ਪਿੰਡ ਉਦਾਸ ਹੈ
20 ਮਾਰਚ ਦੇ ਨਜ਼ਰੀਆ ਪੰਨੇ ’ਤੇ ਨਿਰਮਲ ਸਿੰਘ ਦਿਓਲ ਦੀ ਰਚਨਾ ‘ਪਿੰਡ ਉਦਾਸ ਹੈ’ ਬਹੁਤ ਕੁਝ ਕਹਿ ਰਹੀ ਹੈ। ਪਹਿਲਾਂ ਵਾਂਗੂੰ ਹੁਣ ਪਿੱਪਲ, ਬਰੋਟੇ, ਹੱਟੀ, ਭੱਠੀ, ਸੱਥ, ਮੋਹ-ਮੁਹੱਬਤ ਤੇ ਸਾਂਝੀਵਾਲਤਾ ਦੀਆਂ ਪ੍ਰਤੀਕ ਸਾਂਝੀਆਂ ਥਾਵਾਂ ਨਹੀਂ ਰਹੀਆਂ ਜਿੱਥੇ ਸਾਰਾ ਦਿਨ ਰੌਣਕਾਂ...
20 ਮਾਰਚ ਦੇ ਨਜ਼ਰੀਆ ਪੰਨੇ ’ਤੇ ਨਿਰਮਲ ਸਿੰਘ ਦਿਓਲ ਦੀ ਰਚਨਾ ‘ਪਿੰਡ ਉਦਾਸ ਹੈ’ ਬਹੁਤ ਕੁਝ ਕਹਿ ਰਹੀ ਹੈ। ਪਹਿਲਾਂ ਵਾਂਗੂੰ ਹੁਣ ਪਿੱਪਲ, ਬਰੋਟੇ, ਹੱਟੀ, ਭੱਠੀ, ਸੱਥ, ਮੋਹ-ਮੁਹੱਬਤ ਤੇ ਸਾਂਝੀਵਾਲਤਾ ਦੀਆਂ ਪ੍ਰਤੀਕ ਸਾਂਝੀਆਂ ਥਾਵਾਂ ਨਹੀਂ ਰਹੀਆਂ ਜਿੱਥੇ ਸਾਰਾ ਦਿਨ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਹੁਣ ਨਾ ਤਾਂ ਪਹਿਲਾਂ ਵਾਲਾ ਪਿਆਰ-ਸਤਿਕਾਰ, ਨਾ ਸਾਂਝੀਵਾਲਤਾ ਤੇ ਨਾ ਹੀ ਪਹਿਲਾਂ ਵਰਗੀ ਰਿਸ਼ਤੇਦਾਰੀ ਰਹੀ ਹੈ। ਅੱਜਕੱਲ੍ਹ ਤਾਂ ਬੱਚੇ, ਜਵਾਨ, ਬੁੱਢੇ ਸਭ ਦੀ ਮੋਬਾਈਲ ਨਾਲ ਯਾਰੀ ਹੈ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)
‘ਆਪ’ ਦਾ ਅੰਦਰੂਨੀ ਕਲੇਸ਼
ਆਮ ਆਦਮੀ ਪਾਰਟੀ (ਆਪ) ਦੇ ਅੰਦਰੂਨੀ ਹਾਲਾਤ ਬਾਰੇ ਆ ਰਹੀਆਂ ਖ਼ਬਰਾਂ ਚਿੰਤਾਜਨਕ ਹਨ। ਰਾਘਵ ਚੱਢਾ ਨੂੰ ਅਹੁਦੇ ਤੋਂ ਹਟਾਉਣ ਅਤੇ ਨਵੀਆਂ ਨਿਯੁਕਤੀਆਂ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਜੇ ਪਾਰਟੀ ਅੰਦਰ ਮੱਤਭੇਦ ਹਨ ਤਾਂ ਉਨ੍ਹਾਂ ਨੂੰ ਸੁਚੱਜੇ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਵਿੱਚ ਅਗਾਮੀ ਚੋਣਾਂ ਦੇ ਮੱਦੇਨਜ਼ਰ ਇੱਕਜੁਟਤਾ ਬਹੁਤ ਜ਼ਰੂਰੀ ਹੈ। ਲੋਕਾਂ ਨੇ ਭਰੋਸਾ ਕੀਤਾ ਹੈ, ਜਿਸ ਨੂੰ ਕਾਇਮ ਰੱਖਣਾ ਪਾਰਟੀ ਦੀ ਜ਼ਿੰਮੇਵਾਰੀ ਹੈ। ਪਾਰਦਰਸ਼ਤਾ ਅਤੇ ਮਜ਼ਬੂਤ ਅਗਵਾਈ ਸਦਕਾ ਹੀ ਇਹ ਸੰਕਟ ਟਲ ਸਕਦਾ ਹੈ।
