ਪੁਸਤਕ ਪੜਚੋਲ

‘ਲਿਖਤੁਮ ਭਗਤ ਸਿੰਘ’ : ਸਹਿਤ ਤੇ ਇਤਿਹਾਸ ਦੀ ਵਿਲੱਖਣ ਪੇਸ਼ਕਾਰੀ

‘ਲਿਖਤੁਮ ਭਗਤ ਸਿੰਘ’ : ਸਹਿਤ ਤੇ ਇਤਿਹਾਸ ਦੀ ਵਿਲੱਖਣ ਪੇਸ਼ਕਾਰੀ

ਡਾ. ਲਕਸ਼ਮੀ ਨਰਾਇਣ ਭੀਖੀ

“ਮੈਂ ਚੰਗਾ ਪਾੜ੍ਹਾ ਨਹੀਂ, ਪਰ ਪਿਛਲੇ ਦਿਨੀਂ ਮੇਰੀ ਨਜ਼ਰ ਸਰਬਜੀਤ ਸਿੰਘ ਵਿਰਕ ਰਚਿਤ ‘ਲਿਖਤੁਮ ਭਗਤ ਸਿੰਘ, ਸ਼ਹੀਦ-ਏ-ਆਜ਼ਮ ਦੀ ਜੀਵਨ ਕਹਾਣੀ, ਚਿੱਠੀਆਂ ਦੀ ਜ਼ੁਬਾਨੀ’ ਕਿਤਾਬ ਉਤੇ ਪਈ ਤਾਂ ਮੈਂ ਫਟਾ-ਫਟ ਪੜ੍ਹ ਗਿਆ। ਇਸ ਵਿਚ ਪਿਛਲੀ ਸਦੀ ਦੇ ਆਰੰਭਕ ਵਰ੍ਹਿਆਂ ਦੀ ਦਾਸਤਾਨ ਦੇ ਪੱਕੇ ਸਬੂਤ ਹਨ। ਕੇਵਲ ਚਿੱਠੀਆਂ ਹੀ ਨਹੀਂ, ਭਗਤ ਸਿੰਘ ਦੇ ਅਦਾਲਤੀ ਬਿਆਨ ਅਤੇ ਵਕਤ ਦੀਆਂ ਦੀਵਾਰਾਂ ਉਤੇ ਚਿਪਕਾਏ ਇਸ਼ਤਿਹਾਰ ਵੀ ਬਾਤਾਂ ਪਾਉਂਦੇ ਹਨ। ਸੱਚੀਆਂ ਤੇ ਸੁੱਚੀਆਂ ਬਾਤਾਂ।” ਇਹ ਵਿਚਾਰ ਪੰਜਾਬੀ ਸਾਹਿਤ ਜਗਤ ਦੇ ਨਾਮਵਰ ਹਸਤਾਖਰ ਅਤੇ ਪ੍ਰਸਿੱਧ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਦੇ ਹਨ। ਉਨ੍ਹਾਂ ਦੇ ਸ਼ਬਦ ਇਤਿਹਾਸਕ ਤੱਥਾਂ ਵਾਲੀ ਇਸ ਰਚਨਾ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੂੰ ਹੀ ਦਰਸਾਉਂਦੇ ਹਨ।

ਭਗਤ ਸਿੰਘ ਨੂੰ ਜਿੱਥੇ ਅਸੀਂ ਸਾਡੇ ਆਜ਼ਾਦੀ ਦੇ ਮਹਾਨ ਸ਼ਹੀਦ ਵਜੋਂ ਯਾਦ ਕਰਦੇ ਹਾਂ, ਉੇਥੇ ਉਸ ਦੀ ਸ਼ਖਸੀਅਤ ਦੇ ਉਨ੍ਹਾਂ ਮਾਨਵੀ ਗੁਣਾਂ ਤੋਂ ਵੀ ਪ੍ਰਭਾਵਤ ਹੁੰਦੇ ਹਾਂ, ਜੋ ਉਸ ਦੇ ਵਿਚਾਰਾਂ ਵਿਚੋਂ ਝਲਕਦੇ ਹਨ। ਅੱਜ ਭਗਤ ਸਿੰਘ ਦੀ ਤਸਵੀਰ ਸਾਡੇ ਮਨਾਂ ਵਿਚ ਉਸਦੀ ਸ਼ਹਾਦਤ ਨੂੰ ਅੰਕਿਤ ਕਰਨ ਦੇ ਨਾਲ ਨਾਲ, ਸਾਡੇ ਅੰਦਰ ਦੇਸ਼ ਪ੍ਰੇਮ ਦਾ ਜਜ਼ਬਾ ਜਗਾਉਂਦੀ ਹੈ ਅਤੇ ਸਾਨੂੰ ਆਪਣੇ ਸਮਾਜ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ, ਇਸ ਵਿਚਲੀਆਂ ਕਮੀਆਂ-ਕਮਜ਼ੋਰੀਆਂ ਨੂੰ ਦੂਰ ਕਰਨ ਲਈ ਅੱਗੇ ਆਉਣ ਅਤੇ ਕੁਝ ਕਰ ਗੁਜ਼ਰਨ ਲਈ ਪ੍ਰੇਰਦੀ ਹੈ। ਕਹਾਣੀਕਾਰ ਤੇ ਲੇਖਕ ਗੁਰਬਚਨ ਸਿੰਘ ਭੁੱਲਰ ਕਹਿੰਦੇ ਹਨ ਕਿ ‘ਭਗਤ ਸਿੰਘ ਦੀ ਬੇਮਿਸਾਲ ਜੱਦੋਜਹਿਦ ਤੇ ਸ਼ਹੀਦੀ ਤੋਂ ਇਲਾਵਾ ਉਹਦੇ ਜੀਵਨ ਦਾ ਇਕ ਹੋਰ ਤੱਥ ਜੋ ਹੈਰਾਨ ਕਰ ਦਿੰਦਾ ਹੈ, ਉਹਦੀ ਲਾਸਾਨੀ ਬੌਧਿਕ ਪਰਪੱਕਤਾ ਹੈ। ਉਹਦਾ ਇਹ ਰੂਪ ਵਿਚਾਰ-ਸਾਗਰ ਵਾਂਗ ਹੈ, ਜਿਸ ਵਿਚ ਜਦੋਂ ਵੀ ਕੋਈ ਡੂੰਘਾ ਉੱਤਰਦਾ ਹੈ, ਸਰਬਜੀਤ ਸਿੰਘ ਵਿਰਕ ਵਾਂਗ ਨਵੇਂ ਮੋਤੀ ਉਹਦੇ ਹੱਥ ਆਉਂਦੇ ਹੀ ਆਉਂਦੇ ਹਨ।’

ਭਗਤ ਸਿੰਘ ਦੀ ਬੌਧਿਕਤਾ ਅਤੇ ਕੁਰਬਾਨੀ ਸਮਾਜ ਵਿਚ ਸਮੇਂ ਸਮੇਂ ਹਾਂ-ਪੱਖੀ ਹਰਕਤ ਪੈਦਾ ਕਰਨ ਦਾ ਮੁੱਲਵਾਨ ਵਸੀਲਾ ਬਣੀ ਹੈ ਅਤੇ ਬਣਦੀ ਰਹੇਗੀ। ਉਸ ਨੇ ਖੁਦ ਕਿਹਾ ਸੀ- “ਜਦੋਂ ਖੜੋਤ ਦੀ ਹਾਲਤ ਸਮਾਜ ਨੂੰ ਆਪਣੇ ਸ਼ਿਕੰਜੇ ਵਿਚ ਜਕੜ ਲੈਂਦੀ ਹੈ ਤਾਂ ਮਨੁੱਖ ਕਿਸੇ ਕਿਸਮ ਦੀ ਤਬਦੀਲੀ ਤੋਂ ਹਿਚਕਚਾਉਂਦਾ ਹੈ। ਬਸ ਇਸ ਜਮੂਦ ਤੇ ਬੇਹਰਕਤੀ ਨੂੰ ਤੋੜਨ ਲਈ ਇਕ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਜ਼ਰੂਰਤ ਹੁੰਦੀ ਹੈ, ਨਹੀਂ ਤਾਂ ਗਿਰਾਵਟ ਅਤੇ ਬਰਬਾਦੀ ਦਾ ਵਾਯੂਮੰਡਲ ਕਾਬਜ਼ ਹੋ ਜਾਂਦਾ ਹੈ। ਅਜਿਹੇ ਮਾਹੌਲ ਵਿਚ ਗੁੰਮਰਾਹ ਕਰਨ ਵਾਲੀਆਂ ਗ਼ੈਰ-ਤਰੱਕੀਪਸੰਦ ਤਾਕਤਾਂ ਲੋਕਾਂ ਨੂੰ ਗ਼ਲਤ ਰਾਹ ਉਤੇ ਲੈ ਕੇ ਜਾਣ ਵਿਚ ਕਾਮਯਾਬ ਹੋ ਜਾਂਦੀਆਂ ਹਨ, ਜਿਸ ਨਾਲ ਇਨਸਾਨੀ ਸਮਾਜ ਦੀ ਤਰੱਕੀ ਰੁਕ ਜਾਂਦੀ ਹੈ। ਉਸ ਵਿਚ ਖੜੋਤ ਆ ਜਾਂਦੀ ਹੈ। ਇਸ ਹਾਲਤ ਨੂੰ ਬਦਲਣ ਲਈ ਜ਼ਰੂਰੀ ਹੋ ਜਾਂਦਾ ਹੈ, ਕਿ ਇਕ ਇਨਕਲਾਬੀ ਸਪਿਰਟ ਤਾਜ਼ਾ ਕੀਤੀ ਜਾਵੇ, ਤਾਂ ਜੋ ਇਨਸਾਨੀਅਤ ਦੀ ਰੂਹ ਵਿਚ ਹਰਕਤ ਪੈਦਾ ਹੋਵੇ।”

