DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਾਠਕਾਂ ਦੇ ਖ਼ਤ: ਸਕੂਲਾਂ ਦਾ ਸੁੰਗੜਦਾ ਦਾਇਰਾ

ਪਹਿਲੀ ਸਤੰਬਰ ਦੇ ਨਜ਼ਰੀਆ ਪੰਨੇ ’ਤੇ ਹਰਵਿੰਦਰ ਸਿੰਘ ਦਾ ਲੇਖ ‘ਸਰਕਾਰੀ ਸਕੂਲਾਂ ਦਾ ਸੁੰਗੜਦਾ ਦਾਇਰਾ’ ਵਿੱਚ ਤਰਕ ਭਰਪੂਰ ਗੱਲ ਕੀਤੀ ਹੈ। ਕੀ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਤਾ-ਪਿਤਾ ਸੰਤੁਸ਼ਟ ਹਨ ? ਇਹ ਇੱਕ ਵੱਡਾ ਸਵਾਲ ਹੈ। ਸਰਕਾਰੀ ਸਕੂਲਾਂ...

  • fb
  • twitter
  • whatsapp
  • whatsapp
Advertisement

ਪਹਿਲੀ ਸਤੰਬਰ ਦੇ ਨਜ਼ਰੀਆ ਪੰਨੇ ’ਤੇ ਹਰਵਿੰਦਰ ਸਿੰਘ ਦਾ ਲੇਖ ‘ਸਰਕਾਰੀ ਸਕੂਲਾਂ ਦਾ ਸੁੰਗੜਦਾ ਦਾਇਰਾ’ ਵਿੱਚ ਤਰਕ ਭਰਪੂਰ ਗੱਲ ਕੀਤੀ ਹੈ। ਕੀ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਤਾ-ਪਿਤਾ ਸੰਤੁਸ਼ਟ ਹਨ ? ਇਹ ਇੱਕ ਵੱਡਾ ਸਵਾਲ ਹੈ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਦਿੱਤੀਆਂ ਜਾ ਰਹੀਆਂ ਬਾਹਰਲੀਆਂ ਡਿਊਟੀਆਂ ਬੱਚਿਆਂ ਨਾਲ ਰਾਬਤਾ ਬਣਾਉਣ ਵਿੱਚ ਵੱਡਾ ਰੋੜਾ ਬਣਦੀਆਂ ਹਨ। ਇਸ ਤੋਂ ਇਲਾਵਾ ਮੋਹਣ ਬੀਕਾ ਦਾ ਮਿਡਲ ‘ਜਦੋਂ ਰਸੋਈ ਵਿੱਚ ਭੂਤ ਵੜਿਆ’ ਵੀ ਕਾਬਲੇਗ਼ੌਰ ਤੇ ਦਿਲਚਸਪ ਰਚਨਾ ਹੈ।

ਜਸਬੀਰ ਸਿੰਘ, ਦੱਧਾਹੂਰ (ਲੁਧਿਆਣਾ)

Advertisement

ਏ ਆਈ ਯੁੱਗ ’ਚ ਰੁਜ਼ਗਾਰ

3 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਡਾ. ਬ੍ਰਹਮਲੀਨ ਕੌਰ ਸਿੱਧੂ ਦਾ ਲੇਖ ‘ਏ ਆਈ ਦੇ ਯੁੱਗ ’ਚ ਰੁਜ਼ਗਾਰ ਦਾ ਭਵਿੱਖ’ ਪੜ੍ਹਿਆ। ਜੀਵਨ ਵਿੱਚ ਕਿਸੇ ਵੀ ਨਵੀਂ ਚੀਜ਼ ਦੇ ਆਪਣੇ ਲਾਭ-ਹਾਨੀਆਂ ਹੁੰਦੇ ਹਨ। ਉਦਯੋਗੀਕਰਨ ਨਾਲ ਕਈ ਕਾਰੀਗਰਾਂ ਦੇ ਰੁਜ਼ਗਾਰ ’ਤੇ ਫ਼ਰਕ ਪਿਆ ਹੋਵੇਗਾ, ਪਰ ਸਮਾਂ ਪਾ ਕੇ ਅਸੀਂ ਇਸ ਨਾਲ ਚੱਲਣਾ ਵੀ ਸਿੱਖ ਹੀ ਲਿਆ ਹੈ। ਇਸ ਲਈ ਸਾਨੂੰ ਏ ਆਈ ਦੇ ਇਸ ਯੁੱਗ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ। ਅਸੀਂ ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋ ਸਕਦੇ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਕੇਵਲ ਡਿਗਰੀ ਤੋਂ ਰੁਜ਼ਗਾਰ ਮਿਲਣ ਦੀ ਉਮੀਦ ਨਹੀਂ ਰੱਖ ਸਕਦੇ। ਜੇਕਰ ਏ ਆਈ ਹੁਨਰ ਨੂੰ ਨਿਖਾਰਨ ਵਿੱਚ ਸਾਡੀ ਮਦਦ ਕਰਦੀ ਹੈ ਤਾਂ ਇਹ ਕੋਈ ਬੁਰੀ ਗੱਲ ਨਹੀਂ। ਹੋ ਸਕਦਾ ਹੈ ਕਿ ਏ ਆਈ ਕਿਸੇ ਖੇਤਰ ਵਿੱਚ ਮਨੁੱਖ ਨੂੰ ਮਾਤ ਪਾ ਵੀ ਦੇਵੇ ਪਰ ਇਹ ਮਨੁੱਖ ਦੀ ਥਾਂ ਨਹੀਂ ਲੈ ਸਕਦੀ। ਕਦਰਾਂ-ਕੀਮਤਾਂ, ਭਾਵਨਾਵਾਂ, ਅਸੂਲ, ਰਚਨਾਤਮਕਤਾ, ਆਲੋਚਨਾਤਮਕ ਸੋਚ, ਲੀਡਰਸ਼ਿਪ, ਟੀਮ ਵਰਕ ਅਤੇ ਹੋਰ ਅਜਿਹੇ ਕਈ ਗੁਣ ਹਨ ਜੋ ਸਾਨੂੰ ਏ ਆਈ ਤੋਂ ਵੱਖ ਕਰਦੇ ਹਨ। ਮਸ਼ਹੂਰ ਮਨੋਵਿਗਿਆਨੀ ਵਿਲੀਅਮ ਜੇਮਸ ਨੇ 1890 ਵਿੱਚ ਕਿਹਾ ਸੀ ਕਿ ਮਨੁੱਖ ਆਪਣੀ ਮਾਨਸਿਕ ਸਮਰੱਥਾ ਦਾ ਸਿਰਫ਼ ਥੋੜ੍ਹਾ ਜਿਹਾ ਹਿੱਸਾ ਹੀ ਵਰਤਦੇ ਹਨ। ਇਹ ਕਥਨ ਮਨੁੱਖੀ ਦਿਮਾਗ ਦੀ ਵੱਡੀ ਸਮਰੱਥਾ ਨੂੰ ਦਰਸਾਉਂਦਾ ਹੈ ਜੋ ਵਿਕਸਿਤ ਹੋਣ, ਸਿੱਖਣ ਅਤੇ ਵਧਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਹਥਿਆਰ ਸੁੱਟਣ ਦੀ ਬਜਾਏ ਕਿ ਏ ਆਈ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੀ ਥਾਂ ਲੈ ਲਵੇਗੀ, ਇਹ ਸੋਚ ਰੱਖੀ ਜਾਵੇ ਕਿ ਮੈਂ ਏ ਆਈ ਤੋਂ ਹੀ ਮਦਦ ਲੈ ਕੇ ਆਪਣੇ ਆਪ ਨੂੰ ਹੋਰ ਕਾਬਲ ਕਿਵੇਂ ਬਣਾਵਾਂ।

