DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਡਾਕ ਐਤਵਾਰ ਦੀ; ਇਤਿਹਾਸਕਾਰੀ ਦਾ ਸੁਨਹਿਰੀ ਯੁੱਗ

ਐਤਵਾਰ, 23 ਅਗਸਤ ਨੂੰ ‘ਸੋਚ ਸੰਗਤ’ ਪੰਨੇ ’ਤੇ ਰਾਮਚੰਦਰ ਗੁਹਾ ਦਾ ਲੇਖ ‘ਇਤਿਹਾਸਕਾਰ ਸੁਮਿਤ ਸਰਕਾਰ ਦੇ ਸੁਨਹਿਰੀ ਯੁੱਗ’ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਅਰਵਿੰਦਰ ਜੌਹਲ ਦਾ ਲੇਖ ‘ਬਦਲੀ ਬਦਲੀ ਫਿਜ਼ਾ’ ਦੇਸ਼ ਵਿੱਚ ਬਦਲ ਰਹੀ ਸੋਚ...

  • fb
  • twitter
  • whatsapp
  • whatsapp
Advertisement

ਐਤਵਾਰ, 23 ਅਗਸਤ ਨੂੰ ‘ਸੋਚ ਸੰਗਤ’ ਪੰਨੇ ’ਤੇ ਰਾਮਚੰਦਰ ਗੁਹਾ ਦਾ ਲੇਖ ‘ਇਤਿਹਾਸਕਾਰ ਸੁਮਿਤ ਸਰਕਾਰ ਦੇ ਸੁਨਹਿਰੀ ਯੁੱਗ’ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਅਰਵਿੰਦਰ ਜੌਹਲ ਦਾ ਲੇਖ ‘ਬਦਲੀ ਬਦਲੀ ਫਿਜ਼ਾ’ ਦੇਸ਼ ਵਿੱਚ ਬਦਲ ਰਹੀ ਸੋਚ ਅਤੇ ਵਿਚਾਰਧਾਰਾ ਦਾ ਬਾਖ਼ੂਬੀ ਵਿਸ਼ਲੇਸ਼ਣ ਕਰਦਾ ਹੈ। ਸੱਚ ਵੀ ਹੈ ਕਿ ਫਾਸ਼ੀਵਾਦੀ ਵਿਚਾਰਧਾਰਾ ਦੀ ਗੂੰਜ ਜੰਤਰ-ਮੰਤਰ ’ਤੇ ਲੱਗੇ ਸਿੱਖਿਆ ਤੇ ਰੁਜ਼ਗਾਰ ਦੀ ਲੋੜ ਦੇ ਨਾਅਰਿਆਂ ਹੇਠ ਦੱਬ ਕੇ ਰਹਿ ਗਈ ਹੈ। ਇਹ ਹੋਣਾ ਵੀ ਚਾਹੀਦਾ ਸੀ ਕਿਉਂਕਿ ਸਿੱਖਿਆ ਅਤੇ ਰੁਜ਼ਗਾਰ ਦੇ ਮਹੱਤਵ ਨੂੰ ਨੌਜਵਾਨਾਂ ਤੋਂ ਵੱਧ ਕੌਣ ਸਮਝ ਸਕਦਾ ਹੈ? ਇਸੇ ਤਰ੍ਹਾਂ ਮਨਜੀਤ ਮਾਨ ਦੀ ਰਚਨਾ ‘ਡਾਲਰਾਂ ਦੇ ਦੇਸ ’ਚ ਮਨ ਪਰਦੇਸੀ’ ਹਜ਼ਾਰਾਂ ਬਜ਼ੁਰਗ ਮਾਪਿਆਂ ਦੀ ਦਰਦ ਭਰੀ ਦਾਸਤਾਨ ਹੈ, ਜਿਹੜੇ ਪਰਦੇਸੀ ਹੋ ਕੇ ਆਪਣੀ ਅਸਲੀ ਪਛਾਣ ਗੁਆ ਚੁੱਕੇ ਹਨ। ਡਾਲਰਾਂ ਦੀ ਖਣਕ ਵੀ ਉਨ੍ਹਾਂ ਦੇ ਪਿੰਡ ਦੀ ਮਿੱਟੀ ਦੀ ਖੁਸ਼ਬੂ ਦੀ ਤੜਪ ਨੂੰ ਘਟਾ ਨਹੀਂ ਸਕਦੀ। ਅਮਰੀਕਾ ਤੇ ਕੈਨੇਡਾ ਦੇ ਪਾਰਕਾਂ ਵਿੱਚ ਨਿੱਕੇ ਬੱਚਿਆਂ ਨੂੰ ਸੰਭਾਲਦੇ ਅਜਿਹੇ ਅਨੇਕਾਂ ਮਾਂ-ਬਾਪ ਆਪਣੇ ਵਤਨ ਮੁੜਨਾ ਚਾਹੁੰਦੇ ਹਨ, ਪਰ ਬੱਚਿਆਂ ਦੀਆਂ ਮੁਸ਼ਕਿਲਾਂ ਕਾਰਨ ਮਨ ਮਸੋਸ ਕੇ ਰਹਿ ਜਾਂਦੇ ਹਨ। ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਤੜਪ ਦੀ ਕਦਰ ਕਰਨ।

ਡਾ. ਤਰਲੋਚਨ ਕੌਰ, ਪਟਿਆਲਾ

Advertisement

ਖ਼ੌਫ਼ਨਾਕ ਦੌਰ

23 ਅਗਸਤ ਦੇ ‘ਦਸਤਕ’ ਅੰਕ ਵਿੱਚ ਅਮਰਜੀਤ ਚੰਦਨ ਦਾ ਲੇਖ ‘ਸੰਨ ਸੰਤਾਲ਼ੀ ਦੇ ਕੀਰਨੇ’ ਪੜ੍ਹ ਕੇ ਮਨ ਬਹੁਤ ਭਾਵੁਕ ਹੋਇਆ। ਸੁਭਾਵਕ ਹੈ ਕਿ ਉਸ ਖੌਫ਼ਨਾਕ ਸਮੇਂ ਦੌਰਾਨ ਬਹੁਤ ਘੱਟ ਲੋਕ ਸਾਹਿਤ ਪੈਦਾ ਹੋਇਆ ਹੋਵੇਗਾ। ਜੋ ਲੋਕ ਉਸ ਸਮੇਂ ਵਿੱਚੋਂ ਲੰਘ ਰਹੇ ਸਨ, ਉਨ੍ਹਾਂ ਨੂੰ ਰਲ ਮਿਲ ਕੇ ਬੈਠਣ ਅਤੇ ਆਪਣਾ ਦਿਲ ਹੌਲਾ ਕਰਨ ਦਾ ਮੌਕਾ ਵੀ ਕਿੱਥੇ ਮਿਲਿਆ ਹੋਵੇਗਾ? ਅਜਿਹੇ ਦਰਦਨਾਕ ਮੰਜ਼ਰ ਬਾਰੇ ਕੁਝ ਵੀ ਬਿਆਨ ਕਰ ਸਕਣ ਲਈ ਕਿਸੇ ਨੂੰ ਸ਼ਬਦ ਹੀ ਨਹੀਂ ਸੁੱਝੇ ਹੋਣਗੇ, ਸਿਰਫ਼ ਹੰਝੂਆਂ ਅਤੇ ਖਲਾਅ ਨਾਲ ਭਰੀਆਂ ਅੱਖਾਂ ਇੱਕ ਦੂਜੇ ਵੱਲ ਤੱਕਦੀਆਂ ਹੋਣਗੀਆਂ। ਹਰ ਕੋਈ ਇੱਕ ਦੂਜੇ ਦਾ ਮੋਢਾ ਪਲੋਸਦਿਆਂ, ਦਿਲਾਸਾ ਦਿੰਦਿਆਂ ਸਮਾਂ ਟਪਾਉਣ ਅਤੇ ਜੀਵਨ ਦੇ ਉਸ ਇੱਕਲੌਤੇ ਰਾਹ ’ਤੇ ਤੁਰਨ ਲਈ ਮਜਬੂਰ ਸੀ, ਜੋ ਉਨ੍ਹਾਂ ਨੂੰ ਆਪਣੇ ਘਰ-ਬਾਰ ਤੋਂ ਬਹੁਤ ਦੂਰ ਕਿਤੇ ਨਵੀਂ ਦੁਨੀਆ ਵੱਲ ਧੱਕ ਲਿਜਾ ਰਿਹਾ ਸੀ। ਉਹ ਪ੍ਰਸਥਿਤੀਆਂ ਬੇਹੱਦ ਅਣਮਨੁੱਖੀ ਸਨ। ਜੋ ਲੋਕ ਉਨ੍ਹਾਂ ਸਿਆਹ ਦਿਨਾਂ ਦੀ ਮਾਰ ’ਚੋਂ ਜ਼ਿੰਦਾ ਨਿਕਲ ਆਏ, ਉਨ੍ਹਾਂ ਦੇ ਜ਼ਿਹਨ ’ਤੇ ਵੀ ਲੰਮਾ ਸਮਾਂ ਬੀਤੇ ਦਾ ਪ੍ਰਭਾਵ ਰਿਹਾ। ਮਨੁੱਖੀ ਇਤਿਹਾਸ ਦਾ ਵੱਡਾ ਹਿੱਸਾ ਹਾਲੇ ਵੀ ਸਾਡੀ ਖੋਜ ਦੇ ਦਾਇਰੇ ਤੋਂ ਬਾਹਰ ਰਿਹਾ ਹੈ। ਰੱਬ ਅਗਲੇ ਸਮਿਆਂ ਵਿੱਚ ਮਨੁੱਖ ਜਾਤੀ ਦਾ ਬਚਾਅ ਕਰੇ !

