ਸੀ. ਮਾਰਕੰਡਾ
‘ਕੈਕਟਸ ਦੀ ਖੁਸ਼ਬੂ’ ਤੋਂ ਬਾਅਦ ‘ਕਸ਼ੀਦ’ (ਕੀਮਤ: 150 ਰੁਪਏ; ਕੈਲੀਬਰ ਪਬਲੀਕੇਸ਼ਨ, ਪਟਿਆਲਾ) ਨਰਿੰਦਰਪਾਲ ਕੌਰ ਦਾ ਦੂਜਾ ਕਾਵਿ-ਸੰਗ੍ਰਹਿ ਹੈ। ਕਵਿਤਾ ਦੇ ਨਾਲ ਨਾਲ ਉਸ ਨੇ ਅਨੁਵਾਦ, ਲਿਪੀਅੰਤਰ ਅਤੇ ਸੰਪਾਦਨਾ ਦੇ ਸਾਹਿਤਕ ਕਾਰਜ ਤੋਂ ਇਲਾਵਾ ਮੌਲਿਕ ਬਾਲ ਸਾਹਿਤ ਦੀ ਰਚਨਾ ਵੀ ਕੀਤੀ ਹੈ। ਉਹ ਹੁਣ ਤੱਕ ਪੰਜਾਬੀ ਦੀਆਂ ਅੱਠ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੇ ਰੂਬਰੂ ਕਰ ਚੁੱਕੀ ਹੈ। ਹਥਲੇ ਕਾਵਿ ਸੰਗ੍ਰਹਿ ਵਿਚ ਉਸ ਦੀਆਂ 61 ਖੁੱਲ੍ਹੀਆਂ ਕਵਿਤਾਵਾਂ ਸ਼ਾਮਿਲ ਹਨ। ਕਾਵਿ-ਸੰਗ੍ਰਹਿ ਕਸ਼ੀਦ ਵਿਚਲੀਆਂ ਦੇਵਨੀਤ ਸਿਰਲੇਖ ਵਾਲੀਆਂ ਕਵਿਤਾਵਾਂ ਵਿਚ ਕਵਿੱਤਰੀ ਨੂੰ ਦੇਵਨੀਤ ਵਿਚਰਦਾ ਨਜ਼ਰ ਆਉਂਦਾ ਹੈ: ਘਾਹ ’ਤੇ ਸੈਰ ਕਰਦਾ, ਘਾਹ ਨੂੰ ਪਾਣੀ ਦਿੰਦਾ, ਸਮਾਧੀ ’ਚ ਲੀਨ ਜਿਸ ਦੀ ਦਾਹੜੀ ਵਿੱਚੋਂ ਬ੍ਰਹਿਮੰਡ ਨੂੰ ਪ੍ਰਕਾਸ਼ਮਾਨ ਕਰਦੀਆਂ ਕਿਰਨਾਂ ਨਿਕਲ ਰਹੀਆਂ ਨੇ। ਕਿਤਾਬ 1 ਸਾਹਿਤਕ ਚੇਤਨਾ ਦੀ ਬਾਤ ਪਾਉਂਦੀ ਹੈ ਅਤੇ ਕਿਤਾਬ 2 ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਹੈ ਜਿਸ ਵਿੱਚ ਕਿਤਾਬ ਪਿਸਤੌਲ ਰੱਖਣ ਲਈ ਥਾਂ ਬਣਾਉਂਦੀ ਪ੍ਰਤੀਤ ਹੁੰਦੀ ਹੈ। ਕਿਚਨ ਗਾਰਡਨ 1 ਕਵਿਤਾ ਬਗੀਚੀ ’ਚ ਖਿੜੀ ਬਸੰਤ ਰੁੱਤ ਦਾ ਵਰਣਨ ਹੈ। ਕਿਚਨ ਗਾਰਡਨ 2 ਨਜ਼ਮ ਵਿਚ ਫੁੱਲ ਪੱਤੀਆਂ ਨੂੰ ਵੇਖਦੀ ਵੇਖਦੀ ਉਸ ਦੀ ਅੰਤਰ ਦ੍ਰਿਸ਼ਟੀ ਅਤੇ ਸੰਵੇਦਨਾ ਕਸ਼ਮੀਰੀ ਲੋਕਾਂ ਅਤੇ ਉਨ੍ਹਾਂ ਦੇ ਸਕੂਲੋਂ ਵਿਰਵੇ ਬੱਚਿਆਂ ਤੱਕ ਅੱਪੜ ਜਾਂਦੀ ਹੈ। ਪ੍ਰਸਿੰਨੀ, ਰਾਂਝਾ, ਮਾਂ, ਬਾਪੂ, ਦੀਪੋ, ਰਾਣੋ, ਆਸਿਫ਼ਾ ਅਤੇ ਨੁਸਰਤ ਜਿਹੀਆਂ ਕਵਿਤਾਵਾਂ ਵਿਚ ਨਰਿੰਦਰਪਾਲ ਕੌਰ ਨੇ ਕਾਵਿ-ਪਾਤਰਾਂ ਅਤੇ ਉਨ੍ਹਾਂ ਦੀ ਹੋਣੀ ਨੂੰ ਕਲਾਤਮਿਕ ਵਿਧੀ ਰਾਹੀਂ ਆਪਣੀ ਕਵਿਤਾ ਦਾ ਵਿਸ਼ਾ ਵਸਤੂ ਬਣਾਇਆ ਹੈ ਜੋ ਗੌਲਣਯੋਗ ਅਤੇ ਮਾਣਨਯੋਗ ਹੈ। ਇਨ੍ਹਾਂ ਕਵਿਤਾਵਾਂ ਨੂੰ ਵਾਚਦਿਆਂ ਪਾਠਕ ਨੂੰ ਸੰਨ ਸੰਤਾਲੀ ਦੇ ਸੰਤਾਪ ਦਾ ਅਹਿਸਾਸ ਹੋਣ ਲੱਗਦਾ ਹੈ: ਪ੍ਰਸਿੰਨੀ ਨਜ਼ਰ ਆਏਗੀ ਥੁੜ੍ਹਿਆਂ ਟੁੱਟਿਆਂ ਲਈ ਅੱਜ ਦਾ ਗਰੀਬ ਲਾਚਾਰ ਰਾਂਝਾ ਨਜ਼ਰ ਆਏਗਾ/ ਸਾਹਿਬਾਂ ਦੀ ਦੋਹਾਂ ਪਾਸੇ ਨਿਭਾਈ ਵਫ਼ਾ ਦੀ ਸ਼ਾਹਦੀ ਭਰਦਾ ਜੰਡ ਨਜ਼ਰ ਆਏਗਾ/ ਬਿਖੜੇ ਪੈਂਡਿਆਂ ਦੇ ਸਫ਼ਰ ਦੀ ਮਾਰੀ ਮਾਂ/ ਪੈਰਾਂ ਦੀਆਂ ਬਿਆਈਆਂ ’ਚ ਮੋਮ ਪਿਘਲਾ ਕੇ ਪਾਉਂਦੀ ਨਜ਼ਰ ਆਏਗੀ/ ਟਰੈਕਟਰ ਦੇ ਚੱਕਰ ’ਚ ਜ਼ਮੀਨ ਅਤੇ ਆਪਣਾ ਸਭ ਕੁਝ ਗੁਆ ਚੁੱਕਿਆ ਬਾਪ ਦਿਹਾੜੀ ਦੀ ਤਲਾਸ਼ ’ਚ ਨਿਕਲਿਆ ਸਾਈਕਲ ਦੇ ਪੈਡਲ ਮਾਰਦਾ/ ਹਫ਼ਦਾ ਹਾਰਿਆ ਨਜ਼ਰ ਆਏਗਾ। ਨਰਿੰਦਰਪਾਲ ਦੀਆਂ ਕਵਿਤਾਵਾਂ ਵਿਚ ਅਜਿਹੇ ਅਨੇਕਾਂ ਹੋਰ ਸ਼ਬਦ ਚਿਤਰ ਮਿਲਦੇ ਹਨ ਜੋ ਪਾਠਕ ਦੀ ਚੇਤਨਾ ਨੂੰ ਝੰਜੋੜਦਿਆਂ ਤਿੱਖੀ ਕਾਵਿ ਸੰਵੇਦਨਾ ਪੈਦਾ ਕਰਦੇ ਹਨ। ਕਸ਼ੀਦ ਦੀਆਂ ਕਵਿਤਾਵਾਂ ਦਾ ਸੁਭਾਅ ਮੰਜ਼ਰਕਸ਼ੀ ਹੈ। ਸੰਖੇਪ ਜਿਹੀ ਸ਼ਬਦ ਬਣਤਰ ਰਾਹੀਂ ਕਵਿੱਤਰੀ ਚੋਣਵੇਂ ਵਿਸ਼ਿਆਂ ਨੂੰ ਕਾਵਿ ਰੂਪ ’ਚ ਢਾਲ ਕੇ ਅਜਿਹੀ ਤਰਤੀਬ ਦਿੰਦੀ ਹੈ ਜਿਸ ’ਤੇ ਕਾਵਿਕ ਸੱਚ ਦੀ ਪਾਣ ਚੜ੍ਹੀ ਹੋਣ ਕਰਕੇ ਰਚਨਾਵਾਂ ’ਚੋਂ ਕਾਵਿ ਸੰਵੇਦਨਾ ਅਤੇ ਚੇਤਨਾ ਉਘੜਦੀ ਹੈ। ਇਹ ਸਭ ਕੁਝ ਬਿਨਾਂ ਕਿਸੇ ਤਰੱਦਦ ਦੇ ਸਹਿਜ ਨਾਲ ਵਾਪਰਦਾ ਹੈ। ਇਸੇ ਸਹਿਜ ਸੁਭਾਅ ’ਚੋਂ ਉਪਜੀ ਮਹੀਨ ਬੁਣਤੀ ਦੀ ਕਵਿਤਾ ਪੜ੍ਹਦਿਆਂ ਪਾਠਕ ਇਸ ਵਿੱਚ ਹੀ ਲੀਨ ਹੋ ਜਾਂਦਾ ਹੈ। ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਸ ਦੀ ਕਵਿਤਾ ਕਿਸੇ ਐਲਬਮ ਵਿੱਚ ਤਰਤੀਬਵਾਰ ਲੱਗੀਆਂ ਤਸਵੀਰਾਂ ਵਾਂਗ ਕੁਝ ਫਰੇਮ ਉਸ ਦੇ ਰੂਬਰੂ ਕਰ ਕੇ ਅਰਥ ਸੰਚਾਰ ਨੂੰ ਨਜ਼ਰਅੰਦਾਜ਼ ਕਰਦੀ ਤੁਰੀ ਜਾਂਦੀ ਹੈ। ਇਹ ਤਕਨੀਕ ਉਸ ਦੀਆਂ ਕਵਿਤਾਵਾਂ ਵਿਚ ਰਸ, ਰੌਚਿਕਤਾ ਤੇ ਰਵਾਨੀ ਹੀ ਨਹੀਂ ਭਰਦੀ ਸਗੋਂ ਪਾਠਕ ਨੂੰ ਅੰਤ ਤੱਕ ਨਾਲ ਜੋੜੀ ਰੱਖਦੀ ਹੈ ਤੇ ਉਸ ਨੂੰ ਉਕਤਾਉਣ ਨਹੀਂ ਦਿੰਦੀ। ਇਹ ਕਵਿਤਾਵਾਂ ਜੀਵਨ ਅਨੁਭਵ ’ਚੋਂ ਕਸ਼ੀਦ ਕੀਤੀਆਂ ਹਨ ਜੋ ਕਾਵਿ ਦ੍ਰਿਸ਼ਾਂ ਨਾਲ ਸਜੀਆਂ ਹਨ।
ਸੰਪਰਕ: 94172-72161