Advertisement

ਦਿਲਪ੍ਰੀਤ ਕੌਰ, ਸ਼ਾਹਪੁਰ, ਜੀਵਨਪੁਰਾ

ਸਰਕਾਰੀ ’ਵਰਸਿਟੀਆਂ ’ਚ ਨਿਘਾਰ

2 ਸਤੰਬਰ ਦੇ ਅੰਕ ’ਚ ‘ਸਿੱਖਿਆ ਪੰਨੇ’ ’ਤੇ ਡਾ. ਸਿਕੰਦਰ ਸਿੰਘ ਚੀਮਾ ਦੇ ਲੇਖ ‘ਸਰਕਾਰੀ ਯੂਨੀਵਰਸਿਟੀਆਂ ਦਾ ਨਿਘਾਰ’ ਵਿੱਚ ਸਰਕਾਰੀ ਯੂਨੀਵਰਸਿਟੀਆਂ ਦੀ ਮਹੱਤਤਾ ਅਤੇ ਅਹਿਮੀਅਤ ਬਾਰੇ ਜ਼ਿਕਰ ਕੀਤਾ ਹੈ| ਸਰਕਾਰੀ ਯੂਨੀਵਰਸਿਟੀਆਂ ਦਾ ਉਦੇਸ਼ ਉੱਚ-ਸਿੱਖਿਆ ਅਤੇ ਬੌਧਿਕ ਬਣਤਰ ਦਾ ਮਜ਼ਬੂਤ ਆਧਾਰ ਤਿਆਰ ਕਰਨ ਦੇ ਨਾਨ ਨਾਲ ਸਮਾਜ ਦੀ ਤਰੱਕੀ ਲਈ ਯੋਗ, ਦੂਰਅੰਦੇਸ਼ੀ ਤੇ ਜ਼ਿੰਮੇਵਾਰ ਨਾਗਰਿਕ ਤਿਆਰ ਕਰਨਾ ਵੀ ਹੈ। ਸਰਕਾਰਾਂ, ਸਰਕਾਰੀ ਯੂਨੀਵਰਸਿਟੀਆਂ ਦੀ ਆਰਥਿਕ ਮਦਦ ਲਈ ਲੋੜੀਦੀਆਂ ਵਿੱਤੀ ਗਰਾਂਟਾਂ ਮੁਹੱਈਆ ਕਰਵਾਉਣ ਤਾਂ ਜੋ ਪੇਂਡੂ ਅਤੇ ਕਮਜ਼ੋਰ ਤਬਕੇ ਦੇ ਨੌਜਵਾਨ ਇਨ੍ਹਾਂ ਸਰਕਾਰੀ ਯੂਨੀਵਰਸਿਟੀਆਂ ਵਿੱਚ ਪੜ੍ਹ ਕੇ ਆਪਣੇ ਸੁਫ਼ਨੇ ਸਾਕਾਰ ਕਰ ਸਕਣ। ਜੇ ਸਰਕਾਰਾਂ ਆਪਣੀ ਵਿੱਤੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਉਣਗੀਆ ਤਾਂ ਹੀ ਸਰਕਾਰੀ ਯੂਨੀਵਰਸਿਟੀਆਂ ਦੀ ਦਸ਼ਾ ਅਤੇ ਦਿਸ਼ਾ ਸਾਰਥਿਕ ਰੂਪ ਵਿੱਚ ਬਦਲ ਸਕਣਗੀਆਂ|

ਹਰਿੰਦਰਜੀਤ ਸਿੰਘ, ਪਿੰਡ ਬਿਜਲਪੁਰ (ਪਟਿਆਲਾ)

ਮੌਨਸੂਨ ਦੀ ਘਾਟ

2 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਮੌਨਸੂਨ ਦੀ ਚਿਤਾਵਨੀ’ ਵਿੱਚ ਮੌਨਸੂਨ ਦੀ ਘਾਟ, ਤਾਪਮਾਨ ਦੇ ਵਾਧੇ ਅਤੇ ਖੇਤੀਬਾੜੀ ਸਮੇਤ ਧਰਤੀ ਹੇਠਲੇ ਪਾਣੀ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਚਿੰਤਾ ਪ੍ਰਗਟਾਈ ਗਈ ਹੈ। ਪੰਜਾਬ ਅੰਦਰ ਮੌਨਸੂਨ ਵਿੱਚ 36 ਫ਼ੀਸਦੀ ਘਾਟ ਅਤੇ ਟਿਊਬਵੈੱਲਾਂ ਰਾਹੀਂ ਸਿੰਜਾਈ ਦੀ ਵਧਦੀ ਨਿਰਭਰਤਾ ਦਾ ਜ਼ਿਕਰ ਹੈ। ਪੁਰਾਣੇ ਸਮਿਆਂ ਵਿੱਚ ਲੋਕ ਮੀਂਹ ਦੇ ਪਾਣੀ ਅਤੇ ਟੋਭਿਆਂ-ਖੂਹਾਂ ’ਤੇ ਹੀ ਨਿਰਭਰ ਸਨ, ਪਰ ਆਧੁਨਿਕਤਾ ਅਤੇ ਮੋਟਰਾਂ ਵਾਲੇ ਟਿਊਬਵੈੱਲਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਅੱਜ ਪਾਣੀ ਦਾ ਪੱਧਰ ਕਾਫ਼ੀ ਹੇਠਾਂ ਚਲਾ ਗਿਆ ਹੈ। ਇੱਕ ਪਾਸੇ ਮੀਂਹ ਘਟ ਰਹੇ ਹਨ, ਦੂਜੇ ਪਾਸੇ ਧਰਤੀ ਹੇਠਲਾ ਬਚਿਆ ਪਾਣੀ ਕੀਟਨਾਸ਼ਕਾਂ ਅਤੇ ਸੀਵਰੇਜ ਕਾਰਨ ਜ਼ਹਿਰੀਲਾ ਹੋ ਰਿਹਾ ਹੈ। ਪੰਜਾਬ ਦੇ ਮਾਲਵਾ ਖੇਤਰ ਅਤੇ ਹਰਿਆਣਾ ਦੇ ਸਿਰਸਾ, ਫ਼ਤਿਹਾਬਾਦ ਵਰਗੇ ਜ਼ਿਲ੍ਹਿਆਂ ਵਿੱਚ ਪਾਣੀ ਅੰਦਰ ਯੂਰੇਨੀਅਮ, ਆਰਸੈਨਿਕ ਅਤੇ ਫ਼ਲੋਰਾਈਡ ਵਰਗੇ ਤੱਤ ਵੱਡੀ ਗਿਣਤੀ ਵਿੱਚ ਮਿਲ ਰਹੇ ਹਨ, ਜੋ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਦਾ ਰੂਪ ਧਾਰ ਕੇ ‘ਧੀਮਾ ਜ਼ਹਿਰ’ ਬਣ ਚੁੱਕੇ ਹਨ। ਜੇਕਰ ਅਸੀਂ ਅੱਜ ਵੀ ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੀ ਸ਼ੁੱਧਤਾ ਪ੍ਰਤੀ ਸੁਚੇਤ ਨਾ ਹੋਏ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ।

ਗੁਰਬਾਜ ਸਿੰਘ, ਸਿਰਸਾ, ਹਰਿਆਣਾ

ਵਾਤਾਵਰਨ ਦਾ ਸੰਤੁਲਨ

2 ਸਤੰਬਰ 2026 ਦੇ ਨਜ਼ਰੀਆ ਪੰਨੇ ’ਤੇ ਅਸ਼ਵਨੀ ਚਤਰਥ ਦੇ ਲੇਖ ‘ਵਿਕਾਸ ਤੇ ਵਾਤਾਵਰਨ ਦਾ ਸੰਤੁਲਨ ਲਾਜ਼ਮੀ’ ਵਿੱਚ ਮਨੁੱਖਤਾ ਲਈ ਸਭ ਤੋਂ ਉੱਤਮ ਚੀਜ਼ ਅਨੁਕੂਲ ਵਾਤਾਵਰਨ ਦੀ ਗੱਲ ਕੀਤੀ ਹੈ। ਮਨੁੱਖ ਸੋਚਦਾ ਹੈ ਕਿ ਉਹ ਵਿਕਾਸ ਕਰੇ ਤਾਂ ਕਿ ਜੀਵਨ ਵਧੀਆ ਹੋ ਸਕੇ, ਪਰ ਜਦੋਂ ਜਦੋਂ ਵਿਕਾਸ ਨੂੰ ਤਰਜੀਹ ਦਿੱਤੀ ਜਾਂਦੀ ਹੈ ਤਾਂ ਉਸ ਪ੍ਰਕਿਰਿਆ ’ਚ ਅਕਸਰ ਵਾਤਾਵਰਨ ਦਾ ਘਾਣ ਹੁੰਦਾ ਹੈ। ਇਨ੍ਹਾਂ ਦੋਵੇਂ ਚੀਜ਼ਾਂ ਵਿਚਕਾਰ ਆਪਸੀ ਸੰਤੁਲਨ ਬਹੁਤ ਜ਼ਰੂਰੀ ਹੈ ਕਿਉਂਕਿ ਕੁਦਰਤ ਆਪਣੇ ਸਥਿਰ ਨਿਯਮਾਂ ਅਨੁਸਾਰ ਚੱਲਦੀ ਹੈ, ਜਿਨ੍ਹਾਂ ਵਿੱਚ ਵਿਗਾੜ ਆਉਣ ’ਤੇ ਆਲਮੀ ਪੱਧਰ ’ਤੇ ਕੁਦਰਤੀ ਆਫ਼ਤਾਂ ਆਉਂਦੀਆਂ ਹਨ। ਤਾਪਮਾਨ ਠੀਕ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਡੈਮਾਂ, ਦਰਿਆਵਾਂ, ਨਦੀਆਂ, ਨਹਿਰਾਂ, ਟੋਇਆ, ਝੀਲਾਂ ਆਦਿ ਵਿੱਚ ਇਕੱਠੀ ਹੋ ਰਹੀ ਗਾਦ ਨੂੰ ਯੋਜਨਾਬੱਧ ਤਰੀਕੇ ਨਾਲ ਕੱਢਣਾ ਚਾਹੀਦਾ ਹੈ। ਵੱਧ ਤੋਂ ਵੱਧ ਨਹਿਰਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ।

