DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਿਲਾ ਰਾਖਵਾਂਕਰਨ ਬਾਰੇ ਨੀਅਤ ’ਚ ਖੋਟ

25 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਐੱਸ ਐੱਲ ਵਿਰਦੀ ਐਡਵੋਕੇਟ ਦਾ ਲੇਖ ‘ਰਾਖਵਾਂਕਰਨ ਜਾਂ ਹੱਦਬੰਦੀ’ ਪੜ੍ਹਿਆ। ਮਹਿਲਾ ਰਾਖਵਾਂਕਰਨ ਬਿੱਲ ’ਤੇ ਲੇਖਕ ਸਾਰੀਆਂ ਸਿਆਸੀ ਪਾਰਟੀਆਂ ਦੇ ਵਿਚਾਰ ਸਾਡੇ ਸਾਹਮਣੇ ਰੱਖਦਾ ਹੈ। ਦੂਜੇ ਪਾਸੇ ‘ਅੱਜ ਦੇ ਵਿਚਾਰ’ ਵਿੱਚ ਦਿੱਤਾ ਜੌਰਜ ਓਰਵੈੱਲ ਦਾ...

  • fb
  • twitter
  • whatsapp
  • whatsapp
Advertisement

25 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਐੱਸ ਐੱਲ ਵਿਰਦੀ ਐਡਵੋਕੇਟ ਦਾ ਲੇਖ ‘ਰਾਖਵਾਂਕਰਨ ਜਾਂ ਹੱਦਬੰਦੀ’ ਪੜ੍ਹਿਆ। ਮਹਿਲਾ ਰਾਖਵਾਂਕਰਨ ਬਿੱਲ ’ਤੇ ਲੇਖਕ ਸਾਰੀਆਂ ਸਿਆਸੀ ਪਾਰਟੀਆਂ ਦੇ ਵਿਚਾਰ ਸਾਡੇ ਸਾਹਮਣੇ ਰੱਖਦਾ ਹੈ। ਦੂਜੇ ਪਾਸੇ ‘ਅੱਜ ਦੇ ਵਿਚਾਰ’ ਵਿੱਚ ਦਿੱਤਾ ਜੌਰਜ ਓਰਵੈੱਲ ਦਾ ਕਥਨ ‘ਸਿਆਸਤ ਆਪਣੇ ਆਪ ਵਿੱਚ ਝੂਠ, ਨਫ਼ਰਤ ਅਤੇ ਮਾਨਸਿਕ ਵਿਕਾਰਾਂ ਦਾ ਮਿਲਗੋਭਾ’, ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਕਰਨ ਵੇਲੇ ਵਰਤੇ ਗਏ ਝੂਠ ਅਤੇ ਵਿਕਾਰਾਂ ਨਾਲ ਮੇਲ ਖਾਂਦਾ ਹੈ। ਇਹ ਲੇਖ ਬਿੱਲ ਅੰਦਰਲੇ ਐੱਸ ਸੀ/ ਐੱਸ ਟੀ ਮਹਿਲਾਵਾਂ ਦੇ ਸੰਸਦ ਦੇ ਉਪਰਲੇ ਸਦਨ ਵਿੱਚ ਸੰਵਿਧਾਨਕ ਰਾਖਵਾਂਕਰਨ ਨੂੰ ਅੱਖੋਂ-ਪਰੋਖੇ ਕਰਨ ਦੇ ਵਿਚਾਰ ਨੂੰ ਉਜਾਗਰ ਕਰਦਾ ਹੈ। ਦਲਿਤ ਆਗੂਆਂ ਦਾ ਖ਼ਦਸ਼ਾ ਸਹੀ ਜਾਪਦਾ ਹੈ ਕਿ ਭਾਜਪਾ ਮਹਿਲਾ ਰਾਖਵਾਂਕਰਨ ਬਿੱਲ ਰਾਹੀਂ ਐੱਸ ਸੀ/ਐੱਸ ਟੀ ਦੀਆਂ ਸੀਟਾਂ ਹੜੱਪਣਾ ਚਾਹੁੰਦੀ ਹੈ।

