ਪਹੁ-ਫੁਟਾਲੇ ਤੋਂ ਬਾਅਦ...!
ਮਿਸਤਰੀ ਬਾਬਾ ਬਚਨਾ ਆਪਣੇ ਕਾਰਖਾਨੇ ਦੀ ਕੋਠੜੀ ਦੇ ਬਾਹਰ ਗਲੀ ਵੱਲ ਵਿਹੜੇ ’ਚ ਸਫ਼ਾਈ ਅਤੇ ਪਾਣੀ ਛਿੜਕਣ ਉਪਰੰਤ ਆਪਣੇ ਔਜ਼ਾਰ ਲੈ ਕੇ ਕੰਮ ਵਿੱਚ ਜੁਟ ਜਾਂਦਾ। ਖੇਤੀ ਦੇ ਔਜ਼ਾਰਾਂ, ਦਾਤੀਆਂ, ਖੁਰਪੇ ਤੇ ਕਹੀਆਂ ਆਦਿ ’ਚ ਦੰਦੇ ਕਢਵਾਉਣ ਜਾਂ ਚੰਡਾਉਣ ਲਈ...
ਮਿਸਤਰੀ ਬਾਬਾ ਬਚਨਾ ਆਪਣੇ ਕਾਰਖਾਨੇ ਦੀ ਕੋਠੜੀ ਦੇ ਬਾਹਰ ਗਲੀ ਵੱਲ ਵਿਹੜੇ ’ਚ ਸਫ਼ਾਈ ਅਤੇ ਪਾਣੀ ਛਿੜਕਣ ਉਪਰੰਤ ਆਪਣੇ ਔਜ਼ਾਰ ਲੈ ਕੇ ਕੰਮ ਵਿੱਚ ਜੁਟ ਜਾਂਦਾ। ਖੇਤੀ ਦੇ ਔਜ਼ਾਰਾਂ, ਦਾਤੀਆਂ, ਖੁਰਪੇ ਤੇ ਕਹੀਆਂ ਆਦਿ ’ਚ ਦੰਦੇ ਕਢਵਾਉਣ ਜਾਂ ਚੰਡਾਉਣ ਲਈ ਸਵੇਰ ਤੋਂ ਹੀ ਲੋਕ ਆਉਣ-ਜਾਣ ਲੱਗ ਜਾਂਦੇ। ਕੁਝ ਲੋਕ ਐਵੇਂ ਹੀ ਸਮਾਂ ਲੰਘਾਉਣ ਜਾਂ ਗੱਲਾਂ ਸੁਣਨ-ਕਰਨ ਲਈ ਬਾਬੇ ਦੇ ਇਰਦ-ਗਿਰਦ ਬੈਠੇ ਰਹਿੰਦੇ। ਬਾਬਾ ਬਚਨਾ ਇਤਮਿਨਾਨ ਨਾਲ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ। ਜਗਤ ਸਿੰਘ ਵੀ ਜੇਲ੍ਹ ਕੱਟਣ ਤੋਂ ਬਾਅਦ ਆਥਣ-ਸਵੇਰ ਬਾਬੇ ਨੇੜੇ ਪਏ ਲੋਹੇ ਦੇ ਸਟੂਲ ’ਤੇ ਬੈਠ ਜਾਂਦਾ, ਆਪ ਉਹ ਘੱਟ ਹੀ ਬੋਲਦਾ ਸੀ ਬਸ ਸੁਣਦਾ, ਭੋਰਾ ਮੁਸਕਰਾਉਂਦਾ ਜਾਂ ਹੂੰ-ਹਾਂ ਕਰ ਛੱਡਦਾ ਸੀ। ਸ਼ੇਰੇ ਦੇ ਬਾਪੂ ਰਾਮ ਸਿੰਘ ਨੂੰ ਉਸ ਨੇ ਕਤਲ ਕਰ ਦਿੱਤਾ ਸੀ ਕਿਉਂਕਿ ਰਾਮ ਸਿੰਘ ਨੇ ਜਗਤ ਸਿੰਘ ਦੇ ਪਿਓ ਹਜ਼ੂਰਾ ਸਿੰਘ ਨੂੰ ਜ਼ਮੀਨ ਦੇ ਝਗੜੇ ਵਿੱਚ ਕਤਲ ਕਰ ਦਿੱਤਾ ਸੀ, ਜਿਸ ਦਾ ਬਦਲਾ ਜਗਤ ਸਿੰਘ ਨੇ ਸ਼ੇਰੇ ਦੇ ਬਾਪੂ ਰਾਮ ਸਿੰਘ ਨੂੰ ਮਾਰ ਕੇ ਲਿਆ ਸੀ ਪਰ ਗਵਾਹਾਂ ਦੇ ਮੁੱਕਰ ਜਾਣ ਕਾਰਨ ਉਹ ਕੁਝ ਸਾਲਾਂ ਬਾਅਦ ਹੀ ਜੇਲ੍ਹ ’ਚੋਂ ਬਾਹਰ ਆ ਗਿਆ ਸੀ। ਜੇਲ੍ਹ ਤੋਂ ਆਇਆਂ ਨੂੰ ਵੀ ਉਸ ਨੂੰ 15-18 ਸਾਲ ਹੋ ਚੁੱਕੇ ਸਨ।
