DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਣੀ ਅਤੇ ਰੁੱਖ

11 ਮਾਰਚ ਦੇ ਨਜ਼ਰੀਆ ਪੰਨੇ ’ਤੇ ਇੰਜੀ. ਸਤਨਾਮ ਸਿੰਘ ਮੱਟੂ ਦਾ ਲੇਖ ‘ਅਗਲੀਆਂ ਪੀੜ੍ਹੀਆਂ ਲਈ ਪਾਣੀ ਅਤੇ ਹਰਿਆਵਲ ਦੀ ਅਮਾਨਤ’ ਪੜਿ੍ਹਆ। ਪੰਜਾਬ ਵਿੱਚ ਜ਼ਮੀਨੀ ਪਾਣੀ ਬਿਲਕੁਲ ਖ਼ਤਮ ਹੋਣ ਦੇ ਕੰਢੇ ਹੈ। ਪੰਜਾਬ ਵਿੱਚ ਨਵੀਂ ਭੂਮੀ ਲਈ ਬਹੁਤ ਜ਼ਿਆਦਾ ਰੁੱਖ ਕੱਟੇ...

  • fb
  • twitter
  • whatsapp
  • whatsapp
Advertisement

11 ਮਾਰਚ ਦੇ ਨਜ਼ਰੀਆ ਪੰਨੇ ’ਤੇ ਇੰਜੀ. ਸਤਨਾਮ ਸਿੰਘ ਮੱਟੂ ਦਾ ਲੇਖ ‘ਅਗਲੀਆਂ ਪੀੜ੍ਹੀਆਂ ਲਈ ਪਾਣੀ ਅਤੇ ਹਰਿਆਵਲ ਦੀ ਅਮਾਨਤ’ ਪੜਿ੍ਹਆ। ਪੰਜਾਬ ਵਿੱਚ ਜ਼ਮੀਨੀ ਪਾਣੀ ਬਿਲਕੁਲ ਖ਼ਤਮ ਹੋਣ ਦੇ ਕੰਢੇ ਹੈ। ਪੰਜਾਬ ਵਿੱਚ ਨਵੀਂ ਭੂਮੀ ਲਈ ਬਹੁਤ ਜ਼ਿਆਦਾ ਰੁੱਖ ਕੱਟੇ ਜਾ ਰਹੇ ਹਨ, ਜਿਸ ਨਾਲ ਆਕਸੀਜਨ ਦੀ ਕਮੀ ਹੋ ਰਹੀ ਹੈ ਅਤੇ ਪ੍ਰਦੂਸ਼ਣ ਵੀ ਵਧ ਰਿਹਾ ਹੈ। ਅੱਜਕੱਲ੍ਹ ਬੋਹੜ, ਪਿੱਪਲ, ਨਿੰਮ, ਕਿੱਕਰ ਵਰਗੇ ਰੁੱਖ ਬਹੁਤ ਘੱਟ ਹੀ ਮਿਲਦੇ ਹਨ। ਜੇਕਰ ਅਸੀਂ ਰੁੱਖ ਕੱਟਦੇ ਰਹੇ ਤਾਂ ਸਾਨੂੰ ਓਨੇ ਹੀ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਲਈ ਆਕਸੀਜਨ ਦੀ ਕਮੀ ਨਾ ਹੋਵੇ।

ਸਿਮਰਨ ਕੌਰ, ਫਰਵਾਲੀ (ਮਾਲੇਰਕੋਟਲਾ)

