DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸ਼ਾਂਤੀ, ਰੂਹਾਨੀਅਤ ਤੇ ਗਿਆਨ ਦਾ ਸੁਮੇਲ ਬਿਹਾਰ

ਪੰਜਾਬ ’ਚ ਵਿਚਰਦੇ ਬਿਹਾਰ ਦੇ ਕਿਰਤੀਆਂ ਨੂੰ ਬੜੇ ਸਾਲਾਂ ਤੋਂ ਦੇਖਦੇ ਆ ਰਹੇ ਸਾਂ। ਇਉਂ ਮਹਿਸੂਸ ਹੁੰਦਾ ਸੀ ਕਿ ਬਿਹਾਰ ’ਚ ਕੀ ਦੇਖਣ ਵਾਲਾ ਹੋਵੇਗਾ? ਫਿਰ ਵੀ ਕੁਝ ਖੋਜ ਕਰਕੇ ਪਟਨਾ, ਗਯਾ, ਰਾਜਗੀਰ ਅਤੇ ਨਾਲੰਦਾ ਦੇ ਸਥਾਨ ਦੇਖਣ ਦਾ ਮਨ...

  • fb
  • twitter
  • whatsapp
  • whatsapp
Advertisement

ਪੰਜਾਬ ’ਚ ਵਿਚਰਦੇ ਬਿਹਾਰ ਦੇ ਕਿਰਤੀਆਂ ਨੂੰ ਬੜੇ ਸਾਲਾਂ ਤੋਂ ਦੇਖਦੇ ਆ ਰਹੇ ਸਾਂ। ਇਉਂ ਮਹਿਸੂਸ ਹੁੰਦਾ ਸੀ ਕਿ ਬਿਹਾਰ ’ਚ ਕੀ ਦੇਖਣ ਵਾਲਾ ਹੋਵੇਗਾ? ਫਿਰ ਵੀ ਕੁਝ ਖੋਜ ਕਰਕੇ ਪਟਨਾ, ਗਯਾ, ਰਾਜਗੀਰ ਅਤੇ ਨਾਲੰਦਾ ਦੇ ਸਥਾਨ ਦੇਖਣ ਦਾ ਮਨ ਬਣਾ ਲਿਆ। ਇਹ ਥਾਵਾਂ ਦੇਖਣ ਲਈ ਟੂਰ ਨੂੰ ਚਾਰ ਰਾਤਾਂ ਅਤੇ ਪੰਜ ਦਿਨਾਂ ’ਚ ਵੰਡਿਆ ਗਿਆ। ਹੋਟਲ, ਟੈਕਸੀ ਪਹਿਲਾਂ ਬੁੱਕ ਕਰ ਲਏ, ਪਰ ਕਿਸੇ ਵੀ ਹੋਟਲ ਵਾਲੇ ਨੇ ਕਮਰੇ ਦਾ ਕਿਰਾਇਆ ਅਤੇ ਟੈਕਸੀ ਮਾਲਕ ਨੇ ਖਰਚਾ ਦੱਸਣ ਉਪਰੰਤ ਅਗਾਊਂ ਰਾਸ਼ੀ ਦੀ ਮੰਗ ਨਹੀਂ ਕੀਤੀ। ਬਸ ਟੂਰ ਨੂੰ ਯਕੀਨੀ ਬਣਾ ਕੇ ਵਟਸਐਪ ਉੱਤੇ ਸੁਨੇਹਾ ਭੇਜਣ ਲਈ ਕਿਹਾ ਗਿਆ। ਚਿੜੀਆਘਰ, ਸਫ਼ਾਰੀ, ਰਾਜਗੀਰ ਰੋਪਵੇਅ ਦੀਆਂ ਟਿਕਟ ਪਹਿਲਾਂ ਬੁੱਕ ਕਰ ਲਈਆਂ ਤਾਂ ਜੋ ਕਤਾਰ ਵਿੱਚ ਲੱਗਣਾ ਨਾ ਪਵੇ। ਚੰਡੀਗੜ੍ਹ ਤੋਂ ਸਵੇਰੇ ਸਾਢੇ ਸੱਤ ਵਜੇ ਵਾਲੀ ਉਡਾਣ ਲੈ ਕੇ ਅਸੀਂ ਇੱਕ ਘੰਟਾ ਚਾਲੀ ਮਿੰਟ ਵਿੱਚ ਪਟਨਾ ਦੇ ‘ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਵਾਈ ਅੱਡੇ’ ਉੱਤੇ ਜਾ ਉੱਤਰੇ। ਅਸੀਂ ਹੋਟਲ ਵਿੱਚ ਜਾਣ ਦੀ ਬਜਾਏ ਹਵਾਈ ਅੱਡੇ ਨੇੜਲੇ ਸਥਾਨਾਂ ਤੋਂ ਟੂਰ ਦਾ ਆਗਾਜ਼ ਕੀਤਾ। ਰਾਜੀਵ ਗਾਂਧੀ ਬਾਇਲੌਜੀਕਲ ਪਾਰਕ ਇੱਥੋਂ ਤਿੰਨ-ਚਾਰ ਕਿਲੋਮੀਟਰ ਦੀ ਦੂਰੀ ਉੱਤੇ ਹੈ। ਚਿੜੀਆਘਰ ਦਾ ਦਰ ਪ੍ਰਭਾਵਸ਼ਾਲੀ ਸੀ। 50 ਰੁਪਏ ਪ੍ਰਤੀ ਟਿਕਟ ਅਤੇ ਪਲਾਸਟਿਕ ਦੀ ਪਾਣੀ ਵਾਲੀ ਬੋਤਲ ਅੰਦਰ ਲਿਜਾਣਾ ਮਨ੍ਹਾਂ ਹੈ। ਜੇ ਕੋਈ ਕਹੇ ਪਾਣੀ ਪੀਣਾ ਹੈ ਤਾਂ ਜਵਾਬ ਮਿਲਦਾ ਹੈ ਕਿ ਅੰਦਰ ਵਧੀਆ ਪ੍ਰਬੰਧ ਹੈ। ਜਦੋਂ ਅੰਦਰ ਦਾਖ਼ਲ ਹੋਏ ਤਾਂ ਤਿੰਨ ਜ਼ੈਬਰੇ ਘੁੰਮਦੇ ਨਜ਼ਰ ਆਏ। ਇਹ ਅਕਸਰ ਹਰ ਚਿੜੀਆਘਰ ਵਿੱਚ ਨਹੀਂ ਮਿਲਦੇ। ਛੱਤਬੀੜ ਵਿੱਚ ਵੀ ਨਹੀਂ ਹਨ। ਏਥੇ ਟਿਕਟ ਲੈ ਕੇ ਅਸੀਂ ਬਿਜਲੀ ਨਾਲ ਚੱਲਣ ਵਾਲੀ ਟਰਾਮ ਵਿੱਚ ਬੈਠ ਕੇ ਬਹੁਤ ਵੱਡਾ ਚਿੜੀਆਘਰ ਸੌਖ ਨਾਲ ਦੇਖ ਸਕੇ। ਜਿਰਾਫ਼ ਦੇਖ ਕੇ ਤਾਂ ਆਨੰਦ ਆ ਗਿਆ। ਚਿੰਪੈਂਜੀ ਪਹਿਲੀ ਵਾਰ ਦੇਖਿਆ। ਚਿੰਪੈਂਜੀ ਅਤੇ ਮਨੁੱਖ ਦਾ ਡੀ ਐੱਨ ਏ 98.7 ਫ਼ੀਸਦੀ ਤੱਕ ਰਲਦਾ ਹੈ। ਚਿੰਪੈਂਜੀ ਸੋਟੀ ਦੀ ਹਥਿਆਰ ਵਜੋਂ ਵਰਤੋਂ ਕਰ ਲੈਂਦੇ ਹਨ। ਖੇਡਦੇ ਤੇ ਹੱਸਦੇ ਹਨ। ਬੱਚਿਆਂ ਵਾਂਗ ਕਿਲਕਾਰੀਆਂ ਮਾਰਦੇ ਹਨ। ਇਹ ਸ਼ੀਸ਼ੇ ਵਿੱਚ ਆਪਣੀ ਸ਼ਕਲ ਦੀ ਪਛਾਣ ਕਰ ਲੈਂਦੇ ਹਨ। ਮਨੁੱਖਾਂ ਵਾਂਗ ਇਨ੍ਹਾਂ ਦੀਆਂ ਉਂਗਲਾਂ ਦੇ ਨਿਸ਼ਾਨ ਵੀ ਵੱਖ-ਵੱਖ ਹੁੰਦੇ ਹਨ।

ਪਟਨਾ ਮਿਊਜ਼ੀਅਮ ਵਿੱਚ ਸਥਾਪਿਤ ਮਹਾਤਮਾ ਬੁੱਧ ਦਾ ਬੁੱਤ।
ਪਟਨਾ ਮਿਊਜ਼ੀਅਮ ਵਿੱਚ ਸਥਾਪਿਤ ਮਹਾਤਮਾ ਬੁੱਧ ਦਾ ਬੁੱਤ।