ਜਗਤ ਸਿੰਘ ਹੁਣ ਪੂਰੀ ਤਰ੍ਹਾਂ ਬਦਲ ਚੁੱਕਿਆ ਸੀ। ਦੁਸ਼ਮਣੀ ਹੋਰ ਅੱਗੇ ਨਾ ਵਧੇ, ਇਸ ਲਈ ਉਸ ਨੇ ਆਪਣੇ ਦੋਵੇਂ ਲੜਕੇ ਅਮਰੀਕਾ ਸੈਟਲ ਕਰ ਦਿੱਤੇ ਸਨ। ਹੁਣ ਉਸ ਦਾ ਰੁਝਾਨ ਸਮਾਜਿਕ ਅਤੇ ਧਾਰਮਿਕ ਕੰਮਾਂ ਵੱਲ ਵਧੇਰੇ ਹੋਣ ਲੱਗ ਪਿਆ ਸੀ। ਆਥਣ-ਸਵੇਰ ਗੁਰੂਘਰ ਜਾਣਾ ਉਹਦਾ ਨਿਯਮ ਬਣ ਚੁੱਕਾ ਸੀ। ਜ਼ਮੀਨ ਚੰਗੀ ਸੀ, ਜਿਸ ਨੂੰ ਉਸ ਨੇ ਠੇਕੇ ’ਤੇ ਦੇ ਦਿੱਤਾ ਸੀ। ਪਤੀ-ਪਤਨੀ ਹੁਣ ਚੈਨ ਨਾਲ ਆਪਣਾ ਬਾਕੀ ਜੀਵਨ ਬਤੀਤ ਕਰਨਾ ਚਾਹੁੰਦੇ ਸਨ, ਪਰ ਦੁਸ਼ਮਣੀ ਦੀ ਅੱਗ ਦਾ ਖ਼ੌਫ਼ ਹਾਲੇ ਵੀ ਉਨ੍ਹਾਂ ਦੇ ਦਿਲ ਤੇ ਦਿਮਾਗ਼ ’ਤੇ ਭਾਰੂ ਰਹਿੰਦਾ ਸੀ। ਵਿਵਾਦਤ ਜ਼ਮੀਨ ’ਤੇ ਹਾਲੇ ਵੀ ਜਗਤ ਸਿੰਘ ਕਾਬਜ਼ ਸੀ ਤੇ ਡੰਗਰਾਂ ਦੇ ਕਿੱਲੇ ਉੱਥੇ ਹੀ ਗੱਡੇ ਹੋਏ ਸਨ। ਜਗਤ ਸਿੰਘ ਭਰਵੇਂ ਉੱਚੇ ਲੰਮੇ ਕੱਦ ਦਾ ਮਾਲਕ ਸੀ। ਚਿੱਟੀ-ਕਾਲੀ ਸੰਘਣੀ ਦਾੜ੍ਹੀ ਨੂੰ ਉਹ ਹਮੇਸ਼ਾ ਸੰਵਾਰ ਕੇ ਰੱਖਦਾ ਸੀ। ਸਫੈਦ ਲੜ ਵਾਲੀ ਪੱਗ, ਚਿੱਟਾ ਕੁੜਤਾ, ਡੱਬੀਆਂ ਵਾਲਾ ਚਾਦਰਾ ਤੇ ਨੋਕਾਂ ਵਾਲੀ ਦੇਸੀ ਜੁੱਤੀ ਪਹਿਨ ਕੇ ਰੱਖਣਾ ਉਸ ਦਾ ਸ਼ੌਕ ਸੀ। ਕੁੜਤੇ ਦੀ ਜੇਬ ਵਿੱਚ ਪਈ ਡਾਇਰੀ ਤੇ ਫਾਊਂਟੇਨ ਪੈਨ ਤੋਂ ਉਸ ਦੇ ਪੜ੍ਹੇ ਲਿਖੇ ਹੋਣ ਦੀ ਝਲਕ ਸਾਫ਼ ਪੈਂਦੀ ਸੀ। ਮਰਹੂਮ ਰਾਮ ਸਿੰਘ ਦਾ ਪੁੱਤਰ ਸ਼ੇਰਾ ਵੀ ਸੁਵਖ਼ਤੇ ਹੀ ਆਪਣੀ ਗੰਨੇ ਵੱਢਣ ਵਾਲੀ ਗੰਡਾਸੀ ਨੂੰ ਚੰਡਾਉਣ ਲਈ ਬਾਬੇ ਬਚਨੇ ਕੋਲ ਆ ਖਲੋਤਾ। ਜਗਤ ਸਿੰਘ ਵੀ ਬਾਬੇ ਦੇ ਨਾਲ ਹੀ ਕੰਧ ਨਾਲ ਲੱਗੇ ਲੋਹੇ ਦੇ ਸਟੂਲ ’ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਹੋਰ ਵੀ ਕਈ ਲੋਕ ਖੁਰਪੇ, ਦਾਤੀਆਂ ਜਾਂ ਕਹੀਆਂ ਆਦਿ ਔਜ਼ਾਰ ਲੈ ਕੇ ਬਾਬੇ ਕੋਲ ਆਏ ਹੋਏ ਸਨ। ਰਾਮ ਸਿੰਘ ਦੇ ਸ਼ਰੀਕੇ ਵਿੱਚੋਂ ਜੰਗੀਰੂ ਤੇ ਭਜਨੇ ਨੂੰ ਬਾਬੇ ਕੋਲ ਬੈਠਣਾ ਅਤੇ ਪਿੰਡ ਵਿੱਚ ਵਾਪਰ ਰਹੀਆਂ ਚੰਗੀਆਂ-ਮਾੜੀਆਂ ਗੱਲਾਂ ਕਰਨ ਤੇ ਸੁਣਨ ਦਾ ਚਸਕਾ ਪੈ ਚੁੱਕਿਆ ਸੀ। ਭਾਵੇਂ ਉਨ੍ਹਾਂ ਦਾ ਕੰਮ ਮਿਸਤਰੀ ਕਰ ਦਿੰਦਾ ਸੀ, ਪਰ ਫਿਰ ਵੀ ਉਹ ਘੰਟਿਆਂਬੱਧੀ ਉੱਥੇ ਬੈਠੇ ਰਹਿੰਦੇ। ‘‘ਜਗਤ ਸਿੰਹਾਂ ਦੇਖ ਲੈ ਦਾਤੇ ਦੇ ਰੰਗ..!’’ ਜੰਗੀਰੂ ਨੇ ਅਖ਼ਬਾਰ ਪੜ੍ਹ ਰਹੇ ਜਗਤ ਸਿੰਘ ਦਾ ਧਿਆਨ ਆਪਣੇ ਵੱਲ ਖਿੱਚਦਿਆਂ ਕਿਹਾ, ‘‘ਆਹ ਮੁੰਡਾ ਉਦੋਂ ਹਾਲੇ ਭੋਰਾ ਭਰ ਹੁੰਦਾ ਸੀ, ਜਦੋਂ ਤੂੰ ਇਹਦੇ ਬਾਪ ਰਾਮ ਸਿਹੁੰ ਨੂੰ ਮਾਰਿਆ ਸੀ। ਹੁਣ ਦੇਖ ਲੈ ਸੁੱਖ ਨਾਲ ਜਵਾਨ ਹੋ ਗਿਆ।’’ ਜਗਤ ਸਿੰਘ ਨੇ ਅੱਖਾਂ ਅੱਗਿਓਂ ਅਖ਼ਬਾਰ ਨੀਵਾਂ ਕਰਦਿਆਂ ਜੰਗੀਰੂ ਵੱਲ ਦੇਖਿਆ ਤੇ ਫਿਰ ਸਾਹਮਣੇ ਖੜ੍ਹੇ ਸ਼ੇਰੇ ਵੱਲ, ਜੋ ਹੁਣ ਬੱਚਾ ਨਹੀਂ ਸਗੋਂ ਛੇ ਫੁੱਟ ਦਾ ਜਵਾਨ ਸੀ। ਜਗਤ ਸਿੰਘ ਬਿਨਾਂ ਕੁਝ ਬੋਲੇ ਫਿਰ ਅਖ਼ਬਾਰ ਪੜ੍ਹਨ ਲੱਗ ਪਿਆ। ਭਜਨੇ ਨੇ ਆਪਣੀ ਮੁਸਕੁਰਾਹਟ ਨੂੰ ਜਬਰੀ ਦਬਾਉਂਦਿਆਂ ਪਰਨੇ ਦੇ ਲੜ ਨੂੰ ਮੂੰਹ ’ਚ ਫੜ ਲਿਆ।
ਜੰਗੀਰੇ ਦੇ ਬੋਲਾਂ ਦਾ ਤੀਰ ਨਿਸ਼ਾਨੇ ’ਤੇ ਜਾ ਵੱਜਾ ਸੀ। ਸ਼ੇਰੇ ਨੇ ਅੱਖਾਂ ਦੀਆਂ ਪਲਕਾਂ ਉੱਪਰ ਉਠਾ ਕੇ ਅਖ਼ਬਾਰ ਪੜ੍ਹ ਰਹੇ ਜਗਤ ਸਿੰਘ ਵੱਲ ਦੇਖਿਆ। ਚੰਡਾਉਣ ਲਈ ਲਿਆਂਦੀ ਗੰਡਾਸੀ ਦੇ ਬਾਹੇ ਦੀ ਪਕੜ ਹੋਰ ਮਜ਼ਬੂਤ ਹੁੰਦੀ ਦਿਖਾਈ ਦਿੱਤੀ। ਦੂਸਰੇ ਹੱਥ ਦੀ ਖੁੱਲ੍ਹੀ ਮੁੱਠੀ ਜ਼ੋਰ ਨਾਲ ਮੀਚੀ ਗਈ। ਭਾਵੇਂ ਸ਼ੇਰੇ ਨੂੰ ਆਪਣੇ ਪਿਓ ਦੇ ਕਤਲ ਦੀ ਪੂਰੀ ਜਾਣਕਾਰੀ ਸੀ, ਪਰ ਹੁਣ ਚੜ੍ਹਦੀ ਜਵਾਨੀ ਵੇਲੇ ਸ਼ਰੀਕਾਂ ਦੇ ਬੋਲਾਂ ਨੇ ਉਸ ਨੂੰ ਹਲੂਣ ਕੇ ਰੱਖ ਦਿੱਤਾ ਸੀ। ਉਸ ਦਾ ਚਿਹਰਾ ਅਚਾਨਕ ਲਾਵੇ ਵਾਂਗ ਭਖਦਾ ਦਿਖਾਈ ਦੇਣ ਲੱਗਾ, ਅੱਖਾਂ ਦੇ ਡੋਰਿਆਂ ਵਿੱਚ ਲਾਲੀ ਉਤਰ ਆਈ ਪਰ ਉਹ ਬਿਨਾਂ ਕੁਝ ਬੋਲੇ ਆਪਣੀ ਵਾਰੀ ਦੀ ਉਡੀਕ ਵਿੱਚ ਅਡੋਲ ਖਲੋਤਾ ਰਿਹਾ। ਬਾਬਾ ਬਚਨਾ ਵੀ ਜੰਗੀਰੂ ਦੇ ਬੋਲਾਂ ਨੂੰ ਭਾਂਪ ਗਿਆ ਸੀ। ‘‘ਜੰਗੀਰਿਆ, ਆਹ ਖੁਰਪੇ ਚੰਡਿਆਂ ਨੂੰ ਦੋ ਘੰਟੇ ਹੋ ਗਏ ਥੋਨੂੰ ਕੋਈ ਹੋਰ ਕੰਮ ਹੈ ਕਿ ਨਹੀਂ?’’ ਬਾਬੇ ਨੇ ਪੰਜ ਸੱਤ ਖੁਰਪੇ ਉਨ੍ਹਾਂ ਵੱਲ ਸੁੱਟਦਿਆਂ ਕਿਹਾ। ‘‘ਜਾਓ ਬਗਜੋ..!’’ ਬਾਬੇ ਨੇ ਹਥੌੜਾ ਰੋਕਦਿਆਂ ਗੁੱਸੇ ਵਿੱਚ ਕਿਹਾ ਤੇ ਮੁੜ ਹਥੌੜਾ ਚਲਾਉਣ ਲੱਗ ਪਿਆ। ਉੱਥੇ ਕੁਝ ਪਲਾਂ ਲਈ ਸੰਨਾਟਾ ਛਾ ਗਿਆ। ‘‘ਲਿਆ ਬਈ ਸ਼ੇਰਿਆ, ਤੂੰ ਦੇ ਆਪਣੀ ਗੰਡਾਸੀ ਤੇ ਆਪਣੇ ਕੰਮ ਲੱਗ, ਇਨ੍ਹਾਂ ਦਾ ਤਾਂ ਰੋਜ਼ ਦਾ ਇਹੀ ਕੰਮ ਐ। ਕੋਈ ਚੱਜ ਦਾ ਕੰਮ ਕਰਨਾ ਨ੍ਹੀਂ, ਫੇਰ ਜਦੋਂ ਭਰੀ ਭਰੋਟੀ ਲੈਣ ਜਾਈਏ ਤਾਂ ਇਨ੍ਹਾਂ ਦੇ ਭਾਅ ਦੀ ਬਣ ਜਾਂਦੀ ਐ।’’ ਬਾਬੇ ਨੇ ਨਾਲ ਹੀ ਆਪਣੀ ਰੜਕ ਕੱਢਦਿਆਂ ਸ਼ੇਰੇ ਤੋਂ ਗੰਡਾਸੀ ਫੜਦਿਆਂ ਕਿਹਾ ਤੇ ਫਿਰ ਗੰਡਾਸੀ ’ਤੇ ਆਪਣਾ ਹਥੌੜਾ ਚਲਾਉਣਾ ਸ਼ੁਰੂ ਕਰ ਦਿੱਤਾ।
‘‘ਬਾਬੇ ਹੁਣ ਸਾਣ ’ਤੇ ਇਹਦੀ ਧਾਰ ਵੀ ਲਾ ਦੇ।’’ ‘‘ਉਹ ਕਾਕਾ ਇਹਨੂੰ ਧਾਰ ਦੀ ਕੀ ਲੋੜ ਐ, ਗੰਨੇ ਹੀ ਵੱਡਣੇ ਨੇ ਤੂੰ ਕਿਹੜਾ ਖੁੰਢ ਵੱਢਣਾ।’’ ਬਾਬੇ ਨੇ ਸਹਿਜ ਸੁਭਾਅ ਕਿਹਾ। ‘‘ਕੀ ਪਤਾ ਬਾਬਾ, ਖੁੰਢ ਈ ਵੱਢਣਾ ਪੈ ਜਾਵੇ।’’ ਸ਼ੇਰੇ ਨੇ ਹੌਲੀ ਆਵਾਜ਼ ਵਿੱਚ ਜਵਾਬ ਦਿੱਤਾ ਤੇ ਅਡੋਲ ਖੜ੍ਹਾ ਰਿਹਾ। ‘‘ਚੱਲ ਮੈਂ ਤਾਂ ਸਾਣ ’ਤੇ ਵੀ ਲਾ ਦਿਆਂਗਾ ਪਰ ਖੁੰਢ ਨੂੰ ਤਾਂ ਕੁਹਾੜੀ ਹੀ ਵੱਢ ਸਕਦੀ ਆ।’’ ਸ਼ੇਰੇ ਦੇ ਅੰਦਰ ਉੱਠ ਰਹੇ ਤੂਫ਼ਾਨ ਤੋਂ ਬੇਖ਼ਬਰ ਬਾਬਾ ਲਗਾਤਾਰ ਹਥੌੜਾ ਚਲਾ ਰਿਹਾ ਸੀ, ਪਰ ਜਗਤ ਸਿੰਘ ਮੁੰਡੇ ਦੀ ਗੱਲ ਭਾਂਪ ਗਿਆ। ਉਸ ਨੇ ਅਖ਼ਬਾਰ ਇਕੱਠਾ ਕਰ ਕੇ ਕੱਛ ਵਿੱਚ ਲੈ ਲਿਆ ਤੇ ਚਾਦਰੇ ਨੂੰ ਸਮੇਟਦਾ ਹੋਇਆ ਘਰ ਵੱਲ ਤੁਰ ਪਿਆ। ਜੰਗੀਰੂ ਅਤੇ ਭਜਨਾ ਪਹਿਲਾਂ ਹੀ ਉੱਥੋਂ ਖਿਸਕ ਚੁੱਕੇ ਸਨ। ਭਜਨੇ ਦੇ ਬੋਲ ਸ਼ੇਰੇ ਦੇ ਕੋਰੇ ਮਨ ’ਤੇ ਤੇਲ ਦੇ ਛਿੱਟੇ ਵਾਂਗ ਗਿਰੇ, ਜੋ ਜਵਾਨੀ ਦੀ ਤਪਸ਼ ’ਤੇ ਭਬੂਕਾ ਬਣ ਉੱਠੇ ਅਤੇ ਬਦਲੇ ਦੇ ਨਾਗ ਨੇ 12-15 ਸਾਲ ਬਾਅਦ ਫਿਰ ਫੁੰਕਾਰਾ ਮਾਰਿਆ, ਜਿਸ ਨੇ ਸ਼ੇਰੇ ਦੇ ਮਨ ਨੂੰ ਲਪੇਟਾ ਮਾਰ ਲਿਆ।
ਉਹ ਇਸ ਕਾਰੇ ਦੇ ਨਿਕਲਣ ਵਾਲੇ ਚੰਗੇ-ਮਾੜੇ ਸਿੱਟਿਆਂ ਨੂੰ ਪਰਖਣ ਦੀ ਸਮਝ ਗੁਆ ਬੈਠਾ ਤੇ ਬਾਪ ਦੇ ਕਤਲ ਦਾ ਬਦਲਾ ਲੈਣ ਲਈ ਕਾਹਲਾ ਪੈਣ ਲੱਗਿਆ। ਗੰਡਾਸੀ ਦੀ ਧਾਰ ਸਾਣ ’ਤੇ ਬਾਬੇ ਨੇ ਲਾ ਦਿੱਤੀ ਸੀ। ਸ਼ੇਰੇ ਨੇ ਬਾਬੇ ਤੋਂ ਗੰਡਾਸੀ ਫੜਦਿਆਂ ਧਾਰ ’ਤੇ ਨਜ਼ਰ ਮਾਰੀ, ਜੋ ਲਿਸ਼ਕ ਰਹੀ ਸੀ। ਉਹ ਤੇਜ਼ ਲੰਮੇ ਕਦਮੀਂ ਘਰ ਪਹੁੰਚ ਗਿਆ। ਗੰਡਾਸੀ ਬੈਠਕ ਦੇ ਇੱਕ ਖੂੰਜੇ ਵਿੱਚ ਰੱਖ ਕੇ ਮੁੜ ਖੇਤਾਂ ਵੱਲ ਨਿਕਲ ਗਿਆ।ਸੁਰਜੀਤ ਕੌਰ ਆਪਣੇ ਪੁੱਤਰ ਦੇ ਵਤੀਰੇ ਵਿੱਚ ਆਈ ਤਬਦੀਲੀ ਨੂੰ ਝੱਟ ਭਾਂਪ ਗਈ, ਪਰ ਹਾਲੇ ਕੁਝ ਬੋਲ ਨਹੀਂ ਸੀ ਰਹੀ। ਜਗਤੇ ਦੇ ਬਾਪ ਹਜ਼ੂਰਾ ਸਿੰਘ ਦੇ ਕਤਲ ਤੋਂ ਪਹਿਲਾਂ ਉਸ ਨੇ ਆਪਣੇ ਪਤੀ ਰਾਮ ਸਿੰਘ ਦਾ ਵੀ ਇਹੋ ਵਤੀਰਾ ਦੇਖਿਆ ਸੀ। ਆਪਣੇ ਪਤੀ ਰਾਮ ਸਿੰਘ ਨੂੰ ਹੋਈ ਕੈਦ ਦੇ ਸਮੇਂ ਕਿਵੇਂ ਉਸ ਸੱਜ-ਵਿਆਹੀ ਨੇ ਦਿਨ-ਕਟੀ ਕੀਤੀ ਸੀ, ਇਹ ਸੋਚਦਿਆਂ ਉਸ ਦਾ ਅੰਦਰ ਹਿੱਲ ਜਾਂਦਾ ਸੀ। ਇੱਥੇ ਹੀ ਬੱਸ ਨਹੀਂ, ਰਾਮ ਸਿੰਘ ਦੇ ਜੇਲ੍ਹ ’ਚੋਂ ਘਰ ਪਰਤਣ ਮਗਰੋਂ ਦੁਸ਼ਮਣੀ ਦੇ ਦੈਂਤ ਨੇ ਜਗਤ ਸਿੰਘ ਰਾਹੀਂ ਉਸ ਦੇ ਪਤੀ ਰਾਮ ਸਿੰਘ ਨੂੰ ਵੀ ਨਿਗਲ ਲਿਆ ਸੀ। ਜਿਹੜੇ ਹਾਲਾਤ ਵਿੱਚ ਉਸ ਨੇ ਭੋਰਾ ਭਰ ਜਵਾਕ ਸ਼ੇਰੇ ਨੂੰ ਪਾਲਿਆ ਤੇ ਪੜ੍ਹਾਇਆ, ਇਹ ਬੜੇ ਹੌਸਲੇ ਤੇ ਦਲੇਰੀ ਦਾ ਹੀ ਕੰਮ ਸੀ। ਸੁਰਜੀਤ ਕੌਰ ਇਸ ਦੁਸ਼ਮਣੀ ਦੇ ਪੁੜਾਂ ਵਿੱਚ ਪਿਸ ਰਹੀ ਮਹਿਸੂਸ ਕਰ ਰਹੀ ਸੀ। ਉਹ ਥੱਕ ਚੁੱਕੀ ਸੀ। ਉਸ ਨੂੰ ਆਪਣੇ ਜਵਾਨ ਪੁੱਤਰ ਦੀ ਖ਼ੁਸ਼ੀ ਨਾਲੋਂ ਫ਼ਿਕਰ ਵੱਧ ਸਤਾ ਰਿਹਾ ਸੀ। ਚਿਰਾਂ ਤੋਂ ਉਹ ਆਪਣੇ ਪੁੱਤਰ ਦਾ ਵਿਆਹ ਕਰਨ ਦੀਆਂ ਸੱਧਰਾਂ ਮਨ ਵਿੱਚ ਸਮੋਈ ਬੈਠੀ ਸੀ, ‘ਕੀ ਕਦੇ ਰੱਬ ਮੈਨੂੰ ਵੀ ਲੋਕਾਂ ਵਾਂਗ ਪੁੱਤਰ ਦੇ ਵਿਆਹ-ਮੰਗਣੇ ਦੇ ਸ਼ਗਨ ਮਨਾਉਣ ਦਾ ਸੁਭਾਗਾ ਮੌਕਾ ਦੇਵੇਗਾ? ਕੀ ਮੈਂ ਵੀ ਲੋਕਾਂ ਵਾਂਗ ਆਪਣੇ ਪੋਤੇ-ਪੋਤੀਆਂ ਨਾਲ ਖੇਡ ਸਕਾਂਗੀ?’ ਅੱਜ ਪੁੱਤਰ ਦੇ ਅਚਾਨਕ ਬਦਲੇ ਵਤੀਰੇ ਨੂੰ ਦੇਖ ਕੇ ਉਹ ਬੇਚੈਨ ਹੋ ਰਹੀ ਸੀ। ਗੁਰੂਘਰ ਜਾ ਕੇ ਉਹ ਸਦਾ ਅਰਦਾਸਾਂ ਕਰਦੀ ਰਹੀ ਸੀ ਕਿ ਉਸ ਦਾ ਪੁੱਤਰ ਇਸ ਦੁਸ਼ਮਣੀ ਦੇ ਜਾਲ ਵਿੱਚ ਨਾ ਉਲਝੇ। ਰਾਤਾਂ ਹਨੇਰੀਆਂ ਸਨ। ਸ਼ੇਰਾ ਸੌਣ ਲਈ ਮੰਜੀ ’ਤੇ ਲੇਟ ਗਿਆ, ਪਰ ਨੀਂਦ ਉਸ ਤੋਂ ਕੋਹਾਂ ਦੂਰ ਸੀ। ਬੱਸ ਹੁਣ ਮਾਲ ਗੱਡੀ ਦੇ ਗੁਜ਼ਰਨ ਦਾ ਇੰਤਜ਼ਾਰ ਸੀ, ਜਿਸ ਦੇ ਆਉਣ ਦੀ ਆਵਾਜ਼ ਉਸ ਦੇ ਕੰਨਾਂ ਤੱਕ ਪਹੁੰਚ ਰਹੀ ਸੀ। ਸ਼ੇਰਾ ਵਿਹੜੇ ’ਚੋਂ ਉੱਠ ਕੇ ਚੁੱਪ-ਚਾਪ ਬੈਠਕ ਵਿੱਚ ਜਾ ਪਹੁੰਚਿਆ ਤੇ ਗੰਡਾਸੀ ਦੇ ਬਾਹੇ ਨੂੰ ਝਟਕੇ ਨਾਲ ਹੱਥ ਪਾ ਲਿਆ।
ਅੱਜ ਇਸੇ ਵਕਤ ਪਹੁ-ਫੁਟਾਲੇ ਤੋਂ ਪਹਿਲਾਂ ਦੋ ਰੇਲਗੱਡੀਆਂ ਦੇ ਖੜਾਕੇ ਵਿੱਚ ਜਗਤੇ ਨੇ ਉਸ ਦੇ ਪਿਓ ਨੂੰ ਕਤਲ ਕਰ ਦਿੱਤਾ ਸੀ। ਅੱਜ ਸ਼ੇਰੇ ਨੇ ਵੀ ਅਜਿਹਾ ਹੀ ਵਕਤ ਜਗਤੇ ਨੂੰ ਮਾਰ ਕੇ ਆਪਣੇ ਪਿਓ ਦਾ ਬਦਲਾ ਲੈਣ ਲਈ ਚੁਣਿਆ ਸੀ। ਜਿਉਂ ਹੀ ਸ਼ੇਰੇ ਨੇ ਗੰਡਾਸੀ ਦੇ ਬਾਹੇ ਨੂੰ ਹੱਥ ਪਾਇਆ ਤਾਂ ਉਸ ਦੀ ਮਾਂ ਸੁਰਜੀਤ ਕੌਰ ਹਨੇਰੀ ਵਾਂਗ ਬੈਠਕ ਵਿੱਚ ਆ ਗਈ ਤੇ ਗੰਡਾਸੀ ਨੂੰ ਅੱਗੋਂ ਦੋਵੇਂ ਹੱਥ ਪਾ ਲਏ। ਬੈਠਕ ਦੇ ਰੌਸ਼ਨਦਾਨ ’ਚੋਂ ਪਹੁ-ਫੁਟਾਲੇ ਦੇ ਘੁਸਮੁਸੇ ਜਿਹੇ ਚਾਨਣ ਵਿੱਚ ਗੰਡਾਸੀ ਦੀ ਸਾਣ ’ਤੇ ਲੱਗੀ ਧਾਰ ਲਿਸ਼ਕ ਰਹੀ ਸੀ। ‘‘ਛੱਡ ਦੇ ਪੁੱਤ, ਰੱਬ ਦੇ ਵਾਸਤੇ। ਆਹ ਕੀ ਪਾਪ ਕਮਾਉਣ ਚੱਲਿਆ ਤੂੰ ਅੰਮ੍ਰਿਤ ਵੇਲੇ?’’ ਸ਼ੇਰੇ ਦੀ ਮਾਂ ਵਾਸਤੇ ਪਾਉਂਦੀ ਰਹੀ ਪਰ ਸ਼ੇਰੇ ਦੀ ਪਕੜ ਭੋਰਾ ਢਿੱਲੀ ਨਹੀਂ ਹੋ ਰਹੀ ਸੀ। ‘‘ਵੇ ਕਿਉਂ ਮੇਰਾ ਰੰਡੇਪਾ ਰੋਲਣ ’ਤੇ ਤੁਲਿਆ ਹੋਇਐਂ ਤੂੰ, ਛੱਡ ਦੇ ਪੁੱਤ, ਤੈਨੂੰ ਰੱਬ ਦਾ ਵਾਸਤਾ।’’ ਮਾਂ ਲਈ ਇਹ ਆਰ-ਪਾਰ ਦੇ ਪਲ ਸਨ। ਉਹ ਹਰ ਹੀਲੇ ਸ਼ੇਰੇ ਨੂੰ ਰੋਕਣਾ ਚਾਹੁੰਦੀ ਸੀ। ਪੂਰਾ ਤਾਣ ਲਾ ਕੇ ਉਹ ਗੰਡਾਸੀ ਨੂੰ ਸ਼ੇਰੇ ਦੇ ਹੱਥੋਂ ਖੋਹ ਲੈਣਾ ਚਾਹੁੰਦੀ ਸੀ। ਗੰਡਾਸੀ ਦੀ ਧਾਰ ਦੀ ਲਿਸ਼ਕੋਰ ਸ਼ੇਰੇ ਦੇ ਮੁੜ੍ਹਕੇ ਵਾਲੇ ਲਾਲ ਹੋ ਚੁੱਕੇ ਚਿਹਰੇ ’ਤੇ ਆਸਮਾਨੀ ਬਿਜਲੀ ਵਾਂਗ ਪੈ ਰਹੀ ਸੀ, ਜੋ ਉਸ ਨੂੰ ਹੋਰ ਵੀ ਭਿਆਨਕ ਬਣਾ ਰਹੀ ਸੀ। ਮਾਂ ਗੰਡਾਸੀ ਨੂੰ ਖਿੱਚਦੀ ਹੋਈ ਭੁੰਜੇ ਫਰਸ਼ ’ਤੇ ਬੈਠ ਗਈ, ਜਿਸ ਨੂੰ ਸ਼ੇਰਾ ਛੁਡਵਾਉਣ ਤੋਂ ਬੇਵੱਸ ਹੋ ਗਿਆ। ਸੰਨਾਟੇ ਨੂੰ ਤੋੜਦੀ ਹੋਈ ਮਾਲਗੱਡੀ ਪਿੰਡ ਦੀ ਜੂਹ ਨੂੰ ਪਾਰ ਕਰ ਚੁੱਕੀ ਸੀ ਤੇ ਆਵਾਜ਼ ਹੁਣ ਮੱਧਮ ਪੈ ਚੁੱਕੀ ਸੀ। ਸ਼ੇਰੇ ਦੀ ਪਕੜ ਢਿੱਲੀ ਪੈ ਗਈ ਤੇ ਮਾਂ ਨੇ ਗੰਡਾਸੀ ਮੁੜ ਮੰਜੇ ਥੱਲੇ ਵਗਾਹ ਮਾਰੀ। ਕੁਝ ਪਲਾਂ ਲਈ ਮਾਂ ਪੁੱਤਰ ਅਡੋਲ ਖੜ੍ਹੇ ਰਹੇ। ਗੁਰੂਘਰ ’ਚੋਂ ਬਾਬਾ ਫਰੀਦ ਦੀ ਬਾਣੀ ਦੇ ਸਲੋਕ ਉਨ੍ਹਾਂ ਨੂੰ ਸਾਫ਼ ਸੁਣਾਈ ਦੇਣ ਲੱਗੇ... ‘‘ਫਰੀਦਾ ਜੋ ਤੈ ਮਾਰਨਿ ਮੁਕੀਆ ਤਿਨਾ ਨ ਮਾਰੇ ਘੁੰਮਿ।।’’ ਸ਼ੇਰੇ ਨੇ ਆਪਣਾ ਸਿਰ ਮਾਂ ਦੇ ਮੋਢੇ ’ਤੇ ਟਿਕਾ ਦਿੱਤਾ। ਮਾਂ ਦੀ ਮਮਤਾ, ਹੌਸਲੇ ਅਤੇ ਦਲੇਰੀ ਅੱਗੇ ਉਸ ਨੇ ਸਦਾ ਲਈ ਗੋਡੇ ਟੇਕ ਦਿੱਤੇ ਸਨ।
