DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੱਟ ਜੋ ਯਾਦਗਾਰ ਬਣੀ

19 ਅਗਸਤ ਦੇ ਨਜ਼ਰੀਆ ਪੰਨੇ ’ਤੇ ਸ਼ਮਿੰਦਰਜੀਤ ਕੌਰ ਦੀ ਰਚਨਾ ‘ਇੱਕ ਸੱਟ ਜੋ ਯਾਦ ਬਣ ਗਈ’ ਪ੍ਰੇਰਣਾਦਾਇਕ ਰਚਨਾ ਹੈ। ਹਾਦਸੇ ਬਹੁਤ ਦੁਖਦਾਈ ਅਤੇ ਪੀੜਾਦਾਇਕ ਹੁੰਦੇ ਹਨ। ਜੋ ਇਨਸਾਨ ਹਾਦਸਿਆਂ ਨੂੰ ਚੁਣੌਤੀ ਵਜੋਂ ਸਵੀਕਾਰ ਕਰਦਿਆਂ ਆਪਣੇ ਮਿੱਥੇ ਨਿਸ਼ਾਨੇ ਵੱਲ ਦ੍ਰਿੜ੍ਹ ਨਿਸ਼ਚੇ...

  • fb
  • twitter
  • whatsapp
  • whatsapp
Advertisement

19 ਅਗਸਤ ਦੇ ਨਜ਼ਰੀਆ ਪੰਨੇ ’ਤੇ ਸ਼ਮਿੰਦਰਜੀਤ ਕੌਰ ਦੀ ਰਚਨਾ ‘ਇੱਕ ਸੱਟ ਜੋ ਯਾਦ ਬਣ ਗਈ’ ਪ੍ਰੇਰਣਾਦਾਇਕ ਰਚਨਾ ਹੈ। ਹਾਦਸੇ ਬਹੁਤ ਦੁਖਦਾਈ ਅਤੇ ਪੀੜਾਦਾਇਕ ਹੁੰਦੇ ਹਨ। ਜੋ ਇਨਸਾਨ ਹਾਦਸਿਆਂ ਨੂੰ ਚੁਣੌਤੀ ਵਜੋਂ ਸਵੀਕਾਰ ਕਰਦਿਆਂ ਆਪਣੇ ਮਿੱਥੇ ਨਿਸ਼ਾਨੇ ਵੱਲ ਦ੍ਰਿੜ੍ਹ ਨਿਸ਼ਚੇ ਤੇ ਆਤਮ-ਵਿਸ਼ਵਾਸ ਨਾਲ ਕਦਮ ਵਧਾਉਂਦੇ ਹਨ, ਉਨ੍ਹਾਂ ਲਈ ਹਾਦਸੇ ਵੀ ਇੱਕ ਸਦੀਵੀ ਯਾਦ ਬਣ ਜਾਂਦੇ ਹਨ। 18 ਅਗਸਤ ਦੀ ਸੰਪਾਦਕੀ ‘ਚੱਲਦੇ ਕਿਉਂ ਨਹੀਂ ਪੈਨਿਕ ਬਟਨ’ ਵਿੱਚ ਮਹਿਲਾਵਾਂ ਦੀ ਸੁਰੱਖਿਆ ਲਈ ਬੱਸਾਂ ਵਿੱਚ ਲਾਈ ਗਈ ਪੈਨਿਕ ਬਟਨ ਤਕਨੀਕ ਦੀ ਅਸਫ਼ਲਤਾ ਦਾ ਜ਼ਿਕਰ ਹੈ। ਜੇ ਤਕਨੀਕ ਸੰਕਟ ਸਮੇਂ ਮਹਿਲਾਵਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਨਹੀਂ ਕਰਵਾ ਸਕਦੀ ਤਾਂ ਟੈਕਸਾਂ ਦੇ ਰੂਪ ਵਿੱਚ ਇਕੱਤਰ ਕੀਤੀ ਗਈ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਫਜ਼ੂਲਖਰਚੀ ਤੋਂ ਵੱਧ ਕੁਝ ਵੀ ਨਹੀਂ। ਦੂਜੀ ਸੰਪਾਦਕੀ ‘ਗਾਹਕਾਂ ਦੀ ਸਿਹਤ ਨਾਲ ਖਿਲਵਾੜ’ ਵਿੱਚ ਬਲਿੰਕਿਟ, ਜ਼ਮੈਟੋ ਅਤੇ ਇੰਸਟਾਗ੍ਰਾਮ ਵਰਗੀਆਂ ਫਾਸਟ ਡਿਲਿਵਰੀ ਕੰਪਨੀਆਂ ਦੀ ਅਣਗਹਿਲੀ ਨੂੰ ਬੇਪਰਦ ਕੀਤਾ ਗਿਆ ਹੈ। ਗਾਹਕਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਡਿਲਿਵਰੀ ਦੇਣ ਦਾ ਦਾਅਵਾ ਕਰਨ ਵਾਲੇ ਇਹ ਅਦਾਰੇ ਖਾਦ ਪਦਾਰਥਾਂ ਦੀ ਸਾਫ਼ ਸਫਾਈ ਅਤੇ ਕੁਆਲਿਟੀ ਸੁਰੱਖਿਆ ਵੱਲੋਂ ਬਿਲਕੁਲ ਅਵੇਸਲੇ ਹਨ।

