DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਗਤ ਸਿੰਘ ਦੀ ਹੱਥ-ਲਿਖਤ: ਮੋਹ ਦੀ ਇਬਾਰਤ

ਸ਼ਹੀਦ ਭਗਤ ਸਿੰਘ ਦੀਆਂ ਇਨਕਲਾਬੀ ਸਰਗਰਮੀਆਂ ਤੋਂ ਸਾਰੇ ਵਾਕਫ਼ ਹਨ, ਪਰ ਉਸ ਦੇ ਸੰਵੇਦਨਸ਼ੀਲ ਸੁਭਾਅ ਬਾਰੇ ਬਹੁਤੇ ਲੋਕ ਨਹੀਂ ਜਾਣਦੇ। ਹਥਲੇ ਲੇਖ ਵਿੱਚ ਭਗਤ ਸਿੰਘ ਦਾ ਆਪਣੇ ਮਿੱਤਰ ਅਮਰ ਚੰਦ ਦੇ ਮਾਤਾ ਜੀ ਦਾ ਹਾਲ-ਹਵਾਲ ਜਾਣਨ ਲਈ ਜਾਣਾ ਉਸ ਦੇ ਮੋਹਖੋਰੇ ਸੁਭਾਅ ਨੂੰ...

  • fb
  • twitter
  • whatsapp
  • whatsapp
featured-img featured-img
(ਉੱਪਰ ਖੱਬਿਓਂ ਸੱਜੇ) ਭਗਤ ਸਿੰਘ ਦੀ ਬਾਲਪਣ ਵੇਲੇ ਦੀ ਤਸਵੀਰ ਅਤੇ 1923 ਵਿੱਚ ਲਾਹੌਰ ਦੇ ਨੈਸ਼ਨਲ ਕਾਲਜ ਦੇ ਡਰਾਮਾ ਕਲੱਬ ਦੀ ਗਰੁੱਪ ਫੋਟੋ ਵਿੱਚ ਭਗਤ ਸਿੰਘ ਆਪਣੇ ਸਾਥੀਆਂ ਨਾਲ। (ਹੇਠਾਂ ਖੱਬਿਓਂ ਸੱਜੇ) ਸੀ ਆਈ ਡੀ ਦੇ ਅਧਿਕਾਰੀ ਗੋਪਾਲ ਸਿੰਘ ਪੰਨੂ ਨਾਲ ਭਗਤ ਸਿੰਘ ਦੀ ਚੋਰੀਓਂ ਖਿੱਚੀ ਗਈ ਤਸਵੀਰ, ਜਦੋਂ ਉਹ ਦਸਹਿਰਾ ਬੰਬ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਸੈਂਬਲੀ ’ਚ ਬੰਬ ਸੁੱਟਣ ਤੋਂ ਪਹਿਲਾਂ ਭਗਤ ਸਿੰਘ ਦੀ 3 ਅਪਰੈਲ 1929 ਨੂੰ ਖਿੱਚੀ ਗਈ ਤਸਵੀਰ। -ਫੋਟੋਆਂ: ਚਮਨ ਲਾਲ
Advertisement

ਸ਼ਹੀਦ ਭਗਤ ਸਿੰਘ ਦੀਆਂ ਇਨਕਲਾਬੀ ਸਰਗਰਮੀਆਂ ਤੋਂ ਸਾਰੇ ਵਾਕਫ਼ ਹਨ, ਪਰ ਉਸ ਦੇ ਸੰਵੇਦਨਸ਼ੀਲ ਸੁਭਾਅ ਬਾਰੇ ਬਹੁਤੇ ਲੋਕ ਨਹੀਂ ਜਾਣਦੇ। ਹਥਲੇ ਲੇਖ ਵਿੱਚ ਭਗਤ ਸਿੰਘ ਦਾ ਆਪਣੇ ਮਿੱਤਰ ਅਮਰ ਚੰਦ ਦੇ ਮਾਤਾ ਜੀ ਦਾ ਹਾਲ-ਹਵਾਲ ਜਾਣਨ ਲਈ ਜਾਣਾ ਉਸ ਦੇ ਮੋਹਖੋਰੇ ਸੁਭਾਅ ਨੂੰ ਦਰਸਾਉਂਦਾ ਹੈ। ਅਮਰ ਚੰਦ ਨੂੰ ਉਰਦੂ ਵਿੱਚ ਲਿਖੇ ਗਏ ਇੱਕ ਖ਼ਤ ਦੇ ਜ਼ਿਕਰ ਵਿੱਚੋਂ ਉਸ ਦੀ ਸ਼ਖ਼ਸੀਅਤ ਦੇ ਇਸ ਪੱਖ ਦੀ ਝਲਕ ਮਿਲਦੀ ਹੈ।

ਭਗਤ ਸਿੰਘ ਜਨਵਰੀ 1928 ’ਚ ਆਪਣੀ ਬਿਮਾਰ ਦਾਦੀ ਦਾ ਹਾਲ ਹਵਾਲ ਪਤਾ ਕਰਨ ਆਪਣੇ ਪਿੰਡ ਬੰਗਾ (ਲਾਇਲਪੁਰ) ਗਏ ਤਾਂ ਉਨ੍ਹਾਂ ਅਮਰੀਕਾ ਗਏ ਹੋਏ ਆਪਣੇ ਬਚਪਨ ਦੇ ਦੋਸਤ ਅਮਰ ਚੰਦ ਦੇ ਮਾਤਾ ਜੀ ਦਾ ਪਤਾ ਲੈਣਾ ਵੀ ਆਪਣਾ ਫ਼ਰਜ਼ ਸਮਝਿਆ ਸੀ। ਅਮਰ ਚੰਦ ਦੇ ਮਾਤਾ ਅਰੂੜੀ ਦੇਵੀ ਪਿੰਡ ਵਿੱਚ ਇਕੱਲੇ ਰਹਿ ਰਹੇ ਸਨ। ਅਮਰ ਚੰਦ ਦੇ ਪਿਤਾ ਸ੍ਰੀ ਮਾਧੋ ਰਾਮ ਅਮਰੀਕਾ ਵਿਖੇ ਗ਼ਦਰ ਪਾਰਟੀ ਦੇ ਸਰਗਰਮ ਮੈਂਬਰ ਰਹਿ ਚੁੱਕੇ ਸਨ। ਉਹ ਅਮਰ ਚੰਦ ਨੂੰ ਉੱਚ ਸਿੱਖਿਆ ਦਿਵਾਉਣ ਦੇ ਮਕਸਦ ਨਾਲ ਕਈ ਸਾਲ ਪਹਿਲਾਂ ਅਮਰੀਕਾ ਲੈ ਗਏ ਸਨ।

Advertisement

ਮੋਹ ਭਰੀ ਉਸ ਮੁਲਾਕਾਤ ਮੌਕੇ ਮਾਤਾ ਅਰੂੜੀ ਦੇਵੀ ਨੇ ਭਗਤ ਸਿੰਘ ਨੂੰ ਅਮਰ ਚੰਦ ਵੱਲ ਚਿੱਠੀ ਲਿਖ ਕੇ ਪਾਉਣ ਲਈ ਕਿਹਾ ਤਾਂ ਉਨ੍ਹਾਂ ਝੱਟ ਇਹ ਜ਼ਿੰਮੇਵਾਰੀ ਕਬੂਲਦਿਆਂ ਚਿੱਠੀ ਲਿਖੀ। ਇਸ ਦੇ ਅਖੀਰ ਵਿੱਚ ਮਾਤਾ ਨੇ ਲਿਖਾਇਆ ਸੀ: ‘ਮੈਨੂੰ ਸਮੇਂ ਸਮੇਂ ਆਪਣੇ ਹਾਲ-ਚਾਲ ਬਾਰੇ ਲਿਖਦੇ ਰਹਿਣਾ, ਨਹੀਂ ਤਾਂ ਫ਼ਿਕਰ ਹੋ ਜਾਂਦਾ ਹੈ।’

Advertisement

ਅਮਰ ਚੰਦ ਦੀ ਮਾਤਾ ਵੱਲੋਂ ਇਹ ਚਿੱਠੀ ਲਿਖਣ ਸਮੇਂ ਭਗਤ ਸਿੰਘ ਨੂੰ ਇਸ ਵਿੱਚ ਆਪਣੀ ਗੱਲ ਕਰਨ ਦਾ ਵੀ ਵੱਡਾ ਮੌਕਾ ਮਿਲਿਆ ਸੀ। ਉਨ੍ਹਾਂ ਨੂੰ ਇੱਕ ਪਾਸੇ ਉਸ ਦੁੱਖ ਦਾ ਅਹਿਸਾਸ ਸੀ, ਜੋ ਸੱਤ ਸਮੁੰਦਰ ਦੂਰ ਗਏ ਅਮਰ ਚੰਦ ਦੀ ਮਾਂ ਆਪਣੇ ਇਕੱਲੇਪਣ ਕਰਕੇ ਮਹਿਸੂਸ ਕਰਦੀ ਆ ਰਹੀ ਸੀ ਅਤੇ ਦੂਜੇ ਪਾਸੇ ਉਨ੍ਹਾਂ ਦੇ ਮਨ ਵਿੱਚ ਦੋਸਤੀ ਦੇ ਉਹ ਖ਼ੂਬਸੂਰਤ ਪਲ ਸਨ, ਜਿਨ੍ਹਾਂ ਵਿੱਚ ਅਮਰ ਚੰਦ ਤੇ ਕਰਮ ਸਿੰਘ ਉਨ੍ਹਾਂ ਦੇ ਸਾਥੀ ਸਨ ਅਤੇ ਉਹ ਪਲ ਉਨ੍ਹਾਂ ਦੇ ਬਚਪਨ ਦੀਆਂ ਖੱਟੀਆਂ-ਮਿੱਠੀਆਂ ਅਭੁੱਲ ਯਾਦਾਂ ਵਿੱਚ ਸ਼ੁਮਾਰ ਹੋ ਚੁੱਕੇ ਸਨ।

ਭਗਤ ਸਿੰਘ ਨੇ ਉਰਦੂ ਵਿੱਚ ਲਿਖੇ ਇਸ ਖ਼ਤ ਵਿੱਚ ਉਨ੍ਹਾਂ ਪਲਾਂ ਨੂੰ ਯਾਦ ਕੀਤਾ ਜਦੋਂ ਉਹ ਤੇ ਉਨ੍ਹਾਂ ਦੇ ਦੋਸਤ ਵਿਦੇਸ਼ਾਂ ਵਿੱਚ ਜਾ ਕੇ ਉਚੇਰੀ ਪੜ੍ਹਾਈ ਕਰਨ ਦੇ ਸੁਪਨੇ ਸਿਰਜਦੇ ਹੁੰਦੇ ਸਨ। ਭਗਤ ਸਿੰਘ ਨੂੰ ਇਸ ਗੱਲ ਦਾ ਅਫ਼ਸੋਸ ਵੀ ਸੀ ਕਿ ਹਾਲਾਤ ਕਾਰਨ ਉਨ੍ਹਾਂ ਦੀ ਵਿਦੇਸ਼ ਵਿੱਚ ਜਾ ਕੇ ਪੜ੍ਹਨ ਦੀ ਖ਼ਾਹਿਸ਼ ਪੂਰੀ ਨਹੀਂ ਸੀ ਹੋ ਸਕੀ। ਉਹ ਚਿੱਠੀ ਲਿਖਦੇ ਹੋਏ ਨਾਲ-ਨਾਲ ਆਪਣੇ ਦੋਸਤਾਂ ਦੀਆਂ ਪ੍ਰਾਪਤੀਆਂ ਉੱਤੇ ਮਾਣ ਵੀ ਕਰ ਰਹੇ ਸਨ ਅਤੇ ਦੋਸਤੀਆਂ ਦੇ ਨਿੱਘ ਨਾਲ ਸਰਸ਼ਾਰ ਵੀ ਹੋ ਰਹੇ ਸਨ। ਭਗਤ ਸਿੰਘ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਨ੍ਹਾਂ ਦੇ ਦੋਸਤ ਆਪਣੇ ਸੁਪਨੇ ਪੂਰੇ ਕਰਨ ਲਈ ਵਿਦੇਸ਼ ਪਹੁੰਚ ਚੁੱਕੇ ਸਨ। ਹੋਰ ਗੱਲਾਂ ਤੋਂ ਇਲਾਵਾ ਉਨ੍ਹਾਂ ਚਿੱਠੀ ਵਿੱਚ ਲਿਖਿਆ ਸੀ:

‘... ਮੈਂ ਮਾਂ ਦੇ ਅਚਾਨਕ ਬਿਮਾਰ ਹੋ ਜਾਣ ਕਰਕੇ ਇਸ ਵਾਰ ਏਧਰ (ਪਿੰਡ ਵੱਲ) ਆਇਆ ਸਾਂ ਅਤੇ ਆਪ ਦੀ ਮਾਤਾ ਜੀ ਦੇ ਦਰਸ਼ਨ ਹੋਏ ਸਨ। ਮੈਂ ਤੁਹਾਡੀ ਚਿੱਠੀ ਪੜ੍ਹੀ ਹੈ। ਇਨ੍ਹਾਂ (ਮਾਤਾ ਜੀ) ਵੱਲੋਂ ਜਵਾਬ ਲਿਖਦਿਆਂ ਮੈਨੂੰ ਵੀ ਦੋ ਚਾਰ ਗੱਲਾਂ ਲਿਖਣ ਦਾ ਮੌਕਾ ਮਿਲਿਆ ਹੈ। ਮੈਂ ਕੀ ਲਿਖਾਂ? ਕਰਮ ਸਿੰਘ ਇੰਗਲੈਂਡ ਚਲਾ ਗਿਆ ਹੈ, ਉਸ ਦਾ ਪਤਾ ਭੇਜ ਰਿਹਾ ਹਾਂ। ਉਸ ਨੇ ਲਿਖਿਆ ਹੈ ਕਿ ਹਾਲੇ ਉਹ ਕਾਨੂੰਨ ਦੀ ਪੜ੍ਹਾਈ ਕਰੇਗਾ, ਪਰ ਉਹ ਕਿਵੇਂ ਚੱਲ ਰਿਹਾ ਹੈ, ਖ਼ੁਦਾ ਹੀ ਜਾਣਦਾ ਹੈ, ਪੜ੍ਹਾਈ ਉੱਤੇ ਬੜਾ ਖ਼ਰਚ ਹੋ ਰਿਹਾ ਹੈ।’

ਭਗਤ ਸਿੰਘ ਆਪਣੇ ਦੋਸਤਾਂ ਵੱਲੋਂ ਵਿਦੇਸ਼ ਜਾ ਕੇ ਉੱਚ ਸਿੱਖਿਆ ਪ੍ਰਾਪਤ ਕਰਨ ਉੱਤੇ ਖ਼ੁਸ਼ ਸਨ, ਪਰ ਨਾਲ ਹੀ ਉਹ ਆਪਣੇ ਦੋਸਤਾਂ ਦੀ ਆਰਥਿਕ ਹਾਲਤ ਅਤੇ ਵਿਦੇਸ਼ਾਂ ਵਿੱਚ ਪੜ੍ਹਾਈ ਦੇ ਵੱਡੇ ਖਰਚਿਆਂ ਤੋਂ ਭਲੀਭਾਂਤ ਜਾਣੂ ਹੋਣ ਕਰਕੇ ਸਾਧਨਾਂ ਤੋਂ ਮੁਥਾਜ ਆਪਣੇ ਦੋਸਤ ਕਰਮ ਸਿੰਘ ਦੀ ਅਗਲੇਰੀ ਪੜ੍ਹਾਈ ਦੀ ਚਿੰਤਾ ਵੀ ਕਰਦੇ ਸਨ। ਫਿਰ ਵੀ ਉਨ੍ਹਾਂ ਦੀ ਸੋਚ ਹਾਂ-ਪੱਖੀ ਸੀ ਤੇ ਉਨ੍ਹਾਂ ਨੂੰ ਯਕੀਨ ਸੀ ਕਿ ਕਰਮ ਸਿੰਘ ਦਾ ਕੋਈ ਹੀਲਾ ਵਸੀਲਾ ਜ਼ਰੂਰ ਬਣ ਜਾਵੇਗਾ। ਇਸ ਵਿੱਚੋਂ ਭਗਤ ਸਿੰਘ ਅੰਦਰ ਦੂਜਿਆਂ ਬਾਰੇ ਚਿੰਤਾ ਕਰਨ ਅਤੇ ਭਵਿੱਖ ਬਾਰੇ ਆਸਵੰਦ ਰਹਿਣ ਜਿਹੇ ਗੁਣ ਵੀ ਝਲਕਦੇ ਹਨ, ਜੋ ਹੌਲੀ-ਹੌਲੀ ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਰਚ-ਮਿਚ ਰਹੇ ਸਨ। ਇਨ੍ਹਾਂ ਗੁਣਾਂ ਸਦਕਾ ਹੀ ਉਹ ਆਪਣੇ ਜੀਵਨ ਦੇ ਬਹੁਤ ਸਾਰੇ ਅਹਿਮ ਫ਼ੈਸਲੇ ਲੈਣ ਵਿੱਚ ਸਫ਼ਲ ਹੋਏ ਸਨ। ਭਗਤ ਸਿੰਘ ਹੋਰੀਂ ਅੱਗੇ ਲਿਖਦੇ ਹਨ:

‘ਭਾਈ ਸਾਹਿਬ, ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨ ਦੀ ਮੇਰੀ ਖ਼ਾਹਿਸ਼ ਬਰਬਾਦ ਹੋ ਗਈ ਹੈ। ਖ਼ੈਰ, ਤੁਹਾਡੇ ਲਈ ਮੇਰੀਆਂ ਸ਼ੁਭ ਇੱਛਾਵਾਂ ਹਾਜ਼ਰ ਹਨ। ਜੇ ਤੁਹਾਨੂੰ ਮੌਕਾ ਮਿਲਿਆ ਤਾਂ ਮੈਨੂੰ ਕੁਝ ਚੰਗੀਆਂ ਕਿਤਾਬਾਂ ਭੇਜਣ ਦੀ ਤਕਲੀਫ਼ ਉਠਾਉਣਾ। ਇਹ ਸੱਚ ਹੈ ਕਿ ਅਮਰੀਕਾ ਵਿੱਚ ਬਹੁਤ ਸਾਰਾ ਸਾਹਿਤ ਹੈ। ਬੇਸ਼ੱਕ ਇਸ ਸਮੇਂ ਤੁਸੀਂ ਆਪਣੀ ਪੜ੍ਹਾਈ ਵਿੱਚ ਮਗ਼ਨ ਹੋਵੋਗੇ।’

