ਐਤਵਾਰੀ ਡਾਕ
ਕਾਬਿਲੇ-ਤਾਰੀਫ਼ ਕਵਿਤਾ ਐਤਵਾਰ, 25 ਜਨਵਰੀ ਦੇ ‘ਦਸਤਕ’ ਅੰਕ ਵਿੱਚ ਚਰਨਜੀਤ ਨੌਹਰਾ ਦੀ ਕਵਿਤਾ ‘ਸੜਕ’ ਕਾਬਿਲੇ-ਤਾਰੀਫ਼ ਹੈ। ਆਪਣੇ ਕਾਵਿ-ਮਈ ਅੰਦਾਜ਼ ਵਿੱਚ ਪਿੰਡ ਨੂੰ ਤਹਿਸੀਲ ਨਾਲ ਜੋੜਦੀ ਸੜਕ ਦੀਆਂ ਯਾਦਾਂ ਦਾ ਜ਼ਿਕਰ ਕਰਦਿਆਂ ‘ਹੁਣ ਇਹ ਉਡੀਕ ਵਿੱਚ ਹੈ ਕਿਸੇ ਸਰਕਾਰੀ ਪੱਤਰ ਦੀ’...
ਕਾਬਿਲੇ-ਤਾਰੀਫ਼ ਕਵਿਤਾ
ਐਤਵਾਰ, 25 ਜਨਵਰੀ ਦੇ ‘ਦਸਤਕ’ ਅੰਕ ਵਿੱਚ ਚਰਨਜੀਤ ਨੌਹਰਾ ਦੀ ਕਵਿਤਾ ‘ਸੜਕ’ ਕਾਬਿਲੇ-ਤਾਰੀਫ਼ ਹੈ। ਆਪਣੇ ਕਾਵਿ-ਮਈ ਅੰਦਾਜ਼ ਵਿੱਚ ਪਿੰਡ ਨੂੰ ਤਹਿਸੀਲ ਨਾਲ ਜੋੜਦੀ ਸੜਕ ਦੀਆਂ ਯਾਦਾਂ ਦਾ ਜ਼ਿਕਰ ਕਰਦਿਆਂ ‘ਹੁਣ ਇਹ ਉਡੀਕ ਵਿੱਚ ਹੈ ਕਿਸੇ ਸਰਕਾਰੀ ਪੱਤਰ ਦੀ’ ਉਸ ਦੀ ਮਾੜੀ ਹਾਲਤ ਦੀ ਵਿਅੰਗਾਤਮਕ ਸ਼ਬਦਾਂ ਨਾਲ ਗੱਲ ਕੀਤੀ ਹੈ। ਇਸੇ ਅੰਕ ਵਿੱਚ ਵਰਿੰਦਰਜੀਤ ਸਿੰਘ ਦੇ ਪੰਜਾਬੀ ਭਾਸ਼ਾ ਬਾਰੇ ਲੇਖ ਵਿੱਚ ਅੰਗਰੇਜ਼ਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਲਈ ਕੀਤੀਆਂ ਕੋਝੀਆਂ ਕਾਰਵਾਈਆਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ।
ਮੇਜਰ ਸਿੰਘ, ਨਾਭਾ (ਪਟਿਆਲਾ)
ਕਿਹੜੇ ਰਸਤੇ ਤੁਰੀ ਸਿਆਸਤ?
