DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਏਕੇ ਦੀ ਮੌਤ

ਘਰ ਕੋਈ ਵੀ ਨਹੀਂ ਸੀ। ਮੈਂ ਸਵੇਰ ਤੋਂ ਇਕੱਲਾ ਹੀ ਸਾਂ। ਮੇਰੀ ਨਿੱਕੀ ਭੈਣ ਆਪਣੀ ਸਹੇਲੀ ਦੇ ਘਰ ਗਈ ਹੋਈ ਸੀ। ਉਸ ਨੇ ਰਾਤ ਦੀ ਰੋਟੀ ਬਣਾਉਣ ਤੋਂ ਪਹਿਲਾਂ ਆਉਣਾ ਸੀ, ਇਸ ਲਈ ਉਸ ਦੇ ਆਉਣ ਵਿੱਚ ਵੀ ਦੇਰ ਸੀ।...

  • fb
  • twitter
  • whatsapp
  • whatsapp
Advertisement

ਘਰ ਕੋਈ ਵੀ ਨਹੀਂ ਸੀ। ਮੈਂ ਸਵੇਰ ਤੋਂ ਇਕੱਲਾ ਹੀ ਸਾਂ। ਮੇਰੀ ਨਿੱਕੀ ਭੈਣ ਆਪਣੀ ਸਹੇਲੀ ਦੇ ਘਰ ਗਈ ਹੋਈ ਸੀ। ਉਸ ਨੇ ਰਾਤ ਦੀ ਰੋਟੀ ਬਣਾਉਣ ਤੋਂ ਪਹਿਲਾਂ ਆਉਣਾ ਸੀ, ਇਸ ਲਈ ਉਸ ਦੇ ਆਉਣ ਵਿੱਚ ਵੀ ਦੇਰ ਸੀ। ਮੈਨੂੰ ਇਕੱਲਤਾ ਮਹਿਸੂਸ ਹੋ ਰਹੀ ਸੀ।

ਮੈਂ ਸੋਚਿਆ, ਭੈਣ ਨੇ ਤਾਂ ਅਜੇ ਮੁੜ ਕੇ ਨਹੀਂ ਆਉਣਾ। ਮੈਂ ਆਪ ਹੀ ਕਿਸੇ ਦੇ ਕਿਉਂ ਨਾ ਹੋ ਆਵਾਂ? ਮੈਨੂੰ ਇਕੱਲਾਪਣ ਓਪਰਾ-ਓਪਰਾ ਲੱਗ ਰਿਹਾ ਸੀ। ਕਦੇ-ਕਦੇ ਮੇਰੇ ਮਿੱਤਰ ਦੇ ਬੱਚੇ ਖੇਡਣ ਆ ਜਾਂਦੇ ਸਨ। ਅੱਜ ਉਹ ਵੀ ਨਹੀਂ ਸਨ ਆਏ। ਮੇਰਾ ਚਾਹ ਪੀਣ ਨੂੰ ਜੀਅ ਕਰ ਰਿਹਾ ਸੀ, ਪਰ ਇਕੱਲੇ ਨੂੰ ਚਾਹ ਦਾ ਕੀ ਸਵਾਦ, ਕੋਈ ਆ ਜਾਂਦਾ ਤਾਂ ਹੀ ਚਾਹ ਬਣਾ ਕੇ ਪੀਂਦੇ।

Advertisement

ਮੈਂ ਕਿਸੇ ਦੇ ਆਉਣ ਦੀ ਆਸ ਦੇ ਤਣਾਅ ਬਾਰੇ ਸੋਚ ਹੀ ਰਿਹਾ ਸੀ ਕਿ ਪੌੜੀਆਂ ਵਿੱਚ ਕਿਸੇ ਦੇ ਆਉਣ ਦੀ ਬਿੜਕ ਆਈ। ਮੈਂ ਵੇਖਿਆ ਦੀਪੀ ਤੇ ਸਵੀਰਾ ਸਨ। ਪਲ ਭਰ ਮੈਨੂੰ ਯਕੀਨ ਨਾ ਆਇਆ ਕਿ ਕੋਈ ਆਇਆ ਹੈ।

Advertisement

ਸੁਦੀਪ, ਜਿਸ ਨੂੰ ਮੈਂ ਦੀਪੀ ਕਹਿ ਕੇ ਬੁਲਾਉਂਦਾ ਹਾਂ, ਅੱਗੇ-ਅੱਗੇ ਸੀ ਤੇ ਸਵੀਰਾ ਉਸ ਦੇ ਨਾਲ-ਨਾਲ ਜ਼ਰਾ ਪਿੱਛੇ। ਮੈਨੂੰ ਵੇਖ ਕੇ ਉਹ ਮੁਸਕਰਾਈਆਂ ਤੇ ਉਨ੍ਹਾਂ ਨੂੰ ਵੇਖ ਕੇ ਮੈਂ।

ਇਨ੍ਹਾਂ ਦੇ ਪਾਪਾ ਨੇ ਕੋਈ ਸੁਨੇਹਾ ਭੇਜਿਆ ਹੋਵੇਗਾ ਤੇ ਜੋ ਕੁਝ ਕਹਿਣਾ ਸੀ ਕਹਿ ਕੇ ਤੁਰ ਜਾਣਗੀਆਂ। ਮੈਂ ਡਰ ਜਿਹਾ ਗਿਆ। ਮੈਂ ਮੁੜ ਇਕੱਲਾ ਨਹੀਂ ਸੀ ਹੋਣਾ ਚਾਹੁੰਦਾ।

