ਡਾਕ ਐਤਵਾਰ ਦੀ: ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ
ਅਗਸਤ 23 ਨੂੰ ‘ਸੋਚ ਸੰਗਤ’ ਪੰਨੇ ’ਤੇ ਰਾਮਚੰਦਰ ਗੁਹਾ ਦਾ ਲੇਖ ‘ਇਤਿਹਾਸਕਾਰੀ ਦੇ ਸੁਨਹਿਰੀ ਯੁੱਗ ਦਾ ਅੰਤ’ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਇਤਿਹਾਸਕਾਰ ਸੁਮਿਤ ਸਰਕਾਰ ਦੇ ਸਮਾਜਵਾਦੀ ਵਿਦਿਅਕ ਫਲਸਫ਼ੇ ਦੀ ਪ੍ਰੇਰਣਾਦਾਇਕ ਅਤੇ ਦਿਲਚਸਪ ਜਾਣ-ਪਛਾਣ ਬਾਰੇ ਬਹੁਤ ਕੁਝ ਸੰਭਾਲਣ ਯੋਗ ਮਿਲਿਆ।...
ਅਗਸਤ 23 ਨੂੰ ‘ਸੋਚ ਸੰਗਤ’ ਪੰਨੇ ’ਤੇ ਰਾਮਚੰਦਰ ਗੁਹਾ ਦਾ ਲੇਖ ‘ਇਤਿਹਾਸਕਾਰੀ ਦੇ ਸੁਨਹਿਰੀ ਯੁੱਗ ਦਾ ਅੰਤ’ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਇਤਿਹਾਸਕਾਰ ਸੁਮਿਤ ਸਰਕਾਰ ਦੇ ਸਮਾਜਵਾਦੀ ਵਿਦਿਅਕ ਫਲਸਫ਼ੇ ਦੀ ਪ੍ਰੇਰਣਾਦਾਇਕ ਅਤੇ ਦਿਲਚਸਪ ਜਾਣ-ਪਛਾਣ ਬਾਰੇ ਬਹੁਤ ਕੁਝ ਸੰਭਾਲਣ ਯੋਗ ਮਿਲਿਆ। ਇਸ ਵਿੱਚ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ‘ਦਿ ਸਵਦੇਸ਼ੀ ਮੂਵਮੈਂਟ ਇਨ ਬੰਗਾਲ’ ਅਤੇ ‘ਰਾਈਟਿੰਗ ਸੋਸ਼ਲ ਹਿਸਟਰੀ’ ਸਮੇਤ ‘ਮਾਡਰਨ ਇੰਡੀਆ 1885-1947’ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਸਮਾਜ ’ਚ ਆਜ਼ਾਦੀ ਤੇ ਬਰਾਬਰੀ ਦੇ ਪ੍ਰੇਰਣਾਦਾਇਕ ਮਹਾਨ ਲੇਖਕ ਵਜੋਂ ਉਨ੍ਹਾਂ ਦੇ ਯੋਗਦਾਨ ਦੀ ਗੱਲ ਵੀ ਕੀਤੀ ਗਈ ਹੈ ਤੇ ਉਨ੍ਹਾਂ ਦੀ ਪਤਨੀ ਤਨਿਕਾ ਸਰਕਾਰ ਵੱਲੋਂ ਮਿਲੀ ਪ੍ਰੇਰਣਾ ਦੀ ਵੀ ਸ਼ਲਾਘਾ ਕੀਤੀ ਗਈ ਹੈ। ਦਿੱਲੀ ਯੂਨੀਵਰਸਿਟੀ ਦੇ ਮੌਜੂਦਾ ਹਾਲਾਤ ਦੇ ਸਨਮੁੱਖ ਆਪਣੇ ਸਮਕਾਲੀ ਅਤੇ ਪੂਰਵਕਾਲੀ ਇਤਿਹਾਸਕ ਯਾਦਾਂ ਦੇ ਸੰਸਮਰਣ ਪੇਸ਼ ਕਰਕੇ ਆਉਣ ਵਾਲੇ ਭਵਿੱਖ ਦੇ ਦਿਸਹੱਦਿਆਂ ਦੀ ਗੱਲ ਵੀ ਸੁਝਾਈ ਗਈ ਹੈ।