Advertisement

ਚੁਬਾਰਾ ਪਾ ’ਤਾ…

Advertisement

30 ਮਾਰਚ ਦੇ ਅੰਕ ਵਿੱਚ ਨਾਇਬ ਸਿੰਘ ਪੰਨੀਵਾਲੀਆ ਦੇ ਮਿਡਲ ‘ਚੰਦ ਕੁਰੇ, ਚੁਬਾਰਾ ਪਾ ’ਤਾ...’ ਰਾਹੀਂ ਪੁਰਾਣੇ ਸਮੇਂ ਦੇ ਯਥਾਰਥ ਦਾ ਚਿੱਤਰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਬੇਬੇ ਤੇ ਬਾਪੂ ਦੀ ਅਣਥੱਕ ਮਿਹਨਤ ਤੇ ਘੱਟ ਆਮਦਨੀ ਦੇ ਬਾਵਜੂਦ ਵੀ ਸਬਰ ਸੰਤੋਖ ਵਾਲਾ ਜੀਵਨ ਅੱਜ ਦੇ ਸਹੂਲਤਾਂ ਭਰੇ ਪਰ ਸੰਤੁਸ਼ਟੀ ਰਹਿਤ ਜੀਵਨ ਨੂੰ ਵਧੀਆ ਸੇਧ ਦਿੰਦਾ ਹੈ। ਲੇਖ ਪੜ੍ਹਦਿਆਂ ਬੇਬੇ-ਬਾਪੂ ਮੈਨੂੰ ਬਿਲਕੁਲ ਮੇਰੇ ਦਾਦਾ-ਦਾਦੀ ਤਰ੍ਹਾਂ ਹੀ ਪ੍ਰਤੀਤ ਹੋ ਰਹੇ ਸਨ। ਪੁਰਾਣੇ ਸਮਿਆਂ ਦੇ ਸਾਡੇ ਵੱਡੇ ਵਡੇਰਿਆਂ ਨੂੰ ਚੇਤੇ ਕਰਵਾਉਂਦੀ ਇਹ ਰਚਨਾ ਸੱਚਮੁੱਚ ਰੂਹ ਨੂੰ ਸਕੂਨ ਦੇਣ ਵਾਲੀ ਲੱਗੀ।

ਸ਼ਮਿੰਦਰਜੀਤ ਕੌਰ, ਸ੍ਰੀ ਮੁਕਤਸਰ ਸਾਹਿਬ

ਮਾਂ ਬੋਲੀ ਨੂੰ ਦੇਸ਼ ਨਿਕਾਲਾ

26 ਮਾਰਚ ਦੇ ਨਜ਼ਰੀਆ ਪੰਨੇ ’ਤੇ ਜਤਿੰਦਰ ਭੁੱਚੋ ਦੀ ਰਚਨਾ ਸਾਡੀ ਆਪਣੀ ਮਾਂ-ਬੋਲੀ ਪ੍ਰਤੀ ਸੋਚ, ਸਤਿਕਾਰ ਅਤੇ ਸਮਰਪਣ ਦੀ ਸਹੀ ਤੇ ਸੱਚੀ ਪਰੰਤੂ ਦੁੱਖਦਾਈ ਤਸਵੀਰ ਪੇਸ਼ ਕਰਦੀ ਹੈ। ਅਸੀਂ 78 ਸਾਲਾਂ ਬਾਅਦ ਵੀ ਆਪਣੇ ਬਜ਼ੁਰਗਾਂ ਨੂੰ ਪੰਜਾਬੀ ਵਿੱਚ ਜਾਣਕਾਰੀ ਪ੍ਰਦਾਨ ਕਰਨ ਦੇ ਕਾਬਿਲ ਨਹੀਂ ਹੋ ਸਕੇ। ਅਸੀਂ ਆਪਣੀ ਹੀ ਧਰਤੀ ’ਤੇ ਬੇਗਾਨੀ ਸੋਚ ਅਤੇ ਬੇਗਾਨੀ ਭਾਸ਼ਾ ਨੂੰ ਅਪਣਾ ਕੇ ਆਪਣੀ ਬੋਲੀ ਅਤੇ ਆਪਣੇ ਸੱਭਿਆਚਾਰ ਨੂੰ ਬੇਗਾਨਾ ਬਣਾ ਦਿੱਤਾ ਹੈ। ਲੇਖਕ ਨੇ ਸਹੀ ਕਿਹਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਰਸਮੀ ‘ਦੇਸ਼ ਨਿਕਾਲਾ’ ਦੇ ਦਿੱਤਾ ਹੈ। ਇਸ ਲਈ ਸਭ ਤੋਂ ਵੱਧ ਜ਼ਿੰਮੇਵਾਰ ਸਾਡੀ ਬਾਬੂਸ਼ਾਹੀ ਹੈ, ਜੋ ਅੰਗਰੇਜ਼ੀ ਬੋਲਣ ਅਤੇ ਲਿਖਣ ਵਿੱਚ ਮਾਣ ਮਹਿਸੂਸ ਕਰਦੀ ਹੈ। ਅਸੀਂ ਸਾਰੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਭਾਸ਼ਾ ਅਤੇ ਸੱਭਿਆਚਾਰ ਤੋਂ ਤੋੜਨ ਦਾ ਅਪਰਾਧ ਕਰ ਰਹੇ ਹਾਂ।

