ਬਰਜਨ: ਨਾਰਵੇ ਦਾ ਸੁਨਹਿਰੀ ਮੁਕਟ
ਨਾਰਵੇ ਦੇ ਸ਼ਹਿਰ ਬਰਜਨ ਦੀ ਪਹਿਲੀ ਝਲਕ ਨੇ ਹੀ ਦਿਲ ਲੁੱਟ ਲਿਆ। ਪੂਰੇ ਦਿਨ ਦੇ ਸਫ਼ਰ ਤੋਂ ਬਾਅਦ ਰਾਤ ਨੌਂ ਵਜੇ ਪਹੁੰਚੇ ਤਾਂ ਰੋਸ਼ਨੀਆਂ ਨਾਲ ਰੁਸ਼ਨਾਉਂਦਾ ਇਹ ਸ਼ਹਿਰ ਕਲਪਨਾ ਤੋਂ ਵੀ ਵੱਧ ਮਨਮੋਹਕ ਨਜ਼ਰ ਆਇਆ। ਓਸਲੋ ਤੋਂ ਬਾਅਦ ਨਾਰਵੇ ਦਾ...
ਨਾਰਵੇ ਦੇ ਸ਼ਹਿਰ ਬਰਜਨ ਦੀ ਪਹਿਲੀ ਝਲਕ ਨੇ ਹੀ ਦਿਲ ਲੁੱਟ ਲਿਆ। ਪੂਰੇ ਦਿਨ ਦੇ ਸਫ਼ਰ ਤੋਂ ਬਾਅਦ ਰਾਤ ਨੌਂ ਵਜੇ ਪਹੁੰਚੇ ਤਾਂ ਰੋਸ਼ਨੀਆਂ ਨਾਲ ਰੁਸ਼ਨਾਉਂਦਾ ਇਹ ਸ਼ਹਿਰ ਕਲਪਨਾ ਤੋਂ ਵੀ ਵੱਧ ਮਨਮੋਹਕ ਨਜ਼ਰ ਆਇਆ। ਓਸਲੋ ਤੋਂ ਬਾਅਦ ਨਾਰਵੇ ਦਾ ਦੂਜਾ ਵੱਡਾ ਸ਼ਹਿਰ ਬਰਜਨ ਹੈ। ਪਰ ਇਸਦੀ ਅਹਿਮੀਅਤ ਸਿਰਫ਼ ਵੱਸੋਂ ਕਰਕੇ ਨਹੀਂ ਮਿਥੀ ਜਾ ਸਕਦੀ, ਸਗੋਂ ਇਸਦਾ ਕੁਦਰਤੀ ਸੁਹੱਪਣ ਅਤੇ ਯੂਰੋਪੀ ਇਮਾਰਤ ਕਲਾ ਦੇ ਕਲਾਸੀਕਲ ਨਮੂਨਿਆਂ ਨੂੰ ਸਾਂਭੀ ਬੈਠਾ ਹੋਣ ਕਰਕੇ ਇਸਨੂੰ ਨਾਰਵੇ ਦੇ ਮੱਥੇ ਦਾ ਸੁਨਹਿਰੀ ਟਿੱਕਾ ਕਿਹਾ ਜਾਂਦਾ ਹੈ। ਇੰਨਾ ਕੁ ਤਾਂ ਗੂਗਲ ਨੇ ਹੀ ਦੱਸ ਦਿੱਤਾ ਸੀ ਕਿ ਨਾਰਵੇ ਦੀ ਦੱਖਣੀ-ਪੱਛਮੀ ਬਾਹੀ ਉੱਤੇ ਸਮੁੰਦਰ ਕਿਨਾਰੇ ਵਸੇ ਇਸ ਪੁਰਾਤਨ ਸ਼ੈਲੀ ਵਾਲ਼ੇ ਸ਼ਹਿਰ ਨੂੰ ਨਾਰਵੇ ਦੇ ਫਿਓਰਾਂ ਦਾ ਲਾਂਘਾ (Gateway of the Fjords) ਕਿਹਾ ਜਾਂਦਾ ਹੈ। ਸੱਤ ਪਰਬਤਾਂ ਦੀ ਬੁੱਕਲ ਵਿੱਚ ਪਲ਼ਦਾ-ਖੇਡਦਾ ਇਹ ਮਹਾਨਗਰ ਯੂਨੈਸਕੋ ਵਰਲਡ ਹੈਰੀਟੇਜ ਦਾ ਦਰਜਾ ਰੱਖਦਾ ਹੈ। ਇਹ ਮਾਣ ਇਸ ਇਤਿਹਾਸਕ ਕੇਂਦਰ ਨੂੰ ਉਨ੍ਹਾਂ ਵਿਸ਼ੇਸ਼ ਕਲਾਸੀਕਲ ਡਿਜ਼ਾਈਨ ਵਾਲ਼ੀਆਂ ਇਮਾਰਤਾਂ ਕਰਕੇ ਮਿਲ਼ਿਆ ਸੀ ਜਿਹੜੀਆਂ ਹਾਰਬਰ (Harbor) ਦੇ ਕਿਨਾਰੇ ਕੁਦਰਤੀ ਰੰਗੀਨ ਲੱਕੜ ਦੀਆਂ ਬਣੀਆਂ ਹੋਈਆਂ ਹਨ। ਪੁਰਾਣੇ ਸਮਿਆਂ ਤੋਂ ਇਹ ਸ਼ਹਿਰ ਵਿਸ਼ਵ-ਵਪਾਰ ਦੇ ਪ੍ਰਮੁੱਖ ਕੇਂਦਰ ਵਜੋਂ ਵੀ ਜਾਣਿਆ ਜਾਂਦਾ ਰਿਹਾ ਹੈ।
ਸਰਬਜੀਤ ਸਿੰਘ ਨੇ ਬਰਜਨ ਦੇ ਮੰਨੇ-ਪ੍ਰਮੰਨੇ ਹੋਟਲ ਬਲੂ ਰੈਡੀਸਨ ਅੱਗੇ ਇਉਂ ਕਾਰ ਜਾ ਲਾਈ ਜਿਵੇਂ ਇਹ ਕੋਈ ਸਕੇ-ਸੰਬੰਧੀਆਂ ਦਾ ਘਰ ਹੋਵੇ। ਗੱਲ ਕੁਝ ਇਵੇਂ ਦੀ ਹੀ ਸੀ। ਉਹ ਹਮੇਸ਼ਾ ਇਸ ਹੋਟਲ ਵਿੱਚ ਹੀ ਠਹਿਰਦੇ ਸਨ, ਯਾਨੀ ਉਨ੍ਹਾਂ ਨਾਲ਼ ਚਿਰਾਂ ਤੋਂ ਪੱਕੀ ‘ਆੜ੍ਹਤ’ ਵਰਗਾ ਸਬੰਧ ਸੀ। ਇਸ ਲਈ ਜਾਣੇ–ਪਛਾਣੇ ਜਾਪਦੇ ਸਟਾਫ ਵੱਲੋਂ ਸਾਡਾ ਭਰਵਾਂ ਸਵਾਗਤ ਹੋਇਆ। ਬੁਕਿੰਗ ਦੀਆਂ ‘ਫਾਰਮੈਲਟੀਜ਼’ ਪਹਿਲਾਂ ਹੀ ਕੀਤੀਆਂ ਹੋਣ ਕਰਕੇ ਸਾਨੂੰ ਕਾਊਂਟਰ ਉੱਤੇ ਵੀ ਕੋਈ ਸਮਾਂ ਨਾ ਲੱਗਿਆ। ਫਿਰ ਵੀ ਸਾਨੂੰ ਜਾਪ ਰਿਹਾ ਸੀ ਕਿ ਜੇ ਰਾਤ ਦੇ ਬਰਜਨ ਦੀ ਝਲਕ ਲੈਣੀ ਹੈ ਤਾਂ ਹੋਰ ਕਾਹਲ਼ੀ ਕਰਨੀ ਪੈਣੀ ਹੈ। ਅਸੀਂ ਫਟਾਫਟ ਕਮਰਿਆਂ ਵਿੱਚ ਸਾਮਾਨ ਟਿਕਾਇਆ, ਤਰੋਤਾਜ਼ਾ ਹੋਏ ਅਤੇ ਸੈਰ-ਸਪਾਟੇ ਲਈ ਬਾਹਰ ਨਿਕਲ ਗਏ। ਸਾਨੂੰ ਪਤਾ ਸੀ ਕਿ ਮਹਾਨਗਰ ਭਾਵੇਂ ਸਾਰੀ ਰਾਤ ਜਾਗਦੇ ਹਨ ਪਰ ਯੂਰੋਪ ਵਿੱਚ ਆਮ ਮਾਰਕੀਟਾਂ ਅਤੇ ਰੈਸਟੋਰੈਂਟ ਵਗੈਰਾ ਛੇਤੀ ਬੰਦ ਹੋ ਜਾਂਦੇ ਹਨ। ਹੋਟਲ ’ਚੋਂ ਬਾਹਰ ਨਿਕਲ ਕੇ ਆਲ਼ਾ-ਦੁਆਲ਼ਾ ਦੇਖਦਿਆਂ ਹੀ ਇਹ ਅਹਿਸਾਸ ਹੋ ਗਿਆ ਕਿ ਇਸ ਹੋਟਲ ਦੀ ਐਨੀ ਮਹਿਮਾ ਕਿਉਂ ਹੈ। ਇਹ ਉੱਚ ਦਰਜੇ ਦਾ ਲਗਜ਼ਰੀ ਹੋਟਲ ਤਾਂ ਹੈ ਹੀ ਸੀ, ਇਸ ਤੋਂ ਵੀ ਅੱਗੇ ਇਹ ਯੂਨੈਸਕੋ ਦੀ ਵਰਲਡ ਹੈਰੀਟੇਜ ਵਾਲ਼ੀ ਇਮਾਰਤ ਦਾ ਹਿੱਸਾ ਵੀ ਸੀ। ਇਮਾਰਤਾਂ ਦੀ ਇਸ ਕਤਾਰ ਦਾ ਹੁਸਨ ਤਾਂ ਸੱਚਮੁੱਚ ਦੇਖਿਆਂ ਹੀ ਬਣਦਾ ਸੀ। ਇਮਾਰਤ ਕਲ਼ਾ ਦੇ ਸੁਹਜ ਅਤੇ ਕਲਾਸਕੀ ਯੂਰੋਪੀ ਸ਼ੈਲੀ ਕਰਕੇ ਇਨ੍ਹਾਂ ਇਮਾਰਤਾਂ ਦੀ ਮਹਿਮਾ ਸੰਸਾਰ ਵਿੱਚ ਦੂਰ-ਦੂਰ ਤੱਕ ਫੈਲੀ ਹੋਈ ਸੀ। ਇਹ ਚਿੱਟੀਆਂ, ਲਾਲ, ਪੀਲ਼ੀਆਂ, ਗੁਲਾਬੀ ਇਮਾਰਤਾਂ ਦੀ ਇੱਕ ਲੰਮੀ ਕਤਾਰ ਹੈ। ਆਪਣੇ ਮੁੱਢਲੇ ਰੂਪ ਵਿੱਚ ਤਾਂ ਇਹ ਇਮਾਰਤਾਂ ਬਾਰ੍ਹਵੀਂ-ਤੇਰ੍ਹਵੀਂ ਸਦੀ ਵਿੱਚ ਵਪਾਰੀਆਂ ਦੀ ਸਹੂਲਤ ਲਈ ਬਣਾਈਆਂ ਗਈਆਂ ਸਨ ਪਰ ਹੁਣ ਇਨ੍ਹਾਂ ਵਿੱਚ ਸੈਲਾਨੀਆਂ ਦੀਆਂ ਲੋੜਾਂ ਅਨੁਸਾਰ ਕੈਫ਼ੇ, ਸਟੂਡੀਓ, ਸਟੋਰ, ਮਿਊਜ਼ੀਅਮ ਆਦਿ ਹਨ।
ਕਈ ਵਾਰ ਇਹ ਅੱਗ ਦੀ ਭੇਟ ਚੜ੍ਹ ਚੁੱਕੀਆਂ ਹਨ ਪਰ ਵਾਰ-ਵਾਰ ਇਨ੍ਹਾਂ ਦਾ ਰਵਾਇਤੀ ਸਰੂਪ ਫਿਰ ਬਹਾਲ ਕਰ ਲਿਆ ਜਾਂਦਾ ਰਿਹਾ ਹੈ। ਹੁਣ ਤਾਂ ਇਹ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਹੈ। ਇਸ ਲਈ ਇਨ੍ਹਾਂ ਦੇ ਰਵਾਇਤੀ ਸਰੂਪ ਨੂੰ ਆਂਚ ਵੀ ਨਹੀਂ ਆਉਣ ਦਿੱਤੀ ਜਾਂਦੀ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਵਾਸਤੇ ਇੱਕ ਉੱਚ ਪੱਧਰੀ ਮੈਨੇਜਮੈਂਟ ਕਮੇਟੀ ਬਣੀ ਹੋਈ ਹੈ। ਇਨ੍ਹਾਂ ਇਮਾਰਤਾਂ ਦੀ ਖ਼ੂਬਸੂਰਤੀ ਨੂੰ ਚਾਰ ਚੰਨ੍ਹ ਲਾਉਣ ਲਈ ਇਨ੍ਹਾਂ ਦਾ ਚੌਗਿਰਦਾ ਵੀ ਵਿਸ਼ੇਸ਼ ਤੌਰ ’ਤੇ ਸਹਾਈ ਹੁੰਦਾ ਹੈ। ਇਮਾਰਤਾਂ ਦੀ ਪਿੱਠਭੂਮੀ ਵਿੱਚ ਹਰੇ-ਭਰੇ ਵੱਡੇ ਪਹਾੜਾਂ ਦੀ ਰੇਂਜ ਦਿਖਾਈ ਦਿੰਦੀ ਹੈ ਅਤੇ ਮੂਹਰੇ ਖੁੱਲ੍ਹੀ-ਡੁੱਲ੍ਹੀ ਸੜਕ ਤੋਂ ਪਾਰ ਨਦੀ ਰੂਪੀ ਫਿਓਰ ਹੈ ਜਿਸ ਵਿੱਚ ਕਿਸ਼ਤੀਆਂ, ਕਰੂਜ਼ ਚੱਲਦੇ ਹਨ। ਫਿਓਰ ਦੇ ਦੂਜੇ ਕਿਨਾਰੇ ਤੋਂ ਖੜ੍ਹ ਕੇ ਦੇਖੀਏ ਤਾਂ ਇਮਾਰਤਾਂ ਦੇ ਸਿਰ ਭਾਰ ਅਕਸ ਪਾਣੀ ਵਿੱਚੋਂ ਨਜ਼ਰ ਆਉਂਦੇ ਹਨ। ਇਸ ਨਾਲ਼ ਇਹ ਵੱਡ-ਆਕਾਰੀ ਹੋ ਕੇ ਹੋਰ ਵੀ ਖ਼ੂਬਸੂਰਤ ਜਾਪਦੀਆਂ ਹਨ। ਇਮਾਰਤ ਕਲਾ ਦੀਆਂ ਬਾਰੀਕੀਆਂ ਜਾਣਨ ਵਾਲ਼ੇ ਤਾਂ ਭਾਵੇਂ ਇਨ੍ਹਾਂ ਇਮਾਰਤਾਂ ਦੀ ਸਾਲਾਂਬੱਧੀ ਖੋਜਬੀਨ ਕਰਦੇ ਰਹਿਣ ਪਰ ਅਸੀਂ ਤਾਂ ਇਨ੍ਹਾਂ ਦੀ ਬਣਤਰ ਅਤੇ ਮੁਹਾਂਦਰੇ ਦੀ ਸਰਸਰੀ ਝਾਤ ਨਾਲ਼ ਹੀ ਤ੍ਰਿਪਤ ਹੋ ਗਏ ਸਾਂ। ਵੈਸੇ ਹੋਰ ਡੂੰਘਾਈ ਨਾਲ਼ ਦੇਖਣ-ਜਾਂਚਣ ਲਈ ਸਾਡੇ ਕੋਲ਼ ਕੱਲ੍ਹ ਦਾ ਦਿਨ ਵੀ ਸੀ, ਇਸ ਲਈ ਹੁਣ ਅਸੀਂ ਇਮਾਰਤਾਂ ਦੇ ਮੂਹਰੇ ਬਣੇ ਪੈਦਲਾਂ ਲਈ ਰਸਤੇ ਤੋਂ ਲੰਘ ਕੇ ਅਗਾਂਹ ਮੱਛੀ ਮਾਰਕੀਟ ਵੱਲ ਚਲੇ ਗਏ। ਇੱਥੇ ਹਰ ਤਰ੍ਹਾਂ ਦੀ ਕੱਚੀ ਪੱਕੀ ਮੱਛੀ ਮਿਲਦੀ ਸੀ। ਅਸੀਂ ‘ਡਿਨਰ’ ਲਈ ਵਧੀਆ ਜਿਹਾ ਰੈਸਟੋਰੈਂਟ ਲੱਭਣ ਲੱਗੇ ਪਰ ਵਕਤ ਜ਼ਿਆਦਾ ਹੋ ਜਾਣ ਕਰਕੇ ਥੋੜ੍ਹੀ ਮੁਸ਼ਕਲ ਆ ਰਹੀ ਸੀ। ਉਸ ਤਰ੍ਹਾਂ ਤਾਂ ਰੈਸਟੋਰੈਂਟ ਅਜੇ ਗਾਹਕਾਂ ਨਾਲ਼ ਭਰੇ ਦਿਸਦੇ ਸਨ ਪਰ ਇਹ ਤਾਂ ਉਹ ਲੋਕ ਸਨ ਜਿਨ੍ਹਾਂ ਨੇ ਘੰਟਾ ਪਹਿਲਾਂ ਪਹੁੰਚ ਕੇ ਸੀਟਾਂ ਰਿਜ਼ਰਵ ਕਰਵਾ ਲਈਆਂ ਸਨ। ਉਹ ਹੁਣ ਮਜ਼ੇ ਨਾਲ਼ ਬੈਠੇ ਬੀਅਰ ਤੇ ਮੱਛੀ ਦਾ ਨਜ਼ਾਰਾ ਵੀ ਲੈ ਰਹੇ ਸਨ ਅਤੇ ਸਾਹਮਣੇ ਵਰਲਡ ਹੈਰੀਟੇਜ ਵਾਲ਼ੀਆਂ ਇਮਾਰਤਾਂ ਦੀ ਰਾਤ ਵਾਲ਼ੀ ਝਲਕ ਵੀ ਮਾਣ ਰਹੇ ਸਨ।
ਅਸੀਂ ਵੀ ਹਿੰਮਤ ਨਹੀਂ ਹਾਰੀ, ਇੱਕ ਤੋਂ ਬਾਅਦ ਦੂਜੇ ਓਪਨ ਰੈਸਟੋਰੈਂਟ ਮੂਹਰੇ ਜਾ ਅਲਖ ਜਗਾਉਂਦੇ। ਨਾਂਹ ਹੋ ਜਾਂਦੀ ਤਾਂ ਅਗਲੇ ਉੱਤੇ ਜਾ ਪਹੁੰਚਦੇ। ਜਗ੍ਹਾ ਭਾਵੇਂ ਅਜੇ ਮਿਲ਼ ਨਹੀਂ ਸੀ ਰਹੀ ਪਰ ਤਲ਼ੀ ਜਾਂ ਰਾੜ੍ਹੀ ਜਾ ਰਹੀ ਮੱਛੀ ਦੀ ਮਹਿਕ ਨੇ ਭੁੱਖ਼ ਹੋਰ ਚਮਕਾ ਦਿੱਤੀ ਸੀ। ਅੰਤ ਬਾਹਰ ਗਲ਼ੀ ਵਿੱਚ ਹੀ ਕਾਊਂਟਰ ਲਾਈ ਖੜ੍ਹੀ ਇੱਕ ਹਸਮੁਖ ਜਿਹੀ ਗੋਰੀ ਕੁੜੀ ਨੇ ਸਾਡੀ ਝੋਲ਼ੀ ਵੀ ਖ਼ੈਰ ਪਾ ਦਿੱਤੀ। ਸਾਨੂੰ ਆਖ਼ਰੀ ਗਾਹਕ ਵਜੋਂ ਪ੍ਰਵਾਨ ਕਰਦਿਆਂ ਉਸ ਨੇ ਸਾਡੀ ਐਂਟਰੀ ਪਾਉਣ ਪਿੱਛੋਂ ਆਪਣੇ ਵਹੀ-ਖਾਤੇ ਸਮੇਟ ਦਿੱਤੇ ਅਤੇ ਸਾਨੂੰ ਬਾਹਰ ਅਜਿਹੀ ਥਾਂ ਜਾ ਬਿਠਾਇਆ ਜਿੱਥੋਂ ਵਰਲਡ ਹੈਰੀਟੇਜ ਦੀ ਦੀਦ ਵੀ ਵਧੀਆ ਹੋ ਸਕਦੀ ਸੀ। ਉਸ ਵੇਟਰ ਕੁੜੀ ਨੇ ਤਾਜ਼ਾ ਮੱਛੀ ਦੀ ਡਿਸ਼ ਵੀ ਤਿਆਰ ਕਰਵਾ ਕੇ ਦਿੱਤੀ ਅਤੇ ਨਾਲ਼ ਸੁਝਾਅ ਵੀ ਦਿੱਤਾ ਕਿ ਵ੍ਹਾਈਟ ਵਾਈਨ ਤੋਂ ਬਿਨਾਂ ਜ਼ਾਇਕਾ ਅਧੂਰਾ ਰਹਿ ਜਾਵੇਗਾ। ਗਾਹਕਾਂ ਦਾ ਮਨ ਪੜ੍ਹਨ ਵਿੱਚ ਉਹ ਪੂਰੀ ‘ਪ੍ਰੋਫੈਸ਼ਨਲ’ ਜਾਪਦੀ ਸੀ। ਇਸ ਲਈ ਉਸ ਦਿਨ ਦੇ ਆਖ਼ਰੀ ਗਾਹਕਾਂ ਦੀ ਸੇਵਾ ਐਵੇਂ ਫਾਹ-ਵੱਢ ਢੰਗ ਨਾਲ਼ ਨਹੀਂ ਕਰ ਰਹੀ ਸੀ, ਸਗੋਂ ਵਾਰ-ਵਾਰ ਆ ਕੇ ਪੱਕਾ ਕਰਦੀ “ਕੀ ਤੁਸੀਂ ਆਨੰਦ ਮਾਣ ਰਹੇ ਹੋ...?” ਇਸ ਤਰ੍ਹਾਂ ਦੇ ‘ਦੋਸਤਾਨਾ’ ਵਤੀਰੇ ਨਾਲ਼ ਉਸ ਨੇ ਇੱਕ ਪੰਥ ਦੋ ਕਾਜ ਵਾਲ਼ੀ ਗੱਲ ਸੱਚ ਕਰ ਦਿਖਾਈ, ਰੈਸਟੋਰੈਂਟ ਵਾਲ਼ੇ ਮਾਲਕ ਲਈ ਵੀ ਕੁਝ ਕਮਾਈ ਹੋਰ ਕਰ ਦਿੱਤੀ ਅਤੇ ਆਪਣੇ ਲਈ ਵੀ ‘ਮੋਟੀ ਟਿੱਪ’ ਦਾ ਚੰਗਾ ਬਾਨ੍ਹਣੂੰ ਬੰਨ੍ਹ ਲਿਆ। ਅਸੀਂ ਖੁਸ਼ੀ-ਖੁਸ਼ੀ ਉਸ ਨੂੰ ਖੁਸ਼ ਵੀ ਕਰ ਦਿੱਤਾ। ਵਕਤ ਗਿਆਰਾਂ ਤੋਂ ਵੀ ਉੱਤੇ ਹੋ ਗਿਆ ਸੀ, ਭਾਵੇਂ ਵਿਰਲੇ-ਟਾਵੇਂ ਸੈਲਾਨੀ ਅਜੇ ਵੀ ਫ਼ਿਓਰ ਦੇ ਆਲ਼ੇ-ਦੁਆਲ਼ੇ ਤੁਰੇ ਫਿਰਦੇ ਸਨ। ਜਵਾਨ ਜੋੜਿਆਂ ਲਈ ਤਾਂ ਇਹ ਰੁਮਾਂਸ-ਭਰਿਆ ਮਾਹੌਲ ਬਣ ਗਿਆ ਸੀ। ਸੁਆਦ ਸੁਆਦ ਵਿੱਚ ਜਿਵੇਂ ਅਸੀਂ ਕੁੱਖਾਂ-ਕੱਢ ਢੰਗ ਨਾਲ਼ ‘ਡਿਨਰ’ ਕੀਤਾ ਸੀ, ਉਹ ਹੁਣ ਅੱਧਾ-ਪੌਣਾ ਘੰਟਾ ਟਹਿਲ ਕੇ ਹੀ ਹਜ਼ਮ ਹੋਣਾ ਸੀ। ਚਲੋ ਇਸ ਬਹਾਨੇ ਅਸੀਂ ਵੀ ਫ਼ਿਓਰ ਦੇ ਕਿਨਾਰੇ ਬਣੀ ਪਟੜੀ ਉੱਤੇ ਟਹਿਲਦੇ ਰਹੇ। ਠੰਢੀ ਹਵਾ ਦੇ ਝੌਂਕੇ ਤਨ-ਮਨ ਨੂੰ ਹੁਲਾਰਾ ਦੇਣ ਵਾਲ਼ੇ ਸਨ। ਪਾਣੀਆਂ ਵਿੱਚ ਅਕਾਸ਼-ਗੰਗਾ ਵਰਗੀ ਝਿਲਮਿਲ ਅੱਖਾਂ ਨੂੰ ਸਕੂਨ ਦੇਣ ਵਾਲ਼ੀ ਸੀ। ਰੁਸ਼ਨਾਇਆ ਬਰਜਨ ਸੱਚਮੁੱਚ ਹੀ ਕਿਸੇ ਨੱਢੀ ਦੇ ਮੱਥੇ ਉੱਤੇ ਚਮਕਦੇ ਟਿੱਕੇ ਵਾਂਗ ਲਿਸ਼ਕ ਰਿਹਾ ਸੀ। ਬਰਜਨ ’ਚ ਇਹ ਰਾਤ ਦਾ ਜਲਵਾ ਦੇਖਣ ਲਈ ਹੀ ਸੈਲਾਨੀ ਹੁੰਮ-ਹੁੰਮਾ ਕੇ ਆਉਂਦੇ ਸਨ। ਅਜਿਹੇ ਦਿਲਕਸ਼ ਦ੍ਰਿਸ਼ਾਂ ਨੂੰ ਦੇਖ ਦੇਖ ਰੱਜ ਤਾਂ ਆਉਣਾ ਹੀ ਨਹੀਂ ਸੀ ਪਰ ਇਹ ਨਜ਼ਾਰੇ ਸਦਾ ਲਈ ਚੇਤਿਆਂ ਵਿੱਚ ਟਿਕ ਜਾਣੇ ਸਨ, ਫਿਰ ਜਦੋਂ ਮਨ ਕਰੇ ਅੱਖਾਂ ਬੰਦ ਕਰਕੇ ਇਨ੍ਹਾਂ ਹੁਸੀਨ ਪਲ਼ਾਂ ਨੂੰ ਮੁੜ ਚਿਤਵਿਆ ਜਾ ਸਕਣਾ ਸੀ।
ਸੰਪਰਕ: 98728-35835

