DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਧਦੀ ਮਹਿੰਗਾਈ

ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਜ਼ਿੰਦਗੀ ਮੁਸ਼ਕਿਲ ਕਰ ਦਿੱਤੀ ਹੈ। ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਲਗਾਤਾਰ ਵਧਣ ਕਾਰਨ ਰਸੋਈ ਦਾ ਬਜਟ ਪੂਰੀ ਤਰ੍ਹਾਂ ਵਿਗੜ ਗਿਆ ਹੈ। ਘਰ ਦਾ ਗੁਜ਼ਾਰਾ ਚਲਾਉਣਾ ਦਿਨੋ-ਦਿਨ ਔਖਾ ਹੁੰਦਾ ਜਾ ਰਿਹਾ ਹੈ।...

  • fb
  • twitter
  • whatsapp
  • whatsapp
Advertisement

ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਜ਼ਿੰਦਗੀ ਮੁਸ਼ਕਿਲ ਕਰ ਦਿੱਤੀ ਹੈ। ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਲਗਾਤਾਰ ਵਧਣ ਕਾਰਨ ਰਸੋਈ ਦਾ ਬਜਟ ਪੂਰੀ ਤਰ੍ਹਾਂ ਵਿਗੜ ਗਿਆ ਹੈ। ਘਰ ਦਾ ਗੁਜ਼ਾਰਾ ਚਲਾਉਣਾ ਦਿਨੋ-ਦਿਨ ਔਖਾ ਹੁੰਦਾ ਜਾ ਰਿਹਾ ਹੈ। ਚੀਨੀ 65 ਤੋਂ 70 ਰੁਪਏ ਕਿੱਲੋ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਦਾਲਾਂ, ਆਟਾ, ਤੇਲ, ਸਬਜ਼ੀਆਂ ਅਤੇ ਹੋਰ ਘਰੇਲੂ ਸਾਮਾਨ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਮੱਧ ਵਰਗ ਅਤੇ ਗ਼ਰੀਬ ਪਰਿਵਾਰਾਂ ’ਤੇ ਵਾਧੂ ਭਾਰ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਜ਼ਰੂਰੀ ਲੋੜਾਂ ਵਿੱਚ ਕਟੌਤੀ ਕਰਨੀ ਪੈ ਰਹੀ ਹੈ ਪਰ ਅਜਿਹੀ ਸਥਿਤੀ ਵਿੱਚ ਸਰਕਾਰ ਚੁੱਪ ਹੈ। ਲੋਕਾਂ ਨੂੰ ਸਰਕਾਰ ਦੇ ਭਰੋਸਿਆਂ ਦੀ ਨਹੀਂ, ਸਗੋਂ ਰਸੋਈ ਦਾ ਬਜਟ ਸੰਭਾਲਣ ਵਾਲੇ ਠੋਸ ਕਦਮਾਂ ਦੀ ਲੋੜ ਹੈ।

ਗੁਰਪ੍ਰੀਤ ਸਿੰਘ, ਜਖਵਾਲੀ (ਸ੍ਰੀ ਫ਼ਤਹਿਗੜ੍ਹ ਸਾਹਿਬ)