ਡਾ. ਤਰਲੋਚਨ ਕੌਰ, ਪਟਿਆਲਾ

ਹਾਸ਼ੀਏ ’ਤੇ ਧੱਕੇ ਲੋਕ

21 ਮਾਰਚ ਦੀ ਸੰਪਾਦਕੀ ਵਿੱਚ ਇਤਿਹਾਸਕ ਤੌਰ ’ਤੇ ਹਾਸ਼ੀਏ ’ਤੇ ਧੱਕੇ ਲੋਕਾਂ ਨਾਲ ਸਬੰਧਿਤ ਸੀਵਰੇਜ ਸਫ਼ਾਈ ਕਰਮਚਾਰੀਆਂ ਦੀ ਸਫ਼ਾਈ ਕਰਦੇ ਸਮੇਂ ਮੌਤ ਹੋਣ ’ਤੇ ਜਿਨ੍ਹਾਂ ਪੀੜਤ ਪਰਿਵਾਰਾਂ ਨੂੰ ਇੱਕ ਪੈਸਾ ਵੀ ਨਹੀਂ ਮਿਲਦਾ, ਨਾਲ ਸੱਚੇ ਦਿਲੋਂ ਹਮਦਰਦੀ ਦਿਖਾਈ ਗਈ ਹੈ। ਇਸ ਦੇ ਨਾਲ ਹੀ ਸਬੰਧਿਤ ਸਰਕਾਰ, ਨਗਰ ਕੌਂਸਲਾਂ ਅਤੇ ਹਸਪਤਾਲ ਵਰਗੀਆਂ ਪ੍ਰਾਈਵੇਟ ਸੰਸਥਾਵਾਂ ਦੀ ਲਾਪ੍ਰਵਾਹੀ ਨੂੰ ਵੰਗਾਰਿਆ ਗਿਆ ਹੈ। ਅਜਿਹੀਆਂ ਲਾਪ੍ਰਵਾਹੀਆਂ ਕਰਨ ਵਾਲਿਆਂ ਖ਼ਿਲਾਫ਼ ਧਾਰਾ-302 ਲੱਗਣੀ ਚਾਹੀਦੀ ਹੈ ਅਤੇ ਖ਼ਤਰਾ ਮੁੱਲ ਲੈ ਕੇ ਕੰਮ ਕਰਨ ਵਾਲੇ ਸਫ਼ਾਈ ਕਾਮੇ ਦੇ ਪਰਿਵਾਰ ਨੂੰ ਘੱਟੋ-ਘੱਟ ਇੱਕ ਕਰੋੜ ਰੁਪਏ, ਰਹਿਣ ਲਈ ਮਕਾਨ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ।

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

ਤਕਨੀਕ ਬਨਾਮ ਸਾਡਾ ਸਮਾਜ

21 ਮਾਰਚ ਦੇ ਨਜ਼ਰੀਆ ਪੰਨੇ ’ਤੇ ਗੁਰਦੀਪ ਸ਼ਰਮਾ ਦੀ ਰਚਨਾ ‘ਤਕਨੀਕ ਬਨਾਮ ਸਾਡਾ ਸਮਾਜ’ ਵਿੱਚ ਤਕਨੀਕੀ ਜਾਣਕਾਰੀ ਨੂੰ ਸਾਂਝਾ ਕੀਤਾ ਗਿਆ ਹੈ। ਤਕਨੀਕ ਨਾਲ ਮਨੁੱਖੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆਉਂਦਾ ਹੈ, ਜਿਸ ਨਾਲ ਇਨਸਾਨ ਧਰਤੀ ਦੀਆਂ ਹੱਦਾਂ ਤੋਂ ਪਾਰ ਬ੍ਰਹਿਮੰਡ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਕਨੀਕ ਨਾਲ ਲੋਕ ਆਪਸ ਵਿੱਚ ਜੁੜਦੇ ਹਨ, ਜਿਸਦਾ ਸਾਧਨ ਮੋਬਾਈਲ ਫੋਨ ਹੈ। ਸ਼ੋਸ਼ਲ ਮੀਡੀਆ ਨਾਲ ਲੋਕ ਆਪਣੇ ਵਿਚਾਰ ਪੇਸ਼ ਕਰਦੇ ਹਨ। ਪਰ ਅੱਜ ਕੱਲ ਗ਼ਲਤ ਕੰਟੈਂਟ ਵੀ ਲੋਕਾਂ ਤੱਕ ਫੈਲ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਸਾਡਾ ਫਰਜ਼ ਹੈ ਕਿ ਅਸੀਂ ਚੰਗੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਈਏ।

