DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪਾਠਕਾਂ ਦੇ ਖ਼ਤ: ਵਿਦਿਆਰਥੀ ਅੰਦੋਲਨ

31 ਜੁਲਾਈ 2026 ਦੇ ਅੰਕ ਵਿੱਚ ਜਗਤਾਰ ਸਿੰਘ ਦਾ ਲੇਖ ‘ਨੌਜਵਾਨਾਂ ਅੱਗੇ ਡਰ ਤੇ ਨਫ਼ਰਤ ਦੀ ਸਿਆਸਤ ਨਾਕਾਮ’ ਪੜ੍ਹਿਆ। ਭਾਰਤੀ ਵਿਦਿਆਰਥੀਆਂ ਨੇ ਕੇਂਦਰ ਸਰਕਾਰ ਸਾਹਮਣੇ ਉਹ ਅੰਦੋਲਨ ਕੀਤਾ ਹੈ, ਜੋ ਹੁਣ ਤੱਕ ਵਿਰੋਧੀ ਪਾਰਟੀਆਂ ਵੀ ਨਹੀਂ ਸਨ ਕਰ ਸਕੀਆਂ। ਇਸ...

  • fb
  • twitter
  • whatsapp
  • whatsapp
Advertisement

31 ਜੁਲਾਈ 2026 ਦੇ ਅੰਕ ਵਿੱਚ ਜਗਤਾਰ ਸਿੰਘ ਦਾ ਲੇਖ ‘ਨੌਜਵਾਨਾਂ ਅੱਗੇ ਡਰ ਤੇ ਨਫ਼ਰਤ ਦੀ ਸਿਆਸਤ ਨਾਕਾਮ’ ਪੜ੍ਹਿਆ। ਭਾਰਤੀ ਵਿਦਿਆਰਥੀਆਂ ਨੇ ਕੇਂਦਰ ਸਰਕਾਰ ਸਾਹਮਣੇ ਉਹ ਅੰਦੋਲਨ ਕੀਤਾ ਹੈ, ਜੋ ਹੁਣ ਤੱਕ ਵਿਰੋਧੀ ਪਾਰਟੀਆਂ ਵੀ ਨਹੀਂ ਸਨ ਕਰ ਸਕੀਆਂ। ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਅਤੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅੰਦੋਲਨ ਸਮੇਤ ਹੋਏ ਸੰਘਰਸ਼ਾਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਚੁਣੌਤੀ ਦਿੱਤੀ ਸੀ। ਉਨ੍ਹਾਂ ਠੀਕ ਲਿਖਿਆ ਹੈ ਕਿ ਮੋਦੀ ਸਰਕਾਰ ਨੂੰ ਪਿੱਛੇ ਹਟਣਾ ਪਿਆ ਪਰ ਸਵਾਲ ਜਵਾਬਦੇਹੀ ਦਾ ਹੈ। ਸਰਕਾਰ ਵੱਲੋਂ ਜਿਹੜਾ ਨਵਾਂ ਕਾਨੂੰਨ ਬਣਾਇਆ ਗਿਆ ਹੈ, ਉਸ ਤੋਂ ਵਿਦਿਆਰਥੀ ਸੰਤੁਸ਼ਟ ਨਹੀਂ ਹਨ। ਲੇਖਕ ਨੇ ਠੀਕ ਲਿਖਿਆ ਹੈ ਕਿ ਸਿੱਖਿਆ ਦਾ ਨਿੱਜੀਕਰਨ ਹੋ ਰਿਹਾ ਹੈ ਤੇ ਇਹ ਹੁਣ ਮੱਧ ਵਰਗੀ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਸਿੱਖਿਆ ਦੇ ਬਜਟ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ ਤੇ ਲੱਖਾਂ ਸਕੂਲ ਅਧਿਆਪਕਾਂ ਅਤੇ ਮੁੱਖ ਅਧਿਆਪਕਾਂ ਤੋਂ ਵਾਂਝੇ ਹੋ ਗਏ ਹਨ। ਹਜ਼ਾਰਾਂ ਸਰਕਾਰੀ ਸਕੂਲਾਂ ਨੂੰ ਤਾਲੇ ਲੱਗ ਗਏ ਹਨ। ਪੰਜਾਬ ’ਚ ਵੀ ਅਧਿਆਪਕਾਂ ਦੀਆਂ ਹਜ਼ਾਰਾਂ ਆਸਾਮੀਆਂ ਖਾਲੀ ਹਨ। ਵਿਰੋਧੀ ਪਾਰਟੀਆਂ ਨੂੰ ਵਿਦਿਆਰਥੀਆਂ ਦੇ ਅੰਦੋਲਨ ਤੋਂ ਸਬਕ ਸਿੱਖਣਾ ਚਾਹੀਦਾ ਹੈ।

