DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਹਿਲਿਆ ਦਾ ਸਵਾਲ

ਸਾਹਿਤ ਸਿਰਜਣਾ ਦਾ ਆਪਣਾ ਸਫ਼ਰ ਸਵਰਾਜਬੀਰ ਨੇ ਸ਼ੁਰੂ ਤਾਂ ਕਵੀ ਵਜੋਂ ਹੀ ਕੀਤਾ ਸੀ ਅਤੇ ਕਵਿਤਾ ਦੀਆਂ ਤਿੰਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵੀ ਪਾਈਆਂ ਸਨ, ਪਰ 1999 ਵਿੱਚ ਜਦ ਉਸਨੇ ਆਪਣਾ ਪਹਿਲਾ ਨਾਟਕ ‘ਧਰਮ ਗੁਰੂ’ ਛਪਵਾਇਆ ਤਾਂ ਇੱਕ ਅਜਿਹਾ...

  • fb
  • twitter
  • whatsapp
  • whatsapp
Advertisement

ਸਾਹਿਤ ਸਿਰਜਣਾ ਦਾ ਆਪਣਾ ਸਫ਼ਰ ਸਵਰਾਜਬੀਰ ਨੇ ਸ਼ੁਰੂ ਤਾਂ ਕਵੀ ਵਜੋਂ ਹੀ ਕੀਤਾ ਸੀ ਅਤੇ ਕਵਿਤਾ ਦੀਆਂ ਤਿੰਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵੀ ਪਾਈਆਂ ਸਨ, ਪਰ 1999 ਵਿੱਚ ਜਦ ਉਸਨੇ ਆਪਣਾ ਪਹਿਲਾ ਨਾਟਕ ‘ਧਰਮ ਗੁਰੂ’ ਛਪਵਾਇਆ ਤਾਂ ਇੱਕ ਅਜਿਹਾ ਮੋੜ ਆਇਆ ਕਿ ਉਹ ਨਿਰੋਲ ਨਾਟਕ ਲੇਖਣ ਨੂੰ ਹੀ ਸਮਰਪਿਤ ਹੋ ਗਿਆ। ਇੱਥੋਂ ਤਕ ਕਿ 2016 ਵਿੱਚ ਪੰਜਾਬੀ ਦੀ ਸ੍ਰੇਸ਼ਠ ਪੁਸਤਕ ਲਈ ਸਾਹਿਤ ਅਕਾਦਮੀ ਐਵਾਰਡ ਵੀ ਉਸਨੂੰ ‘ਮੱਸਿਆ ਦੀ ਰਾਤ’ ਨਾਂ ਦੀ ਉਸ ਦੀ ਨਾਟ ਪੁਸਤਕ ਉੱਤੇ ਹੀ ਮਿਲਿਆ। ਆਪਣੇ ਸ਼ਾਇਰ ਆਪੇ ਦਾ ਸਵਰਾਜਬੀਰ ਨੇ ਜਿਵੇਂ ਨਾਟਕਕਾਰੀ ਵਿੱਚ ਹੀ ਸਮਾਵੇਸ਼ ਕਰ ਲਿਆ ਸੀ। ਜਾਣੇ ਪਛਾਣੇ ਰੰਗਮੰਚ ਕਰਮੀ ਤੇ ਨਿਰਦੇਸ਼ਕ ਕੇਵਲ ਧਾਲੀਵਾਲ ਨਾਲ ਇੱਕ ਤਰ੍ਹਾਂ ਉਸ ਦੀ ਜੁਗਲਬੰਦੀ ਹੋ ਗਈ ਅਤੇ ਇੰਝ ਉਸ ਦੇ ਨਾਟਕਾਂ ਦਾ ਮੰਚਨ ਵੀ ਹੁੰਦਾ ਰਹਿੰਦਾ ਸੀ। ਬਹੁਤ ਹਾਲਤਾਂ ਵਿੱਚ ਮੰਚਤ ਹੋਣ ਤੋਂ ਪਿੱਛੋਂ ਨਾਟਕ ਦੇ ਟੈਕਸਟ ਵਿੱਚ ਤਬਦੀਲੀਆਂ ਵੀ ਹੁੰਦੀਆਂ ਰਹੀਆਂ ਹਨ। ਕਈ ਹਾਲਤਾਂ ਵਿੱਚ ਨਾਟਕ ਪੁਸਤਕ ਰੂਪ ਵਿੱਚ ਸਾਹਮਣੇ ਆਉਣ ਤੋਂ ਪਹਿਲਾਂ ਸਟੇਜ ਉੱਤੇ ਖੇਡੇ ਜਾਂਦੇ ਰਹੇ ਹਨ। ਹੱਥਲਾ ਨਾਟਕ ‘ਵਣਧਾਰਾ’ (ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ; ਪੰਨੇ: 176; ਕੀਮਤ: 295 ਰੁਪਏ) ਵੀ ਪੁਸਤਕ ਰੂਪ ਵਿੱਚ ਛਪਿਆ ਤਾਂ ਪਿੱਛੇ ਜਿਹੇ ਹੀ ਹੈ, ਜਦਕਿ ਇਸਦਾ ਮੰਚਨ ਕਾਫ਼ੀ ਸਮਾਂ ਪਹਿਲਾਂ ਹੀ ਹੋ ਚੁੱਕਿਆ ਸੀ। ‘ਮੰਚ ਰੰਗਮੰਚ’ ਨੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਵਿੱਚ ਇਸ ਦੀ ਪਹਿਲੀ ਪੇਸ਼ਕਾਰੀ 2018 ਵਿੱਚ ਵਿਰਸਾ ਵਿਹਾਰ ਅੰਮ੍ਰਿਤਸਰ ਵਿੱਚ ‘ਅਹਿਲਿਆ’ ਦੇ ਨਾਉਂ ਹੇਠ ਕੀਤੀ ਸੀ।

‘ਧਰਮ ਗੁਰੂ’ ਤੋਂ ਬਾਅਦ ਸਵਰਾਜਬੀਰ ਨੇ ਨੌਂ ਹੋਰ ਨਾਟਕਾਂ ਦੀ ਰਚਨਾ ਕੀਤੀ। ਵਿਚਾਰ ਅਧੀਨ ਨਵਾਂ ਨਾਟਕ ‘ਵਣਧਾਰਾ’ ਉਸ ਦੀ ਗਿਆਰਵੀਂ ਨਾਟ-ਰਚਨਾ ਹੈ। ‘ਕ੍ਰਿਸ਼ਨ’, ‘ਮੇਦਨੀ’ ਵਰਗੇ ਆਪਣੇ ਹੋਰ ਕਈ ਨਾਟਕਾਂ ਵਾਂਗ ਇਸ ਨਾਟਕ ਦੀ ਰਚਨਾ ਲਈ ਵੀ ਉਸਨੇ ਭਾਰਤੀ ਮਿਥਿਹਾਸ ਵਿਚਲੀ ਇੱਕ ਕਥਾ ਨੂੰ ਚੁਣਿਆ ਹੈ। ਜਦੋਂ ਸਵਰਾਜਬੀਰ ਮਿਥਿਹਾਸ ਵਿਚਲੀ ਕਿਸੇ ਕਥਾ ਨੂੰ ਆਪਣੀ ਨਾਟ-ਰਚਨਾ ਲਈ ਚੁਣਦਾ ਹੈ ਤਾਂ ਉਹ ਮਹਿਜ਼ ਜਾਣੀ ਪਛਾਣੀ ਕਥਾ ਨੂੰ ਦੁਹਰਾਉਂਦਾ ਨਹੀਂ; ਉਸਦੀ ਯੁਗ ਅਨੁਕੂਲ ਪੁਨਰ-ਉਸਾਰੀ ਕਰਦਾ ਹੈ ਅਤੇ ਉਸਨੂੰ ਨਵੇਂ ਅਰਥ ਪ੍ਰਦਾਨ ਕਰਦਾ ਹੈ।

