ਕੰਡਿਆਲੀ ਤਾਰ ਦੇ ਆਰ-ਪਾਰ: ਮੁਹੱਬਤ ਦੇ ਫੁੱਲਾਂ ਨਾਲ ਮਹਿਕਦੀ ਫਿਜ਼ਾ
ਦੇਸ਼ ਵੰਡ ਵੇਲੇ ਪੰਜਾਬੀਆਂ ਨੇ ਆਪਣੇ ਹੀ ਹਮਸਾਇਆਂ ਦਾ ਲਹੂ ਵਹਾਇਆ ਤੇ ਲੱਖਾਂ ਲੋਕ ਆਪਣੇ ਘਰਾਂ ਤੇ ਆਪਣੀ ਜਨਮ ਭੋਇੰ ਤੋਂ ਹਿਜਰਤ ਕਰਨ ਲਈ ਮਜਬੂਰ ਹੋ ਗਏ ਪਰ ਇਹ ਵਹਿਸ਼ਤ ਵਕਤੀ ਸੀ। ਦੇਸ਼ ਵੰਡ ਤੋਂ ਪੌਣੀ ਸਦੀ ਬਾਅਦ ਵੀ ਲਹਿੰਦੇ ਤੇ...
ਦੇਸ਼ ਵੰਡ ਵੇਲੇ ਪੰਜਾਬੀਆਂ ਨੇ ਆਪਣੇ ਹੀ ਹਮਸਾਇਆਂ ਦਾ ਲਹੂ ਵਹਾਇਆ ਤੇ ਲੱਖਾਂ ਲੋਕ ਆਪਣੇ ਘਰਾਂ ਤੇ ਆਪਣੀ ਜਨਮ ਭੋਇੰ ਤੋਂ ਹਿਜਰਤ ਕਰਨ ਲਈ ਮਜਬੂਰ ਹੋ ਗਏ ਪਰ ਇਹ ਵਹਿਸ਼ਤ ਵਕਤੀ ਸੀ। ਦੇਸ਼ ਵੰਡ ਤੋਂ ਪੌਣੀ ਸਦੀ ਬਾਅਦ ਵੀ ਲਹਿੰਦੇ ਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਕੰਡਿਆਲੀ ਤਾਰ ਦੇ ਆਰ-ਪਾਰ ਵੱਸਦੇ ਲੋਕ ਆਪਣੇ ਆਪਣੇ ਲੱਗਦੇ ਹਨ। ਇਸ ਮੋਹ ਤੇ ਆਪਣੇਪਣ ’ਚੋਂ ਕਈ ਸਫ਼ਰਨਾਮੇ ਉਪਜੇ ਹਨ ਤੇ ਹਥਲਾ ਲੇਖ ਅਜਿਹੇ ਹੀ ਕੁਝ ਸਫ਼ਰਨਾਮਿਆਂ ਦੀ ਬਾਤ ਪਾਉਂਦਾ ਹੈ।
ਸਾਲ 1947 ਵਿੱਚ ਅਸੀਂ ਪੰਜਾਬੀਆਂ ਨੇ ਰੱਜਵੀਂ ਕੁੱਟ ਖਾਧੀ ਅਤੇ ਲੱਖਾਂ ਬੰਦੇ ਮਰਵਾਏ। ਅਣਗਿਣਤ ਔਰਤਾਂ ਦੀਆਂ ਇੱਜ਼ਤਾਂ ਰੁਲੀਆਂ, ਅਨੇਕਾਂ ਨੇ ਖੂਹਾਂ ਵਿੱਚ ਛਾਲਾਂ ਮਾਰ ਕੇ ਆਪਣੀ ਜ਼ਿੰਦਗੀ ਵੇਚ ਕੇ ਅਸਮਤ ਖ਼ਰੀਦੀ ਜਦੋਂਕਿ ਅਣਗਿਣਤ ਲੋਕ ਘਰੋਂ ਬੇਘਰ ਹੋ ਗਏ। ਉਹ ਬੇਸ਼ਰਮੀ ਦਾ ਨੰਗਾ ਨਾਚ ਸੀ। ਉਸ ਤੋਂ ਬਾਅਦ ਜਦੋਂ ਜੰਗਾਂ ਹੋਈਆਂ ਤਾਂ ਦੋਹਾਂ ਪੰਜਾਬਾਂ ਨੇ ਆਪਣੇ ਲਹੂ ਨਾਲ ਧਰਤੀ ਨੂੰ ਦੁਬਾਰਾ ਰੰਗਿਆ। ਫਿਰ ਵੀ ਭਾਰਤੀ ਪੰਜਾਬੀਆਂ ਨੂੰ ਪਾਕਿਸਤਾਨੀ ਪੰਜਾਬ ਆਪਣਾ ਦੁਸ਼ਮਣ ਕਿਉਂ ਨਹੀਂ ਜਾਪਦਾ? ਅਸੀਂ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਂਦੇ ਹਾਂ, ਪਰ ਓਧਰਲੇ ਲੋਕਾਂ ਨਾਲ ਘੁਲ-ਮਿਲ ਕੇ ਸਕੂਨ ਕਿਉਂ ਮਿਲਦਾ ਹੈ? ਉਨ੍ਹਾਂ ਦਾ ਵੀ ਸਾਡੇ ਵਾਂਗ ਪਰਤਣ ਨੂੰ ਚਿੱਤ ਕਿਉਂ ਨਹੀਂ ਕਰਦਾ? ਜਦੋਂ ਕੋਈ ਭਾਰਤੀ ਸਿਆਸਤਦਾਨ ਪਾਕਿਸਤਾਨ ਨੂੰ ਨਰਕ ਕਹਿੰਦਾ ਹੈ ਤਾਂ ਸਾਨੂੰ ਪੰਜਾਬੀਆਂ ਨੂੰ ਤਕਲੀਫ਼ ਕਿਉਂ ਹੁੰਦੀ ਹੈ? ਸਾਡਾ ਜਿਹੜਾ ਵੀ ਅਦੀਬ ਪਾਕਿਸਤਾਨ ਵਿੱਚ ਜਾਂਦਾ ਹੈ, ਉਹ ਉੱਥੋਂ ਦਾ ਸਫ਼ਰਨਾਮਾ ਕਿਉਂ ਲਿਖਦਾ ਹੈ?
ਬਲਰਾਜ ਸਾਹਨੀ ਦਾ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ (1967) ਪੰਜਾਬੀ ਨਸਰ ਦੀ ਲਾਜਵਾਬ ਰਚਨਾ ਹੈ। ਵਰਿਆਮ ਸੰਧੂ ਦੀ ‘ਵਗਦੀ ਏ ਰਾਵੀ’ (2002) ਮਾਣ ਕਰਨ ਯੋਗ ਹੈ ਅਤੇ ਜਗਤਾਰ ਨੇ ‘ਪਸ਼ਾਵਰ ਤੋਂ ਸਿੰਧ ਤੱਕ’ (2010) ਬਹੁਤ ਸਾਰੇ ਗੇੜਿਆਂ ਬਾਅਦ ਲਿਖਿਆ। ਇਵੇਂ ਹੀ ਸਵਰਨ ਸਿੰਘ ਨੇ ‘ਨਾਵਣ ਚੱਲੇ ਤੀਰਥੀਂ’ (1990) ਵਿੱਚ ਸਿੱਖ ਯਾਤਰੂਆਂ ਦੇ ਧਰਮ-ਪ੍ਰੇਮ ਤੋਂ ਪਰਦਾ ਚੁੱਕਿਆ ਹੈ। ਇਨ੍ਹਾਂ ਤੋਂ ਇਲਾਵਾ ਵੀ ਦਸ ਕੁ ਪਾਕਿਸਤਾਨੀ ਸਫ਼ਰਨਾਮੇ ਲਿਖੇ ਜਾ ਚੁੱਕੇ ਹਨ; ਰਵਿੰਦਰ ਸਹਿਰਾਅ ਦਾ ‘ਲਾਹੌਰ ਨਾਲ ਗੱਲਾਂ’ ਅਜੇ ਪਿਛਲੇ ਵਰ੍ਹੇ ਛਪਿਆ।
ਸਾਲ 2026 ਅਜੇ ਚੱਲ ਰਿਹਾ ਹੈ ਅਤੇ ਦੋ ਹੋਰ ਸਫ਼ਰਨਾਮੇ ਸਾਡੇ ਸਾਹਮਣੇ ਹਨ, ਰਜਵੰਤ ਕੌਰ ਸੰਧੂ ਦਾ ‘ਮੇਰੇ ਪਿਤਾ ਦੀ ਕੁਰਸੀ’ ਅਤੇ ਗੁਰਬਖ਼ਸ਼ ਭੰਡਾਲ ਦਾ ‘ਲਾਹੌਰ ਦੀ ਫ਼ਿਜ਼ਾ ਤੇ ਕਰੂਜ਼ ਯਾਤਰਾ’। ਸਾਨੂੰ ਵਾਹਗਾ ਬਾਰਡਰ ਗ਼ੁਲਾਮ ਬਣਾਉਂਦਾ ਹੈ ਪਰ ਪੁਰਾਣੀ ਸਾਂਝ ਆਜ਼ਾਦ ਕਰਦੀ ਹੈ, ਉਸ ਦੀ ਕਲਪਨਾ ਕਰਕੇ ਵੀ ਖ਼ੁਸ਼ੀਆਂ ਨੂੰ ਖੰਭ ਲੱਗ ਜਾਂਦੇ ਹਨ। ਕੁਝ ਵਰ੍ਹੇ ਪਹਿਲਾਂ ਮੈਂ ਭਾਰਤੀ ਸਾਹਿਤ ਅਕਾਦਮੀ ਵਾਸਤੇ ਵੰਡ ਉੱਤੇ ਲਿਖੇ ਨਾਟਕਾਂ ਦੀ ਪੁਸਤਕ ਤਿਆਰ ਕੀਤੀ ਸੀ ‘Plays from a Fractured Land’। ਮੈਨੂੰ ਅੰਦਾਜ਼ਾ ਸੀ ਕਿ 25-30 ਅਜਿਹੇ ਨਾਟਕ ਹੋਣਗੇ, ਪਰ ਮੈਨੂੰ 112 ਨਾਟਕ ਮਿਲੇ ਅਤੇ 8-10 ਰਹਿ ਵੀ ਗਏ ਹੋਣਗੇ।
ਦਰਅਸਲ, ਇੱਕ ਪਾਕਿਸਤਾਨ ਨਕਸ਼ੇ ਉੱਤੇ ਹੈ ਅਤੇ ਦੂਸਰਾ ਸਾਡੇ ਅੰਦਰ ਹੈ। ਅੰਦਰਲਾ ਪਾਕਿਸਤਾਨ ਬਾਬਾ ਫ਼ਰੀਦ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਸ਼ਾਹ ਹੁਸੈਨ, ਬਾਬਾ ਬੁਲ੍ਹੇ ਸ਼ਾਹ, ਸੱਯਦ ਵਾਰਿਸ ਸ਼ਾਹ, ਮਹਾਰਾਜਾ ਰਣਜੀਤ ਸਿੰਘ, ਦੁੱਲਾ ਭੱਟੀ, ਸ਼ਹੀਦ ਭਗਤ ਸਿੰਘ, ਫ਼ੀਰੋਜ਼ਦੀਨ ਸ਼ਰਫ਼, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਅਤੇ ਸਰ ਗੰਗਾ ਰਾਮ ਆਦਿਕ ਨਾਲ ਉਸਰਦਾ ਹੈ, ਜਿਸ ਦੀਆਂ ਕੋਈ ਸਰਹੱਦਾਂ ਨਹੀਂ ਹਨ। ਸਾਡੀਆਂ ਯੂਨੀਵਰਸਿਟੀਆਂ ਵਿੱਚ ਓਧਰਲੇ ਅਦੀਬ ਪੜ੍ਹਾਏ ਜਾਂਦੇ ਹਨ ਅਤੇ ਓਧਰ ਸਾਡੇ ਪੜ੍ਹਾਏ ਜਾਂਦੇ ਹਨ। ਜਦੋਂ ਤੱਕ ਸਾਡੇ ਪੁਰਖਿਆਂ ਦਾ ਸਾਂਝਾ ਕੰਮ ਅਤੇ ਇਤਿਹਾਸ ਜ਼ਿੰਦਾ ਹੈ, ਸਾਡੇ ਅੰਦਰਲਾ ਪਾਕਿਸਤਾਨ ਜਿਊਂਦਾ ਰਹੇਗਾ। ਸੁਭਾਵਿਕ ਹੀ ਹਰੇਕ ਸਫ਼ਰਨਾਮੇ ਵਿੱਚ ਕੁਝ ਨਾ ਕੁਝ ਦੁਹਰਾਅ ਤਾਂ ਹੋਵੇਗਾ ਹੀ, ਪਰ ਅਸੀਂ ਉਨ੍ਹਾਂ ਥਾਵਾਂ ਦਾ ਵਾਰ-ਵਾਰ ਜ਼ਿਕਰ ਪੜ੍ਹਦਿਆਂ ਥੱਕਦੇ ਨਹੀਂ ਕਿਉਂਕਿ ਹਰ ਲੇਖਕ ਉੱਥੋਂ ਦੇ ਕਿਸੇ ਨਵੇਂ ਬੰਦੇ ਨਾਲ ਘੁੰਮਦਾ ਹੈ ਅਤੇ ਲਗਪਗ ਹਰ ਯਾਤਰੂ ਆਪਣੇ ਪੁਰਖਿਆਂ ਦੇ ਜੱਦੀ ਘਰ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਉਂਝ ਵੀ ਪੰਜਾਬੀ ਲੇਖਕ ਇੱਕ-ਦੂਜੇ ਦੀ ਇੱਜ਼ਤ ਕਰਦੇ ਹਨ। ਇਸ ਲਈ ਨਕਸ਼ੇ ਦੇ ਪਾਕਿਸਤਾਨ ਜਾਣ ਲਈ ਰਾਵੀ ਉੱਤੇ ਭਾਵੇਂ ਇੱਕੋ ਪੁਲ ਹੈ, ਪਰ ਲਫ਼ਜ਼ਾਂ ਦੇ ਅਣਗਿਣਤ ਪੁਲ ਬਣ ਜਾਂਦੇ ਹਨ, ਜਿਹੜੇ ਸਾਨੂੰ ਸੱਜਰੇ ਢੰਗਾਂ ਨਾਲ ਇੱਧਰ-ਓਧਰ ਭੇਜਦੇ ਰਹਿੰਦੇ ਹਨ। ਜਿਵੇਂ ਪੇਕੇ, ਨਾਨਕੇ ਜਾਂ ਦਾਦਕੇ ਜਾਣ ਦਾ ਹਰ ਵਾਰ ਨਵਾਂ ਆਨੰਦ ਹੁੰਦਾ ਹੈ, ਉਸੇ ਤਰ੍ਹਾਂ ਸਾਡਾ ਪਾਕਿਸਤਾਨ ਜਾਣਾ ਹਰ ਵਾਰ ਸੱਜਰਾ ਸਵਾਦ ਹੈ। ਜਿਊਂਦਾ ਖ਼ੂਨ ਕਦੇ ਵੀ ਪੁਰਾਣਾ ਨਹੀਂ ਹੁੰਦਾ। ਰਜਵੰਤ ਕੌਰ ਦੀ ਕਿਤਾਬ ਦਾ ਸਭ ਤੋਂ ਸੁੱਚਾ ਹਿੱਸਾ ਉਹ ਹੈ, ਜਦੋਂ ਉਹ ਕਿਲ੍ਹਾ ਗੁੱਜਰ ਸਿੰਘ ਥਾਣੇ ਵਿੱਚ ਜਾਂਦੀ ਹੈ। ਵੰਡ ਵੇਲੇ ਉੱਥੇ ਉਸ ਦਾ ਪਿਤਾ ਸਰਦਾਰ ਬੰਤ ਸਿੰਘ ਥਾਣੇਦਾਰ ਸੀ। ਵੰਡ ਪਿੱਛੋਂ ਕੁਝ ਚਿਰ ਬਾਅਦ ਉਹ ਇੱਕ ਦੁਰਘਟਨਾ ਵਿੱਚ ਫ਼ੌਤ ਹੋ ਗਿਆ, ਲੇਖਕਾ ਉਦੋਂ ਸਿਰਫ਼ ਡੇਢ ਵਰ੍ਹੇ ਦੀ ਬਾਲੜੀ ਸੀ। ਜਦੋਂ ਉਹ ਆਪਣੇ ਲੇਖਕ ਪਤੀ ਵਰਿਆਮ ਸੰਧੂ ਨਾਲ ਉੱਥੇ ਪਹੁੰਚਦੀ ਹੈ ਤਾਂ ਉਸ ਦੀ ਕੈਫ਼ੀਅਤ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ। ਉਸ ਦੀ ਸਾਰੀ ਦੁਨੀਆ ਸਿਮਟ ਕੇ ਉਸ ਥਾਣੇ ਵਿੱਚ ’ਕੱਠੀ ਹੋ ਜਾਂਦੀ ਹੈ। ਉੱਥੇ ਉਸ ਨੂੰ ਸਿਰਫ਼ ਆਪਣਾ ਬਾਪ ਦਿਸਦਾ ਹੈ, ਮੁਲਕ, ਸੂਬਾ, ਜ਼ਿਲ੍ਹਾ, ਪਿੰਡ ਅਤੇ ਥਾਣਾ ਸਭ ਮਿਟ ਜਾਂਦੇ ਹਨ। ਉਸ ਦੇ ਸਨਮੁਖ ਸਿਰਫ਼ ਉਹ ਹੈ, ਜਿਸ ਨੂੰ ਉਹ ਆਪਣੀ ਹਯਾਤੀ ਵਿੱਚ ਨਾ ਚੱਜ ਨਾਲ ਦੇਖ ਸਕੀ ਅਤੇ ਨਾ ਰੱਜ ਕੇ ਮਿਲ ਸਕੀ। ਜਿਸ ਕੁਰਸੀ ਉੱਤੇ ਉਹ ਬਹਿੰਦਾ ਸੀ, ਉੱਥੇ ਅੱਜ ਸੁਹਣਾ-ਸੁਨੱਖਾ ਛੇ-ਫੁੱਟਾ ਮੁਹੰਮਦ ਯੂਨਸ ਬੈਠਾ ਹੈ। ਪਰ ਬੇਵੱਸ ਰਜਵੰਤ ਉੱਥੇ ਆਪਣਾ ਬਾਬਲ ਵੇਖਣਾ ਚਾਹੁੰਦੀ ਹੈ; ਉਹ ਜਨਮਦਾਤੇ ਨੂੰ ਹੀ ਮਿਲਣ ਆਈ ਸੀ। ਝਕਦਿਆਂ ਜਦੋਂ ਕੁਰਸੀ ਨੂੰ ਹੱਥ ਲਾਉਣ ਦੀ ਇਜਾਜ਼ਤ ਮੰਗਦੀ ਹੈ ਤਾਂ ਮੁਹੰਮਦ ਯੂਨਸ ਉਸ ਨੂੰ ਮਾਂ ਕਹਿ ਕੇ ਕੁਰਸੀ ਉੱਤੇ ਬਿਠਾ ਦਿੰਦਾ ਹੈ। ਉਸ ਦੇ ਸੁੱਚੇ ਬੋਲ ਦੇਖੋ: “ਇਹ ਕੁਰਸੀ ਪਹਿਲਾਂ ਤੁਹਾਡੇ ਵਾਲਿਦ ਸਾਹਿਬ ਦੀ ਸੀ, ਹੁਣ ਤੁਹਾਡੇ ਬੇਟੇ ਦੀ ਹੈ। ਇਹ ਹਰ ਹਾਲਤ ਵਿੱਚ ਤੁਹਾਡੀ ਹੀ ਹੈ।” ਇਹ ਭਾਵੇਂ ਸਿਰਫ਼ ਸ਼ਬਦ ਹਨ ਪਰ ਇਸ ਵਿੱਚ ਸਾਡੀ ਡੂੰਘੀ ਸਾਂਝ ਦਾ ਡੀ ਐੱਨ ਏ ਪਿਆ ਹੋਇਆ ਹੈ। ਆਖ਼ਰ ਯੂਨਸ ਭੱਟੀ ਅੰਦਰ ਵੀ ਤਾਂ ਉਹੋ ਪੰਜਾਬੀ ਖ਼ੂਨ ਹੈ। ਉਸ ਦੇ ਇਹ ਬੋਲ ਕਿ “ਇਨ੍ਹਾਂ ਦੇ ਫ਼ਾਦਰ ਸਾਹਿਬ ਸਾਡੀ ਫੈਮਿਲੀ ਦਾ ਹਿੱਸਾ ਸਨ” ਗੱਲ ਨੂੰ ਸਿਰੇ ਲਾ ਦਿੰਦੇ ਹਨ। ਇਸੇ ਲਈ ਰਜਵੰਤ ਕਹਿੰਦੀ ਹੈ, “ਮੈਂ ਇਸ ਕੁਰਸੀ ਨੂੰ ਸਲਾਮ ਕਰਦੀ ਹਾਂ; ਹੁਣ ਜਿਹੜੇ ਬੱਚੇ ਇਸ ਕੁਰਸੀ ’ਤੇ ਬੈਠੇ ਨੇ, ਮੈਂ ਉਨ੍ਹਾਂ ਨੂੰ ਨਮਸਕਾਰ ਕਰਦੀ ਹਾਂ।”
ਅਫ਼ਜ਼ਲ ਸਾਹਿਰ ਦੇ ਜੱਦੀ ਅਤੇ ਲੇਖਕਾ ਦੇ ਪੇਕੇ ਪਿੰਡਾਂ ਦੀ ਸਾਂਝ ਕਰਕੇ ਸਾਹਿਰ ਸੰਧੂਆਂ ਨੂੰ ਮਾਸੀ-ਮਾਸੜ ਹੀ ਬੁਲਾਉਂਦਾ ਰਿਹਾ। ਜਜ਼ਬਾਤੀ ਸਾਂਝਾਂ ਦੇ ਅਨੇਕਾਂ ਹੋਰ ਛੋਟੇ-ਛੋਟੇ ਵੇਰਵਿਆਂ ਦੇ ਨਾਲ-ਨਾਲ ‘ਮੇਰੇ ਪਿਤਾ ਦੀ ਕੁਰਸੀ’ ਦਾ ਦੂਜਾ ਗੁਣ ਰਜਵੰਤ ਅਤੇ ਪਤੀ ਵਰਿਆਮ ਸੰਧੂ ਦੇ ਜੀਵਨ-ਦਰਸ਼ਨ ਵਿਚਲਾ ਇਹ ਟਕਰਾਅ ਹੈ ਕਿ ਆਸਥਾ ਦਾ ਮਹੱਤਵ ਜ਼ਿਆਦਾ ਹੁੰਦਾ ਹੈ ਜਾਂ ਵਿਗਿਆਨਕ ਸੋਚ ਦਾ। ਸਾਰੀ ਕਿਤਾਬ ਵਿੱਚ ਇਹ ਮੱਠਾ-ਮੱਠਾ ਵਖਰੇਵਾਂ ਵੱਡੇ ਸਰੋਵਰ ਦੇ ਪਾਣੀ ਦੀਆਂ ਛੋਟੀਆਂ-ਛੋਟੀਆਂ ਛੱਲਾਂ ਵਾਂਗ ਕਦੇ ਉੱਭਰਦਾ ਹੈ ਤੇ ਕਦੇ ਬਹਿ ਜਾਂਦਾ ਹੈ। ਰਜਵੰਤ ਸ਼ਰਧਾ ਦੇ ਹੱਕ ਵਿੱਚ ਭੁਗਤਦਿਆਂ ਵੀ ਉਸ ਨੂੰ ਵਿਗਿਆਨ ਵਿੱਚ ਆਤਮਸਾਤ ਕਰਨ ਦੇ ਯਤਨ ਕਰਦੀ ਹੈ। ਵਰਿਆਮ ਦੀ ਜ਼ਿੰਦਗੀ ਪ੍ਰਤੀ ਸੋਚ ਦਾ ਆਪਣਾ ਰੰਗ ਹੈ, ਜਿਸ ਨੂੰ ਉਹ ਕਿਸੇ ਵੀ ਦਬਾਅ ਹੇਠ ਪੇਤਲਾ ਨਹੀਂ ਪੈਣ ਦਿੰਦਾ।
ਇੱਕ ਗੁਰਦੁਆਰੇ ਵਿੱਚ ਦਰੱਖਤ ਦੀਆਂ ਟਾਹਣੀਆਂ ਨਾਲ ਬੰਨ੍ਹੀਆਂ ਲੀਰਾਂ ਲੋਕਾਂ ਦੀਆਂ ਸੁੱਖਣਾਂ ਦੀਆਂ ਨਿਸ਼ਾਨੀਆਂ ਹਨ। ਸੰਧੂ ਅਨੁਸਾਰ ਉਹ ਵਹਿਮ ਹੈ ਪਰ ਰਜਵੰਤ ਕਹਿੰਦੀ ਹੈ ਕਿ ਜੇ ਕਿਸੇ ਨੂੰ ਦੂਜੇ ਦਾ ਨੁਕਸਾਨ ਕੀਤੇ ਬਗੈਰ ਸਕੂਨ ਮਿਲਦਾ ਹੈ ਤਾਂ ਕੀ ਹਰਜ਼ ਹੈ। ਆਪੋ-ਆਪਣੇ ਵਿਸ਼ਵਾਸ ਹੁੰਦਿਆਂ ਵੀ ਦੰਪਤੀ ਦੀ ਖ਼ੂਬੀ ਇਹ ਹੈ ਕਿ ਦੋਵੇਂ ਇੱਕ-ਦੂਜੇ ਦੇ ਵਿਚਾਰਾਂ ਦੀ ਕਦਰ ਕਰਦੇ ਹਨ। ਮਸਲਾ ਤਾਂ ਮਨੋਵਿਗਿਆਨਕ ਹੈ, ਜਿਸ ਨੂੰ ਸੰਧੂ ਮਨੋਵਿਗਿਆਨਕ ਹੱਦ ਤੱਕ ਸਵੀਕਾਰ ਵੀ ਕਰਦਾ ਹੈ। ਜਦੋਂ ਉਸ ਦੇ ਪਿੰਡ ਵਿੱਚ ਇੱਕ ਬੱਚੀ ਗੋਦ ਵਿੱਚ ਬੈਠਦੀ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਉਸ ਦਾ ਬਚਪਨ ਆਣ ਕੇ ਬੈਠ ਗਿਆ ਹੈ। ਇਹ ਆਨੰਦ ਇੱਕ ਤਸੱਲੀ ਹੈ, ਪਰ ਬੱਚੀ ਨੂੰ ਆਪਣਾ ਬਚਪਨ ਸਮਝ ਕੇ ਨਾਲ ਨਹੀਂ ਲਿਜਾਇਆ ਜਾ ਸਕਦਾ। ਇਸੇ ਲਈ ਲੇਖਕਾ ਬਹੁਤੀ ਥਾਈਂ ਪਤੀ ਨਾਲ ਸਹਿਮਤੀ ਦਰਜ ਕਰਦੀ ਹੈ।
ਉਨ੍ਹਾਂ ਨੂੰ ਗ੍ਰੰਥੀ ਸਿੰਘ ਵੱਲੋਂ ਕੀਤੀ ਗੁਰੂ ਨਾਨਕ ਦੇਵ ਜੀ ਦੇ ਸੱਚੇ-ਸੌਦੇ ਦੀ ਵਿਆਖਿਆ ਸਹੀ ਲੱਗਦੀ ਹੈ। ਇਵੇਂ ਹੀ ਵਲੀ ਕੰਧਾਰੀ ਦੀ ਸਾਖੀ ਦਾ ਵੇਰਵਾ ਅਤੇ ਗੁਰਦੁਆਰਾ ਸੁਧਾਰ ਵੇਲੇ ਰੇਲਗੱਡੀ ਅੱਗੇ ਲੰਮੇ ਪੈਣ ਦੇ ਸਾਕੇ ਦੀ ਵਿਗਿਆਨਕ ਵਿਆਖਿਆ ਲਈ ਉਹ ਇਤਿਹਾਸਕਾਰ ਹਰਜਿੰਦਰ ਸਿੰਘ ਦਿਲਗੀਰ ਅਤੇ ਦੁੱਗਲ ਦੀ ਕਹਾਣੀ ‘ਕਰਾਮਾਤ’ ਦੀ ਸਹਾਇਤਾ ਲੈਂਦੇ ਹਨ। ਇਸੇ ਤਰ੍ਹਾਂ ਉਹ ਸਿੱਖ ਇਤਿਹਾਸ ਨੂੰ ਕਹਾਣੀਕਾਰ ਸੁਜਾਨ ਸਿੰਘ ਦੀ ਸਹਾਇਤਾ ਨਾਲ ਵੀ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਖ਼ੂਬਸੂਰਤ ਕੋਸ਼ਿਸ਼ ਕਰਦੇ ਹਨ।
ਰਜਵੰਤ ਜਿੱਥੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰਵਾਉਂਦੀ ਹੈ, ਉੱਥੇ ਵਰਿਆਮ ਕਾਰਨ ਅਸੀਂ ਫ਼ਖ਼ਰ ਜ਼ਮਾਂ, ਅਹਿਮਦ ਰਜ਼ਾ, ਮਸਊਦ ਸਾਕਿਬ, ਅਫ਼ਜ਼ਲ ਸਾਹਿਰ, ਇਲਿਆਸ ਘੁੰਮਣ ਅਤੇ ਅਲੀ ਉਸਮਾਨ ਬਾਜਵਾ ਆਦਿਕ ਪਾਕਿਸਤਾਨੀ ਅਦੀਬਾਂ ਨੂੰ ਵੀ ਨੇੜਿਓਂ ਦੇਖਦੇ ਹਾਂ। ਵਰਿਆਮ ਸੰਧੂ ਹਰ ਅਰਥ ਵਿੱਚ ਵੱਡੇ ਕੱਦ ਵਾਲਾ ਅਦੀਬ ਹੋਣ ਕਾਰਨ ਸਾਰੇ ਸਫ਼ਰਨਾਮੇ ਵਿੱਚ ਛਾਇਆ ਰਹਿੰਦਾ ਹੈ; ਦਰਅਸਲ ਪਾਠਕ ਨੂੰ ‘ਇੱਕ ਦੇ ਨਾਲ ਇੱਕ ਫਰੀ’ ਲੇਖਕ ਮਿਲਦਾ ਹੈ। ਉਹ ਕਿਤਾਬ ਨੂੰ ਡੂੰਘਾਈ ਦਿੰਦਾ ਹੈ, ਪਰ ਲੇਖਕਾ ਦੇ ਵਿਚਾਰਾਂ ਦੀ ਅਮੀਰੀ ਨੂੰ ਖੋਹਣ ਤੋਂ ਬਗ਼ੈਰ। ਇਸੇ ਲਈ ਉਹ ਬੜੇ ਸਟੀਕ ਪ੍ਰਸ਼ਨ ਵੀ ਉਠਾਉਂਦੀ ਹੈ, ਜਿਵੇਂ “ਅਜੇ ਤੱਕ ਅਸੀਂ ਨਨਕਾਣਾ ਸਾਹਿਬ ਵਿਖੇ ਭਾਈ ਮਰਦਾਨੇ ਦੀ ਕੋਈ ਯਾਦਗਾਰ ਕਿਉਂ ਨਹੀਂ ਬਣਾਈ?” ਕਈ ਥਾਈਂ ਰਜਵੰਤ ਦੀ ਵਾਰਤਕ-ਸ਼ੈਲੀ ਦਾ ਤ੍ਰੀਮਤੀ ਸੁਹਜ ਬਹੁਤ ਉੱਘੜਵਾਂ ਹੈ। ਜਦੋਂ ਉਹ ਥਾਣੇ ਵਿੱਚ ਬਣੀ ਆਪਣੀ ਵੀਡੀਓ ਦੇਖਦੀ ਹੈ ਤਾਂ ਲਿਖਦੀ ਹੈ “ਨੀਮ ਗੁਲਾਬੀ ਸੂਟ ਪਹਿਨੀ ਜਦੋਂ ਮੈਂ ਪੀਲੇ ਤੇ ਗੁਲਾਬੀ ਫੁੱਲ ਆਪਣੀ ਛਾਤੀ ਨਾਲ ਘੁੱਟੇ ਤਾਂ ਮੇਰੇ ਚਿਹਰੇ ਵਿੱਚ ਵੀ ਜਿਵੇਂ ਗੁਲਾਬ ਘੁਲ ਗਿਆ ਸੀ।”
ਗੁਰਬਖ਼ਸ਼ ਸਿੰਘ ਭੰਡਾਲ ਅਮਰੀਕਨ ਯੂਨੀਵਰਸਿਟੀ ਵਿੱਚ ਫ਼ਿਜ਼ਿਕਸ ਪੜ੍ਹਾਉਂਦਾ ਹੈ। ਉਹ ਮੂਲ ਰੂਪ ਵਿੱਚ ਵਾਰਤਕਕਾਰ ਹੈ, ਪਰ ਤਬੀਅਤ ਵਿੱਚ ਕਾਵਿਕਤਾ ਭਰੀ ਹੋਈ ਹੈ। ਇਸੇ ਲਈ ਉਸ ਦੀ ਵਾਰਤਕ ਪਾਠਕ ਨੂੰ ਬਹੁਤ ਰਸੀਲੀ ਲੱਗਦੀ ਹੈ, ਇਹ ਰਸ ਪੁਸਤਕ ‘ਲਾਹੌਰ ਦੀ ਫ਼ਿਜ਼ਾ ਤੇ ਕਰੂਜ਼ ਯਾਤਰਾ’ ਵਿੱਚ ਵੀ ਮਿਲਦਾ ਹੈ। ਪਤਾ ਨਹੀਂ ਉਸ ਨੇ ਯੂਰੋਪ ਦੀ ਕਰੂਜ਼ ਯਾਤਰਾ ਨੂੰ ਪਾਕਿਸਤਾਨ ਨਾਲ ਕਿਉਂ ਜੋੜਿਆ ਹੈ, ਪੁਸਤਕ ਦਾ ਪਾਕਿਸਤਾਨੀ ਭਾਗ ਸੰਖੇਪ ਹੋਣ ਦੇ ਬਾਵਜੂਦ ਇਹ ਅਨਜੋੜ ਲੱਗਦਾ ਹੈ।
ਪਰ ਭੰਡਾਲ ਦੇ ਸਫ਼ਰਨਾਮੇ ਦੀ ਵੱਡੀ ਵਿਲੱਖਣਤਾ ਉਸ ਦੀ ਉਹ ਕਾਵਿਕ ਕਲਪਨਾ ਹੈ, ਜਿਹੜੀ ਵੱਖ-ਵੱਖ ਥਾਵਾਂ ਨੂੰ ਦੇਖਦਿਆਂ ਸਾਨੂੰ ਸਿੱਧਾ ਉੱਥੋਂ ਦੇ ਇਤਿਹਾਸ ਨਾਲ ਜੋੜਦੀ ਹੈ। ਕਈ ਵਾਰ ਉਹ ਇਤਿਹਾਸ ਦਾ ਵਰਣਨ ਕਰਦਿਆਂ ਥਾਵਾਂ ਦਾ ਮਾਨਵੀਕਰਨ ਕਰ ਦਿੰਦਾ ਹੈ ਅਤੇ ਉਹ ਥਾਵਾਂ ਆਪ ਬੋਲਦੀਆਂ ਪ੍ਰਤੀਤ ਹੁੰਦੀਆਂ ਹਨ। ਇਸੇ ਲਈ ਵੇਰਵਿਆਂ ਦੇ ਵਿਸਤਾਰ ਦੀ ਥਾਂ ਭਾਵੁਕਤਾ ਦਾ ਭਾਵ-ਮੰਡਲ ਭਾਰੂ ਹੈ। ਉਹ ਸੱਚਮੁੱਚ ਇੱਕ ਫ਼ਿਜ਼ਾ ਦਾ ਉਦੈ ਕਰਦਾ ਹੈ, ਜਿਹੜੀ ਬਹੁਤ ਕੁਝ ਕਹਿੰਦੀ ਹੈ। ਬਾਰਡਰ ਦੀ ਲੀਕ ਆਖਦੀ ਹੈ ਕਿ ਉਹ ਤਾਂ ਸਿਰਫ਼ ਬੰਦਿਆਂ ਨੂੰ ਰੋਕਣ ਲਈ ਹੀ ਵਾਹੀ ਗਈ ਹੈ, ਉਹ ਪੰਛੀਆਂ ਦੀ ਪਰਵਾਜ਼, ਬੱਦਲਾਂ, ਪੌਣਾਂ ਤੇ ਦਰਿਆਵਾਂ ਨੂੰ ਨਹੀਂ ਰੋਕ ਸਕਦੀ। ਫਿਰ ਇਸ ਮਾਰਮਿਕ ਨਤੀਜੇ ’ਤੇ ਪਹੁੰਚਦਾ ਹੈ ਕਿ ਜਦੋਂ ਬੰਦੇ ਦਾ ਕੁਦਰਤ ’ਤੇ ਜ਼ੋਰ ਨਹੀਂ ਚੱਲਦਾ ਤਾਂ ਉਹ ਆਪਣਿਆਂ ’ਤੇ ਹੁਕਮ ਚਲਾਉਣ ਲਈ ਅਮਾਨਵੀ ਰਾਹ ਲੱਭਦਾ ਹੈ।
ਲੇਖਕ ਕਲਪਨਾ ਕਰਦਾ ਹੈ ਕਿ ਵੰਡ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਕਿੰਨੀ ਉਦਾਸ ਹੋਈ ਹੋਵੇਗੀ। ਗੁਰਦੁਆਰਾ ਹਸਨ ਅਬਦਾਲ ਵਿੱਚ ਉਸ ਦੀ ਕਲਪਨਾ ਫਿਰ ਉੱਡਦੀ ਹੈ: “ਗੁਰੂ ਨਾਨਕ ਦੇਵ ਜੀ ਜਦ ਇਸ ਜਗ੍ਹਾ ’ਤੇ ਬਿਰਾਜਮਾਨ ਹੋ ਕੇ ਸੰਗਤ ਨੂੰ ਸੰਬੋਧਨ ਕਰਦੇ ਹੋਣਗੇ ਤਾਂ ਉਨ੍ਹਾਂ ਦੇ ਮੁੱਖ ਤੋਂ ਝਰਦਾ ਨੂਰ ਇਸ ਚੌਗਿਰਦੇ ਨੂੰ ਜਗਮਗਾਉਂਦਾ ਹੋਵੇਗਾ। ਨੂਰ ਵਿੱਚ ਭਿੱਜਾ ਹੋਇਆ ਸਮੁੱਚਾ ਹਸਨ ਅਬਦਾਲ ਉਨ੍ਹਾਂ ਦੀਆਂ ਰਹਿਮਤਾਂ ਅਤੇ ਗੁਰ-ਬੋਲਾਂ ਦਾ ਮੁਰੀਦ ਹੋਇਆ, ਆਪਣੇ ਆਪ ਨੂੰ ਧੰਨਭਾਗਾ ਸਮਝਦਾ ਹੋਵੇਗਾ।’’
