ਵਿਕਸਿਤ ਭਾਰਤ ਦੀ ਨੀਂਹ
11 ਜੁਲਾਈ ਦੇ ਅੰਕ ’ਚ ਰਾਜੀਵ ਖੋਸਲਾ ਦਾ ਲੇਖ ‘ਵਿਸ਼ਵ ਆਬਾਦੀ ਦਿਵਸ ਦੇ ਸੰਦਰਭ ਵਿੱਚ’ ਚੰਗਾ ਲੱਗਾ। ਲੇਖਕ ਨੇ ਆਬਾਦੀ ਨਿਯੰਤਰਣ ਦੀ ਪੁਰਾਣੀ ਸੋਚ ਤੋਂ ਅੱਗੇ ਵਧਦਿਆਂ ‘ਉਤਪਾਦਕ ਮਨੁੱਖੀ ਪੂੰਜੀ’ ਨੂੰ ਵਿਕਸਿਤ ਭਾਰਤ ਦੀ ਅਸਲ ਨੀਂਹ ਵਜੋਂ ਪੇਸ਼ ਕੀਤਾ ਹੈ।...
11 ਜੁਲਾਈ ਦੇ ਅੰਕ ’ਚ ਰਾਜੀਵ ਖੋਸਲਾ ਦਾ ਲੇਖ ‘ਵਿਸ਼ਵ ਆਬਾਦੀ ਦਿਵਸ ਦੇ ਸੰਦਰਭ ਵਿੱਚ’ ਚੰਗਾ ਲੱਗਾ। ਲੇਖਕ ਨੇ ਆਬਾਦੀ ਨਿਯੰਤਰਣ ਦੀ ਪੁਰਾਣੀ ਸੋਚ ਤੋਂ ਅੱਗੇ ਵਧਦਿਆਂ ‘ਉਤਪਾਦਕ ਮਨੁੱਖੀ ਪੂੰਜੀ’ ਨੂੰ ਵਿਕਸਿਤ ਭਾਰਤ ਦੀ ਅਸਲ ਨੀਂਹ ਵਜੋਂ ਪੇਸ਼ ਕੀਤਾ ਹੈ। ਅੱਜ ਦੇ ਸਮੇਂ ਵਿੱਚ ਜਦੋਂ ਕੁਝ ਸੂਬੇ ਬਜ਼ੁਰਗ ਹੋ ਰਹੀ ਆਬਾਦੀ ਅਤੇ ਕੁਝ ਨੌਜਵਾਨ ਆਬਾਦੀ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ, ਤਾਂ ਇਹ ਦ੍ਰਿਸ਼ਟੀਕੋਣ ਨੀਤੀ ਨਿਰਧਾਰਕਾਂ ਲਈ ਵੀ ਮਹੱਤਵਪੂਰਨ ਹੈ। ਖ਼ਾਸ ਕਰਕੇ ਸਕਿੱਲ ਡਿਵੈਲਪਮੈਂਟ, ਮਹਿਲਾਵਾਂ ਦੀ ਕਰਮਚਾਰੀ ਭਾਗੀਦਾਰੀ, ਉੱਦਮਸ਼ੀਲਤਾ, ਡਿਜੀਟਲ ਹੁਨਰ ਅਤੇ ਖੋਜ-ਨਵੀਨਤਾ ਨੂੰ ਮਨੁੱਖੀ ਪੂੰਜੀ ਨਾਲ ਹੋਰ ਸਪੱਸ਼ਟ ਤੌਰ ’ਤੇ ਜੋੜਿਆ ਜਾ ਸਕਦਾ ਸੀ। ਸੂਬਿਆਂ ਦੀਆਂ ਵੱਖ-ਵੱਖ ਜਨਸੰਖਿਅਕ ਲੋੜਾਂ ਅਨੁਸਾਰ ਨੀਤੀਆਂ ਬਣਾਉਣ ਅਤੇ ਸਿੱਖਿਆ-ਸਿਹਤ ’ਤੇ ਨਿਵੇਸ਼ ਵਧਾਉਣ ਦੇ ਠੋਸ ਸੁਝਾਅ ਲੇਖ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੇ ਹਨ। ਲੇਖ ਆਬਾਦੀ ਨੂੰ ਬੋਝ ਨਹੀਂ ਸਗੋਂ ਵਿਕਾਸ ਦੀ ਸਭ ਤੋਂ ਵੱਡੀ ਤਾਕਤ ਵਜੋਂ ਦੇਖਣ ਲਈ ਇੱਕ ਸਕਾਰਾਤਮਕ ਅਤੇ ਦੂਰਅੰਦੇਸ਼ੀ ਸੋਚ ਪੇਸ਼ ਕਰਦਾ ਹੈ।