ਜਗਰੂਪ ਸਿੰਘ ਉਭਾਵਾਲ

Advertisement

ਚਿੰਤਨ ਦੀ ਲੋੜ

Advertisement

28 ਅਪਰੈਲ ਦੇ ਅੰਕ ’ਚ ਛਪੀ ਖ਼ਬਰ ‘ਗਰੁੱਪ ਡੀ ਅਸਾਮੀਆਂ: 42 ਫ਼ੀਸਦੀ ਉਮੀਦਵਾਰ ਪੰਜਾਬੀ ’ਚੋਂ ਫੇਲ੍ਹ’ ਪੜ੍ਹ ਕੇ ਹੈਰਾਨੀ ਹੋਈ ਕਿ ਸਾਡੇ ਬੱਚੇ ਪੰਜਾਬੀ ਭਾਸ਼ਾ ਵਿੱਚ ਕਿਉਂ ਪੱਛੜ ਰਹੇ ਹਨ? ਮਾਂ ਬੋਲੀ ਪੰਜਾਬੀ ਵਿੱਚ ਫੇਲ੍ਹ ਹੋਣਾ ਇਸ ਪਿਛਲੇ ਕਾਰਨਾਂ ਨੂੰ ਜਾਣਨ ਅਤੇ ਉਨ੍ਹਾਂ ਦੇ ਹੱਲ ਦੀ ਮੰਗ ਕਰਦਾ ਹੈ। ਦਰਸਾਇਆ ਗਿਆ ਹੈ ਕਿ ਵਿਦਿਆਰਥੀਆਂ ਦਾ ਪ੍ਰਾਇਮਰੀ ਪੱਧਰ ਤੋਂ ਹੀ ਮਾਂ-ਬੋਲੀ ’ਚ ਹੱਥ ਕਮਜ਼ੋਰ ਰਿਹਾ ਹੈ। ਹੁਣ ਜਦੋਂ ਨੀਂਹ ਹੀ ਕਮਜ਼ੋਰ ਹੋਵੇਗੀ, ਫਿਰ ਅੱਗੇ ਤਾਂ ਮੁਸ਼ਕਿਲਾਂ ਆਉਣਗੀਆਂ ਹੀ। ਸਿੱਖਿਆ ਦੇ ਦਿਨੋ-ਦਿਨ ਡਿੱਗ ਰਹੇ ਪੱਧਰ ਕਾਰਨ ਹੀ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲਦੇ ਹੋਏ ਪਰਵਾਸ ਕਰ ਰਹੇ ਹਨ। ਅਧਿਆਪਕਾਂ ਨੂੰ ਚੋਣ ਡਿਊਟੀ ਅਤੇ ਮਰਦਮਸ਼ੁਮਾਰੀ ਦੇ ਕੰਮਾਂ ਵਿੱਚ ਲਾ ਕੇ ਸਕੂਲਾਂ ਦੀ ਲਿੱਪਾ-ਪੋਚੀ ਕਰਕੇ ਰੰਗ ਕਰਨ ਨਾਲ ਸਿੱਖਿਆ ਅਤੇ ਵਿਦਿਆਰਥੀਆਂ ਦਾ ਪੱਧਰ ਉੱਚਾ ਨਹੀਂ ਹੋਣਾ ਸਗੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਿੱਖਿਆ ਨੀਤੀ ਦੀ ਘੋਖ ਕਰਕੇ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੋਵੇਗਾ।

ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

ਬਿਜਲੀ ਕੱਟਾਂ ਤੋਂ ਲੋਕ ਦੁਖੀ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਦੇ ਕੱਟ ਲੱਗਣ ਕਰਕੇ ਲੋਕ ਬਹੁਤ ਦੁਖੀ ਹਨ। ਬਿਜਲੀ ਕੱਟ ਲੱਗਣ ਕਾਰਨ ਬਿਮਾਰ ਅਤੇ ਆਮ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਗਰਮੀ ਬਹੁਤ ਹੀ ਜ਼ਿਆਦਾ ਪੈ ਰਹੀ ਹੈ। ਇਸ ਤੋਂ ਬਚਣ ਲਈ ਲੋਕਾਂ ਕੋਲ ਸਿਰਫ਼ ਤੇ ਸਿਰਫ਼ ਇੱਕ ਸਾਧਨ ਬਿਜਲੀ ਹੀ ਹੈ। ਪਿਛਲੀਆਂ ਅਤੇ ਮੌਜੂਦਾ ਸਰਕਾਰਾਂ ਦੇ ਬਿਜਲੀ ਵਾਧੂ ਹੋਣ ਦੇ ਦਾਅਵਿਆਂ ਦੀ ਇਸ ਅਤਿ ਦੀ ਪੈ ਗਰਮੀ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਤੋਂ ਪਹਿਲਾਂ ਬਿਜਲੀ ਦੀ ਸਪਲਾਈ ਘਰਾਂ ਅਤੇ ਖੇਤਾਂ ਵਿੱਚ ਵਧੀਆ ਚੱਲ ਰਹੀ ਸੀ, ਪਰ ਕੁਝ ਦਿਨਾਂ ਤੋਂ ਕਈ ਇਲਾਕਿਆਂ ਵਿੱਚ ਲੱਗ ਰਹੇ ਕੱਟਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਨੂੰ ਬੇਨਤੀ ਹੈ ਕਿ ਬਿਜਲੀ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਛੇਤੀ ਤੋਂ ਛੇਤੀ ਰਾਹਤ ਦਿਵਾਈ ਜਾਵੇ।