ਅੱਜ ਵੀ ਸਾਡੇ ਸਮਾਜ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਰਪੇਸ਼ ਹਨ। ਭਗਤ ਸਿੰਘ ਦੀ ਬਹਾਦਰੀ, ਕੁਰਬਾਨੀ ਅਤੇ ਸੋਚ ਸਾਨੂੰ ਇਨ੍ਹਾਂ ਮੁਸ਼ਕਲਾਂ ਦਾ ਮੁਕਾਬਲਾ ਕਰਨ ਲਈ ਰਾਹ ਦਰਸਾ ਸਕਦੀ ਹੈ। ਉਸਦੇ ਵਿਚਾਰ ਅੱਜ ਵੀ ਉਂਨੇ ਹੀ ਸਾਰਥਕ ਹਨ ਜਿੰਨੇ ਉਹ ਆਜ਼ਾਦੀ ਤੋਂ ਪਹਿਲਾਂ ਸਨ। ਸਰਬਜੀਤ ਸਿੰਘ ਵਿਰਕ ਨੇ ‘ਲਿਖਤੁਮ ਭਗਤ ਸਿੰਘ’ ਵਿਚ ਸਾਡੇ ਇਸ ਕੌਮੀ ਸ਼ਹੀਦ ਦੀ ਸ਼ਖਸੀਅਤ ਦੇ ਬਹੁਤ ਸਾਰੇ ਜਾਣੇ-ਅਣਜਾਣੇ ਪੱਖਾਂ ਅਤੇ ਵਿਚਾਰਾਂ ਉਤੇ ਸਾਰਥਕ ਰੋਸ਼ਨੀ ਪਾਈ ਹੈ। ਲੇਖਕ ਨੇ ਭਗਤ ਸਿੰਘ ਦਾ ਜੀਵਨ ਬ੍ਰਿਤਾਂਤ ਪਾਠਕਾਂ ਦੇ ਸਨਮੁਖ ਕਰਨ ਲਈ ਸ਼ੁੱਧ ਇਤਿਹਾਸਕ ਸ੍ਰੋਤਾਂ ਦੀ ਵਰਤੋਂ ਕੀਤੀ ਹੈ। ਉਸਨੇ ਇਕ ਪਾਸੇ ਉਨ੍ਹਾਂ ਦਸਤਾਵੇਜ਼ਾਂ ਭਾਵ ਸ਼ਹੀਦ ਦੀਆਂ ਚਿੱਠੀਆਂ, ਤਾਰਾਂ, ਦਰਖ਼ਾਸਤਾਂ, ਬਿਆਨਾਂ, ਅਪੀਲਾਂ ਅਤੇ ਸੰਦੇਸ਼ਾਂ ਨੂੰ ਆਪਣੀ ਲਿਖਤ ਦਾ ਅਧਾਰ ਬਣਾਇਆ ਹੈ ਦੂਜੇ ਪਾਸੇ ਭਗਤ ਸਿੰਘ ਦੇ ਇਨਕਲਾਬੀ ਸਾਥੀਆਂ ਦੀਆਂ ਰਚਨਾਵਾਂ, ਤਤਕਾਲੀ ਸਮੇਂ ਦੇ ਅਖਬਾਰਾਂ, ਰਸਾਲਿਆਂ ਤੇ ਸਰਕਾਰੀ ਦਸਤਾਵੇਜ਼ਾਂ ਨੂੰ ਵੀ ਖੰਘਾਲਿਆ ਹੈ। ਇਸ ਕਿਤਾਬ ਦੀ ਲੋੜ ਬਾਰੇ ਲੇਖਕ ਦੀ ਆਪਣੀ ਟਿੱਪਣੀ ਹੈ: ‘ਅੱਜ ਜਦੋਂ ਭਗਤ ਸਿੰਘ ਉਤੇ ਭਾਰਤ ਅਤੇ ਵਿਦੇਸ਼ਾਂ ਵਿਚ ਬਹੁਤ ਸਾਰੀ ਖੋਜ ਚੱਲ ਰਹੀ ਹੈ ਤਾਂ ਇਹ ਸਮੇਂ ਦੀ ਜ਼ਰੂਰਤ ਹੈ ਕਿ ਉਸਦੀਆਂ ਮੁੱਲਵਾਨ ਲਿਖਤਾਂ ਨੂੰ ਦੁਨੀਆਂ ਦੇ ਅੱਗੇ ਰੱਖਿਆ ਜਾਵੇ ਤਾਂ ਕਿ ਉਸਦੀ ਸ਼ਖ਼ਸੀਅਤ ਦੇ ਉਹ ਅਣਗੌਲੇ ਪੱਖ ਵੀ ਉਜਾਗਰ ਹੋਣ, ਜਿਨ੍ਹਾਂ ਦੀ ਚਰਚਾ ਬਹੁਤ ਘੱਟ ਹੋਈ ਹੈ।’

