ਇਮਾਨਦਾਰੀ ਤੇ ਦ੍ਰਿੜਤਾ ਦਾ ਸੁਮੇਲ ਲਾਲ ਬਹਾਦਰ ਸ਼ਾਸਤਰੀ
ਭਾਰਤ ਦੇ ਇਤਿਹਾਸ ਵਿੱਚ ਕਈ ਮਹਾਨ ਨੇਤਾ ਹੋਏ ਹਨ, ਜਿਨ੍ਹਾਂ ਨੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ’ਚੋਂ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਅਜਿਹੀ ਮਹਾਨ ਹਸਤੀ ਸਨ, ਜਿਨ੍ਹਾਂ ਦਾ ਜੀਵਨ ਉੱਚੇ ਆਦਰਸ਼ਾਂ, ਨੈਤਿਕਤਾ ਅਤੇ ਦੇਸ਼ ਭਗਤੀ...
ਭਾਰਤ ਦੇ ਇਤਿਹਾਸ ਵਿੱਚ ਕਈ ਮਹਾਨ ਨੇਤਾ ਹੋਏ ਹਨ, ਜਿਨ੍ਹਾਂ ਨੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ’ਚੋਂ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਅਜਿਹੀ ਮਹਾਨ ਹਸਤੀ ਸਨ, ਜਿਨ੍ਹਾਂ ਦਾ ਜੀਵਨ ਉੱਚੇ ਆਦਰਸ਼ਾਂ, ਨੈਤਿਕਤਾ ਅਤੇ ਦੇਸ਼ ਭਗਤੀ ਦਾ ਪ੍ਰਤੀਕ ਸੀ। ਉਹ ਇਮਾਨਦਾਰੀ, ਦ੍ਰਿੜਤਾ ਅਤੇ ਸਾਦਗੀ ਦੀ ਮੂਰਤ ਸਨ। ਲਾਲ ਬਹਾਦਰ ਸ਼ਾਸਤਰੀ ਬੇਸ਼ੱਕ 18 ਮਹੀਨੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਪਰ ਉਹ ਆਪਣੀ ਵਿਲੱਖਣ ਸ਼ਖ਼ਸੀਅਤ ਕਰਕੇ ਲੋਕਾਂ ਵਿੱਚ ਹਰਮਨ ਪਿਆਰੇ ਨੇਤਾ ਵਜੋਂ ਜਾਣੇ ਜਾਂਦੇ ਸਨ। ਉਹ ਕਦੇ ਵੀ ਦੇਸ਼ ’ਚ ਜਾਤ ਪ੍ਰਥਾ ਦੇ ਹੱਕ ਵਿੱਚ ਨਹੀਂ ਸਨ, ਇਸ ਲਈ ਉਨ੍ਹਾਂ ਨੇ ਆਪਣਾ ਉਪਨਾਮ ‘ਸ੍ਰੀਵਾਸਤਵ’ ਛੱਡ ਦਿੱਤਾ ਸੀ। ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਅਚਾਨਕ ਦੇਹਾਂਤ ਮਗਰੋਂ ਮਜ਼ਬੂਤ ਸੰਕਲਪ ਵਾਲੇ ਸ਼ਾਸਤਰੀ ਜੀ ਨੇ ਔਖੇ ਸਮੇਂ ਵਿੱਚ ਭਾਰਤ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਸੰਭਾਲੀ ਸੀ। ਲਾਲ ਬਹਾਦਰ ਸ਼ਾਸਤਰੀ ਦਾ ਜਨਮ 2 ਅਕਤੂਬਰ 1904 ਨੂੰ ਬ੍ਰਿਟਿਸ਼ ਭਾਰਤ ਦੇ ਸੰਯੁਕਤ ਪ੍ਰਾਂਤ (ਆਗਰਾ ਅਤੇ ਅਵਧ) ਦੇ ਮੁਗਲਸਰਾਏ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸ਼ਾਰਦਾ ਪ੍ਰਸਾਦ ਸ੍ਰੀਵਾਸਤਵ, ਇਲਾਹਾਬਾਦ ਦੇ ਮਾਲ ਦਫ਼ਤਰ ਵਿੱਚ ਕਲਰਕ ਸਨ ਪਰ ਸ਼ਾਸਤਰੀ ਜੀ ਜਦੋਂ ਬਹੁਤ ਛੋਟੇ ਸਨ ਤਾਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮਾਂ ਰਾਮਦੁਲਾਰੀ ਦੇਵੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਭੈਣਾਂ ਨੂੰ ਨਾਨੇ ਮੁਨਸ਼ੀ ਹਜ਼ਾਰੀ ਲਾਲ ਦੇ ਘਰ ਲੈ ਗਈ, ਜਿੱਥੇ ਉਨ੍ਹਾਂ ਦਾ ਪਾਲਣ ਪੋਸ਼ਣ ਹੋਇਆ। ਉਨ੍ਹਾਂ ਦੀ ਮਾਂ ਨੇ ਕਰਜ਼ਾ ਲੈ ਕੇ ਉਨ੍ਹਾਂ ਦੀ ਸਕੂਲੀ ਪੜ੍ਹਾਈ ਪੂਰੀ ਕਰਵਾਈ। ਹਾਈ ਸਕੂਲ ਦੀ ਪੜ੍ਹਾਈ ਕਰਨ ਲਈ ਉਨ੍ਹਾਂ ਨੂੰ ਵਾਰਾਣਸੀ ਵਿੱਚ ਉਨ੍ਹ੍ਵਾਂ ਦੇ ਚਾਚੇ ਦੇ ਘਰ ਭੇਜਿਆ ਗਿਆ। ਉਨ੍ਹਾਂ ਨੂੰ ਆਪਣੇ ਗ਼ਰੀਬੀ ਵਾਲੇ ਬਚਪਨ ਦੇ ਦਿਨਾਂ ਦੌਰਾਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਬਹੁਤ ਵਾਰੀ ਉਨ੍ਹਾਂ ਨੂੰ ਕੜਕਦੀ ਗਰਮੀ ਅਤੇ ਸਰਦੀ ਵਿੱਚ ਨੰਗੇ ਪੈਰੀਂ ਸਕੂਲ ਜਾਣਾ ਪੈਂਦਾ ਸੀ। ਮਹਾਤਮਾ ਗਾਂਧੀ ਦੇ ਨਾ-ਮਿਲਵਰਤਨ ਅੰਦੋਲਨ ਵਿੱਚ ਸ਼ਾਮਲ ਹੋਣ ਦੇ ਸੱਦੇ ਕਾਰਨ ਉਨ੍ਹਾਂ ਸਕੂਲ ਛੱਡ ਦਿੱਤਾ ਸੀ। ਪਹਿਲੀ ਵਾਰ 17 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। ਉਨ੍ਹਾਂ ਦ੍ਰਿੜਤਾ ਨਾਲ ਭਾਰਤ ਦੇ ਆਜ਼ਾਦੀ ਦੇ ਅੰਦੋਲਨ ਵਿੱਚ ਹਿੱਸਾ ਲਿਆ। 1926 ਵਿੱਚ ਕਾਸ਼ੀ ਵਿਦਿਆਪੀਠ, ਵਾਰਾਣਸੀ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਸ਼ਾਸਤਰੀ (ਵਿਦਵਾਨ) ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।
1928 ਵਿੱਚ ਉਨ੍ਹਾਂ ਨੇ ਮਿਰਜ਼ਾਪੁਰ ਦੀ ਲਲਿਤਾ ਦੇਵੀ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਪਰਿਵਾਰ ਵਿੱਚ 6 ਬੱਚੇ ਸਨ। ਆਜ਼ਾਦੀ ਤੋਂ ਪਹਿਲਾਂ ਸ਼ਾਸਤਰੀ ਜੀ ਸਰਵੈਂਟਸ ਆਫ ਪੀਪਲ ਸੁਸਾਇਟੀ ਦੇ ਪ੍ਰਧਾਨ ਬਣੇ, ਜਿਸ ਦੀ ਸਥਾਪਨਾ ਲਾਲਾ ਲਾਜਪਤ ਰਾਏ ਨੇ ਕੀਤੀ, ਜਿਸ ਨੇ ਦਲਿਤਾਂ ਦੇ ਉਥਾਨ ਲਈ ਕੰਮ ਕੀਤਾ ਸੀ। 1928 ਵਿੱਚ ਉਹ ਸਰਗਰਮ ਮੈਂਬਰ ਵਜੋਂ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਲ ਹੋ ਗਏ। 1930 ਵਿੱਚ ਉਨ੍ਹਾਂ ਨੂੰ ਇਲਾਹਾਬਾਦ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਨੇ ਸਿਵਲ ਨਾ-ਫ਼ੁਰਮਾਨੀ ਅੰਦੋਲਨ ਵਿੱਚ ਵੀ ਹਿੱਸਾ ਲਿਆ। ਸ਼ਾਸਤਰੀ ਜੀ ਨੇ ਗਾਂਧੀ ਦੇ ਲੂਣ ਸੱਤਿਆਗ੍ਰਹਿ ਦੇ ਸਮੇਂ ਵੀ ਘਰ-ਘਰ ਮੁਹਿੰਮ ਦਾ ਪ੍ਰਚਾਰ ਕੀਤਾ। 1937 ਵਿੱਚ ਉਹ ਯੂ ਪੀ ਵਿਧਾਨ ਸਭਾ ਲਈ ਚੁਣੇ ਗਏ। ਉਨ੍ਹਾਂ ਨੇ 1937 ਵਿੱਚ ਯੂ ਪੀ ਦੇ ਜਥੇਬੰਦਕ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ। ਜਦੋਂ ਸ਼ਾਸਤਰੀ ਜੀ 1942 ਵਿੱਚ ਜੇਲ੍ਹ ਵਿੱਚ ਸਨ ਤਾਂ ਉਨ੍ਹਾਂ ਨੇ ਜ਼ਿਆਦਾਤਰ ਸਮਾਂ ਸਮਾਜ ਸੁਧਾਰਕਾਂ ਅਤੇ ਪੱਛਮੀ ਦਾਰਸ਼ਨਿਕਾਂ ਦੀਆਂ ਕਿਤਾਬਾਂ ਪੜ੍ਹੀਆਂ। 1946 ਵਿੱਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਉਨ੍ਹਾਂ ਨੂੰ ਉਸਾਰੂ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਗਿਆ। 1951 ਵਿੱਚ ਉਨ੍ਹਾਂ ਨੂੰ ‘ਆਲ ਇੰਡੀਆ ਨੈਸ਼ਨਲ ਕਾਂਗਰਸ’ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ 1952, 1957 ਅਤੇ 1962 ਦੀਆਂ ਆਮ ਚੋਣਾਂ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ। ਉੱਤਰ ਪ੍ਰਦੇਸ਼ ਦੇ ਸੰਸਦੀ ਸਕੱਤਰ ਦੇ ਅਹੁਦੇ ਤੋਂ ਉਹ ਗ੍ਰਹਿ ਮੰਤਰੀ ਦੇ ਅਹੁਦੇ ਤੱਕ ਪਹੁੰਚੇ। ਜਦੋਂ ਨਹਿਰੂ ਬਿਮਾਰ ਸਨ ਤਾਂ ਉਨ੍ਹਾਂ ਨੂੰ ਬਿਨਾਂ ਪੋਰਟਫੋਲੀਓ ਦੇ ਮੰਤਰੀ ਬਣਾਇਆ ਗਿਆ ਸੀ। ਸ਼ਾਸਤਰੀ ਜੀ ਨੂੰ 23 ਮਈ 1952 ਨੂੰ ਕੇਂਦਰ ਸਰਕਾਰ ਵਿੱਚ ਰੇਲ ਮੰਤਰੀ ਐਲਾਨਿਆ ਗਿਆ। ਉਨ੍ਹਾਂ ਨੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਇੱਕ ਤੀਜੀ ਸ਼੍ਰੇਣੀ ਦੀ ਰੇਲ ਸੇਵਾ ਵੀ ਸ਼ੁਰੂ ਕੀਤੀ।
ਹਾਲਾਂਕਿ ਉਨ੍ਹਾਂ ਦੇ ਰੇਲ ਮੰਤਰੀ ਹੁੰਦਿਆਂ ਦੇਸ਼ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ, ਜਿਸ ਵਿੱਚ ਜਾਨੀ ਨੁਕਸਾਨ ਹੋਇਆ ਅਤੇ ਉਨ੍ਹਾਂ ਨੇ ਨੈਤਿਕਤਾ ਦੇ ਆਧਾਰ ’ਤੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਦੋਂ 1965 ਵਿੱਚ ਪਾਕਿਸਤਾਨ ਨੇ ਭਾਰਤ ’ਤੇ ਹਮਲਾ ਕੀਤਾ ਤਾਂ ਉਨ੍ਹਾਂ ਨੇ ਪ੍ਰਤੀਕੂਲ ਸਥਿਤੀ ਵਿੱਚ ਵੀ ਇਸ ਕਾਰਵਾਈ ਨੂੰ ਚੰਗੀ ਤਰ੍ਹਾਂ ਸੰਭਾਲਿਆ। ਉਸੇ ਸਾਲ ਭਾਰਤ ਨੂੰ ਅਨਾਜ ਸੰਕਟ ਦਾ ਸਾਹਮਣਾ ਕਰਨਾ ਪਿਆ। ਸ਼ਾਸਤਰੀ ਜੀ ਨੇ ਭਾਰਤੀਆਂ ਨੂੰ ਲਾਮਬੰਦ ਕਰਨ ਲਈ “ਜੈ ਜਵਾਨ ਅਤੇ ਜੈ ਕਿਸਾਨ” ਦਾ ਨਾਅਰਾ ਦਿੱਤਾ। ਇਮਾਨਦਾਰੀ ਅਤੇ ਸਖ਼ਤ ਮਿਹਨਤ ਲਈ ਜਾਣੇ ਜਾਂਦੇ ਸ਼ਾਸਤਰੀ ਜੀ 18 ਮਹੀਨੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਹਰੀ ਅਤੇ ਚਿੱਟੀ ਕ੍ਰਾਂਤੀ ਵਰਗੀਆਂ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ ਉਨ੍ਹਾਂ ਨੇ ਜਨਤਾ ਨੂੰ ਸਵੈ-ਨਿਰਭਰ ਹੋਣ ਲਈ ਉਤਸ਼ਾਹਿਤ ਕੀਤਾ। ਹਰੀ ਕ੍ਰਾਂਤੀ ਦਾ ਮੁੱਖ ਮਨੋਰਥ ਅਨਾਜ ਦੇ ਉਤਪਾਦਨ ਨੂੰ ਵਧਾਉਣਾ ਸੀ।
ਹਰੀ ਕ੍ਰਾਂਤੀ ਪਹਿਲੀ ਵਾਰ ਪੰਜਾਬ ਵਿੱਚ 1966-67 ਵਿੱਚ ਆਈ ਸੀ ਅਤੇ ਇਸ ਤੋਂ ਬਾਅਦ ਦੇਸ਼ ਦੇ ਹੋਰ ਹਿੱਸਿਆਂ ਵਿੱਚ ਫੈਲੀ। ਸ਼ਾਸਤਰੀ ਜੀ ਨੇ ਚਿੱਟੀ ਕ੍ਰਾਂਤੀ ਨੂੰ ਅੱਗੇ ਵਧਾਇਆ ਕਿਉਂਕਿ ਉਹ ਚਾਹੁੰਦੇ ਸਨ ਕਿ ਦੇਸ਼ ਵਿੱਚ ਦੁੱਧ ਦੇ ਉਤਪਾਦਨ ਅਤੇ ਸਪਲਾਈ ਵਿੱਚ ਵਾਧਾ ਹੋਵੇ। ਨਤੀਜੇ ਵਜੋਂ ਉਨ੍ਹਾਂ ਨੇ ਨੈਸ਼ਨਲ ਡੇਅਰੀ ਵਿਕਾਸ ਬੋਰਡ ਬਣਾਇਆ। ਉਨ੍ਹਾਂ ਨੇ ਆਨੰਦ, ਗੁਜਰਾਤ ਦੇ ਅਮੂਲ ਮਿਲਕ ਕੋ-ਆਪਰੇਟਿਵ ਦਾ ਵੀ ਸਮਰਥਨ ਕੀਤਾ। 19 ਨਵੰਬਰ 1964 ਨੂੰ ਉਨ੍ਹਾਂ ਲਖਨਊ ’ਚ ਵੱਕਾਰੀ ਸਕੂਲ ਬਾਲ ਵਿਦਿਆ ਮੰਦਰ ਦਾ ਨੀਂਹ ਪੱਥਰ ਰੱਖਿਆ। ਉਸੇ ਮਹੀਨੇ, ਥਰਮਾਨੀ, ਚੇਨੱਈ ਵਿੱਚ ਸੈਂਟਰਲ ਇੰਸਟੀਚਿਊਟ ਆਫ ਟੈਕਨਾਲੋਜੀ ਕੈਂਪਸ ਅਤੇ ਚੇਨੱਈ ਪੋਰਟ ਟਰੱਸਟ ਦਾ ਜਵਾਹਰ ਡੌਕ ਉਨ੍ਹਾਂ ਦੁਆਰਾ ਖੋਲ੍ਹਿਆ ਗਿਆ। ਗੁਜਰਾਤ ਵਿੱਚ ਸੈਨਿਕ ਸਕੂਲ, ਬਲਾਚੜੀ ਖੋਲ੍ਹਿਆ ਗਿਆ।
ਡਾ. ਹੋਮੀ ਜਹਾਂਗੀਰ ਭਾਬਾ ਨੇ ਪਰਮਾਣੂ ਵਿਸਫੋਟਕਾਂ ਦੇ ਵਿਕਾਸ ਦਾ ਸੁਝਾਅ ਦਿੱਤਾ ਸੀ, ਜਿਸ ਨੂੰ ਸ਼ਾਸਤਰੀ ਜੀ ਨੇ ਮਨਜ਼ੂਰੀ ਦਿੱਤੀ ਸੀ। ਅਲਮਾਟੀ ਡੈਮ ਦਾ ਨੀਂਹ ਪੱਥਰ ਵੀ ਉਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਰੱਖਿਆ। ਮਰਨ ਉਪਰੰਤ ਉਨ੍ਹਾਂ ਨੂੰ ਭਾਰਤ ਰਤਨ ਵੀ ਦਿੱਤਾ ਗਿਆ। ਲਾਲ ਬਹਾਦਰ ਸ਼ਾਸਤਰੀ ਮੈਮੋਰੀਅਲ (10 ਜਨਪਥ ਦੇ ਕੋਲ ਸਥਿਤ) ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਮੈਮੋਰੀਅਲ ਟਰੱਸਟ ਦੁਆਰਾ ਚਲਾਇਆ ਜਾਂਦਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਨੇ 10 ਜਨਵਰੀ 1966 ਨੂੰ ਤਾਸ਼ਕੰਦ ਸਮਝੌਤੇ ’ਤੇ ਦਸਤਖ਼ਤ ਕੀਤੇ। ਇਸ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ 17 ਦਿਨਾਂ ਦੀ ਲੜਾਈ ਖ਼ਤਮ ਹੋਈ। ਸ਼ਾਂਤੀ ਸਮਝੌਤੇ ’ਤੇ ਬਹੁਤ ਤਣਾਅ ਦੌਰਾਨ ਦਸਤਖ਼ਤ ਕੀਤੇ ਗਏ ਸਨ। ਹਾਲਾਂਕਿ ਅਗਲੇ ਹੀ ਦਿਨ 11 ਜਨਵਰੀ 1966 ਨੂੰ ਲਾਲ ਬਹਾਦਰ ਸ਼ਾਸਤਰੀ ਜੀ ਦੀ ਮੌਤ ਹੋ ਗਈ। ਡਾਕਟਰਾਂ ਨੇ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਪਰ ਉਨ੍ਹਾਂ ਦੀ ਪਤਨੀ ਦੀ ਰਾਏ ਵੱਖਰੀ ਸੀ। ਉਨ੍ਹਾਂ ਮੁਤਾਬਕ ਸ਼ਾਸਤਰੀ ਜੀ ਨੂੰ ਜ਼ਹਿਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਰੂਸੀ ਬਟਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ’ਤੇ ਸ਼ਾਸਤਰੀ ਜੀ ਦੀ ਹੱਤਿਆ ਦਾ ਸ਼ੱਕ ਸੀ। ਪਰ ਡਾਕਟਰਾਂ ਵੱਲੋਂ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣ ਨੂੰ ਪ੍ਰਮਾਣਿਤ ਕਰਨ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਲਾਲ ਬਹਾਦਰ ਸ਼ਾਸਤਰੀ ਜੀ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਮਨੁੱਖ ਆਪਣੇ ਅਹੁਦੇ ਜਾਂ ਪੈਸੇ ਨਾਲ ਨਹੀਂ ਬਲਕਿ ਆਪਣੇ ਚਰਿੱਤਰ, ਇਮਾਨਦਾਰੀ ਅਤੇ ਕੰਮਾਂ ਨਾਲ ਮਹਾਨ ਬਣਦਾ ਹੈ। ਅੱਜ ਦੇ ਦੌਰ ਵਿੱਚ, ਜਿੱਥੇ ਰਾਜਨੀਤੀ ਅਤੇ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਦੀ ਕਮੀ ਦੇਖਣ ਨੂੰ ਮਿਲਦੀ ਹੈ, ਉਥੇ ਸ਼ਾਸਤਰੀ ਜੀ ਦੇ ਵਿਚਾਰ ਅਤੇ ਉਨ੍ਹਾਂ ਦਾ ਜੀਵਨ ਹਰ ਭਾਰਤੀ ਲਈ ਚਾਨਣ ਮੁਨਾਰਾ ਹਨ। ਦੇਸ਼ ਨੂੰ ਉਨ੍ਹਾਂ ਵਰਗੇ ਸੱਚੇ, ਨਿਰਸਵਾਰਥ ਅਤੇ ਦ੍ਰਿੜ ਨੇਤਾ ’ਤੇ ਹਮੇਸ਼ਾ ਮਾਣ ਰਹੇਗਾ।
ਸੰਪਰਕ: 94179-90040