Advertisement

ਰਜਨੀ, ਦਿੱਲੀ

ਬਹਾਨਿਆਂ ਦੀ ਮਾਰ

ਐਤਵਾਰ, 23 ਅਗਸਤ ਦੇ ‘ਦਸਤਕ’ ਅੰਕ ਦੇ ਔਨਲਾਈਨ ਐਡੀਸ਼ਨ ਵਿੱਚ ਮਲਵਿੰਦਰ ਦਾ ਲੇਖ ‘ਕੰਮ ਟਾਲਣ ਦਾ ਵਧਦਾ ਰੁਝਾਨ....!’ ਅਜੋਕੇ ਸਮੇਂ ਦੀ ਸਚਾਈ ਨੂੰ ਬਿਆਨ ਕਰਦਾ ਹੈ। ਅਜੋਕੀ ਜੀਵਨ ਸ਼ੈਲੀ ਅਜਿਹੀ ਹੋ ਗਈ ਹੈ ਕਿ ਜੇਕਰ ਕੋਈ ਵਿਹਲਾ ਵੀ ਹੋਵੇ ਤਾਂ ਵੀ ਉਹ ਇਹੀ ਆਖਦਾ ਹੈ, “ਮੈਨੂੰ ਥੋੜ੍ਹਾ ਕੰਮ ਹੈ।” ਅਸੀਂ ਹਰ ਕੰਮ ਤੋਂ ਭੱਜਦੇ ਹਾਂ। ਇਸ ਤਰ੍ਹਾਂ ਇੱਕ ਕੰਮ ਛੱਡ ਕੇ ਦੂਜੇ ਨੂੰ ਫੜਨ ਨਾਲ ਕੋਈ ਵੀ ਕੰਮ ਪੂਰਾ ਨਹੀਂ ਹੁੰਦਾ। ਸਹੀ ਸਮੇਂ ’ਤੇ ਸਹੀ ਕੰਮ ਦੀ ਚੋਣ ਕਰਕੇ ਉਸ ਨੂੰ ਪੂਰਾ ਕਰਨਾ ਜ਼ਿੰਦਗੀ ਵਿੱਚ ਸਫਲਤਾ ਦੀ ਨਿਸ਼ਾਨੀ ਹੈ। ਸਮਾਂ ਲੰਘ ਜਾਣ ਬਾਅਦ ਕੀਤੇ ਕੰਮ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਜਿਵੇਂ ਜਦੋਂ ਪੜ੍ਹਨ ਦਾ ਸਮਾਂ ਸੀ, ਉਦੋਂ ਤਾਂ ਵਿਦਿਆਰਥੀ ਨੇ ਪੇਪਰਾਂ ਦੀ ਤਿਆਰੀ ਨਹੀਂ ਕੀਤੀ; ਹੁਣ ਜਦੋਂ ਪੇਪਰ ਖ਼ਤਮ ਹੋ ਗਏ ਤਾਂ ਘਰ ਆ ਕੇ ਹੋਏ ਪੇਪਰਾਂ ਨੂੰ ਯਾਦ ਕਰਨ ਦਾ ਕੋਈ ਫ਼ਾਇਦਾ ਨਹੀਂ। ਸੋਸ਼ਲ ਮੀਡੀਆ ਦੇ ਦਿਨੋਂ-ਦਿਨ ਵਧ ਰਹੇ ਰੁਝਾਨ ਨੇ ਸਾਨੂੰ ਕੰਮ ਤੋਂ ਆਲਸ ਵੱਲ ਧੱਕਿਆ ਹੈ। ਅੱਧੀ-ਅੱਧੀ ਰਾਤ ਤੱਕ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਨਾਲ ਸਵੇਰੇ ਦੇਰ ਨਾਲ ਉੱਠਣ ਕਰਕੇ ਸਾਡੇ ਬਹੁਤ ਸਾਰੇ ਕੰਮ ਰਹਿ ਜਾਂਦੇ ਹਨ। ਲੇਖਕ ਨੇ ਜਿੱਥੇ ਕੰਮ ਕਰਨ ਦਾ ਸੁਨੇਹਾ ਦਿੱਤਾ ਹੈ, ਉੱਥੇ ਸਹੀ ਸਮੇਂ ’ਤੇ ਟਾਲ-ਮਟੋਲ ਕਰਨ ਦੀ ਆਦਤ ਛੱਡਣ ਦੀ ਵੀ ਨਸੀਹਤ ਦਿੱਤੀ ਹੈ।

ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

ਬਦਲੀ ਬਦਲੀ ਫਿਜ਼ਾ

ਐਤਵਾਰ, 23 ਅਗਸਤ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਬਦਲੀ ਬਦਲੀ ਫਿਜ਼ਾ’ ਨੌਜਵਾਨਾਂ ਵੱਲੋ ਜੰਤਰ-ਮੰਤਰ ’ਤੇ ਕੀਤੇ ਗਏ ਅੰਦੋਲਨ ਤੋਂ ਬਾਅਦ ਦੇਸ਼ ਦੀ ਬਦਲ ਰਹੀ ਫਿਜ਼ਾ ਦਾ ਬਿਲਕੁਲ ਦਰੁਸਤ ਵਿਸ਼ਲੇਸ਼ਣ ਕਰਦਾ ਹੈ। ਬਾਰਾਂ ਸਾਲ ਬਾਅਦ ਦੇਸ਼ ਵਿੱਚ ਹੋ ਰਹੀ ਰਾਜਨੀਤਕ ਬਹਿਸ ਦਾ ਏਜੰਡਾ ਨੌਜਵਾਨਾਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਤੈਅ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਕੈਬਨਿਟ ਮੰਤਰੀਆਂ ਵੱਲੋਂ ਨੌਜਵਾਨਾਂ ਨਾਲ ਰਾਬਤਾ ਕਾਇਮ ਕਰਨ ਅਤੇ ਰੀਲ ਬਣਾ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਬੁਰੀ ਤਰ੍ਹਾਂ ਅਸਫ਼ਲ ਹੋਵੇਗੀ ਕਿਉਂਕਿ ਪ੍ਰਧਾਨ ਮੰਤਰੀ ਦੀ ਅਪੀਲ ਹੀ ਫਿੱਕੀ ਪੈ ਗਈ ਹੈ। ਸਿੱਖਿਆ ਖੇਤਰ ਦੇ ਬੱਜਟ ਵਿੱਚ ਕੀਤੀ ਕਟੌਤੀ ਅਤੇ ਬੇਰੁਜ਼ਗਾਰੀ ਸਭ ਦੇ ਸਾਹਮਣੇ ਹੈ। ਸਿੱਖਿਆ ਖੇਤਰ ਦੇ ਮੌਜੂਦਾ ਹਾਲਾਤ ਅਸਲ ਵਿੱਚ ਨਵਉਦਾਰਵਾਦੀ ਨੀਤੀਆਂ ਦਾ ਨਤੀਜਾ ਹਨ, ਜਿਸ ਨੂੰ ਕਾਂਗਰਸ ਨੇ ਸ਼ੁਰੂ ਕੀਤਾ ਸੀ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨੌਜਵਾਨ ਅਤੇ ਵਿਰੋਧੀ ਪਾਰਟੀਆਂ ਇਸ ਮੁੱਦੇ ਨੂੰ ਕਿਵੇਂ ਅਤੇ ਕਿੰਨਾ ਚਿਰ ਜਿਊਂਦਾ ਰੱਖਣ ਵਿੱਚ ਕਾਮਯਾਬ ਹੋਣਗੇ। ਇਸ ਵਿੱਚ ਹੀ ਪੂਰੇ ਦੇਸ਼ ਦਾ ਭਲਾ ਹੋਵੇਗਾ।

