ਬਚਿੰਤ ਕੌਰ- ਧੁਆਂਖੀ ਸਵੇਰ ਤੇ ਤਪਦੀ ਦੁਪਹਿਰ ਤੋਂ ਸੁਰਮਈ ਸ਼ਾਮ ਤੱਕ
ਇਸੇ ਜਨਵਰੀ ਦੀ ਇੱਕ ਸਰਦ ਜਿਹੀ ਸ਼ਾਮ ਮੈਂ ਆਪਣੀ ਡਿਊਟੀ ਤੋਂ ਸਿੱਧਾ ਹੀ ਬਚਿੰਤ ਕੌਰ ਦੇ ਘਰ ਪੁੱਜੀ। ਇਸੇ ਦਿਨ ਸਵੇਰੇ ਹੀ ਪੰਜਾਬ ਕਲਾ ਪਰਿਸ਼ਦ ਦੀ ਮੀਟਿੰਗ ਵਿੱਚ ਉਸ ਨੂੰ ਮਾਤ-ਭਾਸ਼ਾ ਗੌਰਵ ਸਨਮਾਨ ਦੇਣ ਦਾ ਐਲਾਨ ਹੋਇਆ ਸੀ। ਮੈਂ ਫੋਨ...
ਇਸੇ ਜਨਵਰੀ ਦੀ ਇੱਕ ਸਰਦ ਜਿਹੀ ਸ਼ਾਮ ਮੈਂ ਆਪਣੀ ਡਿਊਟੀ ਤੋਂ ਸਿੱਧਾ ਹੀ ਬਚਿੰਤ ਕੌਰ ਦੇ ਘਰ ਪੁੱਜੀ। ਇਸੇ ਦਿਨ ਸਵੇਰੇ ਹੀ ਪੰਜਾਬ ਕਲਾ ਪਰਿਸ਼ਦ ਦੀ ਮੀਟਿੰਗ ਵਿੱਚ ਉਸ ਨੂੰ ਮਾਤ-ਭਾਸ਼ਾ ਗੌਰਵ ਸਨਮਾਨ ਦੇਣ ਦਾ ਐਲਾਨ ਹੋਇਆ ਸੀ। ਮੈਂ ਫੋਨ ਦੀ ਬਜਾਏ ਮਿਲ ਕੇ ਵਧਾਈ ਦੇਣਾ ਚਾਹੁੰਦੀ ਸਾਂ। ਜਦ ਸ਼ਾਮ ਸੱਤ ਵਜੇ ਦੇ ਕਰੀਬ ਉਸ ਦੇ ਘਰ ਪੁੱਜੀ ਤਾਂ ਉਹ ਆਪਣੇ ਕਮਰੇ ਦੀ ਆਰਾਮ ਕੁਰਸੀ ’ਤੇ ਬੈਠੀ ਆਪਣੇ ਮਨਪਸੰਦ ਹਲਕੇ ਗੁਲਾਬੀ ਰੰਗੇ ਫੁੱਲਾਂ ਵਾਲੇ ਦੁੱਧ ਚਿੱਟੇ ਸੂਟ ਉੱਪਰ ਗਰਮ ਜੈਕੇਟ ਪਾ ਕੇ ਬੈਠੀ ਹੋਈ ਹੀਟਰ ਦਾ ਨਿੱਘ ਮਾਣ ਰਹੀ ਸੀ। ਹਰ ਵਾਰ ਦੀ ਤਰ੍ਹਾਂ ਉਸ ਨੇ ਮੈਨੂੰ ਪਿਆਰ ਭਰੀ ਗਲਵੱਕੜੀ ਵਿੱਚ ਲੈਂਦਿਆਂ ਢੇਰ ਸਾਰੀਆਂ
ਦੁਆਵਾਂ ਦੇ ਨਾਲ ਨਾਲ ਚਿਰ ਪਿੱਛੋਂ ਆਉਣ ਦੇ ਉਲਾਂਭਿਆਂ ਦੀ ਝੜੀ ਲਾ ਦਿੱਤੀ। ਬਾਹਰੋਂ ਠੰਢ ’ਚੋਂ ਆਈ ਨੂੰ ਉਸ ਦੇ ਮਿੱਠੇ ਬੋਲਾਂ ਤੇ ਬੁੱਕਲ ਦੇ ਨਿੱਘ ਨੇ ਏਨਾ ਸਕੂਨ ਦਿੱਤਾ ਕਿ ਪਲ ਭਰ ਲਈ ਜ਼ਿੰਦਗੀ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਭੁੱਲ ਕੇ ਮੈਂ ਵਰਤਮਾਨ ਵਿੱਚ ਡੂੰਘੇ ਉੱਤਰ ਗਈ।
ਮੇਰੇ ਤੋਂ ਪਹਿਲਾਂ ਉਸ ਕੋਲ ਹਿਮਾਚਲ ਵਾਲੇ ਬਾਬੂ ਜੀ ਆਏ ਬੈਠੇ ਸਨ, ਜਿਨ੍ਹਾਂ ਦੇ ਆਰ-ਪਰਿਵਾਰ ਦਾ ਹਾਲ-ਚਾਲ ਪੁੱਛਦਿਆਂ ਉਹ ਉਨ੍ਹਾਂ ਨੂੰ ਤਿਲਾਂ ਵਾਲੀ ਗੱਚਕ ਖਾਣ ਲਈ ਜ਼ੋਰ ਪਾ ਰਹੀ ਸੀ। ਉਹ ਆਪਣੀ ਹਿਮਾਚਲੀ ਨਜ਼ਾਕਤ ਅਨੁਸਾਰ ਨਾਂਹ-ਨੁੱਕਰ ਕਰਦੇ ਰਹੇ, ਪਰ ਹਮੇਸ਼ਾ ਦੀ ਤਰ੍ਹਾਂ ਮਾਂ ਵਰਗੀ ਬਚਿੰਤ ਕੌਰ ਦੇ ਮੋਹ ਭਰੇ ਇਸਰਾਰ ਅੱਗੇ ਹਾਰ ਗਏ ਤੇ ਗੱਚਕ ਦਾ ਇੱਕ ਟੁਕੜਾ ਮੂੰਹ ਵਿੱਚ ਪਾਉਂਦੇ ਹੋਏ ਆਖਣ ਲੱਗੇ, “ਲੈ ਮਾਂ! ਖਾ ਲੈਂਦਾ ਹਾਂ। ਤੂੰ ਕਿਹੜਾ ਮੰਨਣਾ ਹੈ।”