ਦੁਸ਼ਮਣੀ ਦਾ ਲਾਵਾ ਅੱਥਰੂ ਬਣ ਸਦਾ ਲਈ ਵਹਿ ਗਿਆ। ਸੁਰਜੀਤ ਕੌਰ ਪੁੱਤਰ ਨੂੰ ਬਾਂਹ ਤੋਂ ਫੜ ਕੇ ਵਿਹੜੇ ਵਿੱਚ ਆ ਗਈ। ਪਹੁ-ਫੁਟਾਲਾ ਹੋ ਚੁੱਕਾ ਸੀ। ਪੂਰਬ ਵਿੱਚ ਲਾਲੀ ਦੀ ਭਾਹ ਸੂਰਜ ਦੀ ਪਹਿਲੀ ਕਿਰਨ ਦੇ ਆਉਣ ਦਾ ਸੁਨੇਹਾ ਦੇ ਰਹੀ ਸੀ। ਜਿਉਂ ਹੀ ਉਹ ਵਿਹੜੇ ਵਿੱਚ ਪਹੁੰਚੇ ਤਾਂ ਦਰਵਾਜ਼ੇ ’ਤੇ ਦਸਤਕ ਹੋਈ। ਸੁਰਜੀਤ ਕੌਰ ਨੇ ਅੱਗੇ ਹੋ ਕੇ ਬੂਹਾ ਖੋਲ੍ਹ ਦਿੱਤਾ। ਅੱਗੋਂ ਜਗਤ ਸਿਹੁੰ ਦੋਵੇਂ ਹੱਥਾਂ ਵਿੱਚ ਦੋ ਲੱਕੜੀ ਦੇ ਕਿੱਲੇ ਲਈ ਬੂਹੇ ਦੇ ਅੰਦਰ ਆ ਗਿਆ। ਪਲ ਭਰ ਲਈ ਤਿੰਨੋਂ ਇੱਕ-ਦੂਜੇ ਵੱਲ ਤੱਕਦੇ ਰਹੇ। ਉਸ ਨੇ ਦੋਵੇਂ ਕਿੱਲੇ ਵਿਹੜੇ ਵਿੱਚ ਦੂਰ ਵਗਾਹ ਕੇ ਮਾਰਦਿਆਂ ਕਿਹਾ, ‘‘ਪੁੱਤ ਸ਼ੇਰੇ, ਅੱਜ ਤੋਂ ਆਪਣੀ ਜ਼ਮੀਨ ਦੀ ਸੰਭਾਲ ਕਰ। ਇਹ ਕਿੱਲੇ ਨਹੀਂ, ਮੇਰੀ ਹਉਮੈਂ ਦੀ ਜੜ੍ਹ ਸੀ ਜੋ ਮੈਂ ਹਮੇਸ਼ਾ ਲਈ ਪੁੱਟ ਆਇਆ ਹਾਂ।’’ ਜਗਤ ਸਿੰਘ ਨੇ ਅੱਗੇ ਹੋ ਕੇ ਸ਼ੇਰੇ ਦੇ ਦੋਵੇਂ ਮੋਢਿਆਂ ’ਤੇ ਹੱਥ ਰੱਖਦਿਆਂ ਕਿਹਾ। ਸ਼ੇਰਾ ਉਸ ਦੀਆਂ ਅੱਖਾਂ ਵਿੱਚ ਦੇਖਦਾ ਹੋਇਆ ਅਡੋਲ ਖੜ੍ਹਾ ਰਿਹਾ। ਜਗਤ ਸਿੰਘ ਨੇ ਆਪਣੇ ਦੋਵੇਂ ਹੱਥ ਜੋੜ ਕੇ ਗੁਰੂਘਰ ਵੱਲ ਮੂੰਹ ਘੁਮਾਉਂਦਿਆਂ ਮੱਥੇ ਨੂੰ ਲਾਏ। ‘‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’’ ਗੁਰਬਾਣੀ ਦੀ ਤੁਕ ਦਾ ਉਚਾਰਨ ਕਰਦਿਆਂ ਉਹ ਸੁਰਜੀਤ ਕੌਰ ਵੱਲ ਮੁੜਿਆ। ‘‘ਸੁਰਜੀਤ ਕੁਰੇ, ਭਾਈ ਹੋ ਸਕੇ ਤਾਂ ਮੈਨੂੰ ਮੁਆਫ਼ ਕਰ ਦੇਣਾ।’’ ਸੁਰਜੀਤ ਕੌਰ ਬਿਨਾਂ ਕੁਝ ਬੋਲਿਆਂ ਖੜ੍ਹੀ ਰਹੀ। ਜਗਤ ਸਿੰਘ ਆਪਣੀ ਪੱਗ ਦੇ ਲੜ ਨੂੰ ਅੱਖਾਂ ’ਤੇ ਘੁਮਾਉਂਦਾ ਹੋਇਆ ਗੇਟ ਤੋਂ ਬਾਹਰ ਨਿਕਲ ਗਿਆ।
ਸੰਪਰਕ: 98725-49977