ਇਕੱਲ ਟੁੱਟਣ ਤੋਂ ਬਿਨਾਂ ਉਨ੍ਹਾਂ ਦੇ ਆਉਣ ਦੀ ਇੱਕ ਹੋਰ ਵੀ ਖ਼ੁਸ਼ੀ ਸੀ। ਦੋਵੇਂ ਆਮ ਬੱਚਿਆਂ ਨਾਲੋਂ ਚੁਸਤ ਤੇ ਸੁਚੇਤ ਹਨ। ਦੀਪੀ ਘੋਖੀ ਤੇ ਸੂਝਵਾਨ ਸੀ, ਸਵੀਰਾ ਚੇਤੰਨ ਤੇ ਸ਼ਰਾਰਤੀ। ਆਪਣੇ ਮਾਪਿਆਂ ਨਾਲ ਉਹ ਕਈ ਵਾਰੀ ਮੇਰੇ ਘਰ ਆਈਆਂ ਹਨ ਤੇ ਮੈਨੂੰ ਕੋਈ ਵੀ ਅਜਿਹਾ ਪਲ ਚੇਤੇ ਨਹੀਂ ਸੀ ਜਿਸ ਨੂੰ ਇਨ੍ਹਾਂ ਦੀਆਂ ਸ਼ਰਾਰਤਾਂ ਨੇ ਬੇਸੁਆਦ ਕੀਤਾ ਹੋਵੇ। ਆਮ ਬੱਚਿਆਂ ਵਾਂਗ ਦਗੜ-ਦਗੜ ਪੌੜੀਆਂ ਚੜ੍ਹਦੇ-ਉਤਰਦੇ ਰਹਿਣਾ, ਘਰ ਦੇ ਬਾਹਰਲੇ ਦਰਵਾਜ਼ੇ ਨਾਲ ਝੂਟਣਾ, ਰਾਹ ਜਾਂਦੇ ਰਾਹੀ ’ਤੇ ਪਾਣੀ ਡੋਲ ਦੇਣਾ, ਜੇ ਹੋਰ ਨਹੀਂ ਤਾਂ ਕੋਠੇ ਚੜ੍ਹ ਕੇ ਛੱਤ ਉੱਤੇ ਹੀ ਠੋਕਾ-ਠਾਕੀ ਕਰਦੇ ਰਹਿਣਾ, ਦੀਪੀ ਤੇ ਸਵੀਰਾ ਦਾ ਸੁਭਾਅ ’ਚ ਸ਼ਾਮਿਲ ਨਹੀਂ ਸੀ, ਜਾਂ ਇਉਂ ਕਹਿ ਲਵੋ ਕਿ ਉਨ੍ਹਾਂ ਨੂੰ ਏਸ ਗੱਲ ਦਾ ਗਿਆਨ ਸੀ ਕਿ ਓਪਰੇ ਘਰ ਕਿਵੇਂ ਬੈਠੀਦਾ ਹੈ।

‘‘ਆਪਾਂ ਚਾਹ ਬਣਾ ਕੇ ਪੀਆਂਗੇ, ਜਾਇਓ ਨਾ,’’ ਮੈਂ ਏਨਾ ਕਹਿ ਕੇ ਆਪਣੇ ਲੈਟਰ-ਬੌਕਸ ਵਿੱਚ ਡਾਕ ਦੇਖਣ ਉਤਰ ਗਿਆ।