ਅਵਨੀਤ ਕੌਰ, ਨੌਧਰਾਣੀ (ਮਲੇਰਕੋਟਲਾ)

ਸੁਪਨਿਆਂ ਦੀ ਉਡਾਣ

19 ਮਾਰਚ ਦੇ ਨਜ਼ਰੀਆ ਪੰਨੇ ’ਤੇ ਜਗਜੀਤ ਸਿੰਘ ਲੋਹਟਬੱਦੀ ਦੇ ਲੇਖ ‘ਸੁਪਨਿਆਂ ਦੀ ਉਡਾਣ’ ਵਿਚਲੀ ਵਿਦਿਆਰਥਣ ਹਰਪ੍ਰੀਤ ਕੌਰ ਖੁਸ਼ਕਿਸਮਤ ਸੀ ਕਿ ਉਸ ਨੂੰ ਲੇਖਕ ਵਰਗਾ ਉਦਾਰਚਿੱਤ ਬੈਂਕ ਅਧਿਕਾਰੀ ਰੱਬ ਬਣ ਕੇ ਬਹੁੜਿਆ ਅਤੇ ਉਸ ਦੀ ਇੱਛਾਪੂਰਤੀ ਸੰਭਵ ਹੋ ਸਕੀ। ਸਰਕਾਰੀ ਕਰਮਚਾਰੀਆਂ ਦੇ ਉਦਾਸੀਨ ਵਤੀਰੇ ਤੇ ਲਾਲ ਫੀਤਾਸ਼ਾਹੀ ਸਭਿਆਚਾਰ ਕਾਰਨ ਪਤਾ ਨਹੀਂ ਕਿੰਨੇ ਨੌਜਵਾਨਾਂ ਦੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ। ਸਵੈ-ਰੁਜ਼ਗਾਰ ਲਈ ਬੈਂਕ ਤੋਂ ਵਿੱਤੀ ਸਹਾਇਤਾ ਲੈਣ ਤੋਂ ਲੈ ਕੇ ਸਰਕਾਰੀ ਅਦਾਰਿਆਂ ਵਿੱਚ ਰੁਜ਼ਗਾਰ ਪ੍ਰਾਪਤੀ ਲਈ ਪੇਸ਼ ਆਉਂਦੀਆਂ ਅੜਚਣਾਂ ਨੌਜਵਾਨਾਂ ’ਤੇ ਕਹਿਰ ਬਣ ਕੇ ਬਰਸਦੀਆਂ ਹਨ। ਇੱਕ ਸੁਖ਼ਦ ਜਿਹਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਮੁੰਬਈ ਤੋਂ ਆਦਮਪੁਰ ਵਾਲੀ ਪਹਿਲੀ ਫਲਾਈਟ ਲੈ ਕੇ ਆਇਆ ਉੱਚਾ ਲੰਮਾ ਗੱਭਰੂ ਹਰਪ੍ਰੀਤ ਕੋਈ ਹੋਰ ਨਹੀਂ ਬਲਕਿ ਲੇਖ ਦੀ ਨਾਇਕਾ ਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਕੈਪਟਨ ਹਰਪ੍ਰੀਤ ਕੌਰ ਦਾ ਜੀਵਨ ਸਾਥੀ ਹੈ।

ਅਵਤਾਰ ਸਿੰਘ ਭੁੱਲਰ, ਬਾਬਾ ਬਕਾਲਾ (ਅੰਮ੍ਰਿਤਸਰ)