ਡਾ. ਚਰਨਜੀਤ ਸਿੰਘ ਗੁਮਟਾਲਾ, ਡੇਟਨ, (ਓਹਾਇਓ), ਯੂ ਐੱਸ ਏ।

Advertisement

ਨਿਰਪੱਖਤਾ ਲਾਜ਼ਮੀ

ਪਹਿਲੀ ਅਗਸਤ ਦੇ ‘ਪੰਜਾਬੀ ਟ੍ਰਿਬਿਊਨ’ ਦੀ ਸੰਪਾਦਕੀ ‘ਨਿਰਪੱਖਤਾ ਲਾਜ਼ਮੀ’ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਨੂੰ ਪਾਰਦਰਸ਼ੀ ਤਰੀਕੇ ਨਾਲ ਕਰਨ ਲਈ ਨਿਯੁਕਤੀ ਕਮੇਟੀ ਦੇ ਸਰੂਪ ਨੂੰ ਨਿਰਪੱਖ ਰੱਖਣ ਅਤੇ ਚੋਣ ਕਮਿਸ਼ਨ ਨੂੰ ਸਿਆਸੀ ਦਬਾਓ ਤੋਂ ਮੁਕਤ ਬਣਾਉਣ ਲਈ ਚੋਣ ਕਮੇਟੀ ਵਿੱਚ ਦੇਸ਼ ਦੀ ਸਰਬ ਉੱਚ ਅਦਾਲਤ ਦੇ ਮੁੱਖ ਜੱਜ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦਾ ਹੈ, ਤਾਂ ਕਿ ਸਮੁੱਚਾ ਚੋਣ ਕਮਿਸ਼ਨ ਦੇਸ਼ ’ਚ ਹੋਣ ਵਾਲੀਆਂ ਚੋਣਾਂ ਨੂੰ ਨਿਰਪੱਖਤਾ ਨਾਲ ਕਰਵਾਉਣ ਦੇ ਸਮਰੱਥ ਬਣਿਆ ਰਹੇ। ਇਸੇ ਅੰਕ ਦੇ ਸਤਰੰਗ ਪੰਨੇ ’ਤੇ ਹਰੀ ਕ੍ਰਿਸ਼ਨ ਮਾਇਰ ਦੀ ਬਾਲ ਕਹਾਣੀ ‘ਮਿੰਦੂ ਚਰਵਾਹਾ’ ਪ੍ਰੇਰਣਾ ਦਾਇਕ ਲੱਗੀ। ਕਹਾਣੀ ਮਨੁੱਖੀ ਜੀਵਨ ਲਈ ਪਾਣੀ ਅਤੇ ਦਰੱਖ਼ਤਾਂ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ। ਸਾਨੂੰ ਆਪਣੇ ਆਲੇ-ਦੁਆਲੇ ਨੂੰ ਹਰਾ ਭਰਾ ਬਣਾਈ ਰੱਖਣ ਲਈ ਜਿੱਥੇ ਦਰੱਖ਼ਤਾਂ ਦੀ ਕਟਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਉਥੇ ਹਰਿਆਲੀ ਨੂੰ ਵਧਾਉਣ ਲਈ ਵਧੇਰੇ ਦਰੱਖ਼ਤ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦੀ ਵੀ ਲੋੜ ਹੈ। ਕੁਦਰਤੀ ਸਰੋਤ ਪਾਣੀ ਨੂੰ ਗੰਧਲਾ ਕਰਨ ਤੋਂ ਗੁਰੇਜ਼ ਕਰਦਿਆਂ ਪਾਣੀ ਦੀ ਦੁਰਵਰਤੋਂ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ।