ਗੁਰਤੇਜ ਸਿੰਘ ਖੁਡਾਲ, ਬਠਿੰਡਾ

ਖੇਤੀ ਘਾਟੇ ਦਾ ਸੌਦਾ

28 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਗੁਰਪ੍ਰੀਤ ਦਾ ਲੇਖ ‘ਪੰਜਾਬ ’ਚ ਖੇਤੀ ਹੁਣ ਘਾਟੇ ਦਾ ਸੌਦਾ’ ਪੜ੍ਹਿਆ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇੱਕ ਫ਼ਸਲ ਨੂੰ ਸਿਰੇ ਚਾੜ੍ਹਨ ਲਈ ਕਿਸਾਨਾਂ ਨੂੰ ਕਿਨ੍ਹਾਂ-ਕਿਨ੍ਹਾਂ ਸਥਿਤੀਆਂ ’ਚੋਂ ਲੰਘਣਾ ਪੈਂਦਾ ਹੈ। ਜਿੰਨਾ ਚਿਰ ਸਾਰੀ ਫ਼ਸਲ ਸਾਂਭੀ ਨਾ ਜਾਏ, ਕਿਸਾਨ ਦੇ ਸਿਰ ’ਤੇ ਚਿੰਤਾ ਦਾ ਬੋਝ ਬਣਿਆ ਰਹਿੰਦਾ ਹੈ। ਜੇ ਖੇਤੀ ਨੂੰ ਸੁਚੱਜੇ ਢੰਗ ਤੇ ਸੂਝ-ਬੂਝ ਨਾਲ ਕੀਤਾ ਜਾਵੇ ਤਾਂ ਖੇਤੀ ਦੁਨੀਆ ਦਾ ਸਭ ਤੋਂ ਮੁਨਾਫ਼ੇ ਵਾਲਾ ਧੰਦਾ ਹੈ। ਖੇਤੀ ਘਾਟੇਵੰਦਾ ਧੰਦਾ ਕਿਵੇਂ ਬਣ ਗਈ? ਇਸ ਦੇ ਜਵਾਬ ’ਚ ਕਹਿ ਸਕਦੇ ਹਾਂ ਕਿ ਕਿਸਾਨ ਖੇਤੀ ਨੂੰ ਇੱਕ ਬਿਜ਼ਨਸ ਵਜੋਂ ਘੱਟ ਅਤੇ ਜੱਦੀ-ਪੁਸ਼ਤੀ ਕਿੱਤਾ ਸਮਝ ਕੇ ਕਰ ਰਿਹਾ ਹੈ। ਜਿੰਨਾ ਚਿਰ ਕਿਸਾਨ ਖੇਤੀ ਵਿਭਿੰਨਤਾ ਨੂੰ ਨਹੀਂ ਅਪਣਾਉਂਦਾ, ਓਨਾ ਚਿਰ ਸਫ਼ਲ ਨਹੀਂ ਹੋ ਸਕਦਾ। ਕਿਸਾਨੀ ਦੇ ਫੇਲ੍ਹ ਹੋਣ ਦਾ ਕਾਰਨ ਬੇਲੋੜੇ ਕਰਜ਼ੇ, ਵੱਡੀਆਂ-ਵੱਡੀਆਂ ਲਿਮਟਾਂ ਤੇ ਆੜ੍ਹਤੀਆਂ ਦਾ ਖੁੱਲ੍ਹਾ ਲੈਣ-ਦੇਣ ਆਦਿ ਹੈ। ਹਿਸਾਬ-ਕਿਤਾਬ ਕਿਸੇ ਵੀ ਕਿਸਾਨ ਨੇ ਕਦੇ ਵੀ ਨਹੀਂ ਕੀਤਾ ਹੋਣਾ ? ਸਰਕਾਰਾਂ ਵੱਲੋਂ ਫ਼ਸਲ ਦੀ ਖਰੀਦੋ-ਫਰੋਖਤ ਵੇਲੇ ਬੇਰੁਖ਼ੀ ਵਿਖਾਉਣੀ, ਵਾਜਬ ਮੁੱਲ ਨਾ ਦੇਣਾ ਤੇ ਢੁੱਕਵੇਂ ਪ੍ਰਬੰਧਾਂ ਦੀ ਘਾਟ ਵੀ ਕਿਸਾਨੀ ਧੰਦੇ ’ਚ ਨਿਘਾਰ ਲਈ ਜ਼ਿੰਮੇਵਾਰ ਹੈ। ਜੇ ਕਿਸਾਨ ਤੇ ਸਰਕਾਰ ਦਾ ਸਹੀ ਤਾਲਮੇਲ ਬਣ ਜਾਵੇ ਤਾਂ ਖੇਤੀਬਾੜੀ ਇੱਕ ਉੱਤਮ ਤੇ ਲਾਹੇਵੰਦ ਕਿੱਤਾ ਬਣ ਸਕਦਾ ਹੈ।

