ਸਵਰਗ ਵਰਗਾ ਘਰ
ਸਿਮਰਨ ਪੜ੍ਹੀ-ਲਿਖੀ ਅਗਾਂਹਵਧੂ ਵਿਚਾਰਾਂ ਵਾਲੀ ਮੁਟਿਆਰ ਸੀ। ਉਹ ਉੱਚੇ ਪ੍ਰਸ਼ਾਸਨਿਕ ਅਹੁਦੇ ਉੱਤੇ ਤਾਇਨਾਤ ਸੀ। ਉਸ ਦਾ ਪਤੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸੀ। ਘਰ ਵਿੱਚ ਸੱਸ-ਸਹੁਰੇ ਤੋਂ ਇਲਾਵਾ ਇਸ ਜੋੜੇ ਦੇ ਦੋ ਛੋਟੇ ਬੱਚੇ ਵੀ ਸਨ। ਇਹ ਖ਼ੁਸ਼ਹਾਲ ਪਰਿਵਾਰ ਬਹੁਤ ਪਿਆਰ ਨਾਲ...
ਸਿਮਰਨ ਪੜ੍ਹੀ-ਲਿਖੀ ਅਗਾਂਹਵਧੂ ਵਿਚਾਰਾਂ ਵਾਲੀ ਮੁਟਿਆਰ ਸੀ। ਉਹ ਉੱਚੇ ਪ੍ਰਸ਼ਾਸਨਿਕ ਅਹੁਦੇ ਉੱਤੇ ਤਾਇਨਾਤ ਸੀ। ਉਸ ਦਾ ਪਤੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸੀ। ਘਰ ਵਿੱਚ ਸੱਸ-ਸਹੁਰੇ ਤੋਂ ਇਲਾਵਾ ਇਸ ਜੋੜੇ ਦੇ ਦੋ ਛੋਟੇ ਬੱਚੇ ਵੀ ਸਨ। ਇਹ ਖ਼ੁਸ਼ਹਾਲ ਪਰਿਵਾਰ ਬਹੁਤ ਪਿਆਰ ਨਾਲ ਰਹਿੰਦਾ ਸੀ। ਜ਼ਮਾਨੇ ਤੋਂ ਉਲਟ ਇਸ ਘਰ ਵਿੱਚ ਕਦੇ ਵੀ ਕਲੇਸ਼ ਨਾ ਹੁੰਦਾ। ਸਿਮਰਨ ਅਤੇ ਉਸ ਦੀ ਸੱਸ ਮਾਵਾਂ ਧੀਆਂ ਵਾਂਗ ਵਿਚਰਦੀਆਂ, ਘਰ ਦੇ ਕੰਮ ਨੂੰ ਵੀ ਰਲ-ਮਿਲ ਕੇ ਮੁਕਾ ਲੈਂਦੀਆਂ। ਕੰਮ ਵਾਲੀ ਸਫ਼ਾਈ ਅਤੇ ਹੋਰ ਕੰਮ ਕਰਦੀ ਪਰ ਰੋਟੀ, ਸਬਜ਼ੀ ਅਤੇ ਰਸੋਈ ਦੇ ਕੰਮ ਉਹ ਖ਼ੁਦ ਕਰਦੀਆਂ। ਛੁੱਟੀ ਵਾਲੇ ਦਿਨ ਦੋਵੇਂ ਨੂੰਹ-ਸੱਸ ਕਦੇ-ਕਦੇ ਸ਼ੌਪਿੰਗ ਕਰਨ ਜਾਂਦੀਆਂ ਅਤੇ ਸਮਾਂ ਬਿਤਾਉਂਦੀਆਂ। ਘਰ ਦੇ ਮਰਦ ਵੀ ਉਨ੍ਹਾਂ ਦਾ ਪੂਰਾ ਸਾਥ ਦਿੰਦੇ।
