ਬੇਬੇ ਦੇ ਬੋਲ...
ਕੁਝ ਲੋਕ ਆਪਣੀ ਜ਼ਿੰਦਗੀ ’ਚ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਪਰ ਕੁਝ ਲੋਕ ਬਿਨਾਂ ਕਿਸੇ ਸ਼ੋਰ-ਸ਼ਰਾਬੇ ਤੋਂ ਆਪਣੀ ਪੂਰੀ ਜ਼ਿੰਦਗੀ ਸੰਘਰਸ਼ ਅਤੇ ਹਿੰਮਤ ਦੀ ਮਿਸਾਲ ਬਣ ਕੇ ਜਿਊਂਦੇ ਹਨ। ਮੇਰੀ ਬੇਬੇ ਵੀ ਅਜਿਹੀ ਹੀ ਸ਼ਖ਼ਸੀਅਤ ਦੀ ਮਾਲਕ ਸੀ। ਉਸ ਦਾ ਸੁਭਾਅ...
ਕੁਝ ਲੋਕ ਆਪਣੀ ਜ਼ਿੰਦਗੀ ’ਚ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਪਰ ਕੁਝ ਲੋਕ ਬਿਨਾਂ ਕਿਸੇ ਸ਼ੋਰ-ਸ਼ਰਾਬੇ ਤੋਂ ਆਪਣੀ ਪੂਰੀ ਜ਼ਿੰਦਗੀ ਸੰਘਰਸ਼ ਅਤੇ ਹਿੰਮਤ ਦੀ ਮਿਸਾਲ ਬਣ ਕੇ ਜਿਊਂਦੇ ਹਨ। ਮੇਰੀ ਬੇਬੇ ਵੀ ਅਜਿਹੀ ਹੀ ਸ਼ਖ਼ਸੀਅਤ ਦੀ ਮਾਲਕ ਸੀ। ਉਸ ਦਾ ਸੁਭਾਅ ਅਜਿਹਾ ਸੀ ਕਿ ਗੱਲ ਸਿੱਧੀ ਕਰਦੀ ਸੀ, ਕਿਸੇ ਦੀ ਝੂਠੀ ਚਾਪਲੂਸੀ ਉਸ ਨੂੰ ਪਸੰਦ ਨਹੀਂ ਸੀ। ਉਹ ਬੜੀ ਬਹਾਦਰ, ਮਿਹਨਤੀ ਅਤੇ ਆਪਣੇ ਲੋਕਾਂ ਲਈ ਜਾਨ ਨਿਛਾਵਰ ਕਰਨ ਵਾਲੀ ਔਰਤ ਸੀ। ਅੱਜ ਜਦੋਂ ਮੈਂ ਉਸ ਦੀ ਜ਼ਿੰਦਗੀ ਨੂੰ ਯਾਦ ਕਰਦਾ ਹਾਂ ਤਾਂ ਲੱਗਦਾ ਹੈ ਕਿ ਉਹ ਕੋਈ ਆਮ ਔਰਤ ਨਹੀਂ ਸੀ। ਉਸ ਨੇ ਗ਼ਰੀਬੀ, ਮਿਹਨਤ, ਦੁੱਖ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨਾਲ ਜੂਝਦਿਆਂ ਆਪਣੀ ਪੂਰੀ ਜ਼ਿੰਦਗੀ ਕੱਟੀ ਸੀ। ਬੇਬੇ ਆਪਣੇ ਬਚਪਨ ਦੀਆਂ ਗੱਲਾਂ ਅਕਸਰ ਸੁਣਾਇਆ ਕਰਦੀ ਸੀ। ਉਹ ਦੱਸਦੀ ਹੁੰਦੀ ਸੀ, ‘‘ਮੈਂ ਆਪਣੇ ਦੋਵੇਂ ਭਰਾਵਾਂ ਨਾਲ ਮਿਲ ਕੇ ਇੱਟਾਂ ਬਣਾਉਣ ਦਾ ਕੰਮ ਕਰਦੀ ਸੀ। ਉਹ ਸਮਾਂ ਅੱਜ ਵਾਂਗ ਸੁਖਾਲਾ ਨਹੀਂ ਸੀ। ਮਜ਼ਦੂਰੀ ਬਹੁਤ ਥੋੜ੍ਹੀ ਹੁੰਦੀ ਸੀ।’’ ਬੇਬੇ ਦੱਸਦੀ ਹੁੰਦੀ ਸੀ, ‘‘ਉਦੋਂ ਇੱਕ ਹਜ਼ਾਰ ਇੱਟਾਂ ਬਣਾਉਣ ਦੇ ਸਿਰਫ਼ 75 ਰੁਪਏ ਮਿਲਦੇ ਸਨ ਤੇ ਅਸੀਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਜਾ ਕੇ ਭੱਠਿਆਂ ’ਤੇ ਕੰਮ ਕਰਦੇ ਸਾਂ। ਸਵੇਰੇ ਚਾਰ ਵਜੇ ਉੱਠਣਾ, ਮਿੱਟੀ ਗੁੰਨ੍ਹਣੀ, ਇੱਟਾਂ ਤਿਆਰ ਕਰਨੀਆਂ ਅਤੇ ਦਿਨ ਭਰ ਧੁੱਪ ’ਚ ਕੰਮ ਕਰਨਾ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਸੀ।’’ ਬੇਬੇ ਕਹਿੰਦੀ ਹੁੰਦੀ ਸੀ, ‘‘ਉਹ ਸਮਾਂ ਮਿਹਨਤ ਦਾ ਸੀ, ਜਿਸ ਦਿਨ ਕੰਮ ਨਹੀਂ ਕਰਦੇ ਸਾਂ, ਚੁੱਲ੍ਹਾ ਨਹੀਂ ਸੀ ਮਘਦਾ।’’
ਬੇਬੇ ਆਪਣੇ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਸੀ ਕਿਉਂਕਿ ਉਸ ਲਈ ਸਿਰਫ਼ ਇੱਕ ਗੱਲ ਅਹਿਮ ਸੀ- ਪਰਿਵਾਰ ਦਾ ਗੁਜ਼ਾਰਾ ਕਰਨਾ। ਉਸ ਦੀ ਰੱਬ ਵਿੱਚ ਡੂੰਘੀ ਆਸਥਾ ਸੀ, ਪਰ ਦਿਖਾਵੇ ਵਾਲੀ ਭਗਤੀ ਉਸ ਨੂੰ ਕਦੇ ਪਸੰਦ ਨਹੀਂ ਸੀ। ਉਹ ਕਹਿੰਦੀ ਸੀ, “ਰੱਬ ਦਿਲ ਵਿੱਚ ਵੱਸਦਾ ਹੈ।” ਇਹ ਗੱਲ ਉਸ ਦੇ ਸਾਰੇ ਜੀਵਨ ਵਿੱਚ ਨਜ਼ਰ ਆਉਂਦੀ ਰਹੀ। ਉਹ ਮਿਹਨਤ ਨੂੰ ਹੀ ਸਭ ਤੋਂ ਵੱਡੀ ਇਬਾਦਤ ਮੰਨਦੀ ਸੀ। ਵਿਆਹ ਤੋਂ ਬਾਅਦ ਵੀ ਉਸ ਦੀ ਜ਼ਿੰਦਗੀ ਸੌਖੀ ਨਹੀਂ ਰਹੀ। ਘਰ ਦੀਆਂ ਜ਼ਿੰਮੇਵਾਰੀਆਂ ਬਹੁਤ ਸਨ। ਉਸ ਨੇ ਪਹਿਲਾਂ ਤੋਂ ਚੱਲੀ ਆ ਰਹੀ ਪਸ਼ੂ ਪਾਲਣ ਦੀ ਰੀਤ ਨੂੰ ਅੱਗੇ ਤੋਰਿਆ। ਘਰ ’ਚ ਪਸ਼ੂ ਸੰਭਾਲਣੇ, ਦੁੱਧ ਦਾ ਕੰਮ ਕਰਨਾ, ਖੇਤਾਂ ਵਿੱਚ ਕਣਕਾਂ ਦੀ ਵਾਢੀ ਕਰਨੀ, ਝੋਨਾ ਲਾਉਣਾ- ਹਰ ਕੰਮ ਵਿੱਚ ਉਹ ਅੱਗੇ ਰਹਿੰਦੀ ਸੀ। ਜਦੋਂ ਲੋੜ ਪਈ ਤਾਂ ਉਸ ਨੇ ਦਿਹਾੜੀਆਂ ਵੀ ਕੀਤੀਆਂ। ਉਸ ਨੇ ਕਦੇ ਕੰਮ ਤੋਂ ਮੂੰਹ ਨਹੀਂ ਮੋੜਿਆ। ਫਿਰ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਆਇਆ- ਬਾਪੂ ਦਾ ਚਲਾਣਾ, ਪਰ ਇਹ ਦੁੱਖ ਵੀ ਬੇਬੇ ਨੂੰ ਤੋੜ ਨਾ ਸਕਿਆ। ਬਾਪੂ ਦੇ ਮੁੱਕ ਜਾਣ ਤੋਂ ਬਾਅਦ ਲਗਪਗ 32 ਸਾਲ ਉਹ ਇਕੱਲੀ ਹੀ ਘਰ ਦਾ ਸਹਾਰਾ ਬਣ ਕੇ ਖੜ੍ਹੀ ਰਹੀ। ਉਸ ਨੇ ਦੁੱਖਾਂ ਸਾਹਮਣੇ ਕਦੇ ਹਾਰ ਨਹੀਂ ਮੰਨੀ। ਉਹ ਆਪਣੇ ਪਰਿਵਾਰ ਲਈ ਇੱਕ ਰੁੱਖ ਵਾਂਗ ਸੀ, ਜੋ ਹਰ ਤੂਫ਼ਾਨ ਆਪਣੇ ਸਿਰ ’ਤੇ ਸਹਿੰਦਾ ਹੈ। ਬੇਬੇ ਦੀ ਬਹਾਦਰੀ ਦੀ ਇੱਕ ਘਟਨਾ ਅੱਜ ਵੀ ਸਾਡੇ ਪਰਿਵਾਰ ਵਿੱਚ ਬੜੇ ਮਾਣ ਨਾਲ ਸੁਣਾਈ ਜਾਂਦੀ ਹੈ। ਇਹ ਘਟਨਾ ਉਸ ਦੇ ਨਿਡਰ ਸੁਭਾਅ ਦੀ ਸਭ ਤੋਂ ਵੱਡੀ ਮਿਸਾਲ ਹੈ।
ਬੇਬੇ ਦੱਸਦੀ ਹੁੰਦੀ ਸੀ, ‘‘ਮੇਰੇ ਵੱਡੇ ਭਰਾ-ਭਰਜਾਈ ਦੇ ਘਰ ਕਾਫ਼ੀ ਸਮੇਂ ਤੱਕ ਕੋਈ ਔਲਾਦ ਨਾ ਹੋਈ। ਫਿਰ ਉਨ੍ਹਾਂ (ਭਰਾ-ਭਰਜਾਈ) ਨੇ ਹਰਿਆਣੇ ਦੇ ਇੱਕ ਪ੍ਰਸਿੱਧ ਧਾਰਮਿਕ ਅਸਥਾਨ ’ਤੇ ਸੁੱਖਣਾ ਸੁੱਖੀ ਕਿ ਜੇ ਉਨ੍ਹਾਂ ਘਰ ਔਲਾਦ ਹੋਈ ਤਾਂ ਉਹ ਹਰ ਸਾਲ ਦੇਗ ਚੜ੍ਹਾਇਆ ਕਰਨਗੇ। ਆਖ਼ਰ ਰੱਬ ਨੇ ਉਨ੍ਹਾਂ ਦੀ ਸੁਣ ਲਈ ਅਤੇ ਮੇਰੇ ਭਰਾ-ਭਰਜਾਈ ਦੇ ਘਰ ਪੁੱਤਰ ਦਾ ਜਨਮ ਹੋਇਆ। ਉਸ ਬੱਚੇ ਦਾ ਨਾਮ ਬੂਟਾ ਰਾਮ ਰੱਖਿਆ ਗਿਆ।’’ ਬੂਟਾ ਰਾਮ ਨੂੰ ਸਾਡੀ ਬੇਬੇ ਨਾਲ ਬਹੁਤ ਲਗਾਅ ਸੀ। ਜਦੋਂ ਮੇਰੀ ਬੇਬੇ ਅਤੇ ਮਾਮਾ ਜੀ ਇੱਟਾਂ ਬਣਾਉਣ ਦਾ ਕੰਮ ਕਰਦੇ ਸਨ ਤਾਂ ਉਹ ਨਿੱਕਾ ਜਿਹਾ ਬੱਚਾ ਉਨ੍ਹਾਂ ਦੇ ਪਿੱਛੇ-ਪਿੱਛੇ ਫਿਰਦਾ ਰਹਿੰਦਾ ਸੀ। ਇੱਕ ਗੱਲ ਸਾਡੇ ਮਾਮਾ ਜੀ ਬੜੇ ਪਿਆਰ ਨਾਲ ਦੱਸਦੇ ਹੁੰਦੇ ਸਨ। ਉਹ ਦੱਸਦੇ ਸਨ ਕਿ ਇੱਕ ਵਾਰ ਉਹ ਵੱਡੀ ਨਹਿਰ ਨੇੜੇ ਇੱਟਾਂ ਬਣਾ ਰਹੇ ਸਨ। ਨਹਿਰ ਬਹੁਤ ਡੂੰਘੀ ਸੀ ਅਤੇ ਪਾਣੀ ਬੇਹੱਦ ਤੇਜ਼ ਵਗ ਰਿਹਾ ਸੀ। ਪਾਣੀ ਲੈਣ ਲਈ ਨਹਿਰ ਦੇ ਦੂਜੇ ਪਾਸੇ ਜਾਣਾ ਪੈਂਦਾ ਸੀ ਤੇ ਉਸ ਦਿਨ ਤੁਹਾਡੀ ਬੇਬੇ ਨਹਿਰ ਦੇ ਦੂਜੇ ਪਾਸੇ ਪਾਣੀ ਲੈਣ ਗਈ ਹੋਈ ਸੀ। ਉਧਰ, ਬੂਟਾ ਰਾਮ ਆਪਣੀ ਭੂਆ ਨੂੰ ਦੇਖ ਕੇ ਖ਼ੁਸ਼ ਹੋ ਰਿਹਾ ਸੀ। ਉਹ “ਭੂਆ ਕੋਲ ਜਾਣਾ... ਭੂਆ ਕੋਲ ਜਾਣਾ..!’’ ਕਹਿੰਦਾ ਹੋਇਆ ਨਹਿਰ ਵੱਲ ਭੱਜਿਆ। ਜਦੋਂ ਤੱਕ ਕਿਸੇ ਨੂੰ ਕੁਝ ਸਮਝ ਆਉਂਦੀ, ਉਹ ਨਹਿਰ ਵਿੱਚ ਜਾ ਡਿੱਗਿਆ। ਮਾਮਾ ਜੀ ਦੱਸਦੇ ਸਨ, ‘‘ਅਸੀਂ ਤਾਂ ਦੇਖਦੇ ਹੀ ਰਹਿ ਗਏ, ਸਾਡੇ ਹੱਥ-ਪੈਰ ਸੁੰਨ ਹੋ ਗਏ ਪਰ ਜਿਉਂ ਹੀ ਤੇਰੀ ਬੇਬੇ ਨੇ ਉਸ ਨੂੰ ਨਹਿਰ ਵਿੱਚ ਡਿੱਗਦੇ ਦੇਖਿਆ ਤਾਂ ਉਸ ਨੇ ਇੱਕ ਪਲ ਵੀ ਨਹੀਂ ਸੋਚਿਆ ਅਤੇ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ।’’
ਹੈਰਾਨੀ ਦੀ ਗੱਲ ਇਹ ਸੀ ਕਿ ਬੇਬੇ ਨੂੰ ਤੈਰਨਾ ਵੀ ਨਹੀਂ ਸੀ ਆਉਂਦਾ ਪਰ ਉਦੋਂ ਉਸ ਨੂੰ ਆਪਣੀ ਜਾਨ ਦੀ ਨਹੀਂ, ਸਿਰਫ਼ ਆਪਣੇ ਭਤੀਜੇ ਦੀ ਚਿੰਤਾ ਸੀ। ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬਦੀ-ਉੱਭਰਦੀ ਬੱਚੇ ਤੱਕ ਪਹੁੰਚੀ ਅਤੇ ਬੱਚੇ ਦਾ ਹੱਥ ਫੜ ਲਿਆ। ਫਿਰ ਹੱਥ-ਪੈਰ ਮਾਰਦੀ ਹੋਈ ਉਹ ਨਹਿਰ ਦੇ ਕੰਢੇ ਵੱਲ ਵਧਣ ਦੀ ਕੋਸ਼ਿਸ਼ ਕਰਦੀ ਰਹੀ। ਲਗਪਗ ਇੱਕ ਕਿਲੋਮੀਟਰ ਤੱਕ ਪਾਣੀ ਦੇ ਵਹਾਅ ਨਾਲ ਜੂਝਦਿਆਂ ਬੇਬੇ ਕਿਸੇ ਨਾ ਕਿਸੇ ਤਰ੍ਹਾਂ ਕੰਢੇ ਲੱਗ ਗਈ ਅਤੇ ਉਸ ਨੇ ਖ਼ੁਦ ਨੂੰ ਅਤੇ ਭਤੀਜੇ ਨੂੰ ਬਚਾ ਲਿਆ। ਉਦੋਂ ਇਲਾਕੇ ’ਚ ਇਸ ਘਟਨਾ ਦੀ ਬਹੁਤ ਚਰਚਾ ਹੋਈ ਸੀ। ਲੋਕ ਕਹਿੰਦੇ ਸਨ ਕਿ ਇਹ ਕੰਮ ਕੋਈ ਆਮ ਔਰਤ ਨਹੀਂ ਕਰ ਸਕਦੀ। ਜਦੋਂ ਵੀ ਅਸੀਂ ਮਾਮਾ ਜੀ ਦੇ ਘਰ ਜਾਂਦੇ, ਉਹ ਇਹ ਘਟਨਾ ਜ਼ਰੂਰ ਸੁਣਾਉਂਦੇ ਸਨ। ਉਹ ਕਹਿੰਦੇ ਸਨ, “ਤੇਰੀ ਬੇਬੇ ਨੇ ਆਪਣੀ ਜਾਨ ’ਤੇ ਖੇਡ ਕੇ ਆਪਣੇ ਭਤੀਜੇ ਨੂੰ ਬਚਾਇਆ ਸੀ।”
