ਪਾਠਕਾਂ ਦੇ ਖ਼ਤ: ਨਸ਼ਿਆਂ ਦੀ ਚੁਣੌਤੀ
24 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਨਸ਼ਿਆਂ ਦੀ ਚੁਣੌਤੀ’ ਪੜ੍ਹਿਆ। ਜਿਉਂ ਜਿਉਂ ਇਹ ਸਮੱਸਿਆ ਪੁਰਾਣੀ ਹੁੰਦੀ ਜਾਂਦੀ ਹੈ, ਤਿਉਂ ਤਿਉਂ ਇਹ ਗੁੰਝਲਦਾਰ ਹੁੰਦੀ ਜਾ ਰਹੀ ਹੈ ਤੇ ਇਸ ਦਾ ਹੱਲ ਸਿਆਸਤ ਦੀਆਂ ਗੁੰਝਲਾਂ ’ਚ ਉਲਝਕੇ ਰਹਿ ਗਿਆ ਹੈ। ਮਾਹਿਰ...
24 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਨਸ਼ਿਆਂ ਦੀ ਚੁਣੌਤੀ’ ਪੜ੍ਹਿਆ। ਜਿਉਂ ਜਿਉਂ ਇਹ ਸਮੱਸਿਆ ਪੁਰਾਣੀ ਹੁੰਦੀ ਜਾਂਦੀ ਹੈ, ਤਿਉਂ ਤਿਉਂ ਇਹ ਗੁੰਝਲਦਾਰ ਹੁੰਦੀ ਜਾ ਰਹੀ ਹੈ ਤੇ ਇਸ ਦਾ ਹੱਲ ਸਿਆਸਤ ਦੀਆਂ ਗੁੰਝਲਾਂ ’ਚ ਉਲਝਕੇ ਰਹਿ ਗਿਆ ਹੈ। ਮਾਹਿਰ ਕਹਿੰਦੇ ਹਨ ਕਿ ਨਸ਼ਿਆਂ ਨੂੰ ਖ਼ਤਮ ਕਰਨਾ ਕੋਈ ਔਖੀ ਗੱਲ ਨਹੀਂ ਪਰ ਜੇ ਸਾਡੇ ਸਿਆਸਤਦਾਨ ਇਸ ਨੂੰ ਖਤਮ ਕਰਨ ਲਈ ਇਮਾਨਦਾਰ ਹੋਣ। ਜਦੋਂ ਇਹ ਖ਼ਬਰਾਂ ਆਉਂਦੀਆਂ ਹਨ ਕਿ ਨਸ਼ਿਆਂ ਦੀ ਢੋਆ-ਢੁਆਈ ਮੰਤਰੀਆਂ ਅਤੇ ਸਿਆਸਤਦਾਨਾਂ ਦੀਆਂ ਗੱਡੀਆਂ ਰਾਹੀ ਹੋ ਰਹੀ ਹੈ ਤਾਂ ਨਸ਼ੇ ਖ਼ਤਮ ਕੌਣ ਕਰੇਗਾ। ਇੰਝ ਲੱਗਦਾ ਹੈ ਕਿ ਨਸ਼ਾ ਇਸ ਵੇਲੇ ਦੀ ਚੁਣੌਤੀ ਨਹੀਂ, ਸਗੋਂ ਇੱਕ ਸਮੱਸਿਆ ਬਣ ਕੇ ਰਹਿ ਗਿਆ ਹੈ।
ਪ੍ਰਿੰਸੀਪਲ ਫਕੀਰ ਸਿੰਘ ਦਸੂਹਾ
ਪਲ ਭਰ ਦੀ ਲੋਰ....!
