DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਧੁਨਿਕਤਾ ਅਤੇ ਵਿਰਾਸਤ ਦਾ ਵਿਲੱਖਣ ਸੁਮੇਲ ਅਮਰੀਕਾ

ਪਿਛਲੇ ਸਾਲ ਸਤੰਬਰ-ਅਕਤੂਬਰ ’ਚ ਪਰਿਵਾਰ ਸਮੇਤ ਧੀ ਅਤੇ ਪੁੱਤਰ ਨੂੰ ਮਿਲਣ ਲਈ ਅਮਰੀਕਾ ਜਾਣ ਦਾ ਸਬੱਬ ਬਣਿਆ। ਅਮਰੀਕਾ ਬਾਰੇ ਬਹੁਤ ਪੜ੍ਹਿਆ-ਸੁਣਿਆ ਸੀ, ਜਿਸ ਕਾਰਨ ਮਨ ’ਚ ਇਸ ਨੂੰ ਨੇੜਿਓਂ ਤੱਕਣ ਦੀ ਰੀਝ ਸੀ। ਦਿੱਲੀ ਤੋਂ ਨਿਊਯਾਰਕ ਤੱਕ ਦਾ ਲੰਮਾ ਸਫ਼ਰ...

  • fb
  • twitter
  • whatsapp
  • whatsapp
featured-img featured-img
ਪੈਨਸਿਲਵੇਨੀਆ ਦੇ ਫਿਲਾਡੈਲਫੀਆ ਸ਼ਹਿਰ ਵਿੱਚ ਸਕੂਲਕਿਲ ਨਦੀ ’ਤੇ ਬਣੇ ਸਾਊਥ ਸਟਰੀਟ ਪੁਲ ਦੀ ਝਲਕ।
Advertisement

ਪਿਛਲੇ ਸਾਲ ਸਤੰਬਰ-ਅਕਤੂਬਰ ’ਚ ਪਰਿਵਾਰ ਸਮੇਤ ਧੀ ਅਤੇ ਪੁੱਤਰ ਨੂੰ ਮਿਲਣ ਲਈ ਅਮਰੀਕਾ ਜਾਣ ਦਾ ਸਬੱਬ ਬਣਿਆ। ਅਮਰੀਕਾ ਬਾਰੇ ਬਹੁਤ ਪੜ੍ਹਿਆ-ਸੁਣਿਆ ਸੀ, ਜਿਸ ਕਾਰਨ ਮਨ ’ਚ ਇਸ ਨੂੰ ਨੇੜਿਓਂ ਤੱਕਣ ਦੀ ਰੀਝ ਸੀ। ਦਿੱਲੀ ਤੋਂ ਨਿਊਯਾਰਕ ਤੱਕ ਦਾ ਲੰਮਾ ਸਫ਼ਰ ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿੱਚ ਚਾਰ ਘੰਟਿਆਂ ਦੇ ਠਹਿਰਾਅ ਵਾਲੀ ਉਡਾਣ ਰਾਹੀਂ ਪੂਰਾ ਕੀਤਾ। ਵਿਸ਼ਾਲਤਾ, ਖੁਸ਼ਹਾਲੀ, ਵੰਨ-ਸੁਵੰਨਤਾ, ਮਜ਼ਬੂਤ ਬੁਨਿਆਦੀ ਢਾਂਚਾ, ਰੁਜ਼ਗਾਰ ਦੇ ਭਰਪੂਰ ਅਵਸਰ, ਉਪਜਾਊ ਧਰਤੀ ਤੇ ਸਖ਼ਤ ਅਨੁਸ਼ਾਸਨ ਕਿਸੇ ਵੀ ਦੇਸ਼ ਨੂੰ ਮਹਾਨ ਬਣਾਉਂਦੇ ਹਨ। ਮੈਂ ਇਸ ਯਾਤਰਾ ਦੌਰਾਨ ਅਮਰੀਕਾ ਦੇ ਪੰਜ ਰਾਜਾਂ- ਨਿਊਯਾਰਕ, ਨਿਊਜਰਸੀ, ਪੈਨਸਿਲਵੇਨੀਆ, ਡੈਲਵੇਅਰ ਅਤੇ ਮਿਸ਼ੀਗਨ ਦੇ ਮਹਾਨਗਰਾਂ, ਸ਼ਹਿਰਾਂ ਅਤੇ ਪਿੰਡਾਂ ਨੂੰ ਦੇਖਿਆ। ਇੱਕ ਪਾਸੇ ਅੰਬਰਾਂ ਨੂੰ ਛੂੰਹਦੀਆਂ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਆਲੀਸ਼ਾਨ ਬਹੁ-ਮੰਜ਼ਿਲਾ ਇਮਾਰਤਾਂ, ਜੋ ਅਮੀਰੀ ਠਾਠ-ਬਾਠ ਦੀ ਮੂੰਹ ਬੋਲਦੀ ਤਸਵੀਰ ਹਨ ਅਤੇ ਦੂਸਰੇ ਪਾਸੇ ਸਤਾਰਵੀਂ ਸਦੀ ਵਿੱਚ ਬਣੇ ਸਾਧਾਰਨ ਘਰ ਆਪਣੀ ਵਿਸ਼ੇਸ਼ ਸਾਦਗੀ ਦਾ ਅਹਿਸਾਸ ਕਰਵਾਉਂਦੇ ਹਨ। ਇਹ ਰੰਗ ਅਮਰੀਕਾ ਦੇ ਸ਼ਹਿਰ ਫਿਲਾਡੈਲਫੀਆ ਦੇ ਕੇਂਦਰੀ ਸਥਾਨ ਡਾਊਨ ਟਾਊਨ ’ਚ ਦੇਖੇ ਜਾ ਸਕਦੇ ਹਨ। ਵਿਰਾਸਤ ਨੂੰ ਕਿਵੇਂ ਸਾਂਭਿਆ ਜਾ ਸਕਦਾ ਹੈ, ਇਹ ਅਮਰੀਕੀ ਲੋਕਾਂ ਤੋਂ ਸਿੱਖਣ ਦੀ ਲੋੜ ਹੈ। ਇਨ੍ਹਾਂ ਸਾਧਾਰਨ ਘਰਾਂ ’ਚ ਲੋਕ ਰਹਿੰਦੇ ਹਨ। ਵਿਰਾਸਤੀ ਘਰਾਂ ਨੂੰ ਖ਼ਰੀਦਣ ਵਾਲੇ ਮਾਲਕਾਂ ਲਈ ਪਹਿਲੀ ਸ਼ਰਤ ਇਹ ਹੈ ਕਿ ਉਹ ਇਸ ਦੇ ਮੂਲ ਸਰੂਪ ਵਿੱਚ ਕੋਈ ਤਬਦੀਲੀ ਨਹੀਂ ਕਰਨਗੇ। ਇਹ ਵਿਰਾਸਤੀ ਘਰ ਪੁਰਾਤਨ ਯੂਰੋਪੀਅਨ ਇਮਾਰਤ ਕਲਾ ਦਾ ਨਮੂਨਾ ਹਨ। ਇਨ੍ਹਾਂ ਘਰਾਂ ਨੂੰ ਸੈਲਾਨੀ ਦੇਖ ਸਕਦੇ ਹਨ, ਪਰ ਮਾਲਕਾਂ ਦੀ ਇਜਾਜ਼ਤ ਨਾਲ।

ਬਰਤਾਨਵੀ ਹਕੂਮਤ ਦੀ ਗ਼ੁਲਾਮੀ ਤੋਂ ਮੁਕਤ ਹੋਣ ਲਈ ਆਜ਼ਾਦੀ ਦੇ ਸੰਘਰਸ਼ ਦਾ ਐਲਾਨ ਮੂਲ ਅਮਰੀਕੀ ਲੋਕਾਂ ਵੱਲੋਂ ਜਿਸ ਬੈੱਲ (ਘੰਟੀ) ਨੂੰ ਵਜਾ ਕੇ ਕੀਤਾ ਗਿਆ ਸੀ, ਉਸ ਬੈੱਲ ਨੂੰ ਲਿਬਰਟੀ ਬੈੱਲ ਵਜੋਂ ਸੰਭਾਲਿਆ ਹੋਇਆ ਹੈ ਅਤੇ ਉਸ ਸਥਾਨ ’ਤੇ ਲਿਬਰਟੀ ਬੈੱਲ ਸੈਂਟਰ ਸਥਾਪਤ ਕੀਤਾ ਹੋਇਆ ਹੈ, ਜਿਸ ’ਚ ਅਮਰੀਕਾ ਦੀ ਆਜ਼ਾਦੀ ਦੇ ਸੰਘਰਸ਼ ਦਾ ਇਤਿਹਾਸ ਪ੍ਰਦਰਸ਼ਿਤ ਕੀਤਾ ਹੋਇਆ ਹੈ। ‘ਨੈਸ਼ਨਲ ਕਾਂਸਟੀਚਿਊਸ਼ਨਜ਼ ਸੈਂਟਰ’ ਉਸ ਸਥਾਨ ’ਤੇ ਸਥਿਤ ਸੰਵਿਧਾਨਕ ਵਿਚਾਰ-ਚਰਚਾ ਲਈ ਸਥਾਪਤ ਕੀਤਾ ਇੱਕ ਅਹਿਮ ਕੇਂਦਰ ਹੈ, ਜਿੱਥੇ ਅਮਰੀਕੀ ਸੰਵਿਧਾਨ ਦਾ ਪਹਿਲਾ ਖਰੜਾ ਤਿਆਰ ਕੀਤਾ ਗਿਆ ਸੀ। ਅਮਰੀਕਾ ਦੇ ਕੌਮੀ ਝੰਡੇ ਦਾ ਪਹਿਲਾ ਆਕਾਰ 1777 ਈਸਵੀ ਵਿੱਚ ਡਿਜ਼ਾਈਨ ਕਰਨ ਵਾਲੇ ਵਿਲੀਅਮ ਡਰਾਈਵਰ ਦਾ ਘਰ ਅੱਜ ਵੀ ਵਿਰਾਸਤੀ ਸ਼ਾਨ ਨਾਲ ਫਲੈਗ ਹਾਊਸ ਵਜੋਂ ਸੰਭਾਲਿਆ ਹੋਇਆ ਹੈ। ਇਹ ਸਾਰੀਆਂ ਅਹਿਮ ਵਿਰਾਸਤੀ ਇਮਾਰਤਾਂ ਫਿਲਾਡੈਲਫੀਆ ਸ਼ਹਿਰ ਵਿੱਚ ਮੌਜੂਦ ਹਨ। ਮੈਂ ਅਮਰੀਕਾ ਦੀਆਂ ਕੁਝ ਯੂਨੀਵਰਸਿਟੀਆਂ ਵੀ ਦੇਖੀਆਂ, ਜਿਨ੍ਹਾਂ ’ਚ ਪ੍ਰਿੰਸਟਨ ਯੂਨੀਵਰਸਿਟੀ, ਮਿਸ਼ੀਗਨ ਯੂਨੀਵਰਸਿਟੀ ਅਤੇ ਪੈਨਸਿਲਵੇਨੀਆ ਯੂਨੀਵਰਸਿਟੀ ਸ਼ਾਮਿਲ ਹਨ। ਇਹ ਸਾਰੀਆਂ ਯੂਨੀਵਰਸਿਟੀਆਂ ਅਠਾਰਵੀਂ ਸਦੀ ਦੌਰਾਨ ਹੋਂਦ ਵਿੱਚ ਆਈਆਂ ਸਨ। ਇਹ ਅਕਾਦਮਿਕ ਅਦਾਰੇ ਆਪਣੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੱਕ ਹੀ ਸੀਮਿਤ ਨਹੀਂ ਰੱਖਦੇ ਸਗੋਂ ਜ਼ਿੰਦਗੀ ਦੀ ਵਿਹਾਰਕਤਾ ਦਾ ਗਿਆਨ ਵੀ ਵੰਡਦੇ ਹਨ। ਮਿਸ਼ੀਗਨ ਯੂਨੀਵਰਸਿਟੀ ਦੇ ਸਾਈਕੌਲੋਜੀ ਵਿਭਾਗ ਵਿੱਚ ਚੱਲ ਰਹੀ ਵਰਕਸ਼ਾਪ ਮਨੁੱਖੀ ਜੀਵਨ ਵਿੱਚ ਵਧ ਰਹੇ ਤਣਾਅ ਨੂੰ ਨਿਯੰਰਣ ਕਰਨ ’ਤੇ ਕੇਂਦਰਿਤ ਸੀ।

Advertisement

ਮੈਂ ਹਰੇਕ ਯੂਨੀਵਰਸਿਟੀ ਕੈਂਪਸ ਵਿੱਚ ਘੁੰਮਦਿਆਂ ਦੇਖਿਆ ਕਿ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਮੁੰਡੇ ਕੁੜੀਆਂ ਆਪਣੀ ਪ੍ਰੀ-ਵੈਡਿੰਗ ਫੋਟੋ ਸ਼ੂਟ ਲਈ ਸੱਜ-ਧੱਜ ਕੇ ਇੱਥੇ ਪਹੁੰਚੇ ਹੋਏ ਸਨ। ਉੱਚ ਸਿੱਖਿਆ ਦੇ ਇਹ ਅਦਾਰੇ ਆਪਣੇ ਵਿਦਿਆਰਥੀਆਂ ’ਚ ਉੱਚੀਆਂ ਨੈਤਿਕ ਅਤੇ ਸਦਾਚਾਰਕ ਕਦਰਾਂ-ਕੀਮਤਾਂ ਪੈਦਾ ਕਰਨ ਪ੍ਰਤੀ ਕਿੰਨੇ ਸੁਚੇਤ ਹਨ, ਇਸ ਦੀ ਮਿਸਾਲ ਮਿਸ਼ੀਗਨ ਯੂਨੀਵਰਸਿਟੀ ਦਾ ਇੱਕ ਵਿਸ਼ਾਲ ਗੇਟ ਹੈ, ਜਿਸਦੇ ਸਿਖ਼ਰ ’ਤੇ ਇੱਕ ਪਾਸੇ ਲੜਕੀ ਦਾ ਬੁੱਤ ਹੈ ਜਿਸ ਦੇ ਹੱਥ ਵਿੱਚ ਦੋਸਤੀ (Friendship) ਦੀ ਤਖ਼ਤੀ ਫੜੀ ਹੋਈ ਹੈ ਅਤੇ ਦੂਜੇ ਪਾਸੇ ਲੜਕੇ ਦਾ ਬੁੱਤ ਹੈ ਜਿਸ ਦੇ ਹੱਥ ਵਿੱਚ ਕਿਰਦਾਰ (Character) ਦੀ ਤਖ਼ਤੀ ਫੜੀ ਹੋਈ ਹੈ। ਇਹ ਅਦਾਰੇ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਹੀ ਨਹੀਂ ਖੋਲ੍ਹਦੇ, ਸਗੋਂ ਉਨ੍ਹਾਂ ਦਾ ਨਿੱਘਾ ਸਵਾਗਤ ਵੀ ਕਰਦੇ ਹਨ। ਹਰ ਯੂਨੀਵਰਸਿਟੀ ਅਕਾਦਮਿਕ ਗੁਣਵੱਤਾ ਨਾਲ ਭਰਪੂਰ ਹੋਣ ਦੇ ਨਾਲ-ਨਾਲ ਮਨੁੱਖੀ ਸੱਭਿਅਤਾ ਦੇ ਵਿਕਾਸ ਅਤੇ ਵਿਸਥਾਰ ਪ੍ਰਤੀ ਸੁਚੇਤ ਰੂਪ ਵਿੱਚ ਕਾਰਜਸ਼ੀਲ ਹੈ। ਹਰ ਯੂਨੀਵਰਸਿਟੀ ਵਿੱਚ ਮਾਨਵੀ ਸੱਭਿਅਤਾ ਦੀ ਉਤਪਤੀ ਅਤੇ ਵਿਕਾਸ ਦੇ ਪੜਾਵਾਂ ਨੂੰ ਦਰਸਾਉਂਦੇ ਆਰਟ ਮਿਊਜ਼ੀਅਮ ਦੇਖਣ ਨੂੰ ਮਿਲੇ। ਮਿਸ਼ੀਗਨ ਯੂਨੀਵਰਸਿਟੀ ਅੰਦਰ ਸਥਾਪਤ ‘ਮਿਊਜ਼ੀਅਮ ਔਫ ਆਰਟ’ ਨੂੰ ਤਸੱਲੀ ਨਾਲ ਦੇਖਣ ਲਈ ਪੂਰਾ ਦਿਨ ਚਾਹੀਦਾ ਹੈ। ਇਸ ਮਿਊਜ਼ੀਅਮ ਵਿੱਚ ਵਿਸ਼ਵ ਦੇ ਹਰ ਖਿੱਤੇ ਦੇ ਆਰਟ ਨੂੰ ਸੰਭਾਲਿਆ ਹੋਇਆ ਹੈ। ਮੈਨੂੰ ਇਸ ਮਿਊਜ਼ੀਅਮ ਵਿੱਚ ‘ਇੰਡੀਅਨ ਆਰਟ ਸੈਕਸ਼ਨ’ ਦੇਖ ਕੇ ਬਹੁਤ ਖ਼ੁਸ਼ੀ ਹੋਈ। ਆਦਿ ਕਾਲ ਤੋਂ ਵਰਤਮਾਨ ਦੌਰ ਤੱਕ ਕਲਾ ਦੀਆਂ ਵੰਨਗੀਆਂ ਵਾਲੀਆਂ ਕਲਾਕ੍ਰਿਤੀਆਂ, ਉਨ੍ਹਾਂ ਸਬੰਧੀ ਭਰਪੂਰ ਜਾਣਕਾਰੀ ਦੇਣ ਵਾਲੀ ਇਬਾਰਤ ਸਮੇਤ ਪ੍ਰਦਰਸ਼ਿਤ ਕੀਤੀਆਂ ਹੋਈਆਂ ਹਨ। ਮੈਂ ਅਮਰੀਕੀ ਜੀਵਨ ਸ਼ੈਲੀ ਅਤੇ ਆਧੁਨਿਕ ਗਲੈਮਰਸ ਜੀਵਨ ਰੰਗ ਵਿੱਚ ਰੰਗੇ ਮਹਾਨਗਰਾਂ- ਨਿਊਯਾਰਕ, ਫਿਲਾਡੈਲਫੀਆ ਅਤੇ ਡਟਰੌਇਟ ਦੀ ਚਕਾਚੌਂਧ ਤੇ ਤੇਜ਼ ਰਫ਼ਤਾਰ ਵਾਲਾ ਜੀਵਨ ਵੀ ਦੇਖਿਆ ਅਤੇ ਸਦੀਆਂ ਪੁਰਾਣੀ ਸਾਦਗੀ ਭਰਪੂਰ ਜੀਵਨ ਸ਼ੈਲੀ ਪੈਨਸਿਲਵੇਨੀਆ ਸਟੇਟ ਦੀ ਲੈਂਕੇਸਟਰ (Lancaster) ਕਾਊਂਟੀ ਵਿੱਚ ਵੱਸਦਾ ‘ਐਮਿਸ਼ ਭਾਈਚਾਰਾ’ ਵੀ ਦੇਖਿਆ। ਐਮਿਸ਼ ਸਮਾਜ ਮੁੱਖ ਰੂਪ ਵਿੱਚ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਖੇਤੀ ਰਵਾਇਤੀ ਸਾਧਨਾਂ ਨਾਲ ਕੀਤੀ ਜਾਂਦੀ ਹੈ। ਉਹ ਹਲ਼ ਵਾਹੁਣ ਲਈ ਘੋੜਿਆਂ ਦੀ ਵਰਤੋਂ ਕਰਦੇ ਹਨ। ਇਹ ਲੋਕ ਕਾਰਾਂ, ਬੱਸਾਂ ਤੇ ਸਕੂਟਰਾਂ ਆਦਿ ਵਰਤੋਂ ਨਹੀਂ ਕਰਦੇ।

Advertisement

ਨਿਊਯਾਰਕ ਸਥਿਤ ਸਟੈਚੂ ਔਫ ਲਿਬਰਟੀ।
ਨਿਊਯਾਰਕ ਸਥਿਤ ਸਟੈਚੂ ਔਫ ਲਿਬਰਟੀ।

ਘੋੜਾ ਬੱਘੀਆਂ ਇਨ੍ਹਾਂ ਦਾ ਮੁੱਖ ਆਵਾਜਾਈ ਦਾ ਵਸੀਲਾ ਹਨ। ਸਰਕਾਰੀ ਸਹੂਲਤਾਂ ਇਹ ਲੋਕ ਪ੍ਰਵਾਨ ਨਹੀਂ ਕਰਦੇ। ਇਸ ਲਈ ਇਹ ਲੋਕ ਸਰਕਾਰ ਨੂੰ ਕੋਈ ਟੈਕਸ ਵੀ ਨਹੀਂ ਦਿੰਦੇ। ਮੈਡੀਕਲ ਸਹੂਲਤਾਂ ਦੀ ਥਾਂ ਇਹ ਲੋਕ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਇਲਾਜ ਵੀ ਰਵਾਇਤੀ ਵਿਧੀਆਂ ਅਤੇ ਜੜੀ-ਬੂਟੀਆਂ ਰਾਹੀਂ ਹੀ ਕਰਦੇ ਹਨ। ਐਮਿਸ਼ ਭਾਈਚਾਰਾ ਪੈਨਸਿਲਵੇਨੀਆ ਸਟੇਟ ਦੀ ਲੈਂਕੇਸਟਰ ਕਾਊਂਟੀ ਦੇ ਵਿਸ਼ਾਲ ਖੇਤਰ ਵਿੱਚ ਵੱਸਿਆ ਹੋਇਆ ਹੈ। ਸਾਡੇ ਗਾਈਡ ਮੁਤਾਬਿਕ ਇੱਕ ਵਾਰ ਐਮਿਸ਼ ਬੱਚਾ ਸੜਕ ਪਾਰ ਕਰਦਿਆਂ ਉੱਥੋਂ ਲੰਘ ਰਹੀ ਕਾਰ ਨਾਲ ਟਕਰਾ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਦੀ ਸੂਚਨਾ ਕਾਰ ਡਰਾਈਵਰ ਨੇ ਪੁਲੀਸ ਨੂੰ ਦੇ ਦਿੱਤੀ। ਪੁਲੀਸ ਕੁਝ ਮਿੰਟਾਂ ਵਿੱਚ ਹੀ ਹੈਲੀਕਾਪਟਰ ਰਾਹੀਂ ਪਹੁੰਚ ਕੇ ਬੱਚੇ ਨੂੰ ਸ਼ਹਿਰ ਦੇ ਵੱਡੇ ਹਸਪਤਾਲ ਲੈ ਗਈ। ਜਦੋਂ ਇਸ ਸਾਰੇ ਘਟਨਾਕ੍ਰਮ ਦਾ ਐਮਿਸ਼ ਲੋਕਾਂ ਨੂੰ ਪਤਾ ਲੱਗਿਆ, ਉਹ ਆਪਣੀਆਂ ਘੋੜਾ-ਬੱਘੀਆਂ ਦੇ ਵੱਡੇ ਕਾਫ਼ਲੇ ਦੇ ਰੂਪ ਵਿੱਚ ਹਸਪਤਾਲ ਪਹੁੰਚੇ, ਉੱਥੋਂ ਆਪਣਾ ਬੱਚਾ ਵਾਪਸ ਲੈ ਆਏ ਅਤੇ ਪੁਲੀਸ ਤੇ ਸਰਕਾਰੀ ਤੰਤਰ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ। ਉਸ ਘਟਨਾ ਤੋਂ ਬਾਅਦ ਪੁਲੀਸ ਜਾਂ ਸਰਕਾਰੀ ਤੰਤਰ ਇਨ੍ਹਾਂ ਦੇ ਜੀਵਨ ਵਿੱਚ ਦਖ਼ਲਅੰਦਾਜ਼ੀ ਕਰਨ ਤੋਂ ਗੁਰੇਜ਼ ਕਰਦਾ ਹੈ। ਇਸ ਸਮਾਜ ਵਿੱਚ ਲੜਕੇ-ਲੜਕੀ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈ। ਜਦੋਂ ਕੋਈ ਲੜਕੀ ਆਪਣੇ ਜੀਵਨ ਸਾਥੀ ਦੀ ਚੋਣ ਕਰ ਲੈਂਦੀ ਹੈ ਤਾਂ ਉਹ ਆਪਣੇ ਵਾਲਾਂ ਦਾ ਜੂੜਾ ਕਰ ਕੇ ਉਪਰ ਚਿੱਟਾ ਸਕਾਰਫ਼ ਬੰਨ੍ਹਦੀ ਹੈ। ਇਹ ਉਸ ਦੇ ਮੰਗੇ ਜਾਣ ਦਾ ਸੰਕੇਤ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਲੜਕਾ ਆਪਣੀ ਜੀਵਨ ਸਾਥਣ ਦੀ ਚੋਣ ਕਰ ਲੈਂਦਾ ਹੈ ਤਾਂ ਉਹ ਆਪਣੀ ਸੱਜੀ ਬਾਂਹ ’ਤੇ ਇੱਕ ਵਿਸ਼ੇਸ਼ ਕਿਸਮ ਦਾ ਬੈਂਡ ਪਹਿਨਦਾ ਹੈ। ਇਸ ਸਮਾਜ ਵਿੱਚ ਇੱਕ ਵਾਰ ਵਿਆਹ ਹੋ ਜਾਣ ਤੋਂ ਬਾਅਦ ਤਲਾਕ ਜਾਂ ਅੱਡ ਹੋਣ ਦਾ ਕੋਈ ਸੰਭਾਵਨਾ ਨਹੀਂ ਹੈ। ਐਮਿਸ਼ ਲੋਕ ਆਪਣੀ ਨੌਜਵਾਨ ਪੀੜ੍ਹੀ ਨੂੰ ਆਧੁਨਿਕਤਾ ਅਪਣਾਉਣ ਦੀ ਖੁੱਲ੍ਹ ਤਾਂ ਦਿੰਦੇ ਹਨ, ਪਰ ਇਸ ਸ਼ਰਤ ’ਤੇ ਕਿ ਉਹ ਜੇਕਰ ਆਪਣੇ ਕਬੀਲੇ ਨੂੰ ਇੱਕ ਵਾਰ ਛੱਡ ਕੇ ਚਲੇ ਜਾਣਗੇ ਤਾਂ ਫਿਰ ਕਦੇ ਵੀ ਕਬੀਲੇ ਵਿੱਚ ਵਾਪਸ ਨਹੀਂ ਆਉਣਗੇ। ਐਮਿਸ਼ ਲੋਕ ਬਾਹਰਲੇ ਲੋਕਾਂ ਨਾਲ ਜ਼ਿਆਦਾ ਘੁਲਦੇ-ਮਿਲਦੇ ਨਹੀਂ, ਮਿਲ ਜ਼ਰੂਰ ਲੈਂਦੇ ਹਨ, ਪਰ ਕਿਸੇ ਬਾਹਰਲੇ ਵਿਅਕਤੀ ਨਾਲ ਤਸਵੀਰ ਨਹੀਂ ਖਿਚਵਾਉਂਦੇ।

