DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਡਾਕ ਐਤਵਾਰ ਦੀ

ਚਿੱਟੀਆਂ ਚਾਦਰਾਂ ਐਤਵਾਰ, 19 ਜੁਲਾਈ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਚਿੱਟੀਆਂ ਚਾਦਰਾਂ ਦੇ ਓਹਲੇ ਓਹਲੇ...’ ਪੜ੍ਹਿਆ। ਦੇਹਰਾਦੂਨ ਵਿੱਚ ਪੰਜਾਬੀ ਗਾਇਕਾ ਦਾ ਮੁਫ਼ਤ ਸ਼ੋਅ ਵੀ ਜੰਤਰ-ਮੰਤਰ ’ਤੇ ਤਾਣੀਆਂ ਚਿੱਟੀਆਂ ਚਾਦਰਾਂ ਵਰਗਾ ਹੀ ਸੀ, ਜਿਸ ਦਾ ਮਕਸਦ ਕਾਂਗਰਸ...

  • fb
  • twitter
  • whatsapp
  • whatsapp
Advertisement

ਚਿੱਟੀਆਂ ਚਾਦਰਾਂ

ਐਤਵਾਰ, 19 ਜੁਲਾਈ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਚਿੱਟੀਆਂ ਚਾਦਰਾਂ ਦੇ ਓਹਲੇ ਓਹਲੇ...’ ਪੜ੍ਹਿਆ। ਦੇਹਰਾਦੂਨ ਵਿੱਚ ਪੰਜਾਬੀ ਗਾਇਕਾ ਦਾ ਮੁਫ਼ਤ ਸ਼ੋਅ ਵੀ ਜੰਤਰ-ਮੰਤਰ ’ਤੇ ਤਾਣੀਆਂ ਚਿੱਟੀਆਂ ਚਾਦਰਾਂ ਵਰਗਾ ਹੀ ਸੀ, ਜਿਸ ਦਾ ਮਕਸਦ ਕਾਂਗਰਸ ਪਾਰਟੀ ਦੇ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ਨੂੰ ਲੋਕਾਂ ਦੀ ਨਜ਼ਰ ਤੋਂ ਦੂਰ ਕਰਨਾ ਸੀ। ਚਿੱਟੀ ਚਾਦਰ ਦਾ ਓਹਲਾ ਇੰਝ ਲੱਗਦਾ ਹੈ ਜਿਵੇਂ ਪੇਪਰ ਲੀਕ, ਸਿੱਖਿਆ ਦਾ ਮਹਿੰਗਾ ਹੋਣਾ ਅਤੇ ਵਿਦਿਆਰਥੀ ਖੁਦਕਸ਼ੀਆਂ ਵਰਗੇ ਗੰਭੀਰ ਮੁੱਦਿਆਂ ’ਤੇ ਕਫ਼ਨ ਪਾ ਦਿੱਤਾ ਗਿਆ ਹੋਵੇ ਅਤੇ ਬਸ ਲਾਂਬੂ ਲਾਉਣਾ ਹੀ ਬਾਕੀ ਰਹਿ ਗਿਆ ਹੋਵੇ। ਜਿਸ ਢੰਗ ਨਾਲ ਭੁੱਖ ਹੜਤਾਲ ਦੇ ਬੈਠੇ ਸੋਨਮ ਵਾਂਗਚੁਕ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ, ਉਹ ਜਮਹੂਰੀਅਤ ਨੂੰ ਸ਼ਰਮਿੰਦਾ ਤਾਂ ਕਰਦਾ ਹੀ ਹੈ, ਪਰ ਨਾਲ ਇਹ ਸਵਾਲ ਵੀ ਖੜ੍ਹਾ ਕਰਦਾ ਹੈ ਕਿ ਕੀ ਹੁਣ ਇੱਥੇ ਕਿਸੇ ਨੂੰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਵੀ ਕੋਈ ਹੱਕ ਨਹੀਂ ? ਸਮੁੱਚਾ ਵਰਤਾਰਾ ਸਾਡੀ ਜਮਹੂਰੀਅਤ ਦੀ ਸਾਖ ਨੂੰ ਹੋਰ ਨੀਵਾਂ ਕਰ ਰਿਹਾ ਹੈ।

ਜਗਰੂਪ ਸਿੰਘ, ਉਭਾਵਾਲ

Advertisement

ਤੇਜਾ ਸਿੰਘ ਸਮੁੰਦਰੀ ਦਾ ਜੀਵਨ

ਐਤਵਾਰ, 19 ਜੁਲਾਈ ਦੇ ‘ਦਸਤਕ’ ਪੰਨੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਅਜ਼ੀਮ ਯੋਧੇ ਸ. ਤੇਜਾ ਸਿੰਘ ਸਮੁੰਦਰੀ ਦੇ ਜੀਵਨ ਅਤੇ ਸ਼ਹਾਦਤ ਦਾ ਜ਼ਿਕਰ ਪੜ੍ਹਿਆ। ਨੀਰਾ ਬੁੱਰਾ ਦਾ ਲੇਖ ਉਨ੍ਹਾਂ ਦੇ ਪੜਦਾਦਾ ਰੁਚੀ ਰਾਮ ਸਾਹਨੀ ਵੱਲੋਂ ਅੱਖੀਂ ਡਿੱਠੇ ਹਾਲਾਤ ਪੇਸ਼ ਕਰਦੀ ਡਾਇਰੀ ’ਤੇ ਆਧਾਰਿਤ ਹੈ ਕਿ ਕਿਵੇਂ ਤੇਜਾ ਸਿੰਘ ਸਮੁੰਦਰੀ ਦੀ ਅਗਵਾਈ ਹੇਠ ਸੰਗਤ ਗਰੂ ਕੇ ਬਾਗ ਦਾ ਮੋਰਚਾ ਲਾਉਣ ਜਾਇਆ ਕਰਦੀ ਸੀ। ਇਹ ਆਜ਼ਾਦੀ ਲਈ ਸਿੱਖਾਂ ਦੀਆਂ ਕੁਰਬਾਨੀਆਂ ਦਾ ਇਤਿਹਾਸਕ ਦਸਤਾਵੇਜ਼ ਹੈ ਜਿਸ ਤੋਂ ਹੁਣ ਦੀਆਂ ਸਰਕਾਰਾਂ ਤੇ ਅਜੋਕੀ ਪੀੜ੍ਹੀ ਅਣਜਾਣ ਹੈ। ਇਸੇ ਅੰਕ ਵਿੱਚ ਚਰਨਜੀਤ ਸਿੰਘ ਸੰਧੂ ਨੇ ਵੀ ਤੇਜਾ ਸਿੰਘ ਸਮੁੰਦਰੀ ਦੇ ਸਿਦਕ, ਦਲੇਰੀ ਤੇ ਸੇਵਾ ਦਾ ਜ਼ਿਕਰ ਕੀਤਾ ਹੈ। ਅਰਵਿੰਦਰ ਜੌਹਲ ਨੇ ‘ਚਿੱਟੀਆ ਚਾਦਰਾਂ ਦੇ ਓਹਲੇ ਓਹਲੇ’ ਵਿੱਚ ਵਿਦਿਆਰਥੀ ਵਰਗ ’ਤੇ ਕੀਤੇ ਜਾ ਰਹੇ ਪੁਲੀਸ ਜਬਰ ਦੀ ਦਾਸਤਾਨ ਪੇਸ਼ ਕੀਤੀ ਹੈ। ‘ਕਾਲੀ ਕੰਬਲੀ’ ਨਾਵਲ ਵਿਦੇਸ਼ਾਂ ਦੀ ਚਕਾਚੌਂਧ ਵਾਲੀ ਜ਼ਿੰਦਗੀ ਦੀ ਝਲਕ ਹੈ। ਪੂਨਮ ਪ੍ਰੀਤਲੜੀ ਨੇ ਰਸਾਲੇ ‘ਪ੍ਰੀਤਲੜੀ’ ਦਾ ਜ਼ਿਕਰ ਕੀਤਾ ਹੈ। ਸੁਮੀਤ ਸਿੰਘ ਦੇ ਕਤਲ ਦਾ ਭੇਤ ਪ੍ਰਗਟ ਕੀਤਾ ਹੈ। ਉਸ ਸਮੇਂ ਕੱਟੇ ਵਾਲਾਂ ਵਾਲੇ ਵਿਅਕਤੀ ਨੂੰ ਹਿੰਦੂ ਸਮਝ ਲਿਆ ਜਾਂਦਾ ਸੀ। ਉਹ ਪੰਜਾਬ ਦਾ ਕਾਲਾ ਦੌਰ ਸੀ, ਜੋ ਸਦੀਆਂ ਤੱਕ ਯਾਦ ਰਹੇਗਾ।