29 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਡਾ. ਮੋਹਨ ਸ਼ਰਮਾ ਦਾ ਲੇਖ ‘ਪਲ ਭਰ ਦੀ ਲੋਰ, ਸਾਰੀ ਉਮਰ ਦਾ ਸੰਤਾਪ’ ਪੜ੍ਹਕੇ ਸੋਚਣ ਲਈ ਮਜਬੂਰ ਹੋਏ ਹਾਂ ਕਿ ਪਲ ਭਰ ਲਈ ਨਸ਼ੇ ਦੀ ਲੋਰ ਸਾਰੀ ਉਮਰ ਜੇਲ੍ਹ ਵਿੱਚ ਸੜਨ ਲਈ ਮਜਬੂਰ ਕਰ ਦਿੰਦੀ ਹੈ। ਡਾ. ਮੋਹਨ ਸ਼ਰਮਾ ਨੇ ਕੈਦੀਆਂ ਨਾਲ ਕੀਤੀ ਗੱਲਬਾਤ ਨੂੰ ਬਾਖ਼ੂਬੀ ਬਿਆਨ ਕੀਤਾ ਹੈ। ਨਸ਼ਿਆਂ ਪ੍ਰਤੀ ਲੇਖਕ ਦਾ ਤੌਖ਼ਲਾ ਜਾਇਜ਼ ਹੈ। ਆਨਲਾਈਨ ਐਡੀਸ਼ਨ ਵਿੱਚ ਮਿੰਨੀ ਕਹਾਣੀ ‘ਕੁਲਫੀ ਦਾ ਸਵਾਦ’ ਇਸ ਗੱਲ ਦਾ ਸੰਕੇਤ ਹੈ ਕਿ ਬਜ਼ੁਰਗ ਵੀ ਬੱਚਿਆਂ ਵਰਗੇ ਹੋ ਜਾਂਦੇ ਨੇ। ਕਹਾਣੀ ਵਿਚਲੇ ਪਾਤਰ ਦਾ ਕੁਲਫੀ ਪਿੱਛੇ ਰੁੱਸ ਜਾਣਾ ਜਿੱਥੇ ਸਾਨੂੰ ਬਜ਼ੁਰਗਾਂ ਨੂੰ ਅਣਦੇਖਿਆ ਨਾ ਕਰਨ ਦਾ ਸੰਦੇਸ਼ ਦਿੰਦਾ ਹੈ ਉੱਥੇ ਹੀ ਬਜ਼ੁਰਗਾਂ ਦੀ ਸੰਭਾਲ ਦਾ ਸੂਚਕ ਵੀ ਹੈ। ‘ਅਦਬੀ ਰੰਗ’ ਵਿਚਲੀਆਂ ਕਈ ਰਚਨਾਵਾਂ ਨੇ ਦਿਲ ਨੂੰ ਛੂਹ ਲਿਆ ਜਿਵੇਂ, ਮਾਂ ਤੇ ਨਦੀ, ਕੰਡਿਆਲੀ ਤਾਰ, ਧੀ, ਕਿਸਮਤ ਦੇ ਨਾਂ, ਚੇਲੇ ਘਟਣ ਲੱਗੇ ਤੇ 27 ਵਾਲੀ ਚੋਣ....!
ਜਸਬੀਰ ਸਿੰਘ ਦੱਧਾਹੂਰ (ਲੁਧਿਆਣਾ)
(2)
ਡਾ. ਮੋਹਨ ਸ਼ਰਮਾ ਦਾ ਲੇਖ ‘ਪਲ ਦੀ ਲੋਰ, ਉਮਰ ਭਰ ਦਾ ਸੰਤਾਪ’ ਪੜ੍ਹਿਆ। ਇਹ ਕਹਾਣੀ ਸਿਰਫ਼ ਇੱਕ ਕਤਲ ਦੀ ਘਟਨਾ ਨਹੀਂ, ਸਗੋਂ ਸ਼ਰਾਬ ਦੀ ਆਦਤ ਕਾਰਨ ਤਬਾਹ ਹੋ ਰਹੀਆਂ ਜ਼ਿੰਦਗੀਆਂ ਦੀ ਇੱਕ ਦਰਦਨਾਕ ਤਸਵੀਰ ਹੈ। ਇੱਕ ਇਨਸਾਨ, ਜੋ ਮਿਹਨਤ ਕਰਕੇ ਆਪਣਾ ਘਰ ਚਲਾ ਰਿਹਾ ਸੀ, ਜਿਸ ਦੇ ਹੇਠਾਂ ਕਈ ਕਾਰੀਗਰ ਕੰਮ ਕਰਦੇ ਸਨ ਅਤੇ ਜਿਸ ਦੀ ਸਮਾਜ ਵਿੱਚ ਆਪਣੀ ਪਛਾਣ ਸੀ, ਸ਼ਰਾਬ ਦੇ ਨਸ਼ੇ ਵਿੱਚ ਅਜਿਹੀ ਗ਼ਲਤੀ ਕਰ ਬੈਠਾ ਜਿਸ ਨੇ ਉਸ ਦੀ ਪੂਰੀ ਜ਼ਿੰਦਗੀ ਬਦਲਕੇ ਰੱਖ ਦਿੱਤੀ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਜਿਸ ਵਿਅਕਤੀ ਦੀ ਜਾਨ ਗਈ, ਉਸ ਨਾਲ ਨਾ ਤਾਂ ਉਸ ਦੀ ਕੋਈ ਦੁਸ਼ਮਣੀ ਸੀ ਅਤੇ ਨਾ ਹੀ ਕੋਈ ਨਿੱਜੀ ਵੈਰ। ਸਿਰਫ਼ ਨਸ਼ੇ ਵਿੱਚ ਹੋਈ ਇੱਕ ਮਾਮੂਲੀ ਟੱਕਰ ਨੇ ਇੱਕ ਘਰ ਦਾ ਚਿਰਾਗ ਬੁਝਾ ਦਿੱਤਾ ਅਤੇ ਦੂਜੇ ਘਰ ਦੇ ਵਿਅਕਤੀ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ। ਇੱਕ ਪਰਿਵਾਰ ਨੇ ਆਪਣਾ ਜੀਅ ਗੁਆ ਲਿਆ ਅਤੇ ਦੂਜੇ ਪਰਿਵਾਰ ਦੀਆਂ ਖ਼ੁਸ਼ੀਆਂ ਵੀ ਖ਼ਤਮ ਹੋ ਗਈਆਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਸ਼ਰਾਬ ਨੂੰ ਸਿਰਫ਼ ਇੱਕ ਆਦਤ ਨਹੀਂ, ਸਗੋਂ ਆਪਣੇ ਪਰਿਵਾਰ ਅਤੇ ਸਮਾਜ ਲਈ ਗੰਭੀਰ ਖ਼ਤਰੇ ਵਜੋਂ ਸਮਝੀਏ ਕਿਉਂਕਿ ਨਸ਼ੇ ਵਿੱਚ ਚੁੱਕਿਆ ਇੱਕ ਗ਼ਲਤ ਕਦਮ ਕਈ ਜ਼ਿੰਦਗੀਆਂ ਨੂੰ ਹਨੇਰੇ ਵਿੱਚ ਧੱਕ ਸਕਦਾ ਹੈ
