DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਣਵੱਤਾ ’ਤੇ ਸਵਾਲ

ਮਹਿਲਾਂ ਦੇ ਸਿਰਜਣਹਾਰ ‘ਮਹਿਲਾਂ ਦੇ ਸਿਰਜਣਹਾਰ ਬੇਘਰ ਕਿਉਂ?’ ਲਿਖਤ ਪੜ੍ਹ ਕੇ ਮਨ ਸੋਚਾਂ ਵਿੱਚ ਪੈ ਗਿਆ। ਮੈਂ ਖ਼ੁਦ ਵਿਦਿਆਰਥੀ ਜੀਵਨ ਸਮੇਂ ਬਹੁਤ ਸੰਘਰਸ਼ ਕੀਤਾ ਹੈ। ਘਰ ਦੀ ਗ਼ਰੀਬੀ, ਪੜ੍ਹਾਈ ਦੇ ਖਰਚੇ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਮੈਨੂੰ ਬਹੁਤ ਵਾਰ ਤੋੜਨ ਦੀ...

  • fb
  • twitter
  • whatsapp
  • whatsapp
Advertisement

ਮਹਿਲਾਂ ਦੇ ਸਿਰਜਣਹਾਰ

‘ਮਹਿਲਾਂ ਦੇ ਸਿਰਜਣਹਾਰ ਬੇਘਰ ਕਿਉਂ?’ ਲਿਖਤ ਪੜ੍ਹ ਕੇ ਮਨ ਸੋਚਾਂ ਵਿੱਚ ਪੈ ਗਿਆ। ਮੈਂ ਖ਼ੁਦ ਵਿਦਿਆਰਥੀ ਜੀਵਨ ਸਮੇਂ ਬਹੁਤ ਸੰਘਰਸ਼ ਕੀਤਾ ਹੈ। ਘਰ ਦੀ ਗ਼ਰੀਬੀ, ਪੜ੍ਹਾਈ ਦੇ ਖਰਚੇ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਮੈਨੂੰ ਬਹੁਤ ਵਾਰ ਤੋੜਨ ਦੀ ਕੋਸ਼ਿਸ਼ ਕੀਤੀ। ਮੈਂ ਆਪਣੇ ਅੰਦਰਲੀ ਅੱਗ ਰਾਹੀਂ ਲਗਾਤਾਰ ਮਿਹਨਤ ਕੀਤੀ। ਦਿਨ ਰਾਤ ਪੜ੍ਹਦਾ, ਛੋਟੀਆਂ-ਛੋਟੀਆਂ ਨੌਕਰੀਆਂ ਕਰਦਾ ਰਿਹਾ ਤਾਂ ਕਿ ਮੈਂ ਆਪਣਾ ਭਵਿੱਖ ਸਵਾਰ ਸਕਾਂ। ਅੱਜ ਦੇ ਨੌਜਵਾਨ ਵਰਗ ਦੇ ਡਿਜੀਟਲ ਨੌਕਰੀਆਂ ਜਾਂ ਪਾਰਟ ਟਾਈਮ ਨੌਕਰੀਆਂ ਰਾਹੀਂ ਹੋ ਰਹੇ ਸ਼ੋਸ਼ਣ ਬਾਰੇ ਸਮਾਜ ਅਤੇ ਸਰਕਾਰ ਨੂੰ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਸਭ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ।

Advertisement

ਪ੍ਰੋ. ਗੁਰਮੀਤ ਸਿੰਘ, ਮਾਲੇਰਕੋਟਲਾ

Advertisement

(2)