Advertisement

ਭਾਈਚਾਰਕ ਸਾਂਝ

22 ਅਗਸਤ ਦੇ ਨਜ਼ਰੀਆ ਪੰਨੇ ’ਤੇ ਪ੍ਰਕਾਸ਼ਿਤ ਡਾ. ਦਲਜੀਤ ਸਿੰਘ ਦਾ ਲੇਖ ‘ਮਘਦਾ ਰਹੀ ਵੇ ਸੂਰਜਾ’ ਖ਼ੁਬਸੂਰਤ ਸ਼ਬਦਾਂ ਨਾਲ ਪਰੋਇਆ ਭਾਈਚਾਰਕ ਤੰਦਾਂ ਦੀ ਤਰਜਮਾਨੀ ਕਰਦਾ ਹੈ। ਲੇਖਕ ਨੇ ਪੁਰਾਣੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ ਕਿ ਪਿੰਡ ਦੇ ਲੋਕ ਮਾਂਗੀ ਪਾ ਕੇ ਕਿਸ ਤਰ੍ਹਾਂ ਹਾੜ੍ਹੀ ਦੇ ਕੰਮ ਨੂੰ ਜਲਦੀ ਨਿਬੇੜ ਲੈਂਦੇ ਸਨ, ਜੋ ਲੋਕਾਂ ਦੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਨੂੰ ਪ੍ਰਗਟਾਉਂਦਾ ਹੈ। ਦਾਣੇ ਕੱਢਣ ਤੋਂ ਬਾਅਦ ਜੋ ਰੀੜ੍ਹੀ ਲੈ ਕੇ ਆਉਂਦੇ ਸੀ, ਉਹ ਸੁਆਦ ਸ਼ਾਇਦ ਅੱਜ ਕਿਸੇ ਰੈਸਟੋਰੈਂਟ ਵਿੱਚ ਵੀ ਨਹੀਂ ਆਉਂਦਾ। ਕਿਸ ਤਰ੍ਹਾਂ ਉਹ ਗੂੰਗਾ ਮੁੰਡਾ ਕੰਮ ਕਰਕੇ ਆਪਣੀ ਰੋਟੀ ਦਾ ਜੁਗਾੜ ਕਰਦਾ ਸੀ, ਪ੍ਰਮਾਤਮਾ ਨੇ ਜੇ ਕਿਤੇ ਕਿਸੇ ਸਰੀਰ ਵਿੱਚ ਕੋਈ ਕਮੀ ਰੱਖੀ ਹੈ ਤਾਂ ਉਸ ਨੂੰ ਕੋਈ ਹੁਨਰ ਵੀ ਬਖਸ਼ਿਆ ਹੈ। ਸਾਨੂੰ ਅੱਜ ਵੀ ਆਪਸੀ ਭਾਈਚਾਰਕ ਸਾਂਝ ਦੀ ਲੋੜ ਹੈ ਤਾਂ ਕਿ ਸਾਡੇ ਸਮਾਜ ਵਿੱਚ ਮੋਹ ਦੀਆਂ ਤੰਦਾਂ ਹੋਰ ਮਜ਼ਬੂਤ ਹੋਣ।

Advertisement

ਗੁਰਪ੍ਰੀਤ ਸਿੰਘ ਬਰਾੜ, ਜੰਡਾਂ ਵਾਲਾ (ਬਠਿੰਡਾ)

