ਦਰਿਆ ਜਿਹੀ ਰਵਾਨੀ ਵਾਲਾ ਸ਼ਹਿਰ : ਪਨੋਮ ਪੇਨ੍ਹ
ਪਨੋਮ ਪੇਨ੍ਹ ਤਾਂ ਸਿਰਫ਼ ਇੱਕ ਸਬੱਬੀ ਪੜਾਅ ਸੀ, ਜਿੱਥੇ ਠਹਿਰਨਾ ਸਾਡੀ ਮਜਬੂਰੀ ਸੀ। ਸਾਡਾ ਅਸਲ ਟੀਚਾ ਅੰਗਕੋਰ ਵਾਟ ਮੰਦਿਰ ਸਮੂਹ ਦੇ ਦਰਸ਼ਨ ਕਰਨਾ ਸੀ, ਜਿਸ ਲਈ ਨੇੜਲਾ ਹਵਾਈ ਅੱਡਾ ਸਿਏਮ ਰੀਏਪ ਹੈ। ਪਤਾ ਲੱਗਿਆ ਕਿ ਦਿੱਲੀ ਤੋਂ ਸਿਏਮ ਰੀਅਪ ਲਈ...
ਪਨੋਮ ਪੇਨ੍ਹ ਤਾਂ ਸਿਰਫ਼ ਇੱਕ ਸਬੱਬੀ ਪੜਾਅ ਸੀ, ਜਿੱਥੇ ਠਹਿਰਨਾ ਸਾਡੀ ਮਜਬੂਰੀ ਸੀ। ਸਾਡਾ ਅਸਲ ਟੀਚਾ ਅੰਗਕੋਰ ਵਾਟ ਮੰਦਿਰ ਸਮੂਹ ਦੇ ਦਰਸ਼ਨ ਕਰਨਾ ਸੀ, ਜਿਸ ਲਈ ਨੇੜਲਾ ਹਵਾਈ ਅੱਡਾ ਸਿਏਮ ਰੀਏਪ ਹੈ। ਪਤਾ ਲੱਗਿਆ ਕਿ ਦਿੱਲੀ ਤੋਂ ਸਿਏਮ ਰੀਅਪ ਲਈ ਕੋਈ ਸਿੱਧੀ ਉਡਾਣ ਨਹੀਂ ਸੀ। ਹਾਂ, ਹਫ਼ਤੇ ਵਿੱਚ ਦੋ ਵਾਰੀ ਏਅਰ ਕੰਬੋਡੀਆ ਦੀ ਸਿੱਧੀ ਉਡਾਣ ਪਨੋਮ ਪੇਨ੍ਹ ਲਈ ਮਿਲ ਜਾਂਦੀ ਸੀ। ਇਸ ਲਈ ਸੋਚਿਆ ਕਿ ਪਹਿਲਾਂ ਕੰਬੋਡੀਆ ਦੀ ਰਾਜਧਾਨੀ ਚੱਲੀਏ। ਮੈਨੂੰ ਪਨੋਮ ਪੇਨ੍ਹ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਸੀ ਤੇ ਨਾ ਹੀ ਇਸ ਦੀਆਂ ਵੇਖਣ ਯੋਗ ਥਾਵਾਂ ਬਾਰੇ। ਸਾਡਾ ਮਕਸਦ ਸਿੱਧਾ ਜਿਹਾ ਸੀ: ਦਿੱਲੀ ਤੋਂ ਰਾਤ ਦੀ ਉਡਾਣ ਭਰਨੀ, ਸਵੇਰੇ ਉੱਥੇ ਪਹੁੰਚ ਕੇ ਦੋ ਦਿਨ ਸ਼ਹਿਰ ਨੂੰ ਦੇਖਣ ਸਮਝਣ ਵਿੱਚ ਬਿਤਾਉਣੇ ਅਤੇ ਫਿਰ ਆਪਣੀ ਅਸਲ ਮੰਜ਼ਿਲ ਵੱਲ ਕੂਚ ਕਰ ਜਾਣਾ।
ਆਮ ਤੌਰ ’ਤੇ ਮੈਂ ਕਿਸੇ ਵੀ ਸ਼ਹਿਰ ਵਿੱਚ ਪਹੁੰਚਣ ਤੋਂ ਪਹਿਲਾਂ ਉਸ ਨਾਲ ਕਿਤਾਬਾਂ ਰਾਹੀਂ ਮਿਲਦਾ ਹਾਂ। ਉਸ ਦਾ ਇਤਿਹਾਸ ਪੜ੍ਹਦਾ ਹਾਂ, ਉਸ ਦੀਆਂ ਗਲੀਆਂ ਨੂੰ ਨਕਸ਼ੇ ’ਤੇ ਤੱਕਦਾ ਹਾਂ, ਉੱਥੇ ਜਾ ਚੁੱਕਿਆਂ ਨਾਲ ਗੱਲ ਕਰਦਾ ਹਾਂ। ਇਸ ਵਾਰ ਇੱਕ ਅਜੀਬ ਜਿਹੀ ਬੇਪਰਵਾਹੀ ਸੀ। ਸ਼ਾਇਦ ਉਮਰ ਨਾਲ ਮਨ ਵਿੱਚ ਇਹ ਵਿਸ਼ਵਾਸ ਆ ਜਾਂਦਾ ਹੈ ਕਿ ਹਰ ਸ਼ਹਿਰ ਆਪਣੇ ਆਪ ਨੂੰ ਤੁਹਾਡੇ ਸਾਹਮਣੇ ਖੋਲ੍ਹ ਦਿੰਦਾ ਹੈ, ਜੇ ਤੁਸੀਂ ਉਸ ਨੂੰ ਖੁੱਲ੍ਹੀ ਅੱਖ ਨਾਲ ਵੇਖੋ। ਇਸ ਵਾਰ ਮੇਰਾ ਮਾਨਸਿਕ ਰੌਂਅ ਕੁਝ ਇਸ ਤਰ੍ਹਾਂ ਦਾ ਸੀ ਕਿ ਪਹਿਲਾਂ ਪਹੁੰਚ ਲਈਏ, ਫੇਰ ਦੇਖੀ ਜਾਏਗੀ। ਇਹੋ ਬੇਵਾਸਤਗੀ ਰਿਹਾਇਸ਼ ਲੱਭਣ ਸਮੇਂ ਵੀ ਸੀ। ਮੇਰੀ ਲੋੜ ਸਿਰਫ਼ ਏਨੀ ਹੀ ਸੀ ਕਿ ਦੋ ਬੰਦਿਆਂ ਲਈ ਆਰਾਮ ਨਾਲ ਸੌਣ ਦੀ ਸਹੂਲਤ ਹੋਵੇ ਅਤੇ ਥਾਂ ਸ਼ਹਿਰ ਦੇ ਕੇਂਦਰ ਤੋਂ ਬਹੁਤੀ ਦੂਰ ਨਾ ਹੋਵੇ। ਆਖ਼ਰਕਾਰ ਮੈਂ ਦੋ ਸੌਣ-ਕਮਰਿਆਂ ਵਾਲਾ ਇੱਕ ਫਲੈਟ ਚੁਣਿਆ, ਜਿਸ ਦੀ ਇੱਕ ਛੋਟੀ ਜਿਹੀ ਬਾਲਕਨੀ ਦਰਿਆ ਵੱਲ ਖੁੱਲ੍ਹਦੀ ਸੀ।
ਅਸੀਂ ਸੁਵਖ਼ਤੇ ਹੀ ਆਪਣੀ ਰਿਹਾਇਸ਼ ਵਾਲੀ ਥਾਂ ਪਹੁੰਚ ਗਏ। ਉੱਥੇ ਜਾ ਕੇ ਪਤਾ ਲੱਗਾ ਕਿ ਪਿਛਲੇ ਮਹਿਮਾਨ ਨੇ ਅਜੇ ਤੱਕ ਫਲੈਟ ਖਾਲੀ ਨਹੀਂ ਸੀ ਕੀਤਾ। ਦੇਖਭਾਲ ਕਰਨ ਵਾਲੇ ਨੇ ਸਾਨੂੰ ਇੱਕ ਵੱਖਰੇ ਕਮਰੇ ਵਿੱਚ ਆਪਣਾ ਸਾਮਾਨ ਰੱਖਣ ਲਈ ਕਿਹਾ ਅਤੇ ਸੁਝਾਅ ਦਿੱਤਾ ਕਿ ਅਸੀਂ ਨੇੜੇ ਕਿਤੇ ਜਾ ਕੇ ਨਾਸ਼ਤਾ ਕਰ ਆਈਏ। ਏਨੇ ਨੂੰ ਸਾਡੇ ਵਾਲੀ ਥਾਂ ਖਾਲੀ ਹੋ ਜਾਵੇਗੀ ਅਤੇ ਸਾਫ਼-ਸਫਾਈ ਕਰਾ ਕੇ ਉਹ ਸਾਨੂੰ ਫੋਨ ਕਰ ਦੇਵੇਗਾ।
ਅਸੀਂ ਕਿਸੇ ਕੈਫੇ ਦੀ ਖੋਜ ਵਿੱਚ ਨਿਕਲ ਟੁਰੇ, ਜਿੱਥੇ ਸਮਾਂ ਵੀ ਕੱਟ ਸਕੀਏ ਅਤੇ ਕੁਝ ਖਾ-ਪੀ ਵੀ ਲਈਏ। ਇੱਕ ਅੱਧੀ ਸੜਕ ਪਾਰ ਕਰਦਿਆਂ ਹੀ ਅਹਿਸਾਸ ਹੋ ਗਿਆ ਕਿ ਅਸੀਂ ਚੋਖੀ ਗਹਿਮਾ-ਗਹਿਮੀ ਵਾਲੇ ਇਲਾਕੇ ਵਿੱਚ ਹਾਂ। ਗਲੀਆਂ ਵਿੱਚ ਸਵੇਰ ਪਹਿਲਾਂ ਹੀ ਜਾਗ ਚੁੱਕੀ ਸੀ: ਫਲ ਵੇਚਣ ਵਾਲੇ ਡਰੈਗਨ ਫਰੂਟ ਅਤੇ ਰੈਂਬੂਤਾਨ ਵਰਗੇ ਅਨੋਖੇ ਫਲਾਂ ਦੀਆਂ ਪਿਰਾਮਿਡ-ਨੁਮਾ ਢੇਰੀਆਂ ਸਜਾ ਰਹੇ ਸਨ, ਹੋਟਲਾਂ ਅਤੇ ਢਾਬਿਆਂ ਤੋਂ ਅਣ-ਪਛਾਤੇ ਪਕਵਾਨਾਂ ਦੀ ਸੁਗੰਧ ਹਵਾ ਵਿੱਚ ਫੈਲ ਰਹੀ ਸੀ। ਸੱਜੇ-ਖੱਬੇ ਝਾਤੀ ਮਾਰਦਿਆਂ ਅਸੀਂ ਇਹ ਵੀ ਵੇਖਿਆ ਕਿ ਸਾਡੇ ਆਲੇ-ਦੁਆਲੇ ਕੁਝ ਬਾਰਾਂ ਦੇ ਬੋਰਡ ਵੀ ਲਿਸ਼ਕ ਰਹੇ ਸਨ, ਜਿਨ੍ਹਾਂ ਦੇ ਨਾਂ ਕਾਫ਼ੀ ਰੰਗੀਲੇ ਸਨ, ‘ਸਟੈਪ ਵਾਈਫ ਬਾਰ’, ‘ਹੈਪੀ ਗਰਲਜ਼ ਬਾਰ’ ਆਦਿ। ਇਸ ਸਮੇਂ ਉਨ੍ਹਾਂ ਦੇ ਦਰ ਬੰਦ ਸਨ, ਪਰ ਇਹ ਸਮਝਣ ਵਿੱਚ ਜ਼ਿਆਦਾ ਦੇਰ ਨਾ ਲੱਗੀ ਕਿ ਸ਼ਾਮ ਹੋਣ ਤੱਕ ਇਹ ਸਾਰਾ ਇਲਾਕਾ ਬਿਲਕੁਲ ਵੱਖਰਾ ਰੂਪ ਧਾਰ ਲਵੇਗਾ। ਸ਼ਹਿਰਾਂ ਦੇ ਵੀ ਦੋ ਚਿਹਰੇ ਹੁੰਦੇ ਹਨ, ਇੱਕ ਜੋ ਸਵੇਰ ਵੇਲੇ ਦਿਸਦਾ ਹੈ ਤੇ ਦੂਜਾ ਰਾਤ ਨੂੰ।
ਆਸੇ-ਪਾਸੇ ਖਾਣ ਦੀਆਂ ਥਾਵਾਂ ਦੀ ਕੋਈ ਘਾਟ ਨਹੀਂ ਸੀ। ਕੰਬੋਡਿਆਈ ਖਾਣੇ ਬਾਰੇ ਕੋਈ ਖ਼ਾਸ ਜਾਣਕਾਰੀ ਨਾ ਹੋਣ ਕਾਰਨ ਅਸੀਂ ਉਹ ਕੈਫ਼ੇ ਚੁਣਿਆ, ਜੋ ਗਾਹਕਾਂ ਨਾਲ ਖਚਾਖਚ ਭਰਿਆ ਹੋਇਆ ਸੀ ਅਤੇ ਜਿਸ ਦੇ ਬਾਹਰ ਵੱਖ-ਵੱਖ ਖਾਣਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਇਨ੍ਹਾਂ ਨੂੰ ਦੇਖ ਕੇ ਚੋਣ ਕਰਨੀ ਵੀ ਆਸਾਨ ਸੀ ਅਤੇ ਆਰਡਰ ਦੇਣਾ ਵੀ। ਇਹ ਥਾਂ ਏਨੀ ਭਰੀ ਹੋਈ ਸੀ ਕਿ ਸਾਨੂੰ ਜਿਸ ਮੇਜ਼ ’ਤੇ ਬਿਠਾਇਆ ਗਿਆ ਉਸ ਦੇ ਦੂਜੇ ਪਾਸੇ ਦੋ ਆਦਮੀ ਪਹਿਲਾਂ ਹੀ ਬੈਠੇ ਹੋਏ ਸਨ। ਸਾਡੇ ਮੇਜ਼-ਸਾਥੀ ਗੱਲਬਾਤ ਵਿੱਚ ਡੂੰਘੇ ਰੁੱਝੇ ਹੋਏ ਸਨ, ਪਰ ਤਾਂ ਵੀ ਸਾਨੂੰ ਮੁਸਕਾਨ ਦੇ ਕੇ ਦੋਸਤਾਨਾ ਸਿਰ ਹਿਲਾਉਂਦੇ ਹੋਏ ਸਾਡਾ ਸਵਾਗਤ ਕਰਨਾ ਨਾ ਭੁੱਲੇ। ਕੁਝ ਹੀ ਮਿੰਟਾਂ ਵਿੱਚ ਸਾਡੇ ਸਾਹਮਣੇ ਭਾਫ਼ ਮਾਰਦੇ ਸੂਪ ਦੇ ਕਟੋਰੇ ਸਨ, ਜਿਹੜੇ ਨੂਡਲ, ਕੀਮੇ ਦੇ ਕੋਫ਼ਤਿਆਂ ਅਤੇ ਕਈ ਕਿਸਮ ਦੀਆਂ ਸਬਜ਼ੀਆਂ ਨਾਲ ਨੱਕੋ-ਨੱਕ ਭਰੇ ਹੋਏ ਸਨ। ਪੂਰਬੀ ਏਸ਼ੀਆ ਦੇ ਦੇਸ਼ਾਂ ਵਿੱਚ ਨਾਸ਼ਤੇ, ਦੁਪਹਿਰ ਦੇ ਖਾਣੇ ਅਤੇ ਰਾਤ ਦੇ ਭੋਜਨ ਵਿੱਚ ਪਰੋਸੇ ਜਾਣ ਵਾਲੇ ਖਾਜਿਆਂ ਵਿੱਚ ਖ਼ਾਸ ਫ਼ਰਕ ਨਹੀਂ ਹੁੰਦਾ; ਇੱਥੇ ਭੋਜਨ ਸਮੇਂ ਦੀ ਕੈਦ ਵਿੱਚ ਨਹੀਂ ਬੱਝਿਆ। ਸਵੇਰ ਸੂਪ ਨਾਲ ਵੀ ਸ਼ੁਰੂ ਹੋ ਸਕਦੀ ਹੈ। ਇਸ ਲਈ ਅਸੀਂ ਵੀ ਪਨੋਮ ਪੇਨ੍ਹ ਵਿੱਚ ਉਹੀ ਕੀਤਾ, ਜੋ ਉੱਥੋਂ ਦੇ ਵਾਸੀ ਕਰਦੇ ਹਨ।