Advertisement

ਸਵਰਾਜਬੀਰ ਤੋਂ ਪਹਿਲਾਂ ਵੀ ਪੰਜਾਬੀ ਦੇ ਲੇਖਕ ਅਹਿਲਿਆ ਦੀ ਕਥਾ ਵੱਲ ਅਹੁਲਦੇ ਰਹੇ ਹਨ। ਸਾਡੇ ਦੋ ਵੱਡੇ ਲੇਖਕਾਂ ਸੰਤ ਸਿੰਘ ਸੇਖੋਂ ਅਤੇ ਬਲਵੰਤ ਗਾਰਗੀ ਨੇ ਇਸ ਕਥਾ ਨੂੰ ਆਧਾਰ ਬਣਾ ਕੇ ਬਹੁਤ ਪਹਿਲਾਂ ‘ਕਲਾਕਾਰ’ ਅਤੇ ‘ਸੈਲ ਪੱਥਰ’ ਨਾਂ ਦੇ ਨਾਟਕਾਂ ਦੀ ਰਚਨਾ ਕੀਤੀ ਸੀ। ਇੱਕ ਦੂਜੇ ਦੇ ਚੰਗੇ ਮਿੱਤਰ ਹੋਣ ਦੇ ਬਾਵਜੂਦ ਆਪੋ ਆਪਣੇ ਨਾਟਕਾਂ ਦੀ ਵਸਤੂ ਸਮੱਗਰੀ ਦੀ ਮੌਲਿਕਤਾ ਨੂੰ ਲੈ ਕੇ ਸੇਖੋਂ ਤੇ ਗਾਰਗੀ ਵਿਚਕਾਰ ਇੱਕ ਸਮੇਂ ਕੁਝ ਤਕਰਾਰ ਵੀ ਹੋਇਆ ਸੀ। ਗਾਰਗੀ ਨੇ ਦੋਸ਼ ਲਾਇਆ ਸੀ ਕਿ ਸੇਖੋਂ ਨੇ ਉਸਦੇ ਨਾਟਕ ਦੀ ਨਕਲ ਕੀਤੀ ਹੈ। ਛੇਤੀ ਹੀ ਉਨ੍ਹਾਂ ਨੇ ਸੁਲਾਹ ਕਰ ਲਈ ਸੀ। ਆਪਣੇ ਨਾਟਕਾਂ ਦੀ ਸਮੱਗਰੀ ਦੇ ਮਾਮਲੇ ਵਿੱਚ ਸੇਖੋਂ ਤੇ ਗਾਰਗੀ ਦੀ ਸੁਲਾਹ ਤਾਂ ਹੋ ਗਈ, ਪਰ ਭਾਰਤੀ ਮਿਥਿਹਾਸ ਵਿਚਲੀ ਅਹਿਲਿਆ ਦੇ ਸੰਬੰਧ ਵਿੱਚ ਗੌਤਮ ਤੇ ਇੰਦਰ ਦਾ ਜੋ ਪਰਸਪਰ ਵਿਰੋਧ ਹੈ, ਉਸਦਾ ਨਿਪਟਾਰਾ ਕਦੇ ਨਹੀਂ ਹੋ ਸਕਿਆ। ਸਵਰਾਜਬੀਰ ਨੇ ਇਸ ਨਾਟਕ ਦੀ ਸਿਰਜਣਾ ਕਰਨ ਤੋਂ ਪਹਿਲਾਂ ਅਹਿਲਿਆ ਦੀ ਕਥਾ ਦੇ ਸੰਬੰਧ ਵਿੱਚ ਬਹੁਤ ਖੋਜ ਕੀਤੀ ਹੈ ਜੋ ਨਾਟਕ ਦੀ ਟੈਕਸਟ ਦੇ ਨਾਲ ਪੁਸਤਕ ਵਿਚਲੀ 50 ਪੰਨਿਆਂ ਦੀ ‘ਅੰਤਿਕਾ’ ਤੋਂ ਪ੍ਰਤੱਖ ਹੈ। ਸਵਰਾਜਬੀਰ ਨੇ ਮਿਥਿਹਾਸਕ ਕਥਾ ਅਤੇ ਆਪਣੇ ਨਾਟਕ ਦੀ ਰਚਨਾ ਪ੍ਰਕਿਰਿਆ ਬਾਰੇ ਏਨਾ ਕੁਝ ਦੱਸ ਦਿੱਤਾ ਹੈ ਕਿ ਹੋਰ ਕੁਝ ਨਵਾਂ ਕਹਿਣ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ। ਖੈਰ!

Advertisement

ਅਹਿਲਿਆ ਦੀ ਕਥਾ ਵਾਲਮੀਕੀ ਰਾਮਾਇਣ, ਕਥਾਸਰਿਤ ਸਾਗਰ ਅਤੇ ਕਈ ਪੁਰਾਣਾਂ ਵਿੱਚ ਆਈ ਹੈ। ਵੱਖ ਵੱਖ ਥਾਵਾਂ ਉੱਤੇ ਇਸ ਕਥਾ ਦੇ ਵਿਭਿੰਨ ਰੂਪਾਂ ਵਿੱਚ ਮੁੱਖ ਪਾਤਰ ਤਾਂ ਉਹੀ ਰਹਿੰਦੇ ਹਨ: ਅਹਿਲਿਆ, ਰਿਸ਼ੀ ਗੌਤਮ, ਇੰਦਰ ਤੇ ਬ੍ਰਹਮਾ। ਕਥਾ ਵਿਚਲੀ ਮੂਲ਼ ਘਟਨਾ ਵੀ ਉਹੀ ਹੈ- ਰਿਸ਼ੀ ਗੌਤਮ ਦੀ ਗ਼ੈਰਹਾਜ਼ਰੀ ਵਿੱਚ ਉਸਦੇ ਘਰ ਚੋਰੀ ਛਿਪੇ ਆ ਕੇ ਇੰਦਰ ਵੱਲੋਂ ਅਹਿਲਿਆ ਨਾਲ ਮਿਲਾਪ ਕਰਨ ਦੀ, ਪਰ ਇਸ ਅਨੁਚਿਤ ਕਰਮ ਦੇ ਵੇਰਵਿਆਂ ਅਤੇ ਸੰਬੰਧਤ ਪਾਤਰਾਂ ਨੂੰ ਦਿੱਤੇ ਗਏ ਦੰਡ ਦੇ ਸਰੂਪ ਬਾਰੇ ਕੁਝ ਵਖਰੇਵੇਂ ਹਨ। ਇਨ੍ਹਾਂ ਵਖਰੇਵਿਆਂ ਦੀ ਨਿਸ਼ਾਨਦਹੀ ਕਰ ਕੇ ਸਵਰਾਜਬੀਰ ਨੇ ਅਹਿਲਿਆ ਦੀ ਕਥਾ ਦੇ ਤਿੰਨ ਰੂਪਾਂਤਰ ਨਾਟਕ ਵਿੱਚ ਗੁੰਦੇ ਹਨ।