ਇਹ ਵੀ ਜ਼ਿਕਰਯੋਗ ਹੈ ਕਿ ਭਗਤ ਸਿੰਘ ਵਿਦੇਸ਼ ਵਿੱਚ ਜਾ ਕੇ ਉੱਚ ਸਿੱਖਿਆ ਲੈਣ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਖ਼ਾਹਿਸ਼ ਪੂਰੀ ਕਰਨ ਉੱਤੇ ਤੁਲ ਜਾਂਦੇ ਤਾਂ ਉਹ ਸਹਿਜੇ ਹੀ ਇਸ ਮੁਕਾਮ ਨੂੰ ਹਾਸਿਲ ਕਰ ਸਕਦੇ ਸਨ ਕਿਉਂਕਿ ਨਾ ਤਾਂ ਉਨ੍ਹਾਂ ਨੂੰ ਆਰਥਿਕ ਪੱਖੋਂ ਕੋਈ ਤੰਗੀ ਸੀ ਅਤੇ ਨਾ ਹੀ ਕੋਈ ਹੋਰ ਰੁਕਾਵਟ, ਇਸ ਦੇ ਨਾਲ ਹੀ ਉਹ ਪੜ੍ਹਾਈ ਪੱਖੋਂ ਵੀ ਚੰਗੇ ਸਨ। ਦਰਅਸਲ, ਉਨ੍ਹਾਂ ਨੇ ਕਰੋੜਾਂ ਦੇਸ਼ ਵਾਸੀਆਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਆਪਣੀ ਇਹ ਖ਼ਾਹਿਸ਼ ਤਿਆਗ ਦਿੱਤੀ। ਉਨ੍ਹਾਂ ਆਪਣੇ ਸੁਖ ਆਰਾਮ ਦੀ ਥਾਂ ਦੇਸ਼ ਵਾਸੀਆਂ ਦੇ ਸੁਖ ਆਰਾਮ ਦਾ ਖ਼ਿਆਲ ਕਰਦਿਆਂ ਆਪਣੇ ਜੀਵਨ ਵਿੱਚ ਕੁਰਬਾਨੀ ਦੇ ਜਜ਼ਬੇ ਨੂੰ ਪ੍ਰਪੱਕ ਕਰਨ ਨੂੰ ਤਰਜੀਹ ਦਿੱਤੀ, ਜੋ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲਿਆ ਸੀ। ਦੂਜੇ ਪਾਸੇ, ਭਗਤ ਸਿੰਘ ਸਾਹਮਣੇ ਸਿੱਖ ਇਤਿਹਾਸ ਅਤੇ ਗੁਰਬਾਣੀ ਦੀ ਵਿਰਾਸਤ ਸੀ, ਜਿਸ ਵਿੱਚ ਜ਼ੁਲਮ ਸਹਿਣ ਨੂੰ ਕਾਇਰਤਾ ਮੰਨਿਆ ਗਿਆ ਹੈ। ਉਹ ਦੇਸ਼ ਦੀ ਆਜ਼ਾਦੀ ਲਈ ਉੱਠੀਆਂ ਲਹਿਰਾਂ ਬਾਰੇ ਵੀ ਜਾਣ ਚੁੱਕੇ ਸਨ। ਇਸ ਸਾਰੀ ਵਿਰਾਸਤ ਨੇ ਉਨ੍ਹਾਂ ਨੂੰ ਬਲ ਦਿੱਤਾ ਸੀ। ਇਹ ਉਨ੍ਹਾਂ ਦੇ ਚਟਾਨੀ ਜਜ਼ਬੇ ਅਤੇ ਦੂਰ-ਅੰਦੇਸ਼ੀ ਦੀ ਉੱਤਮ ਮਿਸਾਲ ਹੈ ਕਿ ਉਨ੍ਹਾਂ ਜ਼ਿੰਦਗੀ ਦੇ ਇਸ ਮੋੜ ਉੱਤੇ ਉਸ ਵਿਸ਼ਾਲ ਸਾਮਰਾਜ ਨਾਲ ਟਕਰਾਉਣ ਵਾਲਾ ਰਸਤਾ ਚੁਣਿਆ, ਜਿਸ ਵਿੱਚ ਕਦੇ ਸੂਰਜ ਨਹੀਂ ਸੀ ਡੁੱਬਦਾ ਅਤੇ ਜਿਸ ਦਾ ਦਬਦਬਾ ਸਾਰੀ ਦੁਨੀਆ ਉੱਤੇ ਸੀ।

ਇਸ ਉਮਰ ਤੱਕ ਪਹੁੰਚਦਿਆਂ ਭਗਤ ਸਿੰਘ ਸਾਹਿਤ ਦੇ ਸਮਾਜਿਕ ਤੇ ਸੱਭਿਆਚਾਰਕ ਯੋਗਦਾਨ ਤੋਂ ਵੀ ਚੰਗੀ ਤਰ੍ਹਾਂ ਵਾਕਫ਼ ਹੋ ਚੁੱਕੇ ਸਨ। ਇਸੇ ਕਰਕੇ ਉਕਤ ਚਿੱਠੀ ਵਿੱਚ ਉਨ੍ਹਾਂ ਆਪਣੇ ਵਿਦੇਸ਼ ਵੱਸਦੇ ਮਿੱਤਰ ਤੋਂ ਕਿਸੇ ਵੀ ਹੋਰ ਚੀਜ਼ ਦੀ ਮੰਗ ਕਰਨ ਦੀ ਥਾਂ ਸਿਰਫ਼ ਕਿਤਾਬਾਂ ਦੀ ਮੰਗ ਕੀਤੀ ਸੀ। ਭਾਸ਼ਾ ਅਤੇ ਸਾਹਿਤ ਛੋਟੀ ਉਮਰ ਤੋਂ ਹੀ ਉਨ੍ਹਾਂ ਦੀ ਦਿਲਚਸਪੀ ਦੇ ਵਿਸ਼ੇ ਬਣ ਗਏ ਸਨ। ਉਨ੍ਹਾਂ ਇਸ ਚਿੱਠੀ ਤੋਂ ਢਾਈ-ਤਿੰਨ ਸਾਲ ਪਹਿਲਾਂ ਆਪਣੇ ਇੱਕ ਲੇਖ ‘ਪੰਜਾਬ ਦੀ ਭਾਸ਼ਾ ਅਤੇ ਲਿੱਪੀ ਦੀ ਸਮੱਸਿਆ’ ਵਿੱਚ ਭਾਸ਼ਾ ਅਤੇ ਸਾਹਿਤ ਦੇ ਸਮਾਜਿਕ ਯੋਗਦਾਨ ਬਾਰੇ ਦੱਸਦਿਆਂ ਲਿਖਿਆ ਸੀ: ‘ਹਰ ਰਾਸ਼ਟਰ ਨੂੰ ਆਪਣਾ ਪੱਧਰ ਉੱਚਾ ਚੁੱਕਣ ਲਈ ਉੱਚ ਪਾਏ ਦੇ ਸਾਹਿਤ ਦੀ ਲੋੜ ਹੁੰਦੀ ਹੈ। ਜਿਵੇਂ ਜਿਵੇਂ ਦੇਸ਼ ਦਾ ਸਾਹਿਤ ਉਚਾਣਾਂ ਛੂੰਹਦਾ ਹੈ ਉਵੇਂ ਉਵੇਂ ਉਸ ਦੇਸ਼ ਵਿੱਚ ਵਿਕਾਸ ਦੀ ਗੱਡੀ ਅੱਗੇ ਤੁਰਦੀ ਹੈ।’ ਉਨ੍ਹਾਂ ਲੇਖ ਵਿੱਚ ਇਹ ਵੀ ਲਿਖਿਆ ਸੀ ਕਿ ‘ਕਬੀਰ ਦੇ ਵਿਚਾਰ, ਉਸ ਦੁਆਰਾ ਸਾਹਿਤ ਵਿੱਚ ਪੇਸ਼ ਕਰਨ ਕਰਕੇ ਹੀ ਸਥਾਈ ਪ੍ਰਭਾਵ ਪਾ ਸਕੇ। ਉਨ੍ਹਾਂ ਦੀਆਂ ਕਾਵਿਕ ਰਚਨਾਵਾਂ ਦੀ ਮਿਠਾਸ ਅਤੇ ਸੰਵੇਦਨਸ਼ੀਲਤਾ ਅੱਜ ਵੀ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ ਅਤੇ ਇਹੋ ਗੱਲ ਗੁਰੂ ਨਾਨਕ ਦੇਵ ਜੀ ਬਾਰੇ ਵੀ ਓਨੀ ਹੀ ਸੱਚੀ ਹੈ।’

