DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਡਾਕ ਐਤਵਾਰ ਦੀ: ਰਾਤੀਂ ਕੋਚਰੀ ਬੋਲੇ

ਐਤਵਾਰ, 2 ਅਗਸਤ ਦੇ ਅੰਕ ਵਿੱਚ ਡਾ. ਲਕਸ਼ਮੀ ਨਰਾਇਣ ਭੀਖੀ ਦਾ ਦਿਲਚਸਪ ਲੇਖ ‘ਰਾਤੀਂ ਕੋਚਰੀ ਬੋਲੇ’ ਸਿੱਧੂ ਦਮਦਮੀ ਬਾਰੇ ਭਰਪੂਰ ਜਾਣਕਾਰੀ ਦੇਣ ਵਾਲਾ ਹੈ। ਸਿੱਧੂ ਦਮਦਮੀ ਬਹੁਤ ਸਿਰੜੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਿਰ ’ਤੇ ਆਪਣਾ ਇੱਕ ਵੱਖਰਾ...

  • fb
  • twitter
  • whatsapp
  • whatsapp
Advertisement

ਐਤਵਾਰ, 2 ਅਗਸਤ ਦੇ ਅੰਕ ਵਿੱਚ ਡਾ. ਲਕਸ਼ਮੀ ਨਰਾਇਣ ਭੀਖੀ ਦਾ ਦਿਲਚਸਪ ਲੇਖ ‘ਰਾਤੀਂ ਕੋਚਰੀ ਬੋਲੇ’ ਸਿੱਧੂ ਦਮਦਮੀ ਬਾਰੇ ਭਰਪੂਰ ਜਾਣਕਾਰੀ ਦੇਣ ਵਾਲਾ ਹੈ। ਸਿੱਧੂ ਦਮਦਮੀ ਬਹੁਤ ਸਿਰੜੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਿਰ ’ਤੇ ਆਪਣਾ ਇੱਕ ਵੱਖਰਾ ਮੁਕਾਮ ਬਣਾਇਆ ਹੈ। ਦੋ ਅਗਸਤ ਦੇ ਨਜ਼ਰੀਆ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ਜੰਤਰ-ਮੰਤਰ ਵਿਖੇ ਹੋਏ ਪ੍ਰਦਰਸ਼ਨਾਂ ਦੌਰਾਨ ਅਤੇ ਉਸ ਤੋਂ ਬਾਅਦ ਵਰਤੀ ਗਈ ਭੱਦੀ ਸ਼ਬਦਾਵਲੀ ਦਾ ਵਧੀਆ ਵਿਸ਼ਲੇਸ਼ਣ ਕਰਦਾ ਹੈ। ਪ੍ਰਦਰਸ਼ਨਕਾਰੀ ਤਾਂ ਘੱਟ-ਉਮਰ ਸਨ, ਪਰ ਟੀ ਜੀ ਮੋਹਨਦਾਸ ਅਤੇ ਕੰਗਨਾ ਰਣੌਤ ਵਰਗਿਆਂ ਨੇ ਜੋ ਕੁਬੋਲ ਬੋਲੇ, ਉਨ੍ਹਾਂ ਨੇ ਤਾਂ ਹੱਦ ਹੀ ਪਾਰ ਕਰ ਦਿੱਤੀ।

ਸਿਆਣੇ ਕਹਿੰਦੇ ਹਨ ਕਿ ਸੋਚ ਤੇ ਭਾਸ਼ਾ ਦੋਵਾਂ ’ਤੇ ਕੰਟਰੋਲ ਹੋਣਾ ਲਾਜ਼ਮੀ ਹੈ। ਸੱਭਿਅਕ ਸਮਾਜ ਵਿੱਚ ਸੱਭਿਅਕ ਭਾਸ਼ਾ ਹੀ ਪ੍ਰਵਾਨ ਹੋ ਸਕਦੀ ਹੈ। ਪ੍ਰੋ. ਕ੍ਰਿਸ਼ਨ ਕੁਮਾਰ ਰੱਤੂ ਨੇ ‘ਜੈੱਨ-ਜ਼ੀ’ ਨੂੰ ਭਾਰਤ ਦੀ ਨਵੀਂ ਪਛਾਣ ਬਿਲਕੁਲ ਸਹੀ ਕਿਹਾ ਹੈ। ਇਸ ਅੰਦੋਲਨ ਰਾਹੀਂ ਨੌਜਵਾਨ ਪੀੜ੍ਹੀ ਨੇ ਇਹ ਦੱਸ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਜ਼ੋਰ-ਜ਼ਬਰਦਸਤੀ ਦਾ ਨਹੀਂ ਸਗੋਂ ਸੰਵਾਦ ਦਾ ਹੋਵੇਗਾ, ਇਹੀ ਨਵੇਂ ਭਾਰਤ ਦਾ ਜਮਹੂਰੀ ਮੂੰਹ-ਮੁਹਾਂਦਰਾ ਘੜਨ ਵਿੱਚ ਸਹਾਈ ਹੋਵੇਗਾ। ਰਾਮਚੰਦਰ ਗੁਹਾ ਦਾ ਲੇਖ ਸਮਾਜ ਵਿੱਚ ਪਤੀ-ਪਤਨੀ ਦੇ ਰਿਸ਼ਤੇ ਨੂੰ ਯਥਾਰਥਕ ਪਹੁੰਚ ਨਾਲ ਸਹੀ ਉਲੀਕਦਾ ਹੈ। ਸਤਿਕਾਰਤ ਤੇ ਸੰਜੀਦਾ ਲੇਖਕ ਮੰਨੂ ਭੰਡਾਰੀ ਦੇ ਵਿਆਹੁਤਾ ਜੀਵਨ ਦੀ ਤਲਖ਼ ਕਹਾਣੀ ਇਸ ਰਿਸ਼ਤੇ ਦੇ ਕੌੜੇ-ਕੁਸੈਲੇ ਤਜਰਬਿਆਂ ਦੀ ਸਚਾਈ ਨੂੰ ਪੇਸ਼ ਕਰਨ ਵਿੱਚ ਕਾਮਯਾਬ ਰਹੀ ਹੈ।

Advertisement

ਡਾ. ਤਰਲੋਚਨ ਕੌਰ, ਪਟਿਆਲਾ

Advertisement

ਸ਼ਬਦਾਂ ਦੀ ਮਰਿਆਦਾ

2 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਅਰਵਿੰਦਰ ਜੌਹਲ ਵੱਲੋਂ ਲਿਖੇ ਲੇਖ ‘ਸ਼ਬਦਾਂ ਦੀ ਮਰਿਆਦਾ’ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਜੈੱਨ-ਜ਼ੀ’ (1997 ਤੋਂ 2011 ਦਰਮਿਆਨ ਜਨਮੇ ਬੱਚੇ) ਦੁਆਰਾ ਵਰਤੀ ਗਈ ਭੱਦੀ ਸ਼ਬਦਾਵਲੀ ਬਾਰੇ ਚਿੰਤਾ ਜ਼ਾਹਿਰ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਦਰਅਸਲ, ਸ੍ਰੀ ਮੋਦੀ ਦੀ ਆਪਣੀ ਪਾਰਟੀ ਦੀ ਲੋਕ ਸਭਾ ਮੈਂਬਰ ਕੰਗਣਾ ਰਣੌਤ ਨੇ ‘ਜੈਨਰੇਸ਼ਨ ਗਟਰ’ ਆਦਿ ਆਖ ਕੇ ਜੈੱਨ-ਜ਼ੀ ਵੱਲੋਂ ਵਰਤੀ ਗਈ ਭਾਸ਼ਾ ਨੂੰ ਵੀ ਮਾਤ ਪਾ ਦਿੱਤੀ ਹੈ! ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਦੇ ਰਵੱਈਏ ਖ਼ਿਲਾਫ਼ ਤਾਂ ਚਿੰਤਾ ਪ੍ਰਗਟਾਈ ਹੈ, ਪਰ ਉਨ੍ਹਾਂ ਨੂੰ ‘ਅਤਿਵਾਦੀ’ ਅਤੇ ‘ਵਾਇਰਸ’ ਆਖਣ ਵਾਲੇ ਧਰਮੇਂਦਰ ਪ੍ਰਧਾਨ ਤੇ ਹੋਰਾਂ ਬਾਰੇ ਕੁਝ ਨਹੀਂ ਆਖਿਆ। ਜੇ ਧਰਮੇਂਦਰ ਪ੍ਰਧਾਨ ਸੱਚਮੁੱਚ ਇਨ੍ਹਾਂ ਨੂੰ ਅਤਿਵਾਦੀ ਸਮਝਦੇ ਸਨ ਤਾਂ ਫਿਰ ਉਨ੍ਹਾਂ ਦੀ ਮੰਗ ’ਤੇ ਅਸਤੀਫ਼ਾ ਕਿਉਂ ਦਿੱਤਾ? ਪੁਲੀਸ ਜਬਰ ਨੂੰ ਜਾਇਜ਼ ਠਹਿਰਾਉਣ ਲਈ ਕੇਰਲਾ ਸੂਬੇ ਦੇ 70 ਸਾਲਾ ਆਰ ਐੱਸ ਐੱਸ ਸਵੈਮ-ਸੇਵਕ ਟੀ ਜੀ ਮੋਹਨਦਾਸ ਵੱਲੋਂ ਆਪਣੀਆਂ ਪੋਤੀਆਂ/ਦੋਹਤੀਆਂ ਸਮਾਨ ਜੈੱਨ-ਜ਼ੀ ਲੜਕੀਆਂ ਬਾਰੇ ਕਹੀਆਂ ਗੱਲਾਂ ਜ਼ਿੰਮੇਵਾਰ ਵਿਅਕਤੀ ਨੂੰ ਭੋਰਾ ਵੀ ਸੋਭਦੀਆਂ ਨਹੀਂ।