ਉਨ੍ਹਾਂ ਦੇ ਜਾਣ ਤੋਂ ਬਾਅਦ ਉਹ ਉਤਸੁਕਤਾ ਨਾਲ ਮੈਨੂੰ ਦੱਸਣ ਲੱਗੀ, “ਅੱਜ ਸਵੇਰ ਦੀ ਤਾਂ ਮੁਬਾਰਕ ਵਾਲੀਆਂ ਫੋਨ ਕਾਲਾਂ ਦੀ ਝੜੀ ਲੱਗੀ ਹੋਈ ਹੈ। ਤੈਨੂੰ ਪਤਾ ਹੈ ਉਹ ਇਹ ਵੀ ਆਖਦੇ ਸਨ ਕਿ ਤੁਸੀਂ ਇਹ ਐਵਾਰਡ ਆਪਣੀ ਪਸੰਦ ਦੇ ਕਿਸੇ ਵੀ ਵਿਅਕਤੀ ਦੇ ਹੱਥੋਂ ਲੈ ਸਕਦੇ ਹੋ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤਾਂ ਇਹ ਐਵਾਰਡ ਸਤਿੰਦਰ ਸਰਤਾਜ ਦੇ ਹੱਥੋਂ ਲੈਣਾ ਹੈ। ਭਾਈ, ਮੈਨੂੰ ਤਾਂ ਉਸ ਦੀ ਗਾਇਕੀ ਬਹੁਤ ਪਸੰਦ ਹੈ।” ਸਤਿੰਦਰ ਸਰਤਾਜ ਦਾ ਨਾਮ ਲੈਂਦਿਆਂ ਉਸ ਦੇ ਗੋਰੇ ਗੁਲਾਬੀ ਚਿਹਰੇ ’ਤੇ ਰੌਣਕ ਆ ਗਈ। ਰਾਤ ਦੀ ਰੋਟੀ ਤੋਂ ਵਿਹਲੇ ਹੋ ਕੇ ਉਸ ਆਪਣੀ ਸਹਾਇਕ ਨੂੰ ਅੱਜ ਮੇਰਾ ਬਿਸਤਰਾ ਆਪਣੇ ਬੈੱਡਰੂਮ ਵਿੱਚ ਹੀ ਲਗਾ ਦੇਣ ਲਈ ਆਖਿਆ ਤਾਂ ਜੋ ਹਰ ਵਾਰ ਦੀ ਤਰ੍ਹਾਂ ਮੈਂ ਉਸ ਦੀ ਇੱਛਾ ਅਨੁਸਾਰ ਕਿਸੇ ਕਿਤਾਬ ਦਾ ਕੋਈ ਅਧਿਆਇ ਉਸ ਨੂੰ ਪੜ੍ਹ ਕੇ ਸੁਣਾ ਸਕਾਂ। ਜਦੋਂ ਦੀ ਅੱਖ ਦੇ ਪਰਦੇ ਦੀ ਸਮੱਸਿਆ ਹੋਈ ਹੈ, ਐਨਕ ਲੱਗੀ ਹੋਣ ਦੇ ਬਾਵਜੂਦ ਪੜ੍ਹਨ ਲਿਖਣ ਵਿੱਚ ਉਸ ਨੂੰ ਭਾਰੀ ਦਿੱਕਤ ਆਉਂਦੀ ਹੈ। ਇੰਨੇ ਨੂੰ ਉੱਪਰਲੀ ਮੰਜ਼ਿਲ ਦੇ ਕੁਆਰਟਰ ਵਿੱਚੋਂ ਹੇਠਾਂ ਸੈਰ ਕਰਨ ਆਇਆ ਇੱਕ ਖ਼ੂਬਸੂਰਤ ਨੌਜਵਾਨ ਜੋੜਾ, “ਬੇਬੇ ਜੀ! ਘਰੇ ਹੀ ਹੋ?” ਆਖ ਕੇ ਅੰਦਰ ਲੰਘ ਆਇਆ। ਉਹ ਉਨ੍ਹਾਂ ਦੋਵਾਂ ਨੂੰ ਵੇਖ ਕੇ ਖਿੜ ਗਈ ਤੇ ਮੇਰੇ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਇਨ੍ਹਾਂ ਨੂੰ ਮੇਰਠ ਤੋਂ ਇੱਥੇ ਆਇਆਂ ਨੂੰ ਅਜੇ ਥੋੜ੍ਹਾ ਸਮਾਂ ਹੀ ਹੋਇਆ ਹੈ ਤੇ ਉਹ ਅਕਸਰ ਉਸ ਦੇ ਘਰ ਆਉਂਦੇ ਜਾਂਦੇ ਰਹਿੰਦੇ ਹਨ ਤਾਂ ਜੋ ਉਸ ਦੇ ਘਰ ਦੇ ਨਿੱਕੇ-ਮੋਟੇ ਕੰਮ ਸੰਵਾਰ ਸਕਣ। ਅੱਜ ਖ਼ਰਾਬ ਹੋਏ ਇੱਕ ਪਲੱਗ ਨੂੰ ਬਦਲਣ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਸੀ। ਇਸ ਲਈ ਬਚਿੰਤ ਕੌਰ ਉਨ੍ਹਾਂ ਨੂੰ ਜਬਰੀ ਰੋਕ ਕੇ ਬਿਠਾਉਂਦੀ ਹੋਈ ਕਹਿਣ ਲੱਗੀ, ‘‘ਆਓ ਅੱਜ ਆਪਾਂ ਸਾਰੇ ਜਣੇ ਰਲ ਕੇ ਗਾਣੇ ਗਾਈਏ।’’ ਜਦ ਸਾਰੇ ਜਣੇ ਝਕਦੇ ਝਿਜਕਦੇ ਗਾਣਾ ਨਾ ਆਉਂਦਾ ਹੋਣ ਦਾ ਬਹਾਨਾ ਕਰਨ ਲੱਗੇ ਤਾਂ ਉਸ ਨੇ ਪਹਿਲ ਕਰਦਿਆਂ ਆਪ ਹੀ ਗਾਣਾ ਸ਼ੁਰੂ ਕਰ ਲਿਆ:
ਸਾਰੀ ਰਾਤ ਤੇਰਾ ਤੱਕਨੀ ਆਂ ਰਾਹ
ਤਾਰਿਆਂ ਤੋਂ ਪੁੱਛ ਚੰਨ ਵੇ
ਕਿਉਂ ਤੇਰੇ ਪਿੱਛੇ ਹੋਈ ਆਂ ਤਬਾਹ
ਹਾਏ ਲਾਰਿਆਂ ਤੋਂ ਪੁੱਛ ਚੰਨ ਵੇ!
ਇਉਂ ਗੀਤਾਂ ਦੀ ਇਹ ਮਹਿਫ਼ਿਲ ਗਈ ਰਾਤ ਤੱਕ ਚੱਲਦੀ ਰਹੀ।
ਹਾਂ ਜੀ! ਇਸੇ ਤਰ੍ਹਾਂ ਦੀ ਹੈ ਸਾਡੀ ਬੇਬੇ ਬਚਿੰਤ ਕੌਰ। ਉਸ ਨੂੰ ਇਸ ਤਰ੍ਹਾਂ ਮਸਤੀ ਵਿੱਚ ਗਾਉਂਦਿਆਂ ਝੂਮਦਿਆਂ ਦੇਖ ਕੇ ਮੈਨੂੰ ਉਸਦੇ ਚਿਹਰੇ ’ਤੇ ਇੰਨਾ ਵੱਡਾ ਸਨਮਾਨ ਮਿਲਣ ਦਾ ਕੋਈ ਹਉਮੈ-ਹੰਕਾਰ ਨਜ਼ਰ ਨਾ ਆਇਆ। ਪਿਛਲੇ ਤਿੰਨਾਂ ਸਾਲਾਂ ਵਿੱਚ ਇਹ ਮੇਰੀ ਉਸ ਦੇ ਘਰ ਵਿੱਚ ਅੱਠਵੀਂ ਜਾਂ ਨੌਵੀਂ ਫੇਰੀ ਸੀ। ਹਰ ਵਾਰ ਜਦ ਵੀ ਮੈਂ ਆਉਂਦੀ, ਉਹ ਇਸੇ ਤਰ੍ਹਾਂ ਮਹਿਮਾਨਾਂ ਵਿੱਚ ਘਿਰੀ ਹੁੰਦੀ। ਕਦੇ ਕਿਸੇ ਅਲੂੰਏ ਜਿਹੇ ਹਿਮਾਚਲੀ ਮੁੰਡੇ ਕੋਲੋਂ ਉਸ ਦੀ ਨਵੀਂ ਲਿਖੀ ਕਵਿਤਾ ਸੁਣ ਰਹੀ ਹੁੰਦੀ, ਕਦੇ ਕਿਸੇ ਸਾਹਿਤਕਾਰ ਨਾਲ ਪੁਰਾਣੀਆਂ ਸਾਹਿਤਕ ਯਾਦਾਂ ਸਾਂਝੀਆਂ ਕਰ ਰਹੀ ਹੁੰਦੀ। 2004 ਤੋਂ ਉਹ ਡੇਰਾ ਬਿਆਸ ਦੇ ਅੰਦਰ ਰਹਿ ਰਹੀ ਹੈ। ਉਸ ਦੇ ਨਾਲ ਰਹਿੰਦੀ ਭਾਣਜੀ ਰਵਿੰਦਰ ਕੌਰ ਦੱਸਦੀ ਹੈ ਕਿ ਜਦੋਂ ਵੀ ਕੋਈ ਮਹਿਮਾਨ, ਖ਼ਾਸਕਰ ਨੌਜਵਾਨ ਮੁੰਡੇ-ਕੁੜੀਆਂ ਉਸ ਨੂੰ ਮਿਲਣ ਆਉਂਦੇ ਹਨ ਤਾਂ ਉਹ ਹਰ ਕਿਸੇ ਨਾਲ ਇਸੇ ਤਰ੍ਹਾਂ ਹਿੰਦੀ ਫਿਲਮੀ ਗਾਣਿਆਂ ਤੇ ਪੰਜਾਬੀ ਲੋਕ ਗੀਤਾਂ ਤੇ ਬੋਲੀਆਂ ਦੀ ਸਾਂਝ ਪਾਉਂਦੀ ਹੈ। ਇੰਟਰਵਿਊ ਲਈ ਮਨਜ਼ੂਰੀ ਲੈਣ ਆਈਆਂ ਕੁੜੀਆਂ ਦਾ ਕਈ ਵਾਰ ਉਸ ਨਾਲ ਏਨਾ ਜੀਅ ਲੱਗ ਜਾਂਦਾ ਹੈ ਕਿ ਰਾਤ ਉਸ ਕੋਲ ਹੀ ਠਹਿਰ ਜਾਂਦੀਆਂ ਹਨ ਤੇ ਉਹ ਗਈ ਰਾਤ ਤੱਕ ਉਨ੍ਹਾਂ ਨਾਲ ਗੱਲਾਂ-ਬਾਤਾਂ ਤੇ ਹਾਸਾ ਠੱਠਾ ਕਰਦੀ ਰਹਿੰਦੀ ਹੈ।
