗੰਗਾ’ (Milky Way Galaxy) ਜਿਸ ਵਿੱਚ ਸਾਡੀ ਧਰਤੀ ਮੌਜੂਦ ਹੈ, ਦੇ ਕੇਂਦਰ ਵਿੱਚ ਵੀ ‘ਸੈਜੀਟੇਰੀਅਸ-ਏ’ ਨਾਂ ਦਾ ਇੱਕ ਵੱਡਾ ਕਾਲਾ ਛੇਕ ਮੌਜੂਦ ਹੈ। ਇਸ ਦਾ ਅਨੁਮਾਨਿਤ ਵਜ਼ਨ ਚਾਲੀ ਲੱਖ ਸੂਰਜਾਂ ਦੇ ਭਾਰ ਦੇ ਬਰਾਬਰ ਹੈ। ਜੇਕਰ ਇਨ੍ਹਾਂ ਦੀ ਬਣਤਰ ਦੀ ਗੱਲ ਕਰੀਏ ਤਾਂ ਹਰੇਕ ਕਾਲਾ ਛੇਕ ਮੋਟੇ ਤੌਰ ’ਤੇ ਦੋ ਹਿੱਸਿਆਂ ਦਾ ਬਣਿਆ ਹੁੰਦਾ ਹੈ। ਬਾਹਰੀ ਹਿੱਸਾ ਜਿਸ ਨੂੰ ‘ਈਵੈਂਟ ਹੋਰਾਈਜ਼ਨ’ ਕਿਹਾ ਜਾਂਦਾ ਹੈ। ਇਹ ਹਿੱਸਾ ਕਾਲੇ ਛੇਕ ਦੇ ਦੁਆਲੇ ਇੱਕ ਗੋਲਾਨੁਮਾ ਖੇਤਰ ਹੁੰਦਾ ਹੈ ਜਿਸ ਅੰਦਰ ਦਾਖ਼ਲ ਹੋਈ ਕੋਈ ਵੀ ਚੀਜ਼ ਮੁੜ ਬਾਹਰ ਨਹੀਂ ਨਿਕਲ ਸਕਦੀ। ਕਾਲੇ ਛੇਕ ਦਾ ਦੂਜਾ ਹਿੱਸਾ ਇਸ ਦਾ ਕੇਂਦਰ ਹੁੰਦਾ ਹੈ ਜਿਸ ਨੂੰ ‘ਸਿੰਗੁਲੈਰਿਟੀ’ (Singularity) ਆਖਿਆ ਜਾਂਦਾ ਹੈ।

Advertisement

ਵਿਗਿਆਨੀਆਂ ਵਿੱਚ ਕਾਲੇ ਛੇਕਾਂ ਦੇ ਬਣਨ ਦੀ ਪ੍ਰਕਿਰਿਆ ਬਾਰੇ ਜਾਣਨ ਦੀ ਉਤਸੁਕਤਾ ਹਮੇਸ਼ਾ ਹੀ ਰਹੀ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਜਦੋਂ ਕਿਸੇ ਵੱਡੇ ਤਾਰੇ ਦਾ ਅੰਤ ਹੁੰਦਾ ਹੈ ਤਾਂ ਉਸ ਵੇਲੇ ਇੱਕ ਨਵੇਂ ਕਾਲੇ ਛੇਕ ਦਾ ਜਨਮ ਹੁੰਦਾ ਹੈ। ਵਿਗਿਆਨੀਆਂ ਅਨੁਸਾਰ ਜਦੋਂ ਕਿਸੇ ਵੱਡੇ ਤਾਰੇ ਦੇ ਕੇਂਦਰ ਵਿੱਚ ਨਿਊਕਲੀ ਤਾਪ ਊਰਜਾ ਖ਼ਤਮ ਹੋ ਜਾਂਦੀ ਹੈ ਤਾਂ ਉਸ ਦਾ ਅੰਦਰੂਨੀ ਭਾਗ ਭਾਵ ਕੋਰ ਅਸਥਿਰ ਹੋ ਜਾਂਦਾ ਹੈ। ਸਿੱਟੇ ਵਜੋਂ ਕੋਰ ਦਾ ਸਮੁੱਚਾ ਪਦਾਰਥ ਅਤਿਅੰਤ ਖਿੱਚ ਬਲ ਕਾਰਨ ਅੰਦਰ ਵੱਲ ਨੂੰ ਡਿੱਗਣ ਲੱਗਦਾ ਹੈ। ਅੰਦਰ ਵੱਲ ਡਿੱਗਦਾ ਮਾਦਾ ਬਹੁਤ ਥੋੜ੍ਹੇ ਆਇਤਨ ਵਿੱਚ ਇਕੱਠਾ ਹੋ ਜਾਂਦਾ ਹੈ ਅਤੇ ਇੱਕ ਨਵੇਂ ਕਾਲੇ ਛੇਕ ਨੂੰ ਜਨਮ ਦਿੰਦਾ ਹੈ। ਖ਼ਤਮ ਹੋ ਰਹੇ ਉਕਤ ਤਾਰੇ ਦੀਆਂ ਬਾਹਰੀ ਪਰਤਾਂ ਧਮਾਕੇ ਨਾਲ ਬਾਹਰ ਵੱਲ ਭਾਵ ਖਿੰਡ ਜਾਂਦੀਆਂ ਹਨ।

