ਪ੍ਰੀਤਮਾ ਦੋਮੇਲ
ਘਟਨਾ ਕੁਝ ਸਾਲ ਪਹਿਲਾਂ ਦੀ ਹੈ, ਹਰਿਆਣੇ ’ਚ ਨੌਕਰੀ ਕਰਦੀ ਸਾਂ। ਘਰਾਂ ’ਚ ਕੰਮ ਕਰਨ ਵਾਲੀਆਂ ਤੋਂ ਪ੍ਰਾਪਤ ਤਜਰਬਿਆਂ ਕਰਕੇ ਇਸ ਨਤੀਜੇ ’ਤੇ ਪੁੱਜੀ ਸਾਂ ਕਿ ਜਦ ਵੀ ਪੈਸੇ ਐਡਵਾਂਸ ਦਿੱਤੇ, ਉਹ ਕੰਮ ਛੱਡ ਜਾਂਦੀਆਂ। ਕਈ ਸਾਲਾਂ ਤੋਂ ਮੇਰੇ ਨਾਲ ਇਹ ਹੋ ਰਿਹਾ ਸੀ। ਜਦ ਵੀ ਕੋਈ ਨਵੀਂ ਔਰਤ ਕੰਮ ਲਈ ਆਉਂਦੀ, ਬੱਚੇ ਉਸ ਨੂੰ ਐਡਵਾਂਸ ਨਾ ਦੇਣ ਦੀ ਚਿਤਾਵਨੀ ਦੇ ਦਿੰਦੇ।
ਸਾਡੀ ਪੁਰਾਣੀ ਕੰਮ ਵਾਲੀ ਬਿਮਾਰ ਹੋਣ ਕਰਕੇ ਕੰਮ ਛੱਡ ਗਈ ਸੀ, ਤੇ ਨਵੀਂ ਔਰਤ ਕੰਮ ਲਈ ਮੇਰੇ ਸਾਹਮਣੇ ਖੜ੍ਹੀ ਸੀ। ਉਹਨੇ ਆਪਣੀਆਂ ਸ਼ਰਤਾਂ ਦੱਸੀਆਂ ਤੇ ਮੈਂ ਆਪਣੀਆਂ। ਤੁਰੰਤ ਸਹਿਮਤੀ ਬਣ ਗਈ। ਦੋਵੇਂ ਧਿਰਾਂ ਲੋੜਵੰਦ ਸਨ। ਉਹ ਹੁਣੇ ਹੁਣੇ ਕੰਮ ਦੀ ਤਲਾਸ਼ ਵਿਚ ਬੱਚੇ ਲੈ ਕੇ ਗੋਰਖਪੁਰ (ਯੂਪੀ) ਜਿ਼ਲ੍ਹੇ ਤੋਂ ਆਈ ਸੀ, ਤੇ ਮੈਂ ਸਰਵਾਈਕਲ ਤੇ ਪਿੱਠ ਦੇ ਦਰਦ ਕਰਕੇ ਝੁਕ ਕੇ ਕੰਮ ਕਰਨ ਤੋਂ ਆਹਰੀ ਸਾਂ। ਬਸ ਇਕ ਐਡਵਾਂਸ ਵਾਲੀ ਸ਼ਰਤ ਰਹਿ ਗਈ ਸੀ। ਮੈਂ ਉਸ ਨੂੰ ਸਮਝਾ ਦਿੱਤਾ, “ਮੇਰੇ ਕੋਲੋਂ ਕਦੇ ਐਡਵਾਂਸ ਨਾ ਮੰਗੀ, ਨੌਕਰੀ ਬੇਸ਼ਕ ਛੱਡ ਦੇਈਂ।” ਮੇਰੇ ਬੱਚੇ ਮੇਰੇ ਗੱਲ ਕਹਿਣ ਦੇ ਅੰਦਾਜ਼ ’ਤੇ ਮੁਸਕਰਾਏ।
ਉਸ ਔਰਤ ਨੇ ਵੀ ਅੱਗਿਓਂ ਹੱਸ ਕੇ ਕਿਹਾ, “ਲੈ ਬੀਬੀ ਜੀ, ਯੇ ਭਲਾ ਕੈਸੇ ਹੋਗਾ, ਹਮ ਗਰੀਬ ਲੋਗ ਹੈਂ, ਹਮੇਂ ਤੋ ਵਕਤ-ਬੇਵਕਤ ਜ਼ਰੂਰਤ ਪੜਤੀ ਹੀ ਰਹਿਤੀ ਹੈ। ਆਪ ਸੇ ਨਹੀਂ ਮਾਂਗੇਗੇ ਤੋ ਕਹਾਂ ਸੇ ਲੇਂਗੇ।”
