ਬਾਲ ਕਿਆਰੀ

ਫੱਟੀ

ਬੀਤ ਗਿਆ ਹੈ ਸਮਾਂ ਸੁਹਾਣਾ

ਫੱਟੀ ਚੁੱਕ ਸਕੂਲੇ ਜਾਣਾ।

ਬਾਲ ਪੋਚਦੇ ਪਹਿਲਾਂ ਫੱਟੀ

ਉੱਤੇ ਲਾ ਕੇ ਗਾਚੀ ਖੱਟੀ।

ਫੇਰ ਖਲੋ ਕੇ ਖੂਬ ਘੁਮਾਉਂਦੇ

ਇਕੋ ਸੁਰ ਵਿਚ ਗਾਣਾ ਗਾਉਂਦੇ।

ਸੂਰਜਾ ਸੂਰਜਾ ਫੱਟੀ ਸੁਕਾ

ਨਹੀਂ ਸੁਕਾਉਣੀ ਗੰਗਾ ਜਾ।

ਗੰਗਾ ਦੋ ਗਨੇਰੀਆਂ

ਦੋ ਤੇਰੀਆਂ ਦੋ ਮੇਰੀਆਂ।

ਸੁੱਕ ਜਾਵੇ ਤਾਂ ਖੁਸ਼ੀ ਮਨਾਉਂਦੇ

ਨਾਲ ਪੈਨਸਿਲਾਂ ਲੀਕਾਂ ਵਾਹੁੰਦੇ।

ਘੋਲਣ ਫੇਰ ਸਿਆਹੀ ਕਾਲੀ

ਕਲਮ ਸਵਾਰਨ ਕਾਹਲੀ ਕਾਹਲੀ।

ਫੱਟੀ ਲਿਖਦੇ ਹੌਲੀ ਹੌਲੀ

ਓਨਾ ਚਿਰ ਨਾ ਪਾਉਂਦੇ ਰੌਲੀ।

ਮਾਸਟਰ ਜੀ ਨੂੰ ਜਾ ਵਿਖਾਉਂਦੇ

ਸ਼ਾਬਾਸ਼ੇ ਲੈ ਵਾਪਸ ਆਉਂਦੇ।

ਫਿਰ ਨਲਕੇ ਵੱਲ ਦੌੜੇ ਜਾਂਦੇ

ਪੋਚ ਫੱਟੀਆਂ ਵਾਪਸ ਆਂਦੇ।

ਕਿੰਨਾ ਵਧੀਆ ਸੀ ਉਹ ਵੇਲਾ

ਖ਼ਰਚਾ ਬਸ ਪੈਸਾ ਜਾਂ ਧੇਲਾ।

ਨਾਲ ਸਲੇਟ ਸਲੇਟੀ ਲੈ ਕੇ

ਕੱਢੀਏ ਫੇਰ ਸਵਾਲ ਬਹਿ ਕੇ।

ਗਿੱਲੀ ਟਾਕੀ ਉਸ ’ਤੇ ਫੇਰ

ਫਿਰ ਲਿਖਣਾ ਬਿਨ ਕੀਤੇ ਦੇਰ।

ਕਈਆਂ ਥੁੱਕ ਕੇ ਹਰਫ਼ ਮਿਟਾਣੇ

ਮਾਸਟਰਾਂ ਤੋਂ ਥੱਪੜ ਖਾਣੇ।

ਕਿੰਨਾ ਚੰਗਾ ਸੀ ਉਹ ਵੇਲਾ

ਬਚਪਨ ਵੀ ਤਾਂ ਸੀ ਅਲਬੇਲਾ।

ਹੁਣ ਤਾਂ ਮਹਿੰਗੀ ਹੋਈ ਪੜ੍ਹਾਈ

ਵੱਡੀਆਂ ਫੀਸਾਂ ਹੋਸ਼ ਭਲਾਈ।

ਹਰ ਪਾਸੇ ਹੈ ਏਹੋ ਚਰਚਾ

ਕਾਗਜ਼ ਦਾ ਬੇਲੋੜਾ ਖ਼ਰਚਾ।

ਪਰ ਫੈਸ਼ਨ ਨੇ ਦੁਨੀਆਂ ਪੱਟੀ