ਡਾ. ਮਧੁਰ ਓਝਾ, ਚੰਡੀਗੜ੍ਹ
ਸੂਰਤ ਤੇ ਸੀਰਤ
14 ਜੁਲਾਈ ਦਾ ਅੰਕ ਪੜ੍ਹ ਕੇ ਇੰਜ ਮਹਿਸੂਸ ਹੋਇਆ ਕਿ ਵਿਸ਼ਵ ਅਤੇ ਭਾਰਤ ਦੇ ਸੰਦਰਭ ਵਿੱਚ ਸੂਰਤ ਕਾਲੀ ਤੇ ਸੀਰਤ ਕਸੈਲੀ ਹੈ। ਹੋਰਮੁਜ਼ ਜਲਡਮਰੂ ਦੁਨੀਆ ਦੇ ਸਮੁੰਦਰੀ ਮਾਰਗਾਂ ਲਈ ਇੱਕ ਇਮਤਿਹਾਨ ਬਣ ਚੁੱਕਾ ਹੈ। ਇਰਾਨ ਅਤੇ ਅਮਰੀਕਾ ਹੁਣ ਆਹਮੋ-ਸਾਹਮਣੇ ਹਨ। ਦੋਵੇਂ ਵਿਸ਼ਵ ਯੁੱਧ ਯੂਰੋਪ ਵਿੱਚ ਹੋਏ ਅਤੇ ਹੁਣ ਪੱਛਮੀ ਏਸ਼ੀਆ ਵਿੱਚ ਤੀਜੇ ਵਿਸ਼ਵ ਯੁੱਧ ਵਰਗੇ ਹਾਲਾਤ ਬਣ ਰਹੇ ਹਨ। ਰਾਮ ਮੰਦਰ ਵਿੱਚ ਚੰਦੇ ਤੇ ਗਹਿਣਿਆਂ ਦੀ ਲੁੱਟ ਨੇ ਤਾਂ ਭਾਰਤ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬਦਰੀਨਾਥ ਮੰਦਰ ਵਿੱਚੋਂ ਵੀ ਅਜਿਹੀਆਂ ਹੀ ਖ਼ਬਰਾਂ ਹਨ। ਹਮੀਰਪੁਰ ਦੀ ਖ਼ਬਰ ਨੇ ਤਾਂ ਸਮੇਂ ਦੀ ਸੂਰਤ ਤੇ ਸੀਰਤ ਦੇ ਦਰਸ਼ਨ ਹੀ ਕਰਵਾ ਦਿੱਤੇ। ਮੰਦਰ ਦੇ ਕਰਮਚਾਰੀ ਬਿਨਾਂ ਜੇਬਾਂ ਵਾਲੇ ਕੱਪੜੇ ਪਹਿਨਣਗੇ। ਉਰਦੂ ਦਾ ਸ਼ੇਅਰ ਹੈ, ‘ਜਿੰਨੇ ਮਰਜ਼ੀ ਇਕੱਠੇ ਕਰ ਲਓ ਸੋਨਾ ਹੀਰੇ ਮੋਤੀ, ਬਸ ਇੰਨਾ ਖ਼ਿਆਲ ਰਹੇ ਕਿ ਕਫ਼ਨ ਵਿੱਚ ਜੇਬ ਨਹੀਂ ਹੁੰਦੀ’।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਬਾਬਾ ਫੌਜਾ ਸਿੰਘ