ਵੰਦੇ ਮਾਤਰਮ

21 ਅਗਸਤ ਦੇ ਅੰਕ ’ਚ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ‘ਵੰਦੇ ਮਾਤਰਮ’ ਬਾਰੇ ਕੀਤੀ ਟਿੱਪਣੀ ਹੈਰਾਨ ਕਰਨ ਵਾਲੀ ਹੈ। ਗੀਤ ਨੂੰ ਸੀਮਿਤ ਰੱਖਣਾ ਸ਼ਹੀਦਾਂ ਦਾ ਅਪਮਾਨ ਕਿਵੇਂ ਹੋਇਆ? ਸੰਨ 1937 ਵਿੱਚ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਮਹਾਪੁਰਖਾਂ ਦੀ ਆਪਸੀ ਸਹਿਮਤੀ ਨਾਲ ਫ਼ੈਸਲਾ ਹੋਇਆ ਸੀ ਕਿ ‘ਵੰਦੇ ਮਾਤਰਮ’, ਜਿਸ ਵਿੱਚ ਭਾਰਤ ਮਾਤਾ ਇੱਕ ਪ੍ਰਤੀਕ ਵਜੋਂ ਮੌਜੂਦ ਹਨ, ਉਸਦੇ ਪਹਿਲੇ ਦੋ ਹੀ ਅੰਤਰਿਆਂ ਨੂੰ ਰਾਸ਼ਟਰ ਗੀਤ ਵਜੋਂ ਮਾਨਤਾ ਦਿੱਤੀ ਜਾਵੇ। ਮਹਾਤਮਾ ਗਾਂਧੀ ਦੇ ਨਾਲ ਰਬਿੰਦਰ ਨਾਥ ਟੈਗੋਰ, ਡਾ. ਰਾਜਿੰਦਰ ਪ੍ਰਸਾਦ, ਪੰਡਿਤ ਨਹਿਰੂ, ਸੁਭਾਸ਼ ਚੰਦਰ ਬੋਸ, ਮੌਲਾਨਾ ਆਜ਼ਾਦ ਆਦਿ ਹਸਤੀਆਂ ਇਸ ਫ਼ੈਸਲੇ ਵਿੱਚ ਸ਼ਾਮਿਲ ਸਨ। ਕਾਰਨ ਇਹ ਕਿ ਗੀਤ ਦੇ ਪਹਿਲੇ ਹਿੱਸੇ ਵਿੱਚ ਭਾਰਤ ਭੂਮੀ ਦੀ ਕੁਦਰਤੀ ਸੁੰਦਰਤਾ ਅਤੇ ਖ਼ੁਸ਼ਹਾਲੀ ਦਾ ਜ਼ਿਕਰ ਹੋਇਆ ਹੈ। ਬਾਅਦ ਦੇ ਹਿੱਸੇ ਵਿੱਚ ਹਿੰਦੂ ਦੇਵੀਆਂ ਦੁਰਗਾ, ਲਕਸ਼ਮੀ, ਸਰਸਵਤੀ ਦਾ ਜ਼ਿਕਰ ਕਰਦਿਆਂ ਭਾਰਤ ਮਾਤਾ ਨੂੰ ਮੁਸਲਮਾਨਾਂ ਦਾ ਨਾਸ਼ ਕਰਨ ਵਾਲੀ ਦੁਰਗਾ ਦਾ ਰੂਪ ਦੇ ਦਿੱਤਾ ਗਿਆ ਹੈ। ਇੱਕ ਧਰਮ ਨਿਰਪੱਖ ਮੁਲਕ ਲਈ ਇਹ ਵਿਚਾਰ ਹੀ ਕਿੰਨਾ ਡਰਾਉਣ ਵਾਲਾ ਹੈ!

