ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁੱਤਰ ਦੀ ਮਾਂ ਕਦੇ ਰੋਂਦੀ ਨਹੀਂ

ਸਤਿੰਦਰ ਸਰਤਾਜ ਦੇ ਗਾਣੇ ਅਲੈਕਸਾ ’ਤੇ ਵੱਜ ਰਹੇ ਸਨ। ਆਲਸ ਨਾਲ ਉਂਘਲਾਉਂਦਾ ਹੋਇਆ ਘਰ ਹੌਲੀ-ਹੌਲੀ ਅੱਖਾਂ ਖੋਲ੍ਹ ਕੇ ਆਲੇ-ਦੁਆਲੇ ਦਾ ਜਾਇਜ਼ਾ ਲੈ ਰਿਹਾ ਸੀ। ਮੌਸਮ ਕਹਿ ਰਿਹਾ ਸੀ, “ਜਾਹ, ਥੋੜ੍ਹੀ ਦੇਰ ਹੋਰ ਸੁਸਤਾ ਲੈ।” ਪਰ ਮਨ ਦੇ ਕੋਨੇ ਵਿੱਚੋਂ ਆਵਾਜ਼...
Advertisement

ਸਤਿੰਦਰ ਸਰਤਾਜ ਦੇ ਗਾਣੇ ਅਲੈਕਸਾ ’ਤੇ ਵੱਜ ਰਹੇ ਸਨ। ਆਲਸ ਨਾਲ ਉਂਘਲਾਉਂਦਾ ਹੋਇਆ ਘਰ ਹੌਲੀ-ਹੌਲੀ ਅੱਖਾਂ ਖੋਲ੍ਹ ਕੇ ਆਲੇ-ਦੁਆਲੇ ਦਾ ਜਾਇਜ਼ਾ ਲੈ ਰਿਹਾ ਸੀ। ਮੌਸਮ ਕਹਿ ਰਿਹਾ ਸੀ, “ਜਾਹ, ਥੋੜ੍ਹੀ ਦੇਰ ਹੋਰ ਸੁਸਤਾ ਲੈ।” ਪਰ ਮਨ ਦੇ ਕੋਨੇ ਵਿੱਚੋਂ ਆਵਾਜ਼ ਆ ਰਹੀ ਸੀ, “ਥੋੜ੍ਹੀ ਹੀ ਦੇਰ ਵਿੱਚ ਸਾਰਾ ਕੰਮ ਨਿਪਟਾ ਲੈ।”

ਉਸ ਦੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਕੋਈ ਚਿਟਕਣੀ ਨਹੀਂ ਸੀ ਲੱਗੀ ਹੋਈ, ਬੱਸ ਉਵੇਂ ਹੀ ਦਰ ਭੇੜਿਆ ਲਗਦਾ ਸੀ। ਸ਼ਾਇਦ ਕੱਪੜੇ ਬਦਲ ਰਹੀ ਹੋਵੇਗੀ ਜਾਂ ਫਿਰ ਬੈੱਡ ’ਤੇ ਲੇਟੀ ਸੁਸਤਾ ਰਹੀ ਹੋਵੇਗੀ। ਕੋਲਡ ਕੌਫੀ ਫੜੀ ਮੈਂ ਸੋਚ ਰਹੀ ਸੀ ਕਿ ਦਰਵਾਜ਼ਾ ਖੜਕਾ ਕੇ ਅੰਦਰ ਚਲੀ ਜਾਵਾਂ ਜਾਂ ਫਿਰ ਇੱਥੋਂ ਰਸੋਈ ਵਿੱਚੋਂ ਹੀ ਉੱਚੀ ਤੇ ਮਿੱਠੀ ਆਵਾਜ਼ ਮਾਰ ਕੇ ਉਸ ਨੂੰ ਆਪਣੇ ਕੋਲ ਬੁਲਾ ਲਵਾਂ, ਜਾਂ ਫਿਰ ਕਾਲ ਕਰ ਕੇ ਉਸ ਨੂੰ ਪੁੱਛਾਂ, “ਕੌਫੀ ਪੀਏਂਗੀ?”

Advertisement

ਮੈਨੂੰ ਯਾਦ ਆਇਆ, ਜਦ ਉਸ ਨੂੰ ਮੇਰੇ ਘਰ ਆਈ ਨੂੰ ਦੋ ਹਫ਼ਤੇ ਹੀ ਬੀਤੇ ਸਨ ਤੇ ਉਹ ਕਿਵੇਂ ਮੋਰਨੀ ਵਾਂਗ ਬਾਹਾਂ (ਖੰਭ) ਫੈਲਾਈ ਘਰ ਅੰਦਰ ਉਡਦੀ ਫਿਰਦੀ ਸੀ। ਉਸ ਦਾ ਤਿੱਖਾ ਜਿਹਾ ਨੱਕ ਜ਼ਰਾ ਰੋਣ ਕਰਕੇ ਟਮਾਟਰ ਵਾਂਗ ਲਾਲ ਹੋ ਜਾਂਦਾ ਤੇ ਉਦਾਸੀ ਵਿੱਚ ਉਸ ਦੀਆਂ ਅੱਖਾਂ ਨਸ਼ੀਲੀ ਸੋਜਿਸ਼ ਵਾਲੀਆਂ ਬਣ ਜਾਂਦੀਆਂ। ਉਸ ਦੀਆਂ ਅੱਖਾਂ ਵਿੱਚ ਅੱਜਕੱਲ੍ਹ ਗੁਲਾਬੀ ਡੋਰੇ ਖੱਬੇ-ਸੱਜੇ ਆਪਣਾ ਡੇਰਾ ਜਮਾਈ ਰੱਖਦੇ ਹਨ। ਮੁਸਕੁਰਾਉਂਦੀ ਵੀ ਹੈ ਤਾਂ ਇਹ ਡੋਰੇ ਮੁਸਕੁਰਾਉਣ ਲਗਦੇ ਹਨ। ਖਿੜਖਿੜਾ ਕੇ ਹੱਸਦੀ ਹੈ ਤਾਂ ਇਹ ਡੋਰੇ ਕੇਸਰ ਦੇ ਰੇਸ਼ਿਆਂ ਵਾਂਗ ਆਪਣਾ ਰੰਗ ਬਿਖੇਰ ਦਿੰਦੇ ਹਨ। ਨਵੀਂ-ਨਵੇਲੀ ਜਿਹੀ ਕੋਰੀ-ਕੋਰੀ ਗਹਿਰੀ ਮੁਸਕਰਾਹਟ ਆਪਣੇ ਅੰਦਰ ਪਤਾ ਨਹੀਂ ਕਿੰਨੀਆਂ ਗੱਲਾਂ ਸਮੇਟੀ ਅੱਖਾਂ-ਅੱਖਾਂ ਵਿੱਚ ਮੁਸਕੁਰਾਉਂਦੀ ਰਹਿੰਦੀ ਹੈ। ਜ਼ਿੰਦਗੀ ਦੀਆਂ ਉਮੀਦਾਂ ਨਾਲ ਭਰੀਆਂ ਅੱਖਾਂ! ਪਤਾ ਨਹੀਂ ਕਿੰਨਾ ਕੁਝ ਭੁੱਲ ਜਾਣ ਦਾ ਪ੍ਰਦਰਸ਼ਨ ਕਰਦੀਆਂ ਹੋਈਆਂ ਅੱਖਾਂ! ਉਫ਼... ਉਸਦੀਆਂ ਅੱਖਾਂ ਦੇਖ ਕੇ ਹੀ ਤਾਂ ਅਸੀਂ ਸਭ ਠੱਗੇ ਜਿਹੇ ਖੜ੍ਹੇ ਰਹੇ ਸਾਂ। ਇਕਦਮ ‘ਕੁੜੀ ਪਸੰਦ ਹੈ ਜੀ’ ਦੀ ਮੋਹਰ ਲਾ ਕੇ ਠਾਕਾ ਵੀ ਹੋ ਗਿਆ ਸੀ।

ਟੇਲ ਬੋਨ ਤੱਕ ਲਹਿਰਾਉਂਦੇ ਉਸ ਦੇ ਡਾਰਕ ਬਰਾਊਨ ਵਾਲ, ਜਿਨ੍ਹਾਂ ’ਤੇ ਜਿਵੇਂ ਕੁਝ ਦਿਨ ਪਹਿਲਾਂ ਹੀ ਕੇਰਾਟਿਨ ਕਰਵਾਇਆ ਗਿਆ ਸੀ, ਜਦ ਉਹ ਆਪਣੀ ਲੰਮੀ ਗੁੱਤ ਲਹਿਰਾ ਕੇ ਚੱਲਦੀ ਤਾਂ ਲੱਗਦਾ ਜਿਵੇਂ ਕੋਈ ਨਾਗਣ ਉਸਦੀ ਪਿੱਠ ’ਤੇ ਵਲ ਖਾਂਦੀ ਘੁੰਮ ਰਹੀ ਹੋਵੇ। ਗਹਿਰੀਆਂ ਕਾਲੀਆਂ ਭੇਫਣਾਂ ਤੇ ਤਿੱਖਾ ਜਿਹਾ ਨੱਕ... ਬਿਲਕੁਲ ਕਸ਼ਮੀਰਨ ਲੱਗਦੀ ਸੀ ਉਹ ਲੜਕੀ, ਜਦ

ਕਿ ਕਸ਼ਮੀਰੀਆਂ ਨਾਲ ਉਸ ਦਾ ਦੂਰ-ਦੂਰ ਦਾ ਕੋਈ ਨਾਤਾ ਨਹੀਂ ਸੀ। ਸੱਚੀਂ ਬੜੀ ਸੁਹਣੀ ਸਿਆਣੀ ਲੜਕੀ ਸੀ ਗੁਰਮੀਤ।

ਕੌਫੀ ’ਤੇ ਕਰੀਮ ਨਾਲ ਬਣੀ ਝੱਗ ਉੱਤੇ ਉਸ ਦੇ ਨਾਂ ਦਾ ਪਹਿਲਾ ਅੱਖਰ ‘ਗੱਗਾ’ ਬਣਾਉਂਦਿਆਂ ਮੈਂ ਚੰਦਾ ਨੂੰ ਕਿਹਾ ਕਿ ਨੂੰਹ ਰਾਣੀ ਨੂੰ ਆਵਾਜ਼ ਦੇਵੇ ਅਤੇ ਚੰਦਾ ਨੇ ਉਸ ਦੇ ਕਮਰੇ ਦਾ ਦਰਵਾਜ਼ਾ ਥੋੜ੍ਹਾ ਜਿਹਾ ਖੋਲ੍ਹ ਕੇ ‘ਭਾਬੀ ਜੀ’ ਕਹਿ ਕੇ ਆਵਾਜ਼ ਮਾਰੀ, ‘‘ਮੰਮੀ ਜੀ ਕਹਿ ਰਹੇ ਹਨ ਕਿ ਜਲਦੀ ਆ ਜਾਓ। ਇੱਥੇ ਹੀ ਡਾਈਨਿੰਗ ਟੇਬਲ ’ਤੇ ਬੈਠ ਕੇ ਕਾਫੀ ਪੀਵਾਂਗੇ।’’ ਚੰਦਾ ਨੇ ਪਲ ਭਰ ਵਿੱਚ ਹੀ ਵਾਪਸ ਆ ਕੇ ਇਸ਼ਾਰਾ ਕਰ ਕੇ ਦੱਸਿਆ ਕਿ ਭਾਬੀ ਜੀ ਫੋਨ ’ਤੇ ਬਿਜ਼ੀ ਹੈ।

ਮੈਂ ਹੈਰਾਨ ਸੀ। ਇਹ ਅਜਕੱਲ੍ਹ ਦੇ ਬੱਚੇ ਹਰ ਸਮੇਂ ਕੰਨਾਂ ’ਤੇ ਭੋਂਪੂ ਜਿਹਾ ਹੈੱਡਫੋਨ ਲਾਈ ਘੁੰਮਦੇ ਰਹਿੰਦੇ ਹਨ। ਇਨ੍ਹਾਂ ਕੋਲ ਜਾਓ ਤਾਂ ਦੂਜੇ ਪਾਸੇ ਵਾਲੇ ਨੂੰ ਹੌਲੀ ਦੇਣੇ ਕੁਝ ਕਹਿ ਦਿੱਤਾ ਜਾਂਦਾ ਹੈ ਤੇ ਮਗਰੋਂ ਫੋਨ ਬੰਦ। ਖ਼ੈਰ, ਉਸ ਲਈ ਬਣਾਈ ਠੰਢੀ ਕੌਫੀ ਦਾ ਮੱਗ ਫਰਿੱਜ ਵਿੱਚ ਰੱਖ ਕੇ ਮੈਂ ਆਪਣੇ ਮੱਗ ਵਿੱਚੋਂ ਕੌਫੀ ਦੇ ਦੋ ਘੁੱਟ ਭਰੇ ਅਤੇ ਸਾਹਮਣੇ ਪਿਆ ਅਖ਼ਬਾਰ ਫਰੋਲਣ ਲੱਗੀ। ਖ਼ਬਰ ਸੀ: ‘ਰੌਬਿਨ ਸਿੰਘ ਬਾਦਲ ਦੇ ਪੋਤੇ ਦਾ ਵਿਆਹ’

