ਪਾਠਕਾਂ ਦੇ ਖ਼ਤ
ਧੀਆਂ ਦੀ ਪਰਵਾਜ਼ 2 ਮਈ ਦੇ ਅੰਕ ਵਿੱਚ ਦਲਬੀਰ ਸਿੰਘ ਧਾਲੀਵਾਲ ਦਾ ਲੇਖ ‘ਅੰਬਰ ਛੂੰਹਦੀਆਂ ਧੀਆਂ ਦੀ ਪਰਵਾਜ਼’ ਨਾਰੀ ਸ਼ਕਤੀ, ਆਤਮ-ਵਿਸ਼ਵਾਸ ਤੇ ਸਮਾਜਿਕ ਉਥਾਨ ਦਾ ਬੇਮਿਸਾਲ ਪ੍ਰਤੀਕ ਹੈ। ਲੇਖਕ ਨੇ ਧੀਆਂ ਦੇ ਸੰਘਰਸ਼ ਅਤੇ ਉਪਲਬਧੀਆਂ ਨੂੰ ਉਜਾਗਰ ਕੀਤਾ ਹੈ। ਧੀਆਂ...
ਧੀਆਂ ਦੀ ਪਰਵਾਜ਼
2 ਮਈ ਦੇ ਅੰਕ ਵਿੱਚ ਦਲਬੀਰ ਸਿੰਘ ਧਾਲੀਵਾਲ ਦਾ ਲੇਖ ‘ਅੰਬਰ ਛੂੰਹਦੀਆਂ ਧੀਆਂ ਦੀ ਪਰਵਾਜ਼’ ਨਾਰੀ ਸ਼ਕਤੀ, ਆਤਮ-ਵਿਸ਼ਵਾਸ ਤੇ ਸਮਾਜਿਕ ਉਥਾਨ ਦਾ ਬੇਮਿਸਾਲ ਪ੍ਰਤੀਕ ਹੈ। ਲੇਖਕ ਨੇ ਧੀਆਂ ਦੇ ਸੰਘਰਸ਼ ਅਤੇ ਉਪਲਬਧੀਆਂ ਨੂੰ ਉਜਾਗਰ ਕੀਤਾ ਹੈ। ਧੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਤੋਂ ਘੱਟ ਨਹੀਂ, ਸਗੋਂ ਆਪਣੇ ਦ੍ਰਿੜ੍ਹ ਨਿਸ਼ਚੇ ਨਾਲ ਨਵੀਆਂ ਉਚਾਈਆਂ ਨੂੰ ਛੂਹ ਰਹੀਆਂ ਹਨ। ਧੀਆਂ ਬੋਝ ਨਹੀਂ ਸਗੋਂ ਘਰ-ਪਰਿਵਾਰ ਅਤੇ ਦੇਸ਼ ਦਾ ਮਾਣ ਹਨ। ਹੁਣ ਕੁੜੀਆਂ ਹਰ ਖੇਤਰ ’ਚ ਅੱਗੇ ਵਧ ਰਹੀਆਂ ਹਨ, ਚਾਹੇ ਉਹ ਡਾਕਟਰੀ, ਇੰਜੀਨੀਅਰਿੰਗ, ਅਧਿਆਪਨ, ਖੇਡਾਂ ਜਾਂ ਪ੍ਰਸ਼ਾਸਨਿਕ ਸੇਵਾਵਾਂ ਹੋਣ। ਸਕੂਲੀ ਪ੍ਰੀਖਿਆਵਾਂ ’ਚ ਵੀ ਧੀਆਂ ਨੇ ਮੁੰਡਿਆਂ ਨੂੰ ਪਿੱਛੇ ਛੱਡਿਆ ਹੈ। ਸਿੱਖਿਆ ਪ੍ਰਾਪਤ ਧੀ ਆਪਣੇ ਪਰਿਵਾਰ ਦੀ ਸਿਹਤ, ਬੱਚਿਆਂ ਦੀ ਪਰਵਰਿਸ਼ ਤੇ ਆਰਥਿਕ ਮਜ਼ਬੂਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਕੁੜੀਆਂ ਦੀ ਸਿੱਖਿਆ ਸਿਰਫ਼ ਇੱਕ ਪਰਿਵਾਰ ਦੀ ਨਹੀਂ, ਸਗੋਂ ਪੂਰੇ ਦੇਸ਼ ਦੀ ਤਰੱਕੀ ਦੀ ਕੁੰਜੀ ਹੈ। ਇੱਕ ਪੜ੍ਹੀ ਲਿਖੀ ਕੁੜੀ ਇੱਕ ਸਫ਼ਲ ਸਮਾਜ ਦੀ ਨੀਂਹ ਹੁੰਦੀ ਹੈ।
ਸ਼ਰਨਜੀਤ ਸਿੰਘ ਰਟੌਲ, ਪਟਿਆਲਾ
ਨਫ਼ਰਤੀ ਤਕਰੀਰਾਂ