ਸੁਖਦੇਵ ਸਿੰਘ ਭੁੱਲੜ, ਜ਼ੀਰਾ

(2)

ਗੁਰਪ੍ਰੀਤ ਦਾ ਲੇਖ ‘ਪੰਜਾਬ ’ਚ ਖੇਤੀ ਹੁਣ ਘਾਟੇ ਦਾ ਸੌਦਾ’ ਪੜ੍ਹ ਕੇ ਹੈਰਾਨੀ ਹੋਈ ਕਿ ਇੱਕ ਏਕੜ ਦਾ ਠੇਕਾ 70-80 ਹਜ਼ਾਰ ਰੁਪਏ ਤੱਕ ਪਹੁੰਚ ਗਿਆ, ਪਰ ਫਿਰ ਵੀ ਖੇਤੀ ਨੂੰ ਘਾਟੇ ਦਾ ਸੌਦਾ ਹੀ ਕਿਹਾ ਜਾ ਰਿਹਾ ਹੈ। ਬੇਮੌਸਮੀ ਮੀਂਹ, ਗੜ੍ਹੇ, ਘੱਟ ਝਾੜ ਆਦਿ ਸਭ ਕੁਝ ਦੀ ਚਿੰਤਾ ਠੇਕੇ ’ਤੇ ਖੇਤੀ ਕਰਨ ਵਾਲੇ ਨੂੰ ਹੀ ਹੁੰਦੀ ਹੈ। ਜ਼ਮੀਨਾਂ ਦੇ ਮਾਲਕ ਠੇਕੇ ਦੀ ਕੁਝ ਰਕਮ ਤਾਂ ਪੇਸ਼ਗੀ ਦੇ ਰੂਪ ਵਿੱਚ ਵੀ ਲੈਂਦੇ ਹਨ। ਸਿਆਸੀ ਲੀਡਰਾਂ, ਵੱਡੇ ਜ਼ਿੰਮੀਦਾਰਾਂ, ਅਫਸਰਾਂ, ਆੜ੍ਹਤੀਆਂ, ਪ੍ਰਾਪਰਟੀ ਡੀਲਰਾਂ ਆਦਿ ਨੇ ਆਪਣੀਆਂ ਜ਼ਮੀਨਾਂ ਠੇਕੇ ’ਤੇ ਦੇ ਰੱਖੀਆਂ ਹਨ। ਖੇਤੀਬਾੜੀ ਖੇਤਰ ਵਿੱਚ ਅਮੀਰ ਹੋਰ ਅਮੀਰ ਹੋ ਗਏ ਹਨ ਜਦੋਂਕਿ ਮਹਿੰਗੇ ਠੇਕੇ ’ਤੇ ਖੇਤੀ ਕਰਨ ਵਾਲੇ ਗ਼ਰੀਬ ਕਿਸਾਨਾਂ ਦੀ ਹਾਲਤ ’ਚ ਕੋਈ ਸੁਧਾਰ ਨਹੀਂ ਹੋ ਰਿਹਾ।