Advertisement

ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)

ਡਿਜੀਟਲ ਗ੍ਰਿਫ਼ਤਾਰੀ

30 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਡਿਜੀਟਲ ਗ੍ਰਿਫ਼ਤਾਰੀ’ ਵਿੱਚ ਸਹੀ ਜਾਣਕਾਰੀ ਦਿੱਤੀ ਗਈ ਹੈ। ਸਾਈਬਰ ਠੱਗਾਂ ਵੱਲੋਂ ਬਹੁਤ ਹੀ ਚਲਾਕੀ ਨਾਲ ਲੋਕਾਂ ਨੂੰ ਡਿਜੀਟਲ ਗ੍ਰਿਫ਼ਤਾਰੀ ਦਾ ਡਰਾਵਾ ਦੇ ਕੇ ਉਨ੍ਹਾਂ ਤੋਂ ਕਰੋੜਾਂ ਰੁਪਏ ਵਸੂਲੇ ਜਾਂਦੇ ਹਨ। ਪੁਲੀਸ ਦਾ ਕਹਿਣਾ ਹੈ ਕਿ ਡਿਜੀਟਲ ਗ੍ਰਿਫ਼ਤਾਰੀ ਵਰਗਾ ਕੋਈ ਕਾਨੂੰਨ ਹੀ ਨਹੀਂ ਹੈ। ਫਿਰ ਵੀ ਲੋਕ ਸਾਈਬਰ ਅਪਰਾਧੀਆਂ ਦੀ ਚਾਲ ਵਿੱਚ ਫਸ ਕੇ ਆਪਣੀ ਉਮਰ ਭਰ ਦੀ ਪੂੰਜੀ ਗੁਆ ਬੈਠਦੇ ਹਨ। ਕਿਸੇ ਅਣਜਾਣ ਲਿੰਕ ’ਤੇ ਕਲਿੱਕ ਕਰਨਾ ਵੀ ਤੁਹਾਡੀ ਉਮਰ ਭਰ ਦੀ ਪੂੰਜੀ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। ਲੋਕਾਂ ਨੂੰ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ। ਸਰਕਾਰ ਨੂੰ ਇਸ ਸਬੰਧੀ ਠੋਸ ਉਪਰਾਲੇ ਕਰਨੇ ਚਾਹੀਦੇ ਹਨ।

ਬਲਬੀਰ ਸਿੰਘ ਦਿਲਦਾਰ, ਪਟਿਆਲਾ

ਡਿਜੀਟਲ ਯੁੱਗ

29 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਗੁਰਜੀਤ ਸਿੰਘ ਭੱਠਲ ਦਾ ਲੇਖ ‘ਡਿਜੀਟਲ ਯੁੱਗ ਦੀਆਂ ਚੁਣੌਤੀਆਂ’ ਬਹੁਤ ਹੀ ਗੰਭੀਰ ਅਤੇ ਵਿਚਾਰਨਯੋਗ ਸਮੱਸਿਆ ਵੱਲ ਧਿਆਨ ਦਿਵਾਉਂਦਾ ਹੈ। ਅੱਜ ਡਿਜੀਟਲ ਮੀਡੀਆ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕਾ ਹੈ, ਪਰ ਇਸ ਬਾਰੇ ਸਾਡੀ ਤਕਨੀਕੀ ਸਮਝ ਬਹੁਤ ਸੀਮਿਤ ਹੈ। ਲੇਖ ਵਿੱਚ ‘ਸਿੰਥੈਟਿਕ ਮੀਡੀਆ’ ਅਤੇ ‘ਡੀਪਫੇਕ’ ਵਿਚਕਾਰ ਸਰਲ ਤਰੀਕੇ ਨਾਲ ਅੰਤਰ ਸਪੱਸ਼ਟ ਕੀਤਾ ਗਿਆ ਹੈ। ਸਿੰਥੈਟਿਕ ਮੀਡੀਆ ਇੱਕ ਵਿਆਪਕ ਤਕਨੀਕ ਹੈ, ਜੋ ਏ ਆਈ ਦੀ ਮਦਦ ਨਾਲ ਸਿੱਖਿਆ, ਕਲਾ, ਫਿਲਮਾਂ ਅਤੇ ਰਚਨਾਤਮਿਕ ਕੰਮਾਂ ਨੂੰ ਆਸਾਨ ਬਣਾਉਂਦੀ ਹੈ। ਦੂਜੇ ਪਾਸੇ ਡੀਪਫੇਕ ਇਸ ਦਾ ਇੱਕ ਅਜਿਹਾ ਖ਼ਤਰਨਾਕ ਰੂਪ ਹੈ, ਜਿਸ ਰਾਹੀਂ ਕਿਸੇ ਵਿਅਕਤੀ ਦਾ ਚਿਹਰਾ ਜਾਂ ਆਵਾਜ਼ ਬਦਲ ਕੇ ਝੂਠੀ ਵੀਡੀਓ ਅਤੇ ਆਡੀਓ ਤਿਆਰ ਕੀਤੀ ਜਾਂਦੀ ਹੈ। ਸਾਨੂੰ ਕਿਸੇ ਵੀ ਡਿਜੀਟਲ ਸਮੱਗਰੀ ’ਤੇ ਅੰਨ੍ਹਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਡਿਜੀਟਲ ਸਾਖ਼ਰਤਾ ਅਤੇ ਜਾਗਰੂਕਤਾ ਹੀ ਸਾਨੂੰ ਇਨ੍ਹਾਂ ਖ਼ਤਰਿਆਂ ਤੋਂ ਬਚਾ ਸਕਦੀ ਹੈ।