ਧਰਮਵੀਰ ਚੌਧਰੀ, ਨਵਾਂਸ਼ਹਿਰ

(2)

ਐਤਵਾਰ, 23 ਅਗਸਤ ਦੇ ‘ਸੋਚ ਸੰਗਤ’ ਪੰਨੇ ’ਤੇ ਛਪਿਆ ਅਰਵਿੰਦਰ ਜੌਹਲ ਦਾ ਲੇਖ ‘ਬਦਲੀ ਬਦਲੀ ਫਿਜ਼ਾ’ ਬਹੁਤ ਵਧੀਆ ਲੱਗਿਆ। ਲੇਖਕ ਅਨੁਸਾਰ ਪੇਪਰ ਲੀਕ ਮਾਮਲੇ ’ਤੇ ਨੌਜਵਾਨਾਂ ਵੱਲੋਂ ਜੰਤਰ-ਮੰਤਰ ਵਿਖੇ ਕੀਤੇ ਰੋਸ ਪ੍ਰਦਰਸ਼ਨ ਮਗਰੋਂ ਦੇਸ਼ ਦੀ ਸਿਆਸੀ ਫਿਜ਼ਾ ਵਿੱਚ ਬਦਲਾਅ ਨਜ਼ਰ ਆਉਣ ਲੱਗਿਆ ਹੈ। ਨੌਜਵਾਨ ਵਰਗ ਵੋਟਰਾਂ ਦਾ ਇੱਕ ਵੱਡਾ ਹਿੱਸਾ ਹਨ, ਜਿਸ ਕਰਕੇ ਹੁਣ ਸਿਆਸਤਦਾਨ ਅਤੇ ਮੌਜੂਦਾ ਸਰਕਾਰ ਉਨ੍ਹਾਂ ਨਾਲ ਸੰਵਾਦ ਰਚਾਉਣ ਲਈ ਤਰਲੋਮੱਛੀ ਹੋਣ ਲੱਗ ਪਈ ਹੈ। ਸਰਕਾਰ ਅਤੇ ਜੈੱਨ-ਜ਼ੀ ਵਿਚਲਾ ਫ਼ਾਸਲਾ ਮਿਟਾਉਣ ਲਈ ਆਪਣੇ ਮੰਤਰੀਆਂ ਨੂੰ ਸੋਸ਼ਲ ਮੀਡੀਆ ’ਤੇ ਉਤਾਰਨ ਲਈ ਮਜਬੂਰ ਹਣਾ ਪੈ ਰਿਹਾ ਹੈ। ਲੇਖਕਾ ਦੁਆਰਾ ਸਪੱਸ਼ਟ ਗਿਆ ਕੀਤਾ ਹੈ ਕਿ ਸਰਕਾਰ ਦੁਆਰਾ ਸਿੱਖਿਆ ਦੇ ਕੇਂਦਰੀ ਬਜਟ ਵਿੱਚ ਸਾਲ 2012-13 ਦੇ ਕੁਲ ਬਜਟ ਦੇ 4.6 ਫੀਸਦੀ ਦੇ ਮੁਕਾਬਲੇ ਸਾਲ 2025-26 ਵਿੱਚ ਮਹਿਜ਼ 2.5 ਫੀਸਦੀ ਕਰ ਦਿੱਤਾ ਗਿਆ ਹੈ ਅਤੇ 94 ਹਜ਼ਾਰ ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ ਹਨ। ਕੌਕਰੋਚ ਜਨਤਾ ਪਾਰਟੀ ਦੁਆਰਾ 15 ਅਗਸਤ ਤੋਂ ਸ਼ੁਰੂ ਕੀਤੀ ਮੁਹਿੰਮ ‘ਸਕੂਲ ਠੀਕ ਕਰੋ’ ਤਹਿਤ ਸਕੂਲਾਂ ਦੀ ਮਾੜੀ ਹਾਲਤ ਬਾਰੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਨ ਕਰਕੇ ਭਾਜਪਾ ਆਗੂਆਂ ਨੂੰ ਵਿਰੋਧ ਵੀ ਸਹਿਣਾ ਪੈ ਰਿਹਾ ਹੈ। ਲੰਬੇ ਅਰਸੇ ਮਗਰੋਂ ਦੇਸ਼ ਦੀ ਸਿਆਸਤ ਵਿੱਚ ਸਿੱਖਿਆ ਅਤੇ ਰੁਜ਼ਗਾਰ ਦੇ ਮੁੱਦੇ ਗਰਮਜੋਸ਼ੀ ਨਾਲ ਸਾਹਮਣੇ ਆ ਰਹੇ ਹਨ। ਇਹ ਮੁੱਦੇ ਹੀ ਦੇਸ਼ ਦੇ ਅਸਲ ਮੁੱਦੇ ਹਨ ਤੇ ਇਸ ਵੇਲੇ ਨੌਜਵਾਨ ਵਰਗ ਨਾਲ ਸੰਵਾਦ ਰਚਾਉਣ ਲਈ ਇਨ੍ਹਾਂ ਮੁੱਦਿਆਂ ਨੂੰ ਮੁਖ਼ਾਤਬ ਹੋਣਾ ਸਭ ਤੋਂ ਜ਼ਰੂਰੀ ਹੈ।

ਹਰਿੰਦਰ ਜੀਤ ਸਿੰਘ, ਬਿਜਲਪੁਰ (ਪਟਿਆਲਾ)

ਬਜ਼ੁਰਗਾਂ ਦੇ ਜਜ਼ਬਾਤ

ਐਤਵਾਰ, 23 ਅਗਸਤ ਦੇ ‘ਦਸਤਕ’ ਵਿੱਚ ਮਨਜੀਤ ਮਾਨ ਦੀ ‘ਡਾਲਰਾਂ ਦੇ ਦੇਸ਼ ਵਿੱਚ ਮਨ ਪਰਦੇਸੀ’ ਕਹਾਣੀ ਨੇ ਮਨ ਝੰਜੋੜ ਦਿੱਤਾ। ਇਹ ਬਜ਼ੁਰਗਾਂ ਦੀ ਤ੍ਰਾਸਦੀ ਹੈ ਕਿ ਜਿਸ ਮਿੱਟੀ ’ਚ ਉਨ੍ਹਾਂ ਸਾਰੀ ਉਮਰ ਗੁਜ਼ਾਰੀ ਹੁੰਦੀ ਹੈ, ਆਲੇ-ਦੁਆਲੇ ਦੇ ਲੋਕਾਂ ’ਚ ਜਾਣ-ਪਛਾਣ ਬਣੀ ਹੁੰਦੀ ਹੈ ਅਤੇ ਇੱਕ ਦੂਜੇ ਪ੍ਰਤੀ ਮੋਹ ਹੁੰਦਾ ਹੈ, ਉਨ੍ਹਾਂ ਨੂੰ ਜੜ੍ਹੋਂ ਉਖਾੜ ਕੇ ਹਜ਼ਾਰਾਂ ਮੀਲ ਦੇ ਫ਼ਾਸਲੇ ’ਤੇ ਦੂਜੇ ਦੇਸ਼ ’ਚ ਓਪਰੀ ਥਾਂ ਰਹਿਣਾ ਪੈਂਦਾ ਹੈ। ਇਹ ਉਨ੍ਹਾਂ ਲਈ ਅੰਤਾਂ ਦਾ ਅਸਹਿ ਦੁੱਖ ਹੁੰਦਾ ਹੈ। ਸਾਰੀ ਜ਼ਿੰਦਗੀ ਦੀ ਕਮਾਈ ਪੂੰਜੀ ਨੂੰ ਭੰਗ ਦੇ ਭਾੜੇ ਅਜਾਈਂ ਜਾਂਦੀ ਦੇਖ ਕੇ ਮਨ ਭਰ ਆਉਂਦਾ ਹੈ। ਉਨ੍ਹਾਂ ਦਾ ਅਖ਼ੀਰਲੀ ਉਮਰੇ ਉੱਕਾ ਹੀ ਮਨ ਨਹੀਂ ਭਿੱਜਦਾ, ਪਰ ਨਵੀਂ ਪੀੜ੍ਹੀ ਉਨ੍ਹਾਂ ਦੇ ਜਜ਼ਬਾਤ ਨੂੰ ਕਿਵੇਂ ਸਮਝੇ? ਉਨ੍ਹਾਂ ਜਵਾਨਾਂ ਦੇ ਨਵੇਂ ਸੁਪਨੇ ਦੇ ਚਾਅ ਦੀ ਜੜ੍ਹ ਛੇਤੀ ਉੱਗ ਖਲੋਂਦੀ ਹੈ ਜਦੋਂਕਿ ਬਜ਼ੁਰਗਾਂ ਨੂੰ ਆਪਣੀ ਜੜ੍ਹ ਦੀ ਯਾਦ ਹਮੇਸ਼ਾਂ ਸਤਾਉਂਦੀ ਰਹਿੰਦੀ ਹੈ।