ਸੋਹਣ ਲਾਲ ਗੁਪਤਾ, ਪਟਿਆਲਾ

ਸ਼ਬਦਾਂ ਦੀ ਚੋਣ

ਗੁਰਸ਼ਰਨ ਕੌਰ ਦੀ ਰਚਨਾ ‘ਸ਼ਬਦਾਂ ਦੀ ਚੋਣ’ ਵਿੱਚ ਪੰਜਾਬੀ ਭਾਸ਼ਾ ਦੀ ਸ਼ਬਦ ਸਮਰੱਥਾ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਹੈ। ਆਮ ਤੌਰ ’ਤੇ ਪੰਜਾਬੀ ਭਾਸ਼ਾ ਦੇ ਆਲੋਚਕ ਇਸ ਨੂੰ ਗਵਾਰ ਅਤੇ ਰੁੱਖੀ ਭਾਸ਼ਾ ਕਹਿ ਕੇ ਤ੍ਰਿਸਕਾਰਦੇ ਹਨ, ਪਰ ਉਹ ਭੁੱਲ ਜਾਂਦੇ ਹਨ ਕਿ ਇਸੇ ਭਾਸ਼ਾ ਵਿੱਚ ਹੀ ਮਾਂ ਦੀਆਂ ਮਿੱਠੀਆਂ ਲੋਰੀਆਂ ਸੁਣਦੇ-ਸੁਣਦੇ ਉਹ ਜਵਾਨ ਹੋਏ ਹਨ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਸਾਰੇ ਗੁਰੂ ਸਾਹਿਬਾਨ ਅਤੇ ਅਨੇਕਾਂ ਭਗਤਾਂ ਨੇ ਜਗਤ ਜਲੰਦੇ ਨੂੰ ਠਾਰਨ ਲਈ ਬਾਣੀ ਦੀ ਰਚਨਾ ਕਰਨ ਵਾਸਤੇ ਪੰਜਾਬੀ ਭਾਸ਼ਾ ਨੂੰ ਹੀ ਮਾਧਿਅਮ ਵਜੋਂ ਵਰਤਿਆ ਹੈ। ਵਾਰਿਸ ਸ਼ਾਹ, ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ ਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਕਵੀਆਂ ਨੇ ਇਸੇ ਭਾਸ਼ਾ ਵਿੱਚ ਹੀ ਆਪਣੀਆਂ ਵਿਸ਼ਵ-ਪੱਧਰੀ ਰਚਨਾਵਾਂ ਰਚੀਆਂ ਹਨ। ਅਸਲ ਵਿੱਚ ਭਾਸ਼ਾ ਕੋਈ ਵੀ ਰੁੱਖੀ ਨਹੀਂ ਹੁੰਦੀ। ਭਾਸ਼ਾ ਦਾ ਰੁੱਖਾਪਣ ਜਾਂ ਮਿਠਾਸ ਤਾਂ ਉਸ ਦੀ ਵਰਤੋਂ ਕਰਨ ਵਾਲਿਆਂ ਦੀ ਆਪਣੀ ਸਮਰੱਥਾ ’ਤੇ ਨਿਰਭਰ ਕਰਦਾ ਹੈ।