ਸਿਮਰਨ ਅਤੇ ਉਸ ਦਾ ਪਤੀ ਰਣਵੀਰ ਸ਼ਾਮ ਵੇਲੇ ਆਪਣੇ ਕੰਮਾਂ ਤੋਂ ਪਰਤਦੇ ਤਾਂ ਬੱਚੇ ਦਾਦਾ-ਦਾਦੀ ਨਾਲ ਖੇਡ ਰਹੇ ਹੁੰਦੇ। ਦਾਦਾ-ਦਾਦੀ ਦੀ ਦੇਖ-ਰੇਖ ਹੇਠ ਬੱਚਿਆਂ ਨੂੰ ਵਧੀਆ ਪਰਵਰਿਸ਼ ਮਿਲ ਰਹੀ ਸੀ। ਸਿਮਰਨ ਬੱਚਿਆਂ ਦੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਮੁਕਤ ਸੀ। ਚਾਹ-ਪਾਣੀ ਤੋਂ ਬਾਅਦ ਸਿਮਰਨ ਰਸੋਈ ਵਿੱਚ ਜੁਟ ਜਾਂਦੀ, ਰਣਵੀਰ ਵੀ ਉਸ ਦੀ ਜਿੰਨੀ ਕੁ ਮਦਦ ਹੁੰਦੀ, ਕਰਦਾ ਅਤੇ ਨਾਲ-ਨਾਲ ਉਹ ਦੋਵੇਂ ਆਪਣੇ ਦਿਨ ਭਰ ਦੇ ਰੁਝੇਵੇਂ ਵੀ ਸਾਂਝੇ ਕਰਦੇ। ਫਿਰ ਸਾਰਾ ਪਰਿਵਾਰ ਇਕੱਠੇ ਬੈਠ ਕੇ ਰਾਤ ਦਾ ਖਾਣਾ ਖਾਂਦਾ। ਸਿਮਰਨ ਅਤੇ ਰਣਵੀਰ ਦੇ ਵਿਆਹ ਦੀ ਵਰ੍ਹੇਗੰਢ ਆ ਰਹੀ ਸੀ। ਇਸ ਦਿਨ ਘਰ ਛੋਟੀ ਜਿਹੀ ਪਾਰਟੀ ਰੱਖੀ ਗਈ। ਦੋਸਤ ਅਤੇ ਰਿਸ਼ਤੇਦਾਰ ਸ਼ਾਮਿਲ ਹੋਏ। ਸਭ ਘਰ ਦਾ ਖ਼ੁਸ਼ਨੁਮਾ ਅਤੇ ਪਿਆਰਾ ਮਾਹੌਲ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਉਸ ਦਿਨ ਰਣਵੀਰ, ਸਿਮਰਨ ਲਈ ਬਹੁਤ ਹੀ ਪਿਆਰੇ ਸੋਨੇ ਦੇ ਝੁਮਕੇ ਤੋਹਫ਼ੇ ਵਜੋਂ ਲੈ ਕੇ ਆਇਆ। ਉਨ੍ਹਾਂ ਦਾ ਡਿਜ਼ਾਈਨ ਨੂੰਹ-ਸੱਸ ਨੂੰ ਬਹੁਤ ਪਸੰਦ ਆਇਆ। ਸਿਮਰਨ ਅਕਸਰ ਉਹ ਝੁਮਕੇ ਆਪਣੇ ਦਫ਼ਤਰ ਪਾ ਕੇ ਜਾਂਦੀ। ਇੱਕ ਦਿਨ ਜਦੋਂ ਉਹ ਸਵੇਰੇ ਉਹ ਝੁਮਕੇ ਪਹਿਨਣ ਲੱਗੀ ਤਾਂ ਉਹ ਉਸ ਨੂੰ ਨਾ ਮਿਲੇ। ਉਸ ਨੇ ਕਾਫ਼ੀ ਲੱਭੇ ਪਰ ਉਹ ਨਾ ਮਿਲੇ। ਉਸ ਨੇ ਸੋਚਿਆ, ਹੁਣ ਸਮੇਂ ਦੀ ਕਮੀ ਹੈ, ਦਫ਼ਤਰ ਤੋਂ ਆ ਕੇ ਲੱਭ ਲਵਾਂਗੀ। ਇੱਥੇ ਹੀ ਕਿਤੇ ਰੱਖ ਕੇ ਭੁੱਲ ਗਈ ਹੋਵਾਂਗੀ ਅਤੇ ਉਹ ਆਪਣੇ ਦਫ਼ਤਰ ਨੂੰ ਰਵਾਨਾ ਹੋ ਗਈ। ਦਫ਼ਤਰ ਤੋਂ ਵਾਪਸ ਆ ਕੇ ਵੀ ਉਸ ਨੇ ਝੁਮਕਿਆਂ ਦੀ ਬਹੁਤ ਭਾਲ ਕੀਤੀ ਪਰ ਉਹ ਕਿਤੇ ਵੀ ਨਾ ਮਿਲੇ।