ਵਾਰਤਕ ਵਿੱਚ ਕਾਵਿਕਤਾ ਦੇ ਨਾਲ-ਨਾਲ ਉਸ ਨੇ ਬਹੁਤ ਸਾਰੀਆਂ ਗੱਲਾਂ ਸਿੱਧੀਆਂ ਕਵਿਤਾ ਰਾਹੀਂ ਵੀ ਸਫ਼ਲਤਾ ਨਾਲ ਕਹੀਆਂ ਹਨ। ‘ਲਾਹੌਰ ਦੀ ਫ਼ਿਜ਼ਾ’ ਨਾਮੀ ਕਵਿਤਾ ਰਾਹੀਂ ਸ਼ਹਿਰ ਦੇ ਸਮੁੱਚੇ ਇਤਿਹਾਸ ਨੂੰ ਬੁਣਿਆ ਗਿਆ ਹੈ। ਭਾਵੁਕਤਾ ਵਾਰਤਕਾਰ ਦਾ ਇੱਕ ਕਾਰਗਰ ਹਥਿਆਰ ਜ਼ਰੂਰ ਹੈ ਪਰ ਭੰਡਾਲ ਵਿਗਿਆਨੀ ਹੈ, ਇਸ ਲਈ ਉਹ ਪ੍ਰਸ਼ੰਸਾ ਅਤੇ ਪ੍ਰਸ਼ਨ ਕਰਨ ਦੀ ਤਾਕਤ ਨੂੰ ਛੱਡਦਾ ਨਹੀਂ। ਗੁਰਦੁਆਰਾ ਡੇਰਾ ਸਾਹਿਬ ਵਿੱਚ ਉਹ ਪ੍ਰਸ਼ੰਸਾ ਕਰਦਾ ਹੈ ਕਿ ਉੱਥੇ ਚਾਰ-ਚੁਫ਼ੇਰੇ ਹੋ ਰਹੀ ਉਸਾਰੀ ਦੇ ਬਾਵਜੂਦ ਪੰਜਵੇਂ ਗੁਰੂ ਜੀ ਦੇ ਸ਼ਹੀਦੀ ਅਸਥਾਨ ਨੂੰ ਹੂ-ਬ-ਹੂ ਸ਼ਕਲ ਵਿੱਚ ਸਾਂਭਿਆ ਗਿਆ ਹੈ। ਜੇ ਪੰਜਾਬ ਦੇ ਬਾਬਿਆਂ ਦਾ ਵੱਸ ਚੱਲਦਾ ਤਾਂ ਭਾਰਤੀ ਪੰਜਾਬ ਵਾਲਾ ਹਾਲ ਹੋਣਾ ਸੀ, ਹੁਣ ਨਾ ਫ਼ਤਿਹਗੜ੍ਹ ਸਾਹਿਬ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਪੁਰਾਣੀ ਕੰਧ ਲੱਭਦੀ ਹੈ ਅਤੇ ਨਾ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ।
ਲੇਖਕ ਨੂੰ ਪਾਕਿਸਤਾਨੀਆਂ ਉੱਤੇ ਇਤਰਾਜ਼ ਹੈ ਕਿ ਉਹ ਸਿੱਖ ਮਰਿਆਦਾ ਤੋਂ ਉਲਟ ਗੁਰਦੁਆਰਾ ਪੰਜਾ ਸਾਹਿਬ ਦੇ ਕੰਪਲੈਕਸ ਵਿੱਚ ਪੈਰੀਂ ਜੁੱਤੀਆਂ ਪਾ ਕੇ ਘੁੰਮਦੇ ਹਨ। ਉਹ ਪਾਕਿਸਤਾਨ ਸਰਕਾਰ ਨੂੰ ਸਵਾਲ ਕਰਦਾ ਹੈ ਕਿ ਜਦੋਂ ਪਾਕਿਸਤਾਨ ਵਾਲੇ ਪਾਸਿਓਂ ਸਿੱਖਾਂ ਕੋਲੋਂ ਕਰਤਾਰਪੁਰ ਸਾਹਿਬ ਵਿੱਚ ਦਾ਼ਖ਼ਲ ਹੋਣ ਦੀ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ ਤਾਂ ਮੁਸਲਿਮ ਭਰਾਵਾਂ ਕੋਲੋਂ ਚਾਰ ਸੌ ਰੁਪਏ ਕਿਉਂ ਲਏ ਜਾਂਦੇ ਹਨ? ਭੰਡਾਲ ਸਾਡੇ ਪੰਜਾਬ ਵਰਗੇ ਉਨ੍ਹਾਂ ਫਰਾਡੀਆਂ ਦਾ ਜ਼ਿਕਰ ਵੀ ਕਰਦਾ ਹੈ, ਜਿਹੜੇ ਭੋਲੇ-ਭਾਲੇ ਅਦੀਬਾਂ ਦੇ ਨਾਂ ’ਤੇ ਸਰਕਾਰੀ ਗਰਾਂਟਾਂ ਖਾਂਦੇ ਹਨ।
ਸਿੱਖ ਗੁਰਧਾਮਾਂ ਦੇ ਨਾਲ-ਨਾਲ ਭੰਡਾਲ ਨੇ ਬਾਬਾ ਬੁਲ੍ਹੇ ਸ਼ਾਹ ਦੀ ਦਰਗਾਹ ਦੇ ਦੀਦਾਰ ਵੀ ਕੀਤੇ ਅਤੇ ਉਸ ਦੇ ਮੁਰਸ਼ਦ ਬਾਬਾ ਸ਼ਾਹ ਇਨਾਇਤ ਅਲੀ ਦੀ ਦਰਗਾਹ ਦੇ ਵੀ। ਦਰਅਸਲ, ਸ਼ਾਹ ਇਨਾਇਤ ਦੀ ਇੱਕ ਦਰਗਾਹ ਉਸ ਦੇ ਪਿੰਡ ਭੰਡਾਲ ਵਿੱਚ ਵੀ ਹੈ, ਜਿੱਥੇ ਹਰ ਵਰ੍ਹੇ ਮੇਲਾ ਲੱਗਦਾ ਹੈ ਅਤੇ ਦੇਸ਼-ਵਿਦੇਸ਼ ਤੋਂ ਪੁਰਾਣੇ ਇਲਾਕਾ ਵਾਸੀ ਇਕੱਠੇ ਹੁੰਦੇ ਹਨ। ਪਿੰਡ ਦੇ ਜੱਟ-ਜ਼ਿਮੀਂਦਾਰਾਂ ਨੇ ਰੌਲਿਆਂ ਵਿੱਚ ਹਿਜਰਤ ਕਰਨ ਵਾਲੇ ਮੁਸਲਿਮ ਅਰਾਈਆਂ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਣ ਦਿੱਤਾ।