ਸ਼ੋਭਨਾ ਵਿੱਜ, ਪਟਿਆਲਾ

ਅਕਾਦਮਿਕ ਆਜ਼ਾਦੀ

19 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਅਵਿਜੀਤ ਪਾਠਕ ਦਾ ਲੇਖ ‘ਅਕਾਦਮਿਕ ਆਜ਼ਾਦੀ ਦਾ ਘਾਣ ਅਤੇ ਅਗਲੀ ਪੀੜ੍ਹੀ’ ਪੜ੍ਹਿਆ। ਦੇਸ਼ ਵਿੱਚ ਅਕਾਦਮਿਕ ਆਜ਼ਾਦੀ ਦਾ ਪੱਧਰ 1975-77 ਦੀ ਐਮਰਜੈਂਸੀ ਦੇ ਦੌਰ ਨਾਲੋਂ ਵੀ ਹੇਠਾਂ ਡਿੱਗਣਾ ਚਿੰਤਾ ਦਾ ਵਿਸ਼ਾ ਹੈ। ਇਸ ਦਾ ਮੁੱਖ ਕਾਰਨ ਸਿਆਸਤ ਵਿੱਚ ਪਿਛਾਂਹ-ਖਿੱਚੂ ਸੋਚ ਅਤੇ ਤਾਨਾਸ਼ਾਹੀ ਸੁਭਾਅ ਦਾ ਹੋਣਾ ਹੈ। ਸਿਫ਼ਾਰਸ਼ੀ ਵੀ ਸੀ ਕਦੇ ਯੂਨੀਵਰਸਿਟੀ ਨੂੰ ਅਕਾਦਮਿਕ ਆਜ਼ਾਦੀ ਨਹੀਂ ਦਿਵਾ ਸਕਦੇ। ਭਾਰਤੀ ਗਿਆਨ ਪ੍ਰਣਾਲੀ ਨੂੰ ਉੱਤਮ ਮੰਨ ਲੈਣਾ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੀ ਗੱਲ ਹੈ। ਜੰਤਰ-ਮੰਤਰ ’ਤੇ ਨੌਜਵਾਨਾਂ ਵੱਲੋਂ ਦਿੱਤੇ ਗਏ ਆਲੋਚਨਾਤਮਕ ਭਾਸ਼ਣਾਂ ਨੇ ਸਿੱਧ ਕਰ ਦਿੱਤਾ ਹੈ ਕਿ ‘ਅੰਧ-ਵਿਸ਼ਵਾਸ’ ਫੈਲਾਉਣ ਵਾਲੀ ਸਰਕਾਰ ਸਕਾਰਾਤਮਕ ਸੋਚ ਤੋਂ ਕਿੰਨਾ ਡਰਦੀ ਹੈ। ਨਵੀਂ ਪੀੜ੍ਹੀ ਵੱਲੋਂ ਸੱਤਾ ਦੇ ਹਰ ਫ਼ੈਸਲੇ ਨੂੰ ਜਾਇਜ਼ ਠਹਿਰਾਉਣ ਤੋਂ ਪਹਿਲਾਂ ਨਾਪ-ਤੋਲ ਕੇ ਦੇਖਣਾ ਸਿਰਫ਼ ਅਕਾਦਮਿਕ ਆਜ਼ਾਦੀ ਦੀ ਬਹਾਲੀ ਲਈ ਸ਼ੁਭ ਸੰਕੇਤ ਹੀ ਨਹੀਂ ਸਗੋਂ ਸਾਡੇ ਸਮਾਜਿਕ ਅਤੇ ਸਿਆਸੀ ਜੀਵਨ ਨੂੰ ਵੀ ਨਵੀਂ ਸੋਚ ਪ੍ਰਦਾਨ ਕਰੇਗਾ।

ਜਗਰੂਪ ਸਿੰਘ, ਉੱਭਾਵਾਲ

2

19 ਅਗਸਤ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦਾ ਲੇਖ ‘ਅਕਾਦਮਿਕ ਆਜ਼ਾਦੀ ਦਾ ਘਾਣ ਅਤੇ ਅਗਲੀ ਪੀੜ੍ਹੀ’ ਪੜ੍ਹਿਆ। ਲੇਖ ’ਚ ਤੱਥਾਂ ਸਮੇਤ ਇਸ ਗੱਲ ਨੂੰ ਸਾਹਮਣੇ ਲਿਆਂਦਾ ਗਿਆ ਹੈ ਕਿ ਜੇਕਰ ਸਾਡੇ ਅਕਾਦਮਿਕ ਗਲਿਆਰਿਆਂ ਵਿੱਚ ਆਜ਼ਾਦੀ ਨਹੀਂ ਹੋਵੇਗੀ, ਸਾਡੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਆਜ਼ਾਦੀ ਨਾਲ ਵਿਚਾਰ ਸਾਂਝੇ ਨਹੀਂ ਕਰ ਸਕਣਗੇ, ਸਾਡੇ ਲੋਕਤੰਤਰ ਨੂੰ ਬੜ੍ਹਾਵਾ ਨਹੀਂ ਮਿਲੇਗਾ ਤਾਂ ਸਾਇੰਸ ਵੀ ਤਰੱਕੀ ਨਹੀਂ ਕਰ ਸਕਦੀ। ਸੋ, ਸਾਡੀ ਅਗਲੀ ਪੀੜ੍ਹੀ ਲਈ ਇੱਕ ਬਹੁਤ ਵੱਡਾ ਸਵਾਲ ਹੈ। ਦਿੱਲੀ ਵਿੱਚ ਪੇਪਰ ਲੀਕ ਮਾਮਲੇ ’ਤੇ ਜੈੱਨ-ਜ਼ੀ ਪੀੜ੍ਹੀ ਦਾ ਵੱਡਾ ਰੋਹ ਇਹ ਸਿੱਧ ਕਰਦਾ ਹੈ ਕਿ ਸਾਡੇ ਬਹੁਤ ਸਾਰੇ ਵਿਦਿਆਰਥੀ ਹੁਣ ਇਹ ਸਹਿਣ ਨਹੀਂ ਕਰਦੇ ਤੇ ਉਹ ਸਰਕਾਰ ਤੋਂ ਜਵਾਬ ਮੰਗਦੇ ਨੇ, ਸਵਾਲ ਕਰਦੇ ਨੇ ਕਿ ਅਸੀਂ ਅਜਿਹਾ ਨਹੀਂ ਹੋਣ ਦੇਣਾ ਜੋ ਸੰਭਾਵਨਾ ਭਰਪੂਰ ਗੱਲ ਹੈ।