ਡਾਕ ਲੈਣ ਗਿਆਂ ਮੈਨੂੰ ਇੱਕ ਪੁਰਾਣੀ ਘਟਨਾ ਚੇਤੇ ਆ ਗਈ। ਇੱਕ ਦਿਨ ਸਵੇਰੇ ਮੈਂ ਤੇ ਮੇਰਾ ਮਿੱਤਰ ਉਨ੍ਹਾਂ ਦੇ ਘਰ ਸੋਫੇ ਉੱਤੇ ਬੈਠੇ ਕਿਸੇ ਹੋਰ ਮਿੱਤਰ ਦੀਆਂ ਗੱਲਾਂ ਕਰ ਕੇ ਹੱਸ ਰਹੇ ਸਾਂ ਕਿ ਘਰ ਦੇ ਸ਼ਾਂਤ ਵਾਯੂਮੰਡਲ ਵਿੱਚ ਵਾਵਰੋਲੇ ਦੇ ਆਉਣ ਵਾਂਗ ਦਰਵਾਜ਼ੇ ਖਿੜਕੀਆਂ ਖੜਕਣੇ ਸ਼ੁਰੂ ਹੋ ਗਏ। ਦੀਪੀ ਤੇ ਸਵੀਰਾ ਲੜ ਪਈਆਂ ਸਨ। ਦੀਪੀ ਨੇ ਸਵੀਰਾ ਦੇ ਥੱਪੜ ਮਾਰ ਕੇ ਸਾਡੇ ਕਮਰੇ ਵਿੱਚ ਆ ਕੇ ਏਧਰੋਂ ਕੁੰਡੀ ਮਾਰ ਲਈ ਸੀ। ਸਵੀਰਾ ਨੇ ਹੱਥ ਵਿੱਚ ਲੋਹੇ ਦਾ ਗਿਲਾਸ ਚੁੱਕਿਆ ਹੋਇਆ ਸੀ ਤੇ ਉਹ ਦਰਵਾਜ਼ੇ ਦੇ ਸ਼ੀਸ਼ੇ ਪਿੱਛੇ ਖੜ੍ਹੀ ਕੁੰਡੀ ਖੋਲ੍ਹਣ ਲਈ ਕਹਿ ਰਹੀ ਸੀ। ਉਸ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਗ ਰਹੇ ਸਨ ਤੇ ਇੰਜ ਜਾਪਦਾ ਸੀ ਕਿ ਜੇ ਕੁੰਡੀ ਇੱਕ-ਅੱਧ ਮਿੰਟ ਹੋਰ ਨਾ ਖੁੱਲ੍ਹੀ ਤਾਂ ਉਹ ਲੋਹੇ ਦੇ ਗਲਾਸ ਨਾਲ ਦਰਵਾਜ਼ੇ ਦਾ ਸ਼ੀਸ਼ਾ ਭੰਨ ਸੁੱਟੇਗੀ। ਮੈਂ ਸ਼ੀਸਾ ਟੁੱਟਣ ਤੋਂ ਏਦਾਂ ਡਰ ਰਿਹਾ ਸਾਂ ਜਿਵੇਂ ਕੋਈ ਲਾਮ ਲੱਗਣ ਤੋਂ ਪਹਿਲਾਂ ਦੀ ਅਵਸਥਾ ਤੋਂ ਡਰਦਾ ਹੈ। ਮੇਰਾ ਮਿੱਤਰ ਸਾਡੇ ਸਾਂਝੇ ਮਿੱਤਰ ਦੀਆਂ ਗੱਲਾਂ ਕਰਕੇ ਉਸੇ ਤਰ੍ਹਾਂ ਕਹਿਕਹੇ ਮਾਰ ਕੇ ਹੱਸ ਰਿਹਾ ਸੀ। ਉਸ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਘਰ ਵਿੱਚ ਤਣਾਅ ਵਧ ਗਿਆ ਹੈ। ਮੈਂ ਦੀਪੀ ਨੂੰ ਕਿਹਾ ਕਿ ਦਰਵਾਜ਼ਾ ਖੋਲ੍ਹ ਦੇ, ਪਰ ਮੇਰੇ ਮਿੱਤਰ ਨੇ ਕਿਹਾ ਸਭ ਆਪ ਹੀ ਠੀਕ ਹੋ ਜਾਵੇਗਾ।

ਉਮਰ ਵਿੱਚ ਭਾਵੇਂ ਦੀਪੀ ਵੱਡੀ ਸੀ, ਪਰ ਵੇਖਣ ਨੂੰ ਦੋਵੇਂ ਇੱਕੋ ਜਿੱਡੀਆਂ ਹੀ ਸਨ। ਕੁਝ ਏਸ ਤਰ੍ਹਾਂ ਜਿਵੇਂ ਜੌੜੀਆਂ ਹੋਣ। ਹਾਣੀ ਬੱਚਿਆਂ ਵਾਂਗ ਉਹ ਆਪੋ ਵਿੱਚ ਲੜੇ ਬਿਨਾਂ ਵੀ ਨਹੀਂ ਸੀ ਰਹਿ ਸਕਦੀਆਂ।

ਮੇਰੇ ਮਿੱਤਰ ਨੇ ਮੈਨੂੰ ਦੱਸਿਆ ਕਿ ਪਿਛਲੇ ਦਸਾਂ ਮਿੰਟਾਂ ਤੋਂ ਦੋਵੇਂ ਕੁੜੀਆਂ ਇੱਕ-ਦੂਜੀ ਦੀਆਂ ਸਾਂਗਾਂ ਲਾ ਰਹੀਆਂ ਸਨ। ਹੁਣੇ-ਹੁਣੇ ਠੁੱਠ ਵਿਖਾ ਕੇ ਦੀਪੀ ਨੇ ਸਵੀਰਾ ਨੂੰ ਵੰਗਾਰਿਆ ਸੀ। ਪਲ ਭਰ ਚੁੱਪ ਰਹਿ ਕੇ ਸਵੀਰਾ ਨੇ ਸਰ੍ਹਾਣੇ ਪਈ ਫਾਈਲ ਵਿੱਚੋਂ ਇੱਕ ਸਜ-ਵਿਆਹੀ ਵਹੁਟੀ ਦੀ ਤਸਵੀਰ ਕੱਢ ਕੇ ਦੀਪੀ ਨੂੰ ਵਿਖਾ ਕੇ ਪਾੜ ਦਿੱਤੀ ਸੀ। ਦੀਪੀ ਨੂੰ ਤਸਵੀਰਾਂ ਇਕੱਠੀਆਂ ਕਰਨ ਦਾ ਸ਼ੌਕ ਸੀ ਅਤੇ ਇਹ ਉਸ ਦੀ ਤਸਵੀਰਾਂ ਦੀ ਸੱਜਰੀ ਫਾਈਲ ਸੀ।

ਸਜ-ਵਿਆਹੀ ਵਹੁਟੀ ਦੀ ਤਸਵੀਰ ਦੀਪੀ ਨੂੰ ਖ਼ਾਸ ਕਰਕੇ ਪਿਆਰੀ ਸੀ। ਇਹ ਉਸ ਨੇ ਔਰਤਾਂ ਦੇ ਕਿਸੇ ਪੁਰਾਣੇ ਰਸਾਲੇ ਵਿੱਚੋਂ ਲੱਭ ਕੇ ਲਿਆਂਦੀ ਸੀ।

ਮੇਰੇ ਮਿੱਤਰ ਦਾ ਖ਼ਿਆਲ ਸੀ ਕਿ ਸਵੀਰਾ ਨੂੰ ਤਸਵੀਰ ਨਹੀਂ ਸੀ ਫਾੜਨੀ ਚਾਹੀਦੀ। ਇਸ ਲਈ ਜੇ ਦੀਪੀ ਨੇ ਸਵੀਰਾ ਨੂੰ ਮਾਰ ਕੇ ਦਰਵਾਜ਼ੇ ਦੀ ਕੁੰਡੀ ਲਾ ਲਈ ਸੀ ਤਾਂ ਠੀਕ ਹੀ ਕੀਤਾ ਸੀ। ਮੇਰੇ ਨਾਲ ਗੱਲਾਂ ਕਰਦਾ ਉਹ ਸਾਰੀ ਲੀਲ੍ਹਾ ਦੇਖਦਾ ਰਿਹਾ ਸੀ, ਜਿਸ ਤੋਂ ਮੈਂ ਉੱਕਾ ਹੀ ਅਚੇਤ ਸਾਂ। ਧੀਆਂ ਦੇ ਸੁਭਾਅ ਤੋਂ ਜਾਣੂ ਮੇਰੇ ਮਿੱਤਰ ਨੂੰ ਇਹ ਡਰ ਵੀ ਨਹੀਂ ਸੀ ਕਿ ਸ਼ੀਸ਼ਾ ਟੁੱਟ ਜਾਵੇਗਾ ਤੇ ਇਸ ਦਾ ਕੱਚ ਕਿਸੇ ਬੱਚੇ ਦੇ ਚੁਭ ਕੇ ਕਮਰੇ ਨੂੰ ਲਹੂ-ਲੁਹਾਣ ਕਰ ਦੇਵੇਗਾ।

ਸਵੀਰਾ ਦਾ ਤਸਵੀਰ ਪਾੜਨਾ ਭਾਵੇਂ ਠੀਕ ਨਹੀਂ ਸੀ, ਪਰ ਦੀਪੀ ਨੂੰ ਖਿਝਾਉਣ ਦਾ ਇਹ ਤਰੀਕਾ ਨਿਵੇਕਲਾ ਜ਼ਰੂਰ ਸੀ। ਇਹ ਸਵੀਰਾ ਦੀ ਸ਼ਰਾਰਤੀ ਸੂਝ ਦਾ ਸਬੂਤ ਸੀ। ਮੈਂ ਆਪਣੇ ਮਿੱਤਰ ਕੋਲ ਉਸ ਦੀ ਮੌਲਿਕ ਸੂਝ ਦੀ ਸ਼ਲਾਘਾ ਕੀਤੀ।

ਆਪਣੀ ਸੂਝ ਦੀ ਸਿਫ਼ਤ ਸੁਣ ਕੇ ਸਵੀਰਾ ਦਾ ਗੁੱਸਾ ਢਲ ਗਿਆ ਤੇ ਉਸ ਨੇ ਗਲਾਸ ਇੱਕ ਪਾਸੇ ਸੁੱਟ ਕੇ ਅੱਖਾਂ ਪੂੰਝ ਲਈਆਂ। ਦੀਪੀ ਪਹਿਲਾਂ ਹੀ ਸੰਤੁਸ਼ਟ ਸੀ ਕਿ ਉਸ ਨੇ ਥੱਪੜ ਮਾਰ ਕੇ ਬਦਲਾ ਲੈ ਹੀ ਲਿਆ ਸੀ। ਮੇਰੇ ਬੈਠਿਆਂ-ਬੈਠਿਆਂ ਉਹ ਮੁੜ ਆਪੋ-ਆਪਣੀ ਪੁਸਤਕ ਪੜ੍ਹਨ ਲੱਗ ਪਈਆਂ।

ਜਦ ਮੈਂ ਡਾਕ ਲੈ ਕੇ ਵਾਪਸ ਆਇਆ ਤਾਂ ਚਾਹ ਵਾਲੀ ਕੇਤਲੀ ਵਿੱਚ ਪਾਣੀ ਉਬਲ ਰਿਹਾ ਸੀ। ਦੀਪੀ ਰਸੋਈ ਵਿੱਚੋਂ ਚਾਹ-ਪੱਤੀ ਵਾਲਾ ਡੱਬਾ ਲੱਭ ਰਹੀ ਸੀ ਤੇ ਸਵੀਰਾ ਚੀਨੀ। ਮੈਥੋਂ ਹੇਠਾਂ ਜਾਂਦੇ ਦੇ ਮੂੰਹੋਂ ਨਿਕਲ ਗਿਆ ਸੀ ਕਿ ‘ਚਾਹ ਬਣਾ ਕੇ ਪੀਆਂਗੇ, ਜਾਣਾ ਨਾ।’ ਮੇਰਾ ਸਮਾਂ ਤੇ ਘਾਲਣਾ ਬਚਾਉਣ ਦੇ ਭਾਵ ਨਾਲ ਉਹ ਕਿਵੇਂ ਇੱਕ ਜਾਨ ਹੋ ਕੇ ਕੰਮ ਕਰ ਰਹੀਆਂ ਸਨ ਮੈਂ ਹੈਰਾਨ ਰਹਿ ਗਿਆ।

