DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅੰਤ ਨਹੀਂ, ਸ਼ੁਰੂਆਤ ਦੀ ਗੱਲ ਕਰਦਾ ਨਾਵਲ

ਬਲਦੇਵ ਸਿੰਘ, ਜਿਸ ਨੂੰ ਪਾਠਕ ਬਲਦੇਵ ਸਿੰਘ ਸੜਕਨਾਮਾ ਵੱਜੋਂ ਜਾਣਦੇ ਹਨ, ਪੰਜਾਬੀ ਦਾ ਸਮਰੱਥ ਅਤੇ ਪ੍ਰਤਿਭਾਸ਼ਾਲੀ ਲੇਖਕ ਹੈ। ਦਰਜਨ ਕਹਾਣੀ ਸੰਗ੍ਰਹਿਆਂ, ਚੌਂਤੀ ਨਾਵਲਾਂ, ਪੰਜ ਕਥਾ ਲੇਖਾਂ ਦੀਆਂ ਪੁਸਤਕਾਂ, ਦਰਜਨ ਦੇ ਕਰੀਬ ਨਾਟਕਾਂ, ਅੱਧੀ ਦਰਜਨ ਤੋਂ ਵੱਧ ਬਾਲ ਸਾਹਿਤ ਦੀਆਂ ਪੁਸਤਕਾਂ,...

  • fb
  • twitter
  • whatsapp
  • whatsapp
Advertisement

ਬਲਦੇਵ ਸਿੰਘ, ਜਿਸ ਨੂੰ ਪਾਠਕ ਬਲਦੇਵ ਸਿੰਘ ਸੜਕਨਾਮਾ ਵੱਜੋਂ ਜਾਣਦੇ ਹਨ, ਪੰਜਾਬੀ ਦਾ ਸਮਰੱਥ ਅਤੇ ਪ੍ਰਤਿਭਾਸ਼ਾਲੀ ਲੇਖਕ ਹੈ। ਦਰਜਨ ਕਹਾਣੀ ਸੰਗ੍ਰਹਿਆਂ, ਚੌਂਤੀ ਨਾਵਲਾਂ, ਪੰਜ ਕਥਾ ਲੇਖਾਂ ਦੀਆਂ ਪੁਸਤਕਾਂ, ਦਰਜਨ ਦੇ ਕਰੀਬ ਨਾਟਕਾਂ, ਅੱਧੀ ਦਰਜਨ ਤੋਂ ਵੱਧ ਬਾਲ ਸਾਹਿਤ ਦੀਆਂ ਪੁਸਤਕਾਂ, ਦੋ ਸਵੈ-ਜੀਵਨੀਆਂ, ਸਫ਼ਰਨਾਮਾ ਸਾਹਿਤ, ਸੰਪਾਦਨ ਅਤੇ ਅਨੁਵਾਦਾਂ ਸਣੇ ਉਸ ਦੁਆਰਾ ਰਚਿਤ ਕੁੱਲ ਪੁਸਤਕਾਂ ਦੀ ਗਿਣਤੀ ਸੈਂਕੜਾ ਛੂਹਣ ਵਾਲੀ ਹੈ। ਉਸ ਦੀਆਂ ਕੁਝ ਲਿਖਤਾਂ ਜਿਵੇਂ ਸੜਕਨਾਮਾ, ਲਾਲ ਬੱਤੀ, ਅੰਨਦਾਤਾ ਅਤੇ ਅਫਲਾਤੂ ਮਕਬੂਲੀਅਤ ਹਾਸਲ ਕਰਨ ਪਿੱਛੋਂ ਉਸ ਦੀ ਬਤੌਰ ਲੇਖਕ ਪਛਾਣ ਦਾ ਹਿੱਸਾ ਬਣਦੀਆਂ ਰਹੀਆਂ ਹਨ। ਪਹਿਲਾ ਨਾਵਲ ‘ਦੂਸਰਾ ਹੀਰੋਸ਼ੀਮਾ’ (1977) ਤੋਂ ਗਲਪਕਾਰੀ ਦੇ ਖੇਤਰ ਵਿੱਚ ਸ਼ੁਰੂ ਹੋਇਆ ਉਸ ਦਾ ਸਫ਼ਰ ‘ਪੁਲਾਂ ਹੇਠੋਂ ਮੁੜਦਾ ਪਾਣੀ’ (2026) ਤੱਕ ਅੱਪੜਿਆ ਹੈ। ਇਹ ਸਫ਼ਰ ਹਾਲੇ ਜਾਰੀ ਹੈ। ਕਦੇ ਕਿਸਾਨ, ਕਦੇ ਕੋਈ ਲਹਿਰ, ਡਰਾਈਵਰਾਂ ਦਾ ਧੰਦਾ, ਵੇਸਵਾਗਮਨੀ, ਸਿੱਖ ਇਤਿਹਾਸ, ਆਜ਼ਾਦੀ ਸੰਗਰਾਮ, ਲੋਕ ਕਥਾਵਾਂ ਵਿਚਲੇ ਨਾਇਕ, ਵਧ ਰਿਹਾ ਵਿਅਕਤੀਵਾਦ, ਮੁਨਾਫ਼ਾ ਬਿਰਤੀ, ਮੁਫ਼ਾਦਪ੍ਰਸਤੀ, ਲੋਪ ਹੋ ਰਹੀਆਂ ਮਾਨਵੀ ਕੀਮਤਾਂ, ਵਧ ਰਹੇ ਉਪਭੋਗਤਾਵਾਦ, ਅਣਸੁਖਾਵੀਆਂ ਤੇ ਕਦੇ ਨਾ ਜਿਊਣਯੋਗ ਸਥਿਤੀਆਂ ਵੱਲ ਉਹ ਆਪਣੀ ਕਲਮ ਦਾ ਰੁਖ਼ ਮੋੜਦਾ ਰਿਹਾ ਹੈ। ਨਿਰਸੰਦੇਹ, ਵਰਤਾਰਿਆਂ ਨੂੰ ਵੇਖਣ-ਪਰਖਣ, ਸਮਝਣ, ਉਨ੍ਹਾਂ ਨਾਲ ਸੰਵਾਦ ਸਿਰਜਣ ਅਤੇ ਅੱਗੋਂ ਉਨ੍ਹਾਂ ਦਾ ਗਲਪੀ ਰੂਪਾਂਤਰਣ ਕਰਨ ਦੀ ਉਸ ਪਾਸ ਅਨੂਠੀ ਸਮਰੱਥਾ ਹੈ। ਉਹ ਆਪਣੀਆਂ ਗਲਪੀ ਰਚਨਾਵਾਂ ਵਿੱਚ ਪੀੜਤ, ਥੁੜ੍ਹੇ-ਟੁੱਟੇ ਅਤੇ ਤ੍ਰਾਸਦਿਕ ਸਥਿਤੀਆਂ ਨਾਲ ਜੂਝਦੇ ਵਿਅਕਤੀਆਂ ਦੇ ਜੀਵਨ ਦੀਆਂ ਹਨੇਰੀਆਂ ਤੇ ਧੁਆਂਖੀਆਂ ਪਰਤਾਂ ਨੂੰ ਫਰੋਲਦਾ ਹੈ। ਹਾਦਸੇ, ਹਨੇਰੇ, ਸੰਕਟਾਂ, ਜ਼ਿੰਦਗੀ ਅਤੇ ਮਾਨਵੀ ਸਰੋਕਾਰਾਂ ਵਿੱਚ ਆਸਥਾ ਉਸ ਦੀ ਗਲਪ ਰਚਨਾ ਦੇ ਪਛਾਣ-ਚਿੰਨ੍ਹ ਹਨ। ਆਪਣੀ ਖੋਜ-ਮੂਲਕ ਬਿਰਤੀ ਤੇ ਸੂਖ਼ਮ ਅਨੁਭਵ ਦੀ ਸਹਾਇਤਾ ਨਾਲ ਉਹ ਵਸਤਾਂ ਤੇ ਵਰਤਾਰਿਆਂ ਦੇ ਅੰਦਰਵਾਰ ਹੀ ਨਹੀਂ ਝਾਕਦਾ ਸਗੋਂ ਲੋਕਧਾਰਾ, ਇਤਿਹਾਸ, ਸੱਭਿਆਚਾਰ ਅਤੇ ਹੋਰਨਾਂ ਧੰਦਿਆਂ ਦੀਆਂ ਲੁਕਵੀਆਂ ਪਰਤਾਂ ਨੂੰ ਫਰੋਲਦਾ ਅਤੇ ਉਨ੍ਹਾਂ ਦਾ ਗਲਪੀਕਰਨ ਕਰਦਾ ਹੈ। ਵਸਤੂ ਯਥਾਰਥ, ਉਸ ਦੀ ਕਰੂਰਤਾ, ਅੰਤਰ-ਦਵੰਦ, ਜੀਵਨ ਦੀ ਅਰਥਹੀਣਤਾ ਵੱਲ ਸਰਕਦਾ ਅਤੇ ਆਸ ਦਾ ਪੱਲਾ ਨਾ ਛੱਡਣ ਵਾਲਾ ਮਨੁੱਖ ਉਸ ਦੀ ਗਲਪ ਰਚਨਾ ਵਿੱਚੋਂ ਵੇਖਣ ਨੂੰ ਮਿਲਦਾ ਹੈ। ਸਿਰਜਣਾ ਦੇ ਸਫ਼ਰ ਦੌਰਾਨ ਉਸ ਨੂੰ ਸਿਰਫ਼ ਸ਼ੁਹਰਤ ਹੀ ਨਹੀਂ ਮਿਲੀ ਸਗੋਂ ਤਲਖ਼ ਅਨੁਭਵਾਂ ਅਤੇ ਕੁਸੈਲੀਆਂ ਪ੍ਰਤੀਕਿਰਿਆਵਾਂ ’ਚੋਂ ਵੀ ਗੁਜ਼ਰਨਾ ਪਿਆ ਹੈ। ਉਸ ਦਾ ਪੂਰਾ ਧਿਆਨ ਸਿਰਜਣ ਵੱਲ ਹੈ, ਪ੍ਰਸ਼ੰਸਾ ਜਾਂ ਨਿੰਦਾ ਵੱਲ ਨਹੀਂ। ਉਸ ਦੀ ਸਮੁੱਚੀ ਸਿਰਜਣਾ ਗਤੀਸ਼ੀਲ ਵਰਤਾਰਾ ਹੈ, ਕੋਈ ਸਥਿਰ ਬੱਜਰ ਹੋਂਦ ਨਹੀਂ। ਸਮੁੱਚੀ ਸਿਰਜਣ ਪ੍ਰਕਿਰਿਆ ਦੌਰਾਨ ਉਸ ਦੀ ਰਚਨਾਕਾਰੀ ਨੇ ਸਰਲ ਤੇ ਇਕਹਿਰੇਪਣ ਤੋਂ ਜਟਿਲ ਅਤੇ ਬਹੁ-ਪਰਤੀ ਚਰਿੱਤਰ ਅਖ਼ਤਿਆਰ ਕੀਤਾ ਹੈ। ਉਸ ਦੀ ਸਮੁੱਚੀ ਰਚਨਾਕਾਰੀ ਇਸੇ ਪ੍ਰਸੰਗ ਵਿੱਚ ਸੰਤੁਲਿਤ ਅਤੇ ਤਰਕਸ਼ੀਲ ਢੰਗ ਨਾਲ ਘੋਖ-ਪੜਤਾਲ ਕੀਤੇ ਜਾਣ ਦੀ ਮੰਗ ਕਰਦੀ ਹੈ।

ਉਹ ਹਮੇਸ਼ਾ ਨਵੇਂ ਵਿਸ਼ੇ ਦੀ ਚੋਣ ਕਰਦਾ, ਖੋਜ-ਮੂਲਕ ਬਿਰਤੀ ਨਾਲ ਉਸ ਦੀ ਗਹਿਰਾਈ ਵਿੱਚ ਉਤਰ ਕੇ ਸਿਰਜਣਾ ਕਰਦਾ ਹੈ। ‘ਪੁਲਾਂ ਹੇਠੋਂ ਮੁੜਦਾ ਪਾਣੀ’ ਇਸ ਦੀ ਤਾਜ਼ਾ ਮਿਸਾਲ ਹੈ। 