ਡਾਕਟਰ ਮੋਹਨ ਬੇਗੋਵਾਲ, ਅੰਮ੍ਰਿਤਸਰ

ਸਰਕਾਰੀ ਦਾਅਵਿਆਂ ’ਤੇ ਸਵਾਲ

29 ਜੁਲਾਈ ਦੇ ਮੁੱਖ ਪੰਨੇ ’ਤੇ ਛਪੀ ਖ਼ਬਰ ‘ਜ਼ਹਿਰੀਲੀ ਗੈਸ ਚੜ੍ਹਨ ਨਾਲ ਦੋ ਨੌਜਵਾਨਾਂ ਦੀ ਮੌਤ’ ਸਰਕਾਰ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦੀ ਹੈ। ਅਕਸਰ ਕਿਹਾ ਜਾਂਦਾ ਕਿ ਹੱਥੀਂ ਮੈਲਾ ਢੋਣ ਦੀ ਸਮਾਜਿਕ ਬੁਰਾਈ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਸੀਵਰੇਜ ਟੈਂਕਾਂ ਦੇ ਅੰਦਰ ਜਾ ਕੇ ਉਨ੍ਹਾਂ ਨੂੰ ਸਾਫ਼ ਕਰਨਾ ਕੀ ਹੱਥੀਂ ਮੈਲਾ ਢੋਣ ਤੋਂ ਘੱਟ ਹੈ? ਮਰਨ ਵਾਲੇ ਦੋਵੇਂ ਨੌਜਵਾਨ ਭਾਵੇਂ ਪੇਸ਼ੇ ਵਜੋਂ ਸਫ਼ਾਈ ਕਰਮਚਾਰੀ ਨਹੀਂ ਸਨ, ਉਹ ਤਾਂ ਲੋਕ ਸੇਵਾ ਹੀ ਕਰ ਰਹੇ ਸਨ, ਪਰ 1993 ਤੋਂ ਹੁਣ ਤੱਕ 1370 ਸੀਵਰਮੈਨਾਂ ਦਾ ਡਿਊਟੀ ਦੌਰਾਨ ਮੌਤ ਦੇ ਮੂੰਹ ਜਾ ਪੈਣਾ ਕੀ ਇਸ ਗੱਲ ਦੀ ਗਵਾਹੀ ਨਹੀਂ ਭਰਦਾ ਕਿ ਸਫ਼ਾਈ ਕਾਮਿਆਂ ਨਾਲ ਹਾਲੇ ਵੀ ਜ਼ੁਲਮ ਤੇ ਅਨਿਆਂ ਬਾਦਸਤੂਰ ਜਾਰੀ ਹੈ। ਸੀਵਰ ਸਫ਼ਾਈ ਕਾਮਿਆਂ ਨੂੰ ਸਫ਼ਾਈ ਲਈ ਮਸ਼ੀਨਾਂ ਉਪਲੱਬਧ ਕਰਾਉਣ ਦੀ ਸਖ਼ਤ ਲੋੜ ਹੈ। ਘੱਟੋ-ਘੱਟ ਟੈਂਕ ਵਿੱਚ ਜਾਣ ਸਮੇਂ ਉਨ੍ਹਾਂ ਨੂੰ ਸੁਰੱਖਿਅਤ ਤਰੀਕਿਆਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।

