ਡਾਕ ਐਤਵਾਰ ਦੀ: ਪੰਜਾਬੀ ਦਾ ਰੌਸ਼ਨ ਭਵਿੱਖ
4 ਅਕਤੂਬਰ ਦੇ ‘ਦਸਤਕ’ ਪੰਨੇ ’ਤੇ ਪ੍ਰੋ. ਕ੍ਰਿਸ਼ਨ ਕੁਮਾਰ ਰੱਤੂ ਦਾ ਲੇਖ ‘ਡਿਜੀਟਲ ਸਕਰੀਨ ’ਤੇ ਪੰਜਾਬੀ ਦਾ ਭਵਿੱਖ’ ਪੰਜਾਬੀ ਭਾਸ਼ਾ ਦੇ ਰੌਸ਼ਨ ਭਵਿੱਖ ਬਾਰੇ ਮਹੱਤਵਪੂਰਣ ਜਾਣਕਾਰੀ ਹੀ ਨਹੀਂ ਦਿੰਦਾ, ਸਗੋਂ ਇਸ ਦੀ ਵਰਤੋਂ ਪ੍ਰਤੀ ਸੁਚੇਤ ਵੀ ਕਰਦਾ ਹੈ। ਪੰਜਾਬੀ ਹੁਣ...
4 ਅਕਤੂਬਰ ਦੇ ‘ਦਸਤਕ’ ਪੰਨੇ ’ਤੇ ਪ੍ਰੋ. ਕ੍ਰਿਸ਼ਨ ਕੁਮਾਰ ਰੱਤੂ ਦਾ ਲੇਖ ‘ਡਿਜੀਟਲ ਸਕਰੀਨ ’ਤੇ ਪੰਜਾਬੀ ਦਾ ਭਵਿੱਖ’ ਪੰਜਾਬੀ ਭਾਸ਼ਾ ਦੇ ਰੌਸ਼ਨ ਭਵਿੱਖ ਬਾਰੇ ਮਹੱਤਵਪੂਰਣ ਜਾਣਕਾਰੀ ਹੀ ਨਹੀਂ ਦਿੰਦਾ, ਸਗੋਂ ਇਸ ਦੀ ਵਰਤੋਂ ਪ੍ਰਤੀ ਸੁਚੇਤ ਵੀ ਕਰਦਾ ਹੈ। ਪੰਜਾਬੀ ਹੁਣ ਸਿਰਫ਼ ਅਖ਼ਬਾਰਾਂ, ਰਸਾਲਿਆਂ ਜਾਂ ਕਿਤਾਬਾਂ ਤੱਕ ਸੀਮਿਤ ਨਹੀਂ ਰਹੀ, ਬਲਕਿ ਇਸ ਲਈ ਡਿਜੀਟਲ ਸਕਰੀਨ ਦੇ ਸਾਰੇ ਨਵੇਂ ਮਾਧਿਅਮਾਂ ਨੂੰ ਬਾਖ਼ੂਬੀ ਅਪਣਾਇਆ ਜਾ ਰਿਹਾ ਹੈ। ਤੌਖ਼ਲੇ ਵਾਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਨਵੀਂ ਪੀੜ੍ਹੀ ਲਿਖਣ ਲਈ ਗੁਰਮੁਖੀ ਦੀ ਥਾਂ ਰੋਮਨ ਲਿਪੀ ਨੂੰ ਅਪਣਾ ਰਹੀ ਹੈ, ਇਹ ਸਾਨੂੰ ਸਾਡੇ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਤੋਂ ਦੂਰ ਨਾ ਕਰ ਦੇਵੇ। ਇਸੇ ਤਰ੍ਹਾਂ ਅਰਵਿੰਦਰ ਜੌਹਲ ਦਾ ਲੇਖ ‘...ਤੇ ਹੁਣ ਜਵਾਬ ਵੀ ਧੀਆਂ ਹੀ ਦੇਣ’ ਰਾਹੀਂ ਸਮਾਜ ਵਿੱਚ ਲੜਕੀਆਂ ਦੇ ਸਿਰ ਉੱਚਾ ਕਰਕੇ ਤੁਰਨ ਅਤੇ ਨੈਤਿਕ ਮਨੋਬਲ ਵਧਾਉਣ ਲਈ ਬਹੁਤ ਜ਼ਰੂਰੀ ਗੱਲਾਂ ਕਹੀਆਂ ਗਈਆਂ ਹਨ। ਸਾਰੀਆਂ ਬੰਦਿਸ਼ਾਂ ਸਿਰਫ਼ ਕੁੜੀਆਂ ਲਈ ਕਿਉਂ? ਮਹਿਲਾ ਕਾਲਮਨਵੀਸ ਮੇਘਨਾ ਪੰਤ ਨੇ ਆਪਣੇ ਲੇਖ ਵਿੱਚ ਬਿਲਕੁਲ ਠੀਕ ਲਿਖਿਆ ਹੈ ਕਿ ਕਿਉਂ ਨਾ ਮੁੰਡਿਆਂ ਨੂੰ ਹੀ ਸ਼ਾਮ ਨੂੰ ਸੱਤ ਵਜੇ ਤੋਂ ਬਾਅਦ ਘਰੋਂ ਬਾਹਰ ਨਾ ਜਾਣ ਦਿੱਤਾ ਜਾਵੇ ਤਾਂ ਜੋ ਧੀਆਂ-ਭੈਣਾਂ ਸੜਕਾਂ ’ਤੇ ਬੇਖੌਫ਼ ਤੁਰ-ਫਿਰ ਸਕਣ। ਪ੍ਰਣਵ ਕੁਮਾਰ ਚੌਧਰੀ ਵਿਦਿਆਰਥੀ ਆਗੂ ਨੇਹਾ ਬੋਰਾ ਦੀ ਬੇਖੌਫ਼ ਅਤੇ ਬੇਬਾਕ ਆਵਾਜ਼ ਨੂੰ ਚਿਤਰਨ ਵਿੱਚ ਕਾਮਯਾਬ ਰਿਹਾ ਹੈ।
ਡਾ. ਤਰਲੋਚਨ ਕੌਰ, ਪਟਿਆਲਾ
ਹੁਣ ਜਵਾਬ ਵੀ ਧੀਆਂ ਹੀ ਦੇਣ...
ਐਤਵਾਰ 4 ਅਕਤੂਬਰ ਦੇ ਅੰਕ ‘ਸੋਚ ਸੰਗਤ’ ਵਿੱਚ ਅਰਵਿੰਦਰ ਜੌਹਲ ਦਾ ਲੇਖ ‘...ਤੇ ਹੁਣ ਜਵਾਬ ਵੀ ਧੀਆਂ ਹੀ ਦੇਣ?’ ਪੜਿ੍ਹਆ, ਜਿਸ ਨੇ ਮਨ ਨੂੰ ਬਹੁਤ ਟੁੰਬਿਆ। ਲੇਖਕਾ ਨੇ ਸਮਾਜ ਵਿੱਚ ਔਰਤਾਂ ਉੱਤੇ ਹੋ ਰਹੇ ਅੱਤਿਆਚਾਰਾਂ ਅਤੇ ਘਿਣਾਉਣੀਆਂ ਘਟਨਾਵਾਂ ਮੌਕੇ ਪੁੱਛੇ ਜਾਂਦੇ ਸਵਾਲਾਂ ਦੀ ਅਸਲੀਅਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ ਹੈ। ਜਦੋਂ ਵੀ ਕੋਈ ਅਣਹੋਣੀ ਵਾਪਰਦੀ ਹੈ ਤਾਂ ਅਕਸਰ ਪੀੜਤ ਧੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਹੀ ਸਵਾਲਾਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਂਦਾ ਹੈ। ਇਹ ਮਾਨਸਿਕਤਾ ਸਾਡੀ ਸਮਾਜਿਕ ਸੋਚ ਦੇ ਦਿਵਾਲੀਏਪਣ ਨੂੰ ਦਰਸਾਉਂਦੀ ਹੈ। ਮਰਦ ਪ੍ਰਧਾਨ ਸਮਾਜ ਆਪਣੀ ਮਾਨਸਿਕਤਾ ਕਦੋਂ ਬਦਲੇਗਾ? ਧੀਆਂ ਨੂੰ ਸੁਰੱਖਿਆ ਦੇਣ ਦੀ ਬਜਾਏ ਉਨ੍ਹਾਂ ਉੱਤੇ ਹੀ ਪਾਬੰਦੀਆਂ ਦਾ ਸ਼ਿਕੰਜਾ ਕੱਸਣਾ ਜਾਇਜ਼ ਨਹੀਂ ਹੈ। ਅਸੀਂ ਸਿਰਫ਼ ਧੀਆਂ ਨੂੰ ਸਵਾਲ ਪੁੱਛਣ ਦੀ ਬਜਾਏ ਅਸਲ ਦੋਸ਼ੀਆਂ ਅਤੇ ਪਲੀਤ ਹੋ ਚੁੱਕੀ ਸੋਚ ਨੂੰ ਕਟਹਿਰੇ ਵਿੱਚ ਖੜ੍ਹਾ ਕਰੀਏ। ਜਦੋਂ ਤੱਕ ਹਰੇਕ ਨਾਗਰਿਕ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ, ਉਦੋਂ ਤੱਕ ਅਜਿਹੀਆਂ ਘਟਨਾਵਾਂ ਰੋਕਣੀਆਂ ਮੁਸ਼ਕਿਲ ਹਨ।
ਸੁਖਜੀਤ ਕੌਰ, ਲੁਧਿਆਣਾ
(2)
ਅਰਵਿੰਦਰ ਜੌਹਲ ਦਾ ਲੇਖ ‘...ਤੇ ਹੁਣ ਜਵਾਬ ਵੀ ਧੀਆਂ ਹੀ ਦੇਣ?’ ਪਿੱਤਰਸੱਤਾ ’ਤੇ ਡੂੰਘੀ ਸੱਟ ਮਾਰਦਾ ਹੈ। ਜਦੋਂ ਵੀ ਕੋਈ ਹੋਣੀ ਔਰਤਾਂ ਨਾਲ ਵਾਪਰਦੀ ਹੈ ਤਾਂ ਸਵਾਲ ਵੀ ਉਨ੍ਹਾਂ ਨੂੰ ਹੀ ਕੀਤੇ ਜਾਂਦੇ ਹਨ, ਜਦੋਂਕਿ ਇਸਦੇ ਜਵਾਬ ਮਰਦਾਂ ਕੋਲੋਂ ਪੁੱਛੇ ਜਾਣੇ ਚਾਹੀਦੇ ਹਨ। ਜਿੱਥੇ ਕਿਤੇ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਔਰਤ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ, ਜੋ ਔਰਤ ਨਾਲ ਹੋ ਰਹੇ ਦੋਹਰੇ ਅੱਤਿਆਚਾਰ ਦਾ ਸਿਖ਼ਰ ਹੈ। ਔਰਤਾਂ ਨਾਲ ਛੇੜਖਾਨੀ ਜਾਂ ਬਲਾਤਕਾਰ ਇੱਕੋ ਵੇਲੇ ਨਹੀਂ ਹੁੰਦਾ, ਸਗੋਂ ਬਲਾਤਕਾਰ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਵਾਰ-ਵਾਰ ਸਵਾਲ ਕੀਤੇ ਜਾਂਦੇ ਹਨ ਕਿ ਕਿਵੇਂ? ਕਿੱਥੇ? ਕਦੋਂ ਹੋਇਆ? ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਅਜਿਹੀਆਂ ਪਾਬੰਦੀਆਂ ਔਰਤਾਂ ’ਤੇ ਨਹੀਂ, ਸਗੋਂ ਮਰਦਾਂ ’ਤੇ ਲੱਗਣੀਆਂ ਚਾਹੀਦੀਆਂ ਹਨ। ਮਰਦ ਹੀ ਇਸ ਲਈ ਜ਼ਿੰਮੇਵਾਰ ਹਨ। ਜੇਕਰ ਮਰਦਾਂ ’ਤੇ ਰਾਤ ਨੂੰ ਬਾਹਰ ਨਿਕਲਣ ’ਤੇ ਪਾਬੰਦੀ ਲੱਗੇ, ਫਿਰ ਅਜਿਹੇ ਬਲਾਤਕਾਰ ਤੇ ਛੇੜਖਾਨੀਆਂ ਰੁਕ ਸਕਦੀਆਂ ਹਨ।
ਰਾਮ ਸਿੰਘ, ਭੀਖੀ (ਮਾਨਸਾ)
ਕੇ ਐੱਲ ਗਰਗ ਦੀਆਂ ਯਾਦਾਂ
ਐਤਵਾਰ, 4 ਅਕਤੂਬਰ ਦੇ ਅੰਕ ’ਚ ਨਿੰਦਰ ਘੁਗਿਆਣਵੀ ਨੇ ਆਪਣੇ ਲੇਖ ਰਾਹੀਂ ਵਿਅੰਗ ਲੇਖਕ ਕੇ. ਐੱਲ. ਗਰਗ ਦੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਇਆ ਹੈ। ਧੂਰੀ ਸ਼ਹਿਰ ਵਿੱਚ ਜਨਮੇ ਕੇ. ਐੱਲ. ਗਰਗ ਨੇ ਆਪਣੀ ਜਨਮ-ਭੂਮੀ ਤੋਂ ਬਾਅਦ ਮੋਗਾ ਸ਼ਹਿਰ ਨੂੰ ਆਪਣੀ ਕਰਮ-ਭੂਮੀ ਬਣਾਇਆ। ਉੱਥੇ ਅਧਿਆਪਕ ਵਜੋਂ ਸੇਵਾ ਨਿਭਾਉਣ ਦੇ ਨਾਲ-ਨਾਲ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਪੰਜਾਬੀ ਸਾਹਿਤ ਦੀ ਸੇਵਾ ਕਰਦਿਆਂ ਵਿਅੰਗ ਤੋਂ ਇਲਾਵਾ ਕਹਾਣੀਆਂ ਅਤੇ ਨਾਵਲ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਏ। ਧੂਰੀ ਨਾਲ ਉਨ੍ਹਾਂ ਦਾ ਮੋਹ ਅਤੇ ਲੋਕਾਂ ਨਾਲ ਪਿਆਰ ਸਦਾ ਬਣਿਆ ਰਿਹਾ। ਆਪਣੇ ਸਾਹਿਤਕ ਸਫ਼ਰ ਦੌਰਾਨ ਉਨ੍ਹਾਂ ਵੱਲੋਂ ਹਾਸਿਲ ਕੀਤਾ ਮਾਣ-ਸਨਮਾਨ ਨਾ ਸਿਰਫ਼ ਪੰਜਾਬੀ ਸਾਹਿਤ ਲਈ ਮਾਣ ਵਾਲੀ ਗੱਲ ਹੈ, ਸਗੋਂ ਧੂਰੀ ਵਾਸੀਆਂ ਲਈ ਵੀ ਕਾਬਿਲੇ-ਫ਼ਖ਼ਰ ਹੈ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
(2)
ਚਾਰ ਅਕਤੂਬਰ ਦੇ ‘ਦਸਤਕ’ ਪੰਨੇ ’ਤੇ ਨਿੰਦਰ ਘੁਗਿਆਣਵੀ ਦੇ ਲੇਖ ‘ਕੇ ਐੱਲ ਗਰਗ ਦੀਆਂ ਗੱਲਾਂ ਕਰਦਿਆਂ’ ਵਿੱਚ ਪੰਜਾਬੀ ਸਾਹਿਤ ਦੇ ਉੱਚਕੋਟੀ ਦੇ ਹਾਸ-ਵਿਅੰਗ ਲੇਖਕ ਕੇ. ਐੱਲ. ਗਰਗ ਦੇ ਜੀਵਨ ਅਤੇ ਸਾਹਿਤਕ ਸਫ਼ਰ ਨੂੰ ਪਾਠਕਾਂ ਦੇ ਰੂਬਰੂ ਕੀਤਾ ਗਿਆ ਹੈ। ਕੇ. ਐੱਲ. ਗਰਗ ਇੱਕ ਅਜਿਹੇ ਲੇਖਕ ਸਨ, ਜਿਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਪਾਠਕਾਂ ਨੇ ਬਹੁਤ ਕੁਝ ਸਿੱਖਿਆ ਹੈ। ਇਸ ਲੇਖ ਨੂੰ ਪੜ੍ਹਦਿਆਂ ਬਹੁਤ ਅਫ਼ਸੋਸ ਹੋਇਆ ਕਿ ਲੇਖਕ ਨਿੰਦਰ ਘੁਗਿਆਣਵੀ ਨੇ ਪਹਿਲੇ ਹੀ ਪੈਰੇ ਵਿੱਚ ਗਰਗ ਸਾਹਿਬ ਦੇ ਬਹਾਨੇ ਭਾਸ਼ਾ ਵਿਭਾਗ ਦੇ ਸ਼੍ਰੋਮਣੀ ਪੁਰਸਕਾਰਾਂ ਦੇ ਵਿਵਾਦ ਨੂੰ ਬਿਨਾਂ ਵਜ੍ਹਾ ਉਭਾਰਿਆ ਹੈ। ਸ਼੍ਰੋਮਣੀ ਪੁਰਸਕਾਰ ਬਾਰੇ ਗਰਗ ਸਾਹਿਬ ਕਿਹਾ ਕਰਦੇ ਸਨ ‘ਸਾਡਾ ਕੰਮ ਮਾਂ-ਬੋਲੀ ਦੀ ਸੇਵਾ ਕਰਨਾ ਹੈ। ਜੇ ਕੋਈ ਪੁਰਸਕਾਰ ਮਿਲਦਾ ਹੈ ਠੀਕ ਹੈ, ਪਰ ਅਸੀਂ ਕਿਸੇ ਦਾ ਦਰਵਾਜ਼ਾ ਨਹੀਂ ਖੜਕਾਉਂਦੇ।’ ਗਰਗ ਸਾਹਿਬ ਨੇ ਕਦੇ ਵੀ ਆਪਣੇ ਕਿਸੇ ਪੁਰਸਕਾਰ ਜਾਂ ਦਾਅਵੇਦਾਰੀ ਲਈ ਅਜਿਹੀ ਕੋਈ ਨਕਾਰਾਤਮਕ ਗੱਲ ਨਹੀਂ ਸੀ ਕੀਤੀ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲੇ ਲੇਖ ’ਚ ਕੀਤਾ ਗਿਆ ਅਜਿਹਾ ਜ਼ਿਕਰ ਸਹੀ ਨਹੀਂ।
ਗੁਰਮੀਤ ਡੁਮਾਣਾ, ਲੋਹੀਆਂ ਖ਼ਾਸ (ਜਲੰਧਰ)
ਮੋਹ ਦੀ ਇਬਾਰਤ
ਐਤਵਾਰ, 27 ਸਤੰਬਰ ਦੇ ‘ਦਸਤਕ’ ਪੰਨੇ ’ਤੇ ਸਰਬਜੀਤ ਸਿੰਘ ਵਿਰਕ ਵੱਲੋਂ ਭਗਤ ਸਿੰਘ ਦੀ ਹੱਥ ਲਿਖਤ ‘ਮੋਹ ਦੀ ਇਬਾਰਤ’ ਦਿਲ ਦੀ ਗਹਿਰਾਈ ’ਤੇ ਅਸਰ ਕਰਨ ਵਾਲੀ ਸੀ। ਬਹੁਤੇ ਪਾਠਕਾਂ ਨੂੰ ਇਸ ਤਰ੍ਹਾਂ ਦਾ ਪੱਤਰ ਪਹਿਲੀ ਵਾਰ ਪੜ੍ਹਨ ਨੂੰ ਮਿਲਿਆ ਹੈ। ਭਗਤ ਸਿੰਘ ਖ਼ੁਦ ਅੰਗਰੇਜ਼ੀ ਰਾਜ ਦੇ ਜ਼ੁਲਮ ਸਹਿ ਰਿਹਾ ਸੀ ਪਰ ਉਸ ਦੇ ਮਨ ਵਿੱਚ ਵਿਦੇਸ਼ਾਂ ’ਚ ਪੜ੍ਹਾਈ ਕਰਨ ਗਏ ਦੋਸਤਾਂ ਬਾਰੇ ਬਿਲਕੁਲ ਈਰਖਾ ਨਹੀਂ ਸੀ। ਇੰਨੇ ਮਾਨਸਿਕ ਕਸ਼ਟ ਵਿੱਚੋਂ ਲੰਘਣ ਦੇ ਬਾਵਜੂਦ ਸ਼ਾਂਤ ਮਨ ਨਾਲ ਚਿੱਠੀ ਲਿਖਣ ਦਾ ਕੰਮ ਵੱਡੇ ਜਿਗਰੇ ਵਾਲਾ ਭਗਤ ਸਿੰਘ ਹੀ ਕਰ ਸਕਦਾ ਸੀ।
ਸੋਹਣ ਲਾਲ ਗੁਪਤਾ, ਪਟਿਆਲਾ
ਭਗਤ ਸਿੰਘ ਨੂੰ ਪੜ੍ਹਨ ਦੀ ਲੋੜ
ਐਤਵਾਰ, 27 ਸਤੰਬਰ ਦੇ ਅੰਕ ’ਚ ਸਰਬਜੀਤ ਸਿੰਘ ਵਿਰਕ ਐਡਵੋਕੇਟ ਦੇ ਛਪੇ ਲੇਖ ‘ਭਗਤ ਸਿੰਘ ਦੀ ਹੱਥਲਿਖਤ-ਮੋਹ ਦੀ ਇਬਾਰਤ’ ਅਤੇ ਡਾ. ਗੁਰਦੇਵ ਸਿੰਘ ਸਿੱਧੂ ਦੇ ਛਪੇ ਲੇਖ ‘ਸ਼ਹੀਦ ਭਗਤ ਸਿੰਘ: ਪਾਰਖੂ ਪਾਠਕ ਤੋਂ ਗੰਭੀਰ ਚਿੰਤਕ ਤੱਕ’ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਭਗਤ ਸਿੰਘ ਕੇਵਲ ਮਹਾਨ ਕ੍ਰਾਂਤੀਕਾਰੀ ਨਹੀਂ, ਸਗੋਂ ਇੱਕ ਮਹਾਨ ਵਿਦਵਾਨ ਅਤੇ ਚਿੰਤਕ ਵੀ ਸੀ, ਜੋ ਵੱਡੀਆਂ ਤੋਂ ਵੱਡੀਆਂ ਮੁਸ਼ਕਿਲਾਂ ਨੂੰ ਸਹਿਜੇ ਹੀ ਹੱਲ ਕਰ ਲੈਂਦਾ ਸੀ। ਇੱਕ ਹੱਥ ਵਿੱਚ ਬੰਦੂਕ ਅਤੇ ਦੂਜਾ ਹੱਥ ਮੁੱਛਾਂ ’ਤੇ ਰੱਖੀ ਭਗਤ ਸਿੰਘ ਦੀ ਫ਼ੋਟੋ ਸਭ ਨੇ ਦੇਖੀ ਹੈ, ਪਰੰਤੂ ਭਗਤ ਸਿੰਘ ਦੇ ਹੱਥ ਵਿੱਚ ਫੜੇ ਮੈਕਸਿਮ ਗੋਰਕੀ ਦੇ ਨਾਵਲ ‘ਮਾਂ’ ਵਾਲੀ ਫ਼ੋਟੋ ਬਹੁਤ ਘੱਟ ਲੋਕਾਂ ਦੇ ਚੇਤੇ ਹੋਵੇਗੀ। ਭਗਤ ਸਿੰਘ ਮੰਨਦਾ ਸੀ ਕਿ ਇਨਕਲਾਬ ਲਿਆਉਣ ਲਈ ਹਥਿਆਰਾਂ ਦੀ ਨਹੀਂ, ਰੌਸ਼ਨ ਦਿਮਾਗ ਦੀ ਲੋੜ ਹੈ, ਜੋ ਕਿਤਾਬਾਂ ਦੇ ਅਧਿਐਨ ਤੋਂ ਬਾਅਦ ਹੀ ਹਾਸਲ ਹੁੰਦਾ ਹੈ। ਅਜੋਕੀ ਪੀੜ੍ਹੀ ਨੂੰ ਅਸਲ ਭਗਤ ਸਿੰਘ ਨੂੰ ਮਿਲਣਾ ਪਵੇਗਾ, ਜੋ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਅਤੇ ਸਿਰਮੌਰ ਲੇਖਕ ਸੀ। ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਲਈ ਉਸ ਦੇ ਵਿਚਾਰਾਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ ਤੇ ਇਹ ਤਾਂ ਸੰਭਵ ਹੋਵੇਗਾ ਜਦੋਂ ਅਸੀਂ ਕਿਤਾਬਾਂ ਦੀ ਦੁਨੀਆ ਵਿੱਚ ਪ੍ਰਵੇਸ਼ ਕਰਾਂਗੇ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਇਨਕਲਾਬੀ ਸੱਭਿਆਚਾਰ ਦੇ ਮਸੀਹਾ
ਐਤਵਾਰ, 27 ਸਤੰਬਰ ਦੇ ਅੰਕ ’ਚ ਨਵਸ਼ਰਨ ਸਿੰਘ ਦੀ ਰਚਨਾ ‘ਇਨਕਲਾਬੀ ਰੰਗਮੰਚ ਲੋਕਪੱਖੀ ਸੱਭਿਆਚਾਰਕ ਲਹਿਰ ਦੀ ਸਿਰਜਣਾ’ ਪੜ੍ਹ ਕੇ ਚੰਗਾ ਲੱਗਿਆ। ਗੁਰਸ਼ਰਨ ਭਾ’ਜੀ ਅਤੇ ਨਾਟਕ ਖੇਡਣ ਵਾਲੇ ਕਲਾਕਾਰਾਂ ਦੀ ਦਿਲ ਟੁੰਬਦੀ ਤਸਵੀਰ ਦੇਖ ਕੇ ਮੇਰੀਆਂ ਅੱਖਾਂ ਮੂਹਰੇ 1991 ’ਚ ਡੀ ਏ ਵੀ ਕਾਲਜ ਪਿਹੋਵਾ (ਕੁਰੂਕਸ਼ੇਤਰ) ਦਾ ਉਹ ਰੰਗਮੰਚ ਘੁੰਮਣ ਲੱਗਾ ਜਿੱਥੇ ਭਾ’ਜੀ ਨੇ ਨੁੱਕੜ ਨਾਟਕ ‘ਟੋਆ’ ਖੇਡਿਆ ਸੀ। ਗੁਰਸ਼ਰਨ ਭਾ’ਜੀ ਨੇ ਪਿੰਡਾਂ, ਸਕੂਲਾਂ, ਕਾਲਜਾਂ ਅਤੇ ਵੱਡੇ-ਵੱਡੇ ਸ਼ਹਿਰਾਂ ਦੇ ਚੌਕਾਂ ’ਚ ਲੋਕ-ਪੱਖੀ ਨਾਟਕ ਖੇਡਣੇ ਸ਼ੁਰੂ ਕੀਤੇ। ਐਮਰਜੈਂਸੀ, ਕਾਲਾ ਦੌਰ ਤੇ ਧਮਕੀਆਂ ਮਿਲਣ ਦੇ ਬਾਵਜੂਦ ਵੀ ਇਸ ਇਨਕਲਾਬੀ ਯੋਧੇ ਨੇ ਆਪਣਾ ਸਫ਼ਰ ਜਾਰੀ ਰੱਖਿਆ। ਅੱਜ ਦੇ ਸਮੇਂ ਵਿੱਚ ਲੋਕ ਆਵਾਜ਼ ਨੂੰ ਬੁਲੰਦ ਕਰਨ ਲਈ ਭਾਈ ਮੰਨਾ ਸਿੰਘ ਜਿਹੀਆਂ ਸ਼ਖ਼ਸੀਅਤਾਂ ਦੀ ਸਮਾਜ ਨੂੰ ਬਹੁਤ ਲੋੜ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਤਸਵੀਰਾਂ ਦੇ ਓਹਲੇ…
ਐਤਵਾਰ, 27 ਸਤੰਬਰ ਦੇ ਅੰਕ ’ਚ ਅਰਵਿੰਦਰ ਜੌਹਲ ਦਾ ਲੇਖ, ਜਿਵੇਂ ਕਿਸੇ ਲੋਕ-ਗੀਤ ਦੇ ਟੋਟਕੇ ਦਾ ਨਾਂ ਹੋਵੇ ‘ਤਸਵੀਰਾਂ ਦੇ ਓਹਲੇ ਓਹਲੇ’ ਪੜਿ੍ਹਆ। ਤਸਵੀਰਾਂ ਦੇ ਓਹਲੇ ਕੇਂਦਰ ਦੀ ਘੁਰਕੀ ਝਲਕਦੀ ਹੈ। ਦਰਅਸਲ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰਾਂ ਨੂੰ ਹਟਾਉਣ ਦੀਆਂ ਵਿਧੀਆਂ ਵੱਖ-ਵੱਖ ਹਨ। ਮੁੱਖ ਚੋਣ ਕਮਿਸ਼ਨਰ ਨੂੰ ਕੇਵਲ ਸੰਸਦ ਵੱਲੋਂ ਪਾਸ ਮਹਾਦੋਸ਼ ਦੀ ਪ੍ਰਕਿਰਿਆ ਤਹਿਤ ਹੀ ਹਟਾਇਆ ਜਾ ਸਕਦਾ ਹੈ ਜਦੋਂਕਿ ਚੋਣ ਕਮਿਸ਼ਨਰ ਨੂੰ ਮੁੱਖ ਚੋਣ ਕਮਿਸ਼ਨਰ ਦੀ ਤਰਕਸੰਗਤ ਸਿਫ਼ਾਰਿਸ਼ ’ਤੇ ਰਾਸ਼ਟਰਪਤੀ ਵੱਲੋਂ ਪ੍ਰਵਾਨ ਕੀਤੇ ਜਾਣ ਉਪਰੰਤ ਹਟਾਇਆ ਜਾ ਸਕਦਾ ਹੈ। ਇਉਂ ਮੁੱਖ ਚੋਣ ਕਮਿਸ਼ਨਰ ਦੋਵੇਂ ਕਮਿਸ਼ਨਰਾਂ ਦਾ ਬੌਸ ਹੈ। ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਨੂੰ ਮਨਾਉਣ ਹਿੱਤ ਐਤਵਾਰੀ ‘ਦਸਤਕ’ ਅੰਕ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਪੰਜਾਬੀਆਂ ਨੂੰ ਭਗਤ ਸਿੰਘ ਦੇ ਪੰਜਾਬੀ ਹੋਣ ਕਾਰਨ ਸਦਾ ਮਾਣ ਰਹੇਗਾ। ਭਗਤ ਸਿੰਘ ਕਦੇ ਵੀ ਬੁੱਢਾ ਨਹੀਂ ਹੋਵੇਗਾ ਕਿਉਂਕਿ ਉਸ ਨੇ ਤਾਂ ਬੁਢਾਪਾ ਹੰਢਾਇਆ ਹੀ ਨਹੀਂ। ਸਦਾਬਹਾਰ ਨੌਜਵਾਨ ਰਹੇਗਾ ਸ਼ਹੀਦ ਭਗਤ ਸਿੰਘ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