ਦੁਖਦਾਈ ਅੰਤ

16 ਮਾਰਚ ਦੇ ਨਜ਼ਰੀਆ ਪੰਨੇ ’ਤੇ ਸੁਰਿੰਦਰ ਗੋਇਲ ਦੀ ਰਚਨਾ ‘ਦੁਖਦਾਈ ਅੰਤ’ ਪੜ੍ਹਦਿਆਂ ਮੇਰੇ ਵਾਂਗੂੰ ਹਰ ਪਾਠਕ ਜ਼ਰੂਰ ਸੋਚਦਾ ਹੋਵੇਗਾ ਕਿ ਅਜਿਹਾ ਵਰਤਾਰਾ ਕਿਉਂ? ਦੇਸ਼ ਵਿੱਚ ਅਜਿਹੇ ਹਾਲਾਤ ਕਿਉਂ ਬਣ ਜਾਂਦੇ ਨੇ? ਗੈਸ ਏਜੰਸੀਆਂ ਅੱਗੇ ਲੰਮੀਆਂ-ਲੰਮੀਆਂ ਕਤਾਰਾਂ.. ਇੱਕ ਭੂਸ਼ਨ ਕੁਮਾਰ ਨਾਂਅ ਦਾ ਲੋੜਵੰਦ ਗ਼ਰੀਬ ਬੰਦਾ ਸਵੇਰੇ 5 ਵਜੇ ਦਾ ਸਿਲੰਡਰ ਲੈਣ ਲਈ ਲਾਈਨ ਵਿੱਚ ਲੱਗਿਆ ਮਰ ਗਿਆ.. ਸਿਲੰਡਰ ਤਾਂ ਨਹੀਂ ਘਰ ਪਹੁੰਚਿਆ..ਪਰ ਉਸਦੀ ਲਾਸ਼ ਘਰ ਪਹੁੰਚ ਗਈ। ਗੈਸ ਸਿਲੰਡਰਾਂ ਦੀ ਕਿੱਲਤ ਕਰਕੇ ਭੂਸ਼ਨ ਕੁਮਾਰ ਵਰਗੇ ਪਤਾ ਨਹੀਂ ਕਿੰਨੇ ਕੁ ਪਰਿਵਾਰਾਂ ਦੀ ਇਹੋ ਜਿਹੀ ਤਰਾਸਦੀ ਹੋਵੇਗੀ। ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਗੰਭੀਰ ਮੁੱਦੇ ’ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।

ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)

ਜਾਨੀ ਮਾਲੀ ਨੁਕਸਾਨ

ਹੈਂਕੜਬਾਜ਼ ਹਾਕਮ ਦੀ ਸ਼ਹਿ ’ਤੇ ਇਜ਼ਰਾਈਲ ਨੇ ਇਰਾਨ ਨਾਲ ਜੰਗ ਛੇੜ ਲਈ ਅਤੇ ਇਹ ਆਪਣੇ ਮੁਲਕ ਦਾ ਹੋਰ ਵਿਸਥਾਰ ਕਰਨਾ ਚਾਹੁੰਦਾ ਹੈ। ਇਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਪ੍ਰਮੁੱਖ ਆਗੂਆਂ ਨੂੰ ਮਾਰਨ ਤੋਂ ਬਾਅਦ ਇਰਾਨ ਦੀ ਜਨਤਾ ਖੁਸ਼ ਹੋਵੇਗੀ ਅਤੇ ਸਾਨੂੰ ਸ਼ਾਸਨ ਕਰਨ ਸੱਦਾ ਤੇ ਮੌਕਾ ਮਿਲ ਜਾਵੇਗਾ ਪਰ ਇਹ ਸਾਰਾ ਕੁਝ ਉਸ ਤਰ੍ਹਾਂ ਨਹੀਂ ਹੋਇਆ। ਅੱਜ ਇਰਾਨ ਦਾ ਹਰ ਬਾਸ਼ਿੰਦਾ ਆਪਣੇ ਦੇਸ਼ ਨਾਲ਼ ਖੜ੍ਹਾ ਹੋ ਗਿਆ ਹੈ। ਬੇਸ਼ੱਕ ਇਜ਼ਰਾਈਲ-ਅਮਰੀਕਾ ਦੇ ਹਮਲਿਆਂ ਨਾਲ਼ ਉਨ੍ਹਾਂ ਦੇ ਪ੍ਰਮੁੱਖ ਨੇਤਾ ਮਾਰੇ ਗਏ ਹਨ ਪਰ ਉਨ੍ਹਾਂ ਦੇ ਹੌਸਲੇ ਅਜੇ ਵੀ ਕਾਇਮ ਹਨ। ਆਪਣੇ ਮੁਲਕ ਦੇ ਸਰੋਤਾਂ ’ਤੇ ਜਬਰੀ ਕਬਜ਼ਾ ਕਰਨ ਵਾਲ਼ਿਆਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਹਿੰਮਤ ਪ੍ਰਤੱਖ ਨਜ਼ਰ ਆ ਰਹੀ ਹੈ। ਦੁਨੀਆ ਦੇ ਬਹੁਤੇ ਦੇਸ਼, ਜੋ ਇਨ੍ਹਾਂ ਖਾੜੀ ਮੁਲਕਾਂ ਤੋਂ ਹੋਰਮੁਜ਼ ਰਸਤੇ ਰਾਹੀਂ ਤੇਲ ਤੇ ਗੈਸ ਲੈਂਦੇ ਹਨ, ਉਨ੍ਹਾਂ ਦੇਸ਼ਾਂ ਵਿੱਚ ਇਨ੍ਹਾਂ ਦੀ ਕਮੀ ਹੋਣ ਨਾਲ਼ ਜਨਤਾ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਧਿਰਾਂ ਨੂੰ ਸਮਝੌਤੇ ਵੱਲ ਵਧਣਾ ਚਾਹੀਦਾ ਹੈ।