ਇਸੇ ਸਫ਼ੇ ਦੇ ਪਹਿਲੇ ਲੇਖ ‘ਬਦਲੀ ਬਦਲੀ ਫਿਜ਼ਾ’ ਵਿੱਚ ਅਰਵਿੰਦਰ ਜੌਹਲ ਨੇ ਨਿਰਪੱਖ ਹੋ ਕੇ ਬੇਬਾਕੀ ਨਾਲ ਵਿਦਿਆਰਥੀਆਂ ਅਤੇ ਨੌਜਵਾਨ ਪੀੜ੍ਹੀ ਦੇ ਮਸਲਿਆਂ ਦੇ ਸਿਆਸਤ ਦੇ ਕੇਂਦਰ ’ਚ ਸ਼ਾਮਿਲ ਹੋਣ ’ਤੇ ਤਸੱਲੀ ਪ੍ਰਗਟਾਈ ਹੈ। ਰੱਬ ਕਰੇ ਕਿ ਸਰਕਾਰਾਂ ਨੂੰ ਸਮਝ ਪੈ ਸਕੇ।
ਡਾ. ਪੰਨਾ ਲਾਲ ਮੁਸਤਫ਼ਾਬਾਦੀ, ਚੰਡੀਗੜ੍ਹ
ਸਾਂਸੀ ਕਬੀਲਾ
ਐਤਵਾਰ, 30 ਅਗਸਤ ਦੇ ‘ਦਸਤਕ’ ਪੰਨੇ ’ਤੇ ਮੋਹਿਤ ਸਿੰਗਲਾ ਦਾ ਲੇਖ ‘ਸਾਂਸੀ ਕਬੀਲੇ ਤੋਂ ਅਜੇ ਵੀ ਜਰਾਇਮ ਪੇਸ਼ੇ ਦਾ ਠੱਪਾ ਨਹੀਂ ਉਤਰਿਆ’ ਪੜ੍ਹ ਕੇ ਪਤਾ ਲੱਗਦਾ ਹੈ ਕਿ ‘ਪੰਜਾਬੀ ਟ੍ਰਿਬਿਊਨ’ ਹਰ ਵਰਗ ਦੀ ਆਵਾਜ਼ ਬਣਦਾ ਹੈ। ਸਮਾਜ ਸਾਂਸੀ ਵਰਗ ਪ੍ਰਤੀ ਇੱਕ ਪੱਕਾ ਨਜ਼ਰੀਆ ਬਣਾਈ ਬੈਠਾ ਹੈ। ਇਸ ਲੇਖ ਨੇ ਲੰਮੇ ਸਮੇਂ ਤੋਂ ਪੱਕੇ ਹੋਏ ਨਜ਼ਰੀਏ ਨੂੰ ਡੂੰਘੀ ਸੱਟ ਮਾਰੀ ਹੈ। ਸਮਾਜ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਨੀਤੀ ਦੀ ਮਾਰ ਕਿੰਨੀ ਡੂੰਘੀ ਅਤੇ ਚਿਰਕਾਲੀ ਹੁੰਦੀ ਹੈ। ਮੱਥੇ ਉੱਪਰ ਜੇਬ-ਕਤਰੀ ਉੱਕਰਨ ਦੀ ਘਟਨਾ, ਬਿਜਲੀ ਦੀ ਅਣਹੋਂਦ ਵਿੱਚ ਜੀਪ ਦੀ ਬੈਟਰੀ ਤੋਂ ਕਰੰਟ ਲੈ ਕੇ ਮਸ਼ੀਨ ਚਲਾਉਣਾ, ਇਹ ਸਭ ਆਜ਼ਾਦ ਭਾਰਤ ਵਿੱਚ ਵਾਪਰਨਾ ਅਤੇ ਇਸ ਦੇ ਇਨਸਾਫ਼ ਲਈ 23 ਸਾਲ ਦਾ ਸਮਾਂ ਲੱਗਣਾ, ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਸਾਨੂੰ ਪ੍ਰਸ਼ਾਸਨ ਨੂੰ ਬਸਤੀਵਾਦੀ ਸੋਚ ਵਿੱਚੋਂ ਕੱਢਣ ਦੀ ਬੇਹੱਦ ਲੋੜ ਹੈ। ਵਿਮੁਕਤ ਜਾਤੀਆਂ ਦੇ ਇਤਿਹਾਸਕ ਪਿਛੋਕੜ ਵਿੱਚ ਅਪਰਾਧਿਕ ਕਬੀਲੇ ਕਾਨੂੰਨ ਦਾ ਕਿਹੋ ਜਿਹਾ ਯੋਗਦਾਨ ਰਿਹਾ, ਉਸ ਬਾਰੇ ਕਿਸ ਤਰ੍ਹਾਂ ਦੇ ਵਿਚਾਰ ਅਤੇ ਵਿਰੋਧ ਨਾ ਸਿਰਫ਼ ਸਾਡੇ ਆਗੂਆਂ ਨੇ ਕੀਤੇ, ਸਗੋਂ ਅੰਗਰੇਜ਼ਾਂ ਨੇ ਵੀ ਉਭਾਰੇ; ਇਸ ਸਭ ਤੋਂ ਬਹੁਤ ਕੁਝ ਸਿੱਖਿਆ ਅਤੇ ਸਮਝਿਆ ਜਾ ਸਕਦਾ ਹੈ।
ਕੈਲਾਸ਼ ਗਰਗ, ਪਟਿਆਲਾ