‘‘ਵਾਹ ਬਈ ਵਾਹ’’, ਮੈਂ ਖ਼ੁਸ਼ ਹੋ ਕੇ ਕਿਹਾ। ‘‘ਚਾਹਪੱਤੀ ਪਤਾ ਨਹੀਂ ਕਿੱਥੇ ਹੈ?’’ ਦੀਪੀ ਬੋਲੀ। ‘‘ਤੇ ਚੀਨੀ ਕਿੱਥੇ ਹੈ?’’ ਸਵੀਰਾ ਨੇ ਪੁੱਛਿਆ।

ਜਿਵੇਂ ਇੱਕ ਜਾਨ ਤੇ ਇੱਕ ਆਤਮਾ ਹੋ ਕੇ ਉਹ ਮੇਰੇ ਨਾਲ ਚਾਹ ਬਣਵਾ ਰਹੀਆਂ ਸਨ, ਉਸ ਤੋਂ ਮੇਰੇ ਮਨ ਵਿੱਚ ਕਈ ਸ਼ੰਕੇ ਪੈਦਾ ਹੋਏ। ਇਨ੍ਹਾਂ ਦੀ ਮੰਮੀ ਨੇ ਇਨ੍ਹਾਂ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਏ ਤੇ ਜਾਂ ਇਨ੍ਹਾਂ ਦੀ ਮੰਮੀ ਤੇ ਪਾਪਾ ਦੀ ਆਪੋ ਵਿੱਚ ਕੋਈ ਇਹੋ ਜੇਹੀ ਗੱਲ ਹੋ ਗਈ ਏ ਜਿਸ ਲਈ ਮੇਰੀ ਹਾਜ਼ਰੀ ਜ਼ਰੂਰੀ ਏ, ਪਰ ਕਿਸੇ ਕਾਰਨ ਉਹ ਕੁਝ ਦੱਸ ਨਹੀਂ ਰਹੀਆਂ। ਕੁੜੀਆਂ ਹਨ, ਸੋਚ-ਸਮਝ ਕੇ ਗੱਲ ਕਰਨੀ ਚਾਹੁੰਦੀਆਂ ਹਨ, ਮੈਂ ਸੋਚਿਆ।

‘‘ਤੁਹਾਡੇ ਪਾਪਾ ਕੀ ਕਰ ਰਹੇ ਨੇ?’’ ਮੈਂ ਘੋਖਵਾਂ ਪ੍ਰਸ਼ਨ ਕੀਤਾ।

‘‘ਪਤਾ ਨਹੀਂ।’’ ਉਨ੍ਹਾਂ ਇੱਕੋ ਸਾਹ ਉੱਤਰ ਦਿੱਤਾ।

‘‘ਉਹ ਘਰ ਹੀ ਨੇ?’’ ਮੈਂ ਅਗਲਾ ਸਵਾਲ ਕੀਤਾ।

‘‘ਘਰ ਹੀ ਹੋਣੇ ਨੇ’’ ਦੀਪੀ ਨੇ ਕਿਹਾ ਤੇ ‘‘ਸਾਨੂੰ ਕੀ ਪਤੈ?’’ ਸਵੀਰਾ ਬੋਲੀ।

‘‘ਤੁਸੀਂ ਘਰੋਂ ਨਹੀਂ ਆਈਆਂ।’’

‘‘ਨਹੀਂ ਤਾਂ।’’

‘‘ਸਿਨਮੇ ਗਈਆਂ ਸੀ?’’

‘‘ਨਹੀਂ।’’

‘‘ਘਰ ਵਿੱਚ ਸੁਖ ਹੈ?’’ ਮੈਂ ਹੱਸ ਕੇ ਕਿਹਾ।

‘‘ਕਿਉਂ? ਸੁਖ ਹੀ ਹੋਣੀ ਏ।’’

ਮੈਂ ਜਿਹੜਾ ਵੀ ਪ੍ਰਸ਼ਨ ਕਰਦਾ ਸੀ ਉਹ ਦੋਵੇਂ ਉਸ ਦਾ ਇੱਕੋ ਉੱਤਰ ਦਿੰਦੀਆਂ ਸਨ।

‘‘ਤੁਸੀਂ ਘਰੋਂ ਨਹੀਂ ਆਈਆਂ ਜਾਪਦੀਆਂ। ਕਿੱਥੇ ਗਈਆਂ ਸੀ?’’ ਮੈਂ ਚਾਹ ਪਾਉਂਦੇ ਨੇ ਪੁੱਛਿਆ।

‘‘ਕਰੋਲ ਬਾਗ,’’ ਉਨ੍ਹਾਂ ਨੇ ਸਾਂਝਾ ਉੱਤਰ ਦਿੱਤਾ ਤੇ ਖਿੜ-ਖਿੜਾ ਕੇ ਹੱਸ ਪਈਆਂ ਜਿਵੇਂ ਝੂਠ ਬੋਲ ਰਹੀਆਂ ਹੋਣ।

‘‘ਕਰੋਲ ਬਾਗ ਕੀ ਸੀ?’’