ਡਾ. ਅਵਤਾਰ ਦੀਪ, ਦੀਪ ਸਿੰਘ ਵਾਲਾ (ਫਰੀਦਕੋਟ)

ਮੁਅੱਤਲ ਮੁਲਾਜ਼ਮ

19 ਅਗਸਤ ਦੇ ਅੰਕ ’ਚ ਛਪੀ ਖ਼ਬਰ ‘ਬਾਬਾ ਫਰੀਦ ’ਵਰਸਿਟੀ ਦੇ 200 ਮੁਲਾਜ਼ਮ ਮੁਅੱਤਲ’ ਪੜ੍ਹ ਕੇ ਯੂਨੀਵਰਸਿਟੀ ’ਚ ਪਿਛਲੇ ਸਮੇਂ ਦੌਰਾਨ ਹੋਈਆਂ ਨਿਯੁਕਤੀਆਂ ਦੀ ਪਾਰਦਰਸ਼ਤਾ ’ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਨਿਯੁਕਤੀਆਂ ’ਚ ਕਥਿਤ ਬੇਨੇਮੀਆਂ ਅਤੇ ਨਿਯਮਾਂ ਦੀ ਉਲੰਘਣਾ ਦੀ ਅਸਲ ਸਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਮੁਅੱਤਲ ਮੁਲਾਜ਼ਮਾਂ ’ਤੇ ਨੌਕਰੀਆਂ ਲੈਣ ਵਾਲਿਆਂ ਤੋਂ ਕਥਿਤ ਤੌਰ ’ਤੇ ਰਕਮਾਂ ਵਸੂਲੇ ਜਾਣ ਦੇ ਦਾਅਵੇ ਵੀ ਬੇਹੱਦ ਗੰਭੀਰ ਹਨ। ਜੇ ਇਹ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਇਸ ਪਿੱਛੇ ਰਹੇ ਸਿਆਸੀ, ਪ੍ਰਸ਼ਾਸਕੀ ਜਾਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਭੂਮਿਕਾ ਦੀ ਵੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)

ਸ਼ਰਧਾਲੂਆਂ ਦੀ ਮੌਤ

18 ਅਗਸਤ ਦੇ ਅੰਕ ’ਚ ਬਿਹਾਰ ਦੇ ਮੰਦਿਰ ’ਚ ਭਗਦੜ ਮੱਚਣ ਕਾਰਨ 7 ਸ਼ਰਧਾਲੂਆਂ ਦੀ ਮੌਤ ਅਤੇ 24 ਦੇ ਜ਼ਖ਼ਮੀ ਹੋਣ ਦੀ ਖ਼ਬਰ ਸੀ। ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਪਹਿਲਾਂ ਵੀ ਬਹੁਤ ਵਾਰ ਵਾਪਰ ਚੁੱਕੀਆਂ ਹਨ, ਪਰ ਬਹੁਤ ਜ਼ਰੂਰੀ ਹੈ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਸੁਚੱਜੇ ਪ੍ਰਬੰਧ ਵਾਂਗ ਬਾਕੀ ਮੰਦਿਰਾਂ ਵਿੱਚ ਵੀ ਸ਼ਰਧਾਲੂਆਂ ਦੇ ਗਰੁੱਪ ਬਣਾ ਕੇ ਮੱਥਾ ਟਿਕਾਉਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਸ਼ਰਧਾਲੂ ਸ਼ਾਂਤੀ ਲਈ ਧਾਰਮਿਕ ਅਸਥਾਨਾਂ ’ਤੇ ਜਾਂਦੇ ਹਨ, ਪਰ ਉਨ੍ਹਾਂ ਨੂੰ ਕਈ ਵਾਰ ਮੌਤ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਭੀੜ ਨੂੰ ਕੰਟਰੋਲ ਕਰਨ ਲਈ ਆਧੁਨਿਕ ਤੇ ਵਿਗਿਆਨਕ ਤਕਨੀਕ ਵਰਤ ਕੇ ਮੱਥਾ ਟਿਕਾਉਣ ਦਾ ਆਰਾਮਦਾਇਕ ਪ੍ਰਬੰਧ ਕਰਨਾ ਚਾਹੀਦਾ ਹੈ।