ਮੁੱਖ ਕਥਾ ਵਾਲਮੀਕੀ ਰਾਮਾਇਣ ਦੀ ਹੈ, ਜਿਸ ਅਨੁਸਾਰ ਅਹਿਲਿਆ ਬ੍ਰਹਮਾ ਦੀ ਸਿਰਜੀ ਹੋਈ ਕੰਨਿਆ ਹੈ। ਅਹਿਲਿਆ ਦੇ ਸਿਰਜਕ ਜਾਂ ਪਿਤਾ ਵਜੋਂ ਬ੍ਰਹਮਾ ਤਾਂ ਮੌਜੂਦ ਹੈ ਪਰ ਉਸਦੀ ਮਾਂ ਦਾ ਵੇਰਵਾ ਕੋਈ ਨਹੀਂ। ਬ੍ਰਹਮਾ ਆਪਣੀ ਧੀ ਦੀ ਸਿੱਖਿਆ ਦੀਖਿਆ ਲਈ ਉਸ ਨੂੰ ਸਭ ਤੋਂ ਵੱਧ ਗਿਆਨਵਾਨ ਰਿਸ਼ੀ ਗੌਤਮ ਦੇ ਹਵਾਲੇ ਕਰਦਾ ਹੈ, ਜਿਸਦੇ ਆਸ਼ਰਮ ਵਿੱਚ ਰਹਿ ਕੇ ਉਹ ਬਾਲਪਨ ਤੋਂ ਜਵਾਨੀ ਦੀ ਅਵਸਥਾ ਤੱਕ ਪਹੁੰਚਦੀ ਹੈ। ਰਿਸ਼ੀ ਗੌਤਮ ਦੀ ਕਈ ਵਰ੍ਹਿਆਂ ਤੱਕ ਦਿੱਤੀ ਗਈ ਸਿੱਖਿਆ ਨਾਲ ਬਹੁਤ ਭੋਲੀ ਤੇ ਮਾਸੂਮ ਬੱਚੀ ਤੋਂ ਉਹ ਜਦੋਂ ਤੱਕ ਗਿਆਨਵਾਨ ਹੁੰਦੀ ਹੈ, ਉਦੋਂ ਤੱਕ ਉਹ ਵਿਆਹ ਦੇ ਯੋਗ ਰੂਪਵੰਤੀ ਮੁਕੰਮਲ ਔਰਤ ਵੀ ਬਣ ਚੁੱਕੀ ਹੁੰਦੀ ਹੈ। ਰਿਸ਼ੀ ਗੌਤਮ ਉਸ ਨੂੰ ਵਾਪਸ ਬ੍ਰਹਮਾ ਕੋਲ਼ ਛੱਡਣ ਜਾਂਦਾ ਹੈ ਤਾਂ ਜੁ ਪਿਤਾ ਵਜੋਂ ਬ੍ਰਹਮਾ ਅਹਿਲਿਆ ਦੇ ਭਵਿੱਖ ਦੇ ਸੰਬੰਧ ਵਿੱਚ ਉਚਿਤ ਫੈਸਲਾ ਕਰ ਸਕੇ। ਬ੍ਰਹਮਾ ਸੋਚਦਾ ਹੈ ਕਿ ਗਿਆਨ ਤੇ ਰੂਪ ਦੀ ਆਪਣੀ ਇਹ ਵਣਧਾਰਾ ਕਿਸ ਨੂੰ ਸੌਂਪੇ। ਉਸਨੂੰ ਗੌਤਮ ਤੋਂ ਵੱਧ ਹੋਰ ਕੋਈ ਪੁਰਸ਼ ਨਜ਼ਰ ਨਹੀਂ ਆਉਂਦਾ ਜੋ ਅਹਿਲਿਆ ਦੇ ਵਰ ਵਜੋਂ ਯੋਗ ਹੋਵੇ। ਗੌਤਮ ਲਈ ਅਹਿਲਿਆ ਆਪਣੀ ਬੱਚੀ ਸਮਾਨ ਹੈ, ਉਸਨੇ ਅਹਿਲਿਆ ਨੂੰ ਆਪਣੀ ਧੀ ਵਜੋਂ ਹੀ ਪਾਲਿਆ ਤੇ ਪੜ੍ਹਾਇਆ ਹੈ। ਅਹਿਲਿਆ ਵੀ ਗੌਤਮ ਨੂੰ ਆਪਣਾ ਪਿਤਾ ਸਮਝਦੀ ਅਤੇ ਪਿਤਾ ਕਹਿ ਕੇ ਹੀ ਸੰਬੋਧਨ ਕਰਦੀ ਰਹੀ ਹੈ। ਇਸ ਹਾਲਤ ਵਿੱਚ ਰਿਸ਼ੀ ਗੌਤਮ ਵੱਲੋਂ ਬ੍ਰਹਮਾ ਦੇ ਪ੍ਰਸਤਾਵ ਨੂੰ ਪ੍ਰਵਾਨ ਕਰਨਾ ਅਸੰਭਵ ਹੈ। ਰਿਸ਼ੀ ਗੌਤਮ ਇਨਕਾਰ ਕਰਦਾ ਹੈ ਤਾਂ ਭਗਵਾਨ ਬ੍ਰਹਮਾ ਇਸਨੂੰ ਆਪਣਾ ਆਦੇਸ਼ ਆਖ ਕੇ ਅਹਿਲਿਆ ਵਾਪਸ ਗੌਤਮ ਦੇ ਨਾਲ ਤੋਰ ਦਿੰਦਾ ਹੈ, ਇਸ ਵਾਰ ਸਿਖਿਆਰਥੀ ਵਜੋਂ ਨਹੀਂ, ਉਸਦੀ ਪਤਨੀ ਵਜੋਂ। ਸਮੁੱਚੀ ਕਥਾ ਵਿੱਚ ਗੌਤਮ ਤੇ ਅਹਿਲਿਆ ਦੇ ਰਿਸ਼ਤੇ ਦੀ ਇਹ ਵਿਡੰਬਨਾ ਵਾਲੀ ਸਥਿਤੀ ਹੀ ਨਾਟਕ ਵਿਚਲੀ ਕਹਾਣੀ ਦੀ ਇੱਕ ਵੱਡੀ ਸਮੱਸਿਆ ਵਜੋਂ ਉਭਰਦੀ ਹੈ ਕਿ ਕੱਲ੍ਹ ਤੱਕ ਜੋ ਪੁੱਤਰੀ ਸੀ, ਉਹ ਹੁਣ ਪਤਨੀ ਕਿਵੇਂ ਹੋ ਸਕਦੀ ਹੈ? ਦੋਵਾਂ ਦੀ ਉਮਰ ਦੇ ਵਖਰੇਵੇਂ ਦੀ ਵੀ ਸਮੱਸਿਆ ਹੈ। ਇਸ ਸਭ ਕੁਝ ਦੇ ਵਾਪਰਨ ਵਿੱਚ ਅਹਿਲਿਆ ਦਾ ਕੋਈ ਦਖਲ ਨਹੀਂ। ਉਸਨੂੰ ਕੋਈ ਕੁਝ ਪੁੱਛਦਾ ਵੀ ਨਹੀਂ। ਸਿਰਫ਼ ਬ੍ਰਹਮਾ ਤੇ ਗੌਤਮ ਦਾ ਹੀ ਆਪਸੀ ਸੰਵਾਦ ਹੁੰਦਾ ਹੈ।

ਪਰ ਜੇ ਅਹਿਲਿਆ ਤੋਂ ਕੁਝ ਪੁੱਛਿਆ ਨਹੀਂ ਗਿਆ ਤਾਂ ਇਸਦਾ ਅਰਥ ਇਹ ਨਹੀਂ ਕਿ ਇੱਕ ਔਰਤ ਵਜੋਂ ਅਹਿਲਿਆ ਦੇ ਮਨ ਵਿੱਚ ਕੋਈ ਭਾਵ ਆਏ ਹੀ ਨਹੀਂ। ਪਿਤਾ ਸੱਤਾ ਅਧੀਨ ਬ੍ਰਹਮਾ ਦੇ ਆਦੇਸ਼ ਅਨੁਸਾਰ ਉਹ ਗੌਤਮ ਨਾਲ ਆ ਤਾਂ ਜਾਂਦੀ ਹੈ ਅਤੇ ਉਸਨੂੰ ਪਤੀ ਵਜੋਂ ਸਵੀਕਾਰ ਵੀ ਕਰਦੀ ਹੈ, ਪਰ ਕਈ ਵਾਰ ਅਚੇਤ ਹੀ ਉਸ ਵੱਲੋਂ ਗੌਤਮ ਨੂੰ ਪਿਤਾ ਆਖਿਆ ਜਾਂਦਾ ਹੈ ਅਤੇ ਉਸਦਾ ਤਨ ਵੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦਾ, ਭਾਵੇਂ ਇੱਕ ਬੱਚੇ ਦੀ ਮਾਂ ਬਣਨ ਦੀ ਖ਼ੁਸ਼ੀ ਉਹ ਪ੍ਰਾਪਤ ਕਰ ਚੁੱਕੀ ਹੈ। ਇਹ ਸਾਰੇ ਭਾਵ ਉਸਦੇ ਧੁਰ ਅੰਦਰ ਕਿਤੇ ਸੁੱਤੇ ਪਏ ਰਹੇ ਹਨ ਜੋ ਇੰਦਰ ਦੇ ਸਾਹਮਣੇ ਆਉਣ, ਉਸ ਵੱਲੋਂ ਅਹਿਲਿਆ ਨੂੰ ਕੰਨਿਆ ਕਹਿ ਕੇ ਬੁਲਾਉਣ ਅਤੇ ਉਸ ਪ੍ਰਤੀ ਆਪਣੀ ਚਾਹਤ ਦਾ ਪ੍ਰਗਟਾ ਕੀਤੇ ਜਾਣ ਪਿੱਛੋਂ ਜਾਗਦੇ ਹਨ। ਜੁਆਨ, ਸੁੰਦਰ ਤੇ ਸ਼ਕਤੀਵਰ ਇੰਦਰ ਨੇ ਉਸਨੂੰ ਕੰਨਿਆ ਕਿਹਾ ਹੈ, ਜਦਕਿ ਉਹ ਹੁਣ ਕੰਨਿਆ ਨਹੀਂ ਰਹੀ, ਇਕ ਪਤਨੀ ਹੈ, ਰਿਸ਼ੀ ਗੌਤਮ ਦੀ ਪਤਨੀ। ਜੋ ਕਿਸੇ ਹੋਰ ਪੁਰਸ਼ ਦੀ ਨਹੀਂ ਹੋ ਸਕਦੀ, ਕਿਸੇ ਹੋਰ ਪੁਰਸ਼ ਨੂੰ ਨਹੀਂ ਚਾਹ ਸਕਦੀ।

ਪਤੀ ਪਤਨੀ ਦੇ ਰਿਸ਼ਤੇ ਦੇ ਸੰਬੰਧ ਵਿੱਚ ਖ਼ੁਦ ਰਿਸ਼ੀ ਗੌਤਮ ਨੇ ਅਹਿਲਿਆ ਨੂੰ ਬਹੁਤ ਕੁਝ ਸਮਝਾਇਆ ਹੈ। ਇਸਤਰੀ ਪੁਰਸ਼ ਦੇ ਜੁੜਨ ਦੀ ਪ੍ਰਕ੍ਰਿਤਕ ਲੋੜ ਵਜੋਂ ਵੀ ਅਤੇ ਪ੍ਰਵਾਨਿਤ ਨੇਮ ਤੇ ਮਰਯਾਦਾ ਵਜੋਂ ਵੀ। ਰਿਸ਼ੀ ਗੌਤਮ ਨੇ ਦੱਸਿਆ ਹੈ ਕਿ ਹੁਣ ਉਹ ਅਹਿਲਿਆ ਦਾ ਸਵਾਮੀ ਹੈ, ਉਸਦੇ ਤਨ ਮਨ ’ਤੇ ਅਧਿਕਾਰ ਰੱਖਣ ਵਾਲਾ ਉਸਦਾ ਸਵਾਮੀ, ਉਸਦਾ ਪਤੀ! ਉਹ ਉਸਦੀ ਅਰਧਾਂਗਣੀ ਹੈ। ਅਹਿਲਿਆ ਲਈ ਹੁਣ ਕਿਸੇ ਹੋਰ ਪੁਰਸ਼ ਵੱਲ ਝਾਕਣਾ, ਉਹਨੂੰ ਚਾਹੁਣਾ ਪਾਪ ਹੈ। ਅਹਿਲਿਆ ਸਹਿਜੇ ਹੀ ਪ੍ਰਸ਼ਨ ਕਰਦੀ ਹੈ ਕਿ ਕੀ ਪੁਰਸ਼ ਵੀ ਵਿਆਹ ਮਗਰੋਂ ਕਿਸੇ ਹੋਰ ਔਰਤ ਵੱਲ ਨਹੀਂ ਵੇਖ ਸਕਦਾ? ਕੀ ਉਸਦਾ ਵੀ ਪਰ ਨਾਰੀ ਵੱਲ ਝਾਕਣਾ ਵਰਜਿਤ ਹੈ ਅਤੇ ਉਸਨੂੰ ਚਾਹੁਣਾ ਪਾਪ ਹੈ? ਰਿਸ਼ੀ ਗੌਤਮ ਇਸ ਪ੍ਰਸ਼ਨ ਦਾ ਕੋਈ ਉੱਤਰ ਨਹੀਂ ਦਿੰਦਾ ਅਤੇ ਚੁੱਪ ਰਹਿੰਦਾ ਹੈ। ਗੌਤਮ ਵਰਗਾ ਗਿਆਨਵਾਨ ਰਿਸ਼ੀ ਵੀ ਜਦੋਂ ਸਵਾਲਾਂ ਦਾ ਜਵਾਬ ਨਹੀਂ ਦੇ ਸਕਦਾ ਤਾਂ ਆਪਣੇ ਪੁਰਸ਼ਤਵ ਦੇ ਸਹਾਰੇ ਇਹੀ ਆਖਦਾ ਹੈ ਕਿ ਉਹ ਜੋ ਆਖਦਾ ਹੈ, ਉਹ ਨੇਮ ਬਣ ਜਾਂਦਾ ਹੈ। ਇਨ੍ਹਾਂ ਹਾਲਤਾਂ ਵਿੱਚ ਅਹਿਲਿਆ ਕਿਤੇ ਕਿਤੇ ਵਿਸਵਿਸਿਆਂ ਤੇ ਖੁਤਖੁਤੀ ਵਿੱਚ ਫਸੀ ਰਹੀ ਹੈ।