ਦੂਜੇ ਦਿਨ ਸਿਮਰਨ ਨੂੰ ਛੁੱਟੀ ਸੀ। ਉਹ ਝੁਮਕੇ ਨਾ ਮਿਲਣ ਕਰ ਕੇ ਕਾਫ਼ੀ ਪ੍ਰੇਸ਼ਾਨ ਸੀ। ਮੰਮੀ ਜੀ ਨੇ ਸਿਮਰਨ ਦਾ ਮੁਰਝਾਇਆ ਚਿਹਰਾ ਦੇਖ ਕੇ ਸਿਮਰਨ ਨੂੰ ਪੁੱਛਿਆ, “ਸਿਮਰਨ ਕੀ ਹੋਇਆ? ਮੈਂ ਕੱਲ੍ਹ ਦੀ ਦੇਖ ਰਹੀ ਹਾਂ, ਤੂੰ ਕੁਝ ਪ੍ਰੇਸ਼ਾਨ ਜਿਹੀ ਲੱਗ ਰਹੀ ਏਂ, ਕੀ ਗੱਲ ਹੈ ਬੇਟਾ, ਮੈਨੂੰ ਦੱਸ।” ਸਿਮਰਨ ਨੇ ਮਾਯੂਸ ਹੋ ਕੇ ਕਿਹਾ, “ਮੰਮੀ ਜੀ, ਮੇਰੇ ਉਹ ਝੁਮਕੇ ਪਤਾ ਨਹੀਂ ਕਿੱਥੇ ਗੁਆਚ ਗਏ, ਜਿਹੜੇ ਰਣਵੀਰ ਨੇ ਮੈਨੂੰ ਤੋਹਫ਼ੇ ਵਜੋਂ ਦਿੱਤੇ ਸੀ। ਮੈਂ ਕੱਲ੍ਹ ਦੀ ਉਨ੍ਹਾਂ ਨੂੰ ਲੱਭ ਰਹੀ ਹਾਂ, ਆਪਣੇ ਘਰ ਵਿੱਚੋਂ ਅੱਜ ਤੱਕ ਤਾਂ ਕੋਈ ਵੀ ਚੀਜ਼ ਕਦੇ ਇਸ ਤਰ੍ਹਾਂ ਗ਼ਾਇਬ ਨਹੀਂ ਹੋਈ। ਜੇ ਰਣਵੀਰ ਨੂੰ ਪਤਾ ਲੱਗ ਗਿਆ ਕਿ ਮੈਂ ਉਨ੍ਹਾਂ ਵੱਲੋਂ ਇੰਨੇ ਪਿਆਰ ਨਾਲ ਦਿੱਤੇ ਤੋਹਫ਼ੇ ਨੂੰ ਗੁਆ ਦਿੱਤਾ ਹੈ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗੇਗਾ। ਇਹ ਤਾਂ ਮੈਨੂੰ ਪਤਾ ਹੈ ਕਿ ਉਹ ਮੈਨੂੰ ਡਾਂਟਦੇ ਤਾਂ ਨਹੀਂ, ਪਰ ਮੈਨੂੰ ਖ਼ੁਦ ਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿ ਮੈਂ ਕਿੰਨੀ ਲਾਪ੍ਰਵਾਹ ਹਾਂ। ਮੈਂ ਉਨ੍ਹਾਂ ਦੇ ਪਿਆਰੇ ਤੋਹਫ਼ੇ ਨੂੰ ਸੰਭਾਲ ਨਾ ਸਕੀ।” ਮੰਮੀ ਵੀ ਸਿਮਰਨ ਦੀ ਗੱਲ ਸੁਣ ਕੇ ਪ੍ਰੇਸ਼ਾਨ ਹੋ ਗਏ, ਪਰ ਉਹ ਖ਼ੁਦ ਨੂੰ ਸੰਭਾਲਦੇ ਹੋਏ ਬੋਲੇ, “ਸਿਮਰਨ, ਐਨੀ ਵੀ ਕੋਈ ਵੱਡੀ ਗੱਲ ਨਹੀਂ। ਹਰੇਕ ਸਮੱਸਿਆ ਦਾ ਕੋਈ ਨਾ ਕੋਈ ਹੱਲ ਹੁੰਦਾ ਹੈ। ਤੂੰ ਰਣਵੀਰ ਨੂੰ ਇਸ ਬਾਰੇ ਦੱਸਿਆ ਕਿ ਨਹੀਂ?” ਸਿਮਰਨ ਨੇ ਜਵਾਬ ਦਿੱਤਾ “ਹਾਂ ਜੀ, ਉਨ੍ਹਾਂ ਨੂੰ ਮੈਂ ਇਹੀ ਪੁੱਛਿਆ ਸੀ ਕਿ ਤੁਸੀਂ ਮੇਰੇ ਝੁਮਕੇ ਤਾਂ ਨ੍ਹੀਂ ਦੇਖੇ ਕਿਤੇ, ਉਹ ਕਹਿੰਦੇ ਨਹੀਂ। ਪਰ ਮੈਂ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਕਿ ਝੁਮਕੇ ਗੁਆਚ ਗਏ ਹਨ।” ਮੰਮੀ ਜੀ ਕਹਿਣ ਲੱਗੇ, ਫਿਰ ਠੀਕ ਹੈ। ਹੁਣ ਇਸ ਦਾ ਹੱਲ ਹੈ ਮੇਰੇ ਕੋਲ। ਮੰਮੀ ਜੀ ਨੇ ਸਿਮਰਨ ਨੂੰ ਸਾਰੀ ਗੱਲ ਸਮਝਾ ਦਿੱਤੀ ਅਤੇ ਉਹ ਦੋਵੇਂ ਤਿਆਰ ਹੋ ਕੇ ਬਾਜ਼ਾਰ ਨੂੰ ਚਲੀਆਂ ਗਈਆਂ ਅਤੇ ਜਿਊਲਰ ਤੋਂ ਉਹ ਬਿਲਕੁਲ ਉਸੇ ਡਿਜ਼ਾਈਨ ਦੇ ਝੁਮਕਿਆਂ ਦੀ ਇੱਕ ਹੋਰ ਜੋੜੀ ਖ਼ਰੀਦ ਕੇ ਲੈ ਆਈਆਂ।
ਸਿਮਰਨ ਨੇ ਮੰਮੀ ਜੀ ਨੂੰ ਗਲਵੱਕੜੀ ਵਿੱਚ ਲੈਂਦੇ ਹੋਏ ਕਿਹਾ, “ਤੁਸੀਂ ਤਾਂ ਮੇਰੀ ਬਹੁਤ ਵੱਡੀ ਸਮੱਸਿਆ ਦੂਰ ਕਰ ਦਿੱਤੀ।” ਫਿਰ ਉਹ ਘਰ ਵਾਪਸ ਆ ਗਈਆਂ। ਇਸ ਗੱਲ ਬਾਰੇ ਉਨ੍ਹਾਂ ਦੋਵਾਂ ਤੋਂ ਬਿਨਾਂ ਕਿਸੇ ਨੂੰ ਵੀ ਨਹੀਂ ਪਤਾ ਸੀ। ਦੂਜੇ ਦਿਨ ਸਿਮਰਨ ਫੇਰ ਆਪਣੇ ਮਨਪਸੰਦ ਝੁਮਕੇ ਪਾ ਕੇ ਦਫ਼ਤਰ ਨੂੰ ਗਈ। ਜਦੋਂ ਸ਼ਾਮੀ ਵਾਪਸ ਆਈ ਤਾਂ ਰਣਵੀਰ ਉਸ ਨੂੰ ਪੁੱਛਣ ਲੱਗਾ ਕਿ ਤੇਰੇ ਝੁਮਕੇ ਤਾਂ ਗੁਆਚ ਗਏ ਸਨ। ਇਹ ਕਿੱਥੋਂ ਮਿਲੇ ਤਾਂ ਉਹ ਮੰਮੀ ਜੀ ਵੱਲ ਦੇਖ ਕੇ ਹੱਸ ਕੇ ਕਹਿਣ ਲੱਗੀ, “ਉਹ ਤਾਂ ਮਿਲ ਗਏ ਸਨ। ਤਾਂ ਹੀ ਤਾਂ ਇਹ ਮੈਂ ਪਹਿਨੇ ਹੋਏ ਹਨ।” ਇਹ ਸੁਣ ਕੇ ਰਣਵੀਰ ਕਹਿਣ ਲੱਗਾ, “ਹੈਂ! ਇਹ ਕਿਸ ਤਰ੍ਹਾਂ ਹੋ ਸਕਦਾ ਹੈ।” ਦੋਵੇਂ ਨੂੰਹ-ਸੱਸ ਹੈਰਾਨ ਹੋ ਕੇ ਇੱਕ-ਦੂਜੀ ਦਾ ਮੂੰਹ ਦੇਖਣ ਲੱਗੀਆਂ। ਸਿਮਰਨ ਕਹਿਣ ਲੱਗੀ, “ਰਣਵੀਰ, ਤੁਸੀਂ ਇੰਝ ਕਿਉਂ ਕਹਿ ਰਹੇ ਹੋ?” ਰਣਵੀਰ ਕਹਿਣ ਲੱਗਾ “ਇਹ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਝੁਮਕੇ ਤਾਂ ਮੇਰੇ ਕੋਲ ਸਾਂਭੇ ਪਏ ਨੇ। ਮੈਂ ਤਾਂ ਜਾਣ-ਬੁੱਝ ਕੇ ਉਹ ਲੁਕਾਏ ਸੀ ਤਾਂ ਕਿ ਸਿਮਰਨ ਨੂੰ ਥੋੜ੍ਹਾ ਪ੍ਰੇਸ਼ਾਨ ਕਰ ਸਕਾਂ। ਮੈਂ ਤਾਂ ਸ਼ਰਾਰਤ ਕੀਤੀ ਸੀ। ਤੁਹਾਡੀ ਨੂੰਹ-ਸੱਸ ਦੀ ਜੋੜੀ ਤਾਂ ਬੜੀ ਹੁਸ਼ਿਆਰ ਨਿਕਲੀ, ਮੈਨੂੰ ਹੀ ਚਾਰੋਂ ਖ਼ਾਨੇ ਚਿੱਤ ਕਰ ਦਿੱਤਾ, ਮੰਨ ਗਏ ਤੁਹਾਨੂੰ। ਤੁਸੀਂ ਤਾਂ ਪੂਰੀ ਪਲਾਨਿੰਗ ਨਾਲ ਮੈਨੂੰ ਹਰਾ ਦਿੱਤਾ। ਹੁਣ ਇਹ ਦੱਸੋ, ਝੁਮਕਿਆਂ ਦੀ ਦੂਜੀ ਜੋੜੀ ਦਾ ਕੀ ਕਰਨਾ ਹੈ।” ਸਿਮਰਨ ਮੁਸਕਰਾ ਕੇ ਕਹਿਣ ਲੱਗੀ, “ਕਰਨਾ ਕੀ ਹੈ, ਇਹ ਝੁਮਕੇ ਤਾਂ ਮੰਮੀ ਜੀ ਨੂੰ ਵੀ ਬਹੁਤ ਪਸੰਦ ਹਨ। ਇਹ ਦੂਜੀ ਜੋੜੀ ਮੰਮੀ ਜੀ ਲਈ। ਤੋਹਫ਼ਾ ਸਾਡੇ ਪਿਆਰ ਦਾ ਅਤੇ ਧੰਨਵਾਦ ਮੰਮੀ ਜੀ ਦਾ ਜੋ ਐਨਾ ਵਧੀਆ ਤੋਹਫ਼ਾ ਸਾਰੀ ਜ਼ਿੰਦਗੀ ਲਈ ਮੈਨੂੰ ਦਿੱਤਾ ਤੁਹਾਡੇ ਰੂਪ ਵਿੱਚ। ਹੋਰ ਕੀ ਚਾਹੀਦਾ ਹੈ। ਤੁਹਾਡੇ ਸਾਰਿਆਂ ਦਾ ਪਿਆਰ ਕਿਸੇ ਵੀ ਤੋਹਫ਼ੇ ਨਾਲੋਂ ਅਨਮੋਲ ਹੈ, ਜੋ ਤੁਸੀਂ ਮੈਨੂੰ ਸਹੁਰੇ ਘਰ ਵਿੱਚ ਦਿੱਤਾ। ਰੱਬ ਮੇਰੇ ਵਰਗਾ ਸਹੁਰਾ ਪਰਿਵਾਰ ਹਰੇਕ ਧੀ ਦੇ ਲੇਖਾਂ ਵਿੱਚ ਲਿਖੇ।”
ਸੰਪਰਕ: 94643-89293