ਲੇਖਕ ਨੇ ਕਿਤਾਬ ਦੇ ਸ਼ੁਰੂ ਵਿਚ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਰਚਨਾ ਲਈ ਪ੍ਰੇਰਨਾ ਭਾਵੇਂ ਤਿੰਨ-ਚਾਰ ਦਹਾਕੇ ਪਹਿਲਾਂ ਭਗਤ ਸਿੰਘ ਦੇ ਦੋ ਸਾਥੀਆਂ ਪੰਡਿਤ ਕਿਸ਼ੋਰੀ ਲਾਲ ਅਤੇ ਸਾਹਿਬ ਸਿੰਘ ਸਲਾਣਾ ਤੋਂ ਮਿਲ ਗਈ ਸੀ, ਪਰ ਇਸ ਕਾਰਜ ਨੂੰ ਪੂਰਾ ਕਰਨ ਲਈ ਹਾਲਾਤ ਕਾਫੀ ਦੇਰ ਬਾਅਦ ਸਾਜ਼ਗਾਰ ਹੋਏ। ਉਹ ਲਿਖਦੇ ਹਨ: ‘ਭਗਤ ਸਿੰਘ ਦੇ ਉਕਤ ਦੋ ਸਾਥੀਆਂ ਨਾਲ ਕਈ ਸਾਰੀਆਂ ਮੁਲਾਕਾਤਾਂ ਕਰਨ ਦਾ ਸੁਭਾਗ ਪ੍ਰਾਪਤ ਹੋਣ ਕਰਕੇ ਮੈਨੂੰ ਇਨ੍ਹਾਂ ਦੋਵਾਂ ਵੱਲੋਂ ਆਖੇ ਇਹ ਸ਼ਬਦ ਵਾਰ ਵਾਰ ਯਾਦ ਆਉਂਦੇ ਸਨ ਕਿ ‘ਅਸਲ ਭਗਤ ਸਿੰਘ ਨੂੰ ਉਸਦੀਆਂ ਲਿਖਤਾਂ ਵਿਚੋਂ ਹੀ ਲੱਭਿਆ ਜਾ ਸਕਦਾ ਹੈ।’

‘ਲਿਖਤੁਮ ਭਗਤ ਸਿੰਘ, ਸ਼ਹੀਦ-ਏ-ਆਜ਼ਮ ਦੀ ਜੀਵਨ ਕਹਾਣੀ ਚਿੱਠੀਆਂ ਦੀ ਜ਼ੁਬਾਨੀ’ ਪੁਸਤਕ ਦੀ ਸਿਰਜਣਾ ਲੇਖਕ ਨੇ ਬੜੀ ਲਗਨ ਅਤੇ ਮਿਹਨਤ ਨਾਲ ਕੀਤੀ ਹੈ। ਅਕਸਰ ਇਤਿਹਾਸਕ ਅਤੇ ਬੌਧਿਕ ਪੁਸਤਕਾਂ ਯੋਗ ਸ਼ੈਲੀ ਦੀ ਘਾਟ ਕਰਕੇ ਨੀਰਸ ਬਣ ਜਾਂਦੀਆਂ ਹਨ ਅਤੇ ਪੁਸਤਕ ਤੇ ਲੇਖਕ ਵਿਚਕਾਰ ਵਿੱਥ ਪੈਦਾ ਹੋ ਜਾਂਦੀ ਹੈ ਤੇ ਸਾਰ ਤੱਤ ਸਮਝਣ ਵਿਚ ਮੁਸ਼ਕਲ ਪੇਸ਼ ਆਉਂਦੀ ਹੈ। ਪਰ ਇਹ ਕਿਤਾਬ ਇਸ ਦੋਸ਼ ਤੋਂ ਪੂਰੀ ਤਰ੍ਹਾਂ ਬਰੀ ਹੈ। ਇਸ ਵਿਚ ਲੇਖਕ ਨੇ ਅਜਿਹੀ ਗਾਲਪਨਿਕ ਵਿਧੀ ਅਪਣਾਈ ਹੈ ਜਿਸ ਨਾਲ ਇਹ ਰਚਨਾ ਮੌਲਿਕ ਤੇ ਕਲਾਤਮਿਕ ਗੁਣਾਂ ਨਾਲ ਭਰਪੂਰ ਜਾਪਦੀ ਹੈ।