Advertisement

ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ

ਅਖ਼ਬਾਰ ਚੋਰ

ਐਤਵਾਰ, 19 ਜੁਲਾਈ ਦੇ ‘ਦਸਤਕ’ ਪੰਨੇ ’ਤੇ ਜਤਿੰਦਰ ਭੁੱਚੋ ਦੇ ਲੇਖ ‘ਅਖ਼ਬਾਰ ਚੋਰ’ ਨੇ ਪ੍ਰਸ਼ਾਸਨ ’ਤੇ ਵਧੀਆ ਕਟਾਖਸ਼ ਕੀਤਾ ਹੈ। ਵਿਅੰਗਮਈ ਲੇਖ ਭ੍ਰਿਸ਼ਟ ਰਾਜਨੀਤਕ ਲੋਕਾਂ ਅਤੇ ਸਿਸਟਮ ਦੀ ਖਿੱਲੀ ਉਡਾਉਂਦਿਆਂ ਸਰਕਾਰੀ ਢਾਂਚੇ ਨੂੰ ਸ਼ਰਮਸਾਰ ਕਰਦਾ ਹੈ। ਕਾਸ਼! ਪ੍ਰਸ਼ਾਸਨ ਆਪਣੇ ਅਵੇਸਲੇਪਨ ਦੀ ਨਾਮੁਰਾਦ ਬਿਮਾਰੀ ਤੋਂ ਖਹਿੜਾ ਛੁਡਾ ਸਕਦਾ। ਇੱਥੇ ਆਵਾਰਾ ਪਸ਼ੂਆਂ ਅਤੇ ਆਵਾਰਾ ਹੋਏ ਸਰਕਾਰੀ ਉੱਚ ਅਧਿਕਾਰੀਆਂ ਦੀ ਭਰਮਾਰ ਲੋਕਾਂ ਦੀਆਂ ਫਾਈਲਾਂ ਤਾਂ ਨਿਗ਼ਲ ਹੀ ਰਹੀ ਹੈ, ਕੀਮਤੀ ਸਮਾਂ ਵੀ ਨਿਗ਼ਲ ਰਹੀ ਹੈ। ਜਿਸ ਕਾਰਨ ਭ੍ਰਿਸ਼ਟਾਚਾਰ ਅਤੇ ਜਨਤਾ ਦਾ ਸ਼ੋਸ਼ਣ ਸਿਖ਼ਰਾਂ ’ਤੇ ਹੈ।

ਬਲਜਿੰਦਰ ਸਿੰਘ ਰੇਤਗੜ੍ਹ, ਈ-ਮੇਲ

ਵੋਟ ਦਾ ਅਧਿਕਾਰ

ਐਤਵਾਰ, 12 ਜੁਲਾਈ ਦੇ ‘ਦਸਤਕ’ ਪੰਨੇ ’ਤੇ ਸਵਰਾਜਬੀਰ ਹੁਰਾਂ ਦਾ ਲੇਖ ‘ਵੋਟ ਦਾ ਅਧਿਕਾਰ, ਅਤੀਤ ਤੋਂ ਵਰਤਮਾਨ ਤੱਕ’ ਬਹੁਤ ਹੀ ਨਿਵੇਕਲਾ ਅਤੇ ਜਾਣਕਾਰੀ ਭਰਪੂਰ ਹੈ। ਲੇਖਕ ਨੇ ਨਿਧੜਕ ਕਲਮਕਾਰ ਹੋਣ ਦਾ ਫਰਜ਼ ਨਿਭਾਉਣ ਵਿੱਚ ਤਾਂ ਕੋਈ ਕਸਰ ਨਹੀਂ ਛੱਡੀ, ਪਰ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜੇ ਮੱਧਕਾਲ ਤੋਂ ਲੈ ਕੇ ਅੱਜ ਤਕ ਕਿਸੇ ਸੰਘਰਸ਼ ਦੀ ਗਵਾਹੀ ਨਹੀਂ ਮਿਲੀ ਤਾਂ ਹੁਣ ਵੀ ਆਸ ਕਰਨੀ ਮੁਸ਼ਕਿਲ ਹੀ ਲੱਗਦੀ ਹੈ ਕਿਉਂਕਿ ਅੱਧੇ ਦੇਸ਼ ਵਿੱਚ ਤਾਂ ਇਹ ਸਬੰਧਿਤ ਕਾਰਜ ਹੋ ਹੀ ਚੁੱਕਾ ਹੈ। ਕੀ ਸਵਾ ਪੰਜ ਕਰੋੜ ਵੋਟਾਂ ਦਾ ਘਾਣ ਹੋਇਆ? ਉਂਜ ਵੀ ਚੋਣ ਨਤੀਜਿਆਂ ਤੋਂ ਬਾਅਦ ਵੋਟ ਪਾਉਣ ਦਾ ਅਧਿਕਾਰ ਬਹਾਲ ਕਰ ਵੀ ਦਿੱਤਾ ਜਾਵੇ ਤਾਂ ਉਸ ਦੇ ਕੀ ਮਾਅਨੇ ਹਨ। ਖੱਬੀਆਂ ਪਾਰਟੀਆਂ ਦੀ ਇਤਿਹਾਸਕ ਥਕਾਨ ਵਾਲੀ ਸੱਚਾਈ ਵੀ ਦਰੁਸਤ ਹੈ। ਸੁਪਰੀਮ ਕੋਰਟ, ਸਰਕਾਰ ਅਤੇ ਚੋਣ ਕਮਿਸ਼ਨ ਜਦੋਂ ਇੱਕਸੁਰ ਹੋਏ ਹੋਣ ਤਾਂ ਕਿਸਾਨ ਮੋਰਚੇ ਵਰਗਾ ਮਾਹੌਲ ਵੀ ਮਜਬੂਰ ਹੋ ਸਕਦਾ ਹੈ। ਜਨਾਬ ਆਰ. ਰਾਜਗੋਪਾਲ ਵਾਲੀ ਉਦਾਹਰਣ ਵੀ ਸਹੀ ਸੰਕੇਤ ਦਰਸਾਉਂਦੀ ਹੈ। ਮਹਾਤਮਾ ਗਾਂਧੀ ਵਾਲਾ ਕਥਨ ਵੀ ਦਰੁਸਤ ਪੇਸ਼ ਕੀਤਾ ਗਿਆ ਹੈ। ਆਸ ਕੇਵਲ ਇਹੋ ਹੀ ਹੈ ਕਿ ਹੁਣ ਪੰਜਾਬ ਦੀ ਵਾਰੀ ਆਈ ਹੈ, ਜਿਹੜਾ ਗੁਰਾਂ ਦੇ ਨਾਂ ’ਤੇ ਵਸਦਾ ਹੈ।

