ਅਮਰਜੀਤ ਸਿੰਘ ਅਮਨੀਤ
ਪੰਜੇ ਦਰਿਆਵਾਂ ਦੇ ਜਾਇਓ! ਮੇਰੇ ਭਰਾਵੋ!!
ਹਾਕਮਾਂ ਨੇ ਸਾਨੂੰ ਇਹ
ਕਿਹੀ ਅਜ਼ਾਦੀ ਦਿੱਤੀ ਸੀ
ਕਿ ਸਾਡੇ ਅੰਦਰ ਦੇ ਪਸ਼ੂਆਂ ਦੇ
ਰੱਸੇ ਖੁੱਲ੍ਹ ਗਏ
ਤੇ ਅਸੀਂ ਪਸ਼ੂ ਹੋ ਵਰਤ ਗਏ
ਕੁਝ ਨਾ ਵਿਗੜਿਆ ਹਾਕਮਾਂ ਦਾ
ਅਸੀਂ ਆਪਣੇ ਢਿੱਡ ਆਪ ਹੀ ਪਾੜ ਲਏ
ਹਰ ਛੋਟੀ ਵੱਡੀ ਆਪਣੀ ਆਂਦਰ
ਆਪੇ ਖਿੱਚ ਖਿੱਚ
ਧਰਤ ਉੱਤੇ ਖਲਾਰ ਸੁੱਟੀ
ਚਲੋ ਆਪਾਂ ਗਲ਼ ਲੱਗ ਰੋਈਏ
ਮੋਏ ਪਿੱਤਰਾਂ ਦੇ ਕਲੇਜੇ
ਕੁਝ ਤਾਂ ਠੰਢ ਪਵੇ
ਚਲੋ ਧੁਰ ਅੰਦਰੋਂ ਰੋਈਏ
ਲੱਗੇ ਤੇ ਲਾਏ ਜ਼ਖ਼ਮਾਂ ’ਚੋਂ ਰੋਈਏ
ਪਿੱਤਰ ਸਾਡੇ ਖ਼ੂਨ ’ਚ ਸਮਾਏ ਹੋਏ
ਸਾਡੇ ਅੰਦਰ ਹੀ ਨੇ ਉਨ੍ਹਾਂ ਦੇ ਜ਼ਖ਼ਮ
ਉਨ੍ਹਾਂ ਦੀ ਲਾਹਣਤ
ਚਲੋ ਜ਼ਖ਼ਮਾਂ ’ਤੇ ਮੱਲ੍ਹਮਾਂ ਲਾਈਏ
ਕੁਝ ਕਰਜ਼ ਉਤਾਰੀਏ
ਚਲੋ ਮੰਨੀਏ
ਕਿ ਸਾਡੇ ਮਨਾਂ ’ਚ
ਜੰਗਲ ਜਾਗ ਪਏ ਸਨ
ਸਾਡੇ ਲਹੂ ’ਚ ਹਜ਼ਾਰਾਂ ਪਸ਼ੂ
ਦਹਾੜਨ ਲੱਗ ਪਏ ਸਨ
ਤੇ ਧੀਆਂ ਦੇ ਸਿਰਾਂ ’ਤੇ
ਰੱਖ ਹੋਣ ਵਾਲ਼ੇ ਸਾਡੇ ਹੱਥ
ਪਲਾਂ ’ਚ ਨਹੁੰਦਰਾਂ ਬਣ ਗਏ
ਤੇ ਅਸੀਂ ਬੰਦੇ ਨਹੀਂ ਸਾਂ ਰਹੇ
ਅਸੀਂ ਛਵੀਆਂ, ਤਲਵਾਰਾਂ, ਨੇਜ਼ਿਆਂ
ਬੱਸ ਹਥਿਆਰਾਂ ’ਚ ਬਦਲ ਗਏ ਸਾਂ
ਚਲੋ ਉਨ੍ਹਾਂ ਧੀਆਂ ਭੈਣਾਂ ਅੱਗੇ
ਗੋਡਿਆਂ ਭਾਰ ਹੀ ਨਾ ਬੈਠੀਏ
ਸਗੋਂ ਧਰਤੀ ’ਚ ਸਮਾ ਜਾਈਏ
ਜਿਨ੍ਹਾਂ ਨੂੰ ਬਾਬਲਾਂ, ਅੰਮੀਆਂ
ਤੇ ਛੋਟੇ ਭੈਣ ਭਰਾਵਾਂ ਕੋਲ਼ੋਂ
ਅਸੀਂ ਬੁਰਛੇ ਬਣ ਕੇ ਉਧਾਲ਼ਿਆ