ਮਨੀ ਸਿੰਘ, ਸੰਗਰੂਰ
ਜੰਗ ਅਤੇ ਵਿਸ਼ਵ ਸੰਕਟ
ਨਜ਼ਰੀਆ ਪੰਨੇ ’ਤੇ ‘ਇਰਾਨ-ਇਜ਼ਰਾਈਲ ਤੇ ਅਮਰੀਕਾ ਜੰਗ ਨਵੇਂ ਮੋੜ ’ਤੇ’ ਪੜ੍ਹੀ, ਜੋ ਕਾਬਲੇਗ਼ੌਰ ਸੀ। ਪੱਛਮੀ ਏਸ਼ੀਆ ’ਚ ਲੰਮੀ ਖਿੱਚਦੀ ਜਾ ਰਹੀ ਜੰਗ ਖ਼ੌਫ਼ ਦਾ ਕਾਰਨ ਬਣੀ ਹੈ। ਪਹਿਲਾ ਹੀ ਹਿੰਦ-ਪਾਕਿ ਵੰਡ, ਹਿੰਦ-ਚੀਨ, ਹਿੰਦ-ਪਾਕਿ ਲੜਾਈਆਂ ਵਿੱਚ ਪੰਜਾਬ ਨੇ ਸੰਤਾਪ ਹੰਢਾਇਆ ਹੈ। ਬਾਰਡਰ ਦੇ ਜਿਨ੍ਹਾਂ ਲੋਕਾਂ ਨੇ ਜੰਗ ਨੂੰ ਨੇੜਿਉਂ ਦੇਖਿਆ, ਉਹ ਕਦੀ ਵੀ ਜੰਗ ਨਹੀਂ ਚਾਹੁੰਦੇ। ਵਿਸ਼ਵ ਦੇ ਦੇਸ਼ਾਂ ਨੂੰ ਯੂ.ਐੱਨ.ਓ. ਵਿੱਚ ਆਵਾਜ਼ ਬੁਲੰਦ ਕਰ ਕੇ ਇਹ ਜੰਗ ਛੇਤੀ ਤੋਂ ਛੇਤੀ ਬੰਦ ਕਰਵਾਉਣੀ ਚਾਹੀਦੀ ਹੈ।
ਗੁਰਮੀਤ ਸਿੰਘ, ਵੇਰਕਾ
(2)
2 ਅਪਰੈਲ ਦੇ ਅੰਕ ਵਿੱਚ ‘ਔਰਤ ਲਈ ਪਲ ਪਲ ਜੰਗ’ ਲੇਖ ਸਮਾਜ ਵਿੱਚ ਵਾਪਰ ਰਹੀ ਹਿੰਸਾ ਤੇ ਮਨੁੱਖੀ ਸੰਵੇਦਨਾਵਾਂ ਦੀ ਘਟਦੀ ਮਹੱਤਤਾ ਉੱਤੇ ਗਹਿਰਾ ਚਿੰਤਨ ਪੇਸ਼ ਕਰਦਾ ਹੈ। ਲੇਖਕਾ ਨੇ ਦੱਸਿਆ ਹੈ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਤਰੱਕੀ ਦੀ ਗੱਲ ਹੁੰਦੀ ਹੈ, ਉੱਥੇ ਮਨੁੱਖੀ ਜ਼ਿੰਦਗੀ ਦੀ ਕੀਮਤ ਘਟਦੀ ਜਾ ਰਹੀ ਹੈ। ਮਾਸੂਮ ਲੋਕਾਂ ਦੀਆਂ ਮੌਤਾਂ ਤੇ ਉਨ੍ਹਾਂ ਦੇ ਪਰਿਵਾਰ ਦਾ ਦਰਦ ਸਾਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ। ਇਹ ਲੇਖ ਸਾਨੂੰ ਮਨੁੱਖਤਾ, ਸਹਿਣਸ਼ੀਲਤਾ ਤੇ ਅਮਨ ਦੀ ਲੋੜ ਸਮਝਾਉਂਦਾ ਹੈ।
ਜਸ਼ਨਪ੍ਰੀਤ ਕੌਰ, ਪਿੰਡ ਚੀਮਾ (ਲੁਧਿਆਣਾ)
ਲੋੜੀਂਦੀ ਜ਼ਮੀਨ ਅਤੇ ਸਿਆਸਤ
2 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਨਵਰੀਤ ਕੌਰ ਦਾ ਲੇਖ ‘ਜ਼ਮੀਨ ਅਧਿਗ੍ਰਹਿਣ ਦੀ ਸਿਆਸਤ’ ਪੜ੍ਹਿਆ। ਐੱਲ.ਏ.ਆਰ.ਆਰ. 2013 ਕਾਨੂੰਨ ਵਿੱਚੋਂ ਸਹਿਮਤੀ ਅਤੇ ਸਮਾਜਿਕ ਪ੍ਰਭਾਵ ਦੇ ਮੁਲਾਂਕਣ ਨੂੰ ਹਟਾਉਣਾ ਬਿਲਕੁਲ ਸਾਫ਼ ਕਰਦਾ ਹੈ ਕਿ ਸਟੇਟ ਧੱਕੇ ਨਾਲ ਜ਼ਮੀਨ ਹੀ ਨਹੀਂ ਖੋਹ ਰਹੀ ਬਲਕਿ ਸਰਕਾਰ ਇਸਦੀ ਵੀ ਪਰਵਾਹ ਨਹੀਂ ਕਰ ਰਹੀ ਕਿ ਸਮਾਜ ’ਤੇ ਇਸ ਦਾ ਕੀ ਅਸਰ ਪਵੇਗਾ। ਕੇਂਦਰੀ ਗ੍ਰਹਿ ਮੰਤਰੀ ਦਾ ਕਹਿਣਾ ਕਿ ਕਬਾਇਲੀ ਇਲਾਕਿਆਂ ’ਚੋਂ ਮਾਓਵਾਦੀਆਂ ਦਾ ਖਾਤਮਾ ਕਰ ਦਿੱਤਾ ਗਿਆ ਹੈ, ਲੇਖਕ ਦੇ ਇਸ ਕਥਨ ਦੀ ਪੁਸ਼ਟੀ ਕਰਦਾ ਹੈ ਕਿ ਜ਼ਮੀਨ ਅਧਿਗ੍ਰਹਿਣ ਰਾਹੀਂ ਅਖੌਤੀ ਵਿਕਾਸ ਦੀ ਕੀਮਤ ਕਬਾਇਲੀ ਅਤੇ ਛੋਟੇ ਕਿਸਾਨ ਨੂੰ ਚੁਕਾਉਣੀ ਪੈਂਦੀ ਹੈ ਕਿਉਂਕਿ ਮਾਓਵਾਦੀ, ਕਬਾਇਲੀਆਂ ਅਤੇ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਸਟੇਟ ਦਾ ਇਹ ਰਵੱਈਆ ਸੰਵਿਧਾਨ ਦੇ ਉਲਟ ਹੈ।
ਜਗਰਪੂ ਸਿੰਘ, ਉਭਾਵਾਲ
ਭ੍ਰਿਸ਼ਟਾਚਾਰ ਅਤੇ ਰਿਸ਼ਵਤਖ਼ੋਰੀ
2 ਅਪਰੈਲ ਨੂੰ ਛਪਿਆ ਰਸ਼ਪਿੰਦਰ ਪਾਲ ਕੌਰ ਦਾ ਲੇਖ ‘ਸਿਕੰਦਰ’ ਵਧੀਆ ਲੱਗਾ। ਹਰ ਬੱਚਾ ਆਪਣੇ ਮਾਪਿਆਂ ਤੋਂ ਕੁਝ ਜ਼ਿੰਦਗੀ ਦੇ ਅਸੂਲ ਗ੍ਰਹਿਣ ਕਰਦਾ ਹੈ ਜਿਨ੍ਹਾਂ ਨੂੰ ਸੰਸਕਾਰਾਂ ਦਾ ਨਾਂ ਦਿੱਤਾ ਜਾਂਦਾ ਹੈ ਅਤੇ ਸਿੱਖਿਆਵਾਂ ਆਪਣੇ ਅਧਿਆਪਕਾਂ ਤੇ ਆਲੇ ਦੁਆਲੇ ਤੋਂ ਗ੍ਰਹਿਣ ਕਰਦਾ ਹੈ। ਪਰ ਆਪਣੇ ਅਸੂਲਾਂ ਦਾ ਪਹਿਰੇਦਾਰ ਇੱਕ ਇਨਸਾਨ ਆਪ ਹੀ ਹੁੰਦਾ ਹੈ। ਲੇਖਕਾ ਦੇ ਮਾਮਾ ਜੀ ਦੇ ਅਸੂਲਾਂ ਦੇ ਪੱਕੇ ਹੋਣ ਬਾਰੇ ਪੜ੍ਹ ਕੇ ਇਹੀ ਕਿਹਾ ਜਾਂਦਾ ਹੈ ਕਿ ਕਿਰਦਾਰ ਕਦੇ ਵੀ ਪੈਦਾ ਨਹੀਂ ਹੁੰਦੇ, ਸਗੋਂ ਸਮਾਜ ਵਿੱਚ ਵਿਚਰ ਕੇ ਹੀ ਘੜੇ ਜਾਂਦੇ ਹਨ। ਸ਼ਮੀਲਾ ਖ਼ਾਨ ਦਾ ਲੇਖ ‘ਔਰਤ ਲਈ ਪਲ ਪਲ ਜੰਗ’ ਵਧੀਆ ਲੱਗਾ। ਸਿੱਖਿਆ ਦਾ ਔਰਤਾਂ ਦੀ ਜ਼ਿੰਦਗੀ ਵਿੱਚ ਮਹੱਤਤਾ ਦਰਸਾਉਂਦਾ ਲੇਖ ਪ੍ਰੇਰਨਾਦਾਇਕ ਲੱਗਾ। 1 ਅਪਰੈਲ ਦੇ ਅੰਕ ’ਚ ਲੇਖ ‘ਠੀਕਰੀ ਪਹਿਰਾ’ ਵਧੀਆ ਲੱਗਾ। ਹਰ ਇਨਸਾਨ ਦੀ ਜਿਵੇਂ ਜਿਵੇਂ ਉਮਰ ਵਧਦੀ ਹੈ ਜਿੰਮੇਵਾਰੀਆਂ ਦੀ ਪੰਡ ਵੀ ਭਾਰੀ ਹੁੰਦੀ ਜਾਂਦੀ ਹੈ ਪਰ ਕਈਆਂ ਬੰਦਿਆਂ ਦੀ ਜਿੰਮੇਵਾਰੀਆਂ ਦੀ ਪੰਡ ਉਮਰ ਤੋਂ ਪਹਿਲਾਂ ਹੀ ਭਾਰੀ ਹੋ ਜਾਂਦੀ ਹੈ।
ਸੁਖਪਾਲ ਕੌਰ, ਚੰਡੀਗੜ੍ਹ
ਸੰਪਾਦਕੀ ਸਮੇਂ ਦੀ ਹਾਣੀ
ਦੇਸ਼ ਉੱਤੇ ਕਾਬਜ਼ ਹਾਕਮ ਧਿਰ ਸਮੇਂ ਅਨੁਸਾਰ ਪੈਂਤਰੇ ਬਦਲਦੀ ਅਤੇ ਅਜ਼ਮਾਉਂਦੀ ਆਈ ਹੈ। ਕੌਮਾਂਤਰੀ ਕਾਰਪੋਰੇਟ ਸਵੈ-ਮੁਨਾਫ਼ੇ 100 ਫ਼ੀਸਦੀ ਬਾਹਰ ਲਿਜਾ ਸਕਦੇ ਹਨ ਜਾਂ ਇੱਥੇ ਹੀ ਬੇਰੋਕ-ਟੋਕ ਖਰਚ ਸਕਦੇ ਹਨ ਪ੍ਰੰਤੂ ਦੇਸ਼ ਦੇ ਵਾਸੀ ਵਿਦੇਸ਼ੀ ਕਮਾਈ ਆਪਣੇ ਦੇਸ਼ ਭੇਜਣ ਤਾਂ ਦੇਸ਼ ਦੀ ਸੁਰੱਖਿਆ ਲਈ ਖ਼ਤਰਾ! ਦੇਸ਼ ਦੀ ਸੁਰੱਖਿਆ ਸਖ਼ਤ ਕਾਨੂੰਨ ਨਾਲ ਹੋਰ ਮਜ਼ਬੂਤ ਨਹੀਂ ਹੁੰਦੀ, ਸਗੋ ਨਾਗਰਿਕ ਦੇ ਸਵੈ-ਸੰਕਲਪ ਵਿੱਚੋਂ ਪਨਪਦੀ ਹੈ। ਜਿਉਂ ਜਿਉਂ ਵਿਦੇਸ਼ੀ ਫੰਡ ਕਾਨੂੰਨ ਸਖ਼ਤ ਹੋਣਗੇ, ਓਨੀਆਂ ਅਵਾਮ ਗ਼ਲਤੀਆਂ ਕਰੇਗਾ। ਲੋਕਤੰਤਰ ਅੰਦਰ ਵੱਧ ਸਖ਼ਤ ਕਾਨੂੰਨ ਧਰਤੀ ’ਤੇ ਅਸੱਭਿਅਕ ਸਮਾਜ ਦੀ ਨਿਸ਼ਾਨਦੇਹੀ ਕਰਦੇ ਹਨ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ
ਕਿਰਤ ਕਾਨੂੰਨਾਂ ਦੀ ਹਕੀਕਤ