ਇਹ ਲੋਕ ਗਾਵਾਂ, ਬੱਕਰੀਆਂ, ਭੇਡਾਂ, ਮੁਰਗੀਆਂ, ਘੋੜੇ ਆਦਿ ਪਾਲ਼ਦੇ ਹਨ ਅਤੇ ਦੁੱਧ, ਮੀਟ, ਅੰਡੇ ਤੇ ਸਬਜ਼ੀਆਂ ਆਦਿ ਬਾਹਰਲੇ ਲੋਕਾਂ ਨੂੰ ਵੇਚਦੇ ਹਨ। ਇਸ ਯਾਤਰਾ ਦੌਰਾਨ ਅਮਰੀਕਾ ਦੇ ਮਹਾਨ ਵਿਗਿਆਨੀ ਥਾਮਸ ਐਡੀਸਨ ਦੀ ਜਨਮ ਭੂਮੀ ਪੋਰਟ ਹੂਅਰਨ (Port Huron) ਸ਼ਹਿਰ ਦੇਖਣ ਦਾ ਵੀ ਮੌਕਾ ਮਿਲਿਆ। ਸੇਂਟ ਕਲੇਅਰ ਦਰਿਆ ਅਤੇ ਦੁਨੀਆ ਦੀਆਂ ਵਿਸ਼ਾਲ ਝੀਲਾਂ ਵਿੱਚ ਸ਼ੁਮਾਰ ਲੇਕ ਹੂਅਰਨ (Lake Huron) ਦੇ ਕੰਢੇ ਬਣਿਆ ਸਦੀਆਂ ਪੁਰਾਣਾ ਉਹ ਘਰ, ਜਿਸ ਵਿੱਚ ਮਹਾਨ ਵਿਗਿਆਨੀ ਨੇ ਆਪਣਾ ਬਚਪਨ ਗੁਜ਼ਾਰਿਆ ਸੀ, ਅੱਜ ਵੀ ਵਿਗਿਆਨਕ ਮਿਊਜ਼ੀਅਮ ਵਾਂਗ ਸੰਭਾਲਿਆ ਹੋਇਆ ਹੈ। ਅੱਖਰ ਗਿਆਨ ਤੋਂ ਵਿਰਵਾ ਇਹ ਵਿਗਿਆਨੀ ਆਪਣੇ ਬਚਪਨ ਵਿੱਚ ਜਿਸ ਰੇਲ ਗੱਡੀ ਰਾਹੀਂ ਅਖ਼ਬਾਰਾਂ ਲਿਆ ਕੇ ਇਸ ਛੋਟੇ ਜਿਹੇ ਕਸਬੇ ਵਿੱਚ ਵੰਡਦਾ ਸੀ, ਉਸ ਰੇਲ ਗੱਡੀ ਦਾ ਇੱਕ ਡੱਬਾ ਅੱਜ ਵੀ ਉਸ ਘਰ ਦਾ ਹਿੱਸਾ ਬਣਾ ਕੇ ਸਾਂਭਿਆ ਹੋਇਆ ਹੈ। ਐਡੀਸਨ ਜੋ ਖ਼ੁਦ ਸੁਣਨ ਤੋਂ ਅਸਮਰੱਥ ਸੀ, ਨੇ ਆਵਾਜ਼ ਨੂੰ ਰਿਕਾਰਡ ਕਰਨ ਵਾਲਾ ਪਹਿਲਾ ਗ੍ਰਾਮੋਫੋਨ ਬਣਾਇਆ। ਬੱਲਬ ਦੀ ਕਾਢ ਰਾਹੀਂ ਉਸ ਨੇ ਦੁਨੀਆ ਨੂੰ ਰੁਸ਼ਨਾਇਆ। ਫਿਰ ਉਸ ਨੇ ਸਟਿਲ ਫਿਲਮਾਂ ਨੂੰ ਮੂਵਿੰਗ (ਚਲ-ਚਿੱਤਰ) ਬਣਾ ਫਿਲਮ ਉਦਯੋਗ ਦੇ ਨਵੇਂ ਰਾਹ ਖੋਲ੍ਹੇ। ਇਸ ਮਹਾਨ ਵਿਗਿਆਨੀ ਦੀਆਂ ਖੋਜਾਂ ਨੂੰ ਸਮਰਪਿਤ ਸੱਠ ਹਜ਼ਾਰ ਵਾਟ ਦਾ ਇੱਕ ਬੱਲਬ ਵੀ ਇਸ ਘਰ ਵਿੱਚ ਸੰਭਾਲਿਆ ਹੋਇਆ ਹੈ। ਅਮਰੀਕਾ ਨੂੰ ਵਿਸ਼ਵ ਦਾ ਮੋਹਰੀ ਦੇਸ਼ ਬਣਾਉਣ ਵਿੱਚ ਇਸ ਦੇ ਹੁਕਮਰਾਨਾਂ ਦੀ ਵਿਗਿਆਨਕ ਪਹੁੰਚ ਅਤੇ ਦੂਰਅੰਦੇਸ਼ੀ ਦਾ ਅਹਿਮ ਰੋਲ ਹੈ। ਹਾਈਵੇਅ ’ਤੇ ਸਫ਼ਰ ਕਰਦਿਆਂ ਇੱਕ ਸੂਚਨਾ ਬੋਰਡ ’ਤੇ ਨਜ਼ਰ ਪਈ, ਜਿਸ ’ਤੇ ਲਿਖਿਆ ਸੀ ਇਹ ਮਾਰਗ 1830 ਈਸਵੀ ਵਿੱਚ ਬਣਾਇਆ। ਇਸ ਮਾਰਗ ਨੂੰ ਅੱਜ ਤੱਕ ਚੌੜਾ ਨਹੀਂ ਕਰਨਾ ਪਿਆ ਕਿਉਂਕਿ ਉਦੋਂ ਹੀ ਇਸ ਨੂੰ ਭਵਿੱਖ ਵਿੱਚ ਵਧਣ ਵਾਲੀ ਟਰੈਫਿਕ ਸੰਭਾਲਣ ਦੇ ਯੋਗ ਬਣਾਇਆ ਗਿਆ ਸੀ। ਅਮਰੀਕਾ ਵਿੱਚ ਸਥਾਪਿਤ ਫੋਰਡ ਫੈਕਟਰੀ ਵਿੱਚ ਟਰੱਕ ਬਣਦੇ ਵੇਖਣ ਦਾ ਮੌਕਾ ਮਿਲਿਆ। ਵਿਗਿਆਨ ਅਤੇ ਮਨੁੱਖੀ ਸ਼ਕਤੀ ਦੇ ਸੁਮੇਲ ਦਾ ਕਮਾਲ ਇਸ ਫੈਕਟਰੀ ਵਿੱਚ ਮਹਿਜ਼ 57 ਸੈਕਿੰਟ ਵਿੱਚ ਇੱਕ ਟਰੱਕ (ਮਲਟੀ-ਯੂਟੀਲਿਟੀ ਵਹੀਕਲ) ਬਣ ਕੇ ਬਾਹਰ ਆਉਂਦਾ ਹੈ। ਵੱਖ-ਵੱਖ ਮਸ਼ੀਨੀ ਪੁਰਜ਼ਿਆਂ ਅਤੇ ਹਿੱਸਿਆਂ ਨੂੰ ਸਿਰਫ਼ 57 ਸੈਕਿੰਡ ਵਿੱਚ ਜੋੜ ਦਿੱਤਾ ਜਾਂਦਾ ਹੈ। ਹਰ 57 ਸੈਕਿੰਡ ਬਾਅਦ ਫੈਕਟਰੀ ਵਿੱਚੋਂ ਇੱਕ ਟਰੱਕ ਤਿਆਰ ਹੋ ਕੇ ਬਾਹਰ ਨਿਕਲਦਾ ਹੈ।