ਮੇਰਾ ਮਨ ਕਰਦਾ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਸਮਾਂ ਗੁਰਮੀਤ ਨਾਲ ਬਿਤਾਇਆ ਜਾਵੇ। ਇੱਕ ਚਿੜੀ ਹੈ ਉਹ। ਜਿਉਂ ਹੀ ਵੀਜ਼ਾ ਆ ਜਾਵੇਗਾ ਉੱਡ ਕੇ ਕੈਨੇਡਾ ਪਹੁੰਚ ਜਾਵੇਗੀ ਆਪਣੇ ਪ੍ਰੀਤਮ ਪਿਆਰੇ ਕੋਲ। ਉਦੋਂ ਤੱਕ ਥੋੜ੍ਹਾ ਜਿਹਾ ਸਮਝਿਆ ਜਾਵੇ ਕਿ ਅੱਜਕੱਲ੍ਹ ਦੀਆਂ ਲੜਕੀਆਂ ਕੀ ਵਿਚਾਰ ਰੱਖਦੀਆਂ ਹਨ? ਕਿਸ ਤਰ੍ਹਾਂ ਦਾ ਮਾਹੌਲ ਉਸ ਦੇ ਪਰਿਵਾਰ ਵਿੱਚ ਰਿਹਾ ਹੈ? ਉਸ ਦਾ ਬਚਪਨ ਕਿਵੇਂ ਬੀਤਿਆ? ਉਸ ਦੇ ਕੈਨੇਡਾ ਜਾਣ ਮਗਰੋਂ ਅਸੀਂ ਹੀ ਉਸ ਦੇ ਪੇਕਿਆਂ ਨਾਲ ਰਿਸ਼ਤੇਦਾਰੀ ਨਿਭਾਉਣੀ ਹੈ। ਜ਼ੀਰਕਪੁਰ ਆਪਣੀ ਕੋਠੀ ਵਿੱਚ ਅਸੀਂ ਦੋਵੇਂ ਬਹੁਤ ਆਰਾਮ ਨਾਲ ਰਹਿੰਦੇ ਆਏ ਹਾਂ। ਘਰ ਵਿੱਚ ਹਰ ਸੁਖ ਹੈ। ਇੱਕੋ-ਇੱਕ ਸੰਤਾਨ ਹੈ। ਸੰਨੀ ਦੀ ਕਿਸਮਤ ਅੱਛੀ ਰਹੇ, ਲੰਮੀ ਉਮਰ ਰਹੇ। ਉਨ੍ਹਾਂ ਦੋਵਾਂ ਦਾ ਸਾਥ ਲੰਮਾ ਤੇ ਆਨੰਦਮਈ ਬਣਿਆ ਰਹੇ। ਬੱਸ ਸਾਨੂੰ ਹੋਰ ਕੀ ਚਾਹੀਦਾ ਹੈ? ਸੰਨੀ ਦੀਆਂ ਖ਼ੁਸ਼ੀਆਂ ਨਾਲੋਂ ਵੱਧ ਮੈਂ ਆਪਣੇ ਲਈ ਕਦੀ ਕੁਝ ਚਾਹਿਆ ਹੀ ਨਹੀਂ।

ਅੱਜਕੱਲ੍ਹ ਘਰ ਵਿੱਚ ਤਾਜ਼ਗੀ ਭਰਿਆ ਮਾਹੌਲ ਹੈ, ਜਿਵੇਂ ਬਸੰਤ ਰੁੱਤ ਆ ਗਈ ਹੋਵੇ। ਉਹੀ ਘਰ ਸੀ, ਉਹੀ ਰਸੋਈ ਸੀ, ਉਹੀ ਮਸਾਲੇ, ਉਹੀ ਭਾਂਡੇ, ਉਹੀ ਬਿਸਤਰ, ਉਹੀ ਝੂਲਾ ਤੇ ਉਹੀ ਨਿੰਮ ਦਾ ਰੁੱਖ, ਪਰ ਹਰ ਤਰਫ਼ ਖ਼ੁਸ਼ਬੂ ਸੀ, ਸਵਾਦ ਸੀ, ਸੁੱਘੜਤਾ ਸੀ। ਕਹਿੰਦੇ ਨੇ ਜਦੋਂ ਕੋਈ ਇਕੱਲਾ ਸਿਪਾਹੀ ਕਿਸੇ ਮੋਰਚੇ ’ਤੇ ਤਾਇਨਾਤ ਹੋਵੇ ਤਾਂ ਹੌਲੀ ਹੌਲੀ ਉਸ ਦੀ ਹਿੰਮਤ, ਤਾਕਤ, ਇੱਛਾ-ਸ਼ਕਤੀ ਘਟਦੀ ਚਲੀ ਜਾਂਦੀ ਹੈ। ਪਰ ਜੇ ਉਸ ਨਾਲ ਇੱਕ ਹੋਰ ਸਿਪਾਹੀ ਆ ਮਿਲੇ ਤਾਂ ਪਹਿਲਾਂ ਵਾਲਾ ਸਿਪਾਹੀ ਜ਼ਿਆਦਾ ਮੁਸਤੈਦੀ ਨਾਲ ਡਿਉੂਟੀ ਲੱਗ ਜਾਂਦਾ ਹੈ। ਉਹ ਨਵੇਂ ਆਏ ਸਿਪਾਹੀ ਨੂੰ ਆਪਣੇ ਵੱਲੋਂ ਨਿਭਾਈ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ। ਬੱਸ ਇਹੀ ਹਾਲ ਮੇਰਾ ਸੀ।

ਪਿਛਲੇ ਤੀਹ ਸਾਲ ਤੋਂ ਗ੍ਰਹਿਸਥੀ ਦੀ ਇਸ ਚੌਕੀ ’ਤੇ ਮੈਂ ਇਕੱਲੀ ਮੋਰਚੇ ਉੱਤੇ ਤਾਇਨਾਤ ਸਾਂ। ਆਪਣੇ ਇਕਲੌਤੇ ਪੁੱਤਰ ਸੰਨੀ ਨੂੰ ਅਨੁਸ਼ਾਸਨ ਨਾਲ ਵੱਡਾ ਕੀਤਾ ਕਿਉਂਕਿ ਉਸਦੇ ਪਿਤਾ ਗੁਜਰਾਤ ਬਾਰਡਰ ’ਤੇ ਸੈਨਾ ਵਿੱਚ ਤਾਇਨਾਤ ਸਨ ਤੇ ਜੱਦੀ ਜ਼ਮੀਨ ਅਤੇ ਸੱਸ-ਨਣਦਾਂ ਵਾਲੇ ਟੱਬਰ ਦਾ ਖ਼ਿਆਲ ਰੱਖਣ ਲਈ ਆਪਣੀ ਇਸ ਚੌਕੀ ਨੂੰ ਮੇਰੇ ਸਪੁਰਦ ਕਰ ਕੇ ਆਰਾਮ ਨਾਲ ਆਪਣੀ ਨੌਕਰੀ ਕਰ ਰਹੇ ਸਨ। ਹੁਣ ਸੰਨੀ ਵੀ ਆਈ.ਆਈ.ਐੱਮ. ਕਲਕੱਤਾ ਤੋਂ ਮੈਨੇਜਮੈਂਟ ਦੀ ਪੜ੍ਹਾਈ ਕਰ ਕੇ ਨੌਕਰੀ ’ਤੇ ਲੱਗ ਗਿਆ ਸੀ। ਉਸ ਲਈ ਰਿਸ਼ਤਿਆਂ ਦੀ ਲਾਈਨ ਲੱਗੀ ਹੋਈ ਸੀ, ਪਰ ਇੱਕ ਦਿਨ ਅਚਾਨਕ ਉਸ ਨੇ ਆਪਣੇ ਪਾਪਾ ਨੂੰ ਮੋਬਾਈਲ ਵਿੱਚ ਇੱਕ ਲੜਕੀ ਦੀ ਤਸਵੀਰ ਦਿਖਾਈ ਤੇ ਕਹਿ ਦਿੱਤਾ ਕਿ ਉਸ ਨੂੰ ਕੈਨੇਡਾ ਵਿੱਚ ਨਵੀਂ ਨੌਕਰੀ ਮਿਲ ਗਈ ਹੈ ਤੇ ਉਹ ਜਾਣ ਤੋਂ ਪਹਿਲਾਂ ਇਸ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਇਉਂ ਕੁਝ ਮਹੀਨਿਆਂ ਬਾਅਦ ਇਹ ਪਿਆਰੀ ਜਿਹੀ ਪਰੀ ਆਪਣੇ ਪਾਪਾ ਦੇ ਵਿਹੜੇ ਤੋਂ ਮੇਰੇ ਘਰ ਦੇ ਵਿਹੜੇ ਆ ਗਈ।

ਗੁਰਮੀਤ ਨਾਂ ਉਸ ਨੂੰ ਅਣਜਾਣੇ ਵਿੱਚ ਹੀ ਮਿਲਿਆ ਸੀ। ਗੁਰਮੀਤ ਕਦੀ ਗੁੰਜਨ ਗੁਪਤਾ ਸੀ। ਅੰਬਾਲੇ ਸੰਨੀ ਦੀ ਭੂਆ ਰਹਿੰਦੀ ਹੈ। ਆਪਣਾ ਕੋਈ ਭਾਈ ਜਾਂ ਭੈਣ ਤਾਂ ਹੈ ਨਹੀਂ, ਸੰਨੀ ਨੂੰ ਜਦੋਂ ਵੀ ਸਮਾਂ ਮਿਲਦਾ ਉਹ ਭੂਆ ਦੇ ਘਰ ਪਹੁੰਚ ਜਾਂਦਾ। ਭੂਆ ਦੇ ਦੋਵੇਂ ਪੁੱਤਰਾਂ ਅਤੇ ਧੀ ਨਾਲ ਉਸ ਦੀ ਬਹੁਤ ਬਣਦੀ ਸੀ ਤੇ ਗੁੰਜਨ ਨਾਲ ਵਾਲੇ ਘਰ ਵਿੱਚ ਰਹਿੰਦੀ ਸੀ। ਭੂਆ ਦੀ ਧੀ ਦੀ ਸਹੇਲੀ ਕਦੋਂ ਸੰਨੀ ਦੀ ਵੀ ਸਹੇਲੀ ਬਣ ਗਈ, ਕਿਸੇ ਨੂੰ ਪਤਾ ਹੀ ਨਾ ਲੱਗਾ। ਸੰਨੀ ਅਕਸਰ ਗੁਰਮੀਤ ਨਾਲ ਗੱਲਾਂ ਕਰਦਾ ਰਹਿੰਦਾ ਸੀ। ਗੁਰਮੀਤ ਦੀ ਕਾਲ ਆਉਂਦੀ ਤਾਂ ਉਸ ਦੇ ਪਾਪਾ ਵੀ ਚਾਰਜ ’ਤੇ ਲੱਗੇ ਉਸ ਦੇ ਫੋਨ ਦੀ ਰਿੰਗ ਸੁਣ ਕੇ ਕਹਿੰਦੇ, “ਸੰਨੀ! ਗੁਰਮੀਤ ਦੀ ਕਾਲ ਆਈ ਹੈ, ਕੀ ਭਰਿੰਡ ਲੜ ਗਈ ਹੈ ਉਸਦੇ?” ਇਹ ਕਾਲ ਰੋਜ਼ ਹੀ ਨਹੀਂ ਸਗੋਂ ਦਿਨ ਵਿੱਚ ਵੀ ਕਈ ਕਈ ਵਾਰ ਆਉਂਦੀ।

ਜਿਸ ਦਿਨ ਸੰਨੀ ਦਾ ਕੈਨੇਡਾ ਜਾਣਾ ਤੈਅ ਹੋਇਆ ਉਸੇ ਦਿਨ ਉਸ ਦੀ ਮਾਮੀ ਨੇ ਆਪਣੀ ਭਤੀਜੀ ਦਾ ਰਿਸ਼ਤਾ ਭੇਜ ਦਿੱਤਾ ਤੇ ਇਸ ਮਗਰੋਂ ਗੁਰਮੀਤ ਕੌਣ ਹੈ, ਇਹ ਭੇਤ ਸਾਹਮਣੇ ਆ ਗਿਆ।

ਇੱਕ ਵਾਰੀ ਤਾਂ ਸਰਦਾਰ ਜੀ ਅਣਮੰਨੇ ਜਿਹੇ ਹੋ

ਗਏ ਸਨ ਕਿ ਲੜਕੀ ਸਿੱਖ ਪਰਿਵਾਰ ’ਚੋਂ ਹੋਣੀ ਚਾਹੀਦੀ ਹੈ ਪਰ ਫਿਰ ਸੰਨੀ ਦੀਆਂ ਅੱਖਾਂ ਦੇਖ ਕੇ ਉਹ ਸ਼ਾਂਤ ਹੋ ਗਏ ਤੇ ਕਿਹਾ, ‘‘ਚੱਲ ਓਏ, ਅੱਜ ਹੀ ਕੁੜੀ ਲੈ ਕੇ ਆਉਂਦੇ ਹਾਂ।”

ਕਈ ਸਾਲ ਪਹਿਲਾਂ ਗੁੰਜਨ ਦੇ ਦਾਦਾ ਜੀ ਅੰਬਾਲੇ ਆ ਕੇ ਵਸ ਗਏ ਸਨ। ਹਿੰਦੀ-ਪੰਜਾਬੀ ਰਲਵੀਂ ਬੋਲੀ ਬੋਲਦੇ ਗੁਪਤਾ ਜੀ ਵੱਡੇ ਵਪਾਰੀ ਸਨ ਤੇ ਗੁੰਜਨ ਉਨ੍ਹਾਂ ਦੀ ਦੂਜੀ ਸੰਤਾਨ ਸੀ। ਪਹਿਲੀ ਸੰਤਾਨ ਵੀ ਲੜਕੀ ਹੀ ਸੀ, ਜੋ ਉਨ੍ਹਾਂ ਦੇ ਹੀ ਮੁਹੱਲੇ ਦੇ ਇੱਕ ਜੈਨ ਪਰਿਵਾਰ ਵਿੱਚ ਵਿਆਹੀ ਹੋਈ ਸੀ।

