ਡਾਕ ਐਤਵਾਰ ਦੀ: ਕੁਝ ਨੈਤਿਕ ਸਵਾਲ
ਐਤਵਾਰ, 30 ਅਗਸਤ ਦੇ ‘ਦਸਤਕ’ ਪੰਨੇ ’ਤੇ ਸਵਰਾਜਬੀਰ ਨੇ ਆਪਣੇ ਲੇਖ ‘ਐੱਸ ਆਈ ਆਰ: ਕੁਝ ਨੈਤਿਕ ਸਵਾਲ’ ਵਿੱਚ ਵੋਟਾਂ ਲਈ ਗ਼ਲਤ ਢੰਗ ਨਾਲ ਕੀਤੀ ਜਾ ਰਹੀ ਗਿਣਤੀ ਬਾਰੇ ਬਾਖ਼ੂਬੀ ਪੁਣ-ਛਾਣ ਕੀਤੀ ਹੈ ਅਤੇ ਸਹੀ ਸਵਾਲ ਉਠਾਏ ਹਨ। ਕਿੰਨਾ ਵੱਡਾ ਵਿਅੰਗ...
ਐਤਵਾਰ, 30 ਅਗਸਤ ਦੇ ‘ਦਸਤਕ’ ਪੰਨੇ ’ਤੇ ਸਵਰਾਜਬੀਰ ਨੇ ਆਪਣੇ ਲੇਖ ‘ਐੱਸ ਆਈ ਆਰ: ਕੁਝ ਨੈਤਿਕ ਸਵਾਲ’ ਵਿੱਚ ਵੋਟਾਂ ਲਈ ਗ਼ਲਤ ਢੰਗ ਨਾਲ ਕੀਤੀ ਜਾ ਰਹੀ ਗਿਣਤੀ ਬਾਰੇ ਬਾਖ਼ੂਬੀ ਪੁਣ-ਛਾਣ ਕੀਤੀ ਹੈ ਅਤੇ ਸਹੀ ਸਵਾਲ ਉਠਾਏ ਹਨ। ਕਿੰਨਾ ਵੱਡਾ ਵਿਅੰਗ ਹੈ ਕਿ ਅਸੀਂ ਕਈ ਪੀੜ੍ਹੀਆਂ ਬਾਅਦ ਵੀ ਭਾਰਤ ਦੇ ਪੱਕੇ ਨਾਗਰਿਕ ਨਹੀਂ ਬਣ ਸਕੇ। ਗੱਲ ਸਿਰਫ਼ ਨਾਨਕ ਸਿੰਘ ਤੋਂ ਲੈ ਕੇ ਉਨ੍ਹਾਂ ਦੇ ਪੋਤਰੇ ਨਵਦੀਪ ਸਿੰਘ ਤੱਕ ਦੀ ਹੀ ਨਹੀਂ, ਜਿਸ ਨੇ ਕਈ ਦੇਸ਼ਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ, ਪਰ ਅੱਜ ਉਨ੍ਹਾਂ ਦੀ ਪਛਾਣ ’ਤੇ ਹੀ ਸਵਾਲੀਆ ਚਿੰਨ੍ਹ ਲੱਗ ਗਿਆ ਹੈ? 90-90 ਸਾਲਾਂ ਦੇ ਨਾਗਰਿਕਾਂ ਨੂੰ ਵੀ ਪਛਾਣ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ। ਤਿੰਨ ਪੀੜ੍ਹੀਆਂ ਬਾਅਦ ਵੀ ਸਾਨੂੰ ਸਾਬਤ ਕਰਨਾ ਪੈ ਰਿਹਾ ਹੈ ਕਿ ਅਸੀਂ ਭਾਰਤ ਦੇ ਹੀ ਨਾਗਰਿਕ ਹਾਂ। ਲੋਕਾਂ ਨੂੰ ਇਸ ਤਰ੍ਹਾਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੀ ਵੱਧ ਤੋਂ ਵੱਧ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ।