ਚਿੜੀਆਘਰ ਵਿੱਚ ਖਿਡੌਣਾ ਮਿੰਨੀ ਰੇਲਗੱਡੀ ਖੜ੍ਹੀ ਸੀ, ਜੋ ਜਾਨਵਰਾਂ ਦੇ ਅੱਗੇ ਆਉਣ ਦੇ ਡਰ ਤੋਂ ਬੰਦ ਕਰ ਦਿੱਤੀ ਗਈ ਸੀ। ਚਿੜੀਆਘਰ ਵਿੱਚ ਹਰਿਆਲੀ ਠਾਠਾਂ ਮਾਰ ਰਹੀ ਸੀ। ਸੱਚ ਤਾਂ ਇਹ ਹੈ ਕਿ ਸਵੇਰੇ-ਸਵੇਰੇ ਹੀ ਚਿੜੀਆਘਰ ਦੇਖ ਕੇ ਪਹਿਲੇ ਸਫ਼ਰ ਵਾਲੇ ਦਿਨ ਦਾ ਲਾਹਾ ਲਿਆ ਮਹਿਸੂਸ ਹੋਣ ਲੱਗ ਪਿਆ। ਉਪਰੰਤ ਪਲੈਨੇਟੋਰੀਅਮ ਦੇਖਣ ਲਈ ਟਿਕਟ ਲੈਣ ਗਏ ਤਾਂ ਸ਼ਾਮ ਦੀ ਸ਼ਿਫ਼ਟ ਦੇ ਮਿਲੇ। ਇਸ ਲਈ ਟਿਕਟ ਲੈ ਕੇ ਅਸੀਂ ਬਿਹਾਰ ਮਿਊਜ਼ੀਅਮ ਦੇਖਣ ਚਲੇ ਗਏ। ਸੰਸਾਰ ਪੱਧਰੀ ਅਜਾਇਬਘਰ ਦੇ ਅੰਦਰ ਵੜਦਿਆਂ ਹੀ ਇਸ ਦੀ ਵਿਸ਼ਾਲਤਾ ਦਾ ਅੰਦਾਜ਼ਾ ਹੋਣ ਲੱਗਿਆ। ਇੱਥੇ ਸ਼ਾਨਦਾਰ ਗੈਲਰੀਆਂ ਨੂੰ ਵਾਚਿਆ। ਹਜ਼ਾਰਾਂ ਸਾਲਾਂ ਦੇ ਇਤਿਹਾਸ ਦੇ ਪੰਨੇ ਠੋਸ ਸਬੂਤਾਂ ਦੇ ਆਧਾਰ ’ਤੇ ਖੁੱਲ੍ਹਦੇ ਨਜ਼ਰ ਆ ਰਹੇ ਸਨ। ਪੁਰਾਣੀਆਂ ਮੂਰਤੀਆਂ ਅਤੇ ਸਿੱਕੇ ਬੀਤੇ ਸਮੇਂ ਦੇ ਸੱਚ ਨੂੰ ਪਕਿਆਈ ਬਖ਼ਸ਼ਦੇ ਅਤੇ ਲੰਘੇ ਸਮੇਂ ਨੂੰ ਰੂਪਮਾਨ ਕਰਦੇ ਹਨ। ਇਸ ਅਜਾਇਬਘਰ ਦੇ ਦੋ ਪਾਸੇ ਗੈਲਰੀਆਂ ਹਨ: ਇੱਕ ਬੱਚਿਆਂ ਲਈ ਵਿਸ਼ੇਸ਼ ਅਤੇ ਇੱਕ ਵੱਡਿਆਂ ਲਈ ਹੈ। ਇਹ ਮਿਊਜ਼ੀਅਮ ਕੈਨੇਡਾ ਅਤੇ ਜਪਾਨੀ ਮੁਹਾਰਤ ਵਾਲੀਆਂ ਕੰਪਨੀਆਂ ਦੀ ਸਹਾਇਤਾ ਨਾਲ ਬਣਾਇਆ ਗਿਆ ਹੈ। 5.6 ਹੈਕਟੇਅਰ ਵਿੱਚ ਫੈਲਿਆ 24,000 ਵਰਗ ਮੀਟਰ ’ਚ ਛੱਤਿਆ ਹੋਇਆ ਖੇਤਰ ਹੈ। ਇੱਥੇ ਆ ਕੇ ਹੀ ਪਤਾ ਲੱਗਦਾ ਹੈ ਕਿ ਬਿਹਾਰ ਦਾ ਨਾਂ ਕਿਵੇਂ ਪਿਆ। ਬੁੱਧ ਧਰਮ ਦੇ ਸੰਦਰਭ ਵਿੱਚ ‘ਵਿਹਾਰ’ ਦਾ ਅਰਥ ਬੜਾ ਗਹਿਰਾ ਹੈ।

Advertisement

ਸੰਸਕ੍ਰਿਤ ਅਤੇ ਪਾਲੀ ਭਾਸ਼ਾ ਨਾਲ ਸਬੰਧਿਤ ਸ਼ਬਦ ਵਿਹਾਰ ਦਾ ਅਰਥ ਹੈ ਭ੍ਰਮਣ ਕਰਨਾ ਭਾਵ ਘੁੰਮਣਾ। ਸ਼ੁਰੂਆਤ ਵਿੱਚ ਬੋਧੀ ਭਿਕਸ਼ੂ ਇੱਕ ਥਾਂ ਟਿਕ ਕੇ ਨਹੀਂ ਬੈਠਦੇ ਸਨ। ਇਨ੍ਹਾਂ ਥਾਵਾਂ ਨੂੰ ‘ਵਿਹਾਰ’ ਕਿਹਾ ਜਾਂਦਾ ਸੀ। ਬਰਸਾਤ ਦੇ ਮੌਸਮ ਵਿੱਚ ਘੁੰਮਣਾ ਫਿਰਨਾ ਔਖਾ ਹੋ ਜਾਂਦਾ ਹੈ। ਇਸ ਲਈ ਬੋਧੀ ਭਿਕਸ਼ੂ ਸਥਾਈ ਟਿਕਾਣਾ ਬਣਾਉਂਦੇ, ਜਿਸ ਨੂੰ ‘ਵਿਹਾਰ’ ਕਿਹਾ ਜਾਣ ਲੱਗਿਆ। ਫਿਰ ਇਹ ਸਥਾਨ ਮੱਠ ਕਹਾਉਣ ਲੱਗ ਪਿਆ ਅਤੇ ਏਥੇ ਧਿਆਨ, ਪ੍ਰਾਰਥਨਾ ਅਤੇ ਧਾਰਮਿਕ ਚਰਚਾ ਵੀ ਹੋਣ ਲੱਗ ਪਈ। ਹੌਲੀ-ਹੌਲੀ ਇਹ ‘ਵਿਹਾਰ’ ਗਿਆਨ ਅਤੇ ਸਿੱਖਿਆ ਦਾ ਕੇਂਦਰ ਬਣ ਗਏ ਜਿਵੇਂ ਨਾਲੰਦਾ ਅਤੇ ਵਿਕਰਮਸ਼ਿਲਾ। ਵਿਹਾਰ ਦਾ ਵਿਚਕਾਰਲਾ ਹਿੱਸਾ ਖੁੱਲ੍ਹਾ ਵਿਹੜਾ ਅਤੇ ਚਾਰੇ ਪਾਸੇ ਰਹਿਣ ਲਈ ਕੋਠੜੀਆਂ ਹੁੰਦੀਆਂ ਸਨ। ਪੁਰਾਤਨ ਸਮੇਂ ਵਿੱਚ ਇਸ ਇਲਾਕੇ ਵਿੱਚ ਬੋਧੀ ਵਿਹਾਰਾਂ ਦੀ ਗਿਣਤੀ ਇੰਨੀ ਸੀ ਕਿ ਇਹ ਇਲਾਕਾ ਹੀ ‘ਬਿਹਾਰ’ ਕਹਾਉਣ ਲੱਗਿਆ। ਦੁਪਹਿਰ ਢਲ਼ ਗਈ ਸੀ। ਥਕੇਵਾਂ ਬਹੁਤ ਰਿਹਾ ਸੀ। ਪਲੈਨੇਟੋਰੀਅਮ ਦੇਖਣ ਦੀ ਉਡੀਕ ਵਿੱਚ ਹੋਟਲ ਚਲੇ ਗਏ ਅਤੇ ਘੰਟਾ ਕੁ ਆਰਾਮ ਕਰ ਕੇ ਪਲੈਨੇਟੋਰੀਅਮ ਆ ਗਏ। ਇਸ ਨੂੰ ਤਾਰਾ ਮੰਡਲ ਵੀ ਕਹਿੰਦੇ ਹਨ। ਇਸ ਲਈ ਟਿਕਟ 100 ਰੁਪਏ ਪ੍ਰਤੀ ਵਿਅਕਤੀ ਹੈ। ਇਹ ਏਸ਼ੀਆ ਦੇ ਵੱਡੇ ਤਾਰਾ ਮੰਡਲਾਂ ਵਿੱਚੋਂ ਇੱਕ ਹੈ। ਇਸ ਵਿੱਚ ਬ੍ਰਹਿਮੰਡ, ਤਾਰੇ, ਗ੍ਰਹਿਆਂ ਅਤੇ ਆਕਾਸ਼ਗੰਗਾ ਮਿਲਕੀ-ਵੇਅ ਦੇ ਸੂਰਜ ਮੰਡਲ ਬਾਰੇ ਅਹਿਮ ਜਾਣਕਾਰੀ ਅਤਿ ਆਧੁਨਿਕ ਡਿਜੀਟਲ ਪ੍ਰੋਜੈਕਟਰ ’ਤੇ 3ਡੀ ਰਾਹੀਂ ਵਿਸ਼ੇਸ਼ ਐਨਕਾਂ ਨਾਲ ਦਿਖਾਇਆ ਜਾਂਦਾ ਹੈ। ਵਿਗਿਆਨ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਲਈ ਇਹ ਬਹੁਤ ਲਾਭਦਾਇਕ ਹੈ। ਜਦੋਂ ਇਹ ਸ਼ੋਅ ਦੇਖ ਕੇ ਮੁੜਦੇ ਹਾਂ ਤਾਂ ਇਸ ਵਿੱਚ ਥਾਂ ਪੁਰ ਥਾਂ ਵਿਗਿਆਨ ਸਬੰਧੀ ਪ੍ਰਦਰਸ਼ਨੀਆਂ ਅਤੇ ਮਾਡਲ ਵੀ ਦੇਖੇ ਜਾ ਸਕਦੇ ਹਨ। ਇਹ ਸੋਮਵਾਰ ਨੂੰ ਬੰਦ ਹੁੰਦਾ ਹੈ ਅਤੇ ਸਵੇਰੇ 10 ਵਜੇ ਤੋਂ ਸ਼ਾਮ ਛੇ ਵਜੇ ਤੱਕ ਸ਼ੋਅ ਚੱਲਦੇ ਰਹਿੰਦੇ ਹਨ। 1989 ਵਿੱਚ ਇਸ ਉੱਤੇ 11 ਕਰੋੜ ਰੁਪਏ ਲੱਗੇ ਸਨ। 1993 ਵਿੱਚ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਅਤੇ ਇਸ ਦਾ ਨਾਂ ਇੰਦਰਾ ਗਾਂਧੀ ਪਲੈਨੇਟੋਰੀਅਮ ਹੈ। ਅਸੀਂ ਗਰੁੱਪ ਵਿੱਚ ਦੋ ਸਾਇੰਸ ਦੇ ਵਿਦਿਆਰਥੀ ਅਤੇ ਗਰੈਜੂਏਟ ਸੀ। ਅਸੀਂ ਸ਼ੋਅ ਨੂੰ ਖ਼ੂਬ ਮਾਣਿਆ। ਇਸ ਬ੍ਰਹਿਮੰਡ ਦੀ ਰਚਨਾ ਕਿਵੇਂ ਸੰਭਵ ਹੋਈ ਹੋ ਸਕਦੀ ਹੈ, ਬਿੱਗ ਬੈਂਗ ਸਿਧਾਂਤ ਅਤੇ ਸੂਰਜ ਵਿੱਚ ਵਾਪਰਦੀਆਂ ਐਟਮੀ ਸੰਯੋਜਨ ਦੀਆਂ ਕਿਰਿਆਵਾਂ ਰਾਹੀਂ ਦਿਖਾਉਣ ਦਾ ਪ੍ਰਸ਼ੰਸਾਯੋਗ ਉੱਦਮ ਹੈ। ਕੁਦਰਤ ਦੇ ਜੀਵ ਅਤੇ ਪੌਦੇ, ਵਿਗਿਆਨ ਦੇ ਚਮਤਕਾਰ ਅਤੇ ਇਤਿਹਾਸ ਦੇ ਘੁੰਮਦੇ ਪਹੀਏ ਦੇਖਣ ਉਪਰੰਤ ਸ਼ਾਮ ਨੂੰ ਸ਼ਰਧਾ ਦੇ ਕੇਂਦਰ ਤਖ਼ਤ ਪਟਨਾ ਸਾਹਿਬ ਦੇ ਗੁਰਦੁਆਰਾ ਸਾਹਿਬ ਪਹੁੰਚ ਗਏ। ਇਸ ਸਥਾਨ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ। ਸ਼ਾਮ ਦੀ ਅਰਦਾਸ ਵਿੱਚ ਸ਼ਾਮਿਲ ਹੋ ਕੇ ਵੱਖਰਾ ਹੀ ਸਕੂਨ ਮਿਲਿਆ। ਇਹ ਪੁਰਾਣੇ ਪਟਨਾ ਸ਼ਹਿਰ ਵਿੱਚ ਸਥਿਤ ਹੈ। ਗੰਗਾ ਕਿਨਾਰੇ ਬਹੁਤ ਵੱਡਾ ਅਤੇ ਲੰਮਾ ਪੁਲ ਲੰਘਦੇ ਸਮੇਂ ਨਿਵੇਕਲਾ ਅਨੁਭਵ ਹੋਇਆ।

Advertisement

ਅਗਲੇ ਦਿਨ ਬੋਧ ਗਯਾ ਅਤੇ ਹੋਰ ਥਾਵਾਂ ਦੇਖਣ ਉਪਰੰਤ ਸ਼ਾਮ ਨੂੰ ਰਾਜਗੀਰ ਪਹੁੰਚਣ ਦੀ ਯੋਜਨਾ ਸੀ। ਪਟਨਾ ਤੋਂ ਗਯਾ 101 ਕਿਲੋਮੀਟਰ ਦੂਰ ਹੈ। ਖੇਤਾਂ ’ਚ ਕਣਕ ਦੀ ਫ਼ਸਲ ਪੱਕ ਚੁੱਕੀ ਸੀ ਅਤੇ ਤਾੜ ਦੇ ਰੁੱਖਾਂ ਦੇ ਝੁੰਡ ਦਿਸਦੇ ਹਨ। ਇਸ ਰੁੱਖ ਤੋਂ ਤਾੜ ਦਾ ਰਸ ਕੱਢਿਆ ਜਾਂਦਾ ਹੈ, ਜੋ ਨਾਰੀਅਲ ਦੇ ਰਸ ਵਰਗਾ ਚਿੱਟਾ ਅਤੇ ਵਿਟਾਮਿਨ ਭਰਪੂਰ ਹੁੰਦਾ ਹੈ। ਇਹ ਰਸ ਖਮੀਰਣ ਤੋਂ ਬਾਅਦ ਅਲਕੋਹਲ ਵਿੱਚ ਵੀ ਬਦਲ ਜਾਂਦਾ ਹੈ। ਇਸ ਰਸ ਦਾ ਗੁੜ ਵੀ ਬਣਾਇਆ ਜਾ ਸਕਦਾ ਹੈ। ਇਹ ਰਸ ਅਪਰੈਲ ਤੋਂ ਜੁਲਾਈ ਤੱਕ ਕੱਢਿਆ ਜਾਂਦਾ ਹੈ। ਕੋਸ਼ਿਸ਼ ਕੀਤੀ ਸੀ ਕਿਤੇ ਮਿਲ ਜਾਵੇ, ਸ਼ਾਇਦ ਮਾਰਚ ਦੇ ਅਖੀਰ ਵਿੱਚ ਨਾ ਮਿਲਦਾ ਹੋਵੇ। ਤਾੜ ਦੇ ਰੁੱਖ ’ਚੋਂ ਤਾੜੀ ਦਾ ਰਸ ਕੱਢਣਾ ਅਤੇ ਉੱਚੇ ਰੁੱਖ ਉੱਤੇ ਚੜ੍ਹਨਾ ਹੁਨਰ ਤੇ ਹਿੰਮਤ ਦੀ ਮਿਸਾਲ ਹੈ। ਜਿਉਂ ਹੀ ਗਯਾ ਪਹੁੰਚੇ ਤਾਂ ਪਤਾ ਲੱਗਿਆ ਕਿ ਅੰਦਰਲੇ ਹਿੱਸੇ ਵਿੱਚ ਕਾਰ ਨਹੀਂ ਜਾਂਦੀ ਸਗੋਂ ਆਟੋ ਰਿਕਸ਼ਾ ਹੀ ਜਾਂਦਾ ਹੈ। ਤਿੱਖੀ ਦੁਪਹਿਰ ਸੀ। ਧੁੱਪ ਚੁਭ ਰਹੀ ਸੀ। ਪਹਿਲਾਂ ਥਕੇਵਾਂ ਲਾਹੁਣ ਲਈ ਗਯਾ ਦੀ ਚਾਹ ਪੀਤੀ। ਫਿਰ ਕਈ ਮੰਦਰ ਦੇਖਦੇ ਹੋਏ ਬੋਧੀ ਮੰਦਰ ਪਹੁੰਚੇ। ਗਯਾ ਪੁਰਾਤਨ ਮਗਧ ਸਾਮਰਾਜ ਦਾ ਹਿੱਸਾ ਸੀ। ਇਹ ਫਲਗੂ ਦਰਿਆ ਕਿਨਾਰੇ ਸਥਿਤ ਹੈ। ਤਿੰਨ ਪਾਸਿਆਂ ਤੋਂ ਪਹਾੜੀਆਂ ਨਾਲ ਘਿਰਿਆ ਰਮਣੀਕ ਸਥਾਨ ਹੈ। ਵਿਦੇਸ਼ੀ ਬੋਧੀਆਂ ਵੱਲੋਂ ਥਾਈਲੈਂਡ, ਬਰਮਾ ਅਤੇ ਚੀਨ ਦੇ ਬੋਧੀ ਮੰਦਰਾਂ ਦੀ ਤਰਜ਼ ’ਤੇ ਹਿਊਨਸਾਂਗ ਦੀ ਯਾਦ ਵਿੱਚ ਬਣਿਆ ਹਿਊਨਸਾਂਗ ਮੈਮੋਰੀਅਲ ਵੀ ਹੈ। ਇਸ ਸਭ ਤੋਂ ਉਪਰ ਹੈ ਗਯਾ ਦਾ ਉਹ ਪਿੱਪਲ ਦਾ ਰੁੱਖ ਜਿਹੜਾ ਪੁਰਾਤਨ ਵਿਰਾਸਤ ਮੰਨਿਆ ਜਾਂਦਾ ਹੈ ਅਤੇ ਉਸ ਦੇ ਪਿੱਛੇ ਪੂਰਬ ਦਿਸ਼ਾ ਵੱਲ ਮਹਾਬੋਧੀ ਮੰਦਰ 170 ਫੁੱਟ ਉੱਚਾ ਹੈ। ਦੁਪਹਿਰ ਹੋਣ ਕਾਰਨ ਰੁੱਖ ਦੀ ਛਾਂ ਹੇਠਾਂ ਇੱਕ ਚੌਂਤਰੇ ’ਤੇ ਘੰਟਾ ਕੁ ਗੁਜ਼ਾਰਿਆ। ਰਾਹਤ ਮਿਲੀ ਅਤੇ ਵਿਦੇਸ਼ੀ ਸ਼ਰਧਾਲੂਆਂ ਦੇ ਨਾਲ ਕਤਾਰ ਵਿੱਚ ਖੜ੍ਹ ਕੇ ਮਹਾਤਮਾ ਬੁੱਧ ਦੇ ਦਰਸ਼ਨ ਕੀਤੇ। ਸਾਲ 2002 ਵਿੱਚ ਇਸ ਥਾਂ ਨੂੰ ਯੂਨੈਸਕੋ ਵੱਲੋਂ ਆਲਮੀ ਵਿਰਾਸਤ ਦਾ ਦਰਜਾ ਦਿੱਤਾ ਗਿਆ ਹੈ। ਮਹਾਬੋਧੀ ਪਿੱਪਲ ਅਤੇ ਮੰਦਰ ਦੇ ਅੰਦਰ ਮੋਬਾਈਲ ਲਿਜਾਣ ਦੀ ਆਗਿਆ ਨਹੀਂ। ਇਸ ਲਈ ਉੱਥੇ ਦੀ ਯਾਦ ਬਸ ਅੱਖਾਂ ਦੇ ਕੈਮਰੇ ਰਾਹੀਂ ਮਨ ਵਿੱਚ ਹੀ ਸਾਂਭ ਕੇ ਰੱਖਣੀ ਪੈਂਦੀ ਹੈ। ਇਸ ਇਲਾਕੇ ਵਿੱਚ ਵੱਡੇ-ਵੱਡੇ ਪਿੱਪਲ ਆਮ ਦਿਸਦੇ ਹਨ। ਆਸਥਾ ਦੇ ਕੇਂਦਰਾਂ ਵਿੱਚ ਕਈ ਵਾਰ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲਦੇ ਹਨ, ਜਿੱਥੇ ਤਰਕਸ਼ੀਲਤਾ ਹਾਰ ਜਾਂਦੀ ਹੈ। ਜਿਵੇਂ ਪ੍ਰੋ. ਮੋਹਨ ਸਿੰਘ ਨੇ ਆਪਣੀ ਕਵਿਤਾ ਖ਼ਾਨਗ਼ਾਹੀਂ ਦੀਵਾ ਬਾਲਦੀਏ ਵਿੱਚ ਕਿਹਾ ਹੈ: ‘ਖ਼ਾਨਗਾਹ ਦੇ ਉੱਤੇ ਆਣ ਨਾਲ,

ਇੱਕ ਦੀਵੇ ਦੇ ਟਿਮਕਾਣ ਨਾਲ,

ਸਭ ਸੰਸੇ ਤੇਰੇ ਦੂਰ ਹੋਏ,

ਹਿੱਕ ਖੂੰਜੇ ਨੂਰੋ ਨੂਰ ਹੋਏ...!

ਮੇਰਾ ਪੜ੍ਹ ਪੜ੍ਹ ਪੁਸਤਕ ਢੇਰ ਕੁੜੇ,

ਮੇਰਾ ਵਧਦਾ ਜਾਏ ਹਨੇਰ ਕੁੜੇ।

ਕੁਝ ਅਕਲ ਇਲਮ ਦੀਆਂ ਜ਼ਿੱਦਾਂ ਨੇ,

ਮੈਨੂੰ ਮਾਰਿਆ ‘ਕਿਉਂ, ਕੀ, ਕਿੱਦਾਂ’ ਨੇ!’

ਗੱਲ ਸੁਣ ਜਾ ਭਟਕੇ ਰਾਹੀ ਦੀ,

ਇੱਕ ਚਿਣਗ ਮੈਨੂੰ ਵੀ ਚਾਹੀਦੀ।

ਸ਼ਾਮ ਪੈ ਰਹੀ ਸੀ ਅਤੇ ਰਾਜਗੀਰ ਦਾ ਰਸਤਾ ਵੀ ਦੋ ਘੰਟੇ ਤੋਂ ਵੱਧ ਦਾ ਨਿਕਲਿਆ, ਜਿਹੜਾ ਅਸੀਂ ਘੰਟੇ ਕੁ ਦਾ ਸਮਝਿਆ ਸੀ। ਰਾਜਗੀਰ ਪਹੁੰਚ ਕੇ ਪਤਾ ਲੱਗਿਆ ਕਿ ਇੱਥੇ ਬ੍ਰਹਮ ਕੁੰਡ ਵੀ ਹੈ, ਜਿੱਥੇ ਗਰਮ ਪਾਣੀ ਦਾ ਚਸ਼ਮਾ ਨਿਕਲਦਾ ਹੈ ਜਿਸ ਦਾ ਤਾਪਮਾਨ 45 ਕੁ ਡਿਗਰੀ ਸੈਲਸੀਅਸ ਦੱਸਦੇ ਹਨ। ਰਸਤੇ ਵਿੱਚ ਸਜਾਏ ਤਾਂਗੇ ਦੇਖ ਕੇ ਮਨ ਕੀਤਾ ਕਿ ਇਨ੍ਹਾਂ ਤਾਂਗਿਆਂ ਵਿੱਚ ਘੋੜੇ ਦੀਆਂ ਟੱਲੀਆਂ ਦੀ ਆਵਾਜ਼ ਨਾਲ ਝੂਟੇ ਲਏ ਜਾਣ।

ਪਟਨਾ ਸਥਿਤ ਗੋਲਘਰ ਦੀ ਬਾਹਰੀ ਝਲਕ।
ਪਟਨਾ ਸਥਿਤ ਗੋਲਘਰ ਦੀ ਬਾਹਰੀ ਝਲਕ।

ਰਾਜਗੀਰ ਦੇ ਹੋਟਲ ਵਿੱਚ ਸਾਮਾਨ ਰੱਖ ਕੇ ਮੈਂ ਸਵਾਗਤੀ ਕੁਰਸੀ ’ਤੇ ਕੰਮ ਕਰ ਰਹੀ ਕੁੜੀ ਨੂੰ ਪੁੱਛਿਆ, ‘‘ਬੇਟਾ, ਇਹ ਤਾਂਗੇ ਵਾਲੇ ਦਾ ਕੀ ਹਿਸਾਬ-ਕਿਤਾਬ ਹੈ? ਇਸ ਵਿੱਚ ਪੰਜ-ਸੱਤ ਕਿਲੋਮੀਟਰ ਘੁੰਮਣਾ ਚਾਹੁੰਦੇ ਹਾਂ।’’ ਨਾਲ ਕੰਮ ਕਰਦੇ ਮੁੰਡੇ ਕੋਲ ਕਿਸੇ ਤਾਂਗੇ ਵਾਲੇ ਦਾ ਫ਼ੋਨ ਸੀ, ਉਸ ਨੇ ਸੰਪਰਕ ਕਰਵਾਇਆ ਅਤੇ ਬ੍ਰਹਮ ਕੁੰਡ ਤੱਕ ਆਉਣ ਜਾਣ ਲਈ 600 ਰੁਪਏ ਵਿੱਚ ਪੱਕਾ ਕਰ ਲਿਆ। ਪੰਜਾਂ ਵਿੱਚੋਂ ਇੱਕ ਸਾਥੀ ਨੇ ਹਥਿਆਰ ਸੁੱਟ ਦਿੱਤੇ। ਤਾਂਗੇ ਉੱਤੇ ਚੜ੍ਹਨ ਲਈ ਰਕਾਬਾਂ ਉੱਤੇ ਪੈਰ ਸਾਵਧਾਨੀ ਨਾਲ ਧਰਨੇ ਪੈਂਦੇ ਹਨ। ਜਿਵੇਂ ਕਿਵੇਂ ਚਾਰ ਜਣੇ, ਦੋ ਅੱਗੇ ਤੇ ਦੋ ਪਿੱਛੇ ਰਾਜਗੀਰ ਦੀਆਂ ਸੜਕਾਂ ਉੱਤੇ ਠੱਪਕ ਠੱਪਕ ਚੱਲਣ ਲੱਗੇ। ਘੋੜੇ ਦੀਆਂ ਟੱਲੀਆਂ ਨੇ ਖ਼ੂਬ ਰੌਣਕ ਲਾਈ ਹੋਈ ਸੀ। ਦਰਅਸਲ, ਰਾਜਗੀਰ ਤੋਂ ਸ਼ਾਂਤੀ ਸਤੂਪ ਤੱਕ ਇਹ ਤਾਂਗੇ ਚੱਲਦੇ ਹਨ। ਪੰਜ ਕੁ ਕਿਲੋਮੀਟਰ ਪਿੱਛੋਂ ਬ੍ਰਹਮ ਕੁੰਡ ਆ ਗਿਆ, ਜਿਹੜਾ ਵੈਭਵ ਪਹਾੜੀ ਦੇ ਪੈਰਾਂ ’ਤੇ ਸਥਿਤ ਹੈ। ਇਸ ਤੋਂ ਪਹਿਲਾਂ ਮਖ਼ਦੂਮ ਕੁੰਡ ਵੀ ਸੀ, ਜਿਹੜਾ ਚੌਦ੍ਹਵੀਂ ਸਦੀ ਦੇ ਫ਼ਕੀਰ ਮਖ਼ਦੂਮ ਸ਼ਾਹ ਸ਼ਰੀਫੂਦੀਨ ਵੱਲੋਂ ਵਰਤਿਆ ਜਾਂਦਾ ਸੀ ਅਤੇ ਉਸ ਦੇ ਨਾਂ ਉੱਤੇ ਪ੍ਰਚੱਲਿਤ ਹੋ ਗਿਆ। ਬ੍ਰਹਮ ਕੁੰਡ ਦਾ ਪਾਣੀ 45 ਤੋਂ 50 ਡਿਗਰੀ ਤੱਕ ਗਰਮ ਹੈ ਅਤੇ ਇਸ ਵਿੱਚ ਗੰਧਕ ਦੀ ਮੌਜੂਦਗੀ ਦੱਸਦੇ ਹਨ, ਜਿਸ ਕਰਕੇ ਚਮੜੀ ਰੋਗਾਂ ਲਈ ਲਾਹੇਵੰਦ ਹੋ ਸਕਦੀ ਹੈ। ਰਾਜਗੀਰ ਵਿੱਚ ਤਾਂਗੇ ਦੀ ਪੁਰਾਣੀ ਸਵਾਰੀ ਕਰ ਕੇ ਇੱਕ ਵਿਰਾਸਤ ਦਾ ਆਨੰਦ ਲਿਆ, ਜਿਹੜੀ ਪੰਜਾਬ ਵਿੱਚ ਹੁਣ ਖ਼ਤਮ ਹੋ ਗਈ ਹੈ। ਰਾਜ ਕੁਮਾਰ ਨਾਂ ਦਾ ਚਾਲਕ ਤਾਂਗਾ ਬਾਖ਼ੂਬੀ ਚਲਾ ਰਿਹਾ ਸੀ। ਘੋੜੇ ਨੂੰ ਚਲਾਉਣਾ ਸ਼ਾਇਦ ਕਾਰ ਚਲਾਉਣ ਨਾਲੋਂ ਕਿਤੇ ਵੱਧ ਔਖਾ ਹੈ ਕਿਉਂਕਿ ਜਾਨਵਰ ਦੇ ਵਿਹਾਰ ਵਿੱਚ ਕਦੇ ਵੀ ਗੜਬੜੀ ਆ ਸਕਦੀ ਹੈ, ਪਰ ਵਾਗਾਂ ਦੀ ਮਾਮੂਲੀ ਜਿਹੀ ਖੱਬੀ ਸੱਜੀ ਖਿੱਚ ਨਾਲ ਘੋੜਾ ਚਾਲਕ ਦਾ ਹੁਕਮ ਮੰਨ ਰਿਹਾ ਸੀ। ਗੱਲਾਂ-ਬਾਤਾਂ ਕਰਦੇ ਅਸੀਂ ਤਾਂਗੇ ਦੀ ਸਵਾਰੀ ਦਾ ਖ਼ੂਬ ਮਜ਼ਾ ਲਿਆ। ਗੱਲ ਕੀ ਰਾਜਗੀਰ ‘ਯਾਦਗੀਰ’ ਬਣ ਗਿਆ।