‘‘ਕੁਝ ਵੀ ਨਹੀਂ।’’

‘‘ਕੁਝ ਤਾਂ ਹੋਵੇਗਾ।’’

ਹੁਣ ਉਹ ਇੱਕ-ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਈਆਂ ਜਿਵੇਂ ਬਿਆਨ ਬਦਲ ਜਾਣ ਤੋਂ ਡਰ ਰਹੀਆਂ ਹੋਣ।

ਫੇਰ ਥੋੜ੍ਹਾ ਜਿਹਾ ਝਕ ਕੇ ਉਨ੍ਹਾਂ ਦੱਸ ਹੀ ਦਿੱਤਾ।

ਉਹ ਸਵੇਰ ਦੀਆਂ ਘਰੋਂ ਤੁਰੀਆਂ ਹੋਈਆਂ ਸਨ। ਮੇਰੇ ਮਿੱਤਰ ਨੇ ਉਨ੍ਹਾਂ ਨੂੰ ਜੇਬ-ਖ਼ਰਚ ਦੇ ਕੇ ਘੁੰਮਣ ਦੀ ਛੁੱਟੀ ਦੇ ਦਿੱਤੀ ਸੀ। ਮਾਪਿਆਂ ਤੋਂ ਦੂਰ ਆਪਣੇ ਆਪ ਜਿਧਰ ਜੀਅ ਆਏ ਘੁੰਮਦੇ ਰਹਿਣ ਨਾਲ ਬੱਚੇ ਦਾ ਸਵੈ-ਵਿਸ਼ਵਾਸ ਵਧਦਾ ਹੈ, ਮੇਰੇ ਮਿੱਤਰ ਦਾ ਵਿਚਾਰ ਸੀ।

ਫੇਰ ਕੀ ਸੀ। ਉਹ ਬੱਸ ਚੜ੍ਹ ਕੇ ਇੰਡੀਆ ਗੇਟ ਚਲੀਆਂ ਗਈਆਂ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਈਸਕਰੀਮ ਖਾਧੀ। ਫੇਰ ਇੰਡੀਆ ਗੇਟ ਪਾਣੀ ਦੀਆਂ ਨਹਿਰਾਂ ਦੇ ਕੰਢੇ ਖੇਡਦੀਆਂ ਰਹੀਆਂ ਤੇ ਫੇਰ ਬੱਚਿਆਂ ਦੇ ਪਾਰਕ ਵਿੱਚ। ਉਨ੍ਹਾਂ ਨੂੰ ਭੁੱਖ ਲੱਗ ਆਈ, ਪਰ ਖਾਣ ਲਈ ਲਿਆਂਦੇ ਪੈਸਿਆਂ ਦੀ ਉਹ ਆਈਸਕਰੀਮ ਖਾ ਬੈਠੀਆਂ ਸਨ। ਇੱਕ-ਇੱਕ ਚੌਕੋ ਬਾਰ ਤੇ ਇੱਕ-ਇੱਕ ਓਰੇਂਜ। ਹੁਣ ਉਨ੍ਹਾਂ ਕੋਲ ਬੱਸ ਦਾ ਕਿਰਾਇਆ ਹੀ ਰਹਿ ਗਿਆ ਸੀ। ਭੁੱਖ ਤਾਂ ਦੀਪੀ ਨੂੰ ਵੀ ਲੱਗੀ ਹੋਈ ਸੀ, ਪਰ ਉਹ ਵੱਡੀ ਹੋਣ ਦੇ ਨਾਤੇ ਬੱਸ ਦੇ ਕਿਰਾਏ ਨੂੰ ਬਚਾ ਕੇ ਰੱਖਣਾ ਆਪਣੀ ਜ਼ਿੰਮੇਵਾਰੀ ਸਮਝਦੀ ਸੀ। ਸਵੀਰਾ ਦੇ ਮੂੰਹੋਂ ਸੁਝਾਅ ਨਿਕਲਣ ਦੀ ਦੇਰ ਸੀ ਕਿ ਦੀਪੀ ਨੇ ਦੋ-ਦੋ ਆਨੇ ‘ਚਨਾ ਜੋਰ ਗਰਮ’ ਦੇ ਲੇਖੇ ਲਾ ਦਿੱਤੇ। ਮਸਾਲੇਦਾਰ ਛੋਲੇ ਖਾ ਕੇ ਉਨ੍ਹਾਂ ਦਾ ਹੋਰ ਛੋਲੇ ਖਾਣ ਨੂੰ ਜੀਅ ਕਰ ਆਇਆ ਤੇ ਫੇਰ ਹੋਰ ਖਾਣ ਨੂੰ। ਸਭ ਤੋਂ ਪਹਿਲਾਂ ਉਨ੍ਹਾਂ ਨੇ ਬਾਰਾਂ ਆਨੇ ਬਚਾ ਕੇ ਰੱਖੇ ਸਨ ਤੇ ਫੇਰ ਅੱਠ ਆਨੇ। ਇਹ ਸੋਚ ਕੇ ਕਿ ਚਾਰ-ਚਾਰ ਆਨੇ ਵਿੱਚ ਜਿੱਥੋਂ ਤੱਕ ਬੱਸ ਲੈ ਜਾਵੇਗੀ ਠੀਕ ਹੈ, ਬਾਕੀ ਤੁਰ ਕੇ ਚਲੀਆਂ ਜਾਣਗੀਆਂ।