ਪੰਜਾਬੀ ਦੇ ਸਾਰੇ ਪਾਕਿਸਤਾਨੀ ਸਫ਼ਰਨਾਮਿਆਂ ਵਾਂਗ ਇਸ ਵਿੱਚ ਵੀ ਅਸੀਂ ਪੰਜਾਬੀ ਦੇ ਕੁਝ ਲੇਖਕਾਂ ਨੂੰ ਮਿਲਦੇ ਹਾਂ, ਜਿਨ੍ਹਾਂ ਵਿੱਚ ਅਸ਼ਰਫ਼ ਸੁਹੇਲ, ਨਬੀਲਾ ਰਹਿਮਾਨ, ਅਫ਼ਜ਼ਲ ਸਾਹਿਰ ਅਤੇ ਮੁਦੱਸਰ ਬੱਟ ਦੇ ਨਾਂ ਵਿਸ਼ੇਸ਼ ਹਨ। ਬੱਟ ਆਪਣੇ ਘਰ ਦੇ ਅੰਦਰ ਹੀ ਪੰਜਾਬੀ ਅਦੀਬਾਂ ਦੀਆਂ ਮਹਿਫ਼ਲਾਂ ਸਜਾਉਂਦਾ ਹੈ, ਘਰ ਦੀ ਉੱਪਰਲੀ ਮੰਜ਼ਿਲ ’ਤੇ ‘ਗੁਰੂ ਨਾਨਕ ਆਡੀਟੋਰੀਅਮ’ ਹੈ ਅਤੇ ਨਾਲ ਹੀ ‘ਬਾਬਾ ਫ਼ਰੀਦ ਲਾਇਬਰੇਰੀ’ ਹੈ। ਉੱਥੇ ਭੰਡਾਲ ਦੀ ਕਾਵਿ-ਪੁਸਤਕ ‘ਜ਼ਿੰਦਗੀ’ ਵੀ ਰਿਲੀਜ਼ ਕੀਤੀ ਗਈ, ਜਿਸ ਦੀ ਸਦਾਰਤ ਇਲਿਆਸ ਘੁੰਮਣ ਵਰਗੇ ਅਦੀਬ ਨੇ ਕੀਤੀ। ਭੰਡਾਲ ਸਾਨੂੰ ਇਕਬਾਲ ਕੈਸਰ ਦੇ ‘ਪੰਜਾਬੀ ਖੋਜਗੜ੍ਹ’ ਵਿੱਚ ਵੀ ਲੈ ਜਾਂਦਾ ਹੈ ਅਤੇ ਉਸ ਦੀ ਪੰਜਾਬੀ ਬੋਲੀ ਤੇ ਸੱਭਿਆਚਾਰ ਨਾਲ ਭਰਪੂਰ ਵਾਬਸਤਗੀ ਦਾ ਸੁਨੇਹਾ ਵੀ ਉਸਾਰਦਾ ਹੈ।
ਇਹ ਠੀਕ ਹੈ ਕਿ ਜਦੋਂ ਸਿਆਸਤ ਚਾਹੇਗੀ, ਦੋਹਾਂ ਪੰਜਾਬਾਂ ਦੇ ਫ਼ੌਜੀ ਇੱਕ-ਦੂਜੇ ਦਾ ਖ਼ੂਨ ਫਿਰ ਡੋਲ੍ਹਣਗੇ, ਪਰ ਇਹ ਵੱਡਾ ਸੱਚ ਹੈ ਕਿ ਇਨ੍ਹਾਂ ਸਫ਼ਰਨਾਮਿਆਂ ਵਿੱਚ ਲੇਖਕਾਂ ਅਤੇ ਆਮ ਲੋਕਾਂ ਦਾ ਜੋ ਚਿਹਰਾ ਉੱਭਰਦਾ ਹੈ, ਉਸ ਵਿੱਚ ਉਨ੍ਹਾਂ ਦਾ ਸਿਰਫ਼ ਭਰੱਪਣ ਅਤੇ ਪਿਆਰ ਦਿਸਦਾ ਹੈ ਕਿਉਂਕਿ ਉਹ ਆਮ ਜ਼ਿੰਦਗੀ ਵਿੱਚ ਸਿਆਸਤ ਅਤੇ ਮਜ਼ਹਬੀ ਜਨੂੰਨ ਦੀ ਗ੍ਰਿਫ਼ਤ ਵਿੱਚ ਨਹੀਂ ਹੁੰਦੇ। ਸਾਰੇ ਨਫ਼ਰਤੀ ਜ਼ਮੀਨ ਉੱਤੇ ਫੁੱਲ ਖਿੜਾਉਣ ਦਾ ਕੰਮ ਕਰਦੇ ਹਨ। ਜਦੋਂ ਪਾਕਿਸਤਾਨ ਬਾਰੇ ਕੋਈ ਨਵਾਂ ਸਫ਼ਰਨਾਮਾ ਛਪਦਾ ਹੈ ਤਾਂ ਅਜਿਹੇ ਫੁੱਲਾਂ ਦੀ ਮਹਿਕ ਫ਼ਿਜ਼ਾ ਨੂੰ ਹੋਰ ਭਰ ਦਿੰਦੀ ਹੈ।
ਭਾਰਤੀ ਪੰਜਾਬ ਵਾਸਤੇ ਤਾਂ ਇਹ ਖ਼ੁਸ਼ਬੂ ਸਦੀਵੀ ਹੈ ਕਿਉਂਕਿ ਬੋਲੀ, ਸੱਭਿਆਚਾਰ ਅਤੇ ਜੱਦੀ ਥਾਵਾਂ ਦੀ ਸਾਂਝ ਤੋਂ ਇਲਾਵਾ ਸਾਡੇ ਅਦਬ ਅਤੇ ਆਸਥਾ ਦੇ ਬਹੁਤ ਸਾਰੇ ਨਿਸ਼ਾਨ ਉਸ ਧਰਤੀ ਵਿੱਚ ਡੂੰਘੇ ਗੱਡੇ ਹੋਏ ਹਨ। ਡਾਕਟਰ ਜਗਤਾਰ ਨੇ ਪਾਕਿਸਤਾਨ ਤੋਂ ਵਾਪਸੀ ਵਕਤ ਲਿਖਿਆ ਸੀ:
“ਰੁਕ ਗਏ ਸਰਹੱਦ ’ਤੇ ਆ ਕੇ ਯਾਰ ਦਰਿਆਵਾਂ ਜਹੇ,
ਪਰ ਜੋ ਬੁਝ ਕੇ ਨਾ ਬੁਝੀ ਉਹ ਪਿਆਸ ਮੇਰੇ ਨਾਲ ਹੈ।”
ਇਸੇ ਲਈ ਅਸੀਂ ਕਹਿੰਦੇ ਹਾਂ ਕਿ ਇੱਕ ਪਾਕਿਸਤਾਨ ਸਾਡੇ ਖ਼ੂਨ ਵਿੱਚ ਵੀ ਵਗਦਾ ਹੈ।
ਸੰਪਰਕ: 98760-18501