2 ਮਈ ਦੇ ਸੰਪਾਦਕੀ ‘ਨਫ਼ਰਤੀ ਭਾਸ਼ਣ ’ਤੇ ਰੋਕ’ ਵਿੱਚ ਸੁਪਰੀਮ ਕੋਰਟ ਨੇ ਫ਼ਿਰਕੂ ਨਫ਼ਰਤੀ ਤਕਰੀਰਾਂ ਕਾਰਨ ਦੇਸ਼ ਵਿੱਚ ਫ਼ਿਰਕੂ ਸਦਭਾਵਨਾ ਅਤੇ ਜਨਤਕ ਵਿਵਸਥਾ ਵਿਗੜਨ ਦੇ ਖ਼ਤਰੇ ਉੱਤੇ ਬਿਲਕੁਲ ਸਹੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਬੰਧਿਤ ਕਾਨੂੰਨਾਂ ਨੂੰ ਸਹੀ ਢੰਗ ਨਾਲ ਲਾਗੂ ਨਾ ਕਰ ਸਕਣ ਉੱਤੇ ਕਾਰਜਪਾਲਿਕਾ ਅਤੇ ਪੁਲੀਸ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਸਥਿਤੀ ਦਾ ਵਿਰੋਧਾਭਾਸ ਇਹ ਵੀ ਹੈ ਕਿ ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਦਿੱਤੇ ਆਪਣੇ ਫ਼ੈਸਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਭਾਜਪਾ ਨੇਤਾ ਪਰਵੇਸ਼ ਵਰਮਾ ਦੀਆਂ ਨਫ਼ਰਤੀ ਤਕਰੀਰਾਂ ਨੂੰ ਗੰਭੀਰ ਅਪਰਾਧ ਨਾ ਮੰਨਦੇ ਹੋਏ ਉਨ੍ਹਾਂ ਵਿਰੁੱਧ ਹੇਠਲੀ ਅਦਾਲਤ ਵੱਲੋਂ ਪੁਲੀਸ ਕੇਸ ਦਰਜ ਨਾ ਕਰਨ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਹਾਈਕੋਰਟ ਦੇ ਜਿਸ ਜੱਜ ਐੱਸ. ਮੁਰਲੀਧਰ ਨੇ ਦਿੱਲੀ ਪੁਲੀਸ ਨੂੰ ਅਨੁਰਾਗ ਠਾਕੁਰ, ਕਪਿਲ ਮਿਸ਼ਰਾ ਅਤੇ ਪਰਵੇਸ਼ ਵਰਮਾ ਆਦਿ ਭਾਜਪਾ ਨੇਤਾਵਾਂ ਦੇ ਖ਼ਿਲਾਫ਼ ਅਜਿਹਾ ਨਫ਼ਰਤੀ ਭਾਸ਼ਣ ਦੇਣ ਸਬੰਧੀ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ, ਉਸ ਦਾ 26 ਫਰਵਰੀ 2020 ਨੂੰ ਰਾਤੋ-ਰਾਤ ਤਬਾਦਲਾ ਕਰ ਦਿੱਤਾ ਗਿਆ ਸੀ। ਦਿੱਲੀ ਪੁਲੀਸ ਵੱਲੋਂ ਉਲਟਾ ਸਗੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ, ਸਮਾਜਿਕ ਕਾਰਕੁਨਾਂ ਅਤੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਹੀ ਦਿੱਲੀ ਹਿੰਸਾ ਦੇ ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਡੱਕਿਆ ਗਿਆ।