ਹੁਣ ਸਰਦਾਰ ਜੀ ਜਿਵੇਂ ਕਹਿ ਰਹੇ ਸਨ, ਉਵੇਂ ਥੋੜ੍ਹਾ ਲੜਕੀਆਂ ਨੂੰ ਘਰ ਲਿਆਇਆ ਜਾਂਦਾ ਏ! ਪੂਰੇ ਵਾਜੇ-ਗਾਜੇ ਨਾਲ ਉਸ ਸਮਾਜ ਦੇ ਰੀਤੀ-ਰਿਵਾਜਾਂ ਮੁਤਾਬਕ ਫੇਰੇ ਲੈ ਕੇ ਗੁੰਜਨ ਤੋਂ ਗੁਰਮੀਤ ਬਣਾ ਕੇ, ਗੁਰਦੁਆਰੇ ਵਿੱਚ ਆਨੰਦ ਕਾਰਜ ਕਰਵਾਉਣ ਮਗਰੋਂ ਉਹ ਸਾਡੇ ਘਰ ਦੀ ਰੌਣਕ ਬਣੀ। ਕਿਸੇ ਰਿਸ਼ਤੇਦਾਰ ਦੀ ਬੁੜਬੁੜਾਹਟ ਸਾਨੂੰ ਸੁਣਾਈ ਨਹੀਂ ਦਿੱਤੀ। ਦੇਖਣ ਵਿੱਚ ਵੀ ਗੁੰਜਨ ਗੁਰਮੀਤ ਹੀ ਲਗਦੀ ਸੀ। ਸੰਨੀ ਦੀ ਭੂਆ ਦੇ ਘਰ ਵਿੱਚ ਸਭ ਉਸ ਨੂੰ ਪੰਜਾਬਣ ਹੀ ਕਹਿ ਕੇ ਛੇੜਦੇ ਸਨ, ‘‘ਤੇਰੀ ਵੱਡੀ ਭੈਣ ਸਾਂਵਲੀ ਹੈ, ਤੇਰੇ ਮਾਪੇ ਵੀ ਸਾਂਵਲੇ ਹਨ, ਤੈਨੂੰ ਗੁਪਤਾ ਜੀ ਕਿਤੋਂ ਚੁੱਕ ਲਿਆਏ ਸੀ... ਤੂੰ ਪੰਜਾਬਣ ਏਂ ਪੱਕੀ...।’’ ਗੁਰਮੀਤ ਬਚਪਨ ਵਿੱਚ ਇਹ ਗੱਲ ਸੁਣ ਕੇ ਚਿੜ ਜਾਂਦੀ ਸੀ ਤੇ ਹੁਣ ਸੁਣ ਕੇ ਹੱਸਣਾ ਸ਼ੁਰੂ ਕਰ ਦਿੰਦੀ ਹੈ। ਘੁੰਗਰੂਆਂ ਵਾਲੀਆਂ ਝਾਂਜਰਾਂ ਅਤੇ ਬਿਛੂਏ ਪਾ ਕੇ ਜਦੋਂ ਉਹ ਤੁਰਦੀ ਤਾਂ ਘਰ ਉਸ ਦੇ ਘੁੰਗਰੂਆਂ ਦੀ ਛਣਕਾਰ ਨਾਲ ਗੂੰਜ ਉੱਠਦਾ। ਜੀਅ ਕਰਦਾ ਕਿ ਅੱਜ ਤਾਂ ਉਸ ਨੂੰ ਸਜ਼ਾ ਸੁਣਾ ਹੀ ਦਿਆਂ, ‘‘ਦੋ ਘੰਟੇ ਤੋਂ ਪਹਿਲਾਂ ਤੂੰ ਰੁਕੇਂਗੀ ਨਹੀਂ, ਕਿਉਂਕਿ ਤੇਰੀ ਇਹ ਸੁਰੀਲੀ ਛਣਕਾਰ ਸੁਣਨ ਲਈ ਮੇਰੇ ਕੰਨ ਤਰਸ ਰਹੇ ਹਨ।’’ ਮੇਰਾ ਮਨ ਵੀ ਇਸ ਘਰ ਵਿੱਚ ਇੱਕ ਲੜਕੀ ਦੀ ਖੁਸ਼ਬੂ ਮਹਿਸੂਸ ਕਰਨਾ ਚਾਹੁੰਦਾ ਸੀ। ਜਿਨ੍ਹਾਂ ਘਰਾਂ ਵਿੱਚ ਕੋਈ ਲੜਕੀ ਨਹੀਂ ਹੁੰਦੀ, ਸਿਰਫ਼ ਲੜਕੇ ਹੁੰਦੇ ਹਨ, ਤੁਸੀਂ ਉਸ ਘਰ ਦੇ ਬਾਥਰੂਮ ਵਿੱਚ ਕਦੀ ਬੀਅਰ ਦੀ ਬੋਤਲ ਵਿੱਚ ਮਨੀ ਪਲਾਂਟ ਲੱਗਾ ਨਹੀਂ ਦੇਖੋਗੇ ਤੇ ਨਾ ਹੀ ਡਾਈਨਿੰਗ ਟੇਬਲ ’ਤੇ ਸਵੇਰੇ-ਸ਼ਾਮ ਵੱਖ ਵੱਖ ਕਲਾਕਾਰੀਆਂ ਦਿਸਣਗੀਆਂ। ਉਸ ਘਰ ਵਿੱਚ ਚੰਪਾ-ਚਮੇਲੀ ਜਾਂ ਪਰਿਜਾਤ ਨਹੀਂ ਦਿਸਣਗੇ। ਲੜਕੀ ਵਾਲੇ ਘਰਾਂ ਦੀ ਖ਼ੁਸ਼ਬੂ ਅਤੇ ਰੌਣਕ ਹੀ ਵੱਖਰੀ ਹੁੰਦੀ ਹੈ। ਕੌਫੀ ਬਣੀ ਨੂੰ ਅੱਧਾ ਘੰਟਾ ਬੀਤ ਚੁੱਕਾ ਸੀ ਤੇ ਗੁਰਮੀਤ ਹਾਲੇ ਤੱਕ ਬਾਹਰ ਨਹੀਂ ਸੀ ਆਈ।

ਚੰਦਾ ਨੇ ਗੈਸ ’ਤੇ ਭੁੰਨੇ ਬੈਂਗਣ ਚੁੱਕ ਕੇ ਪਲੇਟ ਵਿੱਚ ਰੱਖ ਦਿੱਤੇ। ਅੱਜ ਭੜਥਾ ਬਣਾਇਆ ਜਾ ਰਿਹਾ ਸੀ ਤੇ ਹਰ ਤਰਫ਼ ਮਿੱਟੀ ’ਚੋਂ ਮੀਂਹ ਦੀਆਂ ਕਣੀਆਂ ਮਗਰੋਂ ਉੱਠਦੀ ਮਹਿਕ ਵਰਗਾ ਆਲਮ ਹੋ ਗਿਆ ਸੀ।

“ਮੰਮਾ ਤੁਸੀਂ ਬੁਲਾਇਆ ਸੀ ?’’

“ਹਾਂ ਬੱਚੇ, ਕੋਲਡ ਕੌਫੀ ਪੀ ਲਵੋ।”

“ਥੈਂਕ ਯੂ ਮੰਮਾ, ਮੇਰਾ ਸੱਚੀਂ ਇਹੋ ਪੀਣ ਦਾ ਮਨ ਸੀ, ਤੁਹਾਨੂੰ ਕਿਵੇਂ ਪਤਾ ਲੱਗ ਗਿਆ?”

ਗਰਮੀ ਸੀ। ਚਾਹ ਉਹ ਪੀਂਦੀ ਨਹੀਂ। ਰੂਹਅਫ਼ਜ਼ਾ ਪਹਿਲਾਂ ਪਿਆਇਆ ਸੀ ਤੇ ਹੁਣ ਕੌਫੀ ਬਣਾ ਦਿੱਤੀ ਸੀ... ਮੈਂ ਮਨ ਵਿੱਚ ਸੋਚਿਆ।

“ਸੰਨੀ ਦੀ ਕਾਲ ਸੀ?” ਮੈਂ ਉਸ ਵੱਲ ਨਾ ਦੇਖਦਿਆਂ ਗਰਮ ਬੈਂਗਣ ਛਿੱਲਦਿਆਂ ਪੁੱਛਿਆ।

“ਮੇਰੀ ਮੰਮਾ ਦਾ... ਉਹ ਬਹੁਤ ਉਦਾਸ ਹੈ, ਮੰਮਾ!”

ਟੂਟੀ ਖੋਲ੍ਹ ਕੇ ਮੈਂ ਆਪਣਾ ਸੜਦਾ ਹੱਥ ਪਾਣੀ ਦੀ ਧਾਰ ਹੇਠ ਕਰ ਦਿੱਤਾ, ਪਤਾ ਨਹੀਂ ਕਿਉਂ ਏਨਾ ਗਰਮ ਬੈਂਗਣ ਛਿੱਲਣ ਲੱਗ ਪਈ ਸਾਂ?

“ਮੈਂ ਇਸ ਵੀਕਐਂਡ ਮੰਮਾ ਨੂੰ ਮਿਲ ਆਉਂਦੀ ਹਾਂ।” ਉਸ ਨੇ ਜਿਵੇਂ ਮੈਨੂੰ ਪੁੱਛਿਆ ਨਹੀਂ... ਬੱਸ! ਸੂਚਨਾ ਦੇ ਦਿੱਤੀ। ਵੀਕਐਂਡ ਕੱਲ੍ਹ ਹੀ ਤਾਂ ਹੈ, ਸਾਹਮਣੇ ਕੈਲੰਡਰ ਨੇ ਯਾਦ ਦਿਵਾਇਆ।

“ਬਿਲਕੁਲ, ਹੋ ਆਓ, ਤੇਰੇ ਪਾਪਾ ਤੈਨੂੰ ਛੱਡ ਆਉਣਗੇ। ਫਿਰ ਤਾਂ ਤੂੰ ਵੀਜ਼ਾ ਆਉਂਦਿਆਂ ਹੀ ਸੰਨੀ ਕੋਲ ਕੈਨੇਡਾ ਚਲੇ ਜਾਣਾ ਹੈ।”

ਪਹਿਲਾਂ ਕੀਤੇ ਕਿਸੇ ਫ਼ੈਸਲੇ ਤੋਂ ਬਿਨਾਂ ਹੀ ਮੇਰੇ ਮਨ ਨੇ ਉਸ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਮੈਂ ਪਨੀਰ ਲਈ ਬਣਾਈ ਗਰੇਵੀ ਨੂੰ ਏਅਰ ਟਾਈਟ ਡੱਬੇ ਵਿੱਚ ਬੰਦ ਕੀਤਾ ਤੇ ਫਰਿੱਜ ਵਿੱਚ ਰੱਖ ਦਿੱਤਾ ਤਾਂ ਕਿ ਭੜਥੇ ਅਤੇ ਰਾਜ-ਮਾਂਹ ਦੀ ਸਬਜ਼ੀ ਨਾਲ ਲੰਚ ਹੋ ਸਕੇ। ਰਾਤ ਨੂੰ ਤਾਂ ਗੁਰਮੀਤ ਨੂੰ ਕਿਤੇ ਬਾਹਰ ਖਾਣਾ ਖੁਆਉਣ ਲਈ ਲੈ ਜਾਵਾਂਗੇ।

ਅੱਜਕੱਲ੍ਹ ਹਰ ਪਾਸੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਮਹਿਸੂਸ ਹੋ ਰਹੀਆਂ ਸਨ। ਗੁਰਮੀਤ ਵੀ ਆਪਣਾ ਲਾਲ ਚੂੜਾ ਘੁਮਾਉਂਦੀ ਦਿਨ ਵਿੱਚ ਕਈ-ਕਈ ਵਾਰ ਮੇਰੇ ਕੋਲ ਆ ਕੇ ਖੜ੍ਹੀ ਹੋ ਜਾਂਦੀ ਤੇ ਕਿਸੇ ਨਾ ਕਿਸੇ ਕੰਮ ਵਿੱਚ ਹੱਥ ਵਟਾਉਣ ਲਈ ਪੁੱਛਦੀ। ਪਰ ਮੈਂ ਕਹਿੰਦੀ, “ਧੀਏ ਕੈਨੇਡਾ ਜਾ ਕੇ ਖ਼ੁਦ ਹੀ ਕੰਮ ਕਰਨੇ ਹਨ, ਮੁੱਢੋਂ ਘਰ ਬੰਨ੍ਹਣਾ ਹੈ, ਗ੍ਰਹਿਸਥੀ ਵਸਾਉਣੀ ਹੈ, ਤੈਨੂੰ ਕੰਮ ਤੋਂ ਫੁਰਸਤ ਨਹੀਂ ਮਿਲਿਆ ਕਰਨੀ। ਇੱਥੇ ਆਪਣੀ ਇਸ ਮੰਮੀ ਕੋਲ਼ ਚਾਰ ਦਿਨ ਮੌਜਾਂ ਮਾਣ ਲੈ।”

ਸੰਨੀ ਵਿਆਹ ਤੋਂ ਇੱਕ ਮਹੀਨੇ ਮਗਰੋਂ ਹੀ ਕੈਨੇਡਾ ਚਲਿਆ ਗਿਆ ਸੀ ਤੇ ਉਸ ਨੇ ਉੱਥੇ ਜਾ ਕੇ ਗੁਰਮੀਤ ਨੂੰ ਸੱਦਣ ਦੀ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ, ਉਮੀਦ ਸੀ ਕਿ ਜਲਦੀ ਹੀ ਵੀਜ਼ਾ ਮਿਲ ਜਾਵੇਗਾ। ਦੋਵੇਂ ਦਿਨ ਵਿੱਚ ਕਈ-ਕਈ ਵਾਰ ਫੋਨ ’ਤੇ ਗੱਲ ਕਰ