ਐਤਵਾਰ, 18 ਜਨਵਰੀ ਦੇ ਸੰਪਾਦਕੀ ਪੰਨੇ ’ਤੇ ਛਪਿਆ ਲੇਖ ‘ਪੰਜਾਬ ਦੇ ਪੁੱਤਰ ਨੂੰ ਇਹ ਕੇਹੀ ਸ਼ਰਧਾਂਜਲੀ ?’ ਸਾਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਸਾਡੀ ਸਿਆਸਤ ਕਿਹੜੇ ਰਸਤੇ ’ਤੇ ਤੁਰ ਪਈ ਹੈ। ਸ. ਦਿਆਲ ਸਿੰਘ ਮਜੀਠੀਆ ਉਹ ਵਿਅਕਤੀ ਸਨ, ਜਿਨ੍ਹਾਂ ਨੇ ਦੌਲਤ ਇਕੱਠੀ ਕਰਨ ਦੀ ਬਜਾਏ ਉਸ ਨੂੰ ਸਮਾਜ ਦੀ ਰੌਸ਼ਨੀ ਬਣਾਇਆ। ਸਿੱਖਿਆ ਵਰਗੇ ਕਾਰਜ ਲਈ ਆਪਣਾ ਸਭ ਕੁਝ ਸਮਰਪਿਤ ਕਰਨ ਵਾਲੇ ਮਹਾਨ ਦਾਨੀ ਦਾ ਨਾਮ ਅੱਜ ਸਵਾਲਾਂ ਦੇ ਘੇਰੇ ’ਚ ਆਉਣਾ ਦੁਖਦਾਈ ਹੈ। ਦਿਆਲ ਸਿੰਘ ਮਜੀਠੀਆ ਈਵਨਿੰਗ ਕਾਲਜ ਦਾ ਨਾਮ ਬਦਲਣ ਦੀ ਤਜਵੀਜ਼ ਸਿਰਫ਼ ਇੱਕ ਪ੍ਰਸ਼ਾਸਕੀ ਫ਼ੈਸਲਾ ਨਹੀਂ ਸਗੋਂ ਸਾਡੇ ਸਮਾਜਿਕ ਅਤੇ ਸਾਹਿਤਕ ਵਿਰਸੇ ਨਾਲ ਜੁੜੀ ਯਾਦ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਹੈ। ਕਾਨੂੰਨੀ ਪੱਖ ਤੋਂ ਇਲਾਵਾ ਵੀ ਇਹ ਕਦਮ ਸਾਡੀ ਧਰਮ-ਨਿਰਪੱਖ ਸੋਚ ’ਤੇ ਸਵਾਲ ਖੜ੍ਹਾ ਕਰਦਾ ਹੈ।
ਬਲਦੇਵ ਸਿੰਘ ਬੇਦੀ, ਜਲੰਧਰ
ਜਾਸੂਸੀ ਤੋਂ ਬਦਲੇ ਤੱਕ
ਐਤਵਾਰ, 18 ਜਨਵਰੀ ਦੇ ‘ਦਸਤਕ’ ਅੰਕ ’ਚ ਡਾ. ਜਸਬੀਰ ਸਿੰਘ ਔਲਖ ਦਾ ਲੇਖ ‘ਜਾਸੂਸੀ ਤੋਂ ਬਦਲੇ ਤੱਕ’ ਵਧੀਆ ਲੱਗਾ। ਇਹ ਜਾਣ ਕੇ ਹੈਰਾਨੀ ਹੋਈ ਕਿ ਇੱਕ ਕੌਮੀ ਸੁਰੱਖਿਆ ਸਲਾਹਕਾਰ ਮਾਹੌਲ ਨੂੰ ਅਸੁਰੱਖਿਅਤ ਬਣਾਉਣ ਵਰਗੇ ਸੰਦੇਸ਼ ਕਿਉਂ ਦੇ ਰਿਹਾ ਹੈ? ਉਹ ਆਪਣੇ ਸੰਬੋਧਨ ਵਿੱਚ ਬਦਲੇ ਦੀ ਭਾਵਨਾ ਨੂੰ ਸਹੀ ਠਹਿਰਾਉਂਦਿਆਂ ਆਖਦਾ ਹੈ ਕਿ ਨੌਜਵਾਨਾਂ ਅੰਦਰ ਅੱਗ ਹੋਣੀ ਚਾਹੀਦੀ ਹੈ। ਮੰਦਰ ਤੋੜੇ ਜਾਣ ਦੀ ਗੱਲ ਤੋਂ ਸਾਫ਼ ਹੈ ਕਿ ਇਸ਼ਾਰਾ ਕਿਸ ਵੱਲ ਹੈ? ਇਤਿਹਾਸ ਦੀਆਂ ਘਟਨਾਵਾਂ ਦਾ ਬਦਲਾ ਲੈਣ ਦੀ ਗੱਲ ਕਰਕੇ ਉਹ ਮੁਲਕ ਦੇ ਨੌਜਵਾਨਾਂ ਤੋਂ ਆਖ਼ਰ ਕੀ ਆਸ ਕਰਦਾ ਹੈ? ਲੇਖਕ ਨੇ ਜਿਸ ਤਰ੍ਹਾਂ ਦੇਸ਼-ਵਿਦੇਸ਼ ਦੇ ਅਨੇਕ ਵਿਦਵਾਨਾਂ ਦੇ ਵਿਚਾਰਾਂ ਦੀ ਰੋਸ਼ਨੀ ਵਿੱਚ ਬਦਲਾ ਲੈਣ ਦੀ ਪ੍ਰਵਿਰਤੀ ਦੇ ਮਨੋਵਿਗਿਆਨਕ ਪੱਖਾਂ ’ਤੇ ਗੱਲ ਕੀਤੀ ਹੈ, ਉਹ ਸ਼ਲਾਘਾਯੋਗ ਹੈ। ਹਰ ਦਿਨ ਹੁਕਮਰਾਨਾਂ ਦੇ ਨਫ਼ਰਤੀ ਬੋਲ ਆਮ ਨਾਗਰਿਕਾਂ ਦੇ ਮਨ ਦਾ ਸਕੂਨ ਖ਼ਤਮ ਕਰਦੇ ਹਨ।
ਸ਼ੋਭਨਾ ਵਿਜ, ਪਟਿਆਲਾ
ਸਿੱਖਿਆ ਦੀ ਦੁਰਦਸ਼ਾ
ਐਤਵਾਰ, 11 ਜਨਵਰੀ ਦੇ ਅੰਕ ਵਿੱਚ ਅਰਵਿੰਦਰ ਜੌਹਲ ਦਾ ਮਜ਼ਮੂਨ ‘ਜਹਾਲਤ ਦੇ ਹਨੇਰੇ ’ਚ ਰੁਲਦੀ ਸਿੱਖਿਆ’ ਸਿੱਖਿਆ ਪ੍ਰਣਾਲੀ ਦੀ ਸੰਕਟਕਾਲੀਨ ਸਥਿਤੀ ਨੂੰ ਬਿਆਨਦਾ ਹੈ। ਇਸ ਤੋਂ ਵੱਡਾ ਹੋਰ ਕੀ ਦਵੰਦ ਹੋ ਸਕਦਾ ਹੈ ਕਿ ਇਸ ਨਾਲ ਸਬੰਧਿਤ ਉੱਚ-ਪੱਧਰੀ ਸਿੱਖਿਆਵਾਂ ਨੂੰ ਰਾਜਨੀਤੀ ਦੀ ਕੋਝੀ ਚਾਲ ਹੇਠ ਬੰਦ ਕੀਤਾ ਜਾ ਰਿਹਾ ਹੈ। ਜਦੋਂ ਕਿਸੇ ਵਿਦਿਅਕ ਸੰਸਥਾ ਨੂੰ ਬੰਦ ਕਰਨ ਦੀਆਂ ਗੋਂਦਾਂ ਗੁੰਦੀਆਂ ਜਾਣ ਤਾਂ ਸੰਵੇਦਨਸ਼ੀਲ ਮਨੁੱਖ ਦੀ ਮਾਨਸਿਕਤਾ ਕੁੰਠਿਤ ਹੁੰਦੀ ਹੈ। ਆਪਣੀ ਮਾਤ-ਭਾਸ਼ਾ, ਸਿੱਖਿਆ ਦੇ ਪ੍ਰਚਾਰ-ਪਸਾਰ ਜਾਂ ਵੱਖ-ਵੱਖ ਹੋਰਨਾਂ ਖ਼ਿੱਤਿਆਂ ਵਿੱਚ ਆਪਣੇ ਬੁਨਿਆਦੀ ਹਕੂਕ ਹਾਸਿਲ ਕਰਨ ਲਈ ਸੰਘਰਸ਼ਾਂ ਦੀ ਤਾਂ ਸਮਝ ਆਉਂਦੀ ਹੈ, ਪਰ ਯੋਜਨਾਬੱਧ ਤਰੀਕੇ ਨਾਲ ਪੇਸ਼ੇਵਰ ਸਿੱਖਿਆਵਾਂ ਦੇਣ ਵਾਲੀਆਂ ਸੰਸਥਾਵਾਂ ਦੀ ਮਾਨਤਾ ਰੱਦ ਹੋਣ ’ਤੇ ਖ਼ੁਸ਼ੀਆਂ ਦਾ ਇਜ਼ਹਾਰ ਕਰਨਾ ਸਿੱਖਿਆ ਪ੍ਰਣਾਲੀ ਦੇ ਬੁਨਿਆਦੀ ਸਿਧਾਂਤਾਂ ਦਾ ਗਲ ਘੁੱਟਣ ਵਾਲੀ ਗੱਲ ਹੈ। ਸਿੱਖਿਆ ਪ੍ਰਣਾਲੀ ਨੂੰ ਫ਼ਿਰਕੂ ਰੰਗਤ ਦੇਣ ਲਈ ਜ਼ਿੰਮੇਵਾਰ ਧਿਰਾਂ ਨੂੰ ‘ਵਸੂਧੈਵ ਕਟੁੰਬਕਮ’ ਦੇ ਅਰਥ ਜ਼ਰੂਰ ਪੁੱਛੇ ਜਾਣੇ ਚਾਹੀਦੇ ਹਨ।
ਡਾ. ਦਰਸ਼ਨ ਸਿੰਘ ‘ਆਸ਼ਟ’, ਪਟਿਆਲਾ
ਧਰਮ ਬਨਾਮ ਸਿੱਖਿਆ
ਐਤਵਾਰ, 11 ਜਨਵਰੀ ਦੇ ਅੰਕ ’ਚ ਲੇਖ ‘ਜਹਾਲਤ ਦੇ ਹਨੇਰੇ ’ਚ ਰੁਲਦੀ ਸਿੱਖਿਆ’ ਪੜ੍ਹ ਕੇ ਜ਼ਿਹਨ ਵਿੱਚ ਇਹ ਸਵਾਲ ਪੈਦਾ ਹੋਇਆ ਕਿ ਅਜੋਕੇ ਸਮੇਂ ਵਿੱਚ ਸਮਾਜ ਕਿੱਧਰ ਨੂੰ ਜਾ ਰਿਹਾ ਹੈ? ਇੱਕ ਪਾਸੇ ਤਾਂ ਭਾਰਤੀ ਸੰਵਿਧਾਨ ਸਾਨੂੰ ਧਰਮ ਨਿਰਪੱਖਤਾ ਦਾ ਅਧਿਕਾਰ ਦਿੰਦਾ ਹੈ, ਦੂਜੇ ਪਾਸੇ ਧਰਮ ਦੇ ਨਾਂ ’ਤੇ ਦੇਸ਼ ਵਿੱਚ ਹੁੰਦੀ ਸਿਆਸਤ ਅਤੇ ਵਧ ਰਹੀ ਅਰਾਜਕਤਾ ਧਰਮ ਨਿਰਪੱਖਤਾ ਦੇ ਅਧਿਕਾਰ ਨੂੰ ਖ਼ੋਰਾ ਲਾਉਂਦੀ ਦਿਖਾਈ ਦੇ ਰਹੀ ਹੈ। ਸ੍ਰੀ ਮਾਤਾ ਵੈਸ਼ਨੋ ਦੇਵੀ ਟਰੱਸਟ ਵੱਲੋਂ ਚਲਾਏ ਜਾ ਰਹੇ ਮੈਡੀਕਲ ਕਾਲਜ ਨੂੰ ਸਿਰਫ਼ ਇਸ ਕਰਕੇ ਬੰਦ ਕਰਵਾਉਣਾ ਕਿ ਉੱਥੇ ਇੱਕ ਧਰਮ ਦੇ ਵਿਦਿਆਰਥੀ ਜ਼ਿਆਦਾ ਹਨ ਜਦੋਂਕਿ ਉਨ੍ਹਾਂ ਦਾ ‘ਨੀਟ’ ਦੀ ਪ੍ਰੀਖਿਆ ਦੁਆਰਾ ਮੈਰਿਟ ’ਤੇ ਦਾਖਲਾ ਹੋਇਆ ਸੀ। ਜੇਕਰ ਕਾਲਜ ਵਿੱਚ ਕੋਈ ਕਮੀ ਸੀ ਤਾਂ ਇਸ ਦੀ ਜਾਂਚ ਪਹਿਲਾਂ ਕਿਉਂ ਨਹੀਂ ਕੀਤੀ ਗਈ? ਸਿਰਫ਼ ਵੋਟਾਂ ਦੀ ਦੌੜ ਵਿੱਚ ਸਿੱਖਿਆ ਦੀ ਬਲੀ ਦੇਣਾ ਸਮਾਜ ਨੂੰ ਕੁਰਾਹੇ ਪਾ ਸਕਦਾ ਹੈ। ਲੋੜੀਂਦੀ ਅਤੇ ਕਿਫ਼ਾਇਤੀ ਸਿੱਖਿਆ ਹਰੇਕ ਲਈ ਸਮਾਨ ਹੋਵੇ। ਅਜਿਹਾ ਕਰਕੇ ਹੀ ਭਾਰਤ ਆਪਣੀ ਅਨੇਕਤਾ ਵਿੱਚ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖ ਸਕਦਾ ਹੈ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