ਜਸਵੰਤ ਸਿੰਘ, ਅੰਬਾਲਾ ਛਾਉਣੀ ਹਰਿਆਣਾ

ਭਿਅੰਕਰ ਆਫ਼ਤ

28 ਅਗਸਤ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਹਿਮਾਲਿਆਈ ਆਫ਼ਤ’ ਗੰਭੀਰ ਚਿਤਾਵਨੀ ਦਾ ਇਸ਼ਾਰਾ ਕਰਦੀ ਹੈ। ਨੇਪਾਲ ’ਚ ਆਏ ਹੜ੍ਹ ਨੇ ਹੈਰਾਨ ਕਰਕੇ ਰੱਖ ਦਿੱਤਾ ਹੈ। ਹੜ੍ਹਾਂ ਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ, ਤਕਨੀਕੀ ਸੀਮਾਵਾਂ ਅਤੇ ਵਿਕਾਸ ਦਾ ਅਸੰਤੁਲਿਤ ਮਾਡਲ ਹੈ। ਇਸ ਦੇ ਉਲਟ ਭੂ-ਵਿਗਿਆਨਕਾਂ ਦਾ ਦਾਅਵਾ ਹੈ ਕਿ ਚੀਨ ਨੇ ਆਪਣੀ ਮੁੱਖ ਭੂਮੀ ਅੰਦਰ ਪੀਣਯੋਗ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਹਿਮਾਲਿਆ ਉੱਪਰ ਗਲੇਸ਼ੀਅਰੀ ਅਤੇ ਹੋਰ ਬਰਫ਼ਾਨੀ ਝੀਲਾਂ ਦਾ ਦਾਇਰਾ ਵਧਾਉਣ ਲਈ ਚੋਰੀ-ਛਿਪੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਮੁਹਿੰਮ ਜ਼ਰੀਏ ਭਾਰਤ ਅਤੇ ਨੇਪਾਲ ਵੱਲ ਵਗਣ ਵਾਲੇ ਦਰਿਆਵਾਂ ਉੱਤੇ ਚੱਟਾਨਾਂ ਦੀ ਮਦਦ ਨਾਲ ਆਰਜ਼ੀ ਬੰਨ੍ਹ ਖੜ੍ਹੇ ਕਰਕੇ ਦਰਿਆਵਾਂ ਦੀ ਦਿਸ਼ਾ ਨੂੰ ਬਦਲਿਆ ਜਾ ਰਿਹਾ ਹੈ। ਭੂਚਾਲਾਂ ਅਤੇ ਤੂਫ਼ਾਨਾਂ ਨਾਲ ਹੋਣ ਵਾਲੀ ਹਿਲਜੁਲ ਕਾਰਨ ਇਹ ਆਰਜ਼ੀ ਬੰਨ੍ਹ ਚੱਟਾਨਾਂ ਦੇ ਖਿਸਕਣ ਕਰਕੇ ਟੁੱਟ ਜਾਂਦੇ ਹਨ ਅਤੇ ਪਾਣੀ ਹੜ੍ਹਾਂ ਦਾ ਰੂਪ ਧਾਰ ਲੈਂਦਾ ਹੈ। ਹਿਮਾਲਿਆਈ ਖੇਤਰ ਗਲੋਬਲ ਔਸਤ ਨਾਲੋਂ ਦੋ ਗੁਣਾਂ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਇਸ ਕਰਕੇ ਹਿਮਾਲਿਆਈ ਗਲੇਸ਼ੀਅਰ ਪਿਘਲਣ ਦੀ ਦਰ ਵਿੱਚ ਵੀ ਵਾਧਾ ਹੋ ਰਿਹਾ ਹੈ, ਜਿਸ ਨਾਲ ਪਹਾੜੀ ਢਲਾਣਾਂ ਕਮਜ਼ੋਰ ਹੋ ਰਹੀਆਂ ਹਨ, ਜੋ ਭਵਿੱਖ ਵਿੱਚ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੀਆਂ ਹਨ।

ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)

ਤਰਸ ਗਏ ਪੰਜਾਬੀ ਨੂੰ !