ਪ੍ਰਿੰ. ਗੁਰਮੁਖ ਸਿੰਘ ਪੋਹੀੜ, ਲੁਧਿਆਣਾ

ਮੂੰਹ ਭਾਰ ਸਿਆਸਤ

26 ਜੁਲਾਈ, 2026 ਦਿਨ ਐਤਵਾਰ ਨੂੰ ਅਰਵਿੰਦਰ ਜੌਹਲ ਦਾ ਲੇਖ ‘ਮੂੰਹਜ਼ੋਰ ਜੈੱਨ-ਜ਼ੀ ਅੱਗੇ ਮੂੰਹ ਭਾਰ ਸਿਆਸਤ’ ਬਾਕਮਾਲ ਰਿਹਾ। ਇਸ ਵਿੱਚ ਰਾਜੇ ਦਾ ਢੈਲਾ ਹੁੰਦਾ ਹੰਕਾਰ ਦਿਖਿਆ। ਸਾਰੀ ਲੋਕਾਈ ਨੇ ਧਰਨੇ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ। ਜੈੱਨ-ਜ਼ੀ ਦਾ ਵਿਦਰੋਹ ਪ੍ਰਾਪਤੀ ਨਾਲ ਸਮਾਪਤ ਹੋਇਆ।

ਮਲਕੀਤ ਸਿੰਘ ਅਖਾੜਾ

ਅਖ਼ਬਾਰ ਚੋਰ

ਐਤਵਾਰ 19 ਜੁਲਾਈ ਦੇ ਦਸਤਕ ਅੰਕ ਵਿੱਚ ਜਤਿੰਦਰ ਭੁੱਚੋ ਦਾ ਛਪਿਆ ਲੇਖ ‘ਅਖ਼ਬਾਰ ਚੋਰ’ ਅੱਜ ਦੇ ਹਾਲਾਤ ਨੂੰ ਜ਼ਮੀਨੀ ਪੱਧਰ ਨਾਲ ਜੋੜਦਾ ਹੈ। ਜਤਿੰਦਰ ਭੁੱਚੋ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਲਾਵਾਰਿਸ ਪਸ਼ੂ ਸਿਰਫ਼ ਅਖ਼ਬਾਰਾਂ ਹੀ ਨਹੀਂ ਖਾਂਦੇ ਸਗੋਂ ਲੋਕਾਂ ਦੀਆਂ ਜ਼ਿੰਦਗੀਆਂ ਵੀ ਖਾ ਰਹੇ ਹਨ। ਕੋਈ ਵੀ ਐਸਾ ਮੰਤਰੀ ਜਾਂ ਅਧਿਕਾਰੀ ਨਹੀਂ ਹੋਵੇਗਾ, ਜਿਸ ਨੂੰ ਸੜਕਾਂ ਉਤੇ ਘੁੰਮਦੇ ਇਹ ਬੇਸਹਾਰਾ ਪਸ਼ੂ ਨਜ਼ਰ ਨਹੀਂ ਆਉਂਦੇ ਪਰ ਇਸ ਸਬੰਧੀ ਉਹ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੇ। ਲੱਖਾਂ ਕਰੋੜਾਂ ਰੁਪਏ ਗਊ ਸੈੱਸ ਰਾਹੀਂ ਇਕੱਠੇ ਕੀਤੇ ਜਾ ਰਹੇ ਹਨ, ਪਰ ਗਊਸ਼ਾਲਾਵਾਂ ਵਿੱਚ ਸਿਰਫ਼ ਦੁਧਾਰੂ ਗਾਵਾਂ ਨੂੰ ਹੀ ਆਸਰਾ ਮਿਲਦਾ ਹੈ। ਦੁੱਧ ਦੇਣ ਤੋਂ ਅਮਸਰੱਥ ਗਾਵਾਂ ਤੇ ਹੋਰ ਪਸ਼ੂਆਂ ਨੂੰ ਸੜਕਾਂ ’ਤੇ ਛੱਡ ਦਿੱਤਾ ਜਾਂਦਾ ਹੈ, ਜੋ ਮਗਰੋਂ ਲੋਕਾਂ ਦੀ ਜਾਨ ਦਾ ਖੌਅ ਬਣਦੇ ਹਨ।