ਲਿਆ ਕਰਦੇ ਸਨ। ਗੁਰਮੀਤ ਸੰਨੀ ਦਾ ਬੈੱਡਰੂਮ ਪਹਿਲੀ ਮੰਜ਼ਿਲ ’ਤੇ ਸੀ, ਪਰ ਜਦੋਂ ਦਾ ਸੰਨੀ ਗਿਆ, ਗੁਰਮੀਤ ਇਕੱਲੀ ਹੋ ਗਈ। ਸਰਦਾਰ ਜੀ ਨੇ ਗੈਸਟ ਰੂਮ ਦਾ ਫਰਨੀਚਰ ਬਦਲਵਾ ਕੇ ਉਸ ਨੂੰ ਗੁਰਮੀਤ ਦਾ ਕਮਰਾ ਬਣਵਾ ਦਿੱਤਾ।

ਸੰਨੀ ਦੇ ਮਾਸੂਮ ਚਿਹਰੇ ’ਤੇ ਗੁਰਮੀਤ ਦੀ ਮਾਸੂਮੀਅਤ ਦਿਸਦੀ ਸੀ ਤੇ ਗੁਰਮੀਤ ਦੇ ਸ਼ਰਾਰਤੀ ਬੁੱਲ੍ਹਾਂ ’ਤੇ ਸੰਨੀ ਦੀ ਮੁਸਕਰਾਹਟ। ਦੋਵੇਂ ਆਪਸ ਵਿੱਚ ਬਹੁਤ ਖ਼ੁਸ਼ ਨਜ਼ਰ ਆਉਂਦੇ ਸਨ ਤੇ ਮੈਂ ਚੁੱਪਚਾਪ ਦੋਵਾਂ ਨੂੰ ਖ਼ੁਸ਼ ਦੇਖ ਕੇ ਖ਼ੁਸ਼ ਹੁੰਦੀ ਸੀ। ਗੁਰਮੀਤ ਕਾਰ ਲੈ ਕੇ ਸਾਰੇ ਸ਼ਹਿਰ ਵਿੱਚ ਘੁੰਮਦੀ, ਸ਼ਾਪਿੰਗ ਕਰਦੀ ਤੇ ਸਹੇਲੀਆਂ ਨੂੰ ਮਿਲਦੀ। ਘੁੰਮਣ ਲਈ ਜਾਂਦੀ... ਜਿਵੇਂ ਆਪਣੀ ਜ਼ਿੰਦਗੀ ਵਿਆਹ ਤੋਂ ਪਹਿਲਾਂ ਜਿਊਂਦੀ ਸੀ, ਬਿਲਕੁਲ ਉਸੇ ਤਰ੍ਹਾਂ ਜਿਊਂਦੀ। ਕੋਈ ਜਣਾ ਮੇਰੇ ਕੋਲ ਉਸ ਬਾਰੇ ਕੁਝ ਕਹਿੰਦਾ ਵੀ ਤਾਂ ਮੈਂ ਉਸ ਨੂੰ ਟੋਕ ਦਿੰਦੀ, ‘-ਇਹੋ ਤਾਂ ਦਿਨ ਹਨ, ਉਸ ਦੇ ਖ਼ੁਸ਼ ਰਹਿਣ ਦੇ। ਉਹ ਜਿਵੇਂ ਰਹਿਣਾ, ਕਰਨਾ ਚਾਹੁੰਦੀ ਹੈ ਕਰਨ ਦਿਓ। ਇਹ ਸਮਾਂ ਮੁੜ ਕੇ ਨਹੀਂ ਆਉਂਦਾ।’’

ਗੁਲਾਬੀ ਮੌਸਮ ਸੀ। ਸ਼ਾਦੀ ਦੀ ਐਲਬਮ ਅਤੇ ਹਾਰਡ ਡਿਸਕ ਵਿੱਚ ਵੀਡੀਓ ਆ ਗਈ ਸੀ। ਵੱਟਸਐਪ ਦੇ ਸਟੇਟਸ ’ਤੇ ਵਿਆਹ ਦੀਆਂ ਤਸਵੀਰਾਂ ਲਾਉਂਦੇ ਹੋਏ ਮੈਂ ਸਭ ਦੇ ਸਟੇਟਸ ਦੇਖਣੇ ਸ਼ੁਰੂ ਕੀਤੇ... ਗੁਰਮੀਤ ਦੀ ਮੰਮੀ ਦਾ ਸਟੇਟਸ ਦੇਖਿਆ... ਮੇਰੀ ਧੀ ਮੇਰਾ ਮਾਣ!... ਅਤੇ ਦੁਲਹਨ ਬਣੀ ਗੁਰਮੀਤ ਦੀ ਤਸਵੀਰ ਲੱਗੀ ਸੀ। ਪੜ੍ਹ ਕੇ ਚੰਗਾ ਲੱਗਿਆ। ਹਰ ਮਾਪੇ ਘਰ ਅਜਿਹੀ ਧੀ ਹੋਵੇ ਤਾਂ ਮਾਣ ਤਾਂ ਮਹਿਸੂਸ ਹੋਵੇਗਾ ਹੀ... ਪੜ੍ਹੀ-ਲਿਖੀ, ਸੁੰਦਰ, ਸਿਆਣੀ, ਸਮਝਦਾਰ... ਅਸੀਂ ਧੰਨ ਹੋ ਗਏ ਹਾਂ ਅਜਿਹੀ ਨੂੰਹ ਮਿਲਣ ’ਤੇ।

ਅਗਲਾ ਸਟੇਟਸ ਸੀ ‘ਕਿਸਮਤ ਵਾਲੇ ਹੁੰਦੇ ਹਨ,

ਜਿਨ੍ਹਾਂ ਦੇ ਘਰ ਧੀਆਂ ਹੋਣ। ਰੱਬ ਹਰ ਕਿਸੇ ਦੇ ਘਰ ਧੀਆਂ ਨਹੀਂ ਦਿੰਦਾ।’

ਮਨ ਉਦਾਸ ਹੋ ਗਿਆ। ਸ਼ਾਇਦ ਮੈਂ ਅਭਾਗਣ ਹਾਂ, ਮੇਰੇ ਘਰ ਧੀ ਪੈਦਾ ਨਾ ਹੋਈ, ਪਰ ਇਹ ਗੱਲ ਮੇਰੇ ਵੱਸ ਵਿੱਚ ਨਹੀਂ ਸੀ। ਚਾਹਿਆ ਤਾਂ ਮੈਂ ਵੀ ਸੀ ਕਿ ਇੱਕ ਧੀ ਹੋਵੇ, ਇੱਕ ਪੁੱਤਰ ਹੋਵੇ ਤਾਂ ਪਰਿਵਾਰ ਮੁਕੰਮਲ! ਮੇਰਾ ਮਨ ਉਦਾਸ ਹੋ ਗਿਆ।

ਮੇਰੀ ਕੁੜਮਣੀ ਦੋ ਧੀਆਂ ਦੀ ਮਾਂ ਹੈ, ਇਸ ਲਈ

ਵੱਧ ਭਾਵੁਕ ਵੀ ਹੈ। ਮੈਂ ‘ਚਲੋ ਛੱਡੋ’ ਸੋਚ ਕੇ ਗਰਦਨ ਨੂੰ ਝਟਕਾ ਦਿੱਤਾ। ਗੁਰਮੀਤ ਦਾ ਵਿਹਾਰ ਮੇਰੇ ਨਾਲ ਬਹੁਤ ਮੁਹੱਬਤ ਭਰਿਆ ਸੀ। ਮੰਮਾ-ਮੰਮਾ ਕਹਿੰਦੀ ਮੇਰੇ ਕੋਲ ਆਉਂਦੀ ਤਾਂ ਮੈਂ ਵੀ ਦੋਵੇਂ ਬਾਹਾਂ ਖੋਲ੍ਹ ਕੇ ਉਸ ਨੂੰ ਗਲ਼ ਲਾ ਲੈਂਦੀ। ਕਿੰਨਾ ਸੁੰਦਰ ਅਹਿਸਾਸ ਹੋਣ ਲੱਗਾ ਸੀ, ਹੁਣ ਉਹ ਤੇ ਮੈਂ, ਇੱਕ ਤੇ ਇੱਕ ਗਿਆਰਾਂ ਹੋ ਗਈਆਂ ਸਾਂ। ਸੰਨੀ ਜਦੋਂ ਆਪਣੇ ਪਾਪਾ ਨਾਲ ਮਿਲ ਕੇ ਮੈਨੂੰ ਚਿੜਾਉਂਦਾ ਤਾਂ ਮੈਂ ਅਕਸਰ ਕਿਹਾ ਕਰਦੀ ਸੀ ਕਿ ਆਉਣ ਦਿਓ ਇਸ ਦੀ ਵਹੁਟੀ ਨੂੰ... ਫਿਰ ਘਰ ਵਿੱਚ ਕਿਸੇ ਦੀ ਨਹੀਂ ਚੱਲੇਗੀ, ਤਾਂ ਸਾਰੇ ਠਹਾਕੇ ਲਗਾ ਕੇ ਹੱਸਣ ਲੱਗਦੇ ਸਨ।

ਮੈਨੂੰ ਯਾਦ ਆਇਆ ਕਿ ਜਦੋਂ ਵਿਆਹ ਮਗਰੋਂ ਮੈਂ ਸਹੁਰੇ ਘਰ ਆਈ ਸੀ ਤਾਂ ਮੇਰੇ ਕੋਲ ਨਾ ਟੀਵੀ ਸੀ, ਨਾ ਕਿਤਾਬਾਂ ਤੇ ਨਾ ਹੀ ਫੋਨ। ਸਰਦਾਰ ਜੀ ਜਦੋਂ ਆਪਣੀ ਪੋਸਟ ’ਤੇ ਚਲੇ ਜਾਂਦੇ ਤਾਂ ਮੈਂ ਦਾਰ ਜੀ ਤੇ ਬੀਜੀ ਦੇ ਸਹਾਰੇ ਦਿਨ-ਰਾਤ ਕੱਟਦੀ। ਮਹੀਨੇ ਦੇ ਪਹਿਲੇ ਸ਼ਨਿਚਰਵਾਰ ਦੀ ਉਡੀਕ ਮੇਰੇ ਅੰਦਰ ਊਰਜਾ ਭਰ ਦਿੰਦੀ। ਉਸ ਦੌਰ ਦੀਆਂ ਲੜਕੀਆਂ ਸਹੁਰੇ ਘਰ ਅਤੇ ਪਤੀ ਤੋਂ ਅੱਗੇ ਕੁਝ ਸੋਚ ਹੀ ਨਹੀਂ ਸਨ ਸਕਦੀਆਂ। ਉਨ੍ਹਾਂ ਦੀ ਜ਼ਿੰਦਗੀ ਵਿੱਚ ਪੇਕੇ ਇਕਦਮ ਪਰਾਏ ਹੋ ਜਾਇਆ ਕਰਦੇ ਸਨ। ਉਨ੍ਹਾਂ ਦਾ ਆਪਣਾ ਕੋਈ ਘਰ ਨਹੀਂ ਹੁੰਦਾ ਸੀ। ਪਰਾਏ ਘਰ ਤੋਂ ਆਈ ਲੜਕੀ ਪਰਾਏ ਘਰ ਦੀ ਨੂੰਹ ਬਣ ਜਾਇਆ ਕਰਦੀ ਸੀ, ਪਰ ਗੁਰਮੀਤ ਨੂੰ ਕਦੇ ਅਜਿਹਾ ਅਹਿਸਾਸ ਨਹੀਂ ਹੋਵੇਗਾ। ਇਹ ਘਰ ਓਨਾ ਹੀ ਗੁਰਮੀਤ ਦਾ ਹੈ, ਜਿੰਨਾ ਮੇਰਾ। ਬੱਸ ਗੁਰਮੀਤ ਵੀ ਮੈਨੂੰ ਓਨਾ ਹੀ ਪਿਆਰ ਕਰੇ, ਜਿੰਨਾ ਸੰਨੀ ਮੈਨੂੰ ਕਰਦਾ ਹੈ।

ਮੈਂ ਜਾਣਦੀ ਸੀ, ਮੈਂ ਗੁਰਮੀਤ ਦੀ ਮਾਂ ਨਹੀਂ ਹਾਂ, ਇਸ ਲਈ ਮੈਨੂੰ ਗੁਰਮੀਤ ਦਾ ਸੁਭਾਅ, ਪਸੰਦ ਤੇ ਨਾਪਸੰਦ ਨੂੰ ਸਮਝਣ ਵਿੱਚ ਸਮਾਂ ਲੱਗੇਗਾ। ਉਸ ਨੇ ਮੇਰੇ ਪੁੱਤਰ ਨਾਲ ਆਪਣੇ ਨਵੇਂ ਘਰ ਵਿੱਚ ਰਹਿਣਾ ਹੈ ਤਾਂ ਮੈਨੂੰ ਵੀ ਉਸ ਨਾਲ ਤਾਲਮੇਲ ਬਣਾਉਣ ਵਿੱਚ ਸਮਾਂ ਲੱਗੇਗਾ। ਮੇਰਾ ਪੁੱਤਰ ਬਹੁਤ ਖ਼ੁਸ਼ ਸੀ ਅਤੇ ਮੈਂ ਉਨ੍ਹਾਂ ਦੋਵਾਂ ਨਾਲ ਖ਼ੁਸ਼ ਸੀ। ਬਾਕੀ ਘਰ ਮੈਨੂੰ ਖ਼ੁਸ਼ ਦੇਖ ਕੇ ਖ਼ੁਸ਼ ਸੀ।

ਗੁਰਮੀਤ ਨਾਲ ਸ਼ਾਪਿੰਗ ਕਰਨ ਜਾਣਾ, ਗੁਰਮੀਤ ਨਾਲ ਹੀ ਕਿੱਟੀ ਜਾਣਾ, ਗੁਰਮੀਤ ਦੇ ਨਾਲ ਹੀ ਸ਼ਿਮਲੇ, ਕਸੌਲੀ ਜਾਂ ਨੈਨੀਤਾਲ ਜਾਣਾ। ਸਾਡੀ ਦੋਵਾਂ ਦੀ ਜ਼ਿੰਦਗੀ ਗੁਰਮੀਤ ਦੇ ਆਲੇ-ਦੁਆਲੇ ਘੁੰਮ ਰਹੀ ਸੀ। ਯਾਦ ਆਇਆ ਉਹ ਦਿਨ, ਜਦੋਂ ਸਵੇਰੇ ਦਸ ਵਜੇ ਤੱਕ ਗੁਰਮੀਤ ਕਮਰੇ ਤੋਂ ਬਾਹਰ ਨਾ ਆਈ ਤਾਂ ਮੈਂ ਵੀ ‘ਕੋਈ ਨਾ, ਬੱਚੀ ਹੈ’ ਸੋਚ ਕੇ ਉਸ ਨੂੰ ਜਗਾਇਆ ਨਾ, ਉਦੋਂ ਹੀ ਮੈਨੂੰ ਕੁੜਮਣੀ ਦਾ ਫੋਨ ਆ ਗਿਆ, “ਭੈਣ ਜੀ, ਨਮਸਤੇ ਜੀ, ਜ਼ਰਾ ਦੇਖੋ ਜਾ ਕੇ। ਅੱਜ ਗੁੰਜਨ ਨੂੰ ਸਿਰ ਦਰਦ ਬਹੁਤ ਜ਼ਿਆਦਾ ਹੈ, ਉਸ ਨੂੰ ਇਲਾਇਚੀ, ਅਦਰਕ, ਦਾਲਚੀਨੀ ਵਾਲੀ ਚਾਹ ਦੇਣਾ। ਉਸ ਦਾ ਬੁਖ਼ਾਰ, ਸਿਰ ਦਰਦ ਉਸੇ ਨਾਲ ਠੀਕ ਹੋਵੇਗਾ। ਮੈਂ ਦੁਪਹਿਰ ਮਗਰੋਂ ਆਉਂਦੀ ਹਾਂ, ਉਸ ਨੂੰ ਡਾਕਟਰ ਨੂੰ ਦਿਖਾ ਦਿੰਦੇ ਹਾਂ।”

ਮੈਂ ਹੈਰਾਨ ਹੋ ਕੇ ਗੁਰਮੀਤ ਦੇ ਕਮਰੇ ਵਿੱਚ ਗਈ। ਉੱਥੇ ਗੁਰਮੀਤ ਹੰਝੂਆਂ ਨਾਲ ਭਰੇ ਸਿਰਹਾਣੇ ਵਿੱਚ ਮੂੰਹ ਲੁਕਾਈ ਉਲਟੀ ਲੇਟੀ ਸੀ ਤੇ ਮੇਰੇ ਆਵਾਜ਼ ਦਿੰਦਿਆਂ ਹੀ ਉੱਠ ਖੜ੍ਹੀ ਹੋਈ ਤੇ ਮੇਰੇ ਗਲ਼ ਲੱਗ ਕੇ ਬੋਲੀ, “ਮੰਮਾ, ਅੱਜ ਸਵੇਰ ਤੋਂ ਹੀ ਮੇਰਾ ਬਹੁਤ ਸਿਰ ਦਰਦ ਹੋ ਰਿਹਾ ਏ। ਮੈਨੂੰ ਆਪਣੀ ਮੰਮੀ ਦੀ ਯਾਦ ਆ ਰਹੀ ਏ। ਮੇਰੀ ਮੰਮੀ ਵੀ ਰਾਤ ਮੈਨੂੰ ਯਾਦ ਕਰ ਕੇ ਰੋ ਰਹੀ ਸੀ। ਪਲੀਜ਼, ਮੈਂ ਮੰਮੀ ਕੋਲ ਘਰ ਜਾਣਾ ਹੈ, ਮੈਨੂੰ ਮੇਰੀ ਦੀਦੀ ਦੀ ਵੀ ਯਾਦ ਆ ਰਹੀ ਏ।”

ਮੇਰਾ ਵੀ ਰੋਣਾ ਨਿਕਲ ਆਇਆ। ਵਿਚਾਰੀ ਬੱਚੀ... ਅਜੇ ਹੁਣੇ ਤਾਂ ਉਸ ਦਾ ਵਿਆਹ ਹੋਇਆ ਹੈ। ਮਾਂ ਤਾਂ ਮਾਂ ਹੀ ਹੁੰਦੀ ਹੈ। ਮੈਂ ਝੱਟ ਆਪਣੇ ਕੱਪੜੇ ਬਦਲੇ, ਉਸ ਨੂੰ ਚਾਹ ਪਿਲਾਈ ਤੇ ਡਾਕਟਰ ਦੇ ਲੈ ਗਈ। ਉੱਥੋਂ ਆ ਕੇ ਉਸ ਨੂੰ ਉਸ ਦੇ ਪੇਕੀਂ ਅੰਬਾਲੇ ਛੱਡ ਆਈ। ਇਹ ਵੀ ਕਹਿ ਦਿੱਤਾ ਕਿ ਜਦੋਂ ਮਨ ਅਤੇ ਤਬੀਅਤ ਠੀਕ ਹੋਏ ਤਾਂ ਫੋਨ ਕਰ ਦੇਣਾ। ਅਸੀਂ ਤੈਨੂੰ ਆ ਕੇ ਲੈ ਜਾਵਾਂਗੇ।

ਖ਼ਾਮੋਸ਼ੀ ਦੇ ਭਾਰ ਹੇਠ ਦੱਬੇ ਅਸੀਂ ਦੋਵੇਂ ਘਰ ਪਰਤ ਰਹੇ ਸਾਂ, ਜਿਵੇਂ ਸ਼ਾਂਤ ਸੜਕ ਉੱਤੇ ਕੋਈ ਤੇਜ਼ ਆਵਾਜ਼ ਵਾਲੀ ਗੱਡੀ ਸ਼ੋਰ ਮਚਾਉਂਦੀ ਸਾਥੋਂ ਅੱਗੇ ਲੰਘੀ ਹੋਵੇ। ਸਰਦਾਰ ਜੀ ਨੂੰ ਬੁਰਾ ਲੱਗਿਆ ਸੀ ਕਿ ਗੁਰਮੀਤ ਨੇ ਸਿਰ ਦਰਦ ਅਤੇ ਬੁਖ਼ਾਰ ਬਾਰੇ ਸਾਨੂੰ ਕਿਉਂ ਨਹੀਂ ਦੱਸਿਆ, ਸਿੱਧੇ ਆਪਣੇ ਮਾਪਿਆਂ ਨੂੰ ਫੋਨ ਕੀਤਾ। ਸੰਨੀ ਤਾਂ ਸੋਚੇਗਾ ਨਾ ਕਿ ਅਸੀਂ ਉਸ ਦੀ ਵਹੁਟੀ ਦਾ ਖ਼ਿਆਲ ਨਹੀਂ ਰੱਖਿਆ। ਅਸੀਂ ਤਾਂ ਆਪਣੀ ਧੀ ਵਾਂਗ ਹੀ ਪਿਛਲੇ ਚਾਰ ਮਹੀਨਿਆਂ ਤੋਂ ਉਸ ਦੇ ਅੱਗੇ-ਪਿੱਛੇ ਘੁੰਮ ਰਹੇ ਹਾਂ।

ਕੀ ਕਹਿੰਦੀ... ਬੁਰਾ ਤਾਂ ਮੈਨੂੰ ਵੀ ਲੱਗਾ ਸੀ, ਪਰ ਕੁਝ ਕਹਿੰਦੀ ਤਾਂ ਬੁਰੀ ਬਣ ਜਾਂਦੀ, ਸੱਸ ਹਾਂ ਨਾ... ਸੱਸ ਤਾਂ ਸੋਨੇ ਦੀ ਵੀ ਬੁਰੀ ਹੁੰਦੀ ਹੈ। ਵੈਸੇ ਵੀ ਪੰਜਾਬੀ ’ਚ ਕਹਿੰਦੇ ਨੇ ‘ਸੱਸ ਜਾਂ ਤਾਂ ਚੰਗੀ ਹੋਵੇ ਜਾਂ ਫਿਰ ਫੋਟੋ ’ਚ ਟੰਗੀ ਹੋਵੇ।’

ਮੈਂ ਉਨ੍ਹਾਂ ਦਾ ਧੀਰਜ ਬੰਨ੍ਹਾਇਆ, ਹੌਸਲਾ ਦਿੱਤਾ ਕਿ ਹਾਲੇ ਨਵਾਂ-ਨਵਾਂ ਵਿਆਹ ਹੈ, ਆਪਣੇ ਮਾਪਿਆਂ ਤੇ ਭੈਣ ਨੂੰ ਤਾਂ ਯਾਦ ਕਰੇਗੀ ਹੀ।

“ਤੂੰ ਨਹੀਂ ਸਮਝ ਰਹੀ, ਕੱਲ੍ਹ ਰਾਤ ਗੁਰਮੀਤ ਦੇ ਪਾਪਾ ਦਾ ਵੀ ਫੋਨ ਆਇਆ ਸੀ ਕਿ ‘ਸਾਡਾ ਦਿਲ ਨਹੀਂ ਲੱਗ ਰਿਹਾ। ਜਦੋਂ ਤੱਕ ਸੰਨੀ ਨਹੀਂ ਆਉਂਦਾ ਗੁੰਜਨ ਨੂੰ ਸਾਡੇ ਕੋਲ ਰਹਿਣ ਦਿਓ’। ਮੈਂ ਵੀ ਕਹਿ ਦਿੱਤਾ ਕਿ ਸਾਡੇ ਘਰ ਵੀ ਪਹਿਲੀ ਵਾਰ ਧੀ ਆਈ ਹੈ, ਸਾਨੂੰ ਵੀ ਥੋੜ੍ਹਾ ਅਹਿਸਾਸ ਕਰ ਲੈਣ ਦਿਓ ਕਿ ਘਰ ਵਿੱਚ ਧੀਆਂ ਨਾਲ ਕਿੰਨੀ ਰੌਣਕ ਹੁੰਦੀ ਹੈ।’’

ਕੁੜਮ ਸਾਹਬ ਬੋਲੇ ਸਨ, “ਭਾਈ ਸਾਹਬ! ਤੁਸੀਂ ਪੁੱਤਰ ਵਾਲੇ ਹੋ। ਤੁਸੀਂ ਕੀ ਜਾਣੋ ਧੀ ਨੂੰ ਘਰੋਂ ਵਿਦਾ ਕਰਨਾ ਕਿੰਨਾ ਮੁਸ਼ਕਲ ਹੁੰਦਾ ਹੈ। ਤੁਹਾਡਾ ਪੁੱਤਰ ਤੁਹਾਡਾ ਹੀ ਰਹੇਗਾ, ਸਾਡੀ ਧੀ ਤਾਂ ਪਰਾਈ ਹੋ ਗਈ ਨਾ?”

ਸਰਦਾਰ ਜੀ ਤਾਂ ਆਪਣੀ ਗੱਲ ਕਹਿ ਕੇ ਚਲੇ ਗਏ, ਪਰ ਮੇਰਾ ਮਨ ਉੱਥੇ ਦਾ ਉੱਥੇ ਰੁਕ ਗਿਆ। ਪੁੱਤਰ ਅਤੇ ਧੀ ਨੂੰ ਬਰਾਬਰ ਕਹਿਣ ਵਾਲਾ ਸਾਡਾ ਸਮਾਜ ਕਦੋਂ ਇਨ੍ਹਾਂ ਪੁਰਾਣੇ ਸੰਸਕਾਰਾਂ ਦੀ ਜਕੜ ਵਿੱਚ ਆ ਜਾਂਦਾ ਹੈ, ਮੈਨੂੰ ਸਮਝ ਨਹੀਂ ਸੀ ਆ ਰਿਹਾ। ਹੋ ਸਕਦਾ ਹੈ, ਮੈਂ ਧੀ ਦੀ ਮਾਂ ਨਹੀਂ, ਇਸ ਲਈ ਉਨ੍ਹਾਂ ਦੇ ਅਹਿਸਾਸ ਘਟਾ ਕੇ ਦੇਖ ਰਹੀ ਹੋਵਾਂ, ਪਰ ਮੈਂ ਵੀ ਕਿਸੇ ਦੀ ਧੀ ਹਾਂ, ਕਿਸੇ ਦੀ ਭੈਣ ਹਾਂ।