ਨਾਇਬ ਸਿੰਘ ਪੰਨੀਵਾਲਾ, ਮਲੋਟ (ਸ੍ਰੀ ਮੁਕਤਸਰ ਸਾਹਿਬ)

Advertisement

ਅਣਜਾਣ ਫਰਿਸ਼ਤਾ

25 ਅਗਸਤ ਦੇ ਅੰਕ ’ਚ ਛਪੀ ਨਵਦੀਪ ਸਿੰਘ ਝੁਨੀਰ ਦੀ ਰਚਨਾ ‘ਇੱਕ ਅਣਜਾਣ ਫਰਿਸ਼ਤਾ’ ਮਨ ਨੂੰ ਛੂਹ ਗਈ। ਬਚਪਨ ਦੀ ਨਿੱਕੀ ਜਿਹੀ ਘਟਨਾ ਨੂੰ ਲੇਖਕ ਨੇ ਸਾਦਗੀ, ਸੰਵੇਦਨਸ਼ੀਲਤਾ ਅਤੇ ਸਾਹਿਤਕ ਸੁੰਦਰਤਾ ਨਾਲ ਪੇਸ਼ ਕੀਤਾ ਹੈ, ਜੋ ਇਸ ਲਿਖਤ ਨੂੰ ਮਨੁੱਖਤਾ ਅਤੇ ਪਰਉਪਕਾਰ ਦੇ ਅਰਥ ਸਮਝਾਉਣ ਵਾਲਾ ਪ੍ਰਭਾਵਸ਼ਾਲੀ ਸੁਨੇਹਾ ਬਣਾ ਦਿੰਦੀ ਹੈ। ਪੰਜ ਰੁਪਏ ਦੀ ਮਦਦ ਨੂੰ ਲੇਖਕ ਨੇ ਪੈਸੇ ਦੀ ਕੀਮਤ ਤੋਂ ਉੱਪਰ ਚੁੱਕ ਕੇ ਮਨੁੱਖੀ ਭਰੋਸੇ ਅਤੇ ਨੇਕੀ ਦੀ ਅਮੁੱਲ ਯਾਦ ਬਣਾ ਦਿੱਤਾ ਹੈ। ਲੇਖ ਦੀ ਭਾਸ਼ਾ ਸਹਿਜ, ਭਾਵਪੂਰਤ ਅਤੇ ਪਾਠਕ ਨੂੰ ਅੰਤ ਤੱਕ ਜੋੜੀ ਰੱਖਣ ਵਾਲੀ ਹੈ। ਅਜਿਹੀਆਂ ਰਚਨਾਵਾਂ ਅਖ਼ਬਾਰ ਨੂੰ ਸਿਰਫ਼ ਖ਼ਬਰਾਂ ਦਾ ਮਾਧਿਅਮ ਨਹੀਂ ਸਗੋਂ ਸਮਾਜ ਦੀ ਸੰਵੇਦਨਾ ਨੂੰ ਜਗਾਉਣ ਵਾਲਾ ਮੰਚ ਬਣਾਉਂਦੀਆਂ ਹਨ। ਅਜਿਹੀ ਸਾਰਥਕ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਉਭਾਰਦੀ ਰਚਨਾ ਪ੍ਰਕਾਸ਼ਿਤ ਕਰਨ ਲਈ ਲੇਖਕ ਵਧਾਈ ਦਾ ਹੱਕਦਾਰ ਹੈ।

Advertisement

ਸੁਖਦੀਪ ਸਿੰਘ ਮਾਨ

(2)