Advertisement

ਜਾਣਨਯੋਗ ਹੈ ਕਿ ਕੇਵਲ ਵੱਡੇ ਤਾਰੇ ਦੇ ਖ਼ਾਤਮੇ ਨਾਲ ਹੀ ਕਾਲੇ ਛੇਕ ਬਣਦੇ ਹਨ। ਇਸ ਦੇ ਉਲਟ ਛੋਟੇ ਤਾਰਿਆਂ ਦੇ ਖ਼ਾਤਮੇ ਸਮੇਂ ਘੱਟ ਘਣਤਾ ਵਾਲੀਆਂ ਆਕਾਸ਼ੀ ਵਸਤਾਂ ਜਿਵੇਂ ਵ੍ਹਾਈਟ ਡਵਾਰਫ਼ (White Dwarf) ਜਾਂ ਨਿਊਟ੍ਰਾਨ (Neutron) ਤਾਰੇ ਬਣਦੇ ਹਨ। ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਸਾਰੇ ਹੀ ਕਾਲੇ ਛੇਕ ਤਾਰਿਆਂ ਦੇ ਵਿਸਫੋਟ ਤੋਂ ਨਹੀਂ ਬਣਦੇ। ਉਨ੍ਹਾਂ ਦਾ ਅਨੁਮਾਨ ਹੈ ਕਿ ਕੁਝ ਕਾਲੇ ਛੇਕ ਪੁਲਾੜ ਵਿੱਚ ਫੈਲੀਆਂ ਗੈਸਾਂ ਦੇ ਵੱਡੇ ਸਮੂਹਾਂ ਦੇ ਇੱਕ ਥਾਂ ਉੱਤੇ ਇਕੱਠੇ ਜਾਂ ਕੇਂਦ੍ਰਿਤ ਹੋਣ ਤੋਂ ਵੀ ਬਣਦੇ ਹਨ। ਬਰਤਾਨਵੀ ਵਿਗਿਆਨੀ ਸਟੀਫਨ ਹਾਕਿੰਗ ਅਨੁਸਾਰ ਪੁਲਾੜ ਵਿੱਚ ਵੱਡੇ ਕਾਲੇ ਛੇਕਾਂ ਤੋਂ ਇਲਾਵਾ ਛੋਟੇ ਕਾਲੇ ਛੇਕ ਵੀ ਮੌਜੂਦ ਹਨ ਜਿਨ੍ਹਾਂ ਦਾ ਪੁੰਜ ਇੱਕ ਨਿੱਕੇ ਉਪਗ੍ਰਹਿ ਦੇ ਪੁੰਜ ਦੇ ਬਰਾਬਰ ਹੋ ਸਕਦਾ ਹੈ।