ਆਪਣੇ ਦੋਸਤ ਨੂੰ ਲਿਖੀ ਇਸ ਚਿੱਠੀ ਵਿੱਚ ਭਗਤ ਸਿੰਘ ਨੇ ਆਪਣੇ ਨਿੱਜੀ ਹਾਲਾਤ ਦੇ ਨਾਲ ਉਨ੍ਹਾਂ ਦੁਸ਼ਵਾਰੀਆਂ ਨੂੰ ਵੀ ਬਿਆਨ ਕੀਤਾ ਸੀ, ਜੋ ਉਨ੍ਹਾਂ ਵੱਲੋਂ ਆਪਣੇ ਲਈ ਬਿਖੜਾ ਤੇ ਨਿਰਾਲਾ ਰਾਹ ਚੁਣਨ ਕਰਕੇ ਪੇਸ਼ ਆਈਆਂ ਸਨ। ਮੁਕੱਦਮਿਆਂ ਨੇ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨ ਕੀਤਾ ਸੀ, ਪਰ ਨਾਲ ਹੀ ਉਨ੍ਹਾਂ ਨੂੰ ਇਸ ਯੋਗ ਬਣਾਇਆ ਕਿ ਉਹ ਭਵਿੱਖ ਵਿੱਚ ਅਜਿਹੇ ਕਸ਼ਟਾਂ ਦਾ ਹੌਸਲੇ ਨਾਲ ਮੁਕਾਬਲਾ ਕਰ ਸਕਣ। ਭਗਤ ਸਿੰਘ ਨੇ ਚਿੱਠੀ ਵਿੱਚ ਅੱਗੇ ਲਿਖਿਆ ਸੀ:

‘ਹੋਰ ਕੀ ਲਿਖਾਂ? ਕੁਝ ਵੀ ਲਿਖਣ ਲਈ ਨਹੀਂ। ਮੇਰਾ ਹਾਲ ਵੀ ਅਜੀਬ ਹੈ, ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ। ਅੰਤ ਨੂੰ ਮੁਕੱਦਮਾ ਵਾਪਸ ਲੈ ਲਿਆ ਗਿਆ ਸੀ। ਬਾਅਦ ਵਿੱਚ ਮੈਨੂੰ ਫਿਰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਵਿੱਚ ਸੱਠ ਹਜ਼ਾਰ ਦੀ ਜ਼ਮਾਨਤ ਉੱਤੇ ਰਿਹਾਅ ਹੋਇਆ ਹਾਂ। ਅਜੇ ਤੱਕ ਮੇਰੇ ਖ਼ਿਲਾਫ਼ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਅਤੇ ਜੇ ਖ਼ੁਦਾ ਨੇ ਚਾਹਿਆ ਤਾਂ ਹੋ ਵੀ ਨਹੀਂ ਸਕੇਗਾ। ਭਾਵੇਂ ਇੱਕ ਵਰ੍ਹਾ ਬੀਤਣ ਦੇ ਨੇੜੇ ਹੈੈ, ਪਰ ਅਜੇ ਤੱਕ ਜ਼ਮਾਨਤ ਵਾਪਸ ਨਹੀਂ ਲਈ ਗਈ। ... ਸਰਕਾਰ ਵੱਲੋਂ ਖਾਹਮਖਾਹ ਮੇਰੇ ਉੱਤੇ ਸ਼ੱਕ ਕੀਤਾ ਜਾਂਦਾ ਹੈ। ਮੇਰੀਆਂ ਚਿੱਠੀਆਂ ਖੋਲ੍ਹ ਲਈਆਂ ਜਾਂਦੀਆਂ ਹਨ। ਪਤਾ ਨਹੀਂ ਕਿਉਂ ਮੈਂ ਇਸ ਕਦਰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹਾਂ। ਖ਼ੈਰ ਭਰਾ ਮੇਰੇ, ਸਚਾਈ ਅੰਤ ਨੂੰ ਬਾਹਰ ਆ ਜਾਏਗੀ ਅਤੇ ਇਸ ਦੀ ਹੀ ਜਿੱਤ ਹੋਵੇਗੀ।’