ਭੀੜ ਭਾਵੇਂ ਬਹੁਤ ਸੀ, ਪਰ ਸਫ਼ਾਈ ਕਾਬਿਲ-ਏ-ਤਾਰੀਫ਼ ਸੀ। ਫੁੱਟਪਾਥ ’ਤੇ ਫੈਲਿਆ ਕੈਫ਼ੇ, ਪਰ ਹਰ ਮੇਜ਼ ਚਮਕਦੀ ਹੋਈ। ਵਰਤੇ ਨੈਪਕਿਨਾਂ ਲਈ ਵੱਖਰਾ ਛੋਟਾ ਡੱਬਾ। ਬਰਤਨ ਤੁਰੰਤ ਹਟਾ ਦਿੱਤੇ ਜਾਂਦੇ। ਇਹ ਗੱਲਾਂ ਛੋਟੀਆਂ ਸਨ, ਪਰ ਮਨ ਵਿੱਚ ਇੱਕ ਅਣਕਹੀ ਤੁਲਨਾ ਉਸਲਵੱਟੇ ਲੈਂਦੀ ਰਹੀ। ਸਾਡੀ ਵਕਤੀ ਰਿਹਾਇਸ਼ ਤੋਂ ਆਉਣ ਵਾਲੇ ਫੋਨ ਦੀ ਉਡੀਕ ਕਰਦਿਆਂ ਲਗਪਗ ਦੋ ਘੰਟੇ ਇਉਂ ਹੀ ਲੰਘ ਗਏ। ਅਸੀਂ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸੋਖਦੇ ਰਹੇ- ਮੋਟਰਸਾਈਕਲਾਂ ’ਤੇ ਆ-ਜਾ ਰਹੇ ਲੋਕ, ਆਪਣਾ ਸਾਮਾਨ ਵੇਚਣ ਲਈ ਹੋਕੇ ਲਾਉਂਦੇ ਹੋਏ ਵਪਾਰੀ ਅਤੇ ਰੋਜ਼ ਦੇ ਗਾਹਕਾਂ ਤੇ ਕੈਫ਼ੇ ਦੇ ਵਰਤਾਵਿਆਂ ਵਿਚਕਾਰ ਹੋ ਰਿਹਾ ਸਹਿਜ ਵਾਰਤਾਲਾਪ।
ਆਖ਼ਰ ਦੁਪਹਿਰ ਦੇ 12 ਕੁ ਵਜੇ ਸਾਨੂੰ ਹਰੀ ਝੰਡੀ ਦਿੰਦਾ ਫੋਨ ਆ ਗਿਆ ਅਤੇ ਅਸੀਂ ਆਪਣੇ ਅਸਥਾਈ ਘਰ ਵੱਲ ਕੂਚ ਕੀਤਾ। ਇਸ ਫਲੈਟ ਦੀ ਬਣਤਰ ਰੇਲਗੱਡੀ ਵਾਂਗ ਸੀ- ਕਮਰੇ ਇੱਕ ਲੜੀ ਵਿੱਚ ਬਣੇ ਹੋਏ ਤੇ ਇੱਕ ਪਾਸਿਓਂ ਲਾਂਘਾ ਜੋ ਦਰਿਆ ਕੰਢੇ ਤੋਂ ਮੁਸ਼ਕਿਲ ਨਾਲ ਪੰਜਾਹ ਮੀਟਰ ਦੂਰ ਬਣੀ ਬਾਲਕਨੀ ਵੱਲ ਜਾਂਦਾ ਸੀ। ਦੇਖਭਾਲ ਕਰਨ ਵਾਲੇ ਨੇ ਦੱਸਿਆ ਕਿ ਐਤਵਾਰ ਹੋਣ ਕਰਕੇ ਸ਼ਾਮ ਪੰਜ ਵਜੇ ਤੋਂ ਬਾਅਦ ਦਰਿਆ ਦੇ ਨਾਲ ਨਾਲ ਖਾਣ-ਪੀਣ ਦੀਆਂ ਰੇਹੜੀਆਂ ਅਤੇ ਹਫ਼ਤਾਵਾਰੀ ਮਨੋਰੰਜਨ ਦੀਆਂ ਰੌਣਕਾਂ ਲੱਗ ਜਾਣਗੀਆਂ, ਇਸ ਲਈ ਅੱਧੀ ਰਾਤ ਤੱਕ ਕੁਝ ਸ਼ੋਰ ਰਹਿ ਸਕਦਾ ਹੈ। ਉਸ ਨੇ ਸਰਸਰੀ ਜਿਹੀ ਇਹ ਵੀ ਕਿਹਾ ਕਿ ਅਸੀਂ ਤੋਨਲੇ ਸਾਪ ਦਰਿਆ ਦੇ ਕੰਢੇ ’ਤੇ ਹਾਂ, ਜੋ ਇੱਥੋਂ ਕੋਈ ਸੌ ਕੁ ਮੀਟਰ ਹੇਠਾਂ ਜਾ ਕੇ ਏਸ਼ੀਆ ਦੇ ਵੱਡੇ ਦਰਿਆ ਮੇਕਾਂਗ ਨਾਲ ਮਿਲ ਜਾਂਦਾ ਹੈ।
ਤੋਨਲੇ ਸਾਪ ਬਾਰੇ ਹੋਰ ਜਾਣਕਾਰੀ ਲੈਣ ਲਈ ਮੈਂ ਆਪਣਾ ਫੋਨ ਕੱਢਿਆ ਤਾਂ ਇੱਕ ਹੈਰਾਨੀਜਨਕ ਗੱਲ ਪਤਾ ਲੱਗੀ। ਤੋਨਲੇ ਸਾਪ ਆਪਣੇ ਅਜੀਬ ਮੌਸਮੀ ਰੁਖ਼-ਪਲਟਾਵੇ ਲਈ ਮਸ਼ਹੂਰ ਹੈ। ਦਰਅਸਲ ਇਹ ਦਰਿਆ ਤੋਨਲੇ ਸਾਪ ਨਾਂ ਦੀ ਵੱਡੀ ਝੀਲ ਤੋਂ ਸ਼ੁਰੂ ਹੁੰਦਾ ਹੈ ਤੇ ਫੇਰ ਲਗਪਗ 150 ਕਿਲੋਮੀਟਰ ਤੱਕ ਵਗਦਾ ਹੋਇਆ ਪਨੋਮ ਪੇਨ੍ਹ ਪਹੁੰਚ ਕੇ ਦਰਿਆ ਮੇਕਾਂਗ ਵਿੱਚ ਆਣ ਰਲਦਾ ਹੈ। ਸੁੱਕੇ ਮੌਸਮ ਵਿੱਚ ਹਰ ਛੋਟੇ ਸਹਾਇਕ ਦਰਿਆ ਵਾਂਗ ਇਹ ਮੇਕਾਂਗ ਵਿੱਚ ਸਮਾ ਜਾਂਦਾ ਹੈ, ਪਰ ਮੌਨਸੂਨ ਦੇ ਮਹੀਨਿਆਂ ਦੌਰਾਨ ਮਈ ਤੋਂ ਅਕਤੂਬਰ ਵਿੱਚ ਹੜ੍ਹ ਨਾਲ ਨੱਕੋ-ਨੱਕ ਭਰਿਆ ਮੇਕਾਂਗ ਤੋਨਲੇ ਸਾਪ ਦਾ ਰੁਖ਼ ਪੂਰੀ ਤਰ੍ਹਾਂ ਉਲਟ ਦਿੰਦਾ ਹੈ ਅਤੇ ਇਸ ਦੇ ਪਾਣੀ ਨੂੰ ਵਾਪਸ ਉੱਪਰ ਝੀਲ ਵੱਲ ਧੱਕ ਦਿੰਦਾ ਹੈ। ਯਾਨੀ ਇਹ ਦੋਹਾਂ ਦਿਸ਼ਾਵਾਂ ਵਿੱਚ ਵਗਣ ਵਾਲਾ ਦਰਿਆ ਹੈ। ਇਹੋ ਜਿਹੀ ਗੱਲ ਮੈਂ ਪਹਿਲਾਂ ਕਦੇ ਨਹੀਂ ਸੀ ਸੁਣੀ। ਇਸ ਰੁਖ਼-ਪਲਟਾਵੇ ਨਾਲ ਸਿਰਫ਼ ਪਾਣੀ ਹੀ ਨਹੀਂ, ਮੱਛੀਆਂ ਅਤੇ ਪੂੰਗ ਵੀ ਝੀਲ ਵੱਲ ਧੱਕੇ ਜਾਂਦੇ ਹਨ, ਜੋ ਉਸ ਦੀ ਜੀਵ-ਵਿਭਿੰਨਤਾ ਨੂੰ ਵਧਾਉਂਦੇ ਅਤੇ ਵਾਤਾਵਰਨ ਦਾ ਸੰਤੁਲਨ ਬਣਾ ਕੇ ਰੱਖਣ ਵਿੱਚ ਮਦਦ ਕਰਦੇ ਹਨ। ਮੈਨੂੰ ਖ਼ਿਆਲ ਆਇਆ- ਸ਼ਾਇਦ ਜ਼ਿੰਦਗੀ ਵੀ ਕਈ ਵਾਰ ਅਜਿਹਾ ਹੀ ਕਰਦੀ ਹੈ। ਅਸੀਂ ਸਮਝਦੇ ਹਾਂ ਕਿ ਅਸੀਂ ਅੱਗੇ ਵਧ ਰਹੇ ਹਾਂ, ਪਰ ਕੋਈ ਵੱਡੀ ਲਹਿਰ ਸਾਨੂੰ ਵਾਪਸ ਕਿਸੇ ਹੋਰ ਦਿਸ਼ਾ ਵਿੱਚ ਧੱਕ ਦਿੰਦੀ ਹੈ ਅਤੇ ਉਹੀ ਮੋੜ ਕਈ ਵਾਰ ਹਿਤਕਾਰੀ ਸਾਬਤ ਹੁੰਦਾ ਹੈ।
ਸ਼ਾਮ ਢਲਦਿਆਂ ਹੀ ਸਾਡੇ ਸਾਹਮਣੇ ਇੱਕ ਅਦਭੁਤ ਦ੍ਰਿਸ਼ ਰੂਪਮਾਨ ਹੋਇਆ। ਦਰਿਆ ਕੰਢੇ ਖਾਣ-ਪੀਣ ਦੇ ਸੈਂਕੜੇ ਖੋਖੇ ਸਜ ਗਏ ਸਨ, ਹਰ ਇੱਕ ਦਾ ਕੋਈ ਨਾ ਕੋਈ ਆਪਣਾ ਵਿਲੱਖਣ ਖਾਜਾ ਸੀ। ਕਿਤੇ ਵੰਨ-ਸੁਵੰਨੇ ਵਾਸ਼ਨਾ ਛੱਡਦੇ ਸੂਪ ਮਿਲ ਰਹੇ ਸਨ ਤੇ ਕਿਸੇ ਹੋਰ ਥਾਂ ਤੋਂ ਕੋਲੇ ਦੀਆਂ ਅੰਗੀਠੀਆਂ ’ਤੇ ਸਿਕਦੇ ਸੀਖ਼ ਕਬਾਬਾਂ ਦੀ ਖੁਸ਼ਬੂ ਹਵਾ ਵਿੱਚ ਘੁਲ ਰਹੀ ਸੀ। ਬੇਕਰੀ-ਸਾਮਾਨ ਵੇਚਦੀਆਂ ਰੇੜ੍ਹੀਆਂ ਉੱਤੇ ਰੰਗ-ਬਿਰੰਗੀਆਂ ਪੇਸਟਰੀਆਂ ਸਜੀਆਂ ਹੋਈਆਂ ਸਨ, ਜਦੋਂਕਿ ਹੋਰਨਾਂ ਠੇਲਿਆਂ ’ਤੇ ਲਟਕਦੇ ਬੱਲਬਾਂ ਹੇਠਾਂ ਹੀਰੇ ਵਾਂਗ ਚਿਲਕੋਰ ਮਾਰਦੀਆਂ ਮਠਿਆਈਆਂ ਵਿਕ ਰਹੀਆਂ ਸਨ। ਇੱਕ ਉਤਸ਼ਾਹੀ ਪੰਜਾਬਣ ਸੁਆਣੀ ਵੀ ਦਿਸੀ, ਸਲਵਾਰ ਕਮੀਜ਼ ਪਾਈ। ਉਹ ਗੋਲ-ਗੱਪੇ ਵੇਚ ਰਹੀ ਸੀ। ਸੱਚੀ ਗੱਲ ਹੈ ਕਿ ਸੁਆਦਲੀਆਂ ਵਸਤਾਂ ਦੇ ਚਾਹਵਾਨਾਂ ਲਈ ਹੱਦਾਂ-ਸਰਹੱਦਾਂ ਦੀ ਕੋਈ ਹੋਂਦ ਨਹੀਂ। ਦਰਿਆ ਦਾ ਕੰਢਾ ਕਿਸੇ ਮੇਲੇ ਵਰਗੀ ਚਹਿਲ-ਪਹਿਲ ਨਾਲ ਭਰ ਗਿਆ ਸੀ। ਅਸੀਂ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਟਹਿਲਦੇ ਗਏ। ਇੱਕਾ-ਦੁੱਕਾ ਖਾਣਿਆਂ ਨੂੰ ਚੱਖਦੇ-ਚੱਖਦੇ ਅੱਗੇ ਵਧਦੇ ਹੋਏ ਅਤੇ ਕਿਤੇ-ਕਿਤੇ ਰੁਕ ਕੇ ਅਚਾਨਕ ਸ਼ੁਰੂ ਹੋ ਜਾਣ ਵਾਲੀਆਂ ਪੇਸ਼ਕਾਰੀਆਂ ਵੇਖਦੇ ਰਹੇ। ਰਵਾਇਤੀ ਵੇਸ਼ਭੂਸ਼ਾ ਵਿੱਚ ਨੱਢੇ-ਨੱਢੀਆਂ ਖਮੇਰ ਨਾਚ ਕਰ ਰਹੇ ਸਨ, ਉਨ੍ਹਾਂ ਦੇ ਹੱਥ ਅਜਿਹੇ ਅਨੋਖੇ ਕੋਣਾਂ ’ਤੇ ਮੁੜੇ ਹੋਏ ਕਿ ਦੇਖ ਕੇ ਹੈਰਾਨੀ ਹੋਵੇ। ਸੜਕ ਕਿਨਾਰੇ ਮਜਮਾ ਲਾਈ ਬੈਠੇ ਜਾਦੂਗਰ ਅੱਖਾਂ ਪਾੜ-ਪਾੜ ਕੇ ਉਨ੍ਹਾਂ ਵੱਲ ਤੱਕਦੇ ਬੱਚਿਆਂ ਨੂੰ ਚਮਤਕਾਰ ਦਿਖਾ ਕੇ ਕੀਲ ਰਹੇ ਸਨ। ਕਿਤੇ ਕਿਤੇ ਨੌਜਵਾਨ ਕਲਾਬਾਜ਼ ਆਸਾਨੀ ਨਾਲ ਬੰਦ-ਬਾਜ਼ੀਆਂ ਮਾਰਦੇ ਅਤੇ ਸੰਤੁਲਨ ਬਣਾਉਂਦੇ ਵੀ ਨਜ਼ਰ ਆ ਰਹੇ ਸਨ। ਦਰਿਆ ਦੇ ਸਮਾਨਾਂਤਰ ਚੱਲਣ ਵਾਲੀ ਸੜਕ ਸ਼ਾਮ ਤੋਂ ਹੀ ਮੋਟਰ ਆਵਾਜਾਈ ਲਈ ਬੰਦ ਕਰ ਦਿੱਤੀ ਗਈ ਸੀ, ਜਿਸ ਨਾਲ ਪੈਦਲ ਚੱਲਣ ਵਾਲਿਆਂ ਲਈ ਇੱਕ ਵਿਸ਼ਾਲ ਸੈਰਗਾਹ ਬਣ ਗਈ ਸੀ। ਤੋਨਲੇ ਸਾਪ ਦਾ ਪਾਣੀ ਸੈਲਾਨੀ ਕਿਸ਼ਤੀਆਂ ਦੀ ਰੌਸ਼ਨੀ ਨਾਲ ਦਮਕ ਰਿਹਾ ਸੀ, ਜੋ ਪਾਣੀ ’ਤੇ ਚਮਕਦੇ ਜੁਗਨੂੰਆਂ ਵਾਂਗ ਤਰ ਰਹੀਆਂ ਸਨ।