ਨਵਦੀਪ ਸਿੰਘ ਝੁਨੀਰ ਦੀ ਰਚਨਾ ‘ਇੱਕ ਅਣਜਾਣ ਫਰਿਸ਼ਤਾ’ ਪੜ੍ਹੀ, ਜੋ ਦਿਲ ਨੂੰ ਛੂਹ ਗਈ। ਬਚਪਨ ਦੀ ਘਟਨਾ ਨੂੰ ਲੇਖਕ ਨੇ ਸਾਦਗੀ, ਸੰਵੇਦਨਸ਼ੀਲਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਪੰਜ ਰੁਪਏ ਦੇ ਇੱਕ ਨੋਟ ਨਾਲ ਜੁੜੀ ਇਹ ਯਾਦ ਅੰਤ ਤੱਕ ਪਹੁੰਚਦਿਆਂ ਮਨੁੱਖੀ ਨੇਕੀ, ਸਹਾਇਤਾ ਅਤੇ ਅਜਨਬੀਆਂ ਪ੍ਰਤੀ ਭਰੋਸੇ ਦੀ ਵੱਡੀ ਕਹਾਣੀ ਬਣ ਜਾਂਦੀ ਹੈ। ਰਚਨਾ ਦੀ ਖ਼ੂਬਸੂਰਤੀ ਇਹ ਹੈ ਕਿ ਇਹ ਉਪਦੇਸ਼ ਦੇਣ ਦੀ ਬਜਾਏ ਇੱਕ ਸੱਚੀ ਘਟਨਾ ਰਾਹੀਂ ਪਾਠਕ ਨੂੰ ਮਨੁੱਖਤਾ ਦੀ ਅਹਿਮੀਅਤ ਦਾ ਅਹਿਸਾਸ ਕਰਵਾਉਂਦੀ ਹੈ। ਅਜਿਹੀਆਂ ਰਚਨਾਵਾਂ ਅੱਜ ਦੇ ਸਮੇਂ ਵਿੱਚ ਪਾਠਕ ਅੰਦਰ ਸੰਵੇਦਨਾ ਅਤੇ ਭਲਾਈ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਈ ਹੁੰਦੀਆਂ ਹਨ।

ਗੁਰਮੇਲ ਸਿੰਘ ਬੋਹਾ

ਉਸਤਾਦ ਜਸਵੰਤ ਭੰਵਰਾ

22 ਅਗਸਤ ਦੇ ‘ਸਤਰੰਗ’ ਅੰਕ ਵਿੱਚ ਅਮਰਦੀਪ ਸਿੰਘ ਦਾ ਲੇਖ ‘ਸੰਗੀਤ ਦਾ ਭਰ ਵਗਦਾ ਦਰਿਆ ਉਸਤਾਦ ਜਸਵੰਤ ਭੰਵਰਾ’ ਪੜ੍ਹਿਆ। ਇਸ ਸ਼ਖ਼ਸੀਅਤ ਨੇ ਪੰਜਾਬੀ ਗਾਇਕੀ ਨੂੰ ਰਵਾਇਤੀ ਪੇਂਡੂ ਅਖਾੜਿਆਂ ’ਚੋਂ ਕੱਢ ਕੇ ਕੌਮਾਂਤਰੀ ਪੱਧਰ ’ਤੇ ਪਛਾਣ ਦਿਵਾਈ। ਉਨ੍ਹਾਂ ਦੇ ਮਨ ਵਿੱਚ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਅਤੇ ਕੰਨਾਂ ਵਿੱਚ ਲੋਕ ਧੁਨਾਂ ਰਚੀਆਂ ਹੋਈਆਂ ਸਨ, ਜਿਸ ਸਦਕਾ ਸੰਗੀਤ ਦੀ ਚਿਣਗ ਉਨ੍ਹਾਂ ਨੂੰ ਬਚਪਨ ਵਿੱਚ ਹੀ ਲੱਗ ਗਈ ਸੀ। ਉਨ੍ਹਾਂ ਸੰਗੀਤ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਸ਼ਾਸਤਰੀ ਸੰਗੀਤ ਦੀ ਬਾਕਾਇਦਾ ਤਾਲੀਮ ਵੀ ਹਾਸਿਲ ਕੀਤੀ। ਉਹ ਸੰਗੀਤ ਨਿਰਦੇਸ਼ਕ ਹੀ ਨਹੀਂ ਸਗੋਂ ਸ਼ਾਸਤਰੀ ਸੰਗੀਤ ਦੇ ਉਸਤਾਦ ਗਾਇਕਾਂ ਅਤੇ ਸੈਂਕੜੇ ਕਲਾਕਾਰਾਂ ਦੇ ਮਾਰਗਦਰਸ਼ਕ ਵੀ ਸਨ। ਪੰਜਾਬੀ ਲੋਕ ਸੰਗੀਤ ਅਤੇ ਸ਼ਾਸਤਰੀ ਸੰਗੀਤ ਦੇ ਸੁਮੇਲ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਇਸੇ ਤਰ੍ਹਾਂ 21 ਅਗਸਤ ਦੀ ਸੰਪਾਦਕੀ ‘ਸਿਹਤ ਸੇਵਾਵਾਂ ਦੀ ਚੁਣੌਤੀ’ ਸਿਹਤ ਵਿਭਾਗ ਬਾਰੇ ਭਾਵਪੂਰਤ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਹੀ ਪੰਨੇ ’ਤੇ ਅਭੈ ਸਿੰਘ ਦਾ ਲੇਖ ‘ਆਵੇ ਕੋਈ ਠੰਢੀ ਹਵਾ ਦਾ ਬੁੱਲਾ!’ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਵੇਂ ਬਰਤਾਨਵੀ ਬਸਤੀਵਾਦੀ ਹਕੂਮਤ ਨੇ ਹਿੰਦੋਸਤਾਨ ’ਤੇ ਲੰਮਾ ਸਮਾਂ ਰਾਜ ਕੀਤਾ ਤੇ ਇਸ ਦੌਰਾਨ ਚੱਲੇ ਸੰਘਰਸ਼ ਤੇ ਕੀਤੀਆਂ ਕੁਰਬਾਨੀਆਂ ਸਦਕਾ ਵਿਦੇਸ਼ੀ ਰਾਜ ਦਾ ਅੰਤ ਹੋਇਆ।

ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ

ਨੀਤੀਗਤ ਸੰਕਟ

22 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਸੰਪਾਦਕੀ ‘ਈਥਾਨੌਲ ਨੀਤੀ ਦਾ ਸੱਚ’ ਵਿੱਚ ਦੇਸ਼ ਦੀ ਈਥਾਨੌਲ ਨੀਤੀ ਅਤੇ ਚੀਨੀ ਦੇ ਭਾਅ ’ਚ ਉਛਾਲ ਨੂੰ ਬਹੁਤ ਹੀ ਗਹਿਰਾਈ ਅਤੇ ਬਾਰੀਕੀ ਨਾਲ ਉਭਾਰਿਆ ਗਿਆ ਹੈ। ਦੇਸ਼ ਵਿੱਚ ਬਹੁਤ ਵੱਡਾ ਨੀਤੀਗਤ ਸੰਕਟ ਖੜ੍ਹਾ ਹੋ ਚੁੱਕਾ ਹੈ। ਇੱਕ ਪਾਸੇ ਸਰਕਾਰ ਪੈਟਰੋਲ ਵਿੱਚ 20 ਫ਼ੀਸਦੀ ਈਥਾਨੌਲ (ਈ-20) ਮਿਲਾ ਕੇ ਕੱਚੇ ਤੇਲ ਦਾ ਆਯਾਤ ਬਿੱਲ ਘਟਾਉਣ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਇਸ ਦੀ ਸਿੱਧੀ ਮਾਰ ਗ਼ਰੀਬ ਅਤੇ ਮੱਧ ਵਰਗ ਦੀ ਰਸੋਈ ’ਤੇ ਪੈ ਰਹੀ ਹੈ। ਜੇਕਰ ਮੁੱਖ ਫ਼ਸਲ (ਗੰਨੇ) ਦੇ ਰਸ ਨੂੰ ਖੰਡ ਬਣਾਉਣ ਦੀ ਬਜਾਏ ਗੱਡੀਆਂ ਦੇ ਬਾਲਣ (ਫਿਊਲ) ਵੱਲ ਮੋੜ ਦਿੱਤਾ ਜਾਂਦਾ ਹੈ ਤਾਂ ਬਾਜ਼ਾਰ ਵਿੱਚ ਚੀਨੀ ਦੀ ਸਪਲਾਈ ਘਟਣੀ ਸੁਭਾਵਿਕ ਹੈ। ਅੱਜ ਬਾਜ਼ਾਰ ਵਿੱਚ ਚੀਨੀ ਦੀ ਕੀਮਤ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ। ਇਹ ਕਿੱਥੋਂ ਦਾ ਇਨਸਾਫ਼ ਹੈ ਕਿ ਵੱਡੀਆਂ ਗੱਡੀਆਂ ਦਾ ਤੇਲ ਸਸਤਾ ਰੱਖਣ ਜਾਂ ਦੇਸ਼ ਦਾ ਖ਼ਜ਼ਾਨਾ ਬਚਾਉਣ ਲਈ ਕਿਸੇ ਕਿਰਤੀ ਦੀ ਥਾਲੀ ਵਿੱਚੋਂ ਮਿਠਾਸ ਖੋਹ ਲਈ ਜਾਵੇ? ਖ਼ੁਰਾਕ ਜਾਂ ਬਾਲਣ ਦੀ ਇਸ ਜੰਗ ਵਿੱਚ ਹਮੇਸ਼ਾ ਆਮ ਨਾਗਰਿਕ ਹੀ ਕਿਉਂ ਹਾਰਦਾ ਹੈ? ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜ਼ਮੀਨੀ ਹਕੀਕਤਾਂ ਨੂੰ ਸਮਝੇ।

ਗੁਰਬਾਜ਼ ਸਿੰਘ, ਸਿਰਸਾ (ਹਰਿਆਣਾ)

ਸੰਸਦ ਨੂੰ ਬਰੇਕ

22 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਸੁਸ਼ੀਲ ਦੁਸਾਂਝ ਦੇ ਲੇਖ ‘ਜਦੋਂ ਸੰਸਦ ਨਹੀਂ ਚੱਲਦੀ’ ’ਚ ਦੱਸਿਆ ਹੈ ਕਿ ਜਦੋਂ ਸੰਸਦ ਨਹੀਂ ਚੱਲਦੀ ਤਾਂ ਉਸ ਦੇ ਕੀ ਨਤੀਜੇ ਨਾਗਰਿਕਾਂ ਨੂੰ ਸਹਿਣੇ ਪੈਂਦੇ ਹਨ। ਲੇਖਕ ਨੇ ਉਨ੍ਹਾਂ ਮੁੱਦਿਆਂ ਬਾਰੇ ਨਹੀਂ ਦੱਸਿਆ, ਜਿਨ੍ਹਾਂ ਕਾਰਨ ਸੰਸਦ ਨਹੀਂ ਚੱਲ ਸਕੀ। ਭਾਰਤੀ ਸੰਵਿਧਾਨ ਵਿੱਚ ਸੰਸਦ ਨੂੰ ਚਲਾਉਣ ਲਈ ਸਭਾਪਤੀ/ਸਪੀਕਰ ਨੂੰ ਸ਼ਕਤੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਇਨ੍ਹਾਂ ਸ਼ਕਤੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਸੀ ਅਤੇ ਵਿਚਕਾਰਲਾ ਰਸਤਾ ਕੱਢਣਾ ਚਾਹੀਦਾ ਸੀ ਤਾਂ ਜੋ ਸੰਸਦ ਹਰ ਹਾਲਤ ਵਿੱਚ ਚੱਲ ਸਕਦੀ।

ਜਸਵੰਤ ਸਿੰਘ, ਅੰਬਾਲਾ ਛਾਉਣੀ (ਹਰਿਆਣਾ)