ਜਸਬੀਰ ਕੌਰ, ਅੰਮ੍ਰਿਤਸਰ

ਨਵੀਂ ਪਛਾਣ: ਜੈੱਨ ਜ਼ੀ

ਐਤਵਾਰ, 9 ਅਗਸਤ ਦੇ ‘ਸੋਚ-ਸੰਗਤ’ ਪੰਨੇ ’ਤੇ ਛਪਿਆ ਅਰਵਿੰਦਰ ਕੌਰ ਜੌਹਲ ਦਾ ਲੇਖ ‘ਸਿਆਸਤ ਦੀ ਜੈੱਨ-ਜ਼ੀ ਸੁਰ’ ਪੜ੍ਹ ਕੇ ਪੰਜਾਬੀ ਲੋਕਗੀਤ ਦੇ ਬੋਲ ਜ਼ਿਹਨ ਵਿੱਚ ਆ ਜਾਂਦੇ ਹਨ, ‘ਪਿੱਪਲ ਦਿਆ ਪੱਤਿਆ ਵੇ ਕੇਹੀ ਖੜ-ਖੜ ਲਾਈ ਐ! ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਐ!’ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਦੀ ਜਿੱਤ ਦਾ ਸਮਾਂ ਸੀ। ਇਹ ਭਾਜਪਾ ਨਹੀਂ ਮੋਦੀ ਦੀ ਜਿੱਤ ਸੀ। ਫਿਰ ਭਾਰਤ ’ਚ ਫ਼ਿਰਕਾਪ੍ਰਸਤੀ ਸਿਰ ਚੜ੍ਹ ਕੇ ਬੋਲਣ ਲੱਗੀ। ‘ਸਭ ਕਾ ਸਾਥ ਸਭ ਕਾ ਵਿਕਾਸ’ ਦਾ ਨਾਅਰਾ ਇੱਕ ਮ੍ਰਿਗਤ੍ਰਿਸ਼ਨਾ ਸੀ। ਅਸਲ ਵਿੱਚ ਅੱਛੇ ਦਿਨ ਫ਼ਿਰਕਾਪ੍ਰਸਤੀ ਦੇ ਸਨ, ਜਦੋਂ ਨਫ਼ਰਤ ਦੇ ਬੀਜਾਂ ਨੂੰ ਦੇਸ਼ ਭਰ ਵਿੱਚ ਉੱਗਣ ਅਤੇ ਮੌਲਣ ਲਈ ਵਾਹਵਾ ਉਪਜਾਊ ਜ਼ਮੀਨ ਮਿਲੀ। ਜਿਹੜੇ ਬੱਚੇ ਉਸ ਵੇਲੇ ਜੰਮੇ ਸਨ ਅੱਜ 13ਵੇਂ ਸਾਲ ਵਿੱਚ ਹਨ ਤੇ ਜਿਹੜੇ ਉਦੋਂ ਪਹਿਲੀ ਜਮਾਤ ਵਿੱਚ ਪੜ੍ਹਦੇ ਸਨ ਅੱਜ ਦੇਸ਼ ਦੇ ਵੋਟਰ ਬਣ ਗਏ ਹਨ ਤੇ ਇੱਕੀਵੀਂ ਸਦੀ ਦੇ ਪਹਿਲੇ ਸਾਲ ਜੰਮੇ ਬੱਚੇ ਅੱਜ ਚੌਥਾ ਹਿੱਸਾ ਸਦੀ ਜਿੰਨੀ ਉਮਰ ਦੇ ਹੋ ਗਏ ਹਨ। ਇਨ੍ਹਾਂ ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸੰਸਾਰ ਪੱਧਰ ’ਤੇ ਤਕਨੀਕ ਦੇ ਪਾਸਾਰ ਨਾਲ ਬਹੁਤ ਤਿੱਖੀਆਂ ਤਬਦੀਲੀਆਂ ਆਈਆਂ। ਲੱਗਦਾ ਹੈ ਜਿਵੇਂ ਕੇਂਦਰ ਸਰਕਾਰ ਕੁਰਸੀ ਦੀ ਤਾਕਤ ਦੇ ਨਸ਼ੇ ਵਿੱਚ ਭੁੱਲ ਗਈ ਹੈ ਕਿ ਭਾਰਤ ਦੇ ਲੋਕਾਂ ਨੂੰ ਸਿਰਫ਼ ਮਜ਼ਹਬੀ ਡੋਜ਼ ਨਾਲ ਆਪਣੇ ਪਿੱਛੇ ਲਾਈ ਰੱਖਣਾ ਹੁਣ ਮੁਮਕਿਨ ਨਹੀਂ ਹੈ। ਰਾਮ ਮੰਦਰ ’ਚ ਚੋਰੀ ਦੀ ਘਟਨਾ ਨੇ ਇਸ ਕੁਰਸੀ ਦੀ ਨੀਂਹ ਨੂੰ ਡੂੰਘੀ ਸੱਟ ਲਾਈ ਹੈ ਤੇ ਨੀਟ ਦਾ ਪੇਪਰ ਲੀਕ ਹੋਣ ਵਿਰੁੱਧ ਉੱਠੇ ਅੰਦੋਲਨ ਨੇ ਸਰਕਾਰ ਦੀ ਜਵਾਬਦੇਹੀ ਤੈਅ ਕਰ ਦਿੱਤੀ ਹੈ। ਨੌਜਵਾਨ ਵਰਗ ਦੇ ਰੁਜ਼ਗਾਰ ਅਤੇ ਵਧੀਆ ਜੀਵਨ ਦਾ ਫ਼ਿਕਰ ਜੇ ਸਰਕਾਰ ਨਹੀਂ ਕਰੇਗੀ ਤਾਂ ਖਮਿਆਜ਼ਾ ਵੀ ਉਸ ਨੂੰ ਹੀ ਭੁਗਤਣਾ ਪਵੇਗਾ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

Advertisement
×