ਇੰਦਰ ਨੇ ਅਹਿਲਿਆ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ ਸਾਰੇ ਵਣਾਂ ਵਿੱਚ ਉਸਦੇ ਰੂਪ ਤੇ ਗਿਆਨ ਦੇ ਚਰਚੇ ਨੇ, ਪਰ ਰਿਸ਼ੀ ਗੌਤਮ ਦੇ ਹਾਵ-ਭਾਵ ਵਿੱਚੋਂ ਤਾਂ ਅਹਿਲਿਆ ਨੇ ਕਦੇ ਆਪਣੇ ਰੂਪ ਦੀ ਝਲਕ ਨਹੀਂ ਸੀ ਦੇਖੀ, ‘ਉਸਦੇ ਨੈਣਾਂ ਵਿੱਚ ਤਾਂ ਸੰਜਮ ਦਾ ਝਲਕਾਰਾ’ ਮਾਤਰ ਹੀ ਹੈ। ਅਹਿਲਿਆ ਨੂੰ ਝੋਰਾ ਰਿਹਾ ਹੈ ਕਿ ਉਸਦਾ ਸਰੀਰ ਮਘਦਾ ਸੀ, ‘ਉਹਦੇ ’ਚੋਂ ਅੱਗ ਦੀਆਂ ਲਪਟਾਂ ਉਠਦੀਆਂ ਸਨ, ਉਹ ਦੂਰ ਅੰਬਰਾਂ ’ਚ ਉੱਡਣਾ ਚਾਹੁੰਦੀ ਸੀ... ਤੇ ਗੌਤਮ... ਨਹੀਂ ਉਹ ਗੌਤਮ ਬਾਰੇ ਕੁਝ ਨਹੀਂ ਕਹੇਗੀ।’ ਰਿਸ਼ੀ ਗੌਤਮ ਨਾਲ ਉਸਦੇ ਰਿਸ਼ਤੇ ਦੀ ਹਕੀਕਤ ਦੇ ਇਸ ਪਿਛੋਕੜ ਵਿੱਚ ਜਦੋਂ ਇੰਦਰ ਗੌਤਮ ਦਾ ਰੂਪ ਧਾਰ ਕੇ ਅੱਧੀ ਰਾਤ ਅਹਿਲਿਆ ਕੋਲ਼ ਆਇਆ ਤਾਂ ਉਹ ਕਾਮਨਾਮਈ ਅਵਸਥਾ ਵਿੱਚ ਪਈ ਗੌਤਮ ਨੂੰ ਉਡੀਕ ਰਹੀ ਸੀ। ਉਸ ਨੇ ਇੰਦਰ ਦੇ ਫਰੇਬ ਨੂੰ ਜਾਣ ਤਾਂ ਲਿਆ, ਉਸਨੂੰ ਫਿਟਕਾਰ ਵੀ ਪਾਈ, ਦੂਰ ਜਾਣ ਲਈ ਵੀ ਕਿਹਾ, ਪਰ ਦੂਰ ਜਾਣ ਨੂੰ ਕਹਿਣ ਵਿੱਚ ਵੀ ਸੱਦਾ ਸੀ ਨੇੜੇ ਆਉਣ ਦਾ, ਜਿਸ ਕਾਰਨ ਇੰਦਰ ਆਪਣੇ ਮੰਤਵ ਵਿੱਚ ਸਫ਼ਲ ਹੋਇਆ। ਉਸ ਰਾਤ ਇੰਦਰ ਨੇ ਅਹਿਲਿਆ ਦੀਆਂ ਸੁੱਤੀਆਂ ਤਰਬਾਂ ਜਗਾ ਦਿੱਤੀਆਂ। ਉਹ ਤਰੰਗਤ ਹੋ ਗਈ ਸੀ। ਉਸਨੇ ਮਹਿਸੂਸ ਕੀਤਾ ਜਿਵੇਂ ਇੰਦਰ ਉਸਨੂੰ ਉਨ੍ਹਾਂ ਅੰਬਰਾਂ ’ਚ ਲੈ ਗਿਆ ਹੋਵੇ, ਜਿੱਥੇ ਉਹ ਪਹਿਲਾਂ ਕਦੀ ਨਹੀਂ ਸੀ ਗਈ। ਮਿਲਾਪ ਦੀ ਇਸ ਕਿਰਿਆ ਮਗਰੋਂ ਅਹਿਲਿਆ ਨੇ ਇੰਦਰ ਨੂੰ ਕਿਹਾ ਕਿ ਗੌਤਮ ਦੇ ਘਰ ਪਰਤਣ ਤੋਂ ਪਹਿਲਾਂ ਹੁਣ ਉਹ ਛੇਤੀ ਛੇਤੀ ਉੱਥੋਂ ਚਲਾ ਜਾਵੇ ਪਰ ਗੌਤਮ ਮੌਕੇ ’ਤੇ ਪਹੁੰਚ ਗਿਆ ਅਤੇ ਕ੍ਰੋਧ ਵਿੱਚ ਆ ਕੇ ਉਸ ਨੇ ਇੰਦਰ ਤੇ ਅਹਿਲਿਆ ਦੋਵਾਂ ਨੂੰ ਸਰਾਪ ਦੇ ਦਿੱਤਾ। ਇੰਦਰ ਨੂੰ ਸਰਾਪ ਸੀ ਕਾਮਹੀਣ ਹੋ ਜਾਣ ਦਾ, ਜਿਸ ਅਨੁਸਾਰ ਉਸਦੇ ਕਾਮ ਅੰਗ ਝੜ ਜਾਣੇ ਸਨ ਅਤੇ ਅਹਿਲਿਆ ਨੂੰ ਇਹ ਸਰਾਪ ਸੀ ਕਿ ਉਹ ਰਹੇਗੀ ਤਾਂ ਆਸ਼ਰਮ ਵਿੱਚ ਹੀ, ਪਰ ਕਿਸੇ ਨੂੰ ਦਿਸੇਗੀ ਨਹੀਂ, ਕਿਸੇ ਨੂੰ ਮਿਲੇਗੀ ਨਹੀਂ, ਹਵਾ ਪਾਣੀ ਕੰਦਮੂਲ ’ਤੇ ਗੁਜ਼ਾਰਾ ਕਰੇਗੀ। ਰਾਖ ਨਾਲ ਰਾਖ ਬਣਿਆ ਪ੍ਰਾਣਹੀਣ ਸਰੀਰ। ਮੁਆਫ਼ ਕੀਤੇ ਜਾਣ ਲਈ ਇੰਦਰ ਦੀਆਂ ਮਿੰਨਤਾਂ ਤੇ ਲੇਲ੍ਹੜੀਆਂ ਨੂੰ ਤਾਂ ਰਿਸ਼ੀ ਗੌਤਮ ਨੇ ਠੁਕਰਾ ਦਿੱਤਾ ਪਰ ਅਹਿਲਿਆ ’ਤੇ ਤਰਸ ਖਾ ਕੇ ਕਿਹਾ ਕਿ ਜਦ ਉਸਦਾ ਮਨ ਪਰ-ਪੁਰਸ਼ ਦੀ ਚਾਹਤ ਤੋਂ ਮੁਕਤ ਹੋ ਜਾਵੇਗਾ, ਉਦੋਂ ਉਸਦੀ ਮੁਕਤੀ ਹੋਵੇਗੀ, ਰਾਮ ਦੇ ਹੱਥੋਂ। ਇੰਝ ਹੀ ਹੋਇਆ ਜਦੋਂ ਵਰ੍ਹਿਆਂ ਪਿੱਛੋਂ ਰਿਸ਼ੀ ਵਿਸ਼ਵਾਮਿੱਤਰ ਅਤੇ ਲਛਮਣ ਦੇ ਨਾਲ ਭਗਵਾਨ ਰਾਮ ਉਸ ਆਸ਼ਰਮ ਵਿੱਚ ਪਧਾਰੇ।

ਰਾਮਾਇਣ ਦੇ ਉੱਤਰ-ਕਾਂਡ ਅਨੁਸਾਰ ਇੰਦਰ ਨੇ ਬ੍ਰਹਮਾ ਤੋਂ ਆਪਣੇ ਲਈ ਅਹਿਲਿਆ ਦੀ ਮੰਗ ਕੀਤੀ ਸੀ, ਜਿਸਦੇ ਠੁਕਰਾਏ ਜਾਣ ’ਤੇ ਉਹ ਬਹੁਤ ਖ਼ਫ਼ਾ ਹੋਇਆ ਸੀ। ਆਪਣੀ ਲੋਚਾ ਦੀ ਪੂਰਤੀ ਲਈ ਉਹ ਰਾਤ ਦੇ ਹਨੇਰੇ ਵਿੱਚ ਗੌਤਮ ਦੇ ਆਸ਼ਰਮ ਆਇਆ ਸੀ ਅਤੇ ਉਸ ਨੇ ਅਹਿਲਿਆ ਨਾਲ ਜ਼ਬਰਦਸਤੀ ਕੀਤੀ ਸੀ। ਪਤੀਵਰਤਾ ਅਹਿਲਿਆ ਨੇ ਬੜਾ ਵਿਰੋਧ ਕੀਤਾ ਪਰ ਸ਼ਕਤੀਵਰ ਇੰਦਰ ਅੱਗੇ ਅਬਲਾ ਅਹਿਲਿਆ ਦੀ ਕੋਈ ਪੇਸ਼ ਨਹੀਂ ਸੀ ਗਈ। ਮੂਲ ਕਥਾ ਵਾਂਗ ਦੋਹਾਂ ਨੂੰ ਸਰਾਪ ਦਿੱਤੇ ਗਏ ਸਨ। ਰਿਸ਼ੀ ਦੀ ਪਤਨੀ ਨਾਲ ਭੋਗ ਕਰਨ ਦੇ ਪਾਪ ਕਾਰਨ ਇੰਦਰ ਨੂੰ ਸਰਾਪ ਦਿੱਤਾ ਗਿਆ ਸੀ ਕਿ ਉਹ ਬਲਾਤਕਾਰ ਦੇ ਹਰ ਕੁਕਰਮ ਵਿੱਚ ਹਿੱਸੇਦਾਰ ਹੋਵੇਗਾ ਤੇ ਇਨ੍ਹਾਂ ਪਾਪਾਂ ਦੀ ਅਗਨੀ ਵਿੱਚ ਹਮੇਸ਼ਾ ਸੜਦਾ ਰਹੇਗਾ। ਉਸਨੂੰ ਕਦੇ ਸ਼ਾਂਤੀ ਨਹੀਂ ਮਿਲੇਗੀ। ਗੌਤਮ ਅਨੁਸਾਰ ਅਹਿਲਿਆ ਦਾ ਸਰੀਰ ਕਲੰਕਤ ਹੋ ਗਿਆ ਸੀ ਅਤੇ ਇਸ ਲਈ ਉਸਨੂੰ ਉਸਦੀ ਸੁੰਦਰਤਾ ਦੇ ਨਸ਼ਟ ਹੋਣ ਦਾ ਸਰਾਪ ਸੀ। ਕਥਾਸਰਿਤ ਸਾਗਰ ਦੀ ਕਥਾ ਜੋ ਲੋਕਾਂ ਵਿੱਚ ਵਧੇਰੇ ਪ੍ਰਚੱਲਤ ਹੈ, ਅਨੁਸਾਰ ਅਹਿਲਿਆ ਤੇ ਇੰਦਰ ਵਿਚਕਾਰ ਰਿੱਝ ਰਿਹਾ ਸੀ ਕੁਝ ਕੁਝ। ਇੱਕ ਵਾਰ ਅਹਿਲਿਆ ਕੋਲ਼ ਗਏ ਇੰਦਰ ਨੇ ਉਸਨੂੰ ਇਕੱਲਿਆਂ ਮਿਲਣ ਲਈ ਮਨਾ ਲਿਆ ਤੇ ਇਉਂ ਗੌਤਮ ਦੀ ਗ਼ੈਰਹਾਜ਼ਰੀ ਵਿੱਚ ਉਹ ਅਹਿਲਿਆ ਨਾਲ ਮਿਲਾਪ ਕਰਨ ਵਾਸਤੇ ਗਿਆ। ਇਸ ਕਿਰਿਆ ਦੌਰਾਨ ਗੌਤਮ ਦੇ ਪਰਤਣ ਦੀ ਬਿੜਕ ਸੁਣ ਕੇ ਅਹਿਲਿਆ ਨੇ ਇੰਦਰ ਨੂੰ ਇੱਕ ਬਿਰਛ ਦੇ ਉਹਲੇ ਲੁਕੋ ਦਿੱਤਾ। ਗੌਤਮ ਦੇ ਪੁੱਛਣ ’ਤੇ ਕਿ ਕੌਣ ਆਇਆ ਸੀ, ਅਹਿਲਿਆ ਦਾ ਜਵਾਬ ਸੀ ਕਿ ਉੱਥੇ ਤਾਂ ਕੋਈ ਨਹੀਂ ਆਇਆ, ਪਰ ਗੌਤਮ ਨੇ ਅਹਿਲਿਆ ਦੇ ਝੂਠ ਨੂੰ ਪਛਾਣਦਿਆਂ ਕਿਹਾ ਸੀ ਕਿ ਆਪਣੇ ਗਿਆਨ ਸਦਕਾ ਉਹ ਜਾਣਦਾ ਹੈ ਕਿ ਏਥੇ ਇੰਦਰ ਆਇਆ ਹੈ ਅਤੇ ਉਸਨੇ ਇੰਦਰ ਨੂੰ ਸਾਹਮਣੇ ਆਉਣ ਲਈ ਵੰਗਾਰਿਆ। ਇੰਦਰ ਦੇ ਸਾਹਮਣੇ ਆਉਣ ’ਤੇ ਗੌਤਮ ਨੇ ਅਹਿਲਿਆ ਤੇ ਇੰਦਰ ਦੋਹਾਂ ਦੀ ਕੁੱਟ-ਮਾਰ ਵੀ ਕੀਤੀ ਤੇ ਦੋਹਾਂ ਨੂੰ ਸਰਾਪ ਵੀ ਦਿੱਤਾ। ਇੰਦਰ ਨੂੰ ਸਰਾਪ ਦਿੱਤਾ ਸੀ ਕਿ ਉਸਦੇ ਚਿਹਰੇ ਉੱਤੇ ਨਾਰੀ ਫੁੱਲ ਦੇ ਸੌ ਦਾਗ਼ ਪੈ ਜਾਣਗੇ, ਜੋ ਕਦੇ ਮਿਟਣਗੇ ਨਹੀਂ ਅਤੇ ਇੰਝ ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹੇਗਾ। ਅਹਿਲਿਆ ਨੂੰ ਸਰਾਪ ਦਿੱਤਾ ਗਿਆ ਸਿਲ-ਪੱਥਰ ਬਣ ਜਾਣ ਦਾ। ਉਹ ਪੱਥਰ ਦੀ ਸਿਲ ਬਣ ਜਾਵੇਗੀ, ਜੀਵਨ ਤੋਂ ਵਿਰਵੀ, ਜਿਸਨੂੰ ਮੁਕਤ ਹੋਣ ਲਈ ਲੰਮੇਂ ਸਮੇਂ ਤੱਕ ਕਿਸੇ ਪਾਵਨ ਪਵਿੱਤਰ ਪੁਰਸ਼ ਦੀ ਛੋਹ ਦੀ ਉਡੀਕ ਕਰਨੀ ਪਏਗੀ। ਪਾਵਨ ਪਵਿੱਤਰ ਪੁਰਸ਼ ਦੀ ਛੋਹ ਹੀ ਉਸਨੂੰ ਮੁੜ ਜਿਊਂਦਿਆਂ ਕਰੇਗੀ। ਨਾਟਕ ਵਿੱਚ ਕਥਾ ਦੇ ਇਨ੍ਹਾਂ ਤਿੰਨਾਂ ਰੂਪਾਂਤਰਾਂ ਨੂੰ ਸਮੋਣ ਲਈ ਸਵਰਾਜਬੀਰ ਨੇ ਅਹਿਲਿਆ ਦੇ ਤਿੰਨ ਵੱਖ ਵੱਖ ਪਾਤਰ ਸਿਰਜੇ ਹਨ: ਨਿਆਣੀ ਅਹਿਲਿਆ, ਜਵਾਨ ਅਹਿਲਿਆ ਅਤੇ ਪਥਰਾਈ ਅਹਿਲਿਆ। ਕਥਾ ਦੇ ਤਿੰਨ ਰੂਪਾਂਤਰਾਂ ਦੇ ਤਿੰਨੇ ਲੇਖਕ, ਰਿਸ਼ੀ ਵਾਲਮੀਕ, ਰਾਮਾਇਣ ਦੇ ਉੱਤਰ-ਕਾਂਡ ਦਾ ਰਚੇਤਾ ਕਵੀ ਅਤੇ ਕਥਾਸਰਿਤ ਸਾਗਰ ਦਾ ਰਚਣਹਾਰ ਸੋਮ ਦੇਵ ਭੱਟ, ਵੀ ਪਾਤਰਾਂ ਵਜੋਂ ਹਾਜ਼ਰ ਹਨ। ਕਾਲ ਅੰਤਰਾਲ ਨਾਲ ਵੱਖ ਵੱਖ ਰਚਨਾਕਾਰਾਂ ਵੱਲੋਂ ਦੱਸੀ ਗਈ ਅਹਿਲਿਆ ਦੀ ਕਥਾ ਦੇ ਮਾਧਿਅਮ ਰਾਹੀਂ ਨਾਟਕ ਵਿੱਚ ਜੋ ਮੁੱਖ ਸਮੱਸਿਆ ਉਭਾਰੀ ਗਈ ਹੈ, ਉਹ ਹੈ ਜੁਗਾਂ ਜੁਗਾਂ ਤੋਂ ਚਲੇ ਆ ਰਹੇ ਪੁਰਸ਼ ਤੰਤਰ ਵਿੱਚ ਨਾਰੀ ਦੀ ਹੋਣੀ। ਦਿਲਚਸਪ ਤੱਥ ਹੈ ਕਿ ਇਹ ਕਥਾ ਕਹਿਣ ਵਾਲੇ ਸਾਰੇ ਪੁਰਸ਼ ਹੀ ਹਨ। ਨਾਟਕ ਦੇ ਸ਼ੁਰੂ ਵਿੱਚ ਹੀ ਪਥਰਾਈ ਹੋਈ ਅਹਿਲਿਆ ਕਥਾ ਕਹਿਣ ਦੇ ਇਸ ਵਰਤਾਰੇ ਨੂੰ ਚੁਣੌਤੀ ਦਿੰਦੀ ਹੈ ਕਿ ਪੁਰਸ਼ ਹੀ ਉਸਦੀ ਕਥਾ ਕਿਉਂ ਸੁਣਾਵੇ। ਉਹ ਆਖਦੀ ਹੈ: ਬਹੁਤ ਹੋ ਚੁੱਕੈ ਮਰਦਾਂ ਦੁਆਰਾ ਕਹਾਣੀਆਂ ਦੱਸਣ ਦਾ ਨਾਟਕ। ਹੁਣ ਉਹ ਆਪਣੀ ਕਥਾ ਆਪ ਦੱਸੇਗੀ।

