
ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਪੁਸਤਕ ‘ਤੇਰਾਂ 100 ਤੇਰਾਂ’ (ਲੇਖਕ: ਭੋਲਾ ਸਿੰਘ ਸੰਘੇੜਾ; ਕੀਮਤ: 150 ਰੁਪਏ; ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ) ਜ਼ਿੰਦਗੀ ਦੇ ਵਿਭਿੰਨ ਸਰੋਕਾਰਾਂ ਨਾਲ ਜੁੜੇ ਬੇਸ਼ਕੀਮਤੀ ਵਿਚਾਰਾਂ ਦਾ ਸੰਗ੍ਰਹਿ ਹੈ। ਪੁਸਤਕ ਲਿਖਣ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਲੇਖਕ ਨੇ ਲਿਖਿਆ ਹੈ ਕਿ 2010 ਵਿਚ ਉਸ ਨਾਲ ਹਾਦਸਾ ਵਾਪਰਿਆ ਜਿਸ ਵਿਚ ਮੋਢੇ ਦੀ ਹੱਡੀ ਟੁੱਟ ਗਈ ਤੇ ਉਸ ਨੂੰ ਦੋ ਮਹੀਨੇ ਹਸਪਤਾਲ ਵਿਚ ਲਾਉਣੇ ਪਏ। ਇਸ ਸਮੇਂ ਦੌਰਾਨ ਲੇਖਕ ਨੇ ਕਈ ਸਾਹਿਤਕ ਕਿਤਾਬਾਂ ਦਾ ਅਧਿਐਨ ਕੀਤਾ। ਹਸਪਤਾਲ ਦੇ ਸਮੇਂ ਮਨ ਵਿਚ ਉਠਦੇ ਵਿਚਾਰਾਂ ਨੂੰ ਉਹ ਕਾਪੀ ’ਤੇ ਨੋਟ ਕਰਦਾ ਗਿਆ ਕਿਉਂਕਿ ਦਿਲ ਦਰਿਆ ਸਮੁੰਦਰੋਂ ਡੂੰਘੇ। ਕੁਝ ਨਿਬੰਧ ਵੀ ਲਿਖੇ ਜੋ ਅਖ਼ਬਾਰ ਵਿਚ ਛਪੇ। ਸਮਾਂ ਆਉਣ ’ਤੇ ਵਿਚਾਰਾਂ ਵਾਲੀ ਕਾਪੀ ਨੂੰ ਸੋਧਿਆ ਤੇ ਛਪਣ ਲਈ ਦਿੱਤਾ। ਇਹ ਵਿਚਾਰ ਇਕ ਹਜ਼ਾਰ ਤੇਰ੍ਹਾਂ ਹਨ। ਪੁਸਤਕ ਸਿਰਲੇਖ ਨੂੰ ਕਲਾਤਮਕ ਰੂਪ ਦੇ ਕੇ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਲੇਖਕ ਦੀਆਂ ਦਰਜਨ ਦੇ ਕਰੀਬ ਕਿਤਾਬਾਂ ਛਪ ਚੁੱਕੀਆਂ ਹਨ। ਉਸ ਦੇ ਛੇ ਕਹਾਣੀ ਸੰਗ੍ਰਹਿ, ਇਕ ਨਾਵਲ ਬਲਦੀ ਰੁੱਤ, ਰੇਖਾ ਚਿੱਤਰ ਜੰਗਲੀ ਗੁਲਾਬ, ਅਨੁਵਾਦ, ਸੰਪਾਦਨਾ ਤੇ ਆਲੋਚਨਾ ਦੀਆਂ ਚਰਚਿਤ ਕਿਤਾਬਾਂ ਹਨ ਜੋ ਪਾਠਕ ਸ਼ਿੱਦਤ ਨਾਲ ਪੜ੍ਹ ਚੁੱਕੇ ਹਨ। ਲੇਖਕ ਨੇ ਆਪਣਾ ਜੀਵਨ ਵੇਰਵਾ ਦੇ ਕੇ ਸਪਸ਼ਟ ਕੀਤਾ ਹੈ ਕਿ ਉਸ ਦੀਆਂ ਕਈ ਕਿਤਾਬਾਂ ਉਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਸ਼ੋਧ ਪ੍ਰਬੰਧ ਲਿਖੇ ਗਏ ਹਨ ਤੇ ਖੋਜ ਕਾਰਜ ਵੀ ਹੋਇਆ ਹੈ। ਨਾਵਲਕਾਰ ਮਿਤਰ ਸੈਨ ਮੀਤ ਦੀਆਂ ਕਹਾਣੀਆਂ ਉਪਰ ਲੇਖਕ ਨੇ ਆਲੋਚਨਾ ਦੀ ਕਿਤਾਬ ਲਿਖੀ ਹੈ। ਪੁਸਤਕ ਦੇ ਸ਼ੁਰੂ ਵਿਚ ਲੇਖਕ ਨੇ ਜ਼ਿੰਦਗੀ ਦੇ ਦੁੱਖਾਂ ਦੀ ਗੱਲ ਵਿਰਸੇ ਵਿਚੋਂ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦੇ ਮਹਾਂਵਾਕ ਨਾਨਕ ਦੁਖੀਆ ਸਭ ਸੰਸਾਰ, ਬਾਬਾ ਫਰੀਦ ਦੀ ਬਾਣੀ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਕਸ਼ਮੀਰੀ ਪੰਡਿਤਾਂ ਦਾ ਦੁੱਖ ਹਰਨ ਵਾਸਤੇ ਦਿੱਲੀ ਜਾ ਕੇ ਸ਼ਹਾਦਤ ਦੇਣ ਦੇ ਇਤਹਾਸਕ ਹਵਾਲੇ ਦਿੱਤੇ ਹਨ। ਪੁਸਤਕ ਦੇ ਪੰਨਾ 11 ਤੋਂ 108 ਵਿਚ ਅਨਮੋਲ ਵਿਚਾਰ ਹਨ ਜਿਵੇਂ:
* ਹਰ ਵਿਅਕਤੀ ਹਰ ਖੇਤਰ ਵਿਚ ਨਿਪੁੰਨ ਨਹੀਂ ਹੁੰਦਾ।
* ਮੂਰਖ ਤਾਂ ਸੂਝਵਾਨ ਤੋਂ ਵੀ ਪਹਿਲਾਂ ਪਛਾਣਿਆ ਜਾਂਦਾ ਹੈ।
* ਪੰਛੀ ਮਨੁੱਖਾਂ ਦੁਆਰਾ ਬਣਾਈਆਂ ਹੱਦਾਂ ਦੇਖ ਕੇ ਜ਼ਰੂਰ ਹੱਸਦੇ ਹੋਣਗੇ।
* ਪੁਸਤਕ ਤੁਹਾਡੀ ਉਹ ਦੋਸਤ ਹੁੰਦੀ ਹੈ ਜੋ ਤੁਹਾਨੂੰ ਕਿੰਨੇ ਹੀ ਨਵੇਂ ਨਵੇਂ ਲੋਕਾਂ ਨਾਲ ਮਿਲਾਉਂਦੀ ਹੈ।
* ਬਹੁਤ ਬੋਲਣ ਵਾਲੇ ਦੇ ਮੁਕਾਬਲੇ ਘੱਟ ਬੋਲਣ ਵਾਲੇ ਨੂੰ ਸਮਝਣਾ ਮੁਸ਼ਕਲ ਹੁੰਦਾ ਹੈ।
* ਸੰਸਾਰ ਵਿਚ ਕੁਝ ਵੀ ਮੁਫ਼ਤ ਨਹੀਂ ਮਿਲਦਾ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿਚ ਕੀਮਤ ਅਦਾ ਕੀਤੀ ਜਾਂਦੀ ਹੈ।
ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਵਿਸ਼ਿਆਂ ’ਤੇ ਕੀਮਤੀ ਵਿਚਾਰ ਪੁਸਤਕ ਹਨ ਜਿਨ੍ਹਾਂ ਵਿਚ ਦੁਖ, ਸੁਖ, ਦੋਸਤੀ, ਕਵਿਤਾ, ਸਾਹਿਤ, ਪਾਠਕ, ਸਿਆਣਪ, ਰਿਸ਼ਤੇ, ਸੁਪਨੇ, ਘਰ, ਕਿਸਾਨੀ, ਖੇਤੀ, ਤਕਨੋਲੋਜੀ, ਡਰ ਸਿਰਜਨਾ ਆਦਿ ਵਿਸ਼ੇ ਵਿਚਾਰਾਂ ਵਿਚ ਸਮੋਏ ਗਏ ਹਨ। ਚੇਤਨਤਾ ਭਰਪੂਰ ਪੁਸਤਕ ਪੜ੍ਹ ਕੇ ਹਰੇਕ ਵਰਗ ਦਾ ਪਾਠਕ ਜ਼ਿੰਦਗੀ ਦੀਆਂ ਚੰਗੀਆਂ ਸੇਧਾਂ ਪ੍ਰਾਪਤ ਕਰ ਸਕਦਾ ਹੈ।
ਸੰਪਰਕ: 98148-56160
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