ਉਂਜ ਇੰਡੀਆ ਗੇਟ ਕੋਲੋਂ ਰਾਜਿੰਦਰ ਨਗਰ ਦੇ ਚਾਰ-ਚਾਰ ਆਨੇ ਲੱਗਦੇ ਸਨ। ਜਦੋਂ ਉਨ੍ਹਾਂ ਦਾ ਹੋਰ ਖਾਣ ਨੂੰ ਜੀਅ ਕੀਤਾ ਤਾਂ ਉਨ੍ਹਾਂ ਨੇ ਕੇਵਲ ਚੁਆਨੀ ਦਾ ਸਫ਼ਰ ਬੱਸ ਰਾਹੀਂ ਤੇ ਬਾਕੀ ਪੈਦਲ ਕਰਨ ਦਾ ਫ਼ੈਸਲਾ ਕਰਕੇ ਇੱਕ ਚੁਆਨੀ ਹੋਰ ਖ਼ਰਚ ਲਈ। ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਦਾ ਪਾਪਾ ਕਈ ਵਾਰੀ ਦਫ਼ਤਰੋਂ ਬੱਸ ਲਏ ਬਿਨਾਂ ਹੀ ਤੁਰ ਕੇ ਆ ਜਾਂਦਾ ਹੈ ਤੇ ਪਾਪਾ ਦਾ ਦਫ਼ਤਰ ਇੰਡੀਆ ਗੇਟ ਤੋਂ ਅੱਧਾ-ਪੌਣਾ ਮੀਲ ਹੀ ਸੀ। ਦੋਹਾਂ ਨੇ ਪਾਪਾ ਵਾਂਗ ਤੁਰ ਕੇ ਜਾਣ ਦਾ ਫ਼ੈਸਲਾ ਕਰਕੇ ਰਹਿੰਦੇ ਪੈਸੇ ਵੀ ਖਰਚ ਲਏ।

ਉਨ੍ਹਾਂ ਨੂੰ ਆਪਣੇ ਇਸ ਫੁਰਨੇ ਦਾ ਬੜਾ ਚਾਅ ਸੀ। ਇਸ ਘੜੀ ਉਨ੍ਹਾਂ ਦੀ ਬੁੱਧੀ ਤੇ ਏਕਾ ਸਿਖਰ ਉੱਤੇ ਸੀ। ਉਹ ਇੱਕ-ਦੂਜੇ ਦੇ ਸਾਹ ਵਿੱਚ ਸਾਹ ਲੈਂਦੀਆਂ ਸਨ। ਦੀਪੀ ਦਾ ਕਿਹਾ ਸਵੀਰਾ ਮੰਨ ਲੈਂਦੀ ਤੇ ਸਵੀਰਾ ਦਾ ਕਿਹਾ ਦੀਪੀ। ਜਿਸ ਚਾਅ ਤੇ ਖ਼ੁਸ਼ੀ ਨਾਲ ਉਹ ਬਿਰਤਾਂਤ ਸੁਣਾ ਰਹੀਆਂ ਸਨ ਉਸ ਤੋਂ ਇਹ ਸਭ ਕੁਝ ਪਰਤੱਖ ਸੀ। ਦੋ ਮੂੰਹਾਂ ਦਾ ਬੋਲਿਆ ਇੱਕੋ ਮੂੰਹ ਦੀ ਆਵਾਜ਼ ਜਾਪਦਾ ਸੀ। ਮੈਂ ਗੱਲਾਂ ਸੁਣ-ਸੁਣ ਹੈਰਾਨ ਵੀ ਹੋ ਰਿਹਾ ਸੀ ਤੇ ਖ਼ੁਸ਼ ਵੀ।

ਮੇਰੇ ਮਿੱਤਰ ਦੇ ਦਫ਼ਤਰੋਂ ਉਸ ਦਾ ਘਰ ਸ਼ੰਕਰ ਰੋਡ ਰਾਹੀਂ ਢਾਈ ਮੀਲ ਸੀ, ਪਰ ਰਸਤੇ ਵਿੱਚ ਉਜਾੜ ਪਈ ਸੀ। ਦੂਜਾ ਮੋੜਾ-ਘੇੜਾਂ ਵਾਲਾ ਰਾਹ ਪੰਜ-ਛੇ ਮੀਲ ਪੈਂਦਾ ਸੀ। ਦੱਸਣ ਵਾਲੇ ਵੀ ਇੱਕੋ ਵਾਰੀ ਸਾਰਾ ਰਸਤਾ ਨਹੀਂ ਸੀ ਸਮਝਾ ਸਕਦੇ। ਬੱਚਿਆਂ ਦਾ ਵੀ ਬਹੁਤਾ ਪੁੱਛਿਆਂ ਸਵੈਮਾਣ ਘਟਦਾ ਸੀ। ਉਹ ਰਾਜਿੰਦਰ ਨਗਰ ਨੂੰ ਆਉਣ ਵਾਲੀਆਂ ਬੱਸਾਂ ਦਾ ਨੰਬਰ ਚੇਤੇ ਕਰਕੇ ਪਿੱਛੇ-ਪਿੱਛੇ ਤੁਰਦੀਆਂ ਚਲੀਆਂ ਆਈਆਂ ਸਨ।