ਕਥਾ ਦੇ ਤਿੰਨੇ ਲੇਖਕ ਆਪੋ ਆਪਣੇ ਪੈਂਤੜੇ ਤੋਂ ਸੰਵਾਦ ਰਚਾਉਂਦੇ ਹਨ ਜਿਸ ਵਿੱਚ ਪਥਰਾਈ ਅਹਿਲਿਆ ਵੀ ਦਖਲਅੰਦਾਜ਼ ਹੁੰਦੀ ਹੈ। ਉੱਤਰ-ਕਾਂਡ ਵਿਚਲੀ ਕਥਾ ਦੀ ਰਾਮਾਇਣ ਦੀ ਮੂਲ ਕਥਾ ਤੋਂ ਭਿੰਨਤਾ ਨੂੰ ਲੈ ਕੇ ਪਥਰਾਈ ਅਹਿਲਿਆ ਰਿਸ਼ੀ ਵਾਲਮੀਕ ਨੂੰ ਪ੍ਰਸ਼ਨ ਕਰਦੀ ਹੈ ਤਾਂ ਉਹ ਦੱਸਦਾ ਹੈ ਕਿ ਉੱਤਰ-ਕਾਂਡ ਭਾਵੇਂ ਉਸਦੇ ਨਾਂ ਵਾਲੀ ਰਾਮਾਇਣ ਦਾ ਹਿੱਸਾ ਹੈ, ਪਰ ਵਾਸਤਵ ਵਿੱਚ ਉਹ ਉਸ ਕਾਂਡ ਦਾ ਰਚੇਤਾ ਨਹੀਂ, ਇਹ ਕਿਸੇ ਹੋਰ ਦੀ ਰਚਨਾ ਹੈ। ਉੱਤਰ ਕਾਂਡ ਦਾ ਕਵੀ ਮੰਨਦਾ ਹੈ ਕਿ ਹਾਂ ਉਸਨੇ ਕਥਾ ਵਿੱਚ ਤਬਦੀਲੀ ਕੀਤੀ ਹੈ। ਉਹ ਮਾਣ ਨਾਲ ਦੱਸਦਾ ਹੈ ਕਿ ਉਸਨੇ ਨਵੀਂ ਕਥਾ ਘੜੀ ਕਿ ਜਦ ਬ੍ਰਹਮਾ ਨੇ ਸੁੰਦਰ ਅਹਿਲਿਆ ਗੌਤਮ ਨੂੰ ਦੇ ਦਿੱਤੀ ਤਾਂ ਇੰਦਰ ਨੂੰ ਬਹੁਤ ਗੁੱਸਾ ਆਇਆ। ਇਸ ’ਤੇ ਪਥਰਾਈ ਅਹਿਲਿਆ ਭੜਕ ਕੇ ਆਖਦੀ ਹੈ, ‘ਦੇ ਦਿੱਤੀ ਦਾ ਕੀ ਮਤਲਬ। ਕੀ ਉਹ ਕੋਈ ਗਾਂ ਜਾਂ ਮੱਝ ਸੀ ਜੋ ਇੰਦਰ ਨੂੰ ਨਾ ਦਿੱਤੀ ਤੇ ਗੌਤਮ ਨੂੰ ਦੇ ਦਿੱਤੀ?’ ਉੱਤਰ-ਕਾਂਡ ਦੇ ਕਵੀ ਅਨੁਸਾਰ ਕਥਾ ਵਿੱਚ ਇਹ ਵਿਖਾਉਣਾ ਯੋਗ ਨਹੀਂ ਕਿ ਰਿਸ਼ੀ-ਪਤਨੀ ਅਹਿਲਿਆ ਦੇ ਮਨ ਵਿੱਚ ਪਰ-ਪੁਰਸ਼ ਦਾ ਵਿਚਾਰ ਆਵੇ। ਉਸਦੀ ਰਚੀ ਅਹਿਲਿਆ ਸੁੰਦਰ, ਸੁੱਘੜ, ਪਤੀਵਰਤਾ ਨਾਰੀ ਹੈ, ਪਤੀ ਦੇ ਪ੍ਰੇਮ ਦੀ ਪਿਆਸੀ, ਜਦੋਂਕਿ ਇੰਦਰ ਕਾਮੀ, ਭੋਗੀ ਤੇ ਵਿਲਾਸੀ ਹੈ। ਇਸਦੇ ਉਲਟ ਸੋਮ ਦੇਵ ਭੱਟ ਨੇ ਅਹਿਲਿਆ ਨੂੰ ਇੰਦਰ ਦੇ ਨਾਲ ਰਲ਼ੀ ਹੋਈ ਵਿਖਾਇਆ ਹੈ। ਉੱਤਰ-ਕਾਂਡ ਦੇ ਕਵੀ ਦੀ ਕਥਾ ਦੇ ਰਾਮਾਇਣ ਦਾ ਹਿੱਸਾ ਹੋਣ ਦੇ ਗੌਰਵ ਦੇ ਟਾਕਰੇ ਉੱਤੇ ਸੋਮ ਦੇਵ ਭੱਟ ਦਾ ਦਾਅਵਾ ਹੈ ਕਿ ਜੋ ਕਥਾ ਉਸਨੇ ਬਣਾਈ, ਉਹ ਲੋਕਾਂ ਦੇ ਹਿਰਦਿਆਂ ਵਿੱਚ ਵਸੀ ਹੋਈ ਹੈ। ਉਹ ਖੁੱਲ੍ਹ ਕੇ ਦਾਅਵਾ ਕਰਦਾ ਹੈ ਕਿ ਉਸਨੇ ਆਪਣੀ ਕਥਾ ਮਰਦ ਦੀ ਪਸੰਦ ਅਨੁਸਾਰ ਲਿਖੀ ਹੈ। ਉਸ ਅਨੁਸਾਰ ਨਾਰੀ ਆਪਣੇ ਆਪ ਵਿੱਚ ਕੁਝ ਨਹੀਂ, ਸਿਰਫ਼ ਪੁਰਸ਼ ਦਾ ਪਰਛਾਵਾਂ ਹੈ। ਜਦੋਂ ਉਹ ਪਾਵਨ ਪਵਿੱਤਰ ਪੁਰਸ਼ ਹੱਥੋਂ ਅਹਿਲਿਆ ਦੀ ਮੁਕਤੀ ਦੀ ਗੱਲ ਕਰਦਾ ਹੈ ਤਾਂ ਪਥਰਾਈ ਅਹਿਲਿਆ ਦਾ ਵਿਅੰਗ ਹੈ: ‘ਵਾਹ... ਪੁਰਸ਼ ਦੀ ਲੀਲ੍ਹਾ...! ਪੁਰਸ਼ ਹੀ ਨਾਰੀ ਨੂੰ ਪੱਥਰ ਬਣਾਏ... ਤੇ ਪੁਰਸ਼ ਹੀ ਉਸ ਪੱਥਰ ਨੂੰ ਪਿਘਲਾਏ।’