ਅਗਲਾ ਸਾਰਾ ਦਿਨ ਰਾਜਗੀਰ ਦੀ ਜੰਗਲ ਸਫ਼ਾਰੀ ਲਈ ਰਾਖਵਾਂ ਰੱਖਿਆ ਹੋਇਆ ਸੀ ਅਤੇ ਉਸ ਦੀਆਂ ਟਿਕਟਾਂ ਵੀ ਪਹਿਲਾਂ ਹੀ ਔਨਲਾਈਨ ਬੁੱਕ ਕਰ ਲਈਆਂ ਸਨ। ਇਸ ਵਿੱਚ ਬੜੀ ਮੌਜ ਰਹਿੰਦੀ ਹੈ। ਕਤਾਰ ਵਿੱਚ ਨਹੀਂ ਲੱਗਣਾ ਪੈਂਦਾ ਅਤੇ ਉਡੀਕ ਨਹੀਂ ਕਰਨੀ ਪੈਂਦੀ। ਰਾਜਗੀਰ ਸ਼ਹਿਰ ਤੋਂ ਪੰਜ-ਛੇ ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਜੰਗਲ ਸਫ਼ਾਰੀ ਦੇ ਦਰ ’ਤੇ ਅੱਪੜੇ ਤਾਂ ਕੁਦਰਤੀ ਸੁੰਦਰਤਾ ਅਤੇ ਸਾਫ਼ ਸੁਥਰਾ ਵਿਹੜਾ ਦੇਖ ਕੇ ਮਨ ਖ਼ੁਸ਼ ਹੋ ਗਿਆ। ਸਫ਼ਾਰੀ ਤਾਂ ਅਜੇ ਦੂਰ ਸੀ, ਪਰ ਮਨ ਨੂੰ ਸ਼ਾਂਤੀ ਨਾਲ ਭਰ ਦੇਣ ਵਾਲੇ ਦ੍ਰਿਸ਼ ਦੇਖ ਕੇ ਮਹਾਤਮਾ ਬੁੱਧ ਦੀ ਹਜ਼ਾਰਾਂ ਸਾਲ ਪਹਿਲਾਂ ਕੀਤੀ ਇਸ ਇਲਾਕੇ ਦੀ ਚੋਣ ’ਤੇ ਮਨ ਅਸ਼-ਅਸ਼ ਕਰ ਉੱਠਦਾ ਹੈ। ਸਫ਼ਾਰੀ ਦੀ ਵਾਰੀ ਸਵੇਰ ਵੇਲੇ ਦੀ ਸੀ। ਸੱਚ ਤਾਂ ਇਹ ਹੈ ਕਿ ਚਿੜੀਆਘਰ ਦੀ ਸਫ਼ਾਰੀ ਦਾ ਪ੍ਰਬੰਧ ਸੰਸਾਰ ਪੱਧਰ ਤੋਂ ਘੱਟ ਨਹੀਂ ਸੀ। ਥੋੜ੍ਹੇ ਜਿਹੇ ਸਮੇਂ ਦੇ ਵਕਫ਼ੇ ਪਿੱਛੋਂ ਵਾਰੀ ਆਈ ਤਾਂ ਮੁਕੰਮਲ ਰੂਪ ਵਿੱਚ ਏ ਸੀ ਗੱਡੀ ’ਚ ਆਰਾਮਦੇਹ ਜਹਾਜ਼ ਵਰਗੀਆਂ ਸੀਟਾਂ ਉੱਤੇ ਅਸੀਂ ਜਾ ਬੈਠੇ। ਡਰਾਈਵਰ ਦੇ ਐਨ ਖੱਬੇ ਪਾਸੇ ਚੁਸਤ ਦਰੁਸਤ ਗਾਈਡ ਬੈਠਾ ਸੀ, ਜਿਸ ਦੇ ਹੱਥ ਵਿੱਚ ਕਈ ਡਿਜੀਟਲ ਉਪਕਰਨ ਸਨ। ਜੰਗਲ ਸਫ਼ਾਰੀ ਦੀ ਟਿਕਟ 250 ਰੁਪਏ ਪ੍ਰਤੀ ਵਿਅਕਤੀ ਹੈ। ਉਸ ਨੇ ਸਫ਼ਾਰੀ ਸ਼ੁਰੂ ਕਰਨ ਵੇਲੇ ਸਭ ਨੂੰ ਜੀ ਆਇਆਂ ਕਿਹਾ ਅਤੇ ਜੰਗਲ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ।

ਚਿੜੀਅਰ ਵਿੱਚ ਘੁੰਮਦੇ ਹੋਏ ਜ਼ੈਬਰੇ
ਚਿੜੀਅਰ ਵਿੱਚ ਘੁੰਮਦੇ ਹੋਏ ਜ਼ੈਬਰੇ

ਜੰਗਲ ਨੂੰ ਪੰਜ ਭਾਗਾਂ ਵਿੱਚ ਅਲੱਗ-ਅਲੱਗ ਜਾਨਵਰਾਂ ਲਈ ਵੰਡਿਆ ਹੋਇਆ ਹੈ। ਪਹਿਲੇ ਭਾਗ ਵਿੱਚ ਹਿਰਨਾਂ, ਦੂਜੇ ਵਿੱਚ ਰਿੱਛ, ਤੀਜੇ ਵਿੱਚ ਸ਼ੇਰ, ਚੌਥੇ ਵਿੱਚ ਚੀਤਾ ਅਤੇ ਪੰਜਵੇਂ ਵਿੱਚ ਬਾਘ ਹੈ। ਪੰਜੇ ਭਾਗ ਦੇ ਗੇਟ ਦੂਹਰੇ ਹਨ, ਜੋ ਬੜੀ ਖ਼ੂਬਸੂਰਤੀ ਨਾਲ ਬਣਾਏ ਗਏ ਹਨ। ਪਹਿਲਾਂ ਇੱਕ ਗੇਟ ਖੁੱਲ੍ਹਦਾ ਹੈ ਤੇ ਗੱਡੀ ਵਿੱਚ ਜਾਣ ਉਪਰੰਤ ਇਹ ਗੇਟ ਬੰਦ ਹੋ ਜਾਂਦਾ ਹੈ ਅਤੇ ਫਿਰ ਜੰਗਲ ਦੇ ਅੰਦਰ ਵਾਲਾ ਗੇਟ ਖੁੱਲ੍ਹਦਾ ਹੈ ਤਾਂ ਜੋ ਇੱਕ ਜਾਨਵਰ ਦੂਜੇ ਵਿੱਚ ਨਾ ਸਕੇ। ਗੇਟ ਅੱਗੇ ਲੇਟੇ ਸ਼ੇਰ ਅਤੇ ਰੁੱਖਾਂ ਵਿੱਚ ਲੁਕੇ ਬਾਘ ਨੂੰ ਬੜੇ ਆਨੰਦ ਨਾਲ ਦੇਖਿਆ। ਉਹ ਆ ਗਿਆ... ਉਹ ਆ ਗਿਆ ... ਦੀਆਂ ਆਵਾਜ਼ਾਂ ਜ਼ਿੰਦਾਦਿਲੀ ਭਰ ਦਿੰਦੀਆਂ ਹਨ। ਵਾਪਸੀ ਉੱਤੇ ਗਾਈਡ ਨਾਲ ਫੋਟੋ ਖਿਚਵਾਈ ਕਿਉਂਕਿ ਉਹ ਬੜੇ ਉਤਸ਼ਾਹ ਨਾਲ ਜਾਣਕਾਰੀ ਦੇ ਰਿਹਾ ਸੀ। ਉਸ ਨੇ ਦੱਸਿਆ ਕਿ ਸ਼ੇਰ ਪਰਿਵਾਰ ਵਿੱਚ ਰਹਿਣਾ ਪਸੰਦ ਕਰਦਾ ਹੈ ਅਤੇ ਬਾਘ ਜਿਉਂ ਹੀ ਮਾਦਾ ਗਰਭਵਤੀ ਹੋ ਜਾਂਦੀ ਹੈ ਤਾਂ ਉਹ ਨਰ ਤੋਂ ਅਲੱਗ ਹੋ ਕੇ ਰਹਿਣ ਲੱਗਦੀ ਹੈ। ਰਿੱਛ ਸ਼ਹਿਦ ਬਹੁਤ ਪਸੰਦ ਕਰਦਾ ਹੈ ਅਤੇ ਕਿਲੋਆਂ ਵਿੱਚ ਖਾ ਜਾਂਦਾ ਹੈ। ਸੁਸਤ ਏਨਾ ਹੈ ਕਿ ਇੱਕ ਵਾਰ ਬੈਠ ਗਿਆ ਤਾਂ ਫਿਰ ਉੱਠਣ ਦਾ ਨਾਂ ਨਹੀਂ ਲੈਂਦਾ। ਅਸੀਂ ਚਾਹ ਪਾਣੀ ਪੀ ਕੇ ਊਰਜਾਵਾਨ ਹੋਣ ਪਿੱਛੋਂ ਪੰਛੀਆਂ ਲਈ ਬਣਾਏ ਸਥਾਨ ਨੂੰ ਦੇਖਣ ਚਲੇ ਗਏ, ਪਰ ਸਾਡੇ ਕੁਝ ਸਾਥੀ ਥੱਕ ਚੁੱਕੇ ਸਨ। ਬਹੁਤ ਹੀ ਖ਼ੂਬਸੂਰਤ ਨੈੱਟ ਅੰਦਰ ਦਰਿਆ ਕਿਨਾਰੇ ਪੰਛੀਆਂ ਦਾ ਟਿਕਾਣਾ ਬਣਾਇਆ ਹੋਇਆ ਸੀ। ਵਿਹੜੇ ਵਿੱਚ ਮੋਰ ਬਹੁਤ ਫਿਰਦੇ ਹਨ। ਜਦੋਂ ਜੰਗਲ ਅੰਦਰ ਦਾਖ਼ਲ ਹੋਏ ਤਾਂ ਇੱਕ ਬੱਚਾ ਮੋਰ ਦੇ ਪਿੱਛੇ ਪਿੱਛੇ ਭੱਜ ਰਿਹਾ ਸੀ। ਮਾਪੇ ਉਸ ਦੀ ਵੀਡੀਓ ਬਣਾ ਰਹੇ ਸੀ।

ਇਸ ਪਿੱਛੋਂ ਨੇਚਰ ਸਫ਼ਾਰੀ ਦੀ ਵਾਰੀ ਸੀ, ਜਿਸ ਦੀ ਟਿਕਟ 300 ਰੁਪਏ ਪ੍ਰਤੀ ਵਿਅਕਤੀ ਹੈ ਅਤੇ ਅਸੀਂ ਇਹ ਵੀ ਪਹਿਲਾਂ ਬੁੱਕ ਕੀਤੀ ਹੋਈ ਸੀ। ਇਸ ਦਾ ਗੇਟ ਵੀ ਜੰਗਲ ਸਫ਼ਾਰੀ ਦੇ ਨਾਲ ਹੀ ਪੈਂਦਾ ਹੈ। ਇੱਥੋਂ ਗੱਡੀਆਂ ਗਲਾਸ ਬ੍ਰਿਜ ਤੱਕ ਲੈ ਜਾਂਦੀਆਂ ਹਨ ਅਤੇ ਵਾਪਸ ਰਾਜਗੀਰ ਦੇ ਮੁੱਖ ਗੇਟ ਉੱਤੇ ਛੱਡ ਦਿੰਦੀਆਂ ਹਨ। ਦੁਪਹਿਰ ਹੋਣ ’ਤੇ ਦਿੱਕਤ ਮਹਿਸੂਸ ਹੋਣ ਲੱਗਦੀ ਹੈ, ਪਰ ਗਲਾਸ ਬ੍ਰਿਜ (ਪੁਲ) ਅਤੇ ਸਸਪੈਨਸ਼ਨ ਬ੍ਰਿਜ ਦੇ ਚਾਅ ਵਿੱਚ ਦੇਖਣਾ ਜ਼ਰੂਰੀ ਸੀ। ਇਸ ਪੁਲ ਨੂੰ ਨਾਜ਼ੁਕ ਕਹਿ ਸਕਦੇ ਹਾਂ ਕਿਉਂਕਿ ਭੀੜ ਭੜੱਕਾ ਨਹੀਂ ਕੀਤਾ ਜਾ ਸਕਦਾ। ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਜਾਣ ਵਾਂਗ ਵੱਖਰੇ ਰਬੜ ਦੇ ਸਲੀਪਰ ਪਾ ਕੇ ਜਾਣਾ ਪੈਂਦਾ ਹੈ। ਪੁਲ ਪਹਾੜ ਦੀ ਡੂੰਘੀ ਖਾਈ ਦੇ ਅੱਧ ਵਿਚਾਲੇ ਤੱਕ ਲੈ ਕੇ ਜਾਂਦਾ ਹੈ। ਪੁਲ 85 ਫੁੱਟ ਲੰਮਾ ਅਤੇ 6 ਫੁੱਟ ਚੌੜਾ ਹੈ। ਪਾਰਦਰਸ਼ੀ ਹੋਣ ਕਾਰਨ ਹੇਠਾਂ ਦੇਖਣ ਉੱਤੇ ਕੋਈ ਡਰ ਵੀ ਸਕਦਾ ਹੈ। ਛੋਟੇ ਬੱਚਿਆਂ ਨੂੰ ਮਨਾਹੀ ਹੈ। ਤਿੰਨ ਕੁ ਮਿੰਟ ਲਈ ਉੱਪਰ ਠਹਿਰ ਕੇ ਤੁਸੀਂ ਆਲੇ-ਦੁਆਲੇ ਦੀਆਂ ਫੋਟੋਆਂ ਨਖ਼ਰੇ ਨਾਲ ਖਿਚਵਾ ਕੇ ਵਾਪਸ ਮੁੜ ਆਉਂਦੇ ਹੋ। ਇੱਕ ਵਾਰ ਵਿੱਚ 15 ਕੁ ਬੰਦੇ ਹੀ ਭੇਜੇ ਜਾਂਦੇ ਹਨ। ਕੱਚ ਦਾ ਬਣਿਆ ਪੁਲ ਤਾਂ ਵਾਹਵਾ ਆਨੰਦਮਈ ਰਿਹਾ, ਪਰ ਸਸਪੈਨਸ਼ਨ ਬ੍ਰਿਜ ਤੱਕ ਜਾਣ ਦਾ ਰਸਤਾ ਬਹੁਤ ਪਥਰੀਲਾ ਅਤੇ ਨੋਕੀਲਾ ਹੋਣ ਕਾਰਨ ਜਾਣ ਵਿੱਚ ਕਾਫ਼ੀ ਔਖ ਮਹਿਸੂਸ ਹੋਈ। ਵਾਪਸੀ ਦਾ ਰਾਹ ਸੁਖਾਲਾ ਸੀ ਅਤੇ ਆਟੋ ਰਿਕਸ਼ਾ ਨਾਲ ਸੌਖੇ ਮੁੜ ਰਾਜਗੀਰ ਦੇ ਗੇਟ ਉੱਤੇ ਪਹੁੰਚ ਗਏ।

ਥਕੇਵੇਂ ਭਰੀ ਰਾਤ ਬੀਤੀ। ਅਗਲੇ ਦਿਨ ਵਿਸ਼ਵ ਸ਼ਾਂਤੀ ਸਤੂਪ ਅਤੇ ਨਾਲੰਦਾ ਘੁੰਮਣ ਦਾ ਸੁਫਨਾ ਲੈ ਕੇ ਸੌਂ ਗਏ। ਸਵੇਰੇ ਆਰਾਮ ਨਾਲ 9 ਕੁ ਵਜੇ ਚੱਲ ਪਏ ਕਿਉਂਕਿ ਸਤੂਪ ਨੇੜੇ ਹੀ ਕੁਝ ਕਿਲੋਮੀਟਰ ਦੀ ਦੂਰੀ ਉੱਤੇ ਸੀ। ਇਹ ਗਿਰਧਕੂਟ ਪਹਾੜੀ ਉੱਤੇ 400 ਮੀਟਰ ਦੀ ਉਚਾਈ ਉੱਤੇ ਸਥਿਤ ਹੈ। ਉਪਰ ਜਾਣ ਲਈ ਕੈਬਿਨ ਰੋਪਵੇਅ ਬਣਿਆ ਹੋਇਆ ਹੈ। ਬੋਧੀ ਗ੍ਰੰਥਾਂ ਅਨੁਸਾਰ ਬੁੱਧ ਨੇ ਇੱਥੇ ਕਮਲ ਦੇ ਫੁੱਲ ਨਾਲ ਪ੍ਰਸਿੱਧ ਉਪਦੇਸ਼ ਦਿੱਤਾ ਸੀ। ਇਸ ਪਹਾੜੀ ਨੂੰ ਗਿਰਧਕੂਟ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਸ ਦੀ ਸਿਖ਼ਰ ਇੱਲ ਦੇ ਮੂੰਹ ਵਰਗੀ ਲੱਗਦੀ ਹੈ। ਰੋਪਵੇਅ ਤੱਕ ਜਾਣ ਲਈ ਗਿਰਧਕੂਟ ਭਵਨ ਰਾਹੀਂ ਹੀ ਲੰਘਣਾ ਪੈਂਦਾ ਹੈ, ਜਿੱਥੇ ਸਜੀਆਂ ਦੁਕਾਨਾਂ ਤੋਂ ਤੁਸੀਂ ਯਾਦਗਾਰੀ ਸਾਮਾਨ ਖ਼ਰੀਦ ਸਕਦੇ ਹੋ। ਵਿਸ਼ਵ ਸ਼ਾਂਤੀ ਸਤੂਪ ਦੇ ਚਾਰੇ ਪਾਸੇ ਬੁੱਧ ਦੇ ਜੀਵਨ ਦੇ ਚਾਰ ਦੌਰਾਂ ਦੀ ਤਰਜਮਾਨੀ ਕਰਦੀਆਂ ਸੋਨੇ ਦੀਆਂ ਚਾਰ ਮੂਰਤੀਆਂ ਹਨ। ਇਹ ਪੜਾਅ ਜਨਮ, ਗਿਆਨ ਪ੍ਰਾਪਤੀ, ਸਿੱਖਿਆ ਅਤੇ ਮੌਤ ਨਾਲ ਸਬੰਧਿਤ ਹਨ। ਸਤੂਪ ਦੀ ਉਚਾਈ 120 ਫੁੱਟ ਦੇ ਕਰੀਬ ਹੈ ਅਤੇ ਇਸ ਦੇ ਸਿਖਰ ਉੱਤੇ 10 ਫੁੱਟ ਉੱਚਾ ਕਮਲ ਦੀ ਸ਼ਕਲ ਵਰਗਾ ਬਰਤਨ ਹੈ। ਸਤੂਪ ਦੇ ਨਾਲ ਹੀ ਮੰਦਰ ਵੀ ਹੈ, ਜਿੱਥੇ ਬੋਧੀ ਭਿਕਸ਼ੂ ਬਾਂਦਰਾਂ ਅਤੇ ਲੰਗੂਰਾਂ ਨਾਲ ਖੇਡਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਨੂੰ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲਬਾਤ ਦੀ ਸਮਝ ਨਹੀਂ ਲੱਗਦੀ। ਯੁੱਧ ਨਾਲ ਪ੍ਰਦੂਸ਼ਿਤ ਸੰਸਾਰ ਵਿੱਚ ਸ਼ਾਂਤੀ ਦਾ ਸੰਦੇਸ਼ ਦੇਣ ਲਈ ਇਹ ਸਤੂਪ ਬਣਾਇਆ ਗਿਆ ਹੈ। ਇਸ ਦਾ ਸੰਗਮਰਮਰ ਪੂਰਨ ਰੂਪ ਵਿੱਚ ਬੇਦਾਗ਼ ਤੇ ਸਫ਼ੈਦ ਹੈ। ਹੁਣ ਅਗਲੀ ਵਾਰੀ ਸੀ ਯੂਨੈਸਕੋ ਮਾਨਤਾ ਪ੍ਰਾਪਤ ਨਾਲੰਦਾ ਵਿਸ਼ਵ-ਵਿਦਿਆਲੇ ਦੇ ਖੰਡਰ ਦੇਖਣ ਦੀ।