233 ਪੰਨਿਆਂ ਵਿੱਚ ਫੈਲੇ ਇਸ ਨਾਵਲ ’ਚ ਉਸ ਨੇ ਪਰਵਾਸ ਦੀ ਚਮਕ-ਦਮਕ ਅਤੇ ਤਲਿਸਮ ਨੂੰ ਸੰਤੁਲਿਤ ਦ੍ਰਿਸ਼ਟੀ ਨਾਲ ਪ੍ਰਗਟ ਕੀਤਾ ਹੈ। ਨਾਵਲ ਦਾ ਦਿਲਕਸ਼ ਟਾਈਟਲ ਅਤੇ ਸਮਰਪਣ (ਅੱਗ ਵਾਂਗ ਤਪਦੇ, ਬਰਫ਼ ਵਾਂਗ ਠਰਦੇ, ਔਝੜ ਰਾਹੀਂ ਭਟਕਦੇ, ਰੁਲਦੇ, ਤੜਪਦੇ, ਮਰਦੇ ਸੁਪਨਿਆਂ ਦੇ ਨਾਮ) ਅਸਲ ਵਿੱਚ ਨਾਵਲ ਦੇ ਥੀਮ ਦੇ ਵਿਭਿੰਨ ਪਾਸਾਰਾਂ ਵੱਲ ਹੀ ਗੁੱਝੇ ਸੰਕੇਤ ਕਰਦਾ ਹੈ। ਇਨ੍ਹਾਂ ਸੁਪਨਿਆਂ ਦਾ ਜਨਮ ਪੱਛਮੀ ਮੁਲਕਾਂ ਦੀ ਚਮਕ ਦਮਕ ਵਿੱਚੋਂ ਹੁੰਦਾ ਹੈ, ਜਿਨ੍ਹਾਂ ਵੱਲ ਆਕਰਸ਼ਿਤ ਹੋ ਕੇ ਨਾਵਲ ਦੇ ਪਾਤਰ ਮਾਸੂਮੀਅਤ ਤੋਂ ਅਨੁਭਵ ਦੀ ਅਵਸਥਾ ਤੱਕ ਅੱਪੜਦੇ ਹੋਏ ਬੁਰੀ ਤਰ੍ਹਾਂ ਨਿਰਾਸ਼ ਹੁੰਦੇ ਹਨ। ਨਾਵਲ ਦਾ ਗਲਪੀ ਪ੍ਰਬੰਧ ਪਰਵਾਸ ਦੇ ਪ੍ਰਸੰਗ ਵਿੱਚ ਪੰਜਾਬੀ ਬੰਦੇ ਦੀ ਤ੍ਰਿਸ਼ੰਕੂ ਬਣੀ ਹੋਂਦ ਦੇ ਦ੍ਰਿਸ਼ਾਂ ਅਤੇ ਮਸਲਿਆਂ ਦਾ ਬਿਰਤਾਂਤ ਸਿਰਜਦਾ ਹੈ। ਪਰਵਾਸੀ ਜੀਵਨ ਦੀਆਂ ਸਖ਼ਤ ਤੇ ਦੁਸ਼ਵਾਰ ਪ੍ਰਸਥਿਤੀਆਂ ਅਤੇ ਪੀੜਾ ਨਾਵਲ ਦੇ ਗਲਪੀ ਢਾਂਚੇ ਦਾ ਹਿੱਸਾ ਬਣਦੀ ਹੈ। ਪਰਵਾਸ ਆਪਣੇ ਵੱਖ-ਵੱਖ ਰੂਪਾਂ ਅਤੇ ਸ਼ਕਲਾਂ (ਰੁਤਬੇ ਦੇ ਪ੍ਰਤੀਕ, ਗ਼ੈਰ-ਕਾਨੂੰਨੀ ਰੂਪ, ਖ਼ਤਰਨਾਕ ਰਸਤਿਆਂ, ਸੁਨਹਿਰੀ ਭਵਿੱਖ ਅਤੇ ਮਰਜ਼ੀ ਜਾਂ ਮਜਬੂਰੀ) ਵਿੱਚ ਨਜ਼ਰ ਆਉਂਦਾ ਹੈ। ਲੇਖਕ ਇਸ ਪਰਵਾਸ ਦੀ ਗੁਮਰਾਹਕੁਨ ਤੇ ਭ੍ਰਾਂਤੀ ਭਰਪੂਰ ਅਸਲੀਅਤ ਨੂੰ ਗਲਪੀ ਮੁਹਾਵਰੇ ਰਾਹੀਂ ਤੋੜਦਾ ਹੈ। ਨਾਵਲਕਾਰ ਦੱਸਦਾ ਨਹੀਂ ਸਗੋਂ ਪਾਤਰਾਂ ਨੂੰ ਵੱਖ-ਵੱਖ ਕਰੂਰ ਪ੍ਰਸਥਿਤੀਆਂ ਵਿੱਚ ਪਾਉਂਦਾ ਅਤੇ ਪਾਤਰਾਂ ਦੀ ਵਾਸਤਵਿਕ ਸਥਿਤੀ ਨੂੰ ਦਿਖਾਉਂਦਾ ਹੈ। ਯਾਦਾਂ ਤੇ ਸੁਪਨਿਆਂ ਦੇ ਸਹਾਰੇ ਪਾਤਰ ਕਦੇ ਅਤੀਤ ਵਿੱਚ ਸਰਕਦੇ ਅਤੇ ਕਦੇ ਵਰਤਮਾਨ ਦੀਆਂ ਘੁੰਮਣ-ਘੇਰੀਆਂ ਵਿੱਚ ਉਲਝੇ ਦਿਖਾਈ ਦਿੰਦੇ ਹਨ। ਨਾਵਲ ਦਾ ਸਮੁੱਚਾ ਬਿਰਤਾਂਤ ਮੁੱਖ ਪਾਤਰ ਦੇ ਪਰਿਵਾਰ (ਪਿਤਾ, ਪਤਨੀ, ਦੋ ਪੁੱਤਰਾਂ ਅਤੇ ਉਨ੍ਹਾਂ ਦੇ ਪਰਿਵਾਰ) ਦੇ ਇਰਦ-ਗਿਰਦ ਘੁੰਮਦਾ ਹੈ। ‘ਰਾਜ’ (ਆਪਣੀ ਧਰਤੀ ਦੇ ਸੁੱਖਾਂ) ਦੇ ਖੁੱਸਣ ਦੇ ਸਦਮੇ ਅਤੇ ਪਰਦੇਸ ਦੀ ਕੈਦ ਨੂੰ ਲੇਖਕ ਪੂਰੀ ਵੇਦਨਾ-ਸੰਵੇਦਨਾ ਨਾਲ ਚਿਤਰਦਾ ਹੈ। ਨਾਵਲੀ ਬਿਰਤਾਂਤ ਵਿੱਚ ਦੋ ਕਥਾਵਾਂ ਨਾਲੋ-ਨਾਲ ਅਗਾਂਹ ਸਰਕਦੀਆਂ ਹਨ। ਲੇਖਕ ਬਾਤਾਂ ਅਤੇ ਲੋਕ ਕਹਾਣੀਆਂ ਵਰਗੇ ਅਲਪ ਬਿਰਤਾਂਤ ਸਿਰਜ ਕੇ ਮੁੱਖ ਪਾਤਰ ਇੰਦਰ ਸਿੰਘ ਦੇ ਬਚਪਨ, ਚਾਵਾਂ, ਸੁਪਨਿਆਂ, ਹਾਦਸਿਆਂ ਅਤੇ ਇਕੱਲਤਾ ਦੀ ਤਸਵੀਰਕਸ਼ੀ ਕਰਦਾ ਹੈ। ਇਹ ਅਸਲ ਤੇ ਵੇਦਨਾ ਭਰਪੂਰ ਕਥਾ ਲੋਕ ਕਹਾਣੀ ਜਿਹਾ ਪ੍ਰਭਾਵ ਸਿਰਜਦੀ ਹੈ।

Advertisement

ਸੱਥਾਂ, ਪਾਰਕ, ਬੇਸਮੈਂਟ, ਉੱਪਰਲੀ ਮੰਜ਼ਿਲ, ਸ਼ੇਅਰਿੰਗ, ਰਿਸ਼ਤੇ, ਡੰਕੀ ਅਤੇ ਪੀਜ਼ਾ ਹਾਊਸ ਆਦਿ ਤਮਾਮ ਵੇਰਵੇ ਨਾਵਲ ਦੇ ਪ੍ਰਤੀਕ ਪ੍ਰਬੰਧ ਦਾ ਹਿੱਸਾ ਹਨ। ਸਮਾਂ ਪੁਲਾਂ ਹੇਠੋਂ ਗੁਜ਼ਰਦੇ ਪਾਣੀਹਾਰ ਗੁਜ਼ਰਦਾ ਉਨ੍ਹਾਂ ਯਾਦਾਂ, ਹਾਦਸਿਆਂ ਅਤੇ ਭਾਵਨਾਵਾਂ ਨੂੰ ਬੰਦੇ ਦੀ ਸੋਚ ਅੰਦਰ ਟਿਕਾ ਜਾਂਦਾ ਹੈ, ਜਿਨ੍ਹਾਂ ਤੋਂ ਮੁਕਤ ਹੋਣਾ ਉਸ ਲਈ ਮੁਮਕਿਨ ਨਹੀਂ ਰਹਿੰਦਾ। ਪੁਲਾਂ ਹੇਠੋਂ ਮੁੜਦੇ ਪਾਣੀ ਦਾ ਇੱਕ ਸਿਰਾ ਪਰਵਾਸੀ ਬੰਦੇ ਦੀਆਂ ਬਦਲ ਰਹੀਆਂ ਸਿਆਸੀ-ਸਮਾਜਿਕ-ਆਰਥਿਕ ਸਥਿਤੀਆਂ ਨਾਲ ਵੀ ਜਾ ਜੁੜਦਾ ਹੈ: “ਹੁਣ ਤੂੰ ਦੇਖੀਂ ਜੇ ਵਿਦੇਸ਼ਾਂ ਦੀਆਂ ਨੀਤੀਆਂ ਏਹੀ ਰਹੀਆਂ ਤਾਂ ਕਿਵੇਂ ਪੁਲਾਂ ਹੇਠਾਂ ਦੀ ਪਾਣੀ ਮੁੜਦਾ ਹੈ। ਵਰ੍ਹਿਆਂ ਤੋਂ ਘਰਾਂ ਨੂੰ ਲੱਗੇ ਜੰਗਾਲੀ ਜਿੰਦੇ ਕਿਵੇਂ ਖੁੱਲ੍ਹਦੇ ਨੇ ਜਾਂ ਟੁੱਟਦੇ ਨੇ।’’ ਇਹ ਸੰਕੇਤ ਪਰਵਾਸੀਆਂ ਦੇ ਭਵਿੱਖ ਨਾਲ ਸਬੰਧਿਤ ਹਨ, ਜਿਹੜੇ ਧਿਆਨ ਦੀ ਮੰਗ ਕਰਦੇ ਹਨ। ਨਾਵਲ ਵਿਚਲੇ ਪਾਤਰ ਹਾਲਾਤ ਦੀ ਕਰੂਰਤਾ ਵਿੱਚ ਪਿਸਦੇ ਜ਼ਰੂਰ ਹਨ, ਪਰ ਜੱਦੋਜਹਿਦ ਕਰਦੇ ਤੇ ਜੂਝਦੇ ਹਨ; ਨਾ ਉਹ ਹਾਰਦੇ ਹਨ ਅਤੇ ਨਾ ਉਮੀਦ ਤੇ ਜਿਊਣ ਦੀ ਤਾਂਘ ਦਾ ਤਿਆਗ ਕਰਦੇ ਹਨ। ਪਰਵਾਸ ਤੋਂ ਵਾਪਸੀ ਨੂੰ ਨਾਵਲ ਦੇ ਪਾਤਰ ਜੀਵਨ ਦੇ ਅੰਤ ਵਜੋਂ ਨਹੀਂ ਸਗੋਂ ਨਵੀਂ ਸ਼ੁਰੂਆਤ ਵਜੋਂ ਪੇਸ਼ ਕਰਦੇ ਹਨ। ਨਾਵਲ ਦਾ ਸਮੁੱਚਾ ਬਿਰਤਾਂਤ ਰੌਚਕ, ਉਤਸੁਕਤਾ ਭਰਪੂਰ ਢੰਗ ਅਤੇ ਪੇਂਡੂ ਮੁਹਾਵਰੇ ਵਾਲੀ ਭਾਸ਼ਾ ਨਾਲ ਪਰੁਚਾ ਹੋਇਆ ਹੈ। ਨਾਵਲ ਸੱਚਮੁੱਚ ਪੜ੍ਹਨ ਅਤੇ ਵਿਚਾਰਨ ਯੋਗ ਹੈ।

Advertisement

Advertisement
×