ਜਤਿੰਦਰ ਭੁੱਚੋ ਦਾ ਲੇਖ ‘ਮਹਿਲਾਂ ਦੇ ਸਿਰਜਣਹਾਰ ਆਪ ਬੇਘਰ ਕਿਉਂ?’ ਕਾਬਿਲ-ਏ-ਤਾਰੀਫ਼ ਹੈ। ਇਸ ਰਾਹੀਂ ਮਜ਼ਦੂਰ ਵਰਗ ਦੀ ਦਰਦਨਾਕ ਹਕੀਕਤ ਨੂੰ ਬੜੀ ਸਪੱਸ਼ਟਤਾ ਨਾਲ ਉਭਾਰਿਆ ਗਿਆ ਹੈ। ਇਹ ਲੇਖ ਨਾ ਸਿਰਫ਼ ਸੋਚਣ ਲਈ ਮਜਬੂਰ ਕਰਦਾ ਹੈ, ਸਗੋਂ ਨੀਤੀ ਨਿਰਧਾਰਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਯਾਦ ਦਿਵਾਉਂਦਾ ਹੈ। ਅਜਿਹੀ ਗੰਭੀਰ ਅਤੇ ਜਾਗਰੂਕ ਪੇਸ਼ਕਾਰੀ ਲਈ ਤੁਹਾਡਾ ਧੰਨਵਾਦ।

ਬਲਦੇਵ ਸਿੰਘ ਜਨੂਹਾ, ਸੰਗਰੂਰ

(3)

‘ਮਹਿਲਾਂ ਦੇ ਸਿਰਜਣਹਾਰ ਖ਼ੁਦ ਬੇਘਰ ਕਿਉਂ?’ ਇਹ ਸਵਾਲ ਹਰ ਮਿਹਨਤਕਸ਼ ਦੇ ਦਿਮਾਗ ’ਚ ਉਪਜਦਾ ਹੈ। ਜਤਿੰਦਰ ਭੁੱਚੋ ਨੇ ਆਪਣੇ ਵਿਦਿਆਰਥੀ ਜੀਵਨ ’ਚ ਕਿਰਤ ਦੀ ਲੁੱਟ ਅਤੇ ਆਰਥਿਕ ਤੰਗੀਆਂ ’ਚ ਗੁਜ਼ਰੇ ਸੰਘਰਸ਼ਮਈ ਜੀਵਨ ’ਤੇ ਚਾਨਣਾ ਪਾਇਆ ਹੈ। ਸਮਾਜ ਤਰੱਕੀ ਕਰ ਰਿਹਾ ਹੈ ਪਰ ਮਿਹਨਤਕਸ਼ ਲੋਕ ਉੱਥੇ ਹੀ ਖੜੋਤੇ ਹਨ, ਜਿੱਥੇ ਸਦੀਆਂ ਪਹਿਲਾਂ ਖੜੋਤੇ ਸਨ। ਉਨ੍ਹਾਂ ਦੇ ਵਿਦਿਆਰਥੀ ਜੀਵਨ ਨੂੰ ਜੇਕਰ ਅੱਜ ਦੇ ਪਰਵਾਸ ਕਰ ਚੁੱਕੇ ਵਿਦਿਆਰਥੀਆਂ ਦੇ ਜੀਵਨ ਨਾਲ ਮੇਲ ਕੇ ਦੇਖੀਏ ਤਾਂ ਬਹੁਤਾ ਅੰਤਰ ਨਹੀਂ। ਮਜ਼ਦੂਰੀ, ਦਿਹਾੜੀਆਂ, ਤੰਗੀਆਂ-ਤੁਰਸ਼ੀਆਂ, ਹੱਥੀਂ ਕਿਰਤ ਕਰਕੇ ਇੱਥੇ ਕਰਕੇ ਗੁਜ਼ਾਰਾ ਚੱਲਦਾ ਹੈ, ਇਹੋ ਹਾਲ ਪ੍ਰਦੇਸਾਂ ਦਾ ਹੈ। ਲੇਖਕ ਨੇ ਆਪਣੀਆਂ ਕਠਿਨਾਈਆਂ ਨੂੰ ਵਿਦੇਸਾਂ ’ਚ ਸ਼ਿਫਟਾਂ ’ਚ ਕੰਮ ਕਰਦੇ ਵਿਦਿਆਰਥੀਆਂ ਨਾਲ ਮੇਲ ਕੇ ਸਾਮਰਾਜੀਆਂ ਦੀ ਲੁੱਟ ਦਾ ਬਾਖ਼ੂਬੀ ਜ਼ਿਕਰ ਕੀਤਾ ਹੈ।

ਫਲੇਲ ਸਿੰਘ ਸਿੱਧੂ, ਪਟਿਆਲਾ

ਅਧੂਰੀ ਸੋਚ

14 ਮਈ ਦੇ ਅੰਕ ’ਚ ਨਜ਼ਰੀਆ ਪੰਨੇ ’ਤੇ ਬਲਵਿੰਦਰ ਕੌਰ ਦਾ ਮਿਡਲ ‘ਪਰਿਵਾਰ ਪੂਰੇ ਪਰ ਸੋਚ ਅਧੂਰੀ’ ਦਿਲ ’ਤੇ ਡੂੰਘੀ ਛਾਪ ਛੱਡ ਗਿਆ। ਸਾਡੇ ਸਮਾਜ ਦੀਆਂ ਥੋਥੀਆਂ ਕਦਰਾਂ-ਕੀਮਤਾਂ ਦਾ ਸੱਚ ਨਿਡਰਤਾ ਨਾਲ ਉਜਾਗਰ ਕਰ ਗਿਆ। ਲੇਖਕਾ ਨੇ ਆਪਣੇ ਨਾਲ ਬੀਤੀਆਂ ਆਮ ਜੀਵਨ ਦੀਆਂ ਉਦਾਹਰਣਾਂ ਨਾਲ ਸਾਬਿਤ ਕੀਤਾ ਕਿ ਅੱਜ ਵੀ ਸਾਡਾ ਸਮਾਜ ਪੱਛੜੇਪਣ ਦਾ ਸ਼ਿਕਾਰ ਹੈ। ਉਹ ਆਪਣੀਆਂ ਨਜ਼ਰਾਂ ਦੇ ਟੀਰ ਕਰਕੇ ਕੁੜੀਆਂ ਨੂੰ ਪੂਰਾ ਪਰਿਵਾਰ ਹੀ ਨਹੀਂ ਸਮਝਦਾ? ਪੂਰੇ ਪਰਿਵਾਰ ਲਈ ਲੜਕੇ ਦਾ ਹੋਣਾ ਜ਼ਰੂਰੀ ਸਮਝਦਾ ਹੈ। ਕੁੜੀਆਂ ਨੂੰ ਘਰ ਦੀ ਰੌਣਕ ਕਹਿਣ/ਮੰਨਣ ਵਾਲੇ ਸਮਾਜ ਵਿੱਚ ਕੁੜੀ ਦੇ ਜਨਮ ’ਤੇ ਨਮੋਸ਼ੀ ਤੇ ਮੁੰਡੇ ਦੇ ਜਨਮ ’ਤੇ ਖ਼ੁਸ਼ੀਆਂ ਮਨਾਉਣ ਦੀ ਰੀਤ ਕੌੜਾ ਸੱਚ ਹੈ। ਮੇਰੀ ਜਾਚੇ ਪਰਿਵਾਰ ਤਾਂ ਪੂਰਾ ਆਪਸੀ ਸਮਝ, ਸਹਿਯੋਗ, ਗਿਆਨ, ਚੇਤਨਾ ਤੇ ਸਕਾਰਾਤਮਕ ਸੋਚ ਨਾਲ ਹੁੰਦਾ ਹੈ। ਸਾਡੇ ਸਮਾਜ ਵਿੱਚ ਮਾਪਿਆਂ ਦੀ ਸਾਂਭ-ਸੰਭਾਲ, ਰਿਸ਼ਤਿਆਂ ਨੂੰ ਨਿਭਾਉਣ ਤੇ ਪਰਿਵਾਰਾਂ ਨੂੰ ਬੁਲੰਦੀ ’ਤੇ ਲਿਜਾਣ ਵਿੱਚ ਲੜਕੀਆਂ ਦੇ ਵੱਡੇ ਯੋਗਦਾਨ ਨੂੰ ਹਰਗਿਜ਼ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਜਿਹੜਾ ਸਮਾਜ ਨਵਜੰਮੇ ਦੀ ਕਿਲਕਾਰੀ ਨੂੰ ਮੁੰਡੇ ਤੇ ਕੁੜੀ ਦੀ ਨਜ਼ਰ ਨਾਲ ਵੇਖਦਾ ਹੈ, ਅਜਿਹੇ ਪੱਛੜੇ ਸਮਾਜ ਨੂੰ ਚੇਤਨਾ, ਸੁਹਜ ਤੇ ਸਿਆਣਪ ਦੇ ਚਾਨਣ ਨਾਲ ਹੀ ਸੰਵਾਰਿਆ ਜਾ ਸਕਦਾ ਹੈ।