ਇੱਕ ਬੱਸ ਜਾਂਦੀ ਦੂਜੀ ਆ ਜਾਂਦੀ। ਉਨ੍ਹਾਂ ਨੂੰ ਕਿਧਰੇ ਰੁਕਣਾ ਨਹੀਂ ਸੀ ਪਿਆ। ਮੇਰੇ ਘਰ ਦੇ ਨੇੜੇ ਪਹੁੰਚ ਕੇ ਹੀ ਉਨ੍ਹਾਂ ਨੂੰ ਇੰਜ ਲੱਗਿਆ ਸੀ ਕਿ ਉਹ ਮੰਜ਼ਿਲ ’ਤੇ ਅੱਪੜ ਗਈਆਂ ਸਨ। ਮੇਰੇ ਮਿੱਤਰ ਦਾ ਘਰ ਮੇਰੇ ਘਰ ਦੇ ਬਹੁਤ ਨੇੜੇ ਸੀ, ਪਰ ਉਨ੍ਹਾਂ ਦੇ ਚਿਹਰੇ ਉੱਤੇ ਥਕਾਵਟ ਨਹੀਂ ਸੀ। ਕੁਝ ਗਰਮੀ, ਕੁਝ ਚਾਅ ਤੇ ਕੁਝ ਮੰਤਵ ਦੀ ਪੂਰਤੀ ਦੇ ਨਸ਼ੇ ਨਾਲ ਉਨ੍ਹਾਂ ਦੀਆਂ ਗੱਲ੍ਹਾਂ ਲਾਲ ਹੋਈਆਂ ਪਈਆਂ ਸਨ। ਸਵੀਰਾ ਗੱਲ ਕਰਦੀ ਸੀ ਤਾਂ ਉਸ ਦੇ ਚਿਹਰੇ ਦੀਆਂ ਰਗਾਂ ਉਭਰ ਆਉਂਦੀਆਂ ਸਨ। ਦੀਪੀ ਦੀ ਗੱਲ ਤਾਂ ਮੂੰਹ ਤੱਕ ਪਹੁੰਚਣ ਤੋਂ ਪਹਿਲਾਂ ਸ਼ਾਹ ਰਗ ਦੀ ਫ਼ਰਕਣ ਤੋਂ ਹੀ ਸਾਫ਼ ਹੋ ਜਾਂਦੀ ਸੀ। ਉਹ ਥੱਕੀਆਂ ਹੋਈਆਂ ਤਾਂ ਜਾਪਦੀਆਂ ਸਨ, ਪਰ ਹਾਰੀਆਂ ਹੋਈਆਂ ਨਹੀਂ। ਜਿੱਤ ਦੇ ਅਹਿਸਾਸ ਵਿੱਚ ਖੀਵੀਆਂ ਹੋਈਆਂ ਉਹ ਹਸੂੰ-ਹਸੂੰ ਕਰਦੇ ਚਿਹਰੇ ਲੈ ਕੇ ਘਰ ਨੂੰ ਚਲੀਆਂ ਗਈਆਂ। ਮੇਰੀ ਇਕੱਲ ਟੁੱਟ ਚੁੱਕੀ ਸੀ। ਮੈਂ ਰੱਜਿਆ ਅਨੁਭਵ ਕਰ ਰਿਹਾ ਸਾਂ। ਘਰ ਵਿੱਚ ਇੱਕ ਤਰ੍ਹਾਂ ਦੀ ਮਹਿਕ ਫੈਲ ਗਈ ਸੀ।

ਨਹਾ-ਧੋ ਕੱਪੜੇ ਪਹਿਨ ਕੇ ਜਦੋਂ ਮੈਂ ਸ਼ਾਮ ਦੀ ਸੈਰ ਲਈ ਨਿਕਲਿਆ ਤਾਂ ਮੈਨੂੰ ਉਨ੍ਹਾਂ ਦੀ ਮੰਮੀ ਮਿਲ ਪਈ।

‘‘ਬੱਚਿਆਂ ਦਾ ਕੀ ਹਾਲ ਹੈ,’’ ਮੈਂ ਪੁੱਛਿਆ, ‘‘ਪਹੁੰਚ ਗਈਆਂ?’’

‘‘ਹਾਂ ਪਹੁੰਚ ਗਈਆਂ। ਮੇਰਾ ਤਾਂ ਇਨ੍ਹਾਂ ਨਿਆਣਿਆਂ ਨੇ ਲਹੂ ਪੀ ਲਿਐ,’’ ਉਹ ਬੋਲੀ।

ਮੈਨੂੰ ਉਸ ਦੀ ਗੱਲ ਕੁਝ ਸਮਝ ਨਾ ਆਈ ਤੇ ਮੈਂ ਉਹਦੇ ਮੂੰਹ ਵੱਲ ਤੱਕਣ ਲੱਗ ਪਿਆ।

‘‘ਇਹ ਦੋਵੇਂ ਨਿਆਣੇ ਤਾਂ ਘਰੋਂ ਬਾਹਰ ਹੀ ਰਹਿਣ ਤਾਂ ਸੁਖ ਦਾ ਸਾਹ ਆਉਂਦੈ। ਹੁਣ ਬਾਹਰੋਂ ਆਈਐਂ ਤੇ ਹੁਣੇ ਮਾਰ-ਕੁਟਾਈ ਸ਼ੁਰੂ ਹੋ ਗਈ ਹੈ।’’

‘‘ਅਜੇ ਹੁਣੇ ਤਾਂ ਮੇਰੇ ਕੋਲੋਂ ਗਈਆਂ ਨੇ ਚੰਗੀਆਂ-ਭਲੀਆਂ।’’

‘‘ਘਰ ਜਾ ਕੇ ਵੇਖ ਲੈ ਕਾਟ-ਕਟੀਲਾ ਹੋਈਆਂ ਪਈਐਂ।’’

ਮੇਰੇ ਮਿੱਤਰ ਦੀ ਵਹੁਟੀ ਏਨਾ ਕਹਿ ਕੇ ਚੁੱਪ ਹੋ ਗਈ।

ਘਰ ਪਹੁੰਚਦਿਆਂ ਹੀ ਕੁੜੀਆਂ ਦੇ ਮਨ ਵਿੱਚ ਬਾਹਰ ਦੇ ਡਰ ਤੋਂ ਪੈਦਾ ਹੋਏ ਏਕੇ ਦੀ ਮੌਤ ਹੋ ਚੁੱਕੀ ਸੀ।

Advertisement
×