14 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਪ੍ਰਿੰ. ਸਰਵਣ ਸਿੰਘ ਦਾ ਲੇਖ ‘ਬਾਬਾ ਫੌਜਾ ਸਿੰਘ ਨੂੰ ਯਾਦ ਕਰਦਿਆਂ’ ਪੜ੍ਹ ਕੇ ਪ੍ਰੇਰਨਾ ਮਿਲੀ ਕਿ ਮਨੁੱਖ ਨੂੰ ਮੁਸ਼ਕਿਲ ਜਾਂ ਦੁੱਖ ਵਿੱਚ ਹੌਸਲਾ ਨਹੀਂ ਹਾਰਨਾ ਚਾਹੀਦਾ, ਸਗੋਂ ਹਰ ਮੁਸੀਬਤ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਬਾਬਾ ਫੌਜਾ ਸਿੰਘ ਇੱਕ ਸਦੀ ਤੋਂ ਉੱਪਰ ਕਰੀਬ 14 ਸਾਲ 3 ਮਹੀਨੇ ਤੇ 13 ਦਿਨਾਂ ਦਾ ਸਫ਼ਲ ਜੀਵਨ ਜਿਊਂ ਕੇ ਗਏ। ਪਰਿਵਾਰ ਦੇ ਕੁਝ ਮੈਂਬਰਾਂ ਦੇ ਵਿਛੋੜੇ ਤੋਂ ਬਾਅਦ ਉਹ ਨਿਰਾਸ਼ਾ ਵਿੱਚੋਂ ਨਿਕਲ ਕੇ ਚੜ੍ਹਦੀ ਕਲਾ ਵਿੱਚ ਵਿਚਰੇ। ਮੈਰਾਥਨ ਦੌੜਾਂ ਵਿੱਚ ਉਹ ਇੱਕ ਮੀਲ ਪੱਥਰ ਸਾਬਿਤ ਹੋਏ। ਹਿੰਮਤ ਨਾਲ ਵਧਾਇਆ ਕਦਮ ਹਰ ਚੋਟੀ ਨੂੰ ਸਰ ਕਰ ਲੈਂਦਾ ਹੈ, ਬਾਬਾ ਜੀ ਨੇ ਇਸ ਨੂੰ ਹਕੀਕਤ ਵਿੱਚ ਬਦਲ ਦਿੱਤਾ। ਬਾਬਾ ਜੀ ਮੈਰਾਥਨ ਦੌੜਾਕ ਹੋਣ ਦੇ ਨਾਲ-ਨਾਲ ਸਿੱਧੀ-ਸਾਦੀ ਪੱਗ ਤੇ ਖੁੱਲ੍ਹੇ-ਲੰਮੇ ਦਾੜ੍ਹੇ ਕਾਰਨ ਲੋਕਾਂ ਦੀ ਖਿੱਚ ਦਾ ਕੇਂਦਰ ਵੀ ਬਣੇ ਰਹੇ। ਮੈਂ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਬਾਬਾ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।
ਸੁਖਦੇਵ ਸਿੰਘ ਢੀਂਡਸਾ, ਜ਼ੀਰਾ
ਸੰਸਦੀ ਕਮੇਟੀ ਦਾ ਸੁਝਾਅ