ਪਹਿਲੀ ਅਪਰੈਲ ਦੇ ਨਜ਼ਰੀਆ ਪੰਨੇ ’ਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਕਿਰਤ ਕੋਡਾਂ ਦੀ ਹਕੀਕਤ’ ਪੜ੍ਹਿਆ। ਇੱਕ ਫੈਕਟਰੀ ਕਾਮਾ ਹੋਣ ਕਰਕੇ ਚਿੰਤਾ ਕਰਨਾ ਲੋੜੀਂਦਾ ਹੈ, ਬੇਸ਼ੱਕ ਲੇਖਕ ਨੇ ਵੱਖੋ-ਵੱਖਰੇ ਦੇਸ਼ਾਂ ਵਿੱਚ ਕਿਰਤ ਕਾਨੂੰਨਾਂ ’ਤੇ ਚਾਨਣਾ ਪਾਇਆ ਹੈ, ਉੱਥੇ ਹੀ ਉਸ ਨੇ ਭਾਰਤ ਵਿੱਚ ਲੇਬਰ ਐਕਟ ਦਾ ਵੀ ਵਿਸ਼ਲੇਸ਼ਣ ਕੀਤਾ ਹੈ। ਸਨਅਤਕਾਰਾਂ ਵੱਲੋਂ ਕਿਰਤੀਆਂ ਦੇ ਕਾਨੂੰਨਾਂ ਨੂੰ ਢਾਹ ਲਾਈ ਜਾ ਰਹੀ ਹੈ। ਕਿਰਤ ਕੋਡਾਂ ਦੇ ਹੱਕਾਂ ’ਤੇ ਮਾਰਿਆ ਡਾਕਾ ਸਚਮੁੱਚ ਕਿਰਤੀਆਂ ਦੀ ਕਿਰਤ ਲੁੱਟਣ ਦੇ ਬਰਾਬਰ ਹੈ। ਇਸੇ ਤਰ੍ਹਾਂ 27 ਮਾਰਚ ਦਾ ਲੇਖ ‘ਕਿਸਾਨ ਖੁਦਕੁਸ਼ੀਆਂ ਅਤੇ ਕਾਰਨ’ (ਡਾ. ਕੇਸਰ ਸਿੰਘ ਭੰਗੂ) ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਲੇਖਕ ਨੇ ਜਿੱਥੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਮੁਸ਼ਕਿਲਾਂ ’ਤੇ ਚਾਨਣਾ ਪਾਇਆ ਹੈ, ਉੱਥੇ ਹੀ ਉਨ੍ਹਾਂ ਆੜ੍ਹਤੀ ਬਣੇ ਧਨਾਢ ਕਿਸਾਨਾਂ ਨੂੰ ਵੀ ਦੋਸ਼ੀ ਠਹਿਰਾਇਆ ਹੈ। ਸਬਸਿਡੀਆਂ ਅਤੇ ਲਿਮਟਾਂ ਦੇ ਨਾਂ ’ਤੇ ਹੁੰਦਾ ਕਿਸਾਨਾਂ, ਮਜ਼ਦੂਰਾਂ ਦਾ ਸ਼ੋਸ਼ਣ ਚਿੰਤਾ ਦਾ ਵਿਸ਼ਾ ਹੈ। ਵਧੇ ਵਿਆਜ਼ ਅਤੇ ਜ਼ਮੀਨ ਦੀ ਕੁਰਕੀ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪਏ ਕਿਰਤੀਆਂ ਦੀ ਮੱਦਦ ਦੀ ਗੁਹਾਰ ਵੀ ਲਗਾਈ ਹੈ। ਕੁਲਵੰਤ ਸਿੰਘ ਸੰਘੋਲ ਦਾ ਮਿਡਲ ‘ਠੀਕਰੀ ਪਹਿਰਾ’ ਵੀ ਪੁਰਾਣੀ ਯਾਦ ਨੂੰ ਸਮਰਪਿਤ ਹੈ, ਜੋ ਲੇਖਕ ਦੇ ਲੰਘੇ ਵੇਲੇ ਵਿੱਚ ਕੰਮ ਪ੍ਰਤੀ ਸਰੀਰਕ ਕਸ਼ਟ ਦੀ ਘਟਨਾ ਨੂੰ ਪਾਠਕਾਂ ਦੇ ਸਨਮੁਖ ਕਰਨ ਦਾ ਵਧੀਆ ਉਪਰਾਲਾ ਹੈ। ਇਸੇ ਲੜੀ ਵਿੱਚ ਕੇ.ਪੀ.ਸਿੰਘ ਦਾ ਮਿਡਲ ‘ਮਦਦਗਾਰ ਅਧਿਕਾਰੀ’ ਪੜ੍ਹ ਕੇ ਹਰੇਕ ਮਨੁੱਖ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣ ਲੱਗਦਾ ਹੈ।