ਉਮਰ ਦੇ 85ਵੇਂ ਵਰ੍ਹੇ ਵਿੱਚ ਉਸ ਦੀ ਖ਼ੂਬਸੂਰਤੀ, ਰੋਅਬਦਾਰ ਪਹਿਰਾਵਾ ਤੇ ਬਣ-ਠਣ ਕੇ ਰਹਿਣ ਦਾ ਸਲੀਕਾ ਵੇਖ ਕੇ ਮੈਨੂੰ ਉਸ ’ਤੇ ਰਸ਼ਕ ਆਉਂਦਾ ਹੈ। ਮੈਂ ਇਸ ਵਾਰ ਉਸ ਨੂੰ ਪੁੱਛ ਹੀ ਲਿਆ, “ਅੰਮਾ! ਮੈਂ ਸੋਚਦੀ ਹਾਂ, ਭਲਾ ਜਦੋਂ ਤੇਰੀ ਜ਼ਿੰਦਗੀ ਦੀ ਸ਼ਾਮ ਇੰਨੀ ਹੁਸੀਨ ਹੈ ਤਾਂ ਤੇਰੇ ਜੀਵਨ ਦੀ ਸਵੇਰ ਤੇ ਦੁਪਹਿਰ ਕਿੰਨੀ ਸੁਹਾਵਣੀ ਰਹੀ ਹੋਵੇਗੀ?” ਇਸ ਸਵਾਲ ਦੇ ਜਵਾਬ ਵਿੱਚ ਉਹ ਉਦਾਸ ਹੋ ਗਈ ਤੇ ਹਾਉਕਾ ਜਿਹਾ ਭਰ ਕੇ ਉਸ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ, “ਪਤਾ ਨਹੀਂ ਉਹ ਕਿਹੜੀ ਤਿੱਥ ਤੇ ਕਿਹੜਾ ਦਿਨ ਸੀ, ਮਾਂ ਦੇ ਦੱਸਣ ਅਨੁਸਾਰ ਜਦ ਮੇਰੇ ਜਨਮ ਦਾ ਸੁਣ ਕੇ ਮੇਰੀ ਦਾਦੀ ਨੇ ਮੈਨੂੰ ਤੀਜਾ ਪੱਥਰ ਆਖ ਕੇ ਪਿੱਟ ਪਿੱਟ ਆਪਣੀ ਛਾਤੀ ਲਾਲ ਕਰ ਲਈ ਸੀ ਤੇ ਮੇਰਾ ਤੇ ਮੇਰੀ ਮਾਂ
ਦਾ ਮੰਜਾ ਧੂਹ ਕੇ ਡੰਗਰਾਂ ਵਾਲੀ ਕੋਠੜੀ ਵਿੱਚ ਕਰ ਦਿੱਤਾ ਸੀ ਤੇ ਫਿਰ ਕਿੰਨੇ ਹੀ ਦਿਨ ਕਿਸੇ ਨੇ ਸਾਡੀ ਬਾਤ ਨਾ ਪੁੱਛੀ...।”
ਪੁਰਾਣੀ ਪੀੜ੍ਹੀ ਦੇ ਸਾਹਿਤਕਾਰ ਅਤੇ ਪਾਠਕ ਉਸ ਦੇ ਜੀਵਨ ਤੋਂ ਜਾਣੂੰ ਹਨ, ਪਰ ਨਵਿਆਂ ਦੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਹੈ ਕਿ ਬਚਿੰਤ ਕੌਰ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੜੋ ਵਿੱਚ (ਲਗਭਗ) 1940 ਵਿੱਚ ਹੋਇਆ ਸੀ। ਉਸ ਦੀ ਸ਼ਾਦੀ ਬਾਲ ਵਿਆਹ ਵਾਂਗ 11 ਸਾਲ ਦੀ ਉਮਰ ਵਿੱਚ ਹੀ ਦਿੱਲੀ ਦੇ ਸਰਦਾਰਾਂ ਦੇ ਮੁੰਡੇ ਸਾਧੂ ਸਿੰਘ ਨਾਲ ਹੋ ਗਈ ਸੀ।