ਇਮਾਨਦਾਰੀ ਦੀ ਗੁੜ੍ਹਤੀ

20 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਨਾਇਬ ਸਿੰਘ ਪੰਨੀਵਾਲੀਆ ਦਾ ਮਿਡਲ ‘ਨਿਸ਼ਚੈ ਕਰ ਆਪਣੀ ਜੀਤ ਕਰੋਂ’ ਦ੍ਰਿੜ੍ਹ ਵਿਸ਼ਵਾਸ, ਮਿਹਨਤ ਤੇ ਲਗਨ ਦਾ ਪਾਠ ਪੜ੍ਹਾ ਗਿਆ। ਜਿਨ੍ਹਾਂ ਮਾਪਿਆਂ ਨੇ ਆਪਣੀ ਔਲਾਦ ਨੂੰ ਚੰਗੇ ਸੰਸਕਾਰ, ਮਿਹਨਤ, ਲਗਨ ਤੇ ਇਮਾਨਦਾਰੀ ਦੀ ਗੁੜ੍ਹਤੀ ਦਿੱਤੀ ਹੋਵੇ, ਉਨ੍ਹਾਂ ਦੇ ਬੱਚੇ ਲਾਜ਼ਮੀ ਹੀ ਮੰਜ਼ਿਲਾਂ ਸਰ ਕਰਦੇ ਹਨ। 19 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਸ਼ਮਿੰਦਰਜੀਤ ਕੌਰ ਦੀ ਰਚਨਾ ‘ਇੱਕ ਸੱਟ, ਜੋ ਯਾਦ ਬਣ ਗਈ’ ਪੜ੍ਹ ਕੇ ਮਨ ਦੇ ਕਿਸੇ ਕੋਨੇ ਵਿੱਚ ਲੁਕੀਆਂ ਯਾਦਾਂ ਦੀ ਗੰਢ ਫਿਰ ਤੋਂ ਖੁੱਲ੍ਹ ਗਈ। ਰਚਨਾ ਪੜ੍ਹਦਿਆਂ ਹੀ ਪਾਠਕ ਦਾ ਬੀਤੇ ਸਮੇਂ ਦੀਆਂ ਯਾਦਾਂ ਵਿੱਚ ਗੁਆਚ ਜਾਣਾ ਸੁਭਾਵਿਕ ਹੈ ਕਿਉਂਕਿ ਅਜਿਹੀਆਂ ਯਾਦਾਂ ਹਰ ਕਿਸੇ ਦੀ ਜ਼ਿੰਦਗੀ-ਰੂਪੀ ਕਿਤਾਬ ਦਾ ਹਿੱਸਾ ਹੁੰਦੀਆਂ ਹਨ। ਇਹ ਵੀ ਸੱਚ ਹੈ ਕਿ ਇਹੋ ਜਿਹੀਆਂ ਸੱਟਾਂ ਨਾਲ ਆਤਮ-ਵਿਸ਼ਵਾਸ ਡੋਲਦਾ ਨਹੀਂ ਸਗੋਂ ਹੋਰ ਪੱਕਾ ਹੁੰਦਾ ਹੈ।

ਰਮਿੰਦਰ ਜੀਤ ਕੌਰ, ਧੂਰੀ

ਬੇਈਮਾਨੀ ਦੀ ਅਲਾਮਤ

18 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਅਮਰਿੰਦਰ ਸਿੰਘ ਮਾਨ ਦਾ ਲੇਖ ‘ਆਪਣਾ ਖ਼ੂਨ’ ਪੜ੍ਹ ਕੇ ਮਨ ਬਹੁਤ ਦੁਖੀ ਹੋਇਆ। ਪਹਿਲਾਂ ਦਿਓਰ ਬੇਈਮਾਨ ਹੋ ਗਿਆ ਤੇ ਫਿਰ ਭਤੀਜਾ। ਬੰਦਾ ਕਿਸ ’ਤੇ ਯਕੀਨ ਕਰੇ? ਜਿਸ ਨੂੰ ਆਪਣਾ ਸਮਝ ਕੇ ਭਰੋਸਾ ਕਰਦੇ ਹਾਂ ਉਹ ਜ਼ਿਆਦਾ ਡੰਗ ਮਾਰਦਾ ਹੈ। ਇਮਾਨਦਾਰੀ ਲਗਪਗ ਖ਼ਤਮ ਹੀ ਹੋ ਗਈ ਹੈ। ਬੇਈਮਾਨੀ ਦੀ ਅਲਾਮਤ ਤੋਂ ਕੋਈ ਵਿਰਲਾ-ਟਾਵਾਂ ਹੀ ਬਚਿਆ ਹੈ। ਜੇ ਕਿਧਰੇ ਕੁਝ ਨਾਲ ਜਾਂਦਾ ਹੁੰਦਾ ਤਾਂ ਭਲਾ ਲੋਕ ਕੀ ਕਰਦੇ? ਖ਼ੈਰ! ਲੇਖਕ ਨੇ ਢੁਕਵੇਂ ਸ਼ਬਦਾਂ ਰਾਹੀਂ ਸਮਾਜ ਨੂੰ ਚੰਗੀ ਤੇ ਉਸਾਰੂ ਨਸੀਹਤ ਦਿੱਤੀ ਹੈ।

ਗੁਰਜਿੰਦਰ ਸਿੰਘ, ਸਾਹਦੜਾ (ਸ਼ਹੀਦ ਭਗਤ ਸਿੰਘ ਨਗਰ)

Advertisement
×