ਗੁਰਬਾਜ ਸਿੰਘ ਪੰਨੂ, ਮਾੜੀ ਪੰਨੂਆਂ (ਗੁਰਦਾਸਪੁਰ)
ਦੁਖਦਾਈ ਖ਼ਬਰ
28 ਅਕਤੂਬਰ ਦੇ ਅੰਕ ’ਚ ‘ਭੈਣ ਨੂੰ ਪ੍ਰੇਸ਼ਾਨ ਕਰਨ ਤੋਂ ਰੋਕਣ ’ਤੇ ਭਰਾ ਦਾ ਕਤਲ ਕਰਨ ਦੀ ਖ਼ਬਰ ਪੜ੍ਹੀ। ਜੇ ਪੁਲੀਸ ਸਮੇਂ ਸਿਰ ਬਣਦੀ ਕਾਰਵਾਈ ਕਰ ਦਿੰਦੀ ਤਾਂ ਕਤਲ ਨਹੀਂ ਸੀ ਹੋਣਾ। ਕਤਲ ਕਰਨ ਤੋਂ ਬਾਅਦ ਇੱਕ ਤਾਂ ਜਾਨ ਚਲੀ ਜਾਂਦੀ ਹੈ, ਪਰਿਵਾਰਾਂ ’ਚ ਪੱਕੀ ਦੁਸ਼ਮਣੀ ਪੈ ਜਾਂਦੀ ਹੈ। ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ’ਚ ਬੱਚਿਆਂ ਨੂੰ ਛੋਟੀ ਉਮਰ ’ਚ ਹੀ ਪੁਲੀਸ ਦੇ ਫੋਨ ਨੰਬਰ ਦੱਸੇ ਜਾਂਦੇ ਹਨ ਤਾਂ ਜੋ ਉਹ ਹਰੇਕ ਤਰ੍ਹਾਂ ਦੀ ਮੱਦਦ ਲੈ ਸਕਣ। ਫਿਰੋਜ਼ਪੁਰ ਵਾਲੀ ਘਟਨਾ ’ਚ ਲੜਕੀ ਨੂੰ ਨੌਜਵਾਨ ਲੰਮੇ ਸਮੇਂ ਤੋਂ ਪ੍ਰੇਸ਼ਾਨ ਕਰ ਰਹੇ ਸਨ। ਭੈਣ ਦੇ ਭਰਾ ਨੂੰ ਵੀ ਆਪਣੀ ਜਾਨ ਗੁਆਉਣੀ ਪੈ ਗਈ।
ਸੋਹਣ ਲਾਲ ਗੁਪਤਾ, ਪਟਿਆਲਾ
ਬ੍ਰਾਜ਼ੀਲ ਚੋਣਾਂ ਦੇ ਨਤੀਜੇ
27 ਅਕਤੂਬਰ ਦੇ ਅੰਕ ’ਚ ਸੰਪਾਦਕੀ ‘ਬ੍ਰਾਜ਼ੀਲ ਦਾ ਸਿਆਸੀ ਭਵਿੱਖ’ ਵਿੱਚ ਲੂਲਾ ਦੀ ਚੋਣ ਜਿੱਤ ਦੇ ਪ੍ਰਸੰਗ ਵਿੱਚ ਬ੍ਰਾਜ਼ੀਲ ਦੀਆਂ ਆਰਥਿਕ ਚੁਣੌਤੀਆਂ ਅਤੇ ਵਿਸ਼ਵ ਰਾਜਨੀਤੀ ਦੇ ਬਦਲਦੇ ਸਮੀਕਰਨਾਂ ਨੂੰ ਸਹੀ ਪਰਿਪੇਖ ਵਿੱਚ ਰੱਖਿਆ ਹੈ। ਦੁਨੀਆ ਦੀ ਰਾਜਨੀਤੀ ਵਿੱਚ ਖੱਬੇ ਅਤੇ ਸੱਜੇ ਪੱਖ ਦੀ ਵਿਚਾਰਧਾਰਕ ਖਿੱਚੋਤਾਣ ਲੋਕਤੰਤਰ ਦੀਆਂ ਅਸਲ ਜ਼ਿੰਮੇਵਾਰੀਆਂ ਉੱਤੇ ਭਾਰੂ ਪੈਂਦੀ ਜਾ ਰਹੀ ਹੈ। ਬ੍ਰਾਜ਼ੀਲ ਵਿੱਚ ਮਹਿੰਗਾਈ, ਅਪਰਾਧ, ਜਨਤਕ ਕਰਜ਼ੇ ਅਤੇ ਆਰਥਿਕ ਅਸੁਰੱਖਿਆ ਦੀਆਂ ਚੁਣੌਤੀਆਂ ਸਪੱਸ਼ਟ ਕਰਦੀਆਂ ਹਨ ਕਿ ਚੋਣ ਜਿੱਤਣਾ ਸੁਚੱਜੇ ਸ਼ਾਸਨ ਦੀ ਗਾਰੰਟੀ ਨਹੀਂ। ਲੂਲਾ ਸਾਹਮਣੇ ਵੰਡੇ ਹੋਏ ਸਮਾਜ ਦਾ ਭਰੋਸਾ ਜਿੱਤਣ ਅਤੇ ਲੋਕਾਂ ਦੀਆਂ ਉਮੀਦਾਂ ਉੱਤੇ ਖ਼ਰਾ ਉਤਰਨ ਦੀ ਵੱਡੀ ਜ਼ਿੰਮੇਵਾਰੀ ਹੈ। ਵਿਰੋਧੀ ਧਿਰ ਦਾ ਫ਼ਰਜ਼ ਵੀ ਸਿਰਫ਼ ਸੱਤਾ ਦਾ ਵਿਰੋਧ ਕਰਨਾ ਨਹੀਂ, ਸਗੋਂ ਲੋਕ-ਹਿੱਤ ਵਿੱਚ ਸਹਿਯੋਗ ਦੇਣਾ ਹੈ। ਲੋਕਤੰਤਰ ਦੀ ਅਸਲ ਕਸੌਟੀ ਲੋਕਾਂ ਨੂੰ ਸਨਮਾਨਜਨਕ ਜੀਵਨ ਅਤੇ ਬਿਹਤਰ ਭਵਿੱਖ ਦੇਣਾ ਹੈ। ਦੁਨੀਆ ਦੇ ਸਿਆਸਤਦਾਨਾਂ ਨੂੰ ਸੱਤਾ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਆਤਮ-ਮੰਥਨ ਕਰਨਾ ਚਾਹੀਦਾ ਹੈ।
ਬ੍ਰਿਜ ਭੂਸ਼ਣ ਗੋਇਲ, ਲੁਧਿਆਣਾ
ਪੰਜਾਬ ਦੀ ਸਿਆਸਤ
24 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਮਨੀਸ਼ ਤਿਵਾੜੀ ਦਾ ਲੇਖ ‘ਪੰਜਾਬ ਦੀ ਸਿਆਸਤ ਅਤੇ ਆਰਥਿਕਤਾ’ ਵਿੱਚ ਆਪਣੇ ਤਜਰਬਿਆਂ ਦਾ ਨਿਚੋੜ ਕੱਢਦਿਆਂ ਅੰਕੜਿਆਂ ਨੂੰ ਮੁੱਖ ਰੱਖ ਕੇ ਪੰਜਾਬ ਦੀ ਆਰਥਿਕਤਾ ਅਤੇ ਖਿੱਤਿਆਂ ਅਨੁਸਾਰ ਵਿਕਾਸ ਦੇ ਕੁਝ ਮਾਡਲਾਂ ਨੂੰ ਵੀ ਪੇਸ਼ ਕੀਤਾ ਗਿਆ ਹੈ। ਜਮਹੂਰੀਅਤ ਵਿੱਚ ਸਿਆਸਤ ਭਾਵ ਹਾਕਮ ਅਤੇ ਵਿਰੋਧੀ ਧਿਰਾਂ ਦੀ ਵਿਕਾਸ ਅਤੇ ਤਰੱਕੀ ਵਿੱਚ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਸਰਕਾਰਾਂ ਬੇਲਗ਼ਾਮ ਹੋ ਕੇ ਕਰਜ਼ੇ ਚੁੱਕਦੀਆਂ ਹਨ ਤੇ ਬਿਨਾਂ ਰੋਕ-ਟੋਕ ਦੇ ਮੁਫ਼ਤ ਦੀਆਂ ਰਿਓੜੀਆਂ ਵੰਡਦੀਆਂ ਹਨ, ਜਿਨ੍ਹਾਂ ਦਾ ਬੋਝ ਭਵਿੱਖ ਵਿੱਚ ਆਮ ਜਨਤਾ ਨੂੰ ਚੁੱਕਣਾ ਪੈਂਦਾ ਹੈ। ‘ਆਮਦਨੀ ਅਠੱਨੀ, ਖਰਚਾ ਰੁਪੱਈਆ’ ਕਿਸੇ ਵੀ ਪਰਿਵਾਰ, ਸਰਕਾਰ ਅਤੇ ਸੰਸਥਾ ਲਈ ਖ਼ਤਰੇ ਦੀ ਘੰਟੀ ਹੁੰਦੀ ਹੈ। ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਨਸ਼ਿਆਂ ਤੋਂ ਛੁਟਕਾਰੇ ਦੇ ਨਾਲ-ਨਾਲ ਭਵਿੱਖ ਦੀ ਤਰੱਕੀ, ਵਿਕਾਸ, ਉੱਚੀ ਆਰਥਿਕ ਦਰ, ਨਵੇਂ ਰੁਜ਼ਗਾਰ ਦੇ ਮੌਕੇ, ਮੁਫ਼ਤ ਦੀਆਂ ਰਿਓੜੀਆਂ ਵੰਡਣ ਨੂੰ ਬੰਦ ਕਰਨ ਦਾ ਵਾਅਦਾ, ਸੁਚੱਜੀ ਕਾਨੂੰਨ ਅਤੇ ਵਿਵਸਥਾ, ਹੜ੍ਹਾਂ ਦੀ ਰੋਕਥਾਮ ਆਦਿ ਮੁੱਦਿਆਂ ਨੂੰ ਮੁੱਖ ਰੱਖ ਕੇ ਹੋਣੀ ਚਾਹੀਦੀ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਔਰਤਾਂ ਨੂੰ ਚੋਣਾਂ ਵਿੱਚ ਇੱਕ-ਤਿਹਾਈ ਸੀਟਾਂ ਦੇਣੀਆਂ ਚਾਹੀਦੀਆਂ ਹਨ।
ਜਸਵੰਤ ਸਿੰਘ, ਅੰਬਾਲਾ ਛਾਉਣੀ (ਹਰਿਆਣਾ)
ਪੰਜਾਬ ਦੀ ਸੁਗੰਧ
23 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਸੁਖਜੀਤ ਕੌਰ ਦਾ ਮਿਡਲ ‘ਪਰਦੇਸ ਵਿੱਚ ਪੰਜਾਬ ਦੀ ਸੁਗੰਧ’ ਪੜ੍ਹਿਆ। ਇੰਜ ਲੱਗਿਆ ਜਿਵੇਂ ਮੈਂ ਨਿਊਜ਼ੀਲੈਂਡ ਦੇ ਇਸ ਅੰਮ੍ਰਿਤਸਰੀ ਰੈਸਟੋਰੈਂਟ ਵਿੱਚ ਆਪ ਵਿਚਰ ਰਹੀ ਹੋਵਾਂ। ਮੈਂ ਮਨੋਵਿਗਿਆਨ ਦੀ ਵਿਦਿਆਰਥਣ ਹੋਣ ਦੇ ਨਾਤੇ ਇਹ ਕਹਿ ਸਕਦੀ ਹਾਂ ਕਿ ਸਾਡੇ ਮਨ ਦੀ ਖੁਸ਼ੀ ਦਾ ਸੰਬੰਧ ਸਾਡੀ ਜੀਭ ਦੀ ਖੁਸ਼ੀ ਭਾਵ ਸਵਾਦ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਲੇਖਕਾ ਵੱਲੋਂ ਵਰਣਨ ਕੀਤੇ ਗਏ ਚਟਪਟੇ ਦਹੀਂ-ਭੱਲੇ, ਗੋਲ-ਗੱਪੇ, ਛੋਲੇ-ਭਟੂਰਿਆਂ ਦੇ ਸਵਾਦ ਦੀ ਤਾਰੀਫ਼ ਪੜ੍ਹਕੇ ਬਹੁਤ ਚੰਗਾ ਲੱਗਿਆ। ਅੰਮ੍ਰਿਤਸਰੀ ਨਾਨ-ਕੁਲਚੇ ਰੈਸਟੋਰੈਂਟ ਚਲਾਉਣ ਵਾਲੇ ਵੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਆਪਣੇ ਪੰਜਾਬ ਦੇ ਸਵਾਦ ਨੂੰ ਉੱਥੇ ਜਿਊਂਦਾ ਹੀ ਨਹੀਂ ਰੱਖਿਆ, ਸਗੋਂ ਇੱਕ ਟਰੇਡਮਾਰਕ ਵੀ ਬਣਾ ਦਿੱਤਾ ਹੈ।
ਹਰਸਿਮਰਨ ਕੌਰ, ਲੁਧਿਆਣਾ
ਪੰਜਾਬ ਦੀ ਸੁਗੰਧ
23 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਸੁਖਜੀਤ ਕੌਰ ਦਾ ਲੇਖ ‘ਪਰਦੇਸ ਵਿੱਚ ਪੰਜਾਬ ਦੀ ਸੁਗੰਧ’ ਪੜਿ੍ਹਆ। ਲੇਖਕਾ ਨੇ ਬਹੁਤ ਹੀ ਦਿਲ-ਖਿੱਚਵੇਂ ਢੰਗ ਨਾਲ ਦੱਸਿਆ ਕਿ ਕਿਵੇਂ ਪਰਦੇਸੀ ਪੰਜਾਬੀ ਵਿਦੇਸ਼ਾਂ ਵਿੱਚ ਰਹਿੰਦਿਆਂ ਵੀ ਆਪਣੀ ਮਿੱਟੀ, ਆਪਣੀ ਬੋਲੀ ਅਤੇ ਆਪਣੇ ਸੱਭਿਆਚਾਰ ਨੂੰ ਭੁੱਲੇ ਨਹੀਂ ਹਨ। ਉਥੇ ਆਪਣੇ ਤਿਉਹਾਰਾਂ ਨੂੰ ਮਨਾਉਣਾ ਦਰਸਾਉਂਦਾ ਹੈ ਕਿ ਪੰਜਾਬ ਸਿਰਫ਼ ਇੱਕ ਥਾਂ ਨਹੀਂ, ਸਾਡੀ ਰੂਹ ਹੈ। ਸਾਡੇ ਬੱਚੇ ਰੋਜ਼ੀ-ਰੋਟੀ ਲਈ ਵਿਦੇਸ਼ ਗਏ ਹਨ, ਪਰ ਉਨ੍ਹਾਂ ਦੇ ਮਨਾਂ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ ਜਿਉਂ ਦੀ ਤਿਉਂ ਵਸੀ ਹੋਈ ਹੈ। ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਈਏ, ਸਾਨੂੰ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਸਾਡੀ ਪਛਾਣ ਸਾਡੀ ਪੰਜਾਬੀ ਤੋਂ ਹੀ ਹੈ। ਡਾ. ਅਰੁਣ ਮਿੱਤਰਾ ਦੁਆਰਾ ਲਿਖਿਆ ਲੇਖ ‘ਮਹਿੰਗੀਆਂ ਦਵਾਈਆਂ: ਕਾਰਪੋਰੇਟ ਮੁਨਾਫ਼ਾ ਤੇ ਸਰਕਾਰੀ ਢਿੱਲ’ ਸਚਾਈ ਭਰਪੂਰ ਹੈ।
ਮਾਸਟਰ ਪਰਮਵੇਦ, ਸੰਗਰੂਰ