ਮਨਮੋਹਨ ਸਿੰਘ, ਨਾਭਾ
ਅਮਰੀਕਾ ਬਨਾਮ ਇਰਾਨ ਜੰਗ
30 ਮਾਰਚ ਦਾ ਜਯੋਤੀ ਮਲਹੋਤਰਾ ਦਾ ‘ਨਾ ਕੋ ਵੈਰੀ, ਨਾ ਬੇਗ਼ਾਨਾ’ ਪੜ੍ਹ ਕੇ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਪਾਕਿਸਤਾਨ ਦੇ ਸੰਦਰਭ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਪਾਕਿਸਤਾਨ ਦੀ ਅਮਰੀਕੀ/ਇਜ਼ਰਾਈਲੀ ਬਨਾਮ ਇਰਾਨ ਜੰਗ ਨੂੰ ਰੁਕਵਾਉਣ ਸਬੰਧੀ ਭੂਮਿਕਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਇਹ ਕਹਿਣਾ ਕਿ ‘ਭਾਰਤ ਦਲਾਲ ਦੇਸ਼ ਨਹੀਂ’ ਸਹੀ ਅਤੇ ਸੰਤੁਲਿਤ ਬਿਆਨ ਨਹੀਂ ਹੈ। ਇਹ ਤੱਥ ਸਹੀ ਹਨ ਕਿ ਭਾਰਤ ਦੇ ਪਾਕਿਸਤਾਨ ਨਾਲ ਰਿਸ਼ਤੇ ਸੁਖਾਵੇਂ ਨਹੀਂ ਹਨ। ਜੇ ਪਾਕਿਸਤਾਨ ਇਰਾਨ ਵਿਰੁੱਧ ਜੰਗ ਰੋਕਣ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਹੈ ਤਾਂ ਜੇ ਸਿਫ਼ਤ ਨਹੀਂ ਕਰ ਸਕਦੇ ਤਾਂ ਚੁੱਪ ਤਾਂ ਰਿਹਾ ਜਾ ਸਕਦਾ ਹੈ। ਇਰਾਨ ਨਾਲ ਹੋਏ ਧੱਕੇ ਨਾਲ ਭਾਰਤ ਦਾ ਪੱਖ ਅਮਰੀਕਾ ਪੱਖੀ ਹੀ ਹੈ। ਮਨੁੱਖੀ ਅਧਿਕਾਰਾਂ ਅਤੇ ਕਦਰਾਂ ਕੀਮਤਾਂ ਦੇ ਘਾਣ ਦੀ ਸਥਿਤੀ ਵਿੱਚ ਅੱਜ ਭਾਰਤ, ਅਮਰੀਕਾ ਦੇ ਵਿਰੋਧ ਵਿੱਚ ਖੜ੍ਹਨ ਦੀ ਹਿੰਮਤ ਨਹੀਂ ਦਿਖਾ ਰਿਹਾ। ਇਹ ਲੜਾਈ ਹੁਣ ਸਮਝੌਤੇ ਦੀ ਲਛਮਣ ਰੇਖਾ ਤੋਂ ਬਾਹਰ ਚਲੀ ਗਈ ਹੈ। ਜਿੱਤ ਹਾਰ ਬਿਨਾਂ ਹੁਣ ਸਿੱਟਾ ਸੰਭਵ ਨਹੀਂ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