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ

ਨੀਮ ਹਕੀਮ ਖਤਰਾ-ਏ-ਜਾਨ

ਐਤਵਾਰ, 19 ਜੁਲਾਈ ਦੇ ਦਸਤਕ ਅੰਕ ਵਿੱਚ ਗੁਰਜਿੰਦਰ ਸਿੰਘ ਸਾਹਦੜਾ ਦਾ ਲੇਖ ‘ਸੋਸ਼ਲ ਮੀਡੀਆ ਦੇ ਡਾਕਟਰ ....!’ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਤਕਨਾਲੋਜੀ ਦੇ ਅਜੋਕੇ ਸਮੇਂ ਵਿੱਚ ਹਰ ਵਿਅਕਤੀ ਪੱਤਰਕਾਰ, ਡਾਕਟਰ, ਇੰਜਨੀਅਰ ਅਤੇ ਕਿਸਾਨ ਮਾਹਿਰ ਬਣਿਆ ਨਜ਼ਰ ਆਉਂਦਾ ਹੈ। ਜਿਹੜਾ ਕਦੇ ਸਕੂਲ ਨ੍ਹੀਂ ਗਿਆ, ਕਦੇ ਖੇਤ ਦੀ ਵੱਟ ਨਹੀਂ ਟੱਪਿਆ ਉਹ ਕਹਿੰਦਾ ਫਲਾਣੀ ਸਪਰੇਅ ਕਰ ਲਵੋ ਇਹ ਵਧੀਆ ਹੈ। ਉਸ ਨੂੰ ਪੁੱਛਣ ਵਾਲਾ ਹੋਵੇ ਤੈਨੂੰ ਕੀ ਪਤਾ, ਤੇਰੇ ਕੋਲ ਕੋਈ ਡਿਗਰੀ ਡਿਪਲੋਮਾ ਜਾਂ ਸਬੰਧਤ ਕੋਰਸ ਦੀ ਪੜ੍ਹਾਈ ਹੈ? ਸਬੰਧਤ ਲੇਖ ਵਿੱਚ ਜਿਥੇ ਲੇਖਕ ਨੇ ਪਾਠਕਾਂ ਨੂੰ ਸੋਸ਼ਲ ਮੀਡੀਆ ਦੇ ਡਾਕਟਰਾਂ ਤੋਂ ਬਚਣ ਦਾ ਸੁਨੇਹਾ ਦਿੱਤਾ ਹੈ, ਉਥੇ ਸੋਸ਼ਲ ਮੀਡੀਆ ਸਬੰਧੀ ਕਾਨੂੰਨ ਬਣਾ ਕੇ ਇਨ੍ਹਾਂ ਅਖੌਤੀ ਡਾਕਟਰਾਂ ਨੂੰ ਨਕੇਲ ਪਾਉਣ ਦੀ ਗੱਲ ਵੀ ਕਹੀ ਹੈ, ਜੋ ਸਮੇਂ ਦੀ ਲੋੜ ਹੈ।

ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

Advertisement
×