ਸੋਹਣ ਲਾਲ ਗੁਪਤਾ, ਪਟਿਆਲਾ

ਨਾਂਹ ਦਾ ਮਤਲਬ ਨਾਂਹ

17 ਅਗਸਤ ਦੇ ਨਜ਼ਰੀਆ ਪੰਨੇ ’ਤੇ ਜਯੋਤੀ ਮਲਹੋਤਰਾ ਦਾ ਲੇਖ ‘ਨਾਂਹ ਦਾ ਮਤਲਬ ਨਾਂਹ ਹੁੰਦਾ ਹੈ’ ਸਮਾਜ ਦੇ ਦੁਖਦਾਈ ਯਥਾਰਥ ਨੂੰ ਬਾਖ਼ੂਬੀ ਬਿਆਨ ਕਰਦਾ ਹੈ। ਔਰਤ ਦੀ ਤ੍ਰਾਸਦੀ ਇਹ ਹੈ ਕਿ ਮਰਦ ਦੀ ਕੋਸ਼ਿਸ਼ ਇਹੋ ਰਹਿੰਦੀ ਹੈ ਕਿ ਔਰਤ ਦੀ ਨਾਂਹ ਨੂੰ ਜ਼ੋਰ ਜ਼ਬਰਦਸਤੀ ਨਾਲ ‘ਹਾਂ’ ਵਿੱਚ ਬਦਲ ਲਿਆ ਜਾਵੇ। ਜੰਤਰ-ਮੰਤਰ ’ਤੇ ਉਸ ਬੱਚੀ ਨੇ ਬਿਲਕੁਲ ਸਹੀ ਕਿਹਾ ਸੀ ਕਿ ਪਿੱਤਰ-ਸੱਤਾ ਨੇ ਤਾਂ ਪਹਿਲਾਂ ਹੀ ਉਨ੍ਹਾਂ ਦੇ ਸਾਰੇ ਹੰਝੂ ਸੁਕਾ ਦਿੱਤੇ ਹਨ। ਪਿੱਤਰ-ਸੱਤਾ ਚਾਹੁੰਦੀ ਹੈ ਕਿ ਔਰਤ ਆਵਾਜ਼ਹੀਣ ਹੋਵੇ। ਬਾਬਾ ਸਾਹਿਬ ਅੰਬੇਡਕਰ ਨੇ ਭਾਵੇਂ ਔਰਤਾਂ-ਮਰਦਾਂ ਨੂੰ ਬਰਾਬਰ ਦੇ ਹੱਕ ਦਿਵਾਏ ਸਨ, ਪਰ ਉਹ ਹੱਕ ਹਨ ਕਿੱਥੇ? ਨਾ ਘਰਾਂ ਵਿੱਚ ਅਤੇ ਨਾ ਬਾਹਰ। ਆਜ਼ਾਦੀ ਤੋਂ ਲਗਪਗ 80 ਸਾਲਾਂ ਬਾਅਦ ਵੀ ਔਰਤਾਂ ਦੀ ਸਥਿਤੀ ਬਹੁਤੀ ਨਹੀਂ ਬਦਲ ਸਕੀ।

ਡਾ. ਤਰਲੋਚਨ ਕੌਰ, ਪਟਿਆਲ਼ਾ

Advertisement
×