ਇੱਥੋਂ ਹੀ ਸ਼ੁਰੂ ਹੋਈ ਉਸ ਦੇ ਸੰਘਰਸ਼ ਦੀ ਕਹਾਣੀ। ਚੌਦਾਂ ਸਾਲ ਦੀ ਉਮਰ ਵਿੱਚ ਹੀ ਉਹ ਪਹਿਲੇ ਬੱਚੇ ਦੀ ਮਾਂ ਬਣ ਗਈ ਸੀ। ਪਤੀ ਦੇ ਬੇਰੁਜ਼ਗਾਰ ਤੇ ਬੇਪ੍ਰਵਾਹ ਹੋਣ ਕਾਰਨ ਘਰ ਦੀ ਸਾਰੀ ਕਬੀਲਦਾਰੀ ਦਾ ਬੋਝ ਬਚਿੰਤ ਕੌਰ ਦੇ ਸਿਰ ’ਤੇ ਆ ਗਿਆ। ਹਾਲਾਤ ਨੇ ਕੁਝ ਅਜਿਹਾ ਮੋੜ ਲਿਆ ਕਿ ਉਸ ਨੂੰ ਆਪਣੇ ਤਿੰਨਾਂ ਬੱਚਿਆਂ ਤੇ ਬਾਕੀ ਸਹੁਰੇ ਪਰਿਵਾਰ ਸਮੇਤ 1961-62 ਦੇ ਆਸ-ਪਾਸ ਦਿੱਲੀ ਦੇ ਨਿਊ ਰਜਿੰਦਰ ਨਗਰ ਵਿੱਚ ਇੱਕ ਝੁੱਗੀ-ਝੌਂਪੜੀ ਨੁਮਾ ਛੱਤ ਹੇਠ ਰਹਿਣਾ ਪਿਆ। ਵਿਆਹ ਵੇਲੇ ਤੱਕ ਉਹ ਸਿਰਫ਼ ਚਾਰ ਜਮਾਤਾਂ ਹੀ ਪੜ੍ਹੀ ਹੋਈ ਸੀ। ਵਿਦਿਆ ਪ੍ਰਾਪਤੀ ਦੀ ਰੀਝ ਪੂਰੀ ਕਰਨ ਲਈ ਉਸ ਨੇ ਆਪਣੀ ਧੀ ਦੇ ਨਾਲ ਉਸ ਦੇ ਸਕੂਲ ਵਿੱਚ ਫਿਰ ਤੋਂ ਦਾਖ਼ਲਾ ਲੈ ਲਿਆ। ਦਿਨ ਵੇਲੇ ਉਹ ਸਾਈਕਲ ’ਤੇ ਦੁੱਧ ਦੇ ਡਿਪੂ ਜਾਂ ਫਿਰ ਸੇਲਜ਼ ਗਰਲ ਵਜੋਂ ਕਿਸੇ ਦੁਕਾਨ ’ਤੇ ਕੰਮ ਕਰਨ ਲਈ ਜਾਂਦੀ ਤੇ ਰਾਤ ਨੂੰ ਆਪਣੀ ਝੁੱਗੀ ਦੇ ਬਾਹਰ ਲੱਗੀ ਸਟਰੀਟ ਲਾਈਟ ਦੇ ਚਾਨਣ ’ਚ ਪੜ੍ਹਾਈ ਕਰਦੀ। ਉਹ ਅਕਸਰ ਇਹ ਗੱਲ ਸਾਰਿਆਂ ਨਾਲ ਸਾਂਝੀ ਕਰਦੀ ਹੈ ਕਿ ਉਸ ਨੇ ਬਹੁਤ ਛੋਟੀ ਹੁੰਦੀ ਨੇ ਕਿਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਇੱਕ ਰਚਨਾ ‘ਕੰਮ ਦੀ ਚੋਣ’ ਪੜ੍ਹੀ ਹੋਈ ਸੀ। ਉਸ ਦਾ ਸਾਰ ਤੱਤ ਹਮੇਸ਼ਾ ਲਈ ਉਸ ਦੇ ਮਨ ਮਸਤਕ ਵਿੱਚ ਉੱਕਰਿਆ ਗਿਆ ਕਿ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ। ਇਸੇ ਤਰ੍ਹਾਂ ਉਸ ਨੇ ਜਿਵੇਂ ਦਾ ਵੀ ਕੰਮ ਮਿਲਿਆ ਉਹ ਕੀਤਾ ਤੇ ਨਾਲ ਨਾਲ ਦਸਵੀਂ ਤੋਂ ਲੈ ਕੇ ਬੀ.ਏ. ਤੇ ਫਿਰ ਐੱਮ.ਫਿਲ. ਤੱਕ ਦੀ ਪੜ੍ਹਾਈ ਮੁਕੰਮਲ ਕੀਤੀ। 1965 ਵਿੱਚ ਜਦ ਇੰਡੀਅਨ ਕੌਂਸਲ ਔਫ ਐਗਰੀਕਲਚਰ ਰਿਸਰਚ (ਆਈ ਸੀ ਏ ਆਰ) ਨਵੀਂ ਦਿੱਲੀ ਵਿੱਚ ਨੌਕਰੀ ਮਿਲੀ ਤਾਂ ਜਾ ਕੇ ਉਸ ਦੇ ਹਾਲਾਤ ਕੁਝ ਸੁਖਾਲੇ ਹੋਏ। ਇਸ ਤੋਂ ਬਾਅਦ ਉਸਦੇ ਪਤੀ ਨੂੰ ਵੀ ਕੌਟੇਜ ਇੰਪੋਰੀਅਮ ਵਿੱਚ ਟੇਲਰਿੰਗ ਦਾ ਵਧੀਆ ਕੰਮ ਮਿਲ ਗਿਆ ਕਿਉਂਕਿ ਉਸ ਨੂੰ ਇਸ ਕੰਮ ਵਿੱਚ ਮੁਹਾਰਤ ਹਾਸਲ ਸੀ।