ਸ਼ਾਂਤੀ ਸਤੂਪ ਤੋਂ ਨਾਲੰਦਾ ਮਹਿਜ਼ 35 ਕਿਲੋਮੀਟਰ ਦੂਰ ਹੈ। ਟੂਰ ਵਿੱਚ ਜੇ ਸਫ਼ਰ ਜ਼ਿਆਦਾ ਕਰਨਾ ਪਵੇ ਤਾਂ ਵੀ ਟੂਰ ਦਾ ਮਜ਼ਾ ਫਿੱਕਾ ਪੈ ਜਾਂਦਾ ਹੈ। ਇਹ ਟੂਰ ਇਸ ਗੱਲੋਂ ਵੱਡੀ ਹੱਦ ਤੱਕ ਸੁਖਾਵਾਂ ਰਿਹਾ। ਇੱਕ ਘੰਟੇ ਵਿੱਚ ਅਸੀਂ ਨਾਲੰਦਾ ਦੀ ਰੌਣਕ ਵਾਲੀ ਥਾਂ ਪਹੁੰਚ ਗਏ, ਜਿੱਥੇ ਖੰਡਰ ਵੀ ਕਿਸੇ ਜ਼ਮਾਨੇ ਵਿੱਚ ਹੰਢਾਈ ਅਮੀਰੀ ਨੂੰ ਦਰਸਾ ਰਹੇ ਸਨ। ਕੈਂਪਸ ਵਾਹਵਾ ਖੁੱਲ੍ਹਾ-ਡੁੱਲਾ ਸੀ ਅਤੇ ਦੁਪਹਿਰ ਵੇਲੇ ਵੀ ਠੰਢੀ-ਠੰਢੀ ਹਵਾ ਚੱਲ ਰਹੀ ਸੀ। ਅਸੀਂ ਗਾਈਡ ਕਰ ਲਿਆ ਅਤੇ ਟਿਕਟ ਲੈ ਕੇ ਅੰਦਰ ਦਾਖ਼ਲ ਹੋ ਗਏ। ਇੱਕ ਸਾਥੀ ਕਹਿੰਦਾ ਕਿ ਮੈਂ ਤਾਂ ਚਾਹ ਪੀਤੇ ਬਿਨਾਂ ਨਹੀਂ ਜਾ ਸਕਦਾ। ਅਸੀਂ ਇਹ ਕਹਿ ਕੇ ਬਾਹਰ ਆਏ ਕਿ ਚਾਹ ਪੀਣੀ ਹੈ ਸਰ, ਵਾਪਸ ਆਉਂਦੇ ਹਾਂ। ਜਿਉਂ ਹੀ ਚਾਹ ਪੀ ਕੇ ਅੰਦਰ ਗਏ ਤਾਂ ਸਾਡਾ ਗਾਈਡ ਗ਼ਾਇਬ ਸੀ ਅਤੇ ਸਾਨੂੰ ਹੋਰ ਗਾਈਡ ਕਰਨਾ ਪਿਆ। ਉਹ 75 ਸਾਲਾ ਉਤਸ਼ਾਹੀ ਪੁਰਾਣਾ ਗਾਈਡ ਸੀ। ਖੰਡਰਾਂ ਦੀ ਵਿਸ਼ਾਲਤਾ ਦੇਖ ਕੇ ਤਿੰਨ ਸਾਥੀਆਂ ਨੇ ਹਥਿਆਰ ਸੁੱਟ ਦਿੱਤੇ। ਜਿਸ ਨੂੰ ਇਤਿਹਾਸ ਦੀ ਸਮਝ ਨਾ ਹੋਵੇ ਉਸ ਲਈ ਗਾਈਡ ਦਾ ਬੋਲਣਾ ਮਾਅਨੇ ਨਹੀਂ ਰੱਖਦਾ ਪਰ ਤਾਂ ਵੀ ਨਾਲੰਦਾ ਬਾਰੇ ਚੀਨੀ ਯਾਤਰੀ ਹਿਊਨਸਾਂਗ ਕੀ ਕਹਿੰਦਾ ਹੈ, ਉਸ ਦਾ ਲਿਖਿਆ ਹੀ ਇਸ ਸਥਾਨ ਦਾ ਸਭ ਤੋਂ ਵੱਡਾ ਸੱਚ ਹੈ। ਉਹ 629 ਈਸਵੀ ਵਿੱਚ ਭਾਰਤ ਆਇਆ ਸੀ। ਉਸ ਸਮੇਂ ਰਾਜਾ ਹਰਸ਼ਵਰਧਨ ਦਾ ਰਾਜ ਸੀ। ਨਾਲੰਦਾ ਆਪਣੇ ਸਮੇਂ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਵਿਸ਼ਵ-ਵਿਦਿਆਲਾ ਸੀ। ਵਿਦੇਸ਼ਾਂ ਤੋਂ ਵੀ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਸਨ। ਦਾਖ਼ਲਾ ਕਠਿਨ ਇਮਤਿਹਾਨ ਪਿੱਛੋਂ ਹੀ ਦਿੱਤਾ ਜਾਂਦਾ ਸੀ। ਇੱਥੇ ਦੀ ਲਾਇਬਰੇਰੀ ਏਨੀ ਵੱਡੀ ਸੀ ਕਿ ਹਜ਼ਾਰਾਂ ਪਾਂਡੂਲਿਪੀਆਂ ਮੌਜੂਦ ਸਨ।

ਅਨੁਸ਼ਾਸਨ ਸਖ਼ਤ ਸੀ। ਹੋਰ ਵੀ ਨਿਵੇਕਲੀ ਗੱਲ ਇਹ ਹੈ ਕਿ ਇੱਥੇ ਕੇਵਲ ਬੁੱਧ ਧਰਮ ਦੀ ਹੀ ਨਹੀਂ ਸਗੋਂ ਤਰਕ ਸ਼ਾਸ਼ਤਰ, ਵਿਆਕਰਣ, ਚਿਕਿਤਸਾ ਅਤੇ ਗਣਿਤ ਦੀ ਪੜ੍ਹਾਈ ਵੀ ਹੁੰਦੀ ਸੀ। ਹਿਊਨਸਾਂਗ ਇੱਥੇ ਪੰਜ ਸਾਲ ਰਿਹਾ। ਉਸ ਦਾ ਨਾਲੰਦਾ ਸਬੰਧੀ ਵਿਵਰਣ ਉਸ ਦੀ ਕਿਤਾਬ ਸੀ-ਯੂ-ਕੀ ਵਿੱਚ ਮਿਲਦਾ ਹੈ। ਜਿਨ੍ਹਾਂ ਸਾਮਰਾਜਾਂ ਨੇ ਬੁੱਧ ਧਰਮ ਦੀ ਸਹਾਇਤਾ ਕੀਤੀ ਉਹ ਹਨ- ਮਗਧ ਦੇ ਰਾਜਾ ਬਿੰਦੂਸਾਰ, ਜਿਹੜਾ ਬੁੱਧ ਦਾ ਸਮਕਾਲੀ ਸੀ। ਮੌਰੀਆ ਸਾਮਰਾਜ (ਸਮਰਾਟ ਅਸ਼ੋਕ), ਕੁਸ਼ਾਨ ਸਾਮਰਾਜ, ਗੁਪਤ ਕਾਲ। ਹਾਲਾਂਕਿ ਗੁਪਤ ਕਾਲ ਦੇ ਰਾਜਾ ਹਿੰਦੂ ਧਰਮ ਵਿੱਚ ਆਸਥਾ ਰੱਖਦੇ ਸਨ, ਪਰ ਉਨ੍ਹਾਂ ਦੇ ਸਮੇਂ ਵਿੱਚ ਬੁੱਧ ਧਰਮ ਫੈਲਿਆ ਅਤੇ ਨਾਲੰਦਾ ਵਰਗੇ ਕੇਂਦਰ ਸਥਾਪਿਤ ਹੋਏ। ਬਾਅਦ ਵਿੱਚ ਰਾਜਿਆਂ ਦਾ ਸਮਰਥਨ ਬੰਦ ਹੋ ਗਿਆ ਅਤੇ ਹਿੰਦੂ ਧਰਮ ਦੀ ਪੁਨਰ ਸੁਰਜੀਤੀ ਨੇ ਬੁੱਧ ਧਰਮ ਨੂੰ ਆਪਣੇ ਵਿੱਚ ਹੀ ਸਮਾ ਲਿਆ। 12ਵੀਂ ਸਦੀ ਦੇ ਆਖ਼ਰੀ ਦਹਾਕੇ ਵਿੱਚ ਖਿਲਜੀ ਵੰਸ਼ ਦੇ ਬਖ਼ਤਿਆਰ ਖਿਲਜੀ ਨੇ ਬਿਹਾਰ ਉੱਤੇ ਕਬਜ਼ਾ ਕਰਨਾ ਚਾਹਿਆ ਤਾਂ ਉਸ ਨੇ ਨਾਲੰਦਾ ਨੂੰ ਕਿਲਾ ਸਮਝ ਕੇ ਅੱਗ ਲਾ ਦਿੱਤੀ, ਜਿਸ ਦੇ ਸਿੱਟੇ ਵਜੋਂ ਲਾਇਬਰੇਰੀ ਵਿੱਚ ਪਈਆਂ ਪਾਂਡੂਲਿਪੀਆਂ ਸੜ ਕੇ ਸੁਆਹ ਹੋ ਗਈਆਂ। ਇਸ ਤਰ੍ਹਾਂ ਨਾਲੰਦਾ ਦੇ ਖੰਡਰ ਬੀਤੇ ਇਤਿਹਾਸ ਦੇ ਸਮੇਂ ਦੀਆਂ ਨਿਸ਼ਾਨੀਆਂ ਹਨ, ਜਿਹੜੀਆਂ ਪੂਰਨ ਰੂਪ ਵਿੱਚ ਖ਼ਤਮ ਨਹੀਂ ਹੋਈਆਂ। ਨਾਲੰਦਾ ਤੋਂ ਬਾਅਦ ਆਖ਼ਰੀ ਇੱਕ ਦਿਨ ਤੇ ਇੱਕ ਰਾਤ ਦਾ ਟੂਰ ਬਾਕੀ ਸੀ। ਹੁਣ ਸਿੱਧਾ ਪਟਨਾ ਜਾਣਾ ਸੀ। ਸਫ਼ਰ 100 ਕੁ ਕਿਲੋਮੀਟਰ ਦੇ ਕਰੀਬ ਸੀ। ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਪਟਨਾ ਪਹੁੰਚ ਗਏ। ਗੰਗਾ ਘਾਟ ਦੀ ਆਰਤੀ ਦੇਖਣ ਦਾ ਮਨ ਸੀ। ਕਈ ਪਾਪੜ ਵੇਲੇ, ਪਰ ਉਸ ਦਿਨ ਰਾਮ ਨੌਮੀ ਹੋਣ ਕਾਰਨ ਕਾਫ਼ੀ ਭੀੜ ਭੜੱਕੇ ਹੋਣਾ ਸੀ। ਇਸ ਲਈ ਬਾਜ਼ਾਰ ਦਾ ਰੌਲਾ-ਗੌਲਾ ਦੇਖ ਕੇ ਮੁੜ ਹੋਟਲ ਵਿੱਚ ਆ ਕੇ ਆਰਾਮ ਕੀਤਾ ਤਾਂ ਜੋ ਵਾਪਸੀ ਯਾਤਰਾ ਸੁਖਾਲੀ ਰਹੇ। ਪਟਨਾ ਤੋਂ ਸਿੱਧੀ ਚੰਡੀਗੜ੍ਹ ਸਾਡੀ ਉਡਾਣ 2 ਵਜੇ ਦੁਪਹਿਰ ਪਿੱਛੋਂ ਸੀ। ਇਸ ਲਈ ਅਸੀਂ ਤਿੰਨ ਘੰਟੇ ਪਟਨਾ ਦੇ ਰਹਿੰਦੇ ਸਥਾਨਾਂ ਨੂੰ ਪਸੰਦ ਅਨੁਸਾਰ ਦੇਖ ਸਕਦੇ ਸੀ। ਇੱਕ ਸੀ ਗੋਲਘਰ ਅਤੇ ਦੂਜਾ ਸੀ ਬਾਪੂ ਟਾਵਰ। ਸਭ ਤੋਂ ਪਹਿਲਾਂ ਗੋਲਘਰ ਦੇਖਿਆ ਹੈ। ਨਿਰਸੰਦੇਹ, ਇਹ ਸਤੂਪ ਦੀ ਸ਼ਕਲ ਦਾ ਪ੍ਰਭਾਵ ਦਿੰਦਾ ਹੈ। ਇੱਥੇ ਬਹੁਤ ਵੱਡਾ ਬੋਹੜ ਦਾ ਰੁੱਖ ਵੀ ਹੈ। ਸਾਫ਼ ਲਿਖਿਆ ਹੋਇਆ ਹੈ ਕਿ ਗੋਲਘਰ ਉੱਤੇ ਚੜ੍ਹਨਾ ਮਨ੍ਹਾਂ ਹੈ, ਪੁਰਾਤਤਵ ਵਿਭਾਗ ਦਾ ਬੋਰਡ ਸਹੀ ਜਾਣਕਾਰੀ ਦਿੰਦਾ ਹੈ। ਇਸ ਦੀ ਉਚਾਈ 96 ਫੁੱਟ ਹੈ, ਜਿਸ ਦੇ ਇੱਕ ਪਾਸੇ ਤੋਂ ਪੌੜੀ ਸ਼ੁਰੂ ਹੋ ਕੇ ਦੂਜੇ ਪਾਸੇ ਤੱਕ ਵਲੇਵਾਂ ਪਾ ਕੇ 145 ਸਟੈੱਪਾਂ ਵਿੱਚ ਉਤਰਦੀ ਹੈ। ਕੁਦਰਤੀ ਹੈ ਜੇ ਏਨਾ ਉੱਚਾ ਚੜ੍ਹਿਆ ਜਾਵੇ ਤਾਂ ਪਟਨਾ ਦਾ ਸ਼ਹਿਰ ਅਤੇ ਗੰਗਾ ਦਾ ਨਜ਼ਾਰਾ ਤੱਕਿਆ ਜਾ ਸਕਦਾ ਹੈ, ਪਰ ਹੁਣ ਪੌੜੀਆਂ ਲੋਹੇ ਵਾਲੇ ਗੇਟਾਂ ਨਾਲ ਦੋਵੇਂ ਪਾਸਿਉਂ ਬੰਦ ਕਰ ਦਿੱਤੀਆਂ ਗਈਆਂ ਹਨ।