ਭਗਤ ਸਿੰਘ ਦੀ ਸਾਢੇ ਤੇਈ ਵਰ੍ਹੇ ਦੀ ਕੁੱਲ ਉਮਰ ਦੇ ਜੀਵਨ ਸੰਘਰਸ਼ ਨੂੰ ਲੇਖਕ ਨੇ ਇਕੋ ਸਮੇਂ ਕਈ ਪੱਧਰਾਂ ਉਤੇ ਪੇਸ਼ ਕੀਤਾ ਹੈ। ਉਸਦਾ ਪਹਿਲਾ ਸੰਘਰਸ਼ ਆਪਣੇ ਆਪ ਨਾਲ ਹੈ, ਜਿਸ ਵਿਚ ਉਹ ਘਰਦਿਆਂ ਦੀ ਇਸ ਇੱਛਾ ਦੇ ਖ਼ਿਲਾਫ਼ ਜੂਝਦਾ ਹੈ ਕਿ ਉਹ ਚੰਗਾ ਪੜ੍ਹ ਲਿਖ ਕੇ ਆਪਣਾ ਭਵਿੱਖ ਸਵਾਰੇ ਅਤੇ ਪਰਿਵਾਰਕ ਜੀਵਨ ਦਾ ਆਨੰਦ ਲਵੇ। ਇਸ ਦੇ ਮੁਕਾਬਲੇ ਉਸ ਦੀ ਆਪਣੀ ਇੱਛਾ ਹੈ ਕਿ ਉਹ ਪਰਿਵਾਰਕ ਬੰਧਨਾਂ ਤੋਂ ਆਜ਼ਾਦ ਹੋ ਕੇ ਦੇਸ਼ ਦੀ ਆਜ਼ਾਦੀ ਲਹਿਰ ਵਿਚ ਕੁੱਦ ਪਵੇ ਅਤੇ ਬਿਹਤਰ ਸਮਾਜ ਦੀ ਸਿਰਜਣਾ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰ ਦੇਵੇ। ਉਮਰ ਦੇ ਅਗਲੇ ਪੜਾਅ ਉਤੇ ਉਸਦਾ ਦੂਜਾ ਸੰਘਰਸ਼ ਪ੍ਰਚਲਿਤ ਰਿਵਾਜਾਂ, ਮਾਨਤਾਵਾਂ, ਜਾਤੀਗਤ ਤੇ ਮਜ਼੍ਹਬੀ ਵਖਰੇਵਿਆਂ ਅਤੇ ਸਿਆਸੀ ਵਿਚਾਰਾਂ ਨਾਲ ਹੈ, ਜਿਸਦੇ ਮੁਕਾਬਲੇ ਉਹ ਅਜਿਹੇ ਸਮਾਜ ਦੀ ਵਕਾਲਤ ਕਰਦਾ ਹੈ ਜਿਸ ਵਿਚ ਕੋਈ ਭੇਦਭਾਵ ਨਾ ਹੋਵੇ, ਹਰ ਵਿਅਕਤੀ ਦਾ ਬਰਾਬਰ ਮਾਣ ਸਨਮਾਣ ਹੋਵੇ ਅਤੇ ਹਰ ਇਕ ਨੂੰ ਨਿਆਂ ਮਿਲੇ। ਉਸਦਾ ਤੀਜਾ ਸੰਘਰਸ਼ ਸਮੇਂ ਦੀ ਹਕੂਮਤ ਦੇ ਨਾਲ ਨਾਲ ਉਨ੍ਹਾਂ ਸਾਰੀਆਂ ਸਾਮਰਾਜੀ ਤਾਕਤਾਂ ਨਾਲ ਹੈ ਜੋ ਦੁਨੀਆਂ ਵਿਚ ਮਨੁੱਖੀ ਅਤੇ ਕੌਮੀ ਲੁੱਟ-ਖਸੁੱਟ ਦੇ ਨਿਜ਼ਾਮ ਚਲਾ ਰਹੀਆਂ ਹਨ। ਉਹ ਭਾਰਤੀਆਂ ਦੀ ਸੰਪੂਰਨ ਮੁਕਤੀ ਲਈ ਬ੍ਰਿਟਿਸ਼ ਸਾਮਰਾਜ ਨੂੰ ਜੜੋਂ ਉਖਾੜਨ ਲਈ ਜੱਦੋਜਹਿਦ ਕਰਨ ਦਾ ਹੋਕਾ ਦਿੰਦਾ ਹੈ ਅਤੇ ਇਸ ਮਕਸਦ ਵਿਚ ਸਫਲਤਾ ਹਾਸਲ ਕਰਨ ਲਈ ਸਮਾਜਕ ਅਤੇ ਆਰਥਿਕ ਇਕਨਲਾਬ ਦੇ ਰਾਹ ਨੂੰ ਉਤਮ ਰਾਹ ਮੰਨਦਾ ਹੈ।

‘ਲਿਖਤੁਮ ਭਗਤ ਸਿੰਘ’ ਸਾਡੇ ਕੌਮੀ ਨਾਇਕ ਵੱਲੋਂ ਆਪਣੀਆਂ ਦਲੀਲਾਂ ਨੂੰ ਤਿਖਿਆਂ ਕਰਨ ਲਈ ਪੜ੍ਹੇ ਗਏ ਵਿਸ਼ਾਲ ਸਾਹਿਤ ਦੀ ਜਾਣਕਾਰੀ ਵੀ ਦਿੰਦੀ ਹੈ। ਭਗਤ ਸਿੰਘ ਨੇ ਜਿੱਥੇ ਭਾਰਤ ਅਤੇ ਪੰਜਾਬ ਵਿਚ ਚੱਲੀਆਂ ਕ੍ਰਾਂਤੀਕਾਰੀ ਲਹਿਰਾਂ ਬਾਰੇ ਪੜ੍ਹਿਆ ਉਥੇ ਉਸਨੇ ਵਿਸ਼ਵ ਭਰ ਦੀਆਂ ਕ੍ਰਾਂਤੀਆਂ ਦੇ ਇਤਿਹਾਸ ਦਾ ਵੀ ਡੂੰਘਾ ਅਧਿਐਨ ਕੀਤਾ। ਉਹ ਹਮੇਸ਼ਾ ਉੱਤਮ ਸਾਹਿਤ ਦਾ ਗੰਭੀਰ ਪਾਠਕ ਰਿਹਾ। ਬਾਕੂਨਿਨ, ਸਿਨਕਲੇਅਰ, ਰੂਸੋ, ਵਾਲਟਾਇਰ, ਤਾਲਸਤਾਇ, ਕਾਰਲ ਮਾਰਕਸ, ਮੈਕਸਿਮ ਗੋਰਕੀ ਅਤੇ ਲੈਨਿਨ ਉਸਦੇ ਮਨਭਾਉਂਦੇ ਲੇਖਕ ਸਨ। ਕਿਤਾਬ ਦਾ ਹਰ ਭਾਗ ਆਪਣੇ ਆਪ ਵਿਚ ਵੀ ਇਕ ਇਤਿਹਾਸਕ ਕਹਾਣੀ ਹੈ, ਜੋ ਤੱਥਾਂ ਅਤੇ ਘਟਨਾਵਾਂ ਦੇ ਮਾਧਿਅਮ ਨਾਲ ਵਿਕਾਸ ਕਰਦੀ ਹੈ। ਹਰ ਭਾਗ ਦਾ ਆਗ਼ਾਜ਼, ਨਿਭਾਅ ਅਤੇ ਅੰਤ ਬੜੇ ਰੌਚਕ ਢੰਗ ਨਾਲ ਕੀਤਾ ਗਿਆ ਹੈ, ਜਿਸ ਕਰਕੇ ਪਾਠਕ ਜਾਣਕਾਰੀ ਗ੍ਰਹਿਣ ਕਰਦਾ ਹੋਇਆ ਲਿਖਤ ਨਾਲ ਇਕਮਿੱਕ ਹੋ ਜਾਂਦਾ ਹੈ। ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ ਨੇ ਇਸ ਕਿਤਾਬ ਨੂੰ ਪੇਪਰ ਬੈਕ ਰੂਪ ਵਿਚ ਬੜੀ ਸੁੰਦਰ ਦਿੱਖ ਨਾਲ ਛਾਪ ਕੇ ਪਾਠਕਾਂ ਸਨਮੁਖ ਕੀਤਾ ਹੈ। ਕਿਤਾਬ ਦੇ ਲੇਖਕ ਅਤੇ ਪਾਠਕਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ, ਜਿਨ੍ਹਾਂ ਆਪ ਆਜ਼ਾਦੀ ਲਹਿਰ ਉਤੇ ਬਹੁਤ ਸਾਰੀ ਖੋਜ ਕੀਤੀ ਹੈ, ਨੇ ਇਸ ਕਿਤਾਬ ਦਾ ਬੜੀ ਬਰੀਕੀ ਨਾਲ ਖਰੜਾ ਪੜ੍ਹ ਕੇ, ਰਹਿ ਗਈਆਂ ਤੱਥਾਂ, ਤਾਰੀਖਾਂ, ਭਾਸ਼ਾ ਅਤੇ ਹਵਾਲਿਆਂ ਦੀਆਂ ਊਣਤਾਈਆਂ ਨੂੰ ਦਰੁਸਤ ਕੀਤਾ ਹੈ। ਉਨ੍ਹਾਂ ਇਸ ਕਿਤਾਬ ਦੀ ਬੜੀ ਪ੍ਰਭਾਵਸ਼ਾਲੀ ਭੂਮਿਕਾ ਵੀ ਲਿਖੀ ਹੈ। ਉਨ੍ਹਾਂ ਲਿਖਿਆ ਹੈ: ‘ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਵੱਡੀ ਕੌਮੀ ਲਹਿਰ ਦੇ ਵੇਨਗਾਰਡ (ਮੋਹਰੀ ਦਸਤੇ) ਦੇ ਤੌਰ ’ਤੇ ਕੰਮ ਕੀਤਾ। ਉਨ੍ਹਾਂ ਦੇ ਨਾਅਰੇ ‘ਇਨਕਲਾਬ ਜ਼ਿੰਦਾਬਾਦ’ ‘ਸਾਮਰਾਜਵਾਦ ਮੁਰਦਾਬਾਦ’ ਨੇ ਕੌਮੀ ਲਹਿਰ ਨੂੰ ਦੁਚਿਤੀ ਦੀ ਸਥਿਤੀ ਤੋਂ ਮੁਕਤ ਕਰ ਦਿੱਤਾ। ਪਹਿਲਾਂ ਲਹਿਰ ਦੇ ਕੌਮੀ ਲੀਡਰ ਲਹਿਰ ਦਾ ਟੀਚਾ ‘ਡੋਮੀਨੀਅਨ ਸਟੇਟਸ’ (ਅੰਗਰੇਜ਼ ਦੀ ਸਰਪ੍ਰਸਤੀ ਵਾਲਾ ਰਾਜ) ਦੀ ਪ੍ਰਾਪਤੀ ਹੀ ਮੰਨਦੇ ਸਨ, ਪਰ ਕ੍ਰਾਂਤੀਕਾਰੀਆਂ ਦੇ ਯਤਨਾਂ ਨੇ ਕੌਮੀ ਲਹਿਰ ਨੂੰ ਆਪਣਾ ਟੀਚਾ ਸੰਪੂਰਨ ਆਜ਼ਾਦੀ ਦੀ ਪ੍ਰਾਪਤੀ ਕਰਨ ਲਈ ਮਜਬੂਰ ਕੀਤਾ। ਭਗਤ ਸਿੰਘ ਨੇ ਠੋਸ ਸ਼ਬਦਾਂ ਵਿਚ ਕਿਹਾ ਕਿ ਲੋਕਾਂ ਨੂੰ ਭਰਮਾਊ ਗੱਲਾਂ ਦੀ ਬਜਾਏ ਅਜਿਹੇ ਯਥਾਰਥਕ ਮੁੱਦੇ ਰੱਖੇ ਜਾਣ, ਜੋ ਉਨ੍ਹਾਂ ਦੇ ਜੀਵਨ ਨੂੰ ਅਜਿਹੀ ਤਾਕਤ ਦੇਣ ਕਿ ਉਹ ਆਪਣੀ ਹੋਣੀ ਦੇ ਆਪ ਮਾਲਕ ਬਣ ਜਾਣ।’