14 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਬਰਖਾਸਤਗੀ ਨਹੀਂ ਮੁਅੱਤਲੀ’ ਪੜ੍ਹੀ। ਜੇਕਰ ਕੋਈ ਮੰਤਰੀ ਲਗਾਤਾਰ 30 ਦਿਨਾਂ ਤੱਕ ਜੇਲ੍ਹ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਬਰਖ਼ਾਸਤ ਕਰਨ ਦੀ ਬਜਾਏ ਸਿੱਧਾ ਮੁਅੱਤਲ ਕਰਨਾ ਚਾਹੀਦਾ ਹੈ। ਸੰਸਦ ਦੀ ਸਾਂਝੀ ਕਮੇਟੀ ਦਾ ਇਹ ਸੁਝਾਅ ਤਾਂ ਚੰਗਾ ਹੈ ਪਰ ਉਹ ਮੁਲਕ ਜਿੱਥੇ ਸਿਰਫ਼ ਸਿਆਸੀ ਬਦਲਾਖੋਰੀ ਤਹਿਤ ਹੀ ਈ ਡੀ ਅਤੇ ਸੀ ਬੀ ਆਈ ਨੂੰ ਵਰਤ ਕੇ ਵਿਰੋਧੀਆਂ ’ਤੇ ਝੂਠੇ ਮੁਕੱਦਮੇ ਕੀਤੇ ਜਾਂਦੇ ਹਨ ਤੇ ਅਦਾਲਤੀ ਪ੍ਰਕਿਰਿਆ ਹੱਦ ਦਰਜੇ ਦੀ ਸੁਸਤ ਹੈ, ਉੱਥੇ ਇਸ ਸੋਧ ਦਾ ਲਾਭ ਦੀ ਥਾਂ ਬਹੁਤ ਵੱਡਾ ਨੁਕਸਾਨ ਹੋਵੇਗਾ।
ਗੁਰਜਿੰਦਰ ਸਿੰਘ, ਸਾਹਦੜਾ (ਸ਼ਹੀਦ ਭਗਤ ਸਿੰਘ ਨਗਰ)
ਅਵਚੇਤਨ ਮਨ
ਪਰਵਿੰਦਰ ਸਿੰਘ ਢੀਂਡਸਾ ਹੁਰਾਂ ਦਾ ‘ਅਵਚੇਤਨ ਮਨ ਅਤੇ ਹਾਰਮੋਨ’ ਪੜ੍ਹਿਆ, ਜਿਸ ਤੋਂ ਸਮਾਜਿਕ ਸੇਧ ਮਿਲਦੀ ਹੈ। ਸੁਚੇਤ ਮਨ ਤਾਂ ਮਸਾਂ 5 ਫੀਸਦੀ ਹੈ ਅਤੇ 95 ਫੀਸਦੀ ਅਚੇਤ ਦੀ ਉਧੇੜ-ਬੁਣ ਹੈ। ਪੰਜਾਬ ਵਿੱਚ ਔਸਤਨ 10 ਔਰਤਾਂ 21 ਬੱਚੇ ਜੰਮ ਰਹੀਆਂ ਹਨ, ਜਿਨ੍ਹਾਂ ਨੂੰ ਸਰਕਾਰੀ ਮਦਦ ਦੀ ਉਡੀਕ ਹੈ ਕਿਉਂਕਿ ਹੁਣ ਡਲਿਵਰੀ ਕੁਦਰਤੀ ਨਹੀਂ, ਸਰਜੀਕਲ ਹੈ। ਚਿੱਤ ਵਿੱਚ ਰਹਿੰਦਾ ਅਵਚੇਤਨ ਪਹਿਲੇ ਸਾਲ ਵਿੱਚ ਹੀ ਉਜਾਗਰ ਹੁੰਦਾ ਹੈ, ਅਚੇਤ ਨੂੰ ਪਲੋਸਣ ਲਈ ਲੋੜੀਂਦੀ ਕਾਰਵਾਈ ਕਰੋ ਅਤੇ ਅਵਚੇਤਨ ਮਨ ਨੂੰ ਖੁੱਲ੍ਹ ਕੇ ਮੌਲਣ ਦਾ ਮੌਕਾ ਦੇਵੋ।
ਇਕਬਾਲ ਸਿੰਘ ਚੀਮਾ
ਪਲੀਤ ਹੁੰਦੇ ਦਰਿਆ
