ਡਾਕ ਐਤਵਾਰ ਦੀ
ਬਾਕਮਾਲ ਸਾਂਭਣ-ਯੋਗ ਲੇਖ 8 ਮਾਰਚ ਦੇ ਸਾਰੇ ਲੇਖ ਬਹੁਤ ਵਧੀਆ ਅਤੇ ਮੋਤੀਆਂ ਵਾਂਗ ਪਰੋਏ ਹੋਏ ਲੱਗੇ। ਔਰਤ ਦੇ ਸਿਦਕ, ਸਬਰ ਅਤੇ ਸਨਮਾਨ ਨੂੰ ਸਮਰਪਿਤ ਇਨ੍ਹਾਂ ਲੇਖਾਂ ਨੂੰ ਔਰਤ ਦੀ ਡੂੰਘੀ ਸੰਵੇਦਨਾ, ਪਿਆਰ, ਵਿਸ਼ਵਾਸ, ਦਲੇਰੀ ਤੇ ਕੁਰਬਾਨੀ ਨਾਲ ਜਿਸ ਤਰ੍ਹਾਂ ਲਿਸ਼ਕਾਇਆ...
ਬਾਕਮਾਲ ਸਾਂਭਣ-ਯੋਗ ਲੇਖ
8 ਮਾਰਚ ਦੇ ਸਾਰੇ ਲੇਖ ਬਹੁਤ ਵਧੀਆ ਅਤੇ ਮੋਤੀਆਂ ਵਾਂਗ ਪਰੋਏ ਹੋਏ ਲੱਗੇ। ਔਰਤ ਦੇ ਸਿਦਕ, ਸਬਰ ਅਤੇ ਸਨਮਾਨ ਨੂੰ ਸਮਰਪਿਤ ਇਨ੍ਹਾਂ ਲੇਖਾਂ ਨੂੰ ਔਰਤ ਦੀ ਡੂੰਘੀ ਸੰਵੇਦਨਾ, ਪਿਆਰ, ਵਿਸ਼ਵਾਸ, ਦਲੇਰੀ ਤੇ ਕੁਰਬਾਨੀ ਨਾਲ ਜਿਸ ਤਰ੍ਹਾਂ ਲਿਸ਼ਕਾਇਆ ਗਿਆ ਹੈ, ਕਾਬਿਲੇ ਤਾਰੀਫ਼ ਹੈ। ਸੰਪਾਦਕੀ ‘ਧੀਆਂ ਦੀ ਬਲੀ’ ਵਿੱਚ ਲੇਖਿਕਾ ਦੀ ਦਲੇਰੀ ਅਤੇ ਸੰਵੇਦਨਾ ਨੇ ਭਾਵਨਾਵਾਂ ਦਾ ਹੜ੍ਹ ਲਿਆ ਦਿੱਤਾ। ਨਿਰਦੋਸ਼ 165 ਬੱਚੀਆਂ ਦੀ ਮੌਤ ਅਤੇ ਮਾਪਿਆਂ ਦੇ ਵਿਰਲਾਪ ਨੇ ਰੋਣ ਲਈ ਮਜਬੂਰ ਕਰ ਦਿੱਤਾ। ਅੰਮ੍ਰਿਤਾ ਪ੍ਰੀਤਮ ਦੀ ਲੇਖਣੀ ਦੀ ਸੂਖਮਤਾ ਅਤੇ ਭਾਵਨਾਵਾਂ ਦੀ ਡੂੰਘਾਈ ਲਈ ਤਾਂ ਸ਼ਬਦ ਘੱਟ ਹਨ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜਾ ਸ਼ਬਦ ਬੋਲਦਿਆਂ ਵੀ ਸਾਡੀ ਜ਼ੁਬਾਨ ਲੜਖੜਾ ਜਾਂਦੀ ਹੈ, ਉਹ ਬਣਨ ਲਈ ਕਿੰਨੀਆਂ ਕੁ ਮਜਬੂਰੀਆਂ ਹੋਣਗੀਆਂ? ਬਚਿੰਤ ਕੌਰ ਦੀ ਧੁਆਂਖੀ ਸਵੇਰ ਨੇ ਹਿਰਦੇ ਨੂੰ ਵਲੂੰਧਰ ਦਿੱਤਾ। ਉਸ ਦੇ ਹੌਸਲੇ ਨੂੰ ਦਿਲੋਂ ਸਲਾਮ।
ਡਾ. ਤਰਲੋਚਨ ਕੌਰ, ਪਟਿਆਲਾ
ਨਾਰੀ ਦੀ ਕਹਾਣੀ
8 ਮਾਰਚ ਨੂੰ ਛਪਿਆ ‘ਨਾਰੀ ਦੀ ਕਹਾਣੀ ਅੰਕੜਿਆਂ ਦੀ ਜ਼ੁਬਾਨੀ’ ਲੇਖ ਸਮਾਜ ਵਿੱਚ ਔਰਤਾਂ ਦੀ ਮੌਜੂਦਾ ਸਥਿਤੀ ਤੇ ਉਨਾਂ ਵਿਰੁੱਧ ਹੋ ਰਹੇ ਅਪਰਾਧਾਂ ਨੂੰ ਅੰਕੜਿਆਂ ਰਾਹੀਂ ਪੇਸ਼ ਕਰਦਾ ਹੈ। ਦੱਸਿਆ ਗਿਆ ਹੈ ਕਿ ਕਿਵੇਂ ਔਰਤਾਂ ਅੱਜ ਵੀ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਇਸ ਵਿੱਚ ਘਰੇਲੂ ਹਿੰਸਾ, ਜਿਨਸੀ ਸ਼ੋਸ਼ਣ ਤੇ ਹੋਰ ਸਮਾਜਿਕ ਬੁਰਾਈਆਂ ਦੀ ਗੱਲ ਕੀਤੀ ਗਈ ਹੈ। ਇਹ ਰਿਪੋਰਟ ਉਸ ਕੌੜੇ ਸੱਚ ਨੂੰ ਸਾਹਮਣੇ ਲਿਆਉਂਦੀ ਹੈ, ਜਿਸ ਨੂੰ ਅਕਸਰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ।
ਜਸ਼ਨਪ੍ਰੀਤ ਕੌਰ, ਚੀਮਾ (ਲੁਧਿਆਣਾ)