ਕਾਲੇ ਛੇਕਾਂ ਵਿੱਚ ਹੱਦੋਂ ਵੱਧ ਖਿੱਚ ਹੁੰਦੀ ਹੈ। ਆਕਾਰ ਪੱਖੋਂ ਇਨ੍ਹਾਂ ਨੂੰ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੇ ਸਟੀਲਰ ਪੁੰਜ ਕਾਲੇ ਛੇਕ, ਜਿਨ੍ਹਾਂ ਦਾ ਆਕਾਰ ਸੂਰਜ ਦੇ ਆਕਾਰ ਤੋਂ ਪੰਜ ਤੋਂ ਦਸ ਗੁਣਾ ਵੱਡਾ ਹੋ ਸਕਦਾ ਹੈ ਅਤੇ ਦੂਜੇ, ਸੁਪਰ-ਮੈਸਿਵ ਕਾਲੇ ਛੇਕ (Supermassive black hole) ਜਿਨ੍ਹਾਂ ਦਾ ਆਕਾਰ ਸੂਰਜ ਦੇ ਆਕਾਰ ਤੋਂ ਲੱਖ ਗੁਣਾ ਵੱਡਾ ਹੋ ਸਕਦਾ ਹੈ। ਕਾਲੇ ਛੇਕ ਆਪਣੇ ਧੁਰੇ ਦੁਆਲੇ ਘੁੰਮ ਸਕਦੇ ਹਨ। ਪ੍ਰਕਾਸ਼ ਦੀਆਂ ਕਿਰਨਾਂ ਦਾ ਇਹ ਆਮ ਗੁਣ ਹੁੰਦਾ ਹੈ ਕਿ ਇਹ ਆਮ ਤੌਰ ’ਤੇ ਸਿੱਧੀਆਂ ਰੇਖਾਵਾਂ ਵਿੱਚ ਹੀ ਚੱਲਦੀਆਂ ਹਨ। ਪਰ ਕਾਲੇ ਛੇਕਾਂ ਵਿਚਲੀ ਗੁਰੂਤਾ ਸ਼ਕਤੀ ਇਸ ਦੇ ਨੇੜੇ ਆਉਂਦੀਆਂ ਪ੍ਰਕਾਸ਼ ਦੀਆਂ ਕਿਰਨਾਂ ਨੁੂੰ ਵੀ ਮੋੜ ਕੇ ਟੇਢਾ ਕਰਨ ਦੀ ਤਾਕਤ ਰੱਖਦੀ ਹੈ। ਸਾਡੀ ਧਰਤੀ ਆਕਾਸ਼ ਗੰਗਾ ਨਾਂਅ ਦੇ ਤਾਰਮੰਡਲ ਵਿੱਚ ਸਥਿਤ ਹੈ। ਇਸ ਦੇ ਕੇਂਦਰ ਵਿੱਚ ਸੈਜੀਟੇਰੀਅਸ ਏ ਨਾਂ ਦਾ ਕਾਲਾ ਛੇਕ ਹੈ। ਕਾਲੇ ਛੇਕਾਂ ਦੀ ਇੱਕ ਖਾਸੀਅਤ ਇਹ ਹੈ ਕਿ ਦੋ ਛੋਟੇ ਕਾਲੇ ਛੇਕ ਆਪਸ ਵਿੱਚ ਟਕਰਾ ਕੇ ਇੱਕ ਵੱਡਾ ਕਾਲਾ ਛੇਕ ਬਣਾ ਸਕਦੇ ਹਨ। ਅਜਿਹੀ ਹੀ ਇੱਕ ਘਟਨਾ ਸਾਲ 2015 ਵਿੱਚ ਦੇਖਣ ਨੂੰ ਮਿਲੀ ਸੀ। 1965 ਵਿੱਚ ਸਭ ਤੋਂ ਪਹਿਲੇ ਸਿਗਨਸ ਐਕਸ-1 ਨਾਮੀ ਕਾਲੇ ਛੇਕ ਦੀ ਖੋਜ ਹੋਈ ਸੀ। ਇਸ ਦਾ ਆਕਾਰ ਸੂਰਜ ਦੇ ਆਕਾਰ ਤੋਂ ਦਸ ਗੁਣਾ ਵੱਡਾ ਹੈ। ਇੱਕ ਅਨੁਮਾਨ ਅਨੁਸਾਰ ਜਦੋਂ ਕੋਈ ਤਾਰਾ ਕਾਲੇ ਛੇਕ ਵਿੱਚ ਚਲਾ ਜਾਂਦਾ ਹੈ ਤਾਂ ਇਸ ਦਾ ਤਾਪਮਾਨ ਲੱਖਾਂ ਡਿਗਰੀ ਸੈਲਸੀਅਸ ਤੱਕ ਵੱਧ ਜਾਂਦਾ ਹੈ।

ਸੰਪਰਕ: 62842-20595

Advertisement
×