ਤੇ ਆਪਣੇ ਸ਼ਮਲਿਆਂ ਉੱਤੇ
ਟੰਗ ਲਈਆਂ ਜਿਨ੍ਹਾਂ ਦੀਆਂ
ਅਸਮਤਾਂ ਦੀਆਂ ਪਾਟੀਆਂ ਚੁੰਨੀਆਂ
ਉਹ ਖੂਹਾਂ ’ਚ ਨਹੀਂ ਸਨ ਡਿੱਗੀਆਂ
ਅਸੀਂ ਹੀ ਪਤਾਲ਼ੀਂ ਗਰਕ ਗਏ ਸਾਂ
ਚਲੋ ਬਾਹਾਂ ਖਲ੍ਹਾਰ ਕੇ
ਤੇ ਅੱਖਾਂ ਝੁਕਾ ਕੇ ਭੁੱਬਾਂ ਮਾਰ ਰੋਈਏ
ਤੇ ਉਹ ਹਾਕਮਾਂ ਦੇ ਮੀਸਣੇ ਸਮਝੌਤਿਆਂ ਨਾਲ਼
ਜੋ ਘਰੋਂ ਬੇਘਰ ਹੋ ਗਈਆਂ
ਤੇ ਕੁੱਛੜ ਚੁੱਕ ਚੁੱਕ ਬੱਚਿਆਂ ਨੂੰ
ਲੰਮੇ ਸਫ਼ਰਾਂ ਨੇ ਭੰਨੀਆਂ
ਪਤਾ ਨਹੀਂ ਉਹ ਸਾਡੀਆਂ ਮਾਵਾਂ ਸਨ
ਜਾਂ ਭੈਣਾਂ ਸਨ ਜਾਂ ਧੀਆਂ ਸਨ
ਪਰ ਅਸੀਂ ਉਹ ਵੱਢੀਆਂ, ਨੋਚੀਆਂ
ਤੇ ਮੈਲ਼ੀਆਂ ਕੀਤੀਆਂ
ਉਨ੍ਹਾਂ ਤੋਂ ਮੁਆਫ਼ੀ ਮੰਗਣ ਲਈ
ਜਿਹੜੇ ਸ਼ਬਦ ਚਾਹੀਦੇ
ਉਹ ਕਿਹੜੀਆਂ ਉਮਰਾਂ ’ਚ ਸਿਰਜਾਂਗੇ
ਚਲੋ ਉਨ੍ਹਾਂ ਮੋਇਆਂ ਦੀ ਮਿੱਟੀ ਤੋਂ
ਜਿਸ ਨੂੰ ਮਿੱਟੀ ਵੀ ਨਸੀਬ ਨਾ ਹੋਈ
ਉਸ ਅੱਗੇ ਬਹਿ ਕੇ ਮਿੱਟੀ ਹੋਈਏ
ਤੇ ਵਿਛ ਜਾਈਏ ਮਿੱਟੀ ਵਾਂਗ ਹੀ
ਚਲੋ ਮੰਨੀਏ ਕਿ ਇਹ ਲੀਕ
ਧਰਤੀ ’ਤੇ ਨਹੀਂ ਖਿੱਚ ਹੋਈ ਸੀ
ਸਾਡੀਆਂ ਆਂਦਰਾਂ ਉੱਤੇ ਖਿੱਚੀ ਗਈ ਸੀ
ਫਿਰ ਅਸੀਂ ਮਾਵਾਂ ਦੀਆਂ ਆਂਦਰਾਂ
ਕੁੱਖਾਂ ਤੇ ਸੀਰਾਂ ਨੂੰ ਵਲੂੰਧਰਿਆ ਸੀ
ਤੇ ਜਿਨ੍ਹਾਂ ਦੇ ਸਾਹਵੇਂ ਢਿੱਡੋਂ ਜੰਮੀਆਂ ਤੇ ਜੰਮੇ
ਸਾਡੀਆਂ ਬਰਛੀਆਂ ਨੇ ਕੋਹੇ
ਉਨ੍ਹਾਂ ਮਾਂਵਾਂ ਦੀਆਂ ਕੁੱਖਾਂ ਅੱਗੇ
ਕੁੱਖਾਂ ਦੀਆਂ ਆਂਦਰਾਂ ਅੱਗੇ
ਚਲੋ ਨਿਸ਼ਬਦ ਹੋ ਕੇ ਜੇ ਖਲੋ ਸਕੀਏ
ਅਸੀਂ ਰਹਬਿਰ ਛੋਟੇ ਕਰ ਲਏ
ਧਰਮ ਬੌਣੇ ਕਰ ਲਏ
ਨਾਨਕ ਸਾਨੂੰ ਪੁਕਾਰਦੇ ਰਹਿ ਗਏ
ਫ਼ਰੀਦ ਕਬੀਰ ਕੁਰਲਾਉਂਦੇ ਰਹਿ ਗਏ
ਪਰ ਸਾਨੂੰ ਪਸ਼ੂਆਂ ਤੇ ਹਥਿਆਰਾਂ ਦੀ
ਜੂਨੇ ਪਇਆਂ ਨੂੰ
ਕਦੋਂ ਉਨ੍ਹਾਂ ਦਾ ਇਲਹਾਮ ਸੁਣਿਆ
ਤੇ ਉਹ ਲਹੂ ਲੁਹਾਣ ਹੋਈਆਂ ਕੰਡਾਂ ਨਾਲ਼
ਵੇਈਆਂ ਦਰਿਆਵਾਂ ’ਚ ਉਤਰ ਗਏ
ਤੇ ਫਿਰ ਸਭ ਨੀਰਾਂ ’ਚ ਰੱਤ ਘੁਲ਼ੀ ਸੀ
ਨੀਰ ਲੰਘੇ ਕਦੋਂ ਪਰਤਦੇ ਨੇ ਦੋਸਤੋ
ਪਰ ਚਲੋ ਆਪਾਂ ਪਿੱਤਰਾਂ ਦੇ ਇਸ ਜਾਮੇ ਵਿੱਚ
ਵੇਈਆਂ ਦਰਿਆਵਾਂ ਦੇ ਇਸ ਜਾਮੇ ਤੋਂ
ਆਪਣੇ ਗੁਨਾਹ ਮੁਆਫ਼ ਕਰਵਾਈਏ
ਚਲੋ ਮੇਰਿਓ ਵੀਰੋ!
ਉਹ ਪਿੱਛੇ ਰਹਿ ਗਏ ਸੁੰਨੇ ਘਰਾਂ ਤੋਂ
ਬੱਚਿਆਂ ਦੇ ਰਹਿ ਗਏ ਡਰੇ ਖਿਡਾਉਣਿਆਂ ਤੋਂ
ਲਮਕਦੀਆਂ ਰਹਿ ਗਈਆਂ ਪੀਂਘਾਂ ਤੋਂ
ਧੀਆਂ ਦੀਆਂ ਰਹੀਆਂ ਅਣਬੁਣੀਆਂ ਦਰੀਆਂ ਤੋਂ
ਖੱਡਿਆਂ ’ਤੇ ਰਹੇ ਅਧੂਰੇ ਖੇਸਾਂ ਤੋਂ
ਪਾਟੀਆਂ ਫੁਲਕਾਰੀਆਂ ਤੋਂ
ਤੇ ਸਿਰੋਂ ਲਹਿ ਗਈਆਂ ਚੁੰਨੀਆਂ ਤੋਂ
ਰੋ ਰੋ ਮੁਆਫ਼ੀ ਮੰਗੀਏ
ਉਹ ਜੋ ਬਚਪਨ ਵਾਲ਼ੀਆਂ ਗਲ਼ੀਆਂ
ਪਿੰਡ ਵਿਹੜਿਆਂ ਤੇ ਘਰਾਂ ਨੂੰ
ਬੱਸ ਇੱਕ ਵਾਰ ਦੇਖਣ ਲਈ ਤਰਸਦੇ
ਇਸ ਧਰਤ ਤੋਂ ਰੁਖ਼ਸਤ ਹੋ ਗਏ
ਚਲੋ ਉਨ੍ਹਾਂ ਦੀਆਂ ਕਬਰਾਂ ’ਤੇ ਜਾ ਰੋਈਏ
ਤੇ ਸ਼ਰਮਿੰਦੇ ਹੁੰਦੇ ਆਖੀਏ
ਕਿ ਇਨ੍ਹਾਂ ਸਰਹੱਦਾਂ ਨੂੰ ਅਜੇ ਤੱਕ
ਬੱਸ ਸਾਡੀਆਂ ਚੱਲੀਆਂ ਗੋਲੀਆਂ
ਜੰਗ ਵਾਲ਼ੇ ਜਹਾਜ਼ ਜਾਂ ਪਰਿੰਦੇ ਹੀ
ਉਲੰਘ ਸਕਦੇ ਨੇ
ਚਲੋ ਲੱਭੀਏ ਭਰਾਵੋ!