ਅੱਜਕੱਲ੍ਹ ਧੀਆਂ ਹੀ ਨਹੀਂ ਪੁੱਤਰ ਵੀ ਵਿਦਾ ਹੁੰਦੇ ਹਨ। ਧੀਆਂ ਦੀ ਵਿਦਾਈ ਨੂੰ ਹਮੇਸ਼ਾ ਉਸਦੇ ਮਾਂ-ਬਾਪ ਦੇ ਭਾਵੁਕ ਪੱਖ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਪਰ ਪੁੱਤਰ ਵੀ ਹੁਣ ਕਦੋਂ ਆਪਣੇ ਮਾਪਿਆਂ ਨਾਲ ਉਮਰ ਭਰ ਰਹਿੰਦੇ ਹਨ? ਪੁੱਤਰ ਸਿੱਧੇ ਰੂਪ ਵਿੱਚ ਆਪਣੇ ਮਾਪਿਆਂ ਦਾ ਘਰ ਨਹੀਂ ਛੱਡਦਾ, ਪਰ ਸਕੂਲ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਪੁੱਤਰ ਵੀ ਪਰਾਏ ਹੋ ਜਾਂਦੇ ਹਨ। ਕਾਲਜ ਦੀ ਪੜ੍ਹਾਈ, ਫਿਰ ਨੌਕਰੀ ਲਈ ਦੂਜੇ ਸ਼ਹਿਰ ਜਾਣਾ, ਵਿਆਹ ਮਗਰੋਂ ਆਪਣਾ ਘਰ ਵਸਾਉਣਾ। ਜੋ ਪੁੱਤਰ ਮਾਂ ਦੀ ਚੁੰਨੀ ਨਾਲ ਹੱਥ ਪੂੰਝ ਲੈਂਦਾ ਸੀ, ਜੋ ਪੁੱਤਰ ਅੱਧੀ ਰਾਤ ਮਾਂ ਨੂੰ ਜਗਾ ਕੇ ਮੈਗੀ ਬਣਵਾਉਂਦਾ ਸੀ, ਪਿਤਾ ਨਾਲ ਹਰ ਰੋਜ਼ ਚਾਹ-ਕੌਫੀ ਪੀਂਦਿਆਂ ਉਨ੍ਹਾਂ ਦੇ ਸੜ੍ਹਾਕਿਆਂ ’ਤੇ ਨਾਰਾਜ਼ ਹੁੰਦਾ ਸੀ, ਉਨ੍ਹਾਂ ਦੀ ਵ੍ਹਿਸਕੀ ਵਿੱਚ ਪਾਣੀ ਮਿਲਾ ਦਿੰਦਾ ਸੀ। ਇਸ ਮੋੜ ’ਤੇ ਆ ਕੇ ਉਸ ਦੀਆਂ ਤਰਜੀਹਾਂ ਬਦਲ ਜਾਂਦੀਆਂ ਹਨ। ਹੁਣ ਉਸ ਦੀ ਪਤਨੀ ਅਤੇ ਉਸ ਦਾ ਪਰਿਵਾਰ ਵੀ ਉਸ ਦੀ ਤਰਜੀਹ ਵਿੱਚ ਉਸੇ ਤਰ੍ਹਾਂ ਸ਼ਾਮਲ ਹੋ ਜਾਂਦਾ ਹੈ, ਜਿਵੇਂ ਲੜਕੀ ਦੀ ਤਰਜੀਹ ਉਸ ਦਾ ਪਤੀ ਤੇ ਸਹੁਰਾ ਘਰ ਹੋ ਜਾਂਦਾ ਹੈ, ਤਾਂ ਦੋਵਾਂ ਵਿੱਚ ਫਰਕ ਕਿੱਥੇ ਹੋਇਆ? ਹੁਣ ਲੜਕੇ ਤੇ ਲੜਕੀ ਦਾ ਪਾਲਣ-ਪੋਸ਼ਣ ਬਰਾਬਰ ਕੀਤਾ ਜਾਂਦਾ ਹੈ। ਪਹਿਲਾਂ ਵਾਲੇ ਭੇਦ-ਭਾਵ ਗਏ। ਸਹੁਰੇ ਘਰ ਵੀ ਹੁਣ ਬਹੂਆਂ ਬੇਟੀਆਂ ਦੇ ਬਰਾਬਰ ਹੱਕ ਨਾਲ ਰਹਿੰਦੀਆਂ ਹਨ। ਫਿਰ ਪੁੱਤਰ ਦਾ ਵਿਦਾ ਕਰਨਾ ਉਸ ਦੇ ਮਾਪਿਆਂ ਲਈ ਭਾਵੁਕ ਪਲ ਕਿਉਂ ਨਹੀ? ਕਿਉਂਕਿ ਲੜਕੇ ਆਪਣੀਆਂ ਭਾਵਨਾਵਾਂ ਦਾ ਦਿਖਾਵਾ ਨਹੀਂ ਕਰਦੇ। ਲੜਕੇ ਕਦੀ ਸਟੇਟਸ ਨਹੀਂ ਲਗਾਉਂਦੇ... ‘ਮੰਮੀ-ਪਾਪਾ ਮਿਸਿੰਗ ਯੂ’, ਪੁੱਤਰ ਦੇ ਮੰਮੀ-ਪਾਪਾ ਉਸ ਨੂੰ ਕਦੀ ਨਹੀਂ ਕਹਿੰਦੇ, ‘ਪੁੱਤਰ ਮਿਸਿੰਗ ਯੂ’... ਪੁੱਤਰ ਦੇ ਮਾਪਿਆਂ ਦੇ ਮਨ ਵਿੱਚ ਇੱਕ ਅਣਕਿਹਾ ਖਾਲੀਪਣ ਹੁੰਦਾ ਹੈ ਕਿ ਹੁਣ ਉਨ੍ਹਾਂ ਦਾ ਪੁੱਤਰ ਉਨ੍ਹਾਂ ਤੋਂ ਵੱਖ ਆਪਣੀ ਨਵੀਂ ਦੁਨੀਆ ਵਿੱਚ ਰੁੱਝ ਗਿਆ ਹੈ। ਮੈਂ ਸੋਚਦੀ ਹਾਂ ਕਿ ਇਹ ਕੁਝ ਹੋਣਾ ਵੀ ਚਾਹੀਦਾ ਹੈ। ਵਾਰ-ਵਾਰ ‘ਮਿਸਿੰਗ ਯੂ’ ਕਹਿ ਕੇ ਉਸ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ। ਹੁਣ ਉਸਦੀ ਝੋਲੀ ਵਿੱਚ ਨਵੀਆਂ ਜ਼ਿੰਮੇਵਾਰੀਆਂ ਹਨ। ਉਸ ਨੇ ਉਨ੍ਹਾਂ ਨੂੰ ਪੂਰਾ ਕਰਨਾ ਹੈ।

ਲੋਕ ਕਹਿੰਦੇ ਹਨ... ਮਾਂ ਸਭ ਤੋਂ ਵੱਧ ਪੁੱਤਰ ਨਾਲ ਜੁੜੀ ਹੁੰਦੀ ਹੈ, ਪਰ ਇਹ ਕੋਈ ਨਹੀਂ ਜਾਣਦਾ ਕਿ ਜਦੋਂ ਪੁੱਤਰ ਦਾ ਘਰ ਵਸ ਜਾਂਦਾ ਹੈ ਤਾਂ ਇਹ ਰਿਸ਼ਤਾ ਖ਼ਾਮੋਸ਼ੀ ਅਖ਼ਤਿਆਰ ਕਰ ਲੈਂਦਾ ਹੈ। ਮੈਂ ਸੰਨੀ ਦੀ ਕਾਲ ਆਉਣ ’ਤੇ ਕਦੇ ਚਹਿਕ ਕੇ ਫੋਨ ਨਾ ਚੁੱਕਦੀ, ਗੁਰਮੀਤ ਨੂੰ ਕਹਿ ਦਿੰਦੀ ਕਿ ਉਹ ਗੱਲ ਕਰ ਲਵੇ, ਓਨੀ ਦੇਰ ਮੈਂ ਚਾਹ ਬਣਾ ਲਿਆਉਂਦੀ ਹਾਂ। ਮੈਂ ਉਸ ਦੀ ਤਸਵੀਰ ਦੇਖ ਕੇ ਰੁਕ ਜਾਂਦੀ, ਪਰ ਉਸ ਨੂੰ ਕਦੀ ਕਹਿ ਨਾ ਸਕਦੀ... ਜਲਦੀ ਆ ਜਾ ਪੁੱਤਰ... ਤੇਰੀ ਬਹੁਤ ਯਾਦ ਆਉਂਦੀ ਹੈ... ਹੁਣ ਵੀ ਆਪਣੀ ਅਲਮਾਰੀ ਉਵੇਂ ਫੈਲਾ ਕੇ ਰੱਖਦਾ ਏਂ?

ਪੁੱਤਰ ਦੇ ਵਿਆਹ ਮਗਰੋਂ ਮਾਵਾਂ ਨੇ ਮਜ਼ਬੂਤ ਹੋਣਾ ਹੁੰਦਾ ਹੈ। ਉਦੋਂ ਸੰਵੇਦਨਸ਼ੀਲ ਪੀੜ ਦਾ ਅਹਿਸਾਸ ਹੁੰਦਾ ਹੈ, ਚਾਹੇ ਪੁੱਤਰ ਕੰਧ ਤੋਂ ਪਾਰ ਦੂਜੇ ਕਮਰੇ ਵਿੱਚ ਵੀ ਕਿਉਂ ਨਾ ਬੈਠਾ ਹੋਵੇ।

ਮੇਰੇ ਮਨ ਵਿੱਚੋਂ ਗੁਰਮੀਤ ਲਈ ਪਿਆਰ ਦਾ ਵੇਗ ਉੱਠਿਆ ਕਿ ਉਸ ਦੀਆਂ ਜੜ੍ਹਾਂ ਉਸ ਨੂੰ ਆਪਣੇ ਵੱਲ ਬੁਲਾ ਰਹੀਆਂ ਹਨ। ਅਜਿਹੇ ਵੇਲੇ ਉਸ ਦਾ ਉਦਾਸ ਹੋਣਾ ਲਾਜ਼ਮੀ ਹੈ। ਪਰ ਜੜ੍ਹਾਂ ਨੂੰ ਵੀ ਚਾਹੀਦਾ ਹੈ ਕਿ ਹੁਣ ਉਹ ਉਸ ਦੀ ਆਜ਼ਾਦ ਹੋਂਦ ਨੂੰ ਵਧਣ-ਫੁੱਲਣ ਦੇਣ।

ਗੁਰਮੀਤ ਅਗਲੇ ਦਿਨ ਖਿੜਖਿੜਾਉਂਦੀ ਹੋਈ ਵਾਪਸ ਆ ਗਈ, ਪਰ ਮੇਰਾ ਮਨ ਉਦਾਸ ਹੋ ਗਿਆ ਸੀ ਕਿ ਮੈਂ ਆਪਣੀ ਜਾਨ ਵੀ ਵਾਰ ਦਿਆਂਗੀ ਤਾਂ ਵੀ ਮਾਂ ਨਹੀਂ ਸੱਸ ਹੀ ਬਣੀ ਰਹਾਂਗੀ, ਯਾਨੀ ਮੈਨੂੰ ਕਈ ਨਿਯਮਾਂ ਨਾਲ ਆਪਣੇ ਆਪ ਨੂੰ ਬੰਨ੍ਹ ਕੇ ਰੱਖਣਾ ਹੋਵੇਗਾ, ਪੁੱਤਰ ਦੀ ਗ੍ਰਹਿਸਥੀ ਤੋਂ ਦੂਰ, ਬਿਨਾਂ ਭਾਵੁਕ ਹੋਏ ਆਪਣੇ ਪੁੱਤਰ ਨੂੰ ਵਿਦਾ ਕਰਨਾ ਪਵੇਗਾ।

ਆਪਣੇ ਮਨ ਦੇ ਇਸ ਫਜ਼ੂਲ ਰੋਸ ਉੱਤੇ ਮੈਨੂੰ ਗੁੱਸਾ ਆਇਆ ਅਤੇ ਮੈਂ ਸ਼ੀਸ਼ੇ ਅੱਗੇ ਖੜ੍ਹੀ ਹੋ ਕੇ ਅਜਿਹੀ ਸੋਚ ਕਾਰਨ ਖ਼ੁਦ ਨੂੰ ਝੰਜੋੜਿਆ ਤੇ ਗੁਰਮੀਤ ਦੇ ਮਨਪਸੰਦ ਪਨੀਰ ਲਾਲੀਪੌਪ ਬਣਾਉਣ ਲੱਗੀ।

“ਮੰਮਾ, ਸੰਨੀ ਨੂੰ ਘਰ ਮਿਲ ਗਿਆ ਹੈ। ਉਸ ਨੇ ਅੱਜ ਹੀ ਫਰਿੱਜ, ਵਾਸ਼ਿੰਗ ਮਸ਼ੀਨ ਅਤੇ ਬੈੱਡ ਖਰੀਦ ਲਏ ਹਨ। ਮੇਰੀ ਮੰਮਾ ਨੇ ਕਿਹਾ ਵੀ ਕਿ ਵੱਡਾ ਘਰ ਲੈ ਲਵੋ, ਅਸੀਂ ਹੈਲਪ ਕਰ ਦਿਆਂਗੇ। ਪਰ ਅਜੇ ਉਸ ਨੂੰ ਰਹਿਣ ਲਈ ਬੇਸਮੈਂਟ ਹੀ ਮਿਲੀ ਹੈ।”

“ਵਾਹ! ਚਲੋ ਠੀਕ ਹੈ। ਜੋ ਉਸ ਨੂੰ ਚੰਗਾ ਲੱਗਾ ਹੋਵੇਗਾ, ਲੈ ਲਿਆ।” ਮੈਂ ਕਹਿ ਦਿੱਤਾ। ਪਰ ਇਹ ਗੱਲ ਕਿ ਇਸ ਸਾਮਾਨ ਲਈ ਸੰਨੀ ਨੂੰ ਪੈਸੇ ਮੈਂ ਹੀ ਦਿੱਤੇ ਸੀ, ਕਹਿੰਦੀ-ਕਹਿੰਦੀ ਰੁਕ ਗਈ। ਆਖ਼ਰ ਪੁੱਤਰ ਨੂੰ ਹੀ ਤਾਂ ਦਿੱਤੇ ਸਨ, ਕੋਈ ਅਹਿਸਾਨ ਥੋੜ੍ਹਾ ਕੀਤਾ ਸੀ ਤਾਂ ਫਿਰ ਦੱਸਣਾ ਜਾਂ ਸੁਣਾਉਣਾ ਕਿਉਂ?