ਰਸ਼ਪਿੰਦਰ ਪਾਲ ਕੌਰ, ਸ੍ਰੀ ਮੁਕਤਸਰ ਸਾਹਿਬ

ਯੋਗਤਾ ਪ੍ਰੀਖਿਆਵਾਂ ’ਚ ਅਣਗਹਿਲੀ

ਪਿਛਲੇ ਦਿਨੀਂ ਨੀਟ-2026 ਦੀ ਪ੍ਰੀਖਿਆ ਦੇ ਰੱਦ ਹੋਣ ਨਾਲ ਜਿੱਥੇ ਲੱਖਾਂ ਬੱਚਿਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ, ਉੱਥੇ ਸਾਡੇ ਦੇਸ਼ ਦੇ ਸਿੱਖਿਆ ਸਿਸਟਮ ’ਤੇ ਵੀ ਸਵਾਲ ਉੱਠੇ ਹਨ। ਲੱਖਾਂ ਵਿਦਿਆਰਥੀ, ਜਿਨ੍ਹਾਂ ਨੇ ਲੱਖਾਂ ਰੁਪਏ ਦੀ ਕੋਚਿੰਗ ਲੈ ਕੇ ਇਸ ਦੀ ਤਿਆਰੀ ਕੀਤੀ, ਉਨ੍ਹਾਂ ਦੇ ਸੁਪਨੇ ਵੀ ਟੁੱਟੇ ਹਨ। ਸਿਸਟਮ ਦੀਆਂ ਕਾਲੀਆਂ ਭੇਡਾਂ ਇਸ ਸਭ ਨੂੰ ਅੱਖੋਂ-ਪਰੋਖੇ ਕਰ ਮਿੰਟਾਂ-ਸਕਿੰਟਾਂ ’ਚ ਲੱਖਾਂ ਸੁਪਨਿਆਂ ’ਤੇ ਪਾਣੀ ਫੇਰ ਦਿੰਦੀਆਂ ਹਨ। ਇੱਕ ਪਾਸੇ ਨਵੀਂ ਸਿੱਖਿਆ ਨੀਤੀ ਮਾਨਸਿਕ ਤਣਾਅ ਘੱਟ ਕਰਨ ਦੀ ਗੱਲ ਕਰਦੀ ਹੈ, ਪਰ ਕੀ ਸਿੱਖਿਆ ਸਿਸਟਮ ਵਿੱਚ ਆਏ ਪੇਪਰ ਲੀਕ ਦੇ ਇਹ ਮਾਮਲੇ ਵਿਦਿਆਰਥੀਆਂ ਦੇ ਤਣਾਅ ਨੂੰ ਘੱਟ ਕਰਨਗੇ? ਜੇਕਰ ਸਰਕਾਰ ਵਾਕਈ ਦੇਸ਼ ਦੇ ਵਿਦਿਆਰਥੀਆਂ ਪ੍ਰਤੀ ਗੰਭੀਰ ਹੈ ਤਾਂ ਇਸ ਸਾਰੇ ਮਾਮਲੇ ਦੀ ਪੜਤਾਲ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਬਣਦੀਆਂ ਹਨ।

ਬਲਵੀਰ ਸਿੰਘ ਬਾਸੀਆਂ, ਪਿੰਡ ਤੇ ਡਾਕ. ਬਾਸੀਆਂ ਬੇਟ

(2)

13 ਮਈ ਦੀ ਸੰਪਾਦਕੀ ਵਿੱਚ ਨੀਟ ਦੀ ਪ੍ਰੀਖਿਆ ਬਾਰੇ ਜਵਾਬਦੇਹੀ ਤੈਅ ਕਰਨ ਸਬੰਧੀ ਬੇਬਾਕੀ ਨਾਲ ਵਰਣਨ ਕੀਤਾ ਗਿਆ ਹੈ ਅਤੇ ਉਨ੍ਹਾਂ ਵਿਦਿਆਰਥੀਆਂ ਦੇ ਦਰਦ ਨੂੰ ਵੀ ਭਲੀਭਾਂਤ ਚਿਤਰਿਆ ਗਿਆ ਹੈ, ਜਿਹੜੇ ਇਹ ਪ੍ਰੀਖਿਆ ਪਹਿਲਾਂ ਦੇ ਚੁੱਕੇ ਹਨ ਤੇ ਹੁਣ ਮੁੜ ਉਨ੍ਹਾਂ ਨੂੰ ਇਸ ਪ੍ਰਸ਼ਾਸਨਿਕ ਨਾਲਾਇਕੀ ਦਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਮਾਮਲੇ ਵਿੱਚ ਪਾਰਦਰਸ਼ੀ ਜਾਂਚ, ਅਪਰਾਧਿਕ ਮੁਕੱਦਮੇ ਅਤੇ ਪ੍ਰਸਾਸ਼ਨਿਕ ਜਵਾਬਦੇਹੀ ਬੇਹੱਦ ਲਾਜ਼ਮੀ ਹੈ। ਨੈਸ਼ਨਲ ਟੈਸਟਿੰਗ ਏਜੰਸੀ ਦੀ ਸਾਖ਼ ਹੁਣ ਮਿੱਟੀ ਵਿੱਚ ਮਿਲ ਚੁੱਕੀ ਹੈ। ਸਬੰਧਿਤ ਅਧਿਕਾਰੀਆਂ ਨੇ ਬੀਤੇ ਤੋਂ ਕੁਝ ਨਹੀਂ ਸਿੱਖਿਆ, ਸਗੋਂ ਹੁਣ ਤਾਂ ਹੋਰ ਘੁਣ ਲੱਗ ਗਿਆ ਹੈ। ਵਿਨੇਸ਼ ਬਨਾਮ ਸਿਆਸੀ ਘੋਲ ਸਬੰਧੀ ਲਿਖੀ ਸੰਪਾਦਕੀ ਵੀ ਸ਼ਲਾਘਾਯੋਗ ਹੈ। ਹੁਣ ਭਾਰਤੀ ਖੇਡ ਪ੍ਰਸ਼ਾਸਨ ਲਈ ਪਾਰਦਰਸ਼ਤਾ, ਨਿਰਪੱਖਤਾ ਤੇ ਭਰੋਸੇਯੋਗਤਾ ਸਾਬਤ ਕਰਨ ਦੀ ਘੜੀ ਹੈ। ਵਿਨੇਸ਼ ਦੀ ਗੌਂਡਾ (ਉੱਤਰ ਪ੍ਰਦੇਸ਼) ਵਿੱਚ ਕਰਾਏ ਗਏ ਓਪਨ ਰੈਂਕਿੰਗ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਅਸਫ਼ਲ ਹੋ ਗਈ। ਇਸ ਦੁਰਵਿਹਾਰ ਤੋਂ ਸਪੱਸ਼ਟ ਹੈ ਕਿ ਅਧਿਕਾਰੀ ਮਸਲਾ ਹੱਲ ਕਰਨ ਵੱਲ ਸੇਧਿਤ ਹੀ ਨਹੀਂ ਹਨ।