‘ਲਿਖਤੁਮ ਭਗਤ ਸਿੰਘ’ ਦਾ ਲੇਖਕ, ਜੋ ਖੁਦ ਸਾਹਿਤ ਦਾ ਵਿਦਿਆਰਥੀ ਰਿਹਾ ਅਤੇ ਹੁਣ ਕਾਨੂੰਨ ਦੇ ਖੇਤਰ ਵਿਚ (ਵਕੀਲ) ਹੈ, ਸਾਹਿਤਕ ਤੇ ਇਤਿਹਾਸਕ ਮਹੱਤਵ ਦੇ ਇਸ ਚੁਣੌਤੀਪੂਰਨ ਕਾਰਜ ਨੂੰ ਬਾਖ਼ੂਬੀ ਨਿਭਾਉਣ ਵਿਚ ਕਾਮਯਾਬ ਰਿਹਾ ਹੈ। ਉਸਦੇ ਆਪਣੇ ਸ਼ਬਦ ਹਨ: ‘ਮੈਂ ਪਿਛਲੇ ਪੰਜ ਸਾਲਾਂ ਵਿਚ ਆਪਣੇ ਕਾਨੂੰਨੀ ਕਿੱਤੇ ਵਿਚੋਂ ਬਚਿਆ ਸਮਾਂ ਇਸ ਕਿਤਾਬ ਦੀ ਤਿਆਰੀ ਉਤੇ ਖ਼ਰਚ ਕੀਤਾ ਹੈ। ਇਸ ਸਮੇਂ ਦੌਰਾਨ ਬਹੁਤ ਸਾਰੀਆਂ ਕਿਤਾਬਾਂ ਦੇ ਅਧਿਐਨ ਸਦਕਾ ਜਿਥੇ ਮੇਰੀ ਆਪਣੀ ਤੁਛ ਸਮਝ ਵਿਚ ਵਾਧਾ ਹੋਇਆ ਹੈ, ਉਥੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ, ਇਤਿਹਾਸਕਾਰਾਂ ਅਤੇ ਬੁੱਧੀਜੀਵੀਆਂ ਨਾਲ ਸ਼ਹੀਦ ਦੀ ਸ਼ਖ਼ਸੀਅਤ ਅਤੇ ਘਾਲਣਾ ਬਾਰੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਵਿਚ ਅਭੈ ਸਿੰਘ ਸੰਧੂ (ਸ਼ਹੀਦ ਦੇ ਭਤੀਜੇ), ਪ੍ਰੋ. ਜਗਮੋਹਨ ਸਿੰਘ (ਸ਼ਹੀਦ ਦੇ ਭਾਣਜੇ), ਕੁਲਦੀਪ ਨਈਅਰ, ਅਮਰਜੀਤ ਚੰਦਨ, ਪ੍ਰੋ. ਮਾਲਵਿੰਦਰਜੀਤ ਸਿੰਘ ਵੜੈਚ, ਪ੍ਰੋ. ਹਰਕਿਸ਼ਨ ਸਿੰਘ ਮਹਿਤਾ, ਡਾ. ਚਮਨ ਲਾਲ, ਪ੍ਰੋ. ਰਣਧੀਰ ਸਿੰਘ, ਗੁਰਦੇਵ ਸਿੰਘ ਸਿੱਧੂ, ਡਾ. ਸੁੱਚਾ ਸਿੰਘ ਗਿੱਲ, ਡਾ. ਹਰਪਾਲ ਸਿੋਘ ਪੰਨੂ ਸ਼ਾਮਲ ਹਨ।’