ਇੱਥੇ ਭਗਤ ਸਿੰਘ ਨੇ ਉਨ੍ਹਾਂ ਉੱਤੇ ਪਾਏ ਗਏ ਦੋ ਮੁਕੱਦਮਿਆਂ ਦਾ ਜ਼ਿਕਰ ਕੀਤਾ ਹੈ। ਪਹਿਲਾ ਮੁਕੱਦਮਾ ਸਰਕਾਰ ਨੇ ਉਨ੍ਹਾਂ ਉੱਤੇ ਫ਼ੌਜਦਾਰੀ (ਸੋਧ) ਕਾਨੂੰਨ ਦੀ ਧਾਰਾ 17 (1) ਅਧੀਨ ਉਦੋਂ ਦਰਜ ਕੀਤਾ ਸੀ ਜਦੋਂ ਉਨ੍ਹਾਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜੈਤੋ ਮੋਰਚੇ ਦੇ ਸੱਤਿਆਗ੍ਰਹੀਆਂ ਨੂੰ ਆਪਣੇ ਪਿੰਡ ਬੰਗੇ (ਚੱਕ ਨੰਬਰ 105, ਜ਼ਿਲ੍ਹਾ ਲਾਇਲਪੁਰ) ਵਿਖੇ ਸਰਕਾਰੀ ਹੁਕਮਾਂ ਦੇ ਖ਼ਿਲਾਫ਼ ਅਤੇ ਪਾਬੰਦੀਆਂ ਦੇ ਬਾਵਜੂਦ ਲੰਗਰ ਛਕਾਇਆ ਸੀ। ਉਦੋਂ ਉਹ ਸਿਰਫ਼ 17 ਵਰ੍ਹਿਆਂ ਦੇ ਸਨ। ਇਸ ਮੁਕੱਦਮੇ ਵਿੱਚ ਉਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਸਨ, ਜੋ ਲਗਭਗ ਡੇਢ ਸਾਲ ਕਿਰਿਆਸ਼ੀਲ ਰਹੇ ਸਨ, ਪਰ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਫ਼ਲ ਰਹੀ ਸੀ। ਅੰਤ ਸਰਕਾਰ ਨੂੰ ਝੁਕਣਾ ਪਿਆ ਅਤੇ ਉਸ ਨੇ ਸਾਰੇ ਸੱਤਿਆਗ੍ਰਹੀਆਂ ਉੱਤੇ ਦਾਇਰ ਕੀਤੇ ਮੁਕੱਦਮੇ ਵਾਪਸ ਲੈ ਲਏ ਸਨ। ਭਗਤ ਸਿੰਘ ਉੱਤੇ ਪਾਇਆ ਮੁਕੱਦਮਾ ਵੀ ਵਾਪਸ ਲੈ ਲਿਆ ਗਿਆ ਸੀ। ਇਹ ਵੀ ਜ਼ਿਕਰਯੋਗ ਹੈ ਕਿ ਜੈਤੋ ਮੋਰਚੇ ਦੇ ਸ਼ਹੀਦੀ ਜਥਿਆਂ ਨਾਲ ਹਮਦਰਦੀ ਕਰਨ ਪਹੁੰਚੇ ਪੰਡਿਤ ਜਵਾਹਰਲਾਲ ਨਹਿਰੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਉੱਤੇ ਅਮਨ ਕਾਨੂੰਨ ਭੰਗ ਕਰਨ ਤੇ ਸਾਜ਼ਿਸ਼ ਤਹਿਤ ਨਾਭਾ ਰਿਆਸਤ ਵਿੱਚ ਦਾਖ਼ਲ ਹੋਣ ਦੇ ਦੋਸ਼ ਲਾ ਕੇ ਦੋ ਵੱਖ-ਵੱਖ ਮੁਕੱਦਮੇ ਚਲਾਏ ਗਏ ਸਨ। ਬਾਅਦ ਵਿੱਚ ਜਵਾਹਰਲਾਲ ਨਹਿਰੂ ਨੇ ਆਪਣੀ ਸਵੈ-ਜੀਵਨੀ ਵਿੱਚ ਲਿਖਿਆ ਸੀ ਕਿ ‘ਇਨ੍ਹਾਂ ਜਥਿਆਂ ਨੂੰ (ਜੈਤੋ ਵਿਖੇ) ਅੱਗੇ ਵਧਣ ਤੋਂ ਰੋਕਿਆ ਜਾਂਦਾ ਸੀ, ਫਿਰ ਲਾਠੀਆਂ ਨਾਲ ਕੁੱਟਿਆ ਜਾਂਦਾ ਸੀ, ਫਿਰ ਹਿਰਾਸਤ ਵਿੱਚ ਲਿਆ ਜਾਂਦਾ ਸੀ ਅਤੇ ਫਿਰ ਆਮ ਤੌਰ ਉੱਤੇ ਕਿਸੇ ਦੂਰ-ਦੁਰਾਡੇ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਸੀ’। ਚਿੱਠੀ ਵਿੱਚ ਦੂਜੇ ਜਿਸ ਮੁਕੱਦਮੇ ਦਾ ਜ਼ਿਕਰ ਹੈ ਉਹ ਮੁਕੱਦਮਾ 25 ਅਕਤੂਬਰ 1926 ਨੂੰ ਲਾਹੌਰ ਵਿਖੇ ਹੋਈ ਦਸਹਿਰਾ ਬੰਬ ਵਾਰਦਾਤ ਨਾਲ ਸਬੰਧਿਤ ਸੀ। ਇਸ ਵਾਰਦਾਤ ਵਿੱਚ ਨੌਂ ਜਾਨਾਂ ਚਲੀਆਂ ਗਈਆਂ ਸਨ। ਇਸ ਮੁਕੱਦਮੇ ਵਿੱਚ ਭਗਤ ਸਿੰਘ ਨੂੰ ਨਾਜ਼ਾਇਜ਼ ਤੌਰ ਉੱਤੇ ਸ਼ਾਮਿਲ ਕਰਨ ਦੇ ਮਕਸਦ ਨਾਲ ਹਿਰਾਸਤ ਵਿੱਚ ਲਿਆ ਗਿਆ ਸੀ। ਇਹ ਮੁਕੱਦਮਾ ਇੰਡੀਅਨ ਪੀਨਲ ਕੋਡ ਦੀ ਧਾਰਾ 302 ਅਧੀਨ ਅਗਿਆਤ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਇਸ ਘਟਨਾ ਵਿੱਚ ਨਾ ਤਾਂ ਭਗਤ ਸਿੰਘ ਸ਼ਾਮਿਲ ਸਨ ਅਤੇ ਨਾ ਹੀ ਉਨ੍ਹਾਂ ਦੀ ਜਥੇਬੰਦੀ ਦਾ ਕੋਈ ਮੈਂਬਰ, ਪਰ ਸੱਤ ਮਹੀਨਿਆਂ ਦੀ ਛਾਣ-ਬੀਣ ਬਾਅਦ ਵੀ ਪੁਲੀਸ ਦੇ ਹੱਥ ਕੁਝ ਨਾ ਲੱਗਿਆ ਤਾਂ ਉਸ ਨੇ ਇੱਕੋ ਤੀਰ ਨਾਲ ਦੋ ਸ਼ਿਕਾਰ ਫੁੰਡਣੇ ਚਾਹੇ। ਪਹਿਲਾ ਕਿ ਭਗਤ ਸਿੰਘ ਨੂੰ ਇਸ ਕੇਸ ਵਿੱਚ ਸ਼ਾਮਿਲ ਕਰਕੇ ਪੁਲੀਸ ਦੀ ਨਾਕਾਮੀ ਉੱਤੇ ਪਰਦਾ ਪਾਇਆ ਜਾ ਸਕੇ ਅਤੇ ਦੂਜਾ ਕਿ ਅੰਗਰੇਜ਼ੀ ਹਕੂਮਤ ਦਾ ਜ਼ਬਰਦਸਤ ਵਿਰੋਧ ਕਰਨ ਵਾਲੀ ਜਥੇਬੰਦੀ ਨੌਜਵਾਨ ਭਾਰਤ ਸਭਾ ਨੂੰ ਬਦਨਾਮ ਕਰਕੇ ਇਸ ਦੀਆਂ ਕਾਰਵਾਈਆਂ ਉੱਤੇ ਕੰਟਰੋਲ ਕੀਤਾ ਜਾ ਸਕੇ। ਇਸੇ ਸਾਜ਼ਿਸ਼ ਤਹਿਤ ਉਨ੍ਹਾਂ ਭਗਤ ਸਿੰਘ ਨੂੰ ਇਸ ਘਟਨਾ ਦੇ ਮੁਲਜ਼ਮ ਵਜੋਂ 29 ਮਈ 1927 ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਨੌਜਵਾਨਾਂ ਅਤੇ ਆਮ ਲੋਕਾਂ ਨੇ ਪੁਲੀਸ ਦੀ ਇਸ ਕਾਰਵਾਈ ਦਾ ਡਟਵਾਂ ਵਿਰੋਧ ਕੀਤਾ ਤਾਂ ਅਦਾਲਤ ਨੇ ਵੀ ਪੁਲੀਸ ਦੀ ਜਾਂਚ ਨੂੰ ਸ਼ੱਕ ਦੇ ਘੇਰੇ ਵਿੱਚ ਲੈਂਦਿਆਂ ਭਗਤ ਸਿੰਘ ਨੂੰ 60 ਹਜ਼ਾਰ ਰੁਪਏ ਦੇ ਮੁਚੱਲਕੇ ’ਤੇ ਜ਼ਮਾਨਤ ਦੇ ਦਿੱਤੀ। ਇਸ ਮੁਕੱਦਮੇ ਵਿੱਚ ਭਗਤ ਸਿੰਘ ਦੀ ਸ਼ਮੂਲੀਅਤ ਦੇ ਕੋਈ ਸਬੂਤ ਨਾ ਹੋਣ ਕਰਕੇ ਪੁਲੀਸ ਉਨ੍ਹਾਂ ਖ਼ਿਲਾਫ਼ ਕੋਈ ਦੋਸ਼ ਆਇਦ ਨਾ ਕਰ ਸਕੀ ਅਤੇ ਉਹ ਇਸ ਮੁਕੱਦਮੇ ਵਿੱਚ ਦੋਸ਼ ਮੁਕਤ ਕਰਾਰ ਦੇ ਦਿੱਤੇ ਗਏ।