ਡਾ. ਅਜੀਤਪਾਲ ਸਿੰਘ, ਬਠਿੰਡਾ

(3)

ਸੰਪਾਦਕੀ ਨੀਟ ਪ੍ਰੀਖਿਆ ਬਾਰੇ ਜਵਾਬਦੇਹੀ ਚੰਗੀ ਲੱਗੀ। ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨਾ ਬਹੁਤ ਜ਼ਰੂਰੀ ਹੈ। ਪੇਪਰ ਲੀਕ ਹੋਣਾ ਐੱਨ ਟੀ ਏ ਲਈ ਬਹੁਤ ਸ਼ਰਮਨਾਕ ਵਰਤਾਰਾ ਹੈ। ਇਸ ਨਾਲ ਵਿਦਿਆਰਥੀ ਇੱਕ ਵਾਰੀ ਫਿਰ ਤਣਾਅ ਵਿੱਚ ਆ ਜਾਣਗੇ। ਐੱਨ ਟੀ ਏ ਨੇ ਭਾਵੇਂ ਮੁੜ ਪ੍ਰੀਖਿਆ ਬਾਰੇ ਆਸਾਨੀ ਨਾਲ ਕਹਿ ਦਿੱਤਾ ਹੈ ਪਰ ਇਸ ਗੱਲ ਨੂੰ ਹਜ਼ਮ ਕਰਨਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਸੁਖਾਲਾ ਨਹੀਂ। ਇਸ ਦੀ ਕੀ ਗਾਰੰਟੀ ਹੈ ਕਿ ਦੁਬਾਰਾ ਹੋਣ ਵਾਲੀ ਪ੍ਰੀਖਿਆ ’ਚ ਪੇਪਰ ਲੀਕ ਨਹੀਂ ਹੋਵੇਗਾ? ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਅਧਿਕਾਰੀ ਇਨ੍ਹਾਂ ਪ੍ਰੀਖਿਆਵਾਂ ਨੂੰ ਪਾਰਦਰਸ਼ਤਾ ਤੇ ਇਮਾਨਦਾਰੀ ਦੇ ਨਾਲ ਕਰਾਉਣ।

ਸਪਿੰਦਰ ਸਿੰਘ, ਸਰਹਿੰਦ

ਕਮਲ ਦੀ ਕਰੈਚ

ਲੇਖ ‘ਕਮਲ ਦੀ ਕਰੈਚ ਦੇ ਕਬੂਤਰ’ ਹਕੀਕਤ ਨਾਲ ਜੁੜਿਆ ਹੋਇਆ ਲੱਗਿਆ। ਕਬੂਤਰ ਦੀ ਸਾਧਾਰਨ ਮੌਜੂਦਗੀ ਰਾਹੀਂ ਲੇਖਕ ਨੇ ਮਨੁੱਖ ਅਤੇ ਕੁਦਰਤ ਦੇ ਰਿਸ਼ਤੇ ਨੂੰ ਸੁੰਦਰ ਢੰਗ ਨਾਲ ਦਰਸਾਇਆ ਹੈ। ਲਿਖਤ ਸਿੱਧੀ, ਸਾਦੀ ਤੇ ਦਿਲ ਨੂੰ ਛੂਹਣ ਵਾਲੀ ਹੈ ਅਤੇ ਅਸਲੀ ਜੀਵਨ ਦੀ ਝਲਕ ਦਿੰਦੀ ਹੈ।

ਹਰਮਨਜੀਤ ਸਿੰਘ, ਪਟਿਆਲਾ

Advertisement
×