ਮੈਨੂੰ ਪੂਰਾ ਯਕੀਨ ਹੈ ਕਿ ਅਥਾਹ ਮਿਹਨਤ ਨਾਲ ਤਿਆਰ ਹੋਰੀ ਪੁਸਤਕ ‘ਲਿਖਤੁਮ ਭਗਤ ਸਿੰਘ’ ਨੌਜਵਾਨਾਂ ਨੂੰ ਜਿੱਥੇ ਇਤਿਹਾਸ ਦੇ ਮਹੱਤਪੂਰਨ ਪੰਨਿਆਂ ਤੋਂ ਵਾਕਫ ਕਰਵਾਏਗੀ, ਉੱਥੇ ਉਨ੍ਹਾਂ ਨੂੰ ਅੰਦਰ ਦੇਸ਼ ਅਤੇ ਸਮਾਜ ਬਾਰੇ ਸੰਵੇਦਨਸ਼ੀਲਤਾ ਜਗਾ ਕੇ, ਨਵਾਂ ਜੋਸ਼, ਉਤਸ਼ਾਹ ਅਤੇ ਸਮਝ ਪੈਦਾ ਕਰੇਗੀ।

*ਅਰਬਨ ਅਸਟੇਟ, ਫੇਜ਼ ਇਕ, ਪਟਿਆਲਾ।

ਸੰਪਰਕ: 96461-11669

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All