ਸੁਮੀਤ ਸਿੰਘ, ਅੰਮ੍ਰਿਤਸਰ
ਪੰਜਾਬ ਦੀ ਸਿਆਸਤ
2 ਮਈ ਦੇ ਅੰਕ ’ਚ ਜਗਤਾਰ ਸਿੰਘ ਦਾ ਲੇਖ ‘ਪੰਜਾਬ ਸਿਆਸਤ: ਭਾਜਪਾ ਅਤੇ ‘ਆਪ’ ਦਾ ਰਾਜਨੀਤੀ’ ਸਬੰਧੀ ਲੇਖ ਪੜ੍ਹਿਆ, ਜੋੋ ‘ਆਪ’ ਦੇ ਸੱਤ ਰਾਜ ਸਭਾ ਮੈਂਬਰਾਂ ਦਾ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਘਟਨਾ ਦਾ ਪੰਜਾਬ ਦੀ ਰਾਜਨੀਤੀ ਉੱਤੇ ਅਸਰਅੰਦਾਜ਼ ਹੋਣ ਦੀ ਚਰਚਾ ਕਰਦਾ ਹੈ। ਨਿਰਸੰਦੇਹ, ਇਹ ਪੰਜਾਬ ਉੱਤੇ ਥੋਪੇ ਗਏ ਰਾਜ ਸਭਾ ਮੈਂਬਰ ਸਨ। ਭਾਜਪਾ ਨੇ ਆਪਣੀ ਰਾਜ ਸਭਾ ਦੀ ਗਿਣਤੀ ਵਿੱਚ ਸੱਤ ਮੈਂਬਰਾਂ ਦਾ ਵਾਧਾ ਕਰਕੇ ਆਪਣੀ ਤਾਕਤ ਵਧਾ ਲਈ ਹੋਵੇ, ਪਰ ਪੰਜਾਬੀਆਂ ਨੇ ਪਾਰਟੀ ਛੱਡਣ ਵਾਲਿਆਂ ਨੂੰ ‘ਗੱਦਾਰ’ ਸਮਝਿਆ ਹੈ। ਪੰਜਾਬ ਵਿੱਚ ਇਸ ਘਟਨਾ ਦਾ ਲਾਭ ਨਹੀਂ ਹੋਵੇਗਾ। ਆਉਂਦੀਆਂ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦਰਮਿਆਨ ਹੋਣ ਵਾਲਾ ਮੁਕਾਬਲਾ ਦਿਲਚਸਪ ਹੋਵੇਗਾ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਇਨਸਾਨੀਅਤ ਸ਼ਰਮਸਾਰ
30 ਅਪਰੈਲ ਦੇ ਅੰਕ ਵਿੱਚ ਸੰਪਾਦਕੀ ‘ਕਾਗ਼ਜ਼ੀ ਕਾਰਵਾਈ ਬਨਾਮ ਮਨੁੱਖਤਾ’ ਪੜ੍ਹ ਕੇ ਮਨ ਬਹੁਤ ਦੁਖੀ ਹੋਇਆ ਕਿ ਕਿਸ ਤਰ੍ਹਾਂ ਸਾਡੇ ਦੇਸ਼ ਦੀ ਅਫ਼ਸਰਸ਼ਾਹੀ ਗ਼ਰੀਬ ਅਤੇ ਮਜਬੂਰ ਲੋਕਾਂ ਨੂੰ ਬੇਇੱਜ਼ਤ ਕਰਦੀ ਹੈ, ਉਡੀਸ਼ਾ ਦੇ ਕਿਉਂਝਰ ਜ਼ਿਲ੍ਹੇ ਵਿੱਚ ਇਸਦਾ ਪ੍ਰਤੱਖ ਸਬੂਤ ਮਿਲਿਆ ਹੈ। ਇੱਕ ਗ਼ਰੀਬ ਇਨਸਾਨ ਆਪਣੀ ਮਰੀ ਭੈਣ ਦੇ ਖਾਤੇ ਵਿੱਚ ਪਏ 19,300 ਰੁਪਏ ਕਢਵਾਉਣਾ ਚਾਹੁੰਦਾ ਸੀ, ਪਰ ਬੈਂਕ ਅਫ਼ਸਰ ਉਸ ਦੀ ਭੈਣ ਦੇ ਮਰਨ ਦਾ ਸਬੂਤ ਅਤੇ ਵਾਰਿਸ ਸਰਟੀਫਿਕੇਟ ਮੰਗ ਰਹੇ ਸੀ। ਬੈਂਕ ਅਫਸਰਾਂ ਦੇ ਵਾਰ-ਵਾਰ ਗੇੜਿਆਂ ਤੋਂ ਅੱਕ ਕੇ ਉਹ ਆਪਣੀ ਭੈਣ ਦੀ ਕਬਰ ਖੋਦ ਕੇ ਪਿੰਜਰ ਹੀ ਬੈਂਕ ਵਿੱਚ ਲੈ ਆਇਆ। ਇਸ ਤੋਂ ਪਹਿਲਾਂ ਬਿਹਾਰ ਵਿੱਚ ਇੱਕ ਆਂਗਨਵਾੜੀ ਮੁਲਾਜ਼ਮ ਨੂੰ ਬਿਮਾਰ ਹੋਣ ’ਤੇ ਛੁੱਟੀ ਲਈ ਅਰਜ਼ੀ ਦਿੱਤੀ ਤਾਂ ਅਫ਼ਸਰ ਕਹਿੰਦਾ ਸਬੂਤ ਲਿਆਓ ਤਾਂ ਉਹ ਹਸਪਤਾਲ ’ਚੋਂ ਸਣੇ ਗੁਲੂਕੋਜ਼ ਦੀ ਬੋਤਲ ਲਾਈ ਉਸ ਅਫ਼ਸਰ ਕੋਲ਼ ਪਹੁੰਚ ਗਈ। ਸਾਡੇ ਦੇਸ਼ ਵਿੱਚ ਅਫ਼ਸਰਸ਼ਾਹੀ ਦੇ ਵੱਡੇ ਹਿੱਸੇ ਨੂੰ ਨੈਤਿਕ ਕਦਰਾਂ ਕੀਮਤਾਂ, ਹਮਦਰਦੀ ਅਤੇ ਦਇਆ ਭਾਵਨਾ ਦੀ ਬਿਲਕੁਲ ਵੀ ਸਮਝ ਨਹੀਂ ਜਾਪਦੀ। ਦੁੱਖ ਦੀ ਗੱਲ ਇਹ ਹੈ ਕਿ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰਨ ਦੇ ਬਾਵਜੂਦ ਸਰਕਾਰਾਂ ਕੋਈ ਠੋਸ ਕਦਮ ਨਹੀਂ ਉਠਾਉਂਦੀਆਂ।
ਚਰਨਜੀਤ ਸਿੰਘ ਮੁਕਤਸਰ, ਸ੍ਰੀ ਮੁਕਤਸਰ ਸਾਹਿਬ
ਡਿਜੀਟਲ ਭੁਗਤਾਨ
ਹਾਲ ਹੀ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਪੇਅਟੀਐੱਮ (Paytm) ਪੇਮੈਂਟਸ ਬੈਂਕ ਦਾ ਲਾਇਸੈਂਸ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਨਾਲ ਲੱਖਾਂ ਗਾਹਕਾਂ ’ਚ ਚਿੰਤਾ ਦਾ ਮਾਹੌਲ ਹੈ। ਬਹੁਤੇ ਲੋਕ ਡਿਜੀਟਲ ਭੁਗਤਾਨ ਲਈ ਪੇਅਟੀਐੱਮ ਵਰਗੀਆਂ ਸੇਵਾਵਾਂ ’ਤੇ ਨਿਰਭਰ ਹਨ। ਇਸ ਫ਼ੈਸਲੇ ਕਾਰਨ ਗਾਹਕਾਂ ਨੂੰ ਪੈਸੇ ਦੇ ਲੈਣ-ਦੇਣ ਅਤੇ ਭਵਿੱਖ ਦੀਆਂ ਸਹੂਲਤਾਂ ਬਾਰੇ ਅਨਿਸ਼ਚਿਤਤਾ ਮਹਿਸੂਸ ਹੋ ਰਹੀ ਹੈ। ਛੋਟੇ ਵਪਾਰੀਆਂ ਲਈ ਇਹ ਸਥਿਤੀ ਹੋਰ ਵੀ ਮੁਸ਼ਕਿਲ ਬਣ ਸਕਦੀ ਹੈ, ਕਿਉਂਕਿ ਉਹ ਰੋਜ਼ਾਨਾ ਦੇ ਕਾਰੋਬਾਰ ਲਈ ਡਿਜੀਟਲ ਬੈਂਕਿੰਗ ਦੀ ਵਰਤੋਂ ਕਰਦੇ ਹਨ। ਭਾਵੇਂ ਆਰ ਬੀ ਆਈ ਦਾ ਇਹ ਕਦਮ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਹੋ ਸਕਦਾ ਹੈ, ਪਰ ਗਾਹਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਵੀ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਸਪੱਸ਼ਟ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
ਅਰਸ਼ਪ੍ਰੀਤ ਕੌਰ, ਜਲੰਧਰ ਸ਼ਹਿਰ
ਖੋਖ਼ਲਾ ਕਵਚ
23 ਅਪਰੈਲ ਦੀ ਸੰਪਾਦਕੀ ‘ਖੋਖ਼ਲਾ ਕਵਚ’ ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਦੇ ਨਾਮ ’ਤੇ ਲੋਕਾਂ ਨਾਲ ਕੀਤੇ ਇੱਕ ਕੋਝੇ ਮਜ਼ਾਕ ਬਾਰੇ ਦੱਸਦਾ ਹੈ। ਜਦੋਂ ਹਸਪਤਾਲ ਪਹੁੰਚੇ ਵਿਅਕਤੀ ਨੂੰ ਕਾਊਂਟਰ ਤੋਂ ਹੀ ਮੋੜ ਦਿੱਤਾ ਜਾਂਦਾ ਹੈ ਤਾਂ ਉਸ ਦੀ ਮਨੋਸਥਿਤੀ ਕਿਹੋ ਜਿਹੀ ਹੋਵੇਗੀ? ਇਹ ਸਮੱਸਿਆ ਤੁਰੰਤ ਸਰਕਾਰੀ ਦਖ਼ਲ ਦੀ ਮੰਗ ਕਰਦੀ ਹੈ। ਚੰਗਾ ਹੋਵੇ ਜੇ ਸਰਕਾਰ ਇਸ਼ਤਿਹਾਰਾਂ ਰਾਹੀਂ ਬੀਮੇ ਵਿੱਚ ਦਰਜ ਬਿਮਾਰੀਆਂ ਅਤੇ ਇਲਾਜ ਲਈ ਸੂਚੀਬੱਧ ਹਸਪਤਾਲਾਂ ਦੀ ਜਾਣਕਾਰੀ ਸਾਂਝੀ ਕਰੇ। ਪ੍ਰਸ਼ਾਸਨਿਕ ਅਧਿਕਾਰੀ ਜ਼ਿਲ੍ਹੇ ਵਿੱਚ ਪੈਂਦੇ ਸਾਰੇ ਹਸਪਤਾਲਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਨ। ਸਰਕਾਰੀ ਸਕੀਮਾਂ ਵਿੱਚ ਭਰੋਸੇਯੋਗਤਾ ਪੈਦਾ ਕਰਨਾ ਸਰਕਾਰ ਦੀ ਤਰਜੀਹੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।
ਡਾ. ਗੁਰਿੰਦਰ ਸਿੰਘ ਬਰਾੜ, ਮੁਹਾਲੀ
ਗਿਆ ਗੁਜ਼ਰਿਆ