“ਬਸ ਮੈਨੇ ਕਹਿ ਦੀਆ ਸੋ ਕਹਿ ਦੀਆ। ਮੰਜ਼ੂਰ ਹੋ ਤੋ ਕਾਮ ਪੇ ਲਗ ਜਾਓ, ਨਹੀਂ ਤੋ ਜਾਓ।” ਅੜੀਅਲ ਬੱਚੇ ਵਾਂਗ ਇਹ ਕਹਿ ਕੇ ਮੈਂ ਅੰਦਰ ਆ ਗਈ।
ਔਰਤ ਨੇ ਕੰਮ ਸ਼ੁਰੂ ਕਰ ਦਿੱਤਾ। ਉਸ ਦਾ ਨਾਉਂ ਬਿਮਲਾ ਸੀ। ਟਾਈਮ ’ਤੇ ਆਉਂਦੀ, ਕਦੇ ਨਾਗਾ ਨਾ ਕਰਦੀ। ਬਿਨਾਂ ਕਹੇ ਹੋਰ ਵੀ ਕਈ ਕੰਮ ਕਰ ਦਿੰਦੀ: ਬਿਸਤਰੇ ਠੀਕ ਕਰ ਦਿੰਦੀ, ਧੋਤੇ ਕੱਪੜੇ ਸੁੱਕਣੇ ਪਾ ਦਿੰਦੀ, ਡਰਾਇੰਗ ਰੂਮ ਦੇ ਫਰਨੀਚਰ ਦੀ ਝਾੜ ਪੂੰਝ ਕਰ ਦਿੰਦੀ। ਬੱਚਿਆਂ ਨੂੰ ਬਹੁਤ ਪਿਆਰ ਕਰਦੀ। ਹਰ ਵੇਲੇ ‘ਬੇਬੀ’, ‘ਬਾਵਾ’ ਕਹਿ ਕੇ ਪੁਚਕਾਰਦੀ ਰਹਿੰਦੀ। ਕਦੇ ਕੁਝ ਨਾ ਮੰਗਦੀ। ਆਪਣੀ ਮਰਜ਼ੀ ਨਾਲ ਜੋ ਦੇ ਦਿੰਦੇ, ਖੁਸ਼ੀ ਖੁਸ਼ੀ ਲੈ ਲੈਂਦੀ। ਉਸ ਨੇ ਆਪਣੀ ਤਨਖਾਹ ਤੋਂ ਬਿਨਾਂ ਕਦੇ ਐਡਵਾਂਸ ਵੀ ਨਾ ਮੰਗਿਆ। ਕਈ ਮਹੀਨੇ ਲੰਘ ਗਏ। ਅਸੀਂ ਸਾਰੇ ਉਸ ਤੋਂ ਬਹੁਤ ਖੁਸ਼ ਸਾਂ। ਸਾਨੂੰ ਉਹ ਆਪਣੇ ਘਰ ਦਾ ਜੀਅ ਲੱਗਣ ਲੱਗ ਪਈ ਸੀ। ਜੇ ਕਦੇ ਬਿਮਾਰ ਹੁੰਦੀ ਤੇ ਕੰਮ ’ਤੇ ਨਾ ਆਉਂਦੀ, ਅਸੀਂ ਸਾਰੇ ਬੇਚੈਨ ਹੋ ਜਾਂਦੇ, ਉਸ ਦੇ ਘਰ ਜਾ ਕੇ ਉਸ ਦਾ ਹਾਲ ਪੁੱਛ ਕੇ ਆਉਂਦੇ ਤੇ ਉਸ ਨੂੰ ਆਰਾਮ ਕਰਨ ਲਈ ਕਹਿੰਦੇ।
ਫਿਰ ਇਕ ਦਿਨ ਉਸ ਨੂੰ ਪੈਸਿਆਂ ਦੀ ਲੋੜ਼ ਪੈ ਗਈ। ਮਹੀਨਾ ਅਜੇ ਸ਼ੁਰੂ ਹੋਇਆ ਹੀ ਸੀ। ਉਹ ਆਪਣੀ ਵਗਾਰ ਲੈ ਚੁੱਕੀ ਸੀ। ਉਸ ਨੇ ਬੜੇ ਸੰਕੋਚ ਨਾਲ ਆਪਣੀ ਮੰਗ ਰੱਖੀ, ਸ਼ਾਇਦ ਉਸ ਨੂੰ ਮੇਰੀ ਸ਼ਰਤ ਯਾਦ ਸੀ ਪਰ ਅਸੀਂ ਤਾਂ ਉਸ ਦਾ ਵਧੀਆ ਰੰਗ ਢੰਗ ਤੇ ਵਤੀਰਾ ਦੇਖ ਕੇ ਸਭ ਕੁਝ ਭੁੱਲ ਚੁੱਕੇ ਸਾਂ। ਮੈਂ ਝੱਟਪੱਟ ਪਰਸ ’ਚੋਂ 1500 ਰੁਪਏ ਕੱਢ ਕੇ ਉਸ ਨੂੰ ਫੜਾ ਦਿੱਤੇ। ਉਹ ਖੁਸ਼ੀ ਖੁਸ਼ੀ ਚਲੀ ਗਈ। ਅਗਲੇ ਦਿਨ ਉਹ ਮਠਿਆਈ ਦਾ ਡੱਬਾ ਲੈ ਕੇ ਆਈ। ਉਸ ਨੇ ਆਪਣੀ ਧੀ ਦਾ ਰੋਕਾ (ਮੰਗਣੀ) ਕਰ ਦਿੱਤਾ ਸੀ। ਉਹ ਮੇਰੀ ਬੜੀ ਸ਼ੁਕਰਗੁਜ਼ਾਰ ਸੀ, ਵਾਰ ਵਾਰ ਧੰਨਵਾਦ ਕਰੀ ਜਾਏ। ਮੈਂ ਪਿਆਰ ਨਾਲ ਕਿਹਾ, “ਬਿਮਲਾ ਧੰਨਵਾਦ ਦੀ ਲੋੜ ਨਹੀਂ। ਤੇਰੀ ਧੀ ਸਾਡੇ ਬੱਚਿਆਂ ਵਰਗੀ ਹੈ। ਮੈਨੂੰ ਖੁਸ਼ੀ ਹੈ ਕਿ ਸਭ ਕੁਝ ਠੀਕ ਤਰ੍ਹਾਂ ਸਿਰੇ ਚੜ੍ਹ ਗਿਆ।”
ਇਕ ਹਫਤਾ ਹੀ ਲੰਘਿਆ ਸੀ ਕਿ ਬਿਮਲਾ ਨੇ ਅਚਾਨਕ ਕੰਮ ’ਤੇ ਆਉਣਾ ਬੰਦ ਕਰ ਦਿੱਤਾ। ਦੋ ਚਾਰ ਦਿਨ ਤਾਂ ਅਸੀਂ ਬਹੁਤੀ ਗੌਰ ਨਹੀਂ ਕੀਤੀ, ਬਈ ਕਿਤੇ ਰਿਸ਼ਤੇਦਾਰੀ ਵਿਚ ਚਲੀ ਗਈ ਹੋਵੇਗੀ। ਫਿਰ ਪੁੱਛ ਪੜਤਾਲ ਸ਼ੁਰੂ ਹੋਈ ਤਾਂ ਪਤਾ ਲੱਗਿਆ, ਉਹ ਸਾਰੇ ਜਣੇ ਕਿਤੇ ਚਲੇ ਗਏ ਤੇ ਕੰਮ ਉਸ ਨੇ ਛੱਡ ਦਿੱਤਾ ਹੈ। ਸਾਨੂੰ ਬੜਾ ਧੱਕਾ ਲੱਗਿਆ। ਉਹੀ ਪੁਰਾਣੀ ਐਡਵਾਂਸ ਲੈ ਕੇ ਕੰਮ ਛੱਡਣ ਵਾਲੀ ਗੱਲ ਫਿਰ ਤਾਜ਼ਾ ਹੋ ਗਈ।
ਨਵੀਂ ਕੰਮ ਵਾਲੀ ਕੋਈ ਮਿਲੀ ਨਹੀਂਂ ਸੀ ਤੇ ਅਸੀਂ ਖੁਦ ਹੀ ਸਾਰਾ ਕੰਮ ਕਰ ਰਹੇ ਸਾਂ। ਇਕ ਦਿਨ ਸਟੋਰ ਦੀ ਸਫਾਈ ਕਰਨ ਲੱਗੀ ਤਾਂ ਦੇਖਿਆ ਕਿ ਭੂਰੇ ਰੰਗ ਦੇ ਕੱਪੜੇ ਵਿਚ ਲਿਪਟਿਆ ਕੋਈ ਡੱਬਾ ਜਿਹਾ ਪਿਆ ਸੀ। ਖੋਲ੍ਹਣ ’ਤੇ ਪਤਾ ਲੱਗਿਆ, ਇਹ ਤਾਂ ਨਵਾਂ ਨਕੋਰ ਰੇਡੀਓ ਸੀ। ਨਾਲ ਟੁੱਟੀ ਫੁੱਟੀ ਅਧ-ਕਚਰੀ ਹਿੰਦੀ ਵਿਚ ਲਿਖੀ ਚਿੱਠੀ ਸੀ। ਲਿਖਿਆ ਸੀ: ਬੀਬੀ ਜੀ ਆਪ ਕੀ ਐਡਵਾਂਸ ਵਾਲੀ ਸ਼ਰਤ ਤੋ ਮੁਝੇ ਯਾਦ ਥੀ ਪਰ ਮੈਂ ਕਿਆ ਕਰਤੀ, ਮੁਝੇ ਰੁਪਏ ਕੀ ਸਖਤ ਜ਼ਰੂਰਤ ਥੀ। ਔਰ ਕਹੀਂ ਸੇ ਨਹੀਂ ਮਿਲੇ, ਬੱਸ ਮਜਬੂਰੀ ਮੇਂ ਆਪਸੇ ਹੀ ਮਾਂਗਨੇ ਪੜੇ। ਮੈਨੇ ਲੜਕੀ ਕੇ ਦਹੇਜ ਕਾ ਯੇ ਰੇਡੀਓ ਆਪਕੇ ਸਟੋਰ ਮੇਂ ਰਖ ਦੀਆ ਹੈ, ਜਬ ਪੈਸੇ ਹੋਂਗੇ ਤੋ ਲੇ ਲੂੰਗੀ। ਵੈਸੇ ਏਕ ਬਿਨਤੀ ਹੈ, ਕਾਮ ਆਪ ਚਾਹੇ ਜਿਸ ਸੇ ਭੀ ਕਰਵਾਏਂ ਪਰ ਆਪ ਐਡਵਾਂਸ ਵਾਲੀ ਸ਼ਰਤ ਮਤ ਰਖਨਾ, ਇਸਸੇ ਕਾਮ ਵਾਲੀ ਹਮੇਸ਼ਾ ਡਰਤੀ ਰਹਿਤੀ ਹੈ, ਇਸ ਲੀਏ ਸ਼ਾਇਦ ਵਹ ਕਾਮ ਭੀ ਠੀਕ ਸੇ ਨਹੀਂ ਕਰ ਪਾਤੀ…।
ਚਿੱਠੀ ਪੜ੍ਹ ਕੇ ਤੇ ਉਸ ਔਰਤ ਦਾ ਵਡੱਪਣ ਦੇਖ ਕੇ ਮੈਂ ਸੁੰਨ ਰਹਿ ਗਈ ਤੇ ਆਪਣੇ ਮਨ ਦੀ ਧਾਰਨਾ ਨੂੰ ਨਿਯਮ ਬਣਾ ਕੇ ਹਰ ਇਕ ’ਤੇ ਲਾਗੂ ਕਰਨ ਲਈ ਸ਼ਰਮਿੰਦਾ ਵੀ ਹੋ ਗਈ। ਸਟੋਰ ਬੰਦ ਕਰਕੇ ਰੇਡੀਓ ਉਸੇ ਤਰ੍ਹਾਂ ਭੂਰੇ ਕੱਪੜੇ ਵਿਚ ਲਪੇਟ ਕੇ ਰੱਖ ਦਿੱਤਾ ਤੇ ਕਿਸੇ ਨਾ ਕਿਸੇ ਦਿਨ ਉਸ ਦੇ ਆਉਣ ਦੀ ਉਡੀਕ ਕਰਨ ਲੱਗ ਪਈ।
… ਤੇ ਫਿਰ ਇਕ ਦਿਨ ਉਹ ਆ ਗਈ… ਪਤਾ ਲੱਗਾ ਕਿ ਉਦੋਂ ਉਹਦੇ ਭਾਈ ਦੇ ਐਕਸੀਡੈਂਟ ਕੀ ਖਬਰ ਆ ਗਈ ਸੀ ਅਤੇ ਉਹ ਘਬਰਾ ਕੇ ਜਲਦੀ ਜਲਦੀ ਆਪਣੇ ਪਿੰਡ ਚਲੇ ਗਏ ਸਨ। ਸਾਨੂੰ ਦੱਸਣ ਦਾ ਉਨ੍ਹਾਂ ਕੋਲ ਵਕਤ ਨਹੀਂ ਸੀ।
ਸੰਪਰਕ: 99881-52523