ਨਾਇਬ ਸਿੰਘ ਪੰਨੀਵਾਲੀਆ, ਮਲੋਟ

ਦੂਸ਼ਿਤ ਪਾਣੀ

ਭਾਰਤੀ ਸੰਸਕ੍ਰਿਤੀ ਵਿੱਚ ਪਾਣੀ ਪਿਆਉਣਾ ਪਵਿੱਤਰ ਅਤੇ ਪੁੰਨ ਕਰਮ ਮੰਨਿਆ ਜਾਂਦਾ ਹੈ। ਪਾਣੀ ਪਿਆਉਣ ਦੀ ਸੇਵਾ ਸਾਡੇ ਬਜ਼ੁਰਗਾਂ ਨੇ ਪਿਆਊ ਲਗਵਾ ਕੇ ਅਤੇ ਰਾਹਾਂ ’ਚ ਮਿੱਟੀ ਦੇ ਘੜੇ ਰੱਖ ਕੇ ਕੀਤੀ ਸੀ। ਮਹਿਮਾਨਨਿਵਾਜ਼ੀ ਵਿੱਚ ਵੀ ਆਏ ਮਹਿਮਾਨ ਨੂੰ ਸਭ ਤੋਂ ਪਹਿਲਾਂ ਪਾਣੀ ਪਿਆਇਆ ਜਾਂਦਾ ਹੈ। ਖਾਦਾਂ ਅਤੇ ਸਪਰੇਆਂ ਨੇ ਪਾਣੀ ਦੂਸ਼ਿਤ ਕਰ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਪਾਣੀ ਮੁੱਲ ਵਿਕਣ ਲੱਗ ਪਿਆ ਹੈ। ਘਰ-ਘਰ ਆਰ.ਓ. ਲੱਗ ਗਏ ਹਨ। ਪਾਣੀ ਨੀਵੇਂ ਪੱਧਰ ’ਤੇ ਜਾਣ ਕਰਕੇ ਅਤੇ ਦੂਸ਼ਿਤ ਹੋਣ ਕਰਕੇ ਦੂਹਰੀ ਮਾਰ ਪੈ ਰਹੀ ਹੈ। ਅਮੀਰ ਸਾਫ਼ ਪਾਣੀ ਪੀ ਸਕਦੇ ਹਨ, ਪਰ ਗ਼ਰੀਬ ਨਹੀਂ ਪੀ ਸਕਦੇ। ਇਸ ਵਰਤਾਰੇ ਨੇ ਸਮਾਜਿਕ ਪਾੜਾ ਵਧਾਇਆ ਹੈ। ਸਰਕਾਰ ਅਤੇ ਲੋਕ ਮਿਲਜੁਲ ਕੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਇੱਕ ਲੋਕ ਲਹਿਰ ਉਸਾਰਨ ਤਾਂ ਜੋ ਪਾਣੀ ਸਮਾਨਤਾ ਨਾਲ ਮਿਲ ਸਕੇ।

ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ

ਪਾਣੀਪਤ ਤੋਂ ਬੰਗਾਲ ਤੱਕ

27 ਅਪਰੈਲ ਦੇ ਨਜ਼ਰੀਆ ਪੰਨੇ ’ਤੇ ‘ਪਾਣੀਪਤ ਤੋਂ ਬੰਗਾਲ ਤੱਕ’ ਲੇਖ ਵਿੱਚ ਜਯੋਤੀ ਮਲਹੋਤਰਾ ਨੇ ਬੰਗਾਲ ਦੇ ਤਤਕਾਲੀ ਤੇ ਸਮਕਾਲੀ ਵਰਤਾਰਿਆਂ ਨੂੰ ਬਾਖ਼ੂਬੀ ਅੰਕਿਤ ਕੀਤਾ ਹੈ। ਇੱਥੋਂ 1967 ਵਿੱਚ ਉੱਠੀ ਤੇ ਸਾਰੇ ਦੇਸ਼ ’ਚ ਫੈਲੀ ਨਕਸਲਬਾੜੀ ਲਹਿਰ ਦਾ ਜ਼ਿਕਰ ਨਾ ਕਰਨਾ ਬੰਗਾਲ ਦੇ ਇਤਿਹਾਸ ਨਾਲ ਜ਼ਿਆਦਤੀ ਮਹਿਸੂਸ ਹੁੰਦੀ ਹੈ। ਜੇਕਰ ਇੱਥੇ 34 ਸਾਲਾ ਖੱਬੇ-ਪੱਖੀ ‘ਸਰਕਾਰ’ ਦਾ ਨੋਟਿਸ ਲਿਆ ਜਾ ਸਕਦਾ ਹੈ, ਫਿਰ ਇੱਕ ਵਿਸ਼ਾਲ ਮਾਓਵਾਦੀ ਰਾਜਨੀਤਕ ਉਭਾਰ ਕਿਵੇਂ ਨਜ਼ਰਅੰਦਾਜ਼ ਹੋ ਗਿਆ ਹੈ ?

ਡਾ. ਲਾਭ ਸਿੰਘ ਖੀਵਾ, ਚੰਡੀਗੜ੍ਹ

Advertisement
×