ਅਮਰੀਕੀ ਕਿਸਾਨ ਧਰਤੀ ਦੀ ਮੂਲ ਬਣਤਰ ਨੂੰ ਬਿਨਾਂ ਬਦਲਿਆਂ, ਕੁਦਰਤੀ ਸਰੋਤਾਂ ਨਾਲ ਬਿਨਾਂ ਛੇੜ-ਛਾੜ ਕੀਤਿਆਂ ਖੇਤੀ ਕਰਦੇ ਹਨ। ਬਰੂਮਾਲ ਟਾਊਨ ਤੋਂ ਥੋੜ੍ਹਾ ਦੂਰ ਖੇਤਾਂ ਵਿੱਚ ਮੱਕੀ ਦੀ ਫ਼ਸਲ ਭਰਪੂਰ ਮਾਤਰਾ ਵਿੱਚ ਸੀ। ਖੇਤੀ ਦੇ ਨਾਲ-ਨਾਲ ਇੱਥੇ ਸੇਬਾਂ ਦੇ ਬਾਗ਼ ਵੀ ਵੱਡੇ ਪੱਧਰ ’ਤੇ ਦੇਖਣ ਨੂੰ ਮਿਲੇ। ਇਨ੍ਹਾਂ ਬਾਗ਼ਾਂ ਦੀ ਖਾਸੀਅਤ ਇਹ ਸੀ ਕਿ ਤੁਸੀਂ ਸੇਬਾਂ ਦੇ ਬਾਗ਼ਾਂ ਵਿੱਚ ਘੁੰਮ ਸਕਦੇ ਹੋ। ਤੁਹਾਨੂੰ ਆਪਣੀ ਮਰਜ਼ੀ ਦੇ ਸੇਬ ਬੂਟੇ ਨਾਲੋਂ ਤੋੜ ਕੇ ਖਰੀਦਣ ਦੀ ਖੁੱਲ੍ਹ ਹੈ। ਬਾਗ਼ ਵਿੱਚ ਦਾਖ਼ਲ ਹੋਣ ਸਮੇਂ ਤੁਹਾਨੂੰ ਇੱਕ ਬੈਗ ਦਿੱਤਾ ਜਾਂਦਾ ਹੈ, ਜਿਸ ਵਿੱਚ ਤੁਸੀਂ ਆਪਣੀ ਪਸੰਦ ਦੇ ਸੇਬ ਤੋੜ ਕੇ ਪਾ ਸਕਦੇ ਹੋ, ਪਰ ਵਾਪਸੀ ’ਤੇ ਉਨ੍ਹਾਂ ਦੀ ਬਣਦੀ ਕੀਮਤ ਅਦਾ ਕਰਨੀ ਹੁੰਦੀ ਹੈ। ਅਕਤੂਬਰ ਦੇ ਮਹੀਨੇ ਅਮਰੀਕਾ ਵਿੱਚ ‘ਹੈਲੋਵੀਨ’ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਮੌਕੇ ਘਰਾਂ ਦੇ ਬਾਹਰ ਬਹੁਤ ਹੀ ਡਰਾਵਣੇ ਮਨੁੱਖੀ ਪਿੰਜਰ ਅਤੇ ਭੂਤਾਂ ਦੇ ਆਕਾਰ ਸਜਾਏ ਜਾਂਦੇ ਹਨ। ਸਾਰੇ ਘਰਾਂ ਦੇ ਬਾਹਰ ਵੱਡੇ-ਵੱਡੇ ਸੰਤਰੀ ਰੰਗ ਦੇ ਪੱਕੇ ਹੋਏ ਪੰਪਕਿਨ (ਪੇਠੇ) ਸਜਾਏ ਜਾਂਦੇ ਹਨ। ਇਸ ਤਿਉਹਾਰ ਦੀ ਲੋੜ ਨੂੰ ਪੂਰਾ ਕਰਨ ਲਈ ਪੇਠਿਆਂ ਦੀ ਪੈਦਾਵਾਰ ਵੱਡੇ ਪੱਧਰ ’ਤੇ ਕੀਤੀ ਜਾਂਦੀ ਹੈ। ਦਿਹਾਤੀ ਖੇਤਰ ਵਿੱਚ ਘੁੰਮਦਿਆਂ ਖੇਤਾਂ ਵਿੱਚ ਬਹੁਤ ਵੱਡੇ-ਵੱਡੇ ਪੇਠੇ (ਲਗਪਗ 20-25 ਕਿਲੋ) ਦੇਖਣ ਨੂੰ ਮਿਲੇ।

ਨਿਊਯਾਰਕ ਤੋਂ ਥੋੜ੍ਹੀ ਦੂਰੀ ’ਤੇ ਐਟਲਾਂਟਿਕ ਮਹਾਸਾਗਰ ਅੰਦਰ ਲਿਬਰਟੀ ਟਾਪੂ ਵਿੱਚ ਸਥਿਤ ‘ਸਟੈਚੂ ਔਫ ਲਿਬਰਟੀ’ ਅਮਰੀਕਾ ਦੀ ਸੈਰ ਕਰਨ ਵਾਲਿਆਂ ਲਈ ਸਭ ਤੋਂ ਵੱਧ ਮਨਪਸੰਦ ਸੈਲਾਨੀ ਕੇਂਦਰ ਹੈ। ਅਮਰੀਕਾ ਦੀ ਵਿਸ਼ੇਸ਼ ਪਛਾਣ ਚਿੰਨ੍ਹ ਬਣ ਚੁੱਕਿਆ ਇਹ ਬੁੱਤ 1880 ਈਸਵੀ ਵਿੱਚ ਫਰਾਂਸਿਸੀਆਂ ਵੱਲੋਂ ਅਮਰੀਕਾ ਨੂੰ ਤੋਹਫ਼ੇ ਵਜੋਂ ਭੇਟ ਕੀਤਾ ਗਿਆ ਸੀ। ਲਿਬਰਟੀ ਟਾਪੂ ਤੱਕ ਪਹੁੰਚਣ ਲਈ ਕਰੂਜ਼ (ਸਮੁੰਦਰੀ ਬੇੜਾ) ਰਾਹੀਂ ਸਮੁੰਦਰੀ ਸਫ਼ਰ ਤੈਅ ਕਰਨਾ ਪੈਂਦਾ ਹੈ। ਇਸ ਦੇ ਨੇੜੇ ਅਮਰੀਕਾ ਦੀ ਉਹ ਪਹਿਲੀ ਬੰਦਰਗਾਹ ਸਥਿਤ ਹੈ, ਜਿਸ ’ਤੇ ਵਿਦੇਸ਼ੀ ਲੋਕ ਅਮਰੀਕਾ ਦੀ ਧਰਤੀ ’ਤੇ ਪਹਿਲੀ ਵਾਰ ਪਹੁੰਚਣੇ ਸ਼ੁਰੂ ਹੋਏ ਸਨ। ਇਹ ਬੰਦਰਗਾਹ ਹੁਣ ਕਾਰਜਸ਼ੀਲ ਨਹੀਂ ਰਹੀ। ਇਸ ਬੰਦਰਗਾਹ ਤੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਨੂੰ ਜਾਣ ਲਈ ਬਣਾਇਆ ਗਿਆ ਪ੍ਰਾਚੀਨ ਰੇਲਵੇ ਸਟੇਸ਼ਨ ਵੀ ਹੁਣ ਕਾਰਜਸ਼ੀਲ ਨਹੀਂ ਹੈ। ਵਿਰਾਸਤੀ ਰੂਪ ਵਿੱਚ ਇਹ ਰੇਲਵੇ ਸਟੇਸ਼ਨ ਅਤੇ ਪੁਰਾਣੀਆਂ ਸਟੀਮ ਇੰਜਣ ਵਾਲੀਆਂ ਰੇਲ ਗੱਡੀਆਂ ਸੰਭਾਲੀਆਂ ਹੋਈਆਂ ਹਨ। ਅਮਰੀਕਨ ਇਮੀਗ੍ਰੇਸ਼ਨ ਸਿਸਟਮ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਣ ਵਾਲਾ ਮਿਊਜ਼ੀਅਮ ਵੀ ਇਸ ਬੰਦਰਗਾਹ ਦੇ ਕੰਢੇ ਬਣਿਆ ਹੋਇਆ ਹੈ। ਰਾਤ ਦੇ ਹਨੇਰੇ ਵਿੱਚ ਇਸ ਟਾਪੂ ਤੋਂ ਨਿਊਯਾਰਕ ਸਿਟੀ ਦਾ ਦ੍ਰਿਸ਼ ਬਹੁਤ ਹੀ ਖ਼ੂਬਸੂਰਤ ਨਜ਼ਰ ਆਉਂਦਾ ਹੈ। ‘ਵਰਲਡ ਟਰੇਡ ਸੈਂਟਰ’ ਦੀ ਥਾਂ ’ਤੇ ਬਣੀ ਖ਼ੂਬਸੂਰਤ ਇਮਾਰਤ ਅਤੇ ਇਸ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਦੇ ਸਮੂਹ ‘ਟਾਈਮ ਸੁਕੇਅਰ’ ਦਾ ਦ੍ਰਿਸ਼ ਮਨੁੱਖੀ ਮਨ ਨੂੰ ਮੰਤਰ ਮੁਗਧ ਕਰਦਾ ਹੈ। ਇਸੇ ਤਰ੍ਹਾਂ ਦਾ ਖ਼ੂਬਸੂਰਤ ਦ੍ਰਿਸ਼ ਡਟਰਾਇਟ ਸ਼ਹਿਰ ਦੇ ਡਾਊਨ ਟਾਊਨ ਦੇ ਨਾਲ ਵਹਿੰਦੇ ਵਿਸ਼ਾਲ ਦਰਿਆ ਕੰਢੇ ਸ਼ਾਮ ਨੂੰ ਦਰਿਆ ਦੇ ਦੂਸਰੇ ਪਾਸੇ ਕੈਨੇਡਾ ਦੇ ਵਿੰਡਸਰ ਸ਼ਹਿਰ ਦੀਆਂ ਰੁਸ਼ਨਾਉਂਦੀਆਂ ਖ਼ੂਬਸੂਰਤ ਇਮਾਰਤਾਂ ਨੂੰ ਦੇਖ ਕੇ ਬਣਦਾ ਹੈ। ਅਮਰੀਕਾ ਅਤੇ ਕੈਨੇਡਾ ਦੇ ਬਾਰਡਰ ਦੇ ਵਜੋਂ ਵਹਿੰਦਾ ਇਹ ਦਰਿਆ ਕੁਝ ਕਿਲੋਮੀਟਰ ਅੱਗੇ ਜਾ ਕੇ ਦੁਨੀਆ ਦੀ ਵਿਸ਼ਾਲ ਝੀਲ ਹੂਅਰਨ ਲੇਕ ਦਾ ਰੂਪ ਧਾਰਨ ਕਰ ਲੈਂਦਾ ਹੈ, ਜਿਸ ਦਾ ਖੇਤਰਫਲ ਸਾਡੇ ਮੌਜੂਦਾ ਪੰਜਾਬ ਦੇ ਖੇਤਰਫਲ ਜਿੰਨਾ ਹੈ।

ਸੰਪਰਕ: 94173-75266

Advertisement
×