ਸਾਡੇ ਪਿੰਡ ਵਿੱਚ ਵੀ ਬੇਬੇ ਦਾ ਵੱਡਾ ਦਹਿਲ ਸੀ। ਪੂਰਾ ਮੁਹੱਲਾ ਉਸ ਦੀ ਇੱਜ਼ਤ ਕਰਦਾ ਸੀ। ਕੋਈ ਵੀ ਘਰ ਵੱਲ ਅੱਖ ਚੁੱਕ ਕੇ ਦੇਖਣ ਦੀ ਹਿੰਮਤ ਨਹੀਂ ਸੀ ਕਰਦਾ। ਉਸ ਦਾ ਸੁਭਾਅ ਕਾਫ਼ੀ ਸਖ਼ਤ ਸੀ। ਕਈ ਵਾਰ ਜੇ ਕੋਈ ਸਾਹਮਣੇ ਪਈ ਚੀਜ਼ ਮੰਗ ਲੈਂਦਾ ਤਾਂ ਉਹ ਸਿੱਧਾ ਇਨਕਾਰ ਕਰ ਦਿੰਦੀ ਸੀ ਪਰ ਜਿਨ੍ਹਾਂ ਨਾਲ ਉਸ ਦੀ ਸਾਂਝ ਪੈ ਜਾਂਦੀ ਸੀ, ਉਹ ਉਨ੍ਹਾਂ ਲਈ ਜਾਨ ਵੀ ਦੇ ਸਕਦੀ ਸੀ। ਉਹ ਆਮ ਲੋਕਾਂ ਵਰਗੀ ਨਹੀਂ ਸੀ। ਉਸ ਦਾ ਰਹਿਣ-ਸਹਿਣ, ਗੱਲ ਕਰਨ ਦਾ ਢੰਗ ਅਤੇ ਸੋਚ ਵੱਖਰੀ ਸੀ, ਪਰ ਇੱਕ ਗੱਲ ਪੱਕੀ ਸੀ ਕਿ ਉਹ ਦਿਲ ਦੀ ਬਹੁਤ ਸੱਚੀ ਸੀ। ਅੱਜ ਵੀ ਉਸ ਦੇ ਆਖ਼ਰੀ ਬੋਲ ਮੈਨੂੰ ਅੰਦਰੋਂ ਹਿਲਾ ਦਿੰਦੇ ਹਨ।
ਬੇਬੇ ਨੇ ਮਰਨ ਵੇਲੇ ਮੈਨੂੰ ਕਿਹਾ ਸੀ, “ਤੁਹਾਡੇ ਕੋਲ ਦੁਨੀਆ ਦੀ ਹਰ ਸ਼ੈਅ ਹੋਵੇਗੀ, ਪੈਸਾ ਵੀ ਹੋਵੇਗਾ... ਪਰ ਦਾਨ-ਪੁੰਨ ਜ਼ਰੂਰ ਕਰਦੇ ਰਹਿਣਾ।” ਉਸ ਦੇ ਇਹ ਬੋਲ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਹਨ। ਸੱਚ ਪੁੱਛੋ ਤਾਂ ਇਹੀ ਉਸ ਦੀ ਪੂਰੀ ਜ਼ਿੰਦਗੀ ਦਾ ਨਿਚੋੜ ਸੀ। ਮੇਰੀ ਬੇਬੇ ਭਾਵੇਂ ਅੱਜ ਇਸ ਦੁਨੀਆ ਵਿੱਚ ਨਹੀਂ ਹੈ, ਪਰ ਉਸ ਦੀ ਮਿਹਨਤ, ਬਹਾਦਰੀ, ਨਿਡਰ ਸੁਭਾਅ ਅਤੇ ਸਿੱਖਿਆਵਾਂ ਸਾਡੇ ਦਿਲਾਂ ਵਿੱਚ ਹਮੇਸ਼ਾ ਜਿਊਂਦੀਆਂ ਰਹਿਣਗੀਆਂ। ਉਹ ਸਾਡੇ ਲਈ ਸਿਰਫ਼ ਮਾਂ ਨਹੀਂ ਸੀ ਸਗੋਂ ਹੌਸਲਾ, ਮਿਸਾਲ ਅਤੇ ਇੱਕ ਯੁੱਗ ਸੀ।
ਸੰਪਰਕ: 95015-75511