ਉਹ ਪਸ਼ੂ ਸਾਡੇ ਅੰਦਰ ਕਿੱਥੇ ਸੁੱਤੇ ਹੋਏ ਨੇ
ਜੋ ਜਾਗਦੇ ਨੇ ਤਾਂ ਅਸੀਂ ਯੁੱਧ ਕਰਦੇ
ਹਜ਼ਾਰਾਂ ਯੁੱਧ ਕੀਤੇ
ਇਹ ਜਾਗਦੇ ਅਸੀਂ ਦੰਗਈ ਬਣਦੇ
ਤੇ ਸੈਆਂ ਦੰਗੇ ਕੀਤੇ
ਕਿੰਨੀ ਵਾਰ ਇਹ ਧਰਤ ਵੰਡੀ
ਤੇ ਕਿੰਨੀ ਵਾਰ ਰੱਤ ਨਾਲ਼ ਰੰਗੀ
ਉਂਝ ਕੌਣ ਨੇ ਇਹ
ਜੋ ਸਾਡੇ ਸਿੱਧੇ ਸਾਦੇ ਬੰਦਿਆਂ ’ਚੋਂ
ਪਸ਼ੂ ਜਗਾ ਲੈਂਦੇ
ਅਸੀਂ ਖੂੰਖਾਰ ਚੌਪਾਇਆਂ ’ਚ ਵਟ ਜਾਂਦੇ
ਅਸੀਂ ਆਦਮ ਬੋ ਆਦਮ ਬੋ ਕਰਦੇ
ਸਾਡੀ ਚਿਹਰਿਆਂ ਦੀ ਮੁਸਕਰਾਹਟ
ਸਾਡੇ ਮੂੰਹ ’ਤੇ ਲੱਗਿਆ ਲਹੂ ਬਣ ਜਾਂਦੀ
ਅਸੀਂ ਖਲ਼ੇ ਖਲੋਤੇ ਹਲ਼ਕ ਜਾਂਦੇ
ਤੇ ਚਲੋ ਉਨ੍ਹਾਂ ਨੂੰ ਵੀ ਸਿਜਦਾ ਕਰੀਏ
ਜੋ ਇਸ ਜੰਗਲ ਬਣ ਗਏ ਖਿੱਤੇ ਵਿੱਚ ਵੀ
ਮਨੁੱਖ ਹੀ ਬਣੇ ਰਹੇ
ਤੇ ਸੰਭਾਲ਼ਦੇ ਫਿਰੇ
ਗੁਰੂਆਂ ਪੀਰਾਂ ਰਹਬਿਰਾਂ ਦੀ ਸੋਚ ਨੂੰ
ਉਨ੍ਹਾਂ ਤਾਂ ਹਰ ਯੁੱਗ ਵਿੱਚ
ਮਨੁੱਖ ਬਣੇ ਰਹਿਣਾ
ਤੇ ਉਨ੍ਹਾਂ ਦੀ ਮਿੱਟੀ ਕਦੇ
ਸਾਡੇ ਵਾਂਗ ਸ਼ਰਮਿੰਦਾ ਨਾ ਹੋਣਾ
ਕਿੰਨੀ ਉਮਰ ਬਚੀ ਹੋਈ ਏ ਸਾਡੀ
ਤੇ ਫਿਰ ਅਸੀਂ ਕਿਹੜੇ ਯੁੱਗ ’ਚ
ਮੁਆਫ਼ ਕੀਤੇ ਜਾਵਾਂਗੇ
ਚਲੋ ਰੋਈਏ ਯਾਰੋ
ਜ਼ਾਰੋ ਜ਼ਾਰ ਰੋਈਏ
ਤੇ ਆਪਣੇ ਦਾਗ਼ ਧੋਈਏ
ਇਹ ਲਹੂ ਦੇ ਲੱਗੇ ਦਾਗ਼
ਬੱਸ ਹੰਝੂਆਂ ਨਾਲ਼ ਹੀ ਧੋ ਹੁੰਦੇ
ਹੰਝੂਆਂ ਨਾਲ਼ ਹੀ ਧੋ ਹੁੰਦੇ।
ਸੰਪਰਕ: 88722-66066