ਮੈਨੂੰ ਹੌਲੀ-ਹੌਲੀ ਅਹਿਸਾਸ ਹੋਣ ਲੱਗਾ ਕਿ ਮੈਂ ਆਪਣਾ ਪੁੱਤਰ ਦੇ ਕੇ ਧੀ ਨਹੀਂ ਲਈ, ਪਰ ਪੁੱਤਰ ਦੇ ਕੇ ਖਾਲੀ ਹੋ ਗਈ ਹਾਂ। ਧੀ ਵਾਲੇ ਨੂੰ ਪੁੱਤਰ ਮਿਲ ਜਾਂਦਾ ਹੈ, ਪਰ ਧੀਆਂ ਫਿਰ ਵੀ ਮਾਵਾਂ ਦੀਆਂ ਹੀ ਰਹਿੰਦੀਆਂ ਹਨ। ਅਜਿਹੀ ਗੱਲ ਨਹੀਂ ਸੀ ਕਿ ਗੁਰਮੀਤ ਦੇ ਪਿਆਰ ਵਿੱਚ ਕੋਈ ਫਰਕ ਸੀ ਜਾਂ ਸੰਨੀ ਦਾ ਪਿਆਰ ਘਟ ਗਿਆ ਸੀ। ਬੱਸ! ਜੋ ਬਚਪਨ ਤੋਂ ਸੁਣਦੀ ਆ ਰਹੀ ਸੀ ਧੀ ਦੀ ਵਿਦਾਈ... ਮੈਨੂੰ ਤਾਂ ਮੇਰੇ ਪੁੱਤਰ ਦੀ ਵਿਦਾਈ ਜ਼ਿਆਦਾ ਲਗਦੀ ਸੀ।

ਪੁੱਤਰ ਓਦਾਂ ਵੀ ਬੜਬੋਲੇ ਨਹੀਂ ਹੁੰਦੇ। ਮਰਦਾਂ ਨੂੰ ਬਚਪਨ ਤੋਂ ਹੀ ਭਾਵਨਾਵਾਂ ਦਾ ਇਜ਼ਹਾਰ ਕਰਨਾ ਨਹੀਂ ਸਿਖਾਇਆ ਜਾਂਦਾ। ਮਰਦ ਕਦੀ ਆਪਣੇ ਮਨ ਦੀ ਗੱਲ ਕਿਸੇ ਨੂੰ ਦੱਸਦੇ ਵੀ ਨਹੀਂ, ਕਦੀ ਰੋਂਦੇ ਨਹੀਂ, ਸ਼ਾਇਦ ਮਰਦ ਭਾਵੁਕ ਨਹੀਂ ਹੁੰਦੇ, ਮਜ਼ਬੂਤ ਹੁੰਦੇ ਹਨ, ਸ਼ਾਇਦ ਇਸੇ ਲਈ ਸੰਨੀ ਵੀ ਚੁੱਪ ਧਾਰੀ ਰੱਖਦਾ। ਚੁੱਪ-ਚੁਪੀਤਾ ਤੇ ਗੰਭੀਰ ਤਾਂ ਉਹ ਪਹਿਲਾਂ ਤੋਂ ਹੀ ਸੀ, ਹੁਣ ਉਹ ਹੋਰ ਵੀ ਚੁੱਪ ਹੋ ਗਿਆ। ਉਸ ਦੀਆਂ ਅੱਖਾਂ ਬੋਲਦੀਆਂ ਸਨ, ਬੱਸ! ... ਇੰਝ ਲੱਗਦਾ, ਜਿਵੇਂ ਕੁਝ ਕਹਿਣਾ ਚਾਹੁੰਦਾ ਹੋਵੇ, ਪਰ ਕਹਿੰਦਾ ਨਹੀਂ... ਮੈਂ ਵੀ ਉਸ ਨੂੰ ਕੁਰੇਦ ਕੇ ਕੁਝ ਪੁੱਛਣਾ ਨਹੀਂ ਚਾਹੁੰਦੀ ਤਾਂ ਕਿ ਉਸ ਉੱਤੇ ਮੰਮਾ’ਜ਼ ਬੁਆਏ ਹੋਣ ਦਾ ਠੱਪਾ ਨਾ ਲੱਗ ਜਾਵੇ, ਇਸੇ ਕਰ ਕੇ ਚੁੱਪ ਵੱਟ ਲੈਂਦੀ। ਲੜਕੀਆਂ ਆਪਣੀ ਮੰਮੀ ਨੂੰ ਆਪਣੇ ਮਨ ਦੀਆਂ, ਘਰ ਦੀਆਂ, ਪਤੀ ਦੀਆਂ ਸਭ ਗੱਲਾਂ ਦੱਸ ਦਿੰਦੀਆਂ ਹਨ, ਪਰ ਜੇ ਇਹੀ ਸਭ ਕੁਝ ਲੜਕਾ ਕਰੇ ਤਾਂ ਸਭ ਜਾਣਦੇ ਹਨ ਕਿ ਅਜਿਹੇ ਲੜਕੇ ਨੂੰ ਕਿਸ ਵਿਸ਼ੇਸ਼ਣ ਨਾਲ ਨਿਵਾਜਿਆ ਜਾਂਦਾ ਹੈ। ਮੈਂ ਨਹੀਂ ਸੀ ਚਾਹੁੰਦੀ ਕਿ ਮੇਰੀ ਵਜ੍ਹਾ ਨਾਲ ਸੰਨੀ ਅਤੇ ਗੁਰਮੀਤ ਦੀ ਜ਼ਿੰਦਗੀ ਵਿੱਚ ਕੋਈ ਪ੍ਰੇਸ਼ਾਨੀ ਆਵੇ।

ਮੈਨੂੰ ਕਿਸੇ ਤੋਂ ਵੀ ਸ਼ਿਕਾਇਤ ਨਹੀਂ ਸੀ, ਨਾ ਪੁੱਤਰ ਤੋਂ, ਨਾ ਗੁਰਮੀਤ ਤੋਂ, ਨਾ ਕੁੜਮਾਂ ਤੋਂ। ਬੱਸ ਇੱਕ ਉਦਾਸੀ ਸੀ ਕਿ ਪੁੱਤਰ ਦੀ ਮੰਮੀ ਕਿਸੇ ਨੂੰ ਖਾਲੀ ਜਾਂ ਉਦਾਸ ਕਿਉਂ ਨਹੀਂ ਲੱਗਦੀ?

ਗੁਰਮੀਤ ਮੇਰੀ ਕੁੱਖੋਂ ਪੈਦਾ ਨਹੀਂ ਸੀ ਹੋਈ, ਪਰ ਹੁਣ ਉਹ ਮੇਰੀ ਧੀ ਹੀ ਤਾਂ ਸੀ। ਕੀ ਉਹ ਦਿਨ ਵੀ ਆਵੇਗਾ ਜਦੋਂ ਉਹ ਮੈਨੂੰ ਕਹੇਗੀ, ‘‘ਮੰਮਾ ਤੁਹਾਡੀ ਬਹੁਤ ਯਾਦ ਆ ਰਹੀ ਹੈ? ਸੰਨੀ ਤੇ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੇ, ਜਲਦੀ ਆ ਜਾਓ।’’ ਧੀਆਂ ਜਿਵੇਂ ਸ਼ਾਦੀ ਤੋਂ ਬਾਅਦ ਵੀ ਆਪਣੇ ਮਾਪਿਆਂ ਨਾਲ ਜੁੜੀਆਂ ਰਹਿੰਦੀਆਂ ਹਨ, ਓਵੇਂ ਪੁੱਤਰ ਵੀ ਜੁੜੇ ਰਹਿੰਦੇ ਹਨ। ਪਰ ਹੁਣ ਮਾਪਿਆਂ ਤੇ ਪੁੱਤਰ ਵਿਚਾਲੇ ਹਰ ਗੱਲ ਪਤਨੀ ਰਾਹੀਂ ਹੁੰਦੀ ਹੈ, ਜਦਕਿ ਧੀਆਂ ਆਪਣੇ ਮਾਪਿਆਂ ਨਾਲ ਹਰ ਗੱਲ ਖੁੱਲ੍ਹ ਕੇ ਕਰ ਲੈਂਦੀਆਂ ਹਨ।

ਮੇਰਾ ਮਨ ਉਦਾਸੀ ਦੇ ਸੰਘਣੇ ਕੋਹਰੇ ਹੇਠ ਬੇਚੈਨ ਸੀ। ਸੰਨੀ ਦੇ ਘਰ ਲਈ ਮੈਂ ਸਾਰਾ ਸਾਮਾਨ ਇਕੱਠਾ ਕਰ ਲਿਆ, ਚਾਦਰਾਂ, ਖੇਸੀਆਂ ਤੋਂ ਲੈ ਕੇ ਕੁੱਕਰ, ਕੜਾਹੀਆਂ ਤੱਕ। ਗੁਰਮੀਤ ਨੂੰ ਕਹਿ ਦਿੱਤਾ ਕਿ ਧੀਏ ਤੇਰਾ ਘਰ ਹੈ, ਜੋ ਚਿੱਤ ਕਰਦਾ ਹੈ, ਲੈ ਜਾ। ਜੇ ਕੁਝ ਹੋਰ ਬਾਜ਼ਾਰੋਂ ਮੰਗਵਾਉਣਾ ਹੈ ਉਹ ਵੀ ਦੱਸ! ਨਹੀਂ ਤਾਂ ਮੈਨੂੰ ਫ਼ਿਕਰ ਰਹੇਗਾ। ਪਰ ਗੁਰਮੀਤ ਦੀ ਸੁਤਾ ਤਾਂ ਪੇਕੇ ਘਰ ਨਾਲ ਹੀ ਜੁੜੀ ਹੋਈ ਸੀ। ਉਹ ਵਾਰ-ਵਾਰ ਆਪਣੀ ਮਾਂ ਅਤੇ ਭੈਣ ਨੂੰ ਕਹਿ ਰਹੀ ਸੀ ‘‘ਆਈ ਵਿਲ ਮਿੱਸ ਯੂ, ਉੱਫ਼! ਲੜਕੀਆਂ ਨੂੰ ਵਿਆਹ ਕਰਵਾ ਕੇ ਕਿਉਂ ਘਰ ਛੱਡਣਾ ਪੈਂਦਾ ਹੈ।”

ਉਸ ਦੀ ਮੰਮੀ ਦੇ ਵੱਟਸਐਪ ’ਤੇ ਭਾਵੁਕ ਸਟੇਟਸਾਂ ਦੀ ਭਰਮਾਰ ਸੀ। ਮੈਨੂੰ ਇੰਝ ਲੱਗਣ ਲੱਗਾ ਸੀ ਕਿ ਕਿਤੇ ਮੈਂ ਲਲਿਤਾ ਪਵਾਰ ਵਰਗੀ ਸੱਸ ਬਣ ਰਹੀ ਹਾਂ, ਜਿਸ ਕਰਕੇ ਉਨ੍ਹਾਂ ਨੂੰ ਆਪਣੀ ਧੀ ਦੀ ਚਿੰਤਾ ਵੱਢ-ਵੱਢ ਖਾ ਰਹੀ ਸੀ। ਮਨ ਹੀ ਮਨ ਮੈਂ ਹੱਸਦੀ ਤੇ ਖ਼ੁਦ ਨੂੰ ਸਮਝਾਉਂਦੀ ਕਿ ਇਹੀ ਸੰਸਾਰ ਹੈ, ਇਹੀ ਸੰਸਕਾਰ ਹੈ ਪਰ ਉਦਾਸੀ ਮੁੜ-ਮੁੜ ਉਨ੍ਹਾਂ ਭੰਨਾਂ-ਘੜਤਾਂ ਵੱਲ ਖਿੱਚ ਲੈਂਦੀ।

ਸੰਨੀ ਆ ਗਿਆ ਸੀ। ਉਸ ਦੇ ਚਿਹਰੇ ਦਾ ਤੇਜ ਦੇਖ ਕੇ ਮਨ ਖ਼ੁਸ਼ ਹੋ ਜਾਣਾ ਚਾਹੀਦਾ ਸੀ! ਗੁਰਮੀਤ ਨਾਲ ਉਸ ਦੀਆਂ ਸ਼ਰਾਰਤਾਂ ਤੇ ਫੁਸਫੁਸਾਹਟਾਂ ਚੰਗੀਆਂ ਲੱਗਦੀਆਂ ਸਨ, ਪਰ ਮੇਰੇ ਮਨ ਅੰਦਰ ਇੱਕ ਕੋਨਾ ਬੁੜਬੁੜਾ ਰਿਹਾ ਸੀ ਕਿ ਪੁੱਤਰ ਵੀ ਪਰਾਇਆ ਧਨ ਹੈ। ਹੁਣ ਕੁਝ ਕਹਿਣ ਤੋਂ ਪਹਿਲਾਂ ਸੋਚ ਕੇ ਬੋਲਣਾ ਹੋਵੇਗਾ, ਪਹਿਲਾਂ ਵਾਂਗ ਬੇਬਾਕ ਕੁਝ ਨਹੀਂ ਕਹਿਣਾ। ਮਦਰਜ਼ ਡੇਅ ’ਤੇ ਹੱਕ ਨਾਲ ਸੂਟ-ਪਰਸ ਲੈਣ ਵਾਲੀ ਨੂੰ ਹੁਣ ‘ਕੁਝ ਨਹੀਂ ਚਾਹੀਦਾ’ ਕਹਿ ਕੇ ਚੁੱਪ ਕਰਨਾ ਹੋਵੇਗਾ। ਮਨ ਦੁਚਿੱਤੀ ਨਾਲ ਭਰਿਆ ਹੋਇਆ ਸੀ।