ਲਾਭ ਸਿੰਘ ਸ਼ੇਰਗਿੱਲ, ਬਡਰੁੱਖਾਂ (ਸੰਗਰੂਰ)

ਵਾਜਿਬ ਰੋਸ

ਰਵਿੰਦਰ ਕੌਰ ਦਾ ਲੇਖ ‘ਜ਼ਿੰਦਗੀ ਦਾ ਸਨਮਾਨ’ ਪੜ੍ਹ ਕੇ ਮਨ ਵਲੂੰਧਰਿਆ ਗਿਆ ਕਿ ਕਿਵੇਂ ਪੜ੍ਹ-ਲਿਖ ਕੇ ਵੀ ਚੰਗਾ ਰੁਜ਼ਗਾਰ ਨਹੀਂ ਮਿਲ ਰਿਹਾ ਤੇ ਇਹ ਹੋਣੀ ਇਕੱਲੀ ਰਵਿੰਦਰ ਕੌਰ ਦੀ ਨਹੀਂ, ਬਲਕਿ ਬਹੁਤ ਸਾਰਿਆਂ ਦੀ ਹੈ। ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਮਹਿਲਾ ਦਿਵਸ ’ਤੇ ‘ਮਾਵਾਂ ਧੀਆਂ ਦਾ ਸਨਮਾਨ’ ਸਕੀਮ ਤਹਿਤ ਹਜ਼ਾਰ ਰੁਪਏ ਔਰਤਾਂ ਦੇ ਖਾਤੇ ਵਿੱਚ ਪਾਉਣ ਦੀ ਯੋਜਨਾ ਐਲਾਨੀ ਗਈ ਹੈ। ਔਰਤਾਂ ਦਾ ਸੱਚਮੁੱਚ ਸਨਮਾਨ ਉਦੋਂ ਹੋਵੇਗਾ ਜਦੋਂ ਔਰਤਾਂ ਆਪਣੀ ਮਿਹਨਤ ਨਾਲ ਕਮਾਏ ਪੈਸੇ ਨਾਲ ਘਰਾਂ ਵਿੱਚ ਯੋਗਦਾਨ ਪਾਉਣ, ਨਾ ਕਿ ਖ਼ੈਰਾਤਾਂ ਸਹਾਰੇ ਮਿਲੇ ਪੈਸੇ ਨਾਲ। ਸਰਕਾਰਾਂ ਪੜ੍ਹੀਆਂ-ਲਿਖੀਆਂ ਔਰਤਾਂ ਨੂੰ ਬਣਦਾ ਰੁਜ਼ਗਾਰ ਮੁਹੱਈਆ ਕਰਵਾਉਣ ਵੱਲ ਧਿਆਨ ਦੇਣ ਨਾ ਕਿ ਮੁਫ਼ਤ ਸਹੂਲਤਾਂ ਦੇਣ ਵੱਲ। ਰਵਿੰਦਰ ਕੌਰ ਦਾ ਪੰਜਾਬ ਸਰਕਾਰ ਨਾਲ ਕੀਤਾ ਗਿਆ ਇਹ ਰੋਸ ਬਿਲਕੁਲ ਵਾਜਿਬ ਹੈ।

ਅਮਨ ਸੈਣੀ, ਈ-ਮੇਲ

Advertisement
×