ਇਹ ਸਥਾਨ ਹੁਣ ਪੁਰਾਤਤਵ ਵਿਭਾਗ ਦੀ ਦੇਖ ਰੇਖ ਅਧੀਨ ਹੈ। ਇਸ ਸਬੰਧੀ ‘ਟੈਲੀਗਰਾਫ’ ਅਖ਼ਬਾਰ ਦੀ ਖ਼ਬਰ ਜਾਣਕਾਰੀ ਹਿਤ ਬਹੁਤ ਅਹਿਮੀਅਤ ਵਾਲੀ ਹੈ ਜਿਹੜੀ 8 ਫਰਵਰੀ 2018 ਨੂੰ ਛਪੀ ਸੀ। ‘ਗੋਲਘਰ ਦੀਆਂ ਪੌੜੀਆਂ ਸਦਾ ਲਈ ਬੰਦ’। ਗੋਲਘਰ ਆਉਣ ਵਾਲੇ ਹੁਣ ਉਚਾਈ ’ਤੇ ਚੜ੍ਹ ਕੇ ਨਜ਼ਾਰਾ ਨਹੀਂ ਲੈ ਸਕਣਗੇ। ਇਸ ਦੇ ਕਾਰਨ ਰੱਖ-ਰਖਾਅ ਦੀ ਲੋੜ ਅਤੇ ਇਸ ਦੀਆਂ ਉੱਚੀਆਂ ਪੌੜੀਆਂ ਤੋਂ ਆਤਮ-ਹੱਤਿਆ ਦੀ ਕੋਸ਼ਿਸ਼ ਕਰਨਾ ਦੱਸਿਆ ਜਾਂਦਾ ਹੈ। ਕੈਪਟਨ ਜੌਹਨ ਗਾਰਸਟਿਨ ਨੇ ਅੰਗਰੇਜ਼ ਫ਼ੌਜੀਆਂ ਲਈ ਅਨਾਜ ਦੇ ਭੰਡਾਰਨ ਲਈ ਇਹ ਭੰਡਾਰ ਘਰ ਸੰਨ 1786 ਵਿੱਚ ਬਣਵਾਇਆ ਸੀ। ਇਸ ਦਾ ਕੋਈ ਥਮਲਾ ਨਹੀਂ ਹੈ ਅਤੇ ਦੀਵਾਰ ਦੀ ਮੋਟਾਈ 3.6 ਮੀਟਰ ਹੈ। ਇੱਕ ਹੋਰ ਹੈਰਾਨੀਜਨਕ ਤੱਥ ਇਹ ਹੈ ਕਿ ਇਹ ਕਦੇ ਵੀ ਅਨਾਜ ਭੰਡਾਰਨ ਲਈ ਨਹੀਂ ਵਰਤਿਆ ਗਿਆ। ਇਸ ਵਿੱਚ ਬੁਨਿਆਦੀ ਨੁਕਸ ਸਨ। ਇਸ ਕਾਰਨ ਇਸ ਭੰਡਾਰਨ ਇਮਾਰਤ ਨੂੰ ‘ਗਾਰਸਟਿਨ ਦੀ ਮੂਰਖਤਾ’ ਵੀ ਕਿਹਾ ਜਾਂਦਾ ਹੈ। ਪੌੜੀਆਂ ਬੰਦ ਹੋਣ ਕਾਰਨ ਹੁਣ ਦੇਖਣ ਵਾਲੇ ਟਾਵਰ ਦਾ ਕੰਮ ਵੀ ਨਹੀਂ ਕਰਦਾ। ਹਾਂ, ਇਸ ਦੀ ਇਮਾਰਤੀ ਦਿੱਖ ਵਿੱਚ ਸੁਹਜ ਭਰਦੇ ਕੁਝ ਚਿੱਤਰ ਮਾਣੇ ਜਾ ਸਕਦੇ ਹਨ। ਇਸ ਜਗ੍ਹਾ ਨੂੰ ਦੇਖਣ ਲਈ ਥੋੜ੍ਹਾ ਹੀ ਸਮਾਂ ਲੱਗਿਆ ਕਿਉਂਕਿ ਪੌੜੀਆਂ ਬੰਦ ਸਨ। ਬਸ ਇਸ ਦੀ ਪਰਿਕਰਮਾ ਕਰ ਕੇ ਮੁੜ ਆਏ ਅਤੇ ਇਸ ਦੀਆਂ ਫੋਟੋਆਂ ਖਿੱਚੀਆਂ।

ਟੂਰ ਦੀ ਆਖ਼ਰੀ ਸ਼ਾਨ ਬਾਪੂ ਟਾਵਰ ਸੀ। ਛੇ ਮੰਜ਼ਿਲਾ ਬਾਪੂ ਟਾਵਰ ਕੁਲਫ਼ੀ ਕੋਨ ਦੀ ਸ਼ਕਲ ਵਿੱਚ ਹੈ, ਜਿਸ ਦੀ ਉਚਾਈ 120 ਫੁੱਟ ਹੈ ਅਤੇ ਇਹ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਦੀ ਬਾਹਰੀ ਸਤ੍ਵਾ ਤਾਂਬੇ ਦੀ ਬਣੀ ਹੋਈ ਹੈ, ਜਿਸ ਉੱਤੇ 40 ਹਜ਼ਾਰ ਕਿਲੋਗਰਾਮ (ਚਾਲੀ ਟਨ) ਤਾਂਬਾ ਲੱਗਿਆ ਹੋਇਆ ਹੈ। ਇਸ ਦੀ ਉਸਾਰੀ ਦੀ ਕੀਮਤ 129 ਕਰੋੜ ਰੁਪਏ ਹੈ। ਇਸ ਵਿੱਚ ਆਇਤਾਕਾਰ ਕਮਰੇ ਅਤੇ ਚੱਕਰਦਾਰ ਇਮਾਰਤ ਵਿੱਚ ਬਾਪੂ ਦੇ ਜੀਵਨ, ਆਜ਼ਾਦੀ ਦੇ ਸੰਘਰਸ਼ ਅਤੇ ਬਿਹਾਰ ਨਾਲ ਸਬੰਧਿਤ ਘਟਨਾਵਾਂ ਨੂੰ ਡਿਜੀਟਲ ਅਸਲੀ ਝਾਕੀਆਂ ਵਾਂਗ ਦਿਖਾਇਆ ਗਿਆ ਹੈ। ਕਸਤੂਰਬਾ ਨਾਲ ਵਿਆਹ ਦੀ ਝਾਕੀ ਤਾਂ ਇਉਂ ਲੱਗਦੀ ਹੈ ਜਿਵੇਂ ਸੱਚਮੁੱਚ ਦਾ ਵਿਆਹ ਹੋ ਰਿਹਾ ਹੋਵੇ। ਸੈਲਾਨੀਆਂ ਲਈ ਵਧੀਆ ਕੈਫ਼ੇਟੇਰੀਆ ਅਤੇ ਸੋਵੀਨਰ ਦੁਕਾਨ ਵੀ ਹੈ। ਜਦੋਂ ਟਿਕਟ ਖਿੜਕੀ ਉੱਤੇ ਖੜ੍ਹੇ ਤਾਂ ਟਿਕਟ ਕੱਟਣ ਵਾਲਾ ਟਿਕਟ ਕੱਟਣ ਦੀ ਔਖ ਜਿਹੀ ਮਹਿਸੂਸ ਕਰਦਾ ਲੱਗਦਾ ਸੀ। ਜਦ ਉਸ ਨੇ ਦੇਖਿਆ ਕਿ ਸਾਰੇ ਸੀਨੀਅਰ ਸਿਟੀਜ਼ਨ ਹਨ ਤਾਂ ਉਸ ਨੂੰ ਬੜੀ ਰਾਹਤ ਮਿਲੀ ਤੇ ਇਹ ਪੁੱਛ ਕੇ, ‘‘ਆਪ ਸਾਰੇ ਸੱਤਰ ਸਾਲ ਸੇ ਊਪਰ ਹੋ?’’ ਮੈਂ ਕਿਹਾ, ‘‘ਜੀ ਹਾਂ।’’ ਕਹਿੰਦਾ, ‘‘ਬਾਪੂ ਆਪ ਕੇ ਲੀਏ ਮੁਫ਼ਤ ਹੈ।’’ ਇਹ ਟੂਰ ਆਸ ਤੋਂ ਵੱਧ ਸਫ਼ਲ ਰਿਹਾ।

Advertisement
×