ਭਗਤ ਸਿੰਘ ਨੇ ਇਸ ਚਿੱਠੀ ਵਿੱਚ ਆਪਣੇ ਦੋਸਤ ਅਮਰ ਚੰਦ ਨੂੰ ਉਸ ਗੱਲ ਵੱਲ ਤਵੱਜੋ ਦੇਣ ਲਈ ਵੀ ਲਿਖਿਆ ਸੀ, ਜੋ ਕਈ ਵਰ੍ਹਿਆਂ ਤੋਂ ਮਨ-ਮਸਤਕ ਦਾ ਹਿੱਸਾ ਬਣ ਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਸੀ। ਉਹ ਸੀ ਉਨ੍ਹਾਂ ਦੇ ਚਾਚਾ ਅਜੀਤ ਸਿੰਘ ਦਾ ਘਰਦਿਆਂ ਨਾਲੋਂ ਸੰਪਰਕ ਟੁੱਟ ਜਾਣਾ। ਸ. ਅਜੀਤ ਸਿੰਘ ਨੂੰ ਸਰਕਾਰ ਨੇ 2 ਜੂਨ 1907 ਨੂੰ ਦੇਸ਼ ਨਿਕਾਲਾ ਦੇ ਕੇ ਮਾਂਡਲੇ (ਬਰਮਾ, ਹੁਣ ਮਿਆਂਮਾਰ) ਭੇਜ ਦਿੱਤਾ ਸੀ। ਭਾਵੇਂ ਲੋਕ ਦਬਾਅ ਹੇਠਾਂ ਨਵੇਂ ਆਬਾਦਕਾਰੀ ਕਾਨੂੰਨ ਵਾਪਸ ਲੈਣ ਉਪਰੰਤ ਸਰਕਾਰ ਉਨ੍ਹਾਂ ਨੂੰ ਸਵਾ ਪੰਜ ਮਹੀਨੇ ਪਿੱਛੋਂ ਰਿਹਾਅ ਕਰਨ ਲਈ ਮਜਬੂਰ ਹੋ ਗਈ ਸੀ, ਪਰ ਸਰਕਾਰ ਨੇ ਬਦਲਾਖੋਰੀ ਵਜੋਂ ਆਬਾਦਕਾਰੀ ਲਹਿਰ ਦੇ ਆਗੂਆਂ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਉਮਰ ਭਰ ਲਈ ਜੇਲ੍ਹਾਂ ਵਿੱਚ ਸੁੱਟਣ ਦੀ ਸਾਜ਼ਿਸ਼ ਘੜ ਲਈ ਸੀ। ਇਸੇ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਸ. ਅਜੀਤ ਸਿੰਘ ਅਤੇ ਸੂਫ਼ੀ ਅੰਬਾ ਪ੍ਰਸਾਦ ਸਮੇਤ ਇਸ ਲਹਿਰ ਦੇ ਬਹੁਤ ਸਾਰੇ ਆਗੂ ਰੂਪੋਸ਼ ਹੋ ਕੇ ਹਿੰਦੋਸਤਾਨ ਤੋਂ ਬਾਹਰ ਚਲੇ ਗਏ ਸਨ ਅਤੇ ਉੱਥੋਂ ਦੇਸ਼ ਦੀ ਆਜ਼ਾਦੀ ਲਈ ਸਰਗਰਮ ਸਨ। ਕਈ ਸਾਲਾਂ ਤੋਂ ਸ. ਅਜੀਤ ਸਿੰਘ ਦਾ ਅਤਾ-ਪਤਾ ਨਹੀਂ ਸੀ ਲੱਗ ਰਿਹਾ। ਇਸੇ ਕਰਕੇ ਭਗਤ ਸਿੰਘ ਨੇ ਆਪਣੇ ਦੋਸਤ ਸਿਰ ਚਾਚਾ ਜੀ ਨੂੰ ਲੱਭਣ ਦੀ ਜ਼ਿੰਮੇਵਾਰੀ ਪਾਉਂਦਿਆਂ ਲਿਖਿਆ ਸੀ: ‘ਸਾਂ ਫਰਾਂਸਿਸਕੋ ਵਗੈਰਾ ਵੱਲ ਸ਼ਾਇਦ ਸਰਦਾਰ ਜੀ (ਸਰਦਾਰ ਅਜੀਤ ਸਿੰਘ) ਬਾਰੇ ਕੋਈ ਜਾਣਕਾਰੀ ਹਾਸਿਲ ਹੋ ਸਕੇ, ਤੁਸੀਂ ਜ਼ਰੂਰ ਯਤਨ ਕਰਨਾ। ਘੱਟੋ-ਘੱਟ ਉਨ੍ਹਾਂ ਦੇ ਜਿਊਂਦੇ ਹੋਣ ਦੀ ਤਸਦੀਕ ਤਾਂ ਹੋ ਜਾਵੇ।’ ਇਨ੍ਹਾਂ ਸ਼ਬਦਾਂ ਦੀ ਗੰਭੀਰਤਾ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਰਾ ਪਰਿਵਾਰ ਕਿਸ ਤਰ੍ਹਾਂ ਸਰਦਾਰ ਅਜੀਤ ਸਿੰਘ ਦਾ ਥਹੁ-ਪਤਾ ਲਾਉਣ ਲਈ ਤਰਲੋ-ਮੱਛੀ ਹੋ ਰਿਹਾ ਸੀ।