ਸੰਘਰਸ਼ ਦੀ ਰੁੱਤੇ ਹੀ ਉਸ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸ਼ੁਰੂ ਵਿੱਚ ਕੁਝ ਕਹਾਣੀਆਂ ਉਸ ਨੇ ਆਪਣੇ ਘਰੇਲੂ ਹਾਲਾਤ ’ਤੇ ਹੀ ਬਦਲੇ ਹੋਏ ਸਾਹਿਤਕ ਨਾਮ ਹੇਠ ਲਿਖੀਆਂ, ਜੋ ਕਿ ਮੈਗਜ਼ੀਨਾਂ ਵਿੱਚ ਛਪਣ ਲੱਗੀਆਂ। ਉਸ ਦੀ ਇੱਕ ਪੁਸਤਕ ‘ਭੁੱਬਲ ਦੀ ਅੱਗ’ ਯੂਨੀਵਰਸਿਟੀ ਦੇ ਬੀ.ਏ. ਦੇ ਕੋਰਸ ਵਿੱਚ ਵਿਦਿਆਰਥੀਆਂ ਨੇ ਕਈ ਸਾਲਾਂ ਤੱਕ ਪੜ੍ਹੀ। ਜਦ ਉਹ ਸਾਹਿਤ ਦੇ ਅੰਬਰ ਵਿੱਚ ਵਿਚਰਨ ਲੱਗੀ ਤਾਂ ਉਸ ਦੀਆਂ ਰਚਨਾਵਾਂ ਦੀਆਂ ਧੁੰਮਾਂ ਕੈਨੇਡਾ ਤੱਕ ਵੀ ਪੈ ਗਈਆਂ। ‘ਇੰਡੋ-ਕੈਨੇਡੀਅਨ ਟਾਈਮਜ਼’ ਪਰਚੇ ਵਿੱਚ ਉਸ ਦੀਆਂ ਕਹਾਣੀਆਂ ਛਪੀਆਂ ਅਤੇ ਸਵੈ-ਜੀਵਨੀ ‘ਪਗਡੰਡੀਆਂ’ ਕਿਸ਼ਤਵਾਰ ਛਪਣ ਲੱਗੀ। ਸੰਨ 1975 ਵਿੱਚ ਅੰਮ੍ਰਿਤਾ ਪ੍ਰੀਤਮ ਨੇ ਇਹ ਸਵੈ-ਜੀਵਨੀ ‘ਨਾਗਮਣੀ’ ਵਿੱਚ 27 ਕਿਸ਼ਤਾਂ ਵਿੱਚ ਛਾਪੀ। ਕਿਤਾਬ ਦੇ ਰੂਪ ਵਿੱਚ ਆਉਣ ਪਿੱਛੋਂ 1993-94 ਵਿੱਚ ਇਹ ਸਵੈ-ਜੀਵਨੀ ਜਲੰਧਰੋਂ ਛਪਦੇ ਤਿੰਨ ਅਖ਼ਬਾਰਾਂ ਵਿੱਚ ਇੱਕੋ ਸਮੇਂ ਲਗਾਤਾਰ ਐਤਵਾਰ ਦੇ ਐਡੀਸ਼ਨਾਂ ਵਿੱਚ ਛਪਦੀ ਰਹੀ।
ਬਚਿੰਤ ਕੌਰ ਦੀਆਂ ਹੁਣ ਤੱਕ 72 ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ ਕਹਾਣੀ ਸੰਗ੍ਰਹਿ, ਕਵਿਤਾ, ਰੇਖਾ ਚਿੱਤਰ ਨਾਵਲ, ਸਵੈ-ਜੀਵਨੀ, ਬਾਲ ਸਾਹਿਤ, ਸਫ਼ਰਨਾਮਾ, ਡਾਇਰੀ ਮੁਲਾਕਾਤਾਂ ਆਦਿ ਸਭ ਸ਼ਾਮਲ ਹਨ। ਉਸ ਦੀਆਂ ਲੋਕ ਗੀਤਾਂ ਦੀਆਂ ਵੀ ਪੰਜ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਉਸ ਦੀਆਂ ਕਹਾਣੀਆਂ ’ਤੇ ਦੂਰਦਰਸ਼ਨ ਨੇ ਨਾਟਕ ਪ੍ਰਸਾਰਿਤ ਕੀਤੇ।
ਉਸ ਦੀਆਂ ਰਚਨਾਵਾਂ ਰੂਸੀ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤੀਆਂ ਗਈਆਂ। ਸਰਕਾਰੀ ਨੌਕਰੀ ਦੌਰਾਨ ਉਸ ਨੇ ਸ਼ੌਕ ਵਜੋਂ ਥੀਏਟਰ ਤੇ ਖੇਡਾਂ ਦੇ ਖੇਤਰ ਵਿੱਚ ਵੀ ਪ੍ਰਸ਼ੰਸਾ ਹਾਸਲ ਕੀਤੀ। ਇਸ ਤਰ੍ਹਾਂ ਉਸ ਨੇ ਸਾਡੇ ਸਾਰਿਆਂ ਲਈ ਜ਼ਿੰਦਗੀ ਨੂੰ ਭਰਪੂਰਤਾ ਨਾਲ ਜਿਊਣ ਦੀ ਮਿਸਾਲ ਕਾਇਮ ਕੀਤੀ। ਉਸ ਦੀਆਂ ਸਾਹਿਤਕ ਪ੍ਰਾਪਤੀਆਂ ਕਾਰਨ ਮਿਲਣ ਵਾਲੇ ਇਨਾਮ-ਸਨਮਾਨਾਂ ਦੀ ਸੂਚੀ ਬਹੁਤ ਲੰਮੀ ਹੈ। ਇਨ੍ਹਾਂ ਵਿੱਚ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਸਾਹਿਤਕਾਰ ਐਵਾਰਡ, ਪੰਜਾਬੀ ਅਕਾਦਮੀ ਦਿੱਲੀ ਦਾ ਪਰਮ ਸਾਹਿਤਕਾਰ ਐਵਾਰਡ ਅਤੇ ਇੰਡੋ-ਕੈਨੇਡੀਅਨ ਟਾਈਮਜ਼ ਵੱਲੋਂ ਸਰਸਵਤੀ ਐਵਾਰਡ ਵਿਸ਼ੇਸ਼ ਹਨ। ਦੂਰਦਰਸ਼ਨ ਜਲੰਧਰ ਅਤੇ ਨੈਸ਼ਨਲ ਬੁੱਕ ਟਰੱਸਟ ਦਿੱਲੀ ਨੇ ਵੀ ਉਸ ਨੂੰ ਐਵਾਰਡਾਂ ਨਾਲ ਸਨਮਾਨਿਆ।
ਉਹ ਪਰਿਵਾਰ ਸਮੇਤ ਕਾਫ਼ੀ ਸਮਾਂ ਅਮਰੀਕਾ ਵੀ ਰਹੀ। ਵਿਆਹ ਦੇ ਸ਼ੁਰੂਆਤੀ ਵਰ੍ਹਿਆਂ ਵਿੱਚ ਚਾਹੇ ਉਸਦਾ ਆਪਣੇ ਪਤੀ ਨਾਲ ਸਫ਼ਰ ਸੁਖਾਲਾ ਨਹੀਂ ਬਤੀਤ ਹੋ ਸਕਿਆ, ਪਰ ਸਮੇਂ ਨਾਲ ਇਹ ਸਬੰਧ ਦੋਸਤਾਨਾ ਹੋ ਗਏ ਸਨ। ਉਸ ਦੇ ਪਤੀ ਨੂੰ ਦੇਰ ਨਾਲ ਹੀ ਸਹੀ, ਪਰ ਆਪਣੀ ਪਤਨੀ ਨਾਲ ਹੋਈਆਂ ਵਧੀਕੀਆਂ ਦਾ ਅਹਿਸਾਸ ਜ਼ਰੂਰ ਹੋ ਗਿਆ ਸੀ। 1996 ਦੀ ਇੱਕ ਸਵੇਰ ਨੂੰ ਆਪਣੇ ਪੁੱਤਰ ਕੋਲ ਅਮਰੀਕਾ ਰਹਿੰਦਿਆਂ ਹੀ ਉਸ ਦੇ ਪਤੀ ਦਾ ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ। ਬਚਿੰਤ ਕੌਰ ਉਸ ਵੇਲੇ ਦਿੱਲੀ ਰਹਿ ਰਹੀ ਸੀ। ਜ਼ਿੰਦਗੀ ਦੀ ਹਰ ਲੜਾਈ ਜ਼ਿੰਦਾਦਿਲੀ ਨਾਲ ਲੜਨ ਵਾਲੀ ਉਸ ਦਲੇਰ ਔਰਤ ਨੂੰ ਪਤੀ ਦੀ ਬੇਵਕਤ ਮੌਤ ਨੇ ਬੇਹੱਦ ਉਦਾਸ ਕਰ ਦਿੱਤਾ।
ਉਸ ਕੋਲ ਅਮਰੀਕਾ ਦੀ ਨਾਗਰਿਕਤਾ ਹੋਣ ਦੇ ਬਾਵਜੂਦ ਉਸ ਦਾ ਉੱਥੇ ਜਾ ਕੇ ਰਹਿਣ ਤੋਂ ਮਨ ਹਮੇਸ਼ਾ ਲਈ ਉਚਾਟ ਹੋ ਗਿਆ। ਪਤੀ ਦੀ ਮੌਤ ਤੋਂ ਬਾਅਦ ਉਹ ਜਦੋਂ ਵੀ ਅਮਰੀਕਾ ਜਾ ਕੇ ਰਹੀ ਬਸ ਅਣਮੰਨੇ ਜਿਹੇ ਮਨ ਨਾਲ ਤੇ ਅਖੀਰ ਉਸ ਨੇ ਆਪਣੀ ਜ਼ਿੰਦਗੀ ਦਾ ਇੱਕ ਸੂਝਵਾਨ ਫ਼ੈਸਲਾ ਲਿਆ। ਨਾ ਤਾਂ ਉਸ ਨੇ ਦੋਵਾਂ ਧੀਆਂ ਕੋਲ ਦਿੱਲੀ ਰਹਿਣਾ ਠੀਕ ਸਮਝਿਆ ਤੇ ਨਾ ਹੀ ਵਿਦੇਸ਼ੀ ਧਰਤੀ ’ਤੇ ਨੂੰਹ-ਪੁੱਤਰ ਕੋਲ। ਉਸ ਨੇ ਆਪਣੀ ਆਸਥਾ ਅਨੁਸਾਰ ਰਹਿੰਦੀ ਜ਼ਿੰਦਗੀ ਚੈਰੀਟੇਬਲ ਹਸਪਤਾਲ, ਬਿਆਸ ਵਿਖੇ ਸੇਵਾ ਕਰਨ ਦਾ ਫ਼ੈਸਲਾ ਲੈ ਲਿਆ। ਇੱਥੇ ਬਤੌਰ ਹੋਸਟਲ ਵਾਰਡਨ ਬਿਤਾਏ 12 ਸਾਲਾਂ ਨੂੰ ਉਹ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਮੰਨਦੀ ਹੈ। ਵਡੇਰੀ ਉਮਰ ਕਾਰਨ ਹੁਣ ਉਹ ਇਸ ਸੇਵਾ ਤੋਂ ਵੀ ਸੇਵਾਮੁਕਤ ਹੋ ਗਈ ਹੈ।
ਮਿਲਾਪੜੇ ਤੇ ਹਸਮੁਖ ਸੁਭਾਅ ਦੇ ਨਾਲ ਨਾਲ ਜੋ ਇੱਕ ਖ਼ਾਸ ਗੁਣ ਸਾਰਿਆਂ ਦਾ ਮਨ ਮੋਹ ਲੈਂਦਾ ਹੈ ਉਹ ਹੈ ਉਸ ਦੀ ਮਾਸੂਮੀਅਤ। ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਉਸ ਨੂੰ ਬਹੁਤੀ ਜਾਣਕਾਰੀ ਨਹੀਂ। ਉੱਤੋਂ ਸਮਾਰਟ ਫੋਨ ਦਾ ਗੁੰਝਲਦਾਰ ਤਾਣਾ-ਬਾਣਾ ਉਸ ਨੂੰ ਵਖ਼ਤ ਪਾਈ ਰੱਖਦਾ ਹੈ।
ਇੱਕ ਦਿਨ ਮੈਨੂੰ ਕਹਿਣ ਲੱਗੀ, ‘‘ਬੇਟਾ ਦੱਸ ਮੈਂ ਕੀ ਕਰਾਂ! ਫੇਸਬੁੱਕ ਵਾਲੇ ਵੀ ਮੈਨੂੰ ਆਖਦੇ ਹਨ ਕਿ ਤੂੰ ਆਪਣੀਆਂ ਨਵੀਆਂ ਕਹਾਣੀਆਂ ਲਿਖ ਕੇ ਇੱਥੇ ਪਾਇਆ ਕਰ। ਮੇਰੇ ਕੋਲੋਂ ਹੁਣ ਲਿਖਿਆ ਨਹੀਂ ਜਾਂਦਾ ਕੁਝ।’’
ਮੈਂ ਕਿਹਾ, ‘‘ਲਿਆ ਅੰਮਾ! ਦਿਖਾ ਤਾਂ ਕੌਣ
ਕਹਿੰਦਾ ਹੈ?’’
ਮੈਂ ਫੋਨ ਦੇਖਿਆ ਤਾਂ ਅੱਗੇ ਫੇਸਬੁੱਕ ਪ੍ਰੋਫਾਈਲ ’ਤੇ ਲਿਖਿਆ ਆ ਰਿਹਾ ਸੀ: Create your story...
ਇਸ ਤਰ੍ਹਾਂ ਉਹ ਜ਼ਿੰਦਗੀ ਦੀ ਰਾਹ ’ਤੇ ਤੁਰਦਿਆਂ ਧੁਆਂਖੀ ਜਿਹੀ ਸਵੇਰ ਤੇ ਤਪਦੀ ਦੁਪਹਿਰ ਨੂੰ ਹੰਢਾਉਂਦਿਆਂ ਸੁਰਮਈ ਸ਼ਾਮ ਤੱਕ ਪਹੁੰਚੀ ਹੋਈ ਕਦੇ ਕਦੇ ਉਦਾਸ ਹੋ ਜਾਂਦੀ ਹੈ ਤੇ ਆਪਣੇ ਕੁਆਰਟਰ ਦੇ ਬਾਹਰ ਬਣੇ ਪਾਰਕ ਦੇ ਬੈਂਚ ’ਤੇ ਬੈਠ ਕੇ ਅਕਸਰ ਆਪਣਾ ਮਨਪਸੰਦ ਫਿਲਮੀ ਗੀਤ ਗੁਣਗੁਣਾਉਂਦੀ ਰਹਿੰਦੀ ਹੈ:
ਪਰਬਤੋਂ ਕੇ ਪੇੜੋਂ ਪਰ, ਸ਼ਾਮ ਕਾ ਬਸੇਰਾ ਹੈ
ਸੁਰਮਈ ਉਜਾਲਾ ਹੈ, ਚੰਪਈ ਅੰਧੇਰਾ ਹੈ
ਦੋਨੋਂ ਵਕਤ ਮਿਲਤੇ ਹੈਂ, ਦੋ ਦਿਲੋਂ ਕੀ ਸੂਰਤ ਸੇ
ਆਸਮਾਂ ਨੇ ਖ਼ੁਸ਼ ਹੋ ਕਰ, ਰੰਗ ਸਾ ਬਿਖੇਰਾ ਹੈ।
ਸੰਪਰਕ: 70878-61470