ਹਰ ਪਾਸੇ ਖੇੜਾ ਸੀ। ਆਮ ਲੋਕ- ਸਥਾਨਕ ਵੀ, ਸਾਡੇ ਵਰਗੇ ਸੈਲਾਨੀ ਵੀ, ਬਾਲ ਤੇ ਬੁੱਢੇ, ਹਰ ਕੋਈ ਹੁਲਾਸਿਆ ਦਿਸ ਰਿਹਾ ਸੀ। ਥਾਂ ਪੁਰ ਥਾਂ ਜੋ ਕੁਝ ਲੁਭਾਉਣਾ ਜਾਪਿਆ ਉਸ ਨੂੰ ਪਰਖਦਿਆਂ ਅਸੀਂ ਇੱਕ ਅਨੂਠੇ ਮੀਨੂੰ ਦਾ ਸੁਆਦ ਲਿਆ- ਕੋਲਿਆਂ ਦੇ ਸੇਕ ਉੱਤੇ ਭੁੰਨੇ ਹੋਏ ਆਕਟੋਪਸ ਜੋ ਤੇਜ਼ ਸੇਕ ’ਤੇ ਤਿਆਰ ਹੋਣ ਦੇ ਬਾਵਜੂਦ ਨਰਮ ਤੇ ਰਸੀਲੇ ਸਨ, ਪਤਲੇ ਵੇਲੇ ਨਾਨ ਵਿੱਚ ਲਪੇਟ ਕੇ ਵਰਤਾਈਆਂ ਗਈਆਂ ਕਾਤਰਾਂ ਵਾਂਗ ਮਹੀਨ ਕੱਟੀਆਂ ਸਬਜ਼ੀਆਂ ਅਤੇ ਗੋਸ਼ਤ, ਨਾਰੀਅਲ ਦਾ ਦੁੱਧ ਪਾ ਕੇ ਬਣਾਏ ਗਏ ਸੰਘਣੇ ਮਿੱਠੇ ਚਾਵਲ ਜਿਨ੍ਹਾਂ ਉੱਤੇ ਅੰਬ ਦੀਆਂ ਫਾੜੀਆਂ ਧਰੀਆਂ ਹੋਈਆਂ ਸਨ। ਹਰ ਵੇਚਣ-ਵਰਤਾਉਣ ਵਾਲੀ ਨੇ ਸਾਡੀਆਂ ਜਗਿਆਸੂ ਪੁੱਛਾਂ ਦੇ ਜਵਾਬ ਬੜੇ ਸਲੀਕੇ ਅਤੇ ਤਹੱਮਲ ਨਾਲ ਦਿੱਤੇ। ਸਹਿਜ ਭਾਅ ਟਹਿਲਦੇ ਹੋਏ ਅਸੀਂ ਕੰਬੋਡੀਆ ਨਾਲ ਮੁੱਢਲੀ, ਪਰ ਸੋਹਣੀ ਵਾਕਫ਼ੀਅਤ ਕਰ ਲਈ ਸੀ। ਇੱਥੋਂ ਦਾ ਭੋਜਨ, ਇੱਥੋਂ ਦੇ ਲੋਕ ਅਤੇ ਉਨ੍ਹਾਂ ਦੀ ਖੁਸ਼ਮਿਜ਼ਾਜੀ ਨੂੰ ਜਾਣਿਆ ਸੀ। ਨੌਂ ਵਜੇ ਤੱਕ ਅਸੀਂ ਪੂਰੀ ਤਰ੍ਹਾਂ ਤ੍ਰਿਪਤ ਹੋ ਚੁੱਕੇ ਸਾਂ ਅਤੇ ਲੰਘੀ ਰਾਤ ਦੇ ਉਨੀਂਦਰੇ ਕਾਰਨ ਥੱਕੇ ਹੋਏ ਵਾਪਸ ਆਪਣੀ ਬਾਲਕਨੀ ’ਤੇ ਆ ਬੈਠੇ, ਪਰ ਕੁਝ ਹੋਰ ਸਮਾਂ ਹੇਠਾਂ ਚੱਲ ਰਹੀ ਰੌਣਕ ਨੂੰ ਸੰਤੁਸ਼ਟ ਮਨ ਨਾਲ ਵਾਚਦੇ ਰਹੇ।
ਅਖ਼ੀਰਕਾਰ ਜਦੋਂ ਸਾਨੂੰ ਨੀਂਦਰ ਨੇ ਘੇਰ ਹੀ ਲਿਆ, ਉਦੋਂ ਵੀ ਸੜਕ ਕਿਨਾਰੇ ਦੀ ਰੌਣਕ ਜਾਰੀ ਸੀ। ਅਸੀਂ ਬਾਲਕਨੀ ਦਾ ਦਰਵਾਜ਼ਾ ਬੰਦ ਕਰਕੇ ਉਸ ਖ਼ੁਸ਼ਗਵਾਰ ਸ਼ੋਰ ਨੂੰ ਪਿੱਛੇ ਛੱਡਿਆ ਅਤੇ ਆਪਣੇ ਕਮਰਿਆਂ ਵੱਲ ਰੁਖ਼ ਕੀਤਾ। ਪਿਛਲੀ ਰਾਤ ਦੀ ਉਡਾਣ ਤੋਂ ਬਾਅਦ ਸਾਡੇ ਸਰੀਰ ਆਰਾਮ ਮੰਗ ਰਹੇ ਸਨ।
ਅਗਲੀ ਸਵੇਰ ਜਦੋਂ ਅਸੀਂ ਉੱਠ ਕੇ ਬਾਲਕਨੀ ’ਤੇ ਕਦਮ ਰੱਖਿਆ ਤਾਂ ਇੱਕ ਹੈਰਾਨੀਜਨਕ ਦ੍ਰਿਸ਼ ਸਾਡੇ ਸਾਹਮਣੇ ਸੀ। ਕੱਲ੍ਹ ਵਾਲਾ ਮੇਲਾ ਗਾਇਬ ਸੀ। ਦਰਿਆ ਦਾ ਕੰਢਾ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਬਿਲਕੁਲ ਸਾਫ਼-ਸੁਥਰਾ ਕੀਤਾ ਜਾ ਚੁੱਕਾ ਸੀ। ਨਾ ਕਾਗਜ਼ ਦਾ ਇੱਕ ਵੀ ਟੁਕੜਾ, ਨਾ ਕੋਈ ਹੋਰ ਛੱਡੀ ਹੋਈ ਵਸਤ। ਜਿਵੇਂ ਪਿਛਲੀ ਰਾਤ ਦਾ ਰੰਗੀਨ ਹੰਗਾਮਾ ਸਿਰਫ਼ ਇੱਕ ਸੁਫ਼ਨਾ ਹੋਵੇ। ਉਨ੍ਹਾਂ ਸਟਾਲਾਂ ਦੀ ਥਾਂ ਸਵੇਰੇ ਦੌੜਨ ਵਾਲਿਆਂ ਅਤੇ ਤਾਈ ਚੀ ਦਾ ਅਭਿਆਸ ਕਰਨ ਵਾਲਿਆਂ ਨੇ ਲੈ ਲਈ ਸੀ, ਜੋ ਸਵੇਰ ਦੀ ਨਰਮ ਰੌਸ਼ਨੀ ਵਿੱਚ ਵਰਜ਼ਿਸ਼ ਕਰ ਰਹੇ ਸਨ। ਸਾਡੀ ਭਾਰਤੀ ਨਜ਼ਰ ਲਈ, ਜੋ ਕਿਸੇ ਵੀ ਜਨਤਕ ਸਮਾਗਮ ਤੋਂ ਬਾਅਦ ਹਰ ਥਾਂ ਫੈਲੇ ਕੂੜੇ ਦੀ ਆਦੀ ਹੋ ਚੁੱਕੀ ਹੈ, ਇਹ ਬਦਲਾਅ ਸਿਰਫ਼ ਹੈਰਾਨੀਜਨਕ ਨਹੀਂ, ਲਗਪਗ ਚਮਤਕਾਰੀ ਹੀ ਸੀ। ਮੇਰੇ ਅੰਦਰ ਇੱਕ ਹਲਕੀ ਜਿਹੀ ਸ਼ਰਮ ਜਾਗੀ। ਅਸੀਂ ਆਪਣੇ ਦੇਸ਼ ਵਿੱਚ ਅਕਸਰ ਜਨਤਕ ਥਾਵਾਂ ਨੂੰ ਇਸ ਤਰ੍ਹਾਂ ਨਹੀਂ ਸੰਭਾਲਦੇ। ਇੱਥੇ ਕੋਈ ਐਲਾਨ ਨਹੀਂ ਸੀ, ਕੋਈ ਨਾਅਰਾ ਨਹੀਂ, ਕੇਵਲ ਅਮਲ। ਇਹ ਨਾਗਰਿਕ ਸਵੈ-ਮਾਣ ਅਤੇ ਸਾਂਝੀ ਜ਼ਿੰਮੇਵਾਰੀ ਦੀ ਪ੍ਰਭਾਵਸ਼ਾਲੀ ਮਿਸਾਲ ਸੀ, ਜੋ ਬਿਨਾਂ ਕਿਸੇ ਸ਼ੋਰ-ਸ਼ਰਾਬੇ ਜਾਂ ਜ਼ਬਰਦਸਤੀ ਦੇ ਅਮਲ ਵਿੱਚ ਲਿਆਂਦੀ ਗਈ।
ਮੈਂ ਇੱਕ ਬਜ਼ੁਰਗ ਮਹਿਲਾ ਨੂੰ ਤਾਈ ਚੀ ਕਰਦਿਆਂ ਵੇਖਦਾ ਰਿਹਾ। ਉਸ ਦੀ ਹਰ ਹਰਕਤ ਵਿੱਚ ਫੁਰਤੀ ਵੀ ਸੀ ਤੇ ਧੀਰਜ ਵੀ। ਮੈਨੂੰ ਜਾਪਿਆ ਸ਼ਾਇਦ ਇਹ ਸ਼ਹਿਰ ਵੀ ਇਸੇ ਤਰ੍ਹਾਂ ਸਾਹ ਲੈਂਦਾ ਹੈ। ਰਾਤ ਨੂੰ ਖੇੜਾ, ਸਵੇਰ ਵੇਲੇ ਸੰਜਮ। ਪਨੋਮ ਪੇਨ੍ਹ ਹੁਣ ਸਿਰਫ਼ ਇੱਕ ਸਬੱਬੀ ਬਣਿਆ ਪੜਾਅ ਨਹੀਂ ਸੀ ਜਾਪ ਰਿਹਾ, ਇਹ ਇੱਕ ਅਨੁਭਵ ਬਣ ਚੁੱਕਾ ਸੀ। ਇੱਕ ਦਰਿਆ ਵਾਂਗ, ਜੋ ਕਦੇ ਅੱਗੇ ਵਗਦਾ ਹੈ, ਕਦੇ ਮੁੜ ਜਾਂਦਾ ਹੈ, ਪਰ ਦੋਹਾਂ ਹਾਲਾਤ ਵਿੱਚ ਜ਼ਿੰਦਗੀ ਨੂੰ ਸਰਸ਼ਾਰ ਕਰਦਾ ਹੈ।