ਭਗਤ ਸਿੰਘ ਵੱਲੋਂ ਆਪਣੇ ਦੋਸਤ ਅਮਰ ਚੰਦ ਨੂੰ ਪਾਈ ਉਕਤ ਚਿੱਠੀ ਦੀ ਇਬਾਰਤ ਤੋਂ ਪਤਾ ਲੱਗਦਾ ਹੈ ਕਿ ਉਹ ਆਮ ਜ਼ਿੰਦਗੀ ਵਿੱਚ ਕਿੰਨੇ ਸੰਜੀਦਾ ਸ਼ਖ਼ਸ ਸਨ, ਕਿਵੇਂ ਮੁਸ਼ਕਿਲਾਂ ਵਿੱਚ ਵੀ ਸਬਰ ਰੱਖਦੇ ਅਤੇ ਸਚਾਈ ਉੱਤੇ ਬਹਾਦਰੀ ਨਾਲ ਪਹਿਰਾ ਦਿੰਦੇ, ਕਿਵੇਂ ਦੂਜਿਆਂ ਦੇ ਦੁੱਖ ਦਰਦ ਨੂੰ ਦਿਲੋਂ ਮਹਿਸੂਸ ਕਰਦੇ, ਕਿਵੇਂ ਦੋਸਤਾਂ ਦੇ ਚੰਗੇ ਭਵਿੱਖ ਲਈ ਆਸਵੰਦ ਸਨ, ਕਿਵੇਂ ਰਿਸ਼ਤਿਆਂ ਦੀ ਭੋਇੰ ਵਿੱਚ ਮੋਹ-ਪਿਆਰ ਦੇ ਬੀਅ ਬੀਜ ਕੇ ਵਿਸ਼ਵਾਸ ਦੇ ਪਾਣੀ ਨਾਲ ਸਿੰਜਦੇ ਅਤੇ ਕਿਵੇਂ ਉਨ੍ਹਾਂ ਆਪਣੇ ਨਿੱਜੀ ਸੁਪਨਿਆਂ ਨੂੰ ਤਿਲਾਂਜਲੀ ਦੇ ਕੇ ਦੇਸ਼ ਵਾਸੀਆਂ ਲਈ ਆਜ਼ਾਦੀ ਅਤੇ ਨਿਆਂ ਪ੍ਰਾਪਤੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਤਿਆਗ ਤੇ ਕੁਰਬਾਨੀ ਦਾ ਰਾਹ ਚੁਣਿਆ ਸੀ।

ਸੰਪਰਕ: 94170-72314, 0175-2281224

‘ਮੈਨੂੰ ਸੰਸਾਰ ਇਨਕਲਾਬ ਦੇ ਵੱਖ ਵੱਖ ਆਦਰਸ਼ਾਂ ਦੇ ਅਧਿਐਨ ਵਾਸਤੇ ਕਾਫ਼ੀ ਮੌਕਾ ਮਿਲ ਗਿਆ। ਮੈਂ ਅਰਾਜਕਤਾਵਾਦੀ ਆਗੂ ਬਾਕੂਨਿਨ ਨੂੰ ਪੜਿ੍ਹਆ। ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ ਤੇ ਲੈਨਿਨ, ਟ੍ਰਾਟਸਕੀ ਤੇ ਆਪਣੇ ਦੇਸ਼ਾਂ ਵਿੱਚ ਸਫ਼ਲ ਇਨਕਲਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜਿ੍ਹਆ। ਇਹ ਸਾਰੇ ਨਾਸਤਿਕ ਸਨ। ਬਾਕੂਨਿਨ ਦੀ ਕਿਤਾਬ ‘ਗੌਡ ਐਂਡ ਸਟੇਟ’ ਭਾਵੇਂ ਅਧੂਰੀ ਜਿਹੀ ਹੈ, ਪਰ ਇਹ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਸ ਮਗਰੋਂ ਮੈਨੂੰ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ ‘ਕਾਮਨ ਸੈਂਸ’ ਹੱਥ ਲੱਗੀ। ਇਸ ਕਿਤਾਬ ਵਿੱਚ ਅਧਿਆਤਮਕ ਨਾਸਤਿਕਵਾਦ ਸੀ। ਇਸ ਵਿਸ਼ੇ ਵਿੱਚ ਮੇਰੀ ਬਹੁਤ ਜ਼ਿਆਦਾ ਦਿਲਚਸਪੀ ਪੈਦਾ ਹੋ ਗਈ। 1926 ਦੇ ਅਖੀਰ ਤੱਕ ਮੇਰਾ ਵਿਸ਼ਵਾਸ ਪੱਕਾ ਹੋ ਚੁੱਕਾ ਸੀ ਕਿ ਬ੍ਰਹਿਮੰਡ ਦੇ ਸਿਰਜਣ, ਪਾਲਣਹਾਰ ਤੇ ਸਰਬ ਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਦੋਸਤਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆ ਨਾਸਤਿਕ ਹੋ ਚੁੱਕਾ ਸੀ।’

- ਭਗਤ ਸਿੰਘ

Advertisement
×