ਡਾ. ਪੰਨਾ ਲਾਲ ਮੁਸਤਫ਼ਾਬਾਦੀ, ਚੰਡੀਗੜ੍ਹ

ਮਨੁੱਖਤਾਵਾਦੀ ਸੋਚ

ਐਤਵਾਰ, 12 ਜੁਲਾਈ ਦੇ ਅੰਕ ’ਚ ਗੁਰਬਖਸ਼ਪੁਰੀ ਦੇ ਲੇਖ ‘ਮਨੁੱਖਤਾਵਾਦੀ ਸੋਚ ਦਾ ਧਾਰਨੀ ਜਸਵੰਤ ਸਿੰਘ ਖਾਲੜਾ’ ਵਿੱਚ 1980-90ਵਿਆਂ ਦੌਰਾਨ ਪੰਜਾਬ ਅੰਦਰ ਹੋਏ ਮਨੁੱਖੀ ਘਾਣ ਸਬੰਧੀ ਬਹੁਤ ਹੀ ਸੰਵੇਦਨਸ਼ੀਲ ਜਾਣਕਾਰੀ ਦਿੱਤੀ ਗਈ ਹੈ। ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਦਾਅ ’ਤੇ ਲਗਾ ਕੇ ਅਣਪਛਾਤੇ ਕਹਿ ਕੇ ਖ਼ਤਮ ਕੀਤੇ ਗਏ ਹਜ਼ਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਦਾ ਮਸਲਾ ਦੇਸ਼ ਅਤੇ ਕੌਮਾਂਤਰੀ ਪੱਧਰ ਦੀਆਂ ਸੰਸਥਾਵਾਂ ਵਿੱਚ ਤੱਥਾਂ ਨਾਲ ਦਲੇਰਾਨਾ ਢੰਗ ਨਾਲ ਉਠਾਇਆ। ਇਸ ਕਾਂਡ ਦੇ ਚਸ਼ਮਦੀਦ ਗਵਾਹ ਹੋਮਗਾਰਡ ਕੁਲਦੀਪ ਸਿੰਘ ਬਚੜੇ ਨੇ ਅਦਾਲਤ ਵਿੱਚ ਜਸਵੰਤ ਸਿੰਘ ਖਾਲੜਾ ਉੱਤੇ ਪੁਲੀਸ ਵੱਲੋਂ ਢਾਹੇ ਅਣਮਨੁੱਖੀ ਤਸ਼ੱਦਦ ਅਤੇ ਅਖ਼ੀਰ ਵਿੱਚ ਉਸ ਦੇ ਕਤਲ ਕਰਨ ਦੀ ਜਾਣਕਾਰੀ ਦੇ ਕੇ ਉਸ ਸਮੇਂ ਦੇ ਪੁਲੀਸ ਤੰਤਰ ਦਾ ਪਰਦਾਫਾਸ਼ ਕੀਤਾ।

ਮੇਜਰ ਸਿੰਘ ਮੱਟਰਾਂ, ਭਵਾਨੀਗੜ੍ਹ 

Advertisement
×