ਡਾ. ਤਰਲੋਚਨ ਕੌਰ, ਪਟਿਆਲਾ

ਗੋਦ ਲੈਣ ਦੀ ਪ੍ਰਕਿਰਿਆ

29 ਜੁਲਾਈ ਦਾ ਸੰਪਾਦਕੀ ‘'ਗੋਦ ਲੈਣ ਦੀ ਪ੍ਰਕਿਰਿਆ’ ਪੜ੍ਹ ਕੇ ਹੈਰਾਨੀ ਹੋਈ ਕਿ ਪ੍ਰਸ਼ਾਸਨਿਕ ਤੇ ਕਾਨੂੰਨੀ ਦੇਰੀ ਹੋਣ ਕਾਰਨ ਕਿੰਨੇ ਯਤੀਮ ਤੇ ਮਜਬੂਰ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ। ਇਸ ਸਬੰਧੀ ਬਣੇ ਕਾਨੂੰਨ ਵਿੱਚ ਸੋਧ ਕਰ ਕੇ ਇਸ ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਲੋੜ ਹੈ ਤਾਂ ਜੋ ਛੋਟੀ ਉਮਰ ਵਿੱਚ ਹੀ ਬੱਚੇ ਆਤਮ-ਵਿਸ਼ਵਾਸੀ ਬਣਨ ਅਤੇ ਗੋਦ ਲੈਣ ਵਾਲੇ ਪਰਿਵਾਰਾਂ ਨਾਲ ਰਚ-ਮਿਚ ਸਕਣ।

ਗੁਰਜਿੰਦਰ ਸਿੰਘ ਸਾਹਦੜਾ, ਸ਼ਹੀਦ ਭਗਤ ਸਿੰਘ ਨਗਰ

ਵਿਦਿਆਰਥੀ ਲਹਿਰ

28 ਜੁਲਾਈ ਦੇ ਅੰਕ ’ਚ ਖ਼ਬਰ ‘ਵਰਤਮਾਨ ਵਿਦਿਆਰਥੀ ਲਹਿਰ ਦੁਆਰਾ ਸਿਰਜੇ ਗਏ ਇਤਿਹਾਸ’ ਪੜ੍ਹ ਕੇ ‘ਮੋਗਾ ਗੋਲੀ ਕਾਂਡ’ ਦੀ ਯਾਦ ਮੁੜ ਤਾਜ਼ਾ ਹੋ ਗਈ। ਪੱਤਰਕਾਰ ਚਰਨਜੀਤ ਭੁੱਲਰ ਨੇ ਜੋ ਤੱਥਗਤ ਸਮੱਗਰੀ ਪੇਸ਼ ਕੀਤੀ ਹੈ, ਉਹ ਬਾਕਮਾਲ ਹੈ। ਮੈਂ ਉਸ ਸਾਲ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਵਿਖੇ ਬੀ ਏ ਦਾ ਵਿਦਿਆਰਥੀ ਸਾਂ। ਬਿੱਕਰ ਸਿੰਘ ‘ਐਸ਼ੀ’ (ਕੰਮੇਆਣਾ) ਦੀ ਅਗਵਾਈ ਹੇਠ ਬਹੁਤ ਤਿੱਖਾ ਸੰਘਰਸ਼ ਚੱਲਿਆ ਸੀ। ਹਰ ਰੋਜ਼ ਵਾਂਗ ਹੜਤਾਲਾਂ, ਸ਼ਹੀਦਾਂ ਨੂੰ ਸ਼ਰਧਾਂਜਲੀਆਂ, ਲਾਠੀਚਾਰਜ! ‘ਪ੍ਰੀਤ ਲੜੀ’ ਤੋਂ ਪ੍ਰਭਾਵਿਤ ਹੋ ਕੇ ਮੈਂ ਇੱਕ ਲੇਖ ‘ਵਿਦਿਆਰਥੀ ਅਤੇ ਪੰਜ ਅਕਤੂਬਰ’ ਲਿਖਿਆ ਸੀ। ਬਾਅਦ ਵਿੱਚ ਮੈਂ ਇਸ ਨੂੰ ‘ਹਨੇਰਾ ਦਿਨ’ ਉਨਵਾਨ ਹੇਠ ਕਹਾਣੀ ਦਾ ਰੂਪ ਵੀ ਦਿੱਤਾ।