ਗੁਰਮੀਤ ਦੇ ਮੰਮੀ-ਪਾਪਾ ‘ਬੜਾ ਔਖਾ ਹੈ ਜੀ ਕੁੜੀਆਂ ਵਿਦਾ ਕਰਨਾ’ ਬੋਲ-ਬੋਲ ਕੇ ਮੈਨੂੰ ਪ੍ਰੇਸ਼ਾਨ ਕਰ ਰਹੇ ਸਨ।

ਵੀਜ਼ਾ ਆ ਚੁੱਕਾ ਸੀ, ਟਿਕਟਾਂ ਵੀ ਆ ਗਈਆਂ ਸਨ, ਦੋ ਤਰੀਕ ਸ਼ਾਮ ਦੀ ਫਲਾਈਟ ਸੀ। ਸਾਰਾ ਸਾਮਾਨ ਪੈਕ ਹੋ ਗਿਆ ਸੀ। ਸੂਟਕੇਸ ਤੋਂ ਬਿਨਾਂ ਕਾਫੀ ਸਾਮਾਨ ਕੁਰੀਅਰ ਕਰ ਦਿੱਤਾ ਸੀ। ਗੁਰਮੀਤ ਸਵੇਰ ਤੋਂ ਹੀ ਵਾਰ-ਵਾਰ ਆਪਣੇ ਮੰਮੀ-ਪਾਪਾ ਦੇ ਗਲ਼ ਲੱਗ ਰਹੀ ਸੀ ਤੇ ਕਹਿ ਰਹੀ ਸੀ, ‘‘ਤੁਸੀਂ ਮੈਨੂੰ ਜਲਦੀ ਮਿਲਣ ਆਉਣਾ। ਮੈਂ ਤੁਹਾਡੇ ਬਿਨਾਂ ਕਿਵੇਂ ਰਹਾਂਗੀ?’’ ਮੈਂ ਮੁਸਕਰਾ ਰਹੀ ਸਾਂ ਤੇ ਮੇਰੇ ਅੰਦਰ ਦੀ ਮਾਂ ਰੋ ਰਹੀ ਸੀ, ਕਹਿ ਰਹੀ ਸੀ- ਤੂੰ ਬੋਟ ਏਂ, ਇੱਕ ਚਿੜੀ ਦਾ ਬੋਟ, ਮੈਨੂੰ ਤੈਨੂੰ ਉੱਡਣ ਦੇਣਾ ਚਾਹੀਦਾ ਹੈ। ਪਰ ਮੈਂ ਹੁਣ ਕਿਵੇਂ ਰਹਾਂਗੀ? ਮੇਰੀ ਇਕਲੌਤੀ ਆਸ ਮੇਰਾ ਪੁੱਤਰ ਹੈ, ਜੋ ਹੁਣ ਸੱਤ ਸਮੁੰਦਰ ਪਾਰ ਜਾ ਕੇ ਆਪਣੀ ਗ੍ਰਹਿਸਥੀ ਵਸਾ ਕੇ ਖ਼ੁਸ਼ ਹੋਵੇਗਾ। ਮੈਂ ਤਾਂ ਭੁੱਲ ਕੇ ਵੀ ਨਹੀਂ ਕਹਿ ਸਕਾਂਗੀ ਕਿ ਪੁੱਤਰ ਅੱਜ ਬੁਖ਼ਾਰ ਹੈ... ਅੱਜ ਮੇਰੇ ਗੋਡੇ ਦਰਦ ਕਰ ਰਹੇ ਨੇ।

ਡੋਲੀ ਵਾਲੀ ਗੱਡੀ ਵਿੱਚ ਬੈਠਣ ਤੋਂ ਪਹਿਲਾਂ ਗੁਰਮੀਤ ਵਿਦਾਈ ਸਮੇਂ ਐਨਾ ਨਹੀਂ ਸੀ ਰੋਈ, ਜਿੰਨਾ ਅੱਜ ਆਪਣੇ ਮੰਮੀ-ਪਾਪਾ ਦੇ ਗਲ਼ ਲੱਗ ਕੇ ਰੋ ਰਹੀ ਸੀ। ਮੇਰਾ ਸੰਨੀ ਆਪਣੀਆਂ ਅੱਖਾਂ ਵਿੱਚ ਨਵੀਂ ਜ਼ਿੰਦਗੀ ਦੀ ਲੋਅ ਜਗਾਈ ਖ਼ੁਸ਼ ਨਜ਼ਰ ਆ ਰਿਹਾ ਸੀ ਤੇ ਮੈਂ ਮਨ ਹੀ ਮਨ ਉਸ ਦੀਆਂ ਬਲਾਵਾਂ ਲੈ ਰਹੀ ਸਾਂ।

ਮੇਰੇ ਪੈਰੀਂ ਹੱਥ ਲਾ ਕੇ ਸੰਨੀ ਵੀ ਮੇਰੇ ਗਲ਼ ਲੱਗਿਆ, “ਮੰਮਾ ਆਪਣਾ ਖਿਆਲ ਰੱਖਣਾ। ਦਵਾਈ ਡਾਕਟਰ ਦੇ ਦੱਸੇ ਮੁਤਾਬਕ ਲੈਂਦੇ ਰਹਿਣਾ, ਮੈਂ ਕੈਮਰੇ ’ਤੇ ਸਭ ਦੇਖਦਾ ਰਹਾਂਗਾ, ਜਲਦੀ ਹੀ ਗੇੜਾ ਲਾਉਣ ਦੀ ਕੋਸ਼ਿਸ਼ ਕਰਾਂਗਾ।” ਮੇਰੀਆਂ ਅੱਖਾਂ ਭਿੱਜ ਗਈਆਂ ਤੇ ਹੰਝੂ ਪਲਕਾਂ ਦੀ ਝਾਲਰ ’ਤੇ ਅਟਕੇ ਰਹੇ। ਅੰਦਰ ਹਾੜ੍ਹ ਦੇ ਬੱਦਲ ਵਾਂਗ ਭਾਵੁਕ ਮਨ ਸੰਘਣੀ ਬੱਦਲਵਾਈ ਵਿੱਚ ਘਿਰ ਗਿਆ ਲੱਗਦਾ ਸੀ।

ਸਭ ਦੇ ਚਲੇ ਜਾਣ ਮਗਰੋਂ ਮੈਂ ਪੁੱਤਰ ਦੇ ਬੈੱਡ ’ਤੇ ਸਿਰਹਾਣਾ ਰੱਖ ਕੇ ਲੇਟ ਗਈ। ਅੱਖਾਂ ਵਹਿ ਰਹੀਆਂ ਸਨ ਪਰ ਮਨ ਵਿੱਚ ‘ਹੱਸਦਾ ਰਹੇ, ਵੱਸਦਾ ਰਹੇ’ ਦੀ ਭਾਵਨਾ ਸੀ। ਉਸ ਦੇ ਉਤਾਰੇ ਹੋਏ ਕੱਪੜੇ ਇੱਕ ਖੂੰਜੇ ਕੁਰਸੀ ’ਤੇ ਪਏ ਸਨ। ਜੁਰਾਬਾਂ ਬੈੱਡ ਸਾਈਡ ’ਤੇ ਸੁੱਟੀਆਂ ਹੋਈਆਂ ਸਨ। ਪਾਣੀ ਦੇ ਦੋ ਗਿਲਾਸ ਬੈੱਡ ਦੀ ਢੋਅ ’ਤੇ ਪਏ ਸਨ। ਇੱਕ ਕਿਤਾਬ ਪਈ ਸੀ ਜਿਸ ਦਾ ਸਤਵੰਜਾ ਨੰਬਰ ਸਫ਼ਾ ਮੁੜਿਆ ਹੋਇਆ ਸੀ। ਸ਼ਾਇਦ ਉਹ ਐਨੇ ਪੇਜ ਹੀ ਪੜ੍ਹ ਸਕਿਆ ਸੀ। ਸਾਰਾ ਕਮਰਾ ਸਮੇਟਦੇ ਹੋਏ ਮੈਂ ਸਾਮਾਨ ਨਹੀਂ, ਯਾਦਾਂ ਚੁਣ ਰਹੀ ਸਾਂ। ਬਾਹਰੋਂ ਸਹਿਜ ਨਜ਼ਰ ਆਉਂਦੀ ਅੰਦਰੋਂ ਟੁੱਟੀ ਹੋਈ ਸਾਂ। ਜਿਵੇਂ ਕਿਸੇ ਨੇ ਮੇਰੀ ਦੇਹ-ਚਾਦਰ ਨੂੰ ਦੋਨਾਂ ਸਿਰਿਆਂ ਤੋਂ ਫੜ ਕੇ ਜ਼ੋਰ ਨਾਲ ਨਿਚੋੜ ਦਿੱਤਾ ਹੋਵੇ। ਅੱਜ ਮਹਿਸੂਸ ਹੋ ਰਿਹਾ ਸੀ ਕਿ ਮੈਂ ਧਰਤੀ ਹਾਂ। ਮੇਰਾ ਇੱਕ ਹਿੱਸਾ ਮਾਰੂਥਲ ਬਣ ਗਿਆ ਸੀ ਤੇ ਦੂਜੇ ਹਿੱਸੇ ’ਤੇ ਸਮੁੰਦਰ ਪੂਰੇ ਉਛਾਲ ’ਤੇ ਸੀ।

ਇਹ ਇੱਕ ਲੰਮੀ ਜੁਦਾਈ ਦਾ ਮੁੱਢ ਸੀ, ਜਿਸ ਬਾਰੇ ਸਟੇਟਸ ਨਹੀਂ ਲਗਾਏ ਜਾ ਸਕਦੇ। ਜਿਸ ਬਾਰੇ ਮੈਂ ਕਵਿਤਾ ਨਹੀਂ ਲਿਖ ਸਕਦੀ। ਜਿਸ ਬਾਰੇ ਕਿਸੇ ਨਾਲ ਵਾਰ-ਵਾਰ ਗੱਲ ਨਹੀਂ ਕਰ ਸਕਦੀ। ਸਰਦਾਰ ਜੀ ਆਪਣੇ ਕਮਰੇ ਵਿੱਚ ਟੀਵੀ ’ਤੇ ਖ਼ਬਰਾਂ ਸੁਣ ਰਹੇ ਸਨ। ‘ਕਸ਼ਮੀਰ ਦੇ ਪਹਿਲਗਾਮ ਵਿੱਚ ਅਤਿਵਾਦੀ ਹਮਲਾ।’

ਸਭ ਸਮੇਟ ਕੇ ਮੈਂ ਚੰਦਾ ਨੂੰ ਚਾਹ ਬਣਾਉਣ ਲਈ ਕਿਹਾ ਤੇ ਖ਼ੁਦ ਵੱਟਸਐਪ, ਇੰਸਟਾਗਰਾਮ ਦੇਖਣ ਲੱਗ ਪਈ।

ਕੁੜਮ ਜੀ ਨੇ ਉਹੀ, ਬੇਟੀਆਂ ਵਿਦਾ ਕਰ ਕੇ ਦੇਖੋ, ਟਾਈਪ ਸੁਨੇਹੇ ਲਾਏ ਹੋਏ ਸਨ। ਗੁਰਮੀਤ ਨੇ ਆਪਣੇ ਮਾਪਿਆਂ ਨਾਲ ਸਾਡੀ ਦੋਵਾਂ ਦੀ ਤਸਵੀਰ ਲਾ ਕੇ ਲਿਖਿਆ ਸੀ... ਹੈਪੀ ਹੈਪੀ... ਆਪਣੀ ਨਵੀਂ ਦੁਨੀਆ ਵਿੱਚ ਜਾ ਰਹੀ ਹਾਂ। ਤੁਹਾਡੀ ਦੋਵਾਂ ਪੇਰੈਂਟਸ ਦੀ ਬਲੈਸਿੰਗਜ਼ ਹਮੇਸ਼ਾ ਨਾਲ ਰਹਿਣ। ਸੰਨੀ ਨੇ ਇਸ ਘਰ ਦੀ, ਆਪਣੇ ਕਮਰੇ ਦੀ, ਸਾਡੀ ਤਸਵੀਰ ਨਾਲ ਆਪਣੇ ਬਚਪਨ ਦੀ ਤਸਵੀਰ ਲਾ ਕੇ ਲਿਖਿਆ ਸੀ, ‘ਮਾਇ ਪੇਰੈਂਟਸ ਮਾਇ ਸਟਰੈਂਥ, ਜਿਨ੍ਹਾਂ ਮੈਨੂੰ ਨਵਾਂ ਆਲ੍ਹਣਾ ਬਣਾਉਣ ਦਾ ਹੌਸਲਾ ਦਿੱਤਾ।’ ਅੱਖਾਂ ’ਚੋਂ ਹੰਝੂਆਂ ਦੀ ਸੰਘਣੀ ਧਾਰ ਵਗਣ ਲੱਗੀ। ਪਰ ਬੱਚੇ ਯਾਤਰਾ ਵਿੱਚ ਹਨ। ਮੈਂ ਰੋਣਾ ਨਹੀਂ ਹੈ। ਵੈਸੇ ਵੀ ਬਰੇਵ ਅਤੇ ਕੇਅਰਿੰਗ ਪੁੱਤਰ ਦੀ ਮਾਂ ਹਾਂ ਅਤੇ ਪੁੱਤਰ ਦੀ ਮਾਂ ਕਦੇ ਰੋਂਦੀ ਨਹੀਂ।

- ਪੰਜਾਬੀ ਰੂਪ: ਗੁਰਦਿਆਲ ਦਲਾਲ

ਸੰਪਰਕ: 98141-85363

Advertisement
Show comments