28 ਅਗਸਤ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਜਸਵੰਤ ਸਿੰਘ ਗੰਡਮ ਦਾ ਲੇਖ ‘ਤਰਸ ਗਏ ਪੰਜਾਬੀ ਬੋਲਣ ਨੂੰ’ ਮਨ ਵਿੱਚ ਸੰਗੀਤਮਈ ਤਰੰਗ ਛੇੜਦਾ ਹੈ। ਇੱਕ ਓਪਰੇ ਮਨੁੱਖ ਵੱਲੋਂ ਲੇਖਕ ਨੂੰ ਘੁੱਟ ਕੇ ਜੱਫੀ ਪਾਉਣੀ ਕਿ ਉਸ ਨਾਲ ਪੰਜਾਬੀ ਵਿੱਚ ਖੁੱਲ੍ਹ ਕੇ ਗੱਲਾਂ ਕਰਨ ਦਾ ਮੌਕਾ ਮਿਲੇਗਾ, ਤੋਂ ਮਾਂ-ਬੋਲੀ ਪੰਜਾਬੀ ਦੇ ਮਹੱਤਵ ਦਾ ਪਤਾ ਲੱਗਦਾ ਹੈ। ਆਪਣੇ ਦੇਸ਼ ਵਿੱਚ ਪੰਜਾਬੀ ਨੂੰ ਅਨਪੜ੍ਹਾਂ ਦੀ ਭਾਸ਼ਾ ਕਹਿ ਕੇ ਤ੍ਰਿਸਕਾਰਨ ਵਾਲਿਆਂ ਨੂੰ ਇਸ ਦੀ ਮਹੱਤਤਾ ਦਾ ਪਤਾ ਉਦੋਂ ਲੱਗਦੈ ਜਦੋਂ ਵਿਦੇਸ਼ ਜਾ ਕੇ ਕਿਸੇ ਨਾਲ ਮਾਂ-ਬੋਲੀ ਵਿੱਚ ਗੱਲ ਕਰਨ ਨੂੰ ਤਰਸ ਜਾਂਦੇ ਹਨ। 29 ਅਗਸਤ ਦੇ ‘ਸਤਰੰਗ’ ਪੰਨੇ ’ਤੇ ਛਪੀ ਰਾਮ ਸਵਰਨ ਲੱਖੇਵਾਲੀ ਦੀ ਬਾਲ ਕਹਾਣੀ ‘ਕਰਾਮਾਤੀ ਘੰਟੀ’ ਬਾਲ ਮਨਾਂ ਦੀ ਸੋਚ ਨੂੰ ਵਿਗਿਆਨਿਕ ਸੋਚ ਨਾਲ ਜੋੜਦੀ ਹੈ। ਕਈ ਵਾਰੀ ਪੜ੍ਹੇ-ਲਿਖੇ ਵਿਅਕਤੀ ਵੀ ਅਗਿਆਨਤਾ ਵੱਸ ਗੈਬੀ ਸ਼ਕਤੀ ਵਰਗੀਆਂ ਬੇਸਿਰ-ਪੈਰ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਨ। ਅਸਲ ਵਿੱਚ ਹਰੇਕ ਘਟਨਾ ਪਿੱਛੇ ਕੋਈ ਨਾ ਕੋਈ ਵਿਗਿਆਨਿਕ ਕਾਰਨ ਹੁੰਦਾ ਹੈ। ਉਹ ਕਾਰਨ ਪੜਤਾਲ ਕਰਨ ਉਪਰੰਤ ਹੀ ਲੱਭਿਆ ਜਾ ਸਕਦਾ ਹੈ।

ਨਾਇਬ ਸਿੰਘ ਪੰਨੀਵਾਲੀਆ, ਮਲੋਟ (ਸ੍ਰੀ ਮੁਕਤਸਰ ਸਾਹਿਬ) 

Advertisement
×