22 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਕਮਲਜੀਤ ਸਿੰਘ ਬਨਵੈਤ ਦੀ ਰਚਨਾ ‘ਗਿਆ ਗੁਜ਼ਰਿਆ’ ਪਸੰਦ ਆਈ। ਇਸ ਲੇਖ ਵਿੱਚ ਜਿੱਥੇ ਉਨ੍ਹਾਂ ਆਪਣੀ ਪਤਨੀ ਦੀਆਂ ਕੁਝ ਚੰਗੀਆਂ ਆਦਤਾਂ ਅਤੇ ਮਿਹਨਤੀ ਸੁਭਾਅ ਦਾ ਜ਼ਿਕਰ ਕੀਤਾ ਹੈ, ਉਥੇ ਸਾਡੇ ਘਰਾਂ ’ਚ ਮਿਹਨਤ-ਮਜ਼ਦੂਰੀ ਕਰਨ ਲਈ ਆਉਣ ਵਾਲੇ ਸਫ਼ਾਈ ਕਰਮਚਾਰੀਆਂ ਦੀ ਖ਼ੁਦਦਾਰੀ ਦੀ ਗੱਲ ਬੜੇ ਚੰਗੇ ਢੰਗ ਨਾਲ ਬਿਆਨ ਕੀਤੀ ਹੈ। ਅਸਲੀ ਇੱਜ਼ਤ ਆਪਣੇ ਕੰਮ ਨਾਲ ਕਮਾਈ ਜਾਂਦੀ ਹੈ ਨਾ ਕਿ ਵਧੇਰੇ ਪੈਸੇ ਲੈਣ ਨਾਲ। ਅੰਤ ਵਿੱਚ ਲੇਖਕ ਨੇ ਪਾਸਪੋਰਟ ਦੀ ਵੈਰੀਫਿਕੇਸ਼ਨ ਲਈ ਆਏ ਮੁਲਾਜ਼ਮ ਵੱਲੋਂ ਰਿਸ਼ਵਤ ਦੇ ਪੈਸੇ ਅੜ ਕੇ ਲੈਣ ਦੀ ਗੱਲ ਕਰ ਕੇ ਮਨੁੱਖ ਦੇ ਇਮਾਨ ਅਤੇ ਸਬਰ ਤੋਂ ਥਿੜਕਣ ਦੀ ਮਿਸਾਲ ਪੇਸ਼ ਕੀਤੀ ਹੈ।
-ਬਿਕਰਮਜੀਤ ਸਿੰਘ, ਪਟਿਆਲਾ
ਅਵਤਾਰ ਸਿੰਘ ਭੁੱਲਰ, ਬਾਬਾ ਬਕਾਲਾ
ਕਿਸਾਨ-ਮਜ਼ਦੂਰਾਂ ਦੀ ਜ਼ਿੰਦਗੀ
17 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਜਗਰੂਪ ਕੌਰ ਦਾ ਲੇਖ ‘ਕਿਸਾਨ ਮਜ਼ਦੂਰਾਂ ਦੀ ਜ਼ਿੰਦਗੀ ’ਤੇ ਮੌਸਮੀ ਤਬਦੀਲੀਆਂ ਦਾ ਅਸਰ’ ਪੜ੍ਹਿਆ| ਪੰਜਾਬ ਦੀ ਖੇਤੀਬਾੜੀ ਸਿਰਫ਼ ਅਨਾਜ ਉਗਾਉਣ ਦਾ ਸਾਧਨ ਹੀ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਦਾ ਧੁਰਾ ਵੀ ਹੈ| ਕਿਸਾਨ ਖੇਤੀ ’ਤੇ ਨਿਰਭਰ ਕਰਦਾ ਹੈ, ਪਰ ਕਈ ਸਾਲਾਂ ਤੋਂ ਮੌਸਮੀ ਤਬਦੀਲੀਆਂ ਕਾਰਨ ਖੇਤੀਬਾੜੀ ਪ੍ਰਣਾਲੀ ’ਤੇ ਪ੍ਰਭਾਵ ਪਿਆ ਹੈ| ਪਿਛਲੇ ਸਾਲ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੈ, ਇਸ ਲਈ ਫ਼ਸਲੀ ਵਿਭਿੰਨਤਾ ਦਾਲਾਂ, ਤੇਲ ਬੀਜਾਂ ਦੇ ਨਾਲ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਪੰਜਾਬ ਦੀ ਖੇਤੀ ਦੀ ਖੁਸ਼ਹਾਲੀ ਵਧ ਸਕਦੀ ਹੈ|
ਹਰਜੋਤ ਕੌਰ, ਮਹਿਲ ਖੁਰਦ (ਬਰਨਾਲਾ)