ਮਿਥਿਹਾਸਕ ਕਥਾ ਵਿੱਚ ਧੀ ਵਜੋਂ ਅਤੇ ਪਤਨੀ ਵਜੋਂ ਅਹਿਲਿਆ ਕੋਈ ਅਜਿਹੀ ਗੱਲ ਨਹੀਂ ਕਰਦੀ ਜੋ ਪਿਤਾ-ਤੰਤਰ ਅਤੇ ਪਤੀ-ਤੰਤਰ ਨੂੰ ਚੁਣੌਤੀ ਦਿੰਦੀ ਹੋਵੇੇ, ਪਰ ਨਾਟਕ ਵਿੱਚ ਪਥਰਾਈ ਅਹਿਲਿਆ ਦੇ ਸੰਵਾਦੀ ਬੋਲਾਂ ਵਿੱਚ ਇਹ ਸਭ ਕੁਝ ਮੌਜੂਦ ਹੈ। ਇਸ ਤਰ੍ਹਾਂ ਦੇ ਸੰਵਾਦ ਜਿੱਥੇ ਨਾਟਕ ਦੀ ਮੂਲ ਸਮੱਸਿਆ ਨੂੰ ਡੂੰਘਾਈ ਤੱਕ ਸਮਝਣ ਵਿੱਚ ਸਹਾਇਤਾ ਕਰਦੇ ਹਨ, ਉੱਥੇ ਇਨ੍ਹਾਂ ਵਿਚਲਾ ਟਕਰਾਅ ਤੇ ਵਿਅੰਗ ਨਾਟਕ ਲੇਖਣ ਦੇ ਪੱਖ ਤੋਂ ਵੀ ਖ਼ੂਬਸੂਰਤੀ ਪੈਦਾ ਕਰਦਾ ਹੈ। ਇਸੇ ਪ੍ਰਸੰਗ ਵਿੱਚ ਹੀ ਨਾਟਕ ਵਿੱਚ ਜਦੋਂ ਲਛਮਣ ਪਥਰਾਈ ਅਹਿਲਿਆ ਬਾਰੇ ਦੱਸਦਾ ਹੋਇਆ ਉਸ ਵੱਲੋਂ ਪਰਾਏ ਪੁਰਸ਼ ਨੂੰ ਛੋਹਣ ਦੇ ਪਾਪ ਦੀ ਗੱਲ ਕਰਦਾ ਹੈ ਤਾਂ ਰਿਸ਼ੀ ਵਿਸ਼ਵਾਮਿੱਤਰ ਦੇ ਬੋਲ ਵੀ ਬਹੁਤ ਅਰਥਪੂਰਨ ਹਨ: ‘ਮਨੁੱਖ ਦੇ ਮੂਲ ਪ੍ਰਕ੍ਰਿਤਕ ਕਰਮ ਨੂੰ ਪੁੰਨ ਪਾਪ ਦੀ ਤਕੜੀ ਵਿੱਚ ਨਹੀਂ ਤੋਲੀਦਾ... ਪੁਰਸ਼ ਨੂੰ ਚਾਹੁਣਾ ਨਾਰੀ ਦੀ ਪ੍ਰਕ੍ਰਿਤੀ... ਪੁਰਸ਼ ਵੀ ਏਦਾਂ ਹੀ ਕਰਦੇ।’

ਨਾਟਕ ‘ਵਣਧਾਰਾ’ ਮਿਥਿਹਾਸਕ ਕਥਾ ਨੂੰ ਯੁਗ ਅਨੁਕੂਲ ਅਰਥ ਤਾਂ ਦਿੰਦਾ ਹੀ ਹੈ, ਇਹ ਨਾਟਕੀ ਲੋੜਾਂ ਦੀ ਪੂਰਤੀ ਉੱਤੇ ਵੀ ਖਰਾ ਉਤਰਦਾ ਹੈ। ਨਾਟਕ ਦੇ ਟੈਕਸਟ ਵਿੱਚ ਕਵਿਤਾ, ਸੰਗੀਤ ਤੇ ਨ੍ਰਿਤ ਦਾ ਜੋ ਸਮਾਵੇਸ਼ ਹੋਇਆ ਹੈ, ਮੰਚ ਉੱਤੇ ਸਾਕਾਰ ਹੋਣ ਨਾਲ ਇਸਦੀ ਪੇਸ਼ਕਾਰੀ ਦੇ ਰੰਗ ਨੂੰ ਵੀ ਦੂਣ ਸਵਾਇਆ ਕਰ ਸਕਦਾ ਹੈ।

Advertisement
×