ਹੁਣ ਨਾ ਕੋਈ ਲਿਖਦਾ ਫੱਟੀ।

ਯਾਦ ਬਾਜਵਾ ਵੇਲਾ ਕਰੀਏ

ਹੰਝੂ ਅੱਖਾਂ ਅੰਦਰ ਭਰੀਏ।

ਪਰ ਨਾ ਲੰਘਿਆ ਵੇਲਾ ਆਵੇ

ਆ ਆ ਚੇਤੇ ਬੜਾ ਸਤਾਵੇ।

-ਲਖਵਿੰਦਰ ਸਿੰਘ ਬਾਜਵਾ


ਧਰਤੀ

ਸੂਰਜ ਦੇ ਪਰਿਵਾਰ ਦਾ

ਧਰਤੀ ਵੀ ਇਕ ਜੀਅ

ਖਿੱਦੋ ਵਰਗੀ ਗੋਲ ਊਂ

ਉੱਪਰੋਂ ਦੀਂਹਦੀ ਹੈ ਚਪਟੀ।

ਚਾਰ ਸੌ ਸੱਠ ਕਰੋੜ ਵਰ੍ਹੇ

ਪਹਿਲਾਂ ਪੈਦਾ ਹੋਈ

ਅੱਗ ਦਾ ਗੋਲਾ ਸੀ ਇਹ

ਹੌਲੀ ਹੌਲੀ ਠੰਢੀ ਹੋਈ।

ਬਣ ਗਈ ਜਦੋਂ ਕਠੋਰ

ਬਣੀ ਇਹ ਦੋ ਖੰਡੀ

ਦੋ ਖੰਡਾਂ ਤੋਂ ਧਰਤੀ ਗਈ

ਮਹਾਂਦੀਪਾਂ ਵਿਚ ਵੰਡੀ।

ਬਹੁਤਾ ਲੰਬਾ ਹੈ ਨਹੀਂ

ਸਾਡੀ ਜ਼ਿੰਦਗੀ ਦਾ ਇਤਿਹਾਸ

ਦਸ ਲੱਖ ਵਰ੍ਹੇ ਹੀ ਪਹਿਲਾਂ

ਹੋਇਆ ਮਾਨਵ ਦਾ ਵਿਕਾਸ।

ਉਥਲ ਪੁਥਲ ਧਰਤੀ ਦੀ

ਲਾਵਾ ਕੱਢਦੀ ਬਾਹਰ

ਠੰਢਾ ਹੋ ਜੇ ਲਾਵਾ ਤਾਂ

ਬਣ ਜਾਂਦੇ ਪਹਾੜ।

ਗੁਰੂਤਾ ਬਲ ਕਾਰਨ ਗੈਸਾਂ ਦਾ

ਬਣਿਆ ਇਕ ਮੰਡਲ

ਓੜ ਲਿਆ ਧਰਤੀ ਨੇ ਹੈ

ਗੈਸਾਂ ਦਾ ਵਾਯੂਮੰਡਲ।

ਓਜ਼ੋਨ ਦੀ ਪਰਤ ਹੈ

ਜੀਕੂੰ ਛੱਤਰੀ ਵਾਲੀ ਮਾਂ

ਧਰਤੀ ਉੱਤੇ ਆਣ ਨਾ ਦੇਂਦੀ

ਪਰਾ ਬੈਂਗਣੀ ਕਿਰਨਾਂ।

ਇਕੋ ਇਕ ਗ੍ਰਹਿ ਹੈ

ਜਿੱਥੇ ਬੰਦਾ ਸਕਦਾ ਜੀਅ

ਕਹਿੰਦੇ ਚੰਨ ਦੀ ਭੈਣ ਹੈ

ਧਰਤੀ ਸੂਰਜ ਦੀ ਹੈ ਧੀ।

ਸੰਪਰਕ: 9780667686

-ਹਰੀ ਕ੍ਰਿਸ਼ਨ ਮਾਇਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All