13 ਜੁਲਾਈ ਦੇ ਅੰਕ ’ਚ ਸੰਪਾਦਕੀ ‘ਪਲੀਤ ਹੁੰਦੇ ਦਰਿਆ’ ਵਿੱਚ ਪੰਜਾਬ ਦੇ ਦਰਿਆਵਾਂ ਅਤੇ ਭੂ-ਜਲ ਦੇ ਲਗਾਤਾਰ ਵਧ ਰਹੇ ਪ੍ਰਦੂਸ਼ਣ ਬਾਰੇ ਚਿੰਤਾ ਜਤਾਈ ਹੈ। ਇਹ ਮੁੱਦਾ ਅੱਜ ਦਾ ਨਹੀਂ ਸਗੋਂ ਕਈ ਸਾਲਾਂ ਤੋਂ ਸਾਡੇ ਸਾਹਮਣੇ ਹੈ। ਵੱਖ-ਵੱਖ ਸਰਕਾਰੀ ਰਿਪੋਰਟਾਂ ਅਤੇ ਅਦਾਲਤਾਂ ਦੀਆਂ ਟਿੱਪਣੀਆਂ ਦੇ ਬਾਵਜੂਦ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆਇਆ। ਪਾਣੀ ਮਨੁੱਖੀ ਜੀਵਨ, ਖੇਤੀਬਾੜੀ, ਪਸ਼ੂ-ਪੰਛੀਆਂ ਅਤੇ ਸਮੁੱਚੇ ਵਾਤਾਵਰਨ ਦਾ ਆਧਾਰ ਹੈ। ਜਦੋਂ ਦਰਿਆ ਹੀ ਗੰਦੇ ਹੋ ਜਾਣ, ਭੂ-ਜਲ ਵਿੱਚ ਰਸਾਇਣਕ ਤੱਤ ਵਧ ਜਾਣ ਤਾਂ ਇਸ ਦਾ ਸਭ ਤੋਂ ਵੱਧ ਅਸਰ ਆਮ ਲੋਕਾਂ ਦੀ ਸਿਹਤ ਉੱਤੇ ਪੈਂਦਾ ਹੈ। ਕੈਂਸਰ, ਚਮੜੀ ਅਤੇ ਪੇਟ ਨਾਲ ਸੰਬੰਧਿਤ ਬਿਮਾਰੀਆਂ ਨੂੰ ਵੀ ਇਸ ਸਮੱਸਿਆ ਨਾਲ ਜੋੜਿਆ ਜਾਂਦਾ ਹੈ। ਇਹ ਜਨ-ਸਿਹਤ ਦਾ ਗੰਭੀਰ ਮੁੱਦਾ ਹੈ। ਜੇਕਰ ਪੀਣ ਵਾਲਾ ਪਾਣੀ ਹੀ ਸੁਰੱਖਿਅਤ ਨਹੀਂ ਹੋਵੇਗਾ ਤਾਂ ਸਿਹਤਮੰਦ ਸਮਾਜ ਦਾ ਸੁਪਨਾ ਕਿਵੇਂ ਸਾਕਾਰ ਹੋ ਸਕੇਗਾ? ਸੀਵਰੇਜ ਟਰੀਟਮੈਂਟ ਪਲਾਂਟਾਂ ਨੂੰ ਪੂਰੀ ਸਮਰੱਥਾ ਨਾਲ ਚਲਾਇਆ ਜਾਵੇ, ਉਦਯੋਗਿਕ ਇਕਾਈਆਂ ਵੱਲੋਂ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ ਤੇ ਵਰਖਾ ਦੇ ਪਾਣੀ ਦੀ ਸੰਭਾਲ ਨੂੰ ਲੋਕ ਲਹਿਰ ਬਣਾਇਆ ਜਾਵੇ। ਪਾਣੀ ਦੀ ਬੱਚਤ ਅਤੇ ਸਫ਼ਾਈ ਸਿਰਫ਼ ਸਰਕਾਰ ਦੀ ਨਹੀਂ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਗੁਰਬਾਜ਼ ਸਿੰਘ ਹੁਸਨਰ, ਸਿਰਸਾ
(2)
ਸੰਪਾਦਕੀ ‘ਪਲੀਤ ਹੁੰਦੇ ਦਰਿਆ’ ਕਾਬਿਲੇ-ਗ਼ੌਰ ਸੀ। ਜਦੋਂ ਦੁਸਹਿਰਾ, ਦੀਵਾਲੀ ਤੇ ਛੱਠ ਪੂਜਾ ਮਨਾਈ ਜਾਂਦੀ ਹੈ, ਉਦੋਂ ਸ਼ਰਧਾਲੂਆਂ ਵੱਲੋਂ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਵੇ ਕਿ ਪੂਜਾ ਕਰਦੇ ਸਮੇਂ ਨਦੀਆਂ ਦੇ ਕਿਨਾਰੇ ਗੰਦਗੀ ਨਾ ਫੈਲਾਈ ਜਾਵੇ। ਇਸ ਨਾਲ ਨਦੀਆਂ ਦਾ ਪਾਣੀ ਗੰਦਾ ਹੁੰਦਾ ਹੈ ਜਿਸ ਕਾਰਨ ਪਾਣੀ ਪ੍ਰਦੂਸ਼ਿਤ ਹੁੰਦਾ ਹੈ। ਫੈਕਟਰੀਆਂ ਦਾ ਪਾਣੀ ਦਰਿਆਵਾਂ ਨੂੰ ਪਲੀਤ ਕਰ ਰਿਹਾ ਹੈ। ਪ੍ਰਸ਼ਾਸਨ ਨੂੰ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਦੀਵਾਲੀ, ਦਸਹਿਰੇ ਸਮੇਂ ਪਟਾਖੇ ਚਲਾਉਣ ’ਤੇ ਪਾਬੰਦੀ ਲਗਾਈ ਜਾਵੇ। ਸਰਕਾਰ ਨੂੰ ਮੁਕੰਮਲ ਤੌਰ ’ਤੇ ਪਟਾਖਿਆਂ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।
ਗੁਰਮੀਤ ਸਿੰਘ ਵੇਰਕਾ
10 ਜੁਲਾਈ ਦੇ ਅੰਕ ਵਿੱਚ ਜੱਗਾ ਸਿੰਘ ਆਦਮਕੇ ਦਾ ਮਿਡਲ ‘ਭੂਆ ਘਰੋਂ ਚਾਹ ਪੀਤੇ ਬਗੈਰ ਜਾਓਗੇ....’ ਚੰਗਾ ਲੱਗਾ। ਜਦੋਂ ਵੀ ਕਰਮਚਾਰੀਆਂ ਦੀ ਜਨਗਣਨਾ, ਐੱਸ.ਆਈ.ਆਰ. ਜਾਂ ਕੋਈ ਹੋਰ ਡਿਊਟੀ ਲੱਗਦੀ ਹੈ ਤਾਂ ਇਸ ਦੇ ਦੋ ਪੱਖ ਸਾਹਮਣੇ ਆਉਂਦੇ ਹਨ। ਕੁਝ ਕਰਮਚਾਰੀ ਇਨ੍ਹਾਂ ਕੰਮਾਂ ਨੂੰ ਬੋਝ ਸਮਝਦੇ ਹਨ ਪਰ ਕੁਝ ਕਰਮਚਾਰੀ ਇਹ ਕਾਰਜ ਦਿਲਚਸਪੀ ਨਾਲ ਕਰਦੇ ਹਨ। ਜਿਹੜੇ ਕਰਮਚਾਰੀ ਇਹ ਕੰਮ ਮਨ ਲਗਾ ਕੇ ਖੁਸ਼ੀ-ਖੁਸ਼ੀ ਕਰਦੇ ਹਨ, ਉਨ੍ਹਾਂ ਲਈ ਇਹ ਬੜੇ ਦਿਲਚਸਪ ਅਤੇ ਗਿਆਨ-ਵਰਧਕ ਹੋ ਨਿੱਬੜਦੇ ਹਨ। ਸਾਡਾ ਸਮਾਜ ਇੱਕ ਵਿਸ਼ਾਲ ਬਗੀਚੇ ਦੀ ਤਰ੍ਹਾਂ ਹੈ ਜਿਸ ਵਿੱਚ ਭਿੰਨ-ਭਿੰਨ ਪ੍ਰਕਾਰ ਦੇ ਫੁੱਲ ਖਿੜੇ ਹੋਏ ਹਨ। ਪਰ ਕੁਝ ਫੁੱਲ ਵੇਖਣ ਨੂੰ ਸੋਹਣੇ ਲੱਗਣ ਦੇ ਬਾਵਜੂਦ ਮਹਿਕ-ਵਿਹੂਣੇ ਹੁੰਦੇ ਹਨ। ਲੇਖਕ ਦਾ ਇਹ ਕਹਿਣਾ, “ਇਸ ਸਮੇਂ ਕਈ ਜਾਣਕਾਰ ਬੇਗਾਨਿਆਂ ਵਾਂਗੂ ਤੇ ਕਈ ਬੇਗਾਨੇ ਆਪਣਿਆਂ ਵਾਂਗੂ ਮਿਲੇ।” ਸਮਾਜ ਦੀ ਇਸ ਕੌੜੀ ਸੱਚਾਈ ਨੂੰ ਬਿਆਨ ਕਰਦਾ ਹੈ। 8 ਜੁਲਾਈ ਦਾ ਬਲਬੀਰ ਸਿੰਘ ਢੋਲ ਦਾ ਮਿਡਲ ‘ਜਦੋਂ ਪੰਜ ਰੁਪਏ ਵੀ ਨਾ ਮਿਲੇ’ ਸਾਡੇ ਲੋਕਾਂ ਦੀ ਪੰਜ ਦਹਾਕੇ ਪਹਿਲਾਂ ਦੀ ਕਮਜ਼ੋਰ ਆਰਥਿਕ ਹਾਲਤ ਨੂੰ ਬਿਆਨ ਕਰਦਾ ਹੈ। ਪਿੰਡਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਨ। ਸਕੂਲਾਂ ਦੀ ਫੀਸ ਭਾਵੇਂ ਨਾ-ਮਾਤਰ ਹੀ ਹੁੰਦੀ ਸੀ ਪਰ ਗ਼ਰੀਬ ਮਾਪਿਆਂ ਲਈ ਓਨੇ ਕੁ ਪੈਸਿਆਂ ਦਾ ਪ੍ਰਬੰਧ ਕਰਨਾ ਵੀ ਬਹੁਤ ਮੁਸ਼ਕਿਲ ਹੁੰਦਾ ਸੀ। ਮੋਹਨ ਸ਼ਰਮਾ ਦੀ ਰਚਨਾ ‘ਬਹੁ-ਪਰਤੀ ਸੰਕਟ ਵਿੱਚ ਘਿਰਿਆ ਪੰਜਾਬ’ ਵੀ ਸਰਕਾਰੀ ਨੀਤੀਆਂ ’ਤੇ ਗਹਿਰੀ ਚੋਟ ਕਰਦਾ ਹੈ। ਜਿਹੜੀ ਸਰਕਾਰ ਨਸ਼ਿਆਂ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਦਾ ਟੀਚਾ ਹਰ ਸਾਲ ਵਧਾਈ ਜਾਂਦੀ ਹੋਵੇ, ਉਸ ਪਾਸੋਂ ਨਸ਼ਿਆਂ ਦੇ ਖਾਤਮੇ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ।
ਨਾਇਬ ਸਿੰਘ ਪੰਨੀਵਾਲੀਆ, ਮਲੋਟ