ਡਾ. ਤਰਲੋਚਨ ਕੌਰ, ਪਟਿਆਲ਼ਾ
ਸਮਾਜ ’ਚ ਔਰਤ ਦੀ ਸਥਿਤੀ
ਐਤਵਾਰ, 30 ਅਗਸਤ ਦੇ ਅੰਕ ’ਚ ਅਰਵਿੰਦਰ ਜੌਹਲ ਨੇ ਆਪਣੇ ਲੇਖ ‘ਕਿਉਂਕਿ ਇਹ 21ਵੀਂ ਸਦੀ ਹੈ’ ਵਿੱਚ ਔਰਤਾਂ ਦੀ ਸਥਿਤੀ ਵਰਗੇ ਮਹੱਤਵਪੂਰਨ ਮੁੱਦੇ ’ਤੇ ਗੱਲਬਾਤ ਕੀਤੀ ਹੈ। ਪੰਜਾਬੀ ਲੋਕਗੀਤ ਛੱਲੇ ਦੇ ਦ੍ਰਿਸ਼ਟਾਂਤ ਰਾਹੀਂ ਉਨ੍ਹਾਂ ਪੁਰਾਣੇ ਸਮਿਆਂ ਤੋਂ ਲੈ ਕੇ ਅੱਜ ਤੱਕ ਸਾਡੇ ਪੰਜਾਬੀ ਸਮਾਜ ਵਿੱਚ ਪੁੱਤਰ ਦੇ ਮੁਕਾਬਲੇ ਧੀ ਦੇ ਨੀਵੇਂ ਦਰਜੇ ਨੂੰ ਬੜੀ ਸੂਖ਼ਮਤਾ ਨਾਲ ਉਭਾਰਿਆ ਹੈ। ਸਾਡੇ ਸਮੁੱਚੇ ਸਮਾਜ ਵਿੱਚ ਪੁੱਤਰਾਂ ਦੇ ਮੁਕਾਬਲੇ ਧੀਆਂ ਨਾਲ ਹੁੰਦੇ ਦੁਜੈਲੇ ਵਿਵਹਾਰ ਨੂੰ ਉਜਾਗਰ ਕੀਤਾ ਹੈ। ਸਥਿਤੀ ਦੀ ਵਿਡੰਬਨਾ ਇਹ ਹੈ ਕਿ ਲੜਕੀਆਂ ਨੇ ਖ਼ੁਦ ਵੀ ਇਸ ਸਥਿਤੀ ਨੂੰ ਪ੍ਰਵਾਨ ਕਰ ਲਿਆ ਹੈ। ਤਸੱਲੀ ਵਾਲੀ ਗੱਲ ਇਹ ਹੈ ਕਿ 21ਵੀਂ ਸਦੀ ਦੀ ਔਰਤ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਰਹੀ ਹੈ ਜਿਸ ਦੀ ਇੱਕ ਝਲਕ ਜੈੱਨ-ਜ਼ੀ ਅੰਦੋਲਨ ਸਮੇਂ ਮਿਲੀ।
ਸਵਰਾਜਬੀਰ ਨੇ ਐੱਸ. ਆਈ. ਆਰ. ਸਬੰਧੀ ਇੱਕ ਗੰਭੀਰ ਮੁੱਦਾ ਸਾਂਝਾ ਕੀਤਾ ਹੈ। ਜੇਕਰ ਨਵਦੀਪ ਸਿੰਘ ਸੂਰੀ ਅਤੇ ਰਮੇਸ਼ ਚੰਦਰ ਵਰਗੇ ਜਾਣੇ-ਪਛਾਣੇ ਨਾਗਰਿਕਾਂ ਨੂੰ ਉਨ੍ਹਾਂ ਦੁਆਰਾ ਪੇਸ਼ ਕੀਤੇ ਗਏ ਸਬੂਤਾਂ ਨੂੰ ਗ਼ੈਰ-ਤਸੱਲੀਬਖਸ਼ ਕਹਿ ਕੇ ਨੋਟਿਸ ਜਾਰੀ ਕੀਤੇ ਜਾ ਸਕਦੇ ਹਨ ਤਾਂ ਆਮ ਵਿਅਕਤੀ ਆਪਣੇ ਵੋਟ ਦੇ ਅਧਿਕਾਰ ਦੀ ਰੱਖਿਆ ਕਿਵੇਂ ਕਰਨਗੇ..?
ਨਾਇਬ ਸਿੰਘ ਪੰਨੀਵਾਲੀਆ, ਮਲੋਟ (ਸ੍ਰੀ ਮੁਕਤਸਰ ਸਾਹਿਬ)