ਬਿਕਰਮਜੀਤ ਨੂਰ, ਫ਼ਰੀਦਕੋਟ

ਸੰਘਰਸ਼ਾਂ ਦਾ ਹੱਲ ਲੋੜੀਂਦਾ

28 ਜੁਲਾਈ ਦੇ ਅੰਕ ਵਿੱਚ ਬਨੂੜ ਦੇ ਸਫ਼ਾਈ ਕਾਮਿਆਂ ਵੱਲੋਂ ਬਰਨਾਲਾ ਵਿੱਚ ਸਫ਼ਾਈ ਕਾਮਿਆਂ ਅਤੇ ਬੀਬੀਆਂ ਉੱਤੇ ਪੁਲੀਸ ਵੱਲੋਂ ਹੋਏ ਲਾਠੀਚਾਰਜ ਖ਼ਿਲਾਫ਼ ਧਰਨਾ ਲਾਉਣ ਦੀ ਖ਼ਬਰ ਸੀ। ਸਿਆਸੀ ਲੀਡਰਾਂ, ਹਾਕਮਾਂ ਅਤੇ ਸਰਕਾਰਾਂ ਨੂੰ ਧਰਨਾਕਾਰੀਆਂ ਦੀਆਂ ਜਾਇਜ਼ ਮੰਗਾਂ ਉੱਤੇ ਪਹਿਲਾਂ ਹੀ ਸਮੇਂ ਸਿਰ ਵਿਚਾਰ ਕਰ ਲੈਣਾ ਚਾਹੀਦਾ ਹੈ ਤਾਂ ਜੋ ਅੰਦੋਲਨ ਲੰਮਾ ਸਮਾਂ ਨਾ ਚੱਲੇ। ਲੰਮੇ ਸੰਘਰਸ਼ ਦੌਰਾਨ ਹੋਰ ਨਵੇਂ ਗੁੰਝਲਦਾਰ ਤੇ ਕੁੜੱਤਣ ਵਾਲੇ ਮਸਲੇ ਪੈਦਾ ਹੋ ਜਾਂਦੇ ਹਨ। ਸਮਾਣਾ ਵਿੱਚ ਟਾਵਰ ਮੋਰਚਾ ਇੱਕ ਸਾਲ ਤੋਂ ਵੱਧ ਸਮਾਂ ਚੱਲਦਾ ਰਿਹਾ। ਬੰਦਾ ਬਹਾਦਰ ਚੌਕ ਵਿੱਚ ਮਹੀਨਿਆਂਬੱਧੀ ਰਸਤਾ ਬੰਦ ਕਰਨ ਨਾਲ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਹੋਈ। ਜੇ ਮੰਗ ਨਾਜਾਇਜ਼ ਹੋਵੇ ਤਾਂ ਵੀ ਸਪੱਸ਼ਟ ਦੱਸਣਾ ਬਣਦਾ ਹੈ ਅਤੇ ਜੇ ਜਾਇਜ਼ ਹੋਵੇ ਤਾਂ ਉਸ ਨੂੰ ਮੰਨਣ ਲਈ ਮਹੀਨਿਆਂ ਅਤੇ ਸਾਲਾਂ ਤੱਕ ਕਿਉਂ ਲਮਕਾਈ ਰੱਖਿਆ ਜਾਵੇ?

ਸੋਹਣ ਲਾਲ ਗੁਪਤਾ